ਮਨਮੋਹਨ ਸਿੰਘ ਖੇਲਾ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੱਧ ਵਰਗੀ ਪੰਜਾਬੀਆਂ ਨੂੰ ਜੇਕਰ ਪੰਜਾਬ ਵਿੱਚ ਹੀ ਰੁਜ਼ਗਾਰ ਦੇ ਵਧੀਆ ਮੌਕੇ ਮਿਲੇ ਹੁੰਦੇ ਤਾਂ ਉਹ ਵਿਦੇਸ਼ਾਂ ਵਿੱਚ ਸਖ਼ਤ ਮਿਹਨਤ ਕਿਉਂ ਕਰਦੇ। ਪੰਜਾਬ ਦੇ ਉਲਝੇ ਹੋਏ ਤਾਣੇ ਬਾਣੇ ਕਾਰਨ ਹੀ ਮਾਪਿਆਂ ਨੂੰ ਕਰਜ਼ਿਆਂ ਦੇ ਬੋਝ ਥੱਲੇ ਦੱਬ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤਾਂ ਕਿ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਰਹੇ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਵਿਦੇਸ਼ ਵਿੱਚ ਪੜ੍ਹਨ ਦੇ ਨਾਲ ਨਾਲ ਸਖ਼ਤ ਮਿਹਨਤ ਕੀਤੀ ਅਤੇ ਖੁਦ ਵਿੱਚ ਕੁਝ ਚੰਗਾ ਹਾਸਲ ਕਰਨ ਦਾ ਆਤਮ ਵਿਸ਼ਵਾਸ ਪੈਦਾ ਕੀਤਾ ਹੈ। ਉਹ ਛੋਟੀ ਉਮਰ ਵਿੱਚ ਹੀ ਆਪਣੇ ਪੈਰਾਂ ’ਤੇ ਖੜ੍ਹੇ ਹੋ ਰਹੇ ਹਨ। ਦੂਜੇ ਪਾਸੇ ਪੰਜਾਬ ਵਿੱਚ ਸਥਿਤੀ ਉਲਟ ਹੈ। ਨੌਜਵਾਨ ਵੱਡੀ ਉਮਰ ਤੱਕ ਆਪਣੇ ਮਾਪਿਆਂ ’ਤੇ ਹੀ ਨਿਰਭਰ ਹਨ।
ਇਸ ਸਭ ਲਈ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਹਨ। ਆਜ਼ਾਦੀ ਮਿਲਣ ਦੇ 74 ਸਾਲ ਬਾਅਦ ਵੀ ਅਸੀਂ ਕੋਈ ਖਾਸ ਸੁਧਾਰ ਨਹੀਂ ਕਰ ਸਕੇ। ਅਸੀਂ ਬਾਹਰ ਵੱਲ ਭੱਜ ਰਹੇ ਆਪਣੇ ਬੱਚਿਆਂ ਨੂੰ ਇੱਥੇ ਹੀ ਨੌਕਰੀਆਂ ਨਹੀਂ ਦਿਵਾ ਸਕੇ। ਜੇਕਰ ਉਨ੍ਹਾਂ ਨੂੰ ਇੱਥੇ ਹੀ ਰੁਜ਼ਗਾਰ ਦੇ ਵਧੀਆ ਮੌਕੇ ਉਪਲੱਬਧ ਕਰਵਾਏ ਜਾਣ, ਫਿਰ ਉਨ੍ਹਾਂ ਨੂੰ ਵਿਦੇਸ਼ਾਂ ਵੱਲ ਜਾਣ ਦੀ ਕੀ ਲੋੜ ਹੈ। ਹਾਲ ਹੀ ਵਿੱਚ ਹੋਈ ਕਿਸਾਨ ਸੰਘਰਸ਼ ਦੀ ਜਿੱਤ ਕਰਕੇ ਆਸ ਬੱਝੀ ਸੀ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਪੰਜਾਬ ਦੀ ਤਕਦੀਰ ਬਦਲੇਗੀ ਅਤੇ ਖੁਸ਼ਹਾਲੀ ਆਵੇਗੀ। ਪਰ ਕੀ ਪਤਾ ਸੀ ਕਿ ਸਿਆਸੀ ਪਾਰਟੀਆਂ ਕਿਸਾਨ ਸੰਘਰਸ਼ ਕਾਰਨ ਜਾਗ ਚੁੱਕੇ ਲੋਕਾਂ ਅੱਗੇ ਵੀ ਮੁਫ਼ਤ ਦੀਆਂ ਸਹੂਲਤਾਂ ਵੰਡ ਕੇ ਉਨ੍ਹਾਂ ਨੂੰ ਭਰਮਾਉਣ ਦੇ ਯਤਨ ਕਰਨਗੀਆਂ। ਸਰਕਾਰਾਂ ਨੇ ਪਿਛਲੇ 74 ਸਾਲਾਂ ਵਿੱਚ ਲੋਕਾਂ ਨੂੰ ਸਿਰਫ਼ ਗਲੀਆਂ-ਨਾਲੀਆਂ ਦੇ ਵਿਕਾਸ ਵਾਲੇ ਚੱਕਰਵਿਊ ਵਿੱਚ ਹੀ ਫਸਾ ਕੇ ਰੱਖਿਆ ਹੋਇਆ ਹੈ। ਇਸ ਵਿਕਾਸ ਦੇ ਨਾਂ ਹੇਠ ਪੰਜ ਸਾਲਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਦਾ ਪਿਟਾਰਾ ਐਨ ਚੋਣ ਜ਼ਾਬਤੇ ਤੋਂ ਕੁਝ ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਹੈ। ਕੀ ਇਹ ਲੋਕਾਂ ਨਾਲ ਕੀਤਾ ਗਿਆ ਮਜ਼ਾਕ ਨਹੀਂ? ਅਜਿਹੀਆਂ ਗ੍ਰਾਂਟਾਂ ਜਿਹੜੀਆਂ ਹੁਣ ਚੋਣ ਜ਼ਾਬਤਾ ਲੱਗਣ ਕਰਕੇ ਖ਼ਰਚੀਆਂ ਵੀ ਨਹੀਂ ਜਾ ਸਕਣਗੀਆਂ। ਕੀ ਇਹੀ ਵਿਕਾਸ ਗ੍ਰਾਂਟਾਂ ਪੰਜ ਸਾਲ ਦੇ ਸ਼ੁਰੂਆਤੀ ਸਾਲਾਂ ਵਿੱਚ ਹੀ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ? ਇਹ ਪੰਜ ਸਾਲ ਖ਼ਤਮ ਹੋਣ ਵੇਲੇ ਹੀ ਕਿਉਂ ਦਿੱਤੀਆਂ ਗਈਆਂ ? ਬਹੁਤ ਹੈਰਾਨੀ ਦੀ ਗੱਲ ਹੈ ਕਿ ਖਜ਼ਾਨਾ ਮੰਤਰੀ ਪੰਜ ਸਾਲ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਈ ਗਿਆ। ਪਰ ਹੁਣ ਚੋਣਾਂ ਤੋਂ ਬਿਲਕੁਲ ਪਹਿਲਾਂ ਖਜ਼ਾਨੇ ਦਾ ਮੂੰਹ ਹਰ ਪਾਸੇ ਤੋਂ ਖੋਲ੍ਹ ਦਿੱਤਾ ਗਿਆ। ਇਹ ਵਰਤਾਰਾ ਸਿਰਫ਼ ਕਾਂਗਰਸ ਪਾਰਟੀ ਦੀ ਸਰਕਾਰ ਦਾ ਹੀ ਨਹੀਂ ਹੈ, ਬਲਕਿ ਹਰ ਪਾਰਟੀ ਅਜਿਹਾ ਹੀ ਕਰਦੀ ਹੈ। ਭੋਲੀ ਭਾਲੀ ਜਨਤਾ ਇਨ੍ਹਾਂ ਦੀਆਂ ਛੱਲੇਦਾਰ ਗੱਲਾਂ ਵਿੱਚ ਫਸ ਕੇ ਦਹਾਕਿਆਂ ਤੋਂ ਇਨ੍ਹਾਂ ਨੂੰ ਸੱਤਾ ਦੀਆਂ ਕੁਰਸੀਆਂ ’ਤੇ ਬਿਠਾ ਕੇ ਆਪ ਇਨ੍ਹਾਂ ਦੀ ਲੁੱਟ ਦਾ ਸ਼ਿਕਾਰ ਹੁੰਦੀ ਰਹੀ ਹੈ।
ਪਿੰਡਾਂ ਤੇ ਸ਼ਹਿਰਾਂ ਸਮੇਤ ਉਸ ਰਾਜ ਅਤੇ ਦੇਸ਼ ਦਾ ਵਿਕਾਸ ਸੱਤਾ ’ਤੇ ਬੈਠੀਆਂ ਸਿਆਸੀ ਧਿਰਾਂ ਵੱਲੋਂ ਕਰਵਾਉਣਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਅਤੇ ਮੁੱਢਲਾ ਫਰਜ਼ ਹੁੰਦਾ ਹੈ। ਇਹ ਕੋਈ ਜਨਤਾ ਉੱਤੇ ਅਹਿਸਾਨ ਨਹੀਂ ਕਰਦੇ। ਸੱਤਾ ਦੀਆਂ ਕੁਰਸੀਆਂ ਦਾ ਨਿੱਘ ਮਾਣਨ ਵਾਲੇ ਲੋਕਾਂ ਨੇ ਆਪਣੇ ਕੋਲੋਂ ਜਾਂ ਆਪਣੀ ਜੇਬ ਵਿੱਚੋਂ ਕੁੱਝ ਵੀ ਨਹੀਂ ਦੇਣਾ ਹੁੰਦਾ। ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਟੈਕਸ ਅਦਾ ਕਰਕੇ ਸਰਕਾਰ ਦੇ ਖਜ਼ਾਨੇ ਵਿੱਚ ਭਰਦੇ ਹਾਂ। ਉਹ ਸਾਰਾ ਪੈਸਾ ਸਾਡਾ ਸਾਰਿਆਂ ਦਾ ਸਾਂਝਾ ਹੈ। ਇਹ ਸਾਰਾ ਪੈਸਾ ਸਾਡੇ ਰਾਜ ਅਤੇ ਸਾਡੇ ਦੇਸ਼ ਸਮੇਤ ਸਾਡੇ ਪਿੰਡਾਂ/ ਸ਼ਹਿਰਾਂ ਨੂੰ ਬਦਲਦੇ ਸਮੇਂ ਅਨੁਸਾਰ ਬਣਾਉਣ ਅਤੇ ਆਧੁਨਿਕ ਕਿਸਮ ਵਿੱਚ ਬਦਲਾਉਣ ਲਈ ਖਰਚਣਾ ਹੁੰਦਾ ਹੈ। ਪਰ ਇਹ ਸੱਤਾ ਮਾਣਨ ਵਾਲੇ ਲੋਕ, ਜਿਨ੍ਹਾਂ ਨੂੰ ਸੱਤਾ ਵੀ ਅਸੀਂ ਹੀ ਦਿੰਦੇ ਹਾਂ, ਇਹ ਆਪਣੀ ਮਰਜ਼ੀ ਨਾਲ ਗ੍ਰਾਂਟਾਂ ਅਲਾਟ ਕਰਦੇ ਹਨ ਜੋ ਫਿਰ ਜਨਤਾ ਤੱਕ ਆਉਂਦੇ-ਆਉਂਦੇ ਬਹੁਤ ਘਟ ਜਾਂਦੀਆਂ ਹਨ। ਇਸ ਤਰ੍ਹਾਂ ਜਨਤਾ ਦਾ ਹੀ ਪੈਸਾ, ਜਨਤਾ ’ਤੇ ਹੀ ਸਹੀ ਢੰਗ ਨਾਲ ਨਹੀਂ ਖਰਚਿਆ ਜਾ ਰਿਹਾ। ਉਲਟਾ ਉਹ ਜਨਤਾ ’ਤੇ ਅਹਿਸਾਨ ਕਰਨਾ ਜਤਾਉਂਦੇ ਹਨ ਕਿ ਅਸੀਂ ਤੁਹਾਡੇ ਪਿੰਡ/ਸ਼ਹਿਰ/ ਇਲਾਕੇ ਨੂੰ ਇੰਨੀ ਵੱਡੀ ਗ੍ਰਾਂਟ ਦਿੱਤੀ ਹੈ।
ਪੰਜਾਬੀਆਂ ਨੂੰ ਇਸ ਪ੍ਰਤੀ ਗੰਭੀਰਤਾ ਨਾਲ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਇਸ ਭ੍ਰਿਸ਼ਟ ਤੰਤਰ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਲੋਕ ਇਨ੍ਹਾਂ ਦੀ ਛੱਲੇਦਾਰ ਭਾਸ਼ਾ ਵਿੱਚ ਨਾ ਉਲਝਣ ਬਲਕਿ ਸਭ ਕੁਝ ਤਰਕ ਨਾਲ ਸੋਚ ਕੇ ਹੀ ਆਪਣੀਆਂ ਵੋਟਾਂ ਪਾਉਣ। ਅਸੀਂ ਭੋਲੇਪਣ ਵਿੱਚ ਬਿਨਾਂ ਸੋਚੇ ਸਮਝੇ ਇਨ੍ਹਾਂ ਵੱਲੋਂ ਬੁਣੇ ਹੋਏ ਜਾਲ਼ ਵਿੱਚ ਫਸ ਰਹੇ ਹਾਂ। ਜਦੋਂ ਇਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਪਾਰਟੀ ਵਿੱਚ ਹੁਣ ਕੁਰਸੀ ਨਹੀਂ ਮਿਲਣੀ ਤਾਂ ਇਹ ਆਪਣੀ ਕੁਰਸੀ ਦੇ ਲਾਲਚ ਵੱਸ ਦੂਜੀ ਪਾਰਟੀ ਵਿੱਚ ਟਪੂਸੀ ਮਾਰ ਜਾਂਦੇ ਹਨ। ਇਹ ਉਹੀ ਪਾਰਟੀ ਹੁੰਦੀ ਹੈ ਜਿਸ ਦਾ ਇਨ੍ਹਾਂ ਨੇ ਬਹੁਤ ਵਿਰੋਧ ਕੀਤਾ ਹੁੰਦਾ ਹੈ। ਪਰ ਕੁਰਸੀ ਦੇ ਲਾਲਚ ਵਿੱਚ ਇਹ ਆਪਣਾ ਦੀਨ ਖੋ ਦਿੰਦੇ ਹਨ। ਇਸ ਲਈ ਇਹ ਭੁਲੇਖਾ ਕੱਢ ਦਿਓ ਕਿ ਇਹ ਆਮ ਲੋਕਾਂ ਬਾਰੇ ਸੋਚਦੇ ਹਨ, ਇਨ੍ਹਾਂ ਦੀ ਨਜ਼ਰ ਸਿਰਫ਼ ਤੇ ਸਿਰਫ਼ ਕੁਰਸੀ ’ਤੇ ਹੀ ਹੁੰਦੀ ਹੈ। ਜਿਸ ਤੱਕ ਪਹੁੰਚਣ ਲਈ ਇਹ ਕੋਈ ਵੀ ਢੰਗ ਆਪਣਾ ਸਕਦੇ ਹਨ।
ਪੰਜਾਬੀਆਂ ਦਾ ਜੋ ਪਿਛੋਕੜ ਹੈ, ਉਹ ਸੱਤਾ ਮਾਣਨ ਦਾ ਨਹੀਂ ਸੀ। ਪੰਜਾਬੀਆਂ ਦਾ ਪਿਛੋਕੜ ਤਾਂ ਆਪਣੇ ਆਪ ਨੂੰ ਕੁਰਬਾਨ ਕਰ ਕੇ ਸੱਤਾ ਕਰਦੇ ਲੋਕਾਂ ਨੂੰ ਲੋਕਾਂ ਦੇ ਹਿੱਤਾਂ ਮੁਤਾਬਕ ਸੁਧਾਰ ਕਰਨ ਯੋਗ ਬਣਾਉਣ ਵਾਲਾ ਰਿਹਾ ਹੈ। ਜੇਕਰ ਗੁਰੂ ਸਾਹਿਬਾਨ ਦੇ ਜੀਵਨ ਤੋਂ ਲੈ ਕੇ, ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਕੈਨੇਡਾ ਤੇ ਅਮਰੀਕਾ ਦੀ ਧਰਤੀ ਤੋਂ ਵਿੱਢੀ ਗ਼ਦਰ ਲਹਿਰ ਸਮੇਤ ਪੰਜਾਬ ਵਿੱਚ ਚੱਲੀ ਬੱਬਰ ਲਹਿਰ ਦੀ ਗੱਲ ਕਰੀਏ ਤਾਂ ਇਨ੍ਹਾਂ ਯੋਧਿਆਂ ਦੀਆਂ ਜਾਇਦਾਦਾਂ ਜ਼ਬਤ ਹੋਈਆਂ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਹੋਈਆਂ, ਇਨ੍ਹਾਂ ਨੇ ਲੰਬੀਆਂ ਜੇਲ੍ਹਾਂ ਕੱਟੀਆਂ ਤੇ ਫਾਂਸੀਆਂ ’ਤੇ ਚੜ੍ਹਾਏ ਗਏ। ਇਨ੍ਹਾਂ ਕਿਸੇ ਵਿੱਚੋਂ ਕਿਸੇ ਦੀ ਵੀ ਸਿਆਸੀ ਭੁੱਖ ਨਹੀਂ ਸੀ। ਜੇ ਭੁੱਖ ਹੁੰਦੀ ਤਾਂ ਉਹ ਅਤੇ ਉਨ੍ਹਾਂ ਦੇ ਵਾਰਿਸਾਂ ਨੇ ਵੀ ਸੱਤਾ ਦੀਆਂ ਕੁਰਸੀਆਂ ਦਾ ਨਿੱਘ ਮਾਣ ਰਹੇ ਹੋਣਾ ਸੀ। ਉਨ੍ਹਾਂ ਨੂੰ ਲੋਕ ਅਤੇ ਲੋਕਾਂ ਦੇ ਅਧਿਕਾਰ ਅਤੇ ਦੇਸ਼ ਅਤੇ ਪੰਜਾਬ ਦੇ ਹਿੱਤ ਜ਼ਿਆਦਾ ਪਿਆਰੇ ਸਨ। ਉਹ ਸੱਤਾ ਨੂੰ ਪਾਸੇ ਰੱਖ ਕੇ ਲੋਕਾਂ ਦੀਆਂ ਸੁੱਖ ਸਹੂਲਤਾਂ ਨੂੰ ਪਹਿਲ ਦੇਣ ਵਾਲੇ ਲੋਕ ਸਨ। ਉਹ ਕੁਰਸੀਆਂ ਲੈਣ ਖਾਤਰ ਇੱਧਰ ਉੱਧਰ ਟਪੂਸੀਆਂ ਨਹੀਂ ਮਾਰਦੇ ਸਨ। ਅੱਜ ਦੇ ਸਿਆਸੀ ਨੇਤਾ ਕੁਰਸੀ ਦੀ ਦੌੜ ਲਈ ਕੱਪੜਿਆਂ ਦੀ ਤਰ੍ਹਾਂ ਨਿੱਤ ਨਵੀਆਂ ਪਾਰਟੀਆਂ ਬਦਲ ਰਹੇ ਹਨ। ਲੋਕਾਂ ਵੱਲੋਂ ਸਰਕਾਰ ’ਤੇ ਦਬਾਅ ਬਣਾਇਆ ਜਾਵੇ ਕਿ ਪਾਰਟੀ ਬਦਲਣ ਵਾਲੇ ਕਿਸੇ ਵੀ ਨੇਤਾ ਅਤੇ ਵਰਕਰ ਨੂੰ ਕੋਈ ਵੀ ਸਿਆਸੀ ਪਾਰਟੀ 10-15 ਸਾਲ ਤੱਕ ਪਾਰਟੀ ਜਾਂ ਸਰਕਾਰ ਵਿੱਚ ਕੋਈ ਵੀ ਅਹੁਦਾ ਨਾ ਦੇਵੇ।
ਇਸ ਲਈ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬ ਅਤੇ ਪੰਜਾਬੀਅਤ ਦੀ ਚੜ੍ਹਦੀਕਲਾ ਲਈ ਕਿਸੇ ਸਿਆਸੀ ਲੋਭ ਲਾਲਚ ਦਾ ਲਾਹਾ ਲੈਣ ਤੋਂ ਬਚੀਏ। ਸਾਰੇ ਪੰਜਾਬੀ ਇਨ੍ਹਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਮੁਫ਼ਤ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਸਵਾਲ ਜਵਾਬ ਕਰਨ। ਉਨ੍ਹਾਂ ਨੂੰ ਕਹੋ ਕਿ ਸਾਨੂੰ ਮੁਫ਼ਤ ਵਿੱਚ ਮਿਲਣ ਵਾਲਾ ਕੁਝ ਨਹੀਂ ਚਾਹੀਦਾ। ਸਾਨੂੰ ਮੁਫ਼ਤ ਵਿੱਚ ਮਿਲਣ ਵਾਲੀ ਬਿਜਲੀ ਨਹੀਂ ਚਾਹੀਦੀ ਬਲਕਿ ਸਾਨੂੰ ਨਿਰਵਿਘਨ ਬਿਜਲੀ ਸਪਲਾਈ ਦੀ ਲੋੜ ਹੈ। ਸਾਡੇ ਬੱਚਿਆਂ ਦੀ ਗਿਣਤੀ ਅਤੇ ਵਿਸ਼ਿਆਂ ਦੀ ਗਿਣਤੀ ਮੁਤਾਬਕ ਅਧਿਆਪਕ ਪੂਰੇ ਹੋਣੇ ਜ਼ਰੂਰੀ ਹਨ। ਸਾਡੇ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਹੀ ਕੰਮ ਕਰਵਾਇਆ ਜਾਵੇ। ਮਰਦਮ ਸ਼ੁਮਾਰੀ ਸਮੇਤ ਹੋਰ ਕਈ ਤਰ੍ਹਾਂ ਦੀਆਂ ਡਾਕਾਂ ਇਕੱਠੀਆਂ ਕਰਵਾਉਣੀਆਂ, ਸਰਵੇ ਕਰਵਾਉਣੇ ਇਹ ਸਭ ਤਰ੍ਹਾਂ ਦੀਆਂ ਵਗਾਰਾਂ ਲੈਣੀਆਂ ਬੰਦ ਕੀਤੀਆਂ ਜਾਣ। ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ ਤੋਂ ਛੁਟਕਾਰਾ ਦਿਵਾ ਕੇ ਉਨ੍ਹਾਂ ਨੂੰ ਸਿਰਫ਼ ਬੱਚਿਆਂ ਦਾ ਭਵਿੱਖ ਉੱਜਵਲ ਬਣਾਉਣ ਵੱਲ ਲਗਾਇਆ ਜਾਵੇ।
ਇਸ ਤੋਂ ਇਲਾਵਾ ਹਰ ਇੱਕ ਲਈ ਵਧੀਆ ਸਿਹਤ ਸਹੂਲਤਾਂ ਮਿਲਣੀਆਂ ਜ਼ਰੂਰੀ ਬਣਾਇਆ ਜਾਣ। ਸਰਕਾਰੀ ਦਫ਼ਤਰਾਂ ਵਿੱਚ ਬੈਠੇ ਅਫ਼ਸਰਾਂ ਸਮੇਤ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਖੋਰੀ ਕਰਨ ’ਤੇ ਨੌਕਰੀਓਂ ਬਾਹਰ ਕੀਤਾ ਜਾਵੇ। ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗਰੰਟੀ ਦਿੱਤੀ ਜਾਵੇ। ਕਿਸਾਨਾਂ ਦੀ ਹਰ ਫ਼ਸਲ ਦੇ ਸਮਰਥਨ ਮੁੱਲ ਅਨੁਸਾਰ ਖਰੀਦ ਦੀ ਪੂਰੀ ਗਰੰਟੀ ਦਾ ਵਿਕਲਪ ਹੋਵੇ। ਮਜ਼ਦੂਰਾਂ ਦੀ ਮਜ਼ਦੂਰੀ ਦੇ ਦਿਹਾੜੀ ਰੇਟ ਪੱਕੇ ਨਿਰਧਾਰਤ ਹੋਣੇ ਚਾਹੀਦੇ ਹਨ। ਕੁਦਰਤੀ ਆਫਤਾਂ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਤੋਂ ਇਲਾਵਾ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਫ਼ਸਲ ਬੀਮਾ ਸਕੀਮਾਂ ਲਾਗੂ ਕੀਤੀਆਂ ਜਾਣ। ਇਸ ਸਭ ਕੁੱਝ ਲਈ ਕਿਸੇ ਵੀ ਸਿਆਸੀ ਪਾਰਟੀ ਨੇ ਕੁਝ ਨਹੀਂ ਕਰਨਾ। ਉਨ੍ਹਾਂ ਨੇ ਤਾਂ ਸਾਨੂੰ ਭਰਮਾ ਕੇ ਮੂਰਖ ਬਣਾ ਕੇ ਸੱਤਾ ਵਾਲੀਆਂ ਕੁਰਸੀਆਂ ਹੀ ਹਥਿਆਉਣੀਆਂ ਹਨ। ਇਸ ਸਭ ਲਈ ਸਾਨੂੰ ਆਪ ਹਿੰਮਤ ਕਰਕੇ ਇਨ੍ਹਾਂ ਤੋਂ ਸਭ ਕੁਝ ਕਰਾਉਣਾ ਪਵੇਗਾ। ਜੇ ਹੁਣ ਮੌਕਾ ਨਾ ਸਾਂਭਿਆ ਗਿਆ ਤਾਂ ਬਾਅਦ ਵਿੱਚ ਪਛਤਾਓਗੇ। ਇਸ ਲਈ ਸਮੇਂ ਸਿਰ ਸੰਭਲ ਕੇ ਪੰਜਾਬ ਨੂੰ ਬਚਾਉਣਾ ਸਾਡਾ ਇਖਲਾਕੀ ਫਰਜ਼ ਹੈ। ਆਓ! ਇਸ ਲਈ ਹੰਭਲਾ ਮਾਰੀਏ।