ਪਰਵਾਸੀ ਸਰਗਰਮੀਆਂ

ਪਰਵਾਸੀ ਸਰਗਰਮੀਆਂ

ਟੋਰਾਂਟੋ ’ਚ ਕਿਸਾਨੀ ਘੋਲ ਦੀ ਹਮਾਇਤ ਵਿਚ ਮੁਜ਼ਾਹਰੇ

ਭਾਰਤ ਵਿਚ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਜਿਵੇਂ ਜਿਵੇਂ ਕੋਈ ਹੱਲ ਕੱਢਣ ਲਈ ਭਾਰਤ ਸਰਕਾਰ ਦੇਰੀ ਕਰ ਰਹੀ ਹੈ, ਉਸ ਤਰ੍ਹਾਂ ਇਸ ਘੋਲ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਹੋਏ ਲੋਕਾਂ ਵਿਚ ਸਰਕਾਰ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ।

ਇਸ ਤਹਿਤ ਓਂਟਾਰੀਓ ਸਿੱਖ ਗੁਰਦੁਆਰਾ ਕੌਂਸਲ ਕੈਨੇਡਾ ਅਤੇ ਫਾਰਮਜ਼ ਸਪੋਰਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਉੱਪਰ ਸਾਂਝੇ ਤੌਰ ’ਤੇ ਕਾਰ ਰੈਲੀ ਕੀਤੀ ਗਈ। ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਆਪਣੀਆਂ ਕਾਰਾਂ ਨਾਲ ਸ਼ਮੂਲੀਅਤ ਕੀਤੀ ਗਈ।

ਕਾਰਾਂ ਦਾ ਕਾਫਲਾ ਮਿਸੀਸਾਗਾ ਸ਼ਹਿਰ ਦੇ ਡੇਅਰੀ ਰੋਡ ਅਤੇ ਗੌਰਵੇਅ ਡਰਾਈਵ ਇੰਟਰਸੈਕਸ਼ਨ ਨੇੜੇ ਬਣੇ ਪਾਰਕਿੰਗ ਲਾਟ ਤੋਂ ਟੋਰਾਂਟੋ ਵੱਲ ਰਵਾਨਾ ਹੋਇਆ। ਇਸ ਕਾਫਲੇ ਵਿਚ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਤ ਲੋਕ ਸ਼ਾਮਲ ਹੋਏ। ਇਸ ਵਿਚ ਇੰਟਰਨੈਸ਼ਨਲ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ। ਭਾਰਤੀ ਦੂਤਾਵਾਸ ਅੱਗੇ ਕਾਰ ਚਾਲਕਾਂ ਵੱਲੋਂ ਹਾਰਨ ਵਜਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਰੈਲੀ ਦੇ ਪ੍ਰਬੰਧਕਾਂ ਨੇ ਭਾਰਤ ਸਰਕਾਰ ਦੇ ਨਾਂ ’ਤੇ ਦੂਤਾਵਾਸ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਇਕ ਮੰਗ ਪੱਤਰ ਸੌਂਪਿਆਂ।

ਟੋਰਾਂਟੋ ਦੀਆਂ ਕਈ ਜਥੇਬੰਦੀਆਂ ਵੱਲੋਂ ਸਾਂਝੀ ਐਕਸ਼ਨ ਕਮੇਟੀ ‘ਫਾਰਮਰਜ਼ ਸਪੋਰਟ ਕੋਆਰਡੀਨੇਸ਼ਨ ਕਮੇਟੀ’ ਬਣਾ ਕੇ ਇਸ ਸੰਘਰਸ਼ ਦੀ ਹਮਾਇਤ ਵਿਚ ਹਰ ਹਫ਼ਤੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਜਥੇਬੰਦੀਆਂ ਵਿਚ ਲੇਖਕ ਸਭਾਵਾਂ, ਖੱਬੇ ਪੱਖੀ ਧਿਰਾਂ, ਸੀਨੀਅਰ’ਜ਼ ਕਲੱਬ, ਇੰਟਰਨੈਸ਼ਨਲ ਸਟੂਡੈਂਟਸ ਅਤੇ ਕਈ ਕਾਰੋਬਾਰੀ ਵੀ ਸ਼ਾਮਲ ਹਨ।

ਇੱਥੋਂ ਦੀਆਂ ਟਰਾਂਸਪੋਰਟ ਯੂਨੀਅਨਾਂ ਵੱਲੋਂ ਵੀ ਬਰੈਂਪਟਨ ਸ਼ਹਿਰ ਵਿਚ ਕਾਰ ਰੈਲੀ ਕੀਤੀ ਗਈ। ਭਾਰੀ ਬਰਫ਼ਬਾਰੀ ਹੋਣ ਦੇ ਬਾਵਜੂਦ ਲੋਕਾਂ ਨੇ ਇਨ੍ਹਾਂ ਵਿਚ ਭਰਵੀਂ ਸ਼ਮੂਲੀਅਤ ਕੀਤੀ। ਇਨ੍ਹਾਂ ਮੁਜ਼ਾਹਰਿਆਂ ਵਿਚ ਜਿੱਥੇ ਨੌਜਵਾਨ ਸ਼ਾਮਲ ਹੋਏ, ਉੱਥੇ ਛੋਟੇ ਬੱਚੇ ਅਤੇ ਬਜ਼ੁਰਗ ਵੀ ਬੜੇ ਜੋਸ਼ ਨਾਲ ਤਖ਼ਤੀਆਂ ਅਤੇ ਬੈਨਰ ਲੈ ਕੇ ਬਰਫ਼ ਵਿਚ ਸਟੋਰਾਂ ਅਤੇ ਸੜਕਾਂ ਦੇ ਵੱਖ ਵੱਖ ਚੌਕਾਂ ਵਿਚ ਲੰਬੇ ਸਮੇਂ ਤਕ ਖੜ੍ਹ ਕੇ ਨਾਅਰੇ ਮਾਰਦੇ ਰਹੇ। ਕਿਸਾਨਾਂ ਦੇ ਹਿੱਤ ਵਿਚ ਬਣੀ ਸਾਂਝੀ ਸੰਘਰਸ਼ ਕਮੇਟੀ ਵਿਚ ਸ਼ਾਮਲ ਜਥੇਬੰਦੀਆਂ; ਅਲਾਇਨ ਆਫ ਪ੍ਰੌਗਰੈਸਿਵ ਕੈਨੇਡੀਅਨ’ਜ਼, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ, ਦੇਸ਼ ਭਗਤ ਸਪੋਰਟਸ ਕਲੱਬ, ਦਿਸ਼ਾ-ਐਸੋਸੀਏਸ਼ਨ ਆਫ ਕੈਨੇਡੀਅਨ ਪੰਜਾਬੀ ਵਿਮੈੱਨ, ਜੀ ਟੀ ਏ ਵੈਸਟ ਕਲੱਬ, ਕਮਿਊਨਿਸਟ ਪਾਰਟੀ ਆਫ ਕੈਨੇਡਾ, ਹੋਮ ਸਟੈਂਡ ਸੀਨੀਅਰ’ਜ਼ ਕਲੱਬ, ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ, ਐੱਮ ਐੱਲ ਪਾਰਟੀ ਆਫ ਕੈਨੇਡਾ, ਨੌਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ, ਪੰਜਾਬੀ ਕਲਮਾਂ ਦਾ ਕਾਫਲਾ, ਟੋਰਾਂਟੋ, ਪਰਵਾਸੀ ਪੰਜਾਬੀ ਪੈਨਸ਼ਨਰ’ਜ਼ ਵੈਲਫੇਅਰ ਐਸੋਸੀਏਸ਼ਨ ਆਫ ‘ਨਟਾਰੀ’, ਸਰੋਕਾਰਾਂ ਦੀ ਆਵਾਜ਼ ਅਤੇ ਸਿਰਜਨਹਾਰੀਆਂ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵੀ ਗੁਰੂਘਰਾਂ ਨਾਲ ਸਬੰਧਤ ਕਮੇਟੀਆਂ ਵੱਲੋਂ ਇਸ ਲੋਕ ਪੱਖੀ ਸੰਘਰਸ਼ ਵਿਚ ਆਪਣਾ ਰੋਲ ਨਿਭਾਇਆ ਜਾ ਰਿਹਾ ਹੈ। ਇਨ੍ਹਾਂ ਮੁਜ਼ਾਹਰਾਕਾਰੀਆਂ ਵੱਲੋਂ ਵੱਡੇ ਕਾਰੋਬਾਰੀਆਂ ਅਡਾਨੀਆਂ, ਅੰਬਾਨੀਆਂ ਅਤੇ ਰਾਮਦੇਵ ਦੇ ਬਣੇ ਸਾਮਾਨ ਦਾ ਬਾਈਕਾਟ ਕਰਨ ਲਈ ਵੱਡੇ ਵੱਡੇ ਗਰੌਸਰੀ ਸਟੋਰਾਂ ਅੱਗੇ ਖੜ੍ਹ ਕੇ ਲੋਕਾਂ ਨੂੰ ਇਹ ਸਾਮਾਨ ਨਾ ਖ਼ਰੀਦਣ ਲਈ ਬੇਨਤੀ ਵੀ ਕੀਤੀ ਜਾਂਦੀ ਹੈ।

**

ਕਿਸਾਨ ਸੰਘਰਸ਼ ਤੇ ਦਸਮ ਗੁਰੂ ਨੂੰ ਸਮਰਪਿਤ ਕਵੀ ਦਰਬਾਰ

ਸਾਹਿਤ ਸੁਰ ਸੰਗਮ ਸਭਾ, ਇਟਲੀ ਵੱਲੋਂ ਔਨਲਾਈਨ ਸਾਹਿਤਕ ਲੜੀ ਦੇ ਪੰਜਵੇਂ ਭਾਗ ਵਿਚ ਲੋਕ ਸੰਘਰਸ਼ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਵੀ ਦਰਬਾਰ ਕਰਾਇਆ ਗਿਆ। ਇਸ ਵਿਚ ਪ੍ਰਸਿੱਧ ਪੱਤਰਕਾਰ ਬਲਤੇਜ ਪਨੂੰ ਅਤੇ ਜਾਣੀ ਪਛਾਣੀ ਪੰਜਾਬੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।

ਪਹਿਲੇ ਭਾਗ ਵਿਚ ਬਲਤੇਜ ਪੰਨੂ ਨੇ ਕਿਸਾਨੀ ਸੰਘਰਸ਼ ਨਾਲ ਸਬੰਧਤ ਅਹਿਮ ਜਾਣਕਾਰੀ ਸਾਂਝੀ ਕੀਤੀ। ਬਾਅਦ ਵਿਚ ਉਨ੍ਹਾਂ ਨੇ ਵੱਖ ਵੱਖ ਬੁਲਾਰਿਆਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸੇ ਲੜੀ ਵਿਚ ਇਟਲੀ ਵਸਦੇ ਡੇਅਰੀ ਮਾਲਕ ਭੁਪਿੰਦਰ ਸਿੰਘ ਨੇ ਇਟਲੀ ਵਿਚ ਕਿਸਾਨਾਂ ਨੂੰ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਅਤੇ ਕਿਸਾਨੀ ਬਾਰੇ ਵਿਚਾਰ ਸਾਂਝੇ ਕੀਤੇ। ਪੰਜਾਬ ਤੋਂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਸਾਨੀ ਸੰਘਰਸ਼ ਦੇ ਜ਼ਮੀਨੀ ਹਾਲਾਤ ਬਾਰੇ ਜਾਣੂ ਕਰਵਾਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ.ਪੀ. ਸਿੰਘ ਨੇ ਵੀ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।

ਇਸ ਸਮਾਗਮ ਦੇ ਦੂਸਰੇ ਭਾਗ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕੀਤਾ ਗਿਆ, ਉਸ ਵਿਚ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਆਪਣੀ ਸ਼ਾਇਰੀ ਰਾਹੀਂ ਖੂਬ ਰੰਗ ਬੰਨ੍ਹਿਆ। ਇਸ ਦੇ ਇਲਾਵਾ ਡੈੱਨਮਾਰਕ ਤੋਂ ਜ਼ਫਰ ਅਵਾਨ, ਬੈਲਜੀਅਮ ਤੋਂ ਜੀਤ ਸੁਰਜੀਤ, ਜਰਮਨੀ ਤੋਂ ਅਮਰਜੀਤ ਸਿੱਧੂ, ਅਮਜ਼ਦ ਅਲੀ ਆਰਫੀ ਅਤੇ ਸ਼ਾਇਰਾ ਨੀਲੂ, ਯੂਨਾਨ ਤੋਂ ਗੁਰਪ੍ਰੀਤ ਕੌਰ ਗਾਇਦੂ, ਇੰਗਲੈਂਡ ਤੋਂ ਕੁਲਵੰਤ ਕੌਰ ਢਿੱਲੋਂ (ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਹਾਲ), ਕੌਂਸਲਰ ਮਹਿੰਦਰ ਕੌਰ ਮਿੱਢਾ, ਪੁਰਤਗਾਲ ਤੋਂ ਦੁਖਭੰਜਨ ਰੰਧਾਵਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਰਬਜੀਤ ਕੌਰ ਸਰਬ, ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਲਵਿੰਦਰ ਸਿੰਘ ਚਾਹਲ, ਰਾਣਾ ਅਠੌਲਾ, ਦਲਜਿੰਦਰ ਰਹਿਲ, ਸਿੱਕੀ ਝੱਜੀ ਪਿੰਡ ਵਾਲਾ, ਯਾਦਵਿੰਦਰ ਸਿੰਘ ਬਾਗੀ, ਵਾਸਦੇਵ ਅਤੇ ਪ੍ਰੋ. ਬਲਦੇਵ ਸਿੰਘ ਨੇ ਕਵੀ ਦਰਬਾਰ ਵਿਚ ਭਰਪੂਰ ਹਾਜ਼ਰੀ ਲਗਵਾਈ। ਇਸ ਸਮਾਗਮ ਦਾ ਸੰਚਾਲਨ ਦਲਜਿੰਦਰ ਰਹਿਲ ਨੇ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All