DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭੁੱਖ

ਕਹਾਣੀ ‘‘ਕੀ ਇਹ ਸੱਚ ਹੈ ਕਿ ਮੈਂ ਇਹ ਖਾਣਾ ਲੈ ਕੇ ਜਾ ਸਕਦੀ ਹਾਂ?’’ ਉਸ ਨੂੰ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਮੈਂ ਉਸ ਨੂੰ ਖਾਣਾ ਲੈ ਕੇ ਦਿੱਤਾ ਹੈ। ਉਸ ਨੇ ਫਿਰ ਪੁੱਛਿਆ, ‘‘ਕੀ ਤੁਸੀਂ ਇਸ ਦੇ...

  • fb
  • twitter
  • whatsapp
  • whatsapp
Advertisement

ਕਹਾਣੀ

‘‘ਕੀ ਇਹ ਸੱਚ ਹੈ ਕਿ ਮੈਂ ਇਹ ਖਾਣਾ ਲੈ ਕੇ ਜਾ ਸਕਦੀ ਹਾਂ?’’ ਉਸ ਨੂੰ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਮੈਂ ਉਸ ਨੂੰ ਖਾਣਾ ਲੈ ਕੇ ਦਿੱਤਾ ਹੈ। ਉਸ ਨੇ ਫਿਰ ਪੁੱਛਿਆ, ‘‘ਕੀ ਤੁਸੀਂ ਇਸ ਦੇ ਪੈਸੇ ਇਸ ਰੈਸਟੋਰੈਂਟ ਵਾਲੀ ਨੂੰ ਦੇ ਦਿਓਗੇ ਨਾ?’’

Advertisement

‘‘ਹਾਂ, ਮੈਂ ਦੇ ਦਿਆਂਗਾ। ਤੂੰ ਹੁਣ ਇਹ ਖਾਣਾ ਲੈ ਕੇ ਆਪਣੇ ਘਰ ਜਾ ਅਤੇ ਘਰ ਪਹੁੰਚ ਕੇ ਆਪ ਵੀ ਤੇ ਆਪਣੇ ਬੱਚੇ ਨੂੰ ਵੀ ਖਵਾ। ਹਾਂ! ਜਾਣ ਤੋਂ ਪਹਿਲਾਂ ਮੇਰੇ ਨਾਲ ਇੱਕ ਵਾਅਦਾ ਕਰ ਕੇ ਜਾ।’’

Advertisement

ਜਿਉਂ ਹੀ ਮੈਂ ਆਪਣੀ ਨੌਕਰੀ ਦੇ ਸਬੰਧ ਵਿੱਚ ਇਸ ਨਵੇਂ ਸ਼ਹਿਰ ਦੇ ਹੋਟਲ ਦੇ ਕਮਰੇ ਵਿੱਚ ਪਹੁੰਚਿਆ ਤਾਂ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰੀ ਤਬੀਅਤ ਖ਼ਰਾਬ ਹੋਣ ਲੱਗੀ ਹੈ। ਸਿਰ ਭਾਰੀ-ਭਾਰੀ ਲੱਗਣ ਲੱਗਾ ਅਤੇ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ। ਗਲਾ ਵੀ ਦੁਖਣਾ ਸ਼ੁਰੂ ਹੋ ਗਿਆ। ਮਾੜ੍ਹੀ-ਮਾੜ੍ਹੀ ਖੰਘ ਵੀ ਆਉਣੀ ਸ਼ੁਰੂ ਹੋ ਗਈ। ਉੱਪਰੋਂ ਭੁੱਖ ਵੀ ਲੱਗਣੀ ਸ਼ੁਰੂ ਹੋ ਗਈ। ਸਵੇਰ ਤੋਂ ਕੁਝ ਠੀਕ ਤਰ੍ਹਾਂ ਖਾਧਾ ਵੀ ਨਹੀਂ ਸੀ। ਹੋਟਲ ਵਾਲਿਆਂ ਕੋਲ ਤਾਂ ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਸੀ। ਸਿਰ ਦਰਦ ਦੀ ਇੱਕ ਗੋਲੀ ਮੇਰੇ ਕੋਲ ਸੀ, ਉਹ ਖਾ ਲਈ। ਸਰਦੀਆਂ ਦੀ ਰੁੱਤ ਸੀ। ਰਾਤ ਦੇ ਅੱਠ ਕੁ ਵਜੇ ਸਨ। ਕਮਰੇ ਦੀ ਬਾਲਕੋਨੀ ਵਿੱਚ ਜਾ ਕੇ ਬਾਹਰ ਵਾਲੀ ਝਾਤੀ ਮਾਰੀ। ਬਾਹਰ ਤਾਂ ਇਕਦਮ ਹਨੇਰਾ ਸੀ। ਰਿਸੈਪਸ਼ਨ ’ਤੇ ਫੋਨ ਕਰਕੇ ਪੁੱਛਿਆ ਕਿ ਇੱਥੇ ਨੇੜੇ-ਤੇੜੇ ਕੋਈ ਰੈਸਟੋਰੈਂਟ ਹੈ ਜਿੱਥੋਂ ਮੈਂ ਫੋਨ ਕਰਕੇ ਖਾਣਾ ਮੰਗਵਾ ਸਕਾਂ। ਰਿਸੈਪਸ਼ਨਿਸਟ ਨੇ ਦੱਸਿਆ ਕਿ ਹੋਟਲ ਤੋਂ ਕੋਈ ਤਿੰਨ-ਚਾਰ ਮਿੰਟ ਦੀ ਦੂਰੀ ’ਤੇ ਇੱਕ ਰੈਸਟੋਰੈਂਟ ਹੈ ਜੋ ਦੇਰ ਤੱਕ ਖੁੱਲ੍ਹਾ ਰਹਿੰਦਾ ਹੈ, ਪਰ ਖਾਣਾ ਖਾਣ ਲਈ ਜਾਂ ਉੱਥੋਂ ਖਾਣਾ ਲਿਆਉਣ ਲਈ ਆਪ ਜਾਣਾ ਪਵੇਗਾ। ਮੇਰੀ ਤਬੀਅਤ ਏਨੀ ਚੰਗੀ ਨਹੀਂ ਸੀ ਕਿ ਮੈਂ ਰੈਸਟੋਰੈਂਟ ਵਿੱਚ ਬੈਠ ਕੇ ਖਾਣਾ ਖਾਂਦਾ ਤੇ ਜੇ ਉੱਥੇ ਮੈਨੂੰ ਛਿੱਕ ਆ ਜਾਂਦੀ ਜਾਂ ਮੈਂ ਹੌਲੀ ਜਿਹੀ ਖੰਘ ਵੀ ਲੈਂਦਾ ਤਾਂ ਉੱਥੇ ਬੈਠੇ ਗਾਹਕਾਂ ਨੇ ਬਹੁਤ ਦੁਖੀ ਹੋ ਜਾਣਾ ਸੀ। ਮੈਨੂੰ ਵੀ ਡਰ ਸੀ ਕਿ ਕਿਤੇ ਮੇਰੀ ਬਿਮਾਰੀ ਨਾਲ ਕਿਸੇ ਹੋਰ ਦਾ ਨੁਕਸਾਨ ਨਾ ਹੋ ਜਾਏ। ਅਜੇ ਕੁਝ ਮਹੀਨੇ ਹੀ ਤਾਂ ਹੋਏ ਹਨ ਜਦੋਂ ਕਰੋਨਾ ਵਰਗੀ ਭਿਆਨਕ ਬਿਮਾਰੀ ਨੇ ਸਾਰੀ ਦੁਨੀਆ ਦੇ ਗੋਡੇ ਲਵਾ ਦਿੱਤੇ ਸਨ ਅਤੇ ਲੱਖਾਂ ਇਨਸਾਨ ਮੌਤ ਦੀ ਨੀਂਦ ਸੁਆ ਦਿੱਤੇ ਸਨ। ਅੱਜ ਵੀ ਜੇ ਕੋਈ ਹਲਕੀ ਜਿਹੀ ਛਿੱਕ ਮਾਰੇ ਜਾਂ ਹਲਕਾ ਜਿਹਾ ਖੰਘੇ ਤਾਂ ਕੋਲ ਖਲੋਤਾ ਇਨਸਾਨ ਡਰ ਨਾਲ ਹੀ ਕਿਤੇ ਲੁਕ ਜਾਂਦਾ ਹੈ। ਥੋੜ੍ਹੀ ਦੇਰ ਬਾਅਦ ਜਿਹੜੀ ਮੈਂ ਗੋਲੀ ਖਾਧੀ ਸੀ, ਉਸ ਨੇ ਅਸਰ ਕਰਨਾ ਸ਼ੁਰੂ ਕਰ ਦਿੱਤਾ। ਛਿੱਕਾਂ ਅਤੇ ਖੰਘ ਆਉਣੇ ਘਟ ਗਏ। ਮੇਰੀ ਭੁੱਖ ਵੀ ਜ਼ੋਰ ਪਾਉਣ ਲੱਗੀ। ਮੈਂ ਫ਼ੈਸਲਾ ਕੀਤਾ ਕਿ ਮੈਂ ਆਪ ਹੀ ਰੈਸਟੋਰੈਂਟ ਤੋਂ ਖਾਣਾ ਲੈ ਕੇ ਆਉਂਦਾ ਹਾਂ।

ਕੁਝ ਦੇਰ ਬਾਅਦ ਹੀ ਮੈਂ ਰੈਸਟੋਰੈਂਟ ਦੇ ਬਾਹਰ ਖਿੜਕੀ ’ਤੇ ਲੱਗੀ ਹੋਈ ਖਾਣੇ ਦੀ ਲਿਸਟ ਪੜ੍ਹਨ ਲੱਗਾ। ਮੈਂ ਲਿਸਟ ਪੜ੍ਹਦਾ-ਪੜ੍ਹਦਾ ਆਪਣੇ ਮਤਲਬ ਦਾ ਖਾਣਾ ਲੱਭ ਰਿਹਾ ਸਾਂ ਕਿ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ;

‘‘ਕੀ ਤੂੰ ਮੈਨੂੰ ਇੱਕ ਡਾਲਰ ਦੇ ਸਕਦਾ ਏਂ?’’

ਮੈਂ ਮੁੜ ਕੇ ਵੇਖਿਆ। ਮੈਨੂੰ ਇੱਕ ਮੋਟੀ ਜਿਹੀ ਜਵਾਨ ਕੁੜੀ ਹੱਥ ਵਿੱਚ ਸਿਗਰਟ ਦਾ ਸੂਟਾ ਲੈਂਦੀ ਹੋਈ ਪੁੱਛ ਰਹੀ ਸੀ। ਉਸ ਦੀ ਉਮਰ ਦਾ ਠੀਕ ਅੰਦਾਜ਼ਾ ਮੈਥੋਂ ਨਹੀਂ ਲੱਗ ਸਕਿਆ। ਮੰਨ ਲਓ ਕਿ ਪੱਚੀ-ਤੀਹ ਸਾਲ ਦੇ ਨੇੜੇ-ਤੇੜੇ ਦੀ ਹੋਵੇਗੀ। ਮੈਂ ਸਮਝ ਗਿਆ ਕਿ ਇਹ ਕੋਈ ਚੰਗੀ ਕੁੜੀ ਨਹੀਂ ਹੈ। ਸਿਗਰਟ ਵੀ ਪੀ ਰਹੀ ਹੈ ਅਤੇ ਉਸ ਦੇ ਗੱਲ ਕਰਨ ਦੇ ਢੰਗ ਤੋਂ ਮਹਿਸੂਸ ਹੋ ਰਿਹਾ ਹੈ ਕਿ ਇਸ ਨੇ ਸ਼ਰਾਬ ਵੀ ਪੀਤੀ ਹੋਈ ਹੈ। ਉਹ ਕੋਈ ਹੋਰ ਨਸ਼ਾ ਵੀ ਕਰਦੀ ਹੋਵੇਗੀ, ਇਸ ਦਾ ਕੁਝ ਨਹੀਂ ਕਿਹਾ ਜਾ ਸਕਦਾ। ਮੈਂ ਅਜੇ ਉਸ ਦੇ ਬਾਰੇ ਸੋਚ ਹੀ ਰਿਹਾ ਸਾਂ ਕਿ ਉਸ ਨੇ ਫਿਰ ਕਿਹਾ;

‘‘ਇੱਕ ਡਾਲਰ ਦੇ ਨਾ?’’

‘‘ਨਹੀਂ! ਮੇਰੇ ਕੋਲ ਕੋਈ ਡਾਲਰ ਨਹੀਂ ਹੈ।’’ ਮੈਂ ਸਾਫ਼ ਜਵਾਬ ਦੇ ਦਿੱਤਾ।

‘‘ਨਹੀਂ, ਤੂੰ ਝੂਠ ਬੋਲਦਾ ਏਂ। ਤੇਰੇ ਕੋਲ ਬਹੁਤ ਸਾਰੇ ਡਾਲਰ ਹਨ। ਤੂੰ ਬਹੁਤ ਅਮੀਰ ਦਿਖਾਈ ਦੇ ਰਿਹਾ ਏਂ। ਮੈਨੂੰ ਇੱਕ ਡਾਲਰ ਦੇ। ਮੈਨੂੰ ਬਹੁਤ ਭੁੱਖ ਲੱਗੀ ਏ। ਮੇਰਾ ਬੱਚਾ ਵੀ ਭੁੱਖਾ ਏ।’’ ਉਸ ਨੇ ਜ਼ਰਾ ਜ਼ੋਰ ਨਾਲ ਆਪਣਾ ਢਿੱਡ ਹੱਥ ਨਾਲ ਘੁੱਟਦਿਆਂ ਕਾਫ਼ੀ ਕੁਝ ਬੋਲ ਦਿੱਤਾ।

‘‘ਤੈਨੂੰ ਦੱਸਿਆ ਏ ਨਾ ਕਿ ਮੈਂ ਡਾਲਰ ਨਹੀਂ ਰੱਖਦਾ। ਫਿਰ ਇੱਕ ਡਾਲਰ ਨਾਲ ਤੇਰਾ ਤੇ ਤੇਰੇ ਬੱਚੇ ਦਾ ਢਿੱਡ ਕਿਵੇਂ ਭਰ ਜਾਏਗਾ?’’ ਮੈਂ ਉਸ ਨੂੰ ਉਸ ਦੀ ਭੁੱਖ ਬਾਰੇ ਸਵਾਲ ਕਰ ਦਿੱਤਾ।

‘‘ਮੈਂ ਇੱਕ-ਇੱਕ ਡਾਲਰ ਕਰਕੇ ਕੁਝ ਡਾਲਰ ਇਕੱਠੇ ਕਰ ਲਵਾਂਗੀ ਅਤੇ ਫਿਰ ਖਾਣਾ ਲੈ ਕੇ ਘਰ ਜਾ ਕੇ ਆਪਣੇ ਬੱਚੇ ਨਾਲ ਖਾਵਾਂਗੀ।’’

ਮੈਨੂੰ ਇੰਝ ਜਾਪਿਆ ਕਿ ਉਹ ਭੁੱਖ ਬਾਰੇ ਸੱਚ ਬੋਲ ਰਹੀ ਹੈ। ਮੈਂ ਉਸ ਨੂੰ ਇੱਕ ਸਲਾਹ ਦਿੱਤੀ;

‘‘ਮੇਰੇ ਕੋਲ ਡਾਲਰ ਤਾਂ ਨਹੀਂ ਹੈ। ਹਾਂ! ਮੈਂ ਤੈਨੂੰ ਖਾਣਾ ਲੈ ਕੇ ਦੇ ਸਕਦਾ ਹਾਂ।’’

ਉਹ ਕੁੜੀ ਹੈਰਾਨ ਜਿਹੀ ਹੋ ਗਈ। ਹੈਰਾਨੀ ਜਿਹੀ ਨਾਲ ਹੀ ਕਹਿਣ ਲੱਗੀ, ‘‘ਤੇਰੇ ਕੋਲ ਇੱਕ ਡਾਲਰ ਤਾਂ ਹੈ ਨਹੀਂ। ਇਸ ਰੈਸਟੋਰੈਂਟ ਦਾ ਖਾਣਾ ਤਾਂ ਬਹੁਤ ਮਹਿੰਗਾ ਏ।’’

‘‘ਤੂੰ ਇਸ ਦੀ ਫ਼ਿਕਰ ਨਾ ਕਰ। ਮੈਂ ਇੱਕ ਡਾਲਰ ਕੀ, ਇੱਕ ਸੈਂਟ ਵੀ ਨਹੀਂ ਦਿਆਂਗਾ। ਹਾਂ! ਖਾਣਾ ਭਾਵੇਂ ਸੌ ਡਾਲਰ ਦਾ ਹੋਵੇ, ਮੈਂ ਲੈ ਦਿਆਂਗਾ।’’

ਮੇਰੀ ਗੱਲ ਸੁਣ ਕੇ ਉਹ ਇਕਦਮ ਚੁੱਪ ਜਿਹੀ ਕਰ ਗਈ। ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਮੈਂ ਸੱਚ ਬੋਲ ਰਿਹਾ ਹਾਂ। ਸੱਚੀ ਹੀ ਉਸ ਨੂੰ ਖਾਣਾ ਲੈ ਦਿਆਂਗਾ। ਉਸ ਨੇ ਫਿਰ ਕਿਹਾ, ‘‘ਨਹੀਂ, ਨਹੀਂ, ਤੂੰ ਮੈਨੂੰ ਇੱਕ ਡਾਲਰ ਹੀ ਦੇ ਦੇ। ਮੈਂ ਮੈਕਡੋਨਲਡ ’ਤੇ ਜਾ ਕੇ ਸਸਤਾ ਖਾਣਾ ਲੈ ਲਵਾਂਗੀ। ਮੈਂ ਤੇਰਾ ਜ਼ਿਆਦਾ ਖ਼ਰਚਾ ਨਹੀਂ ਕਰਵਾਉਣਾ।’’

‘‘ਤੂੰ ਮੇਰੇ ਨਾਲ ਰੈਸਟੋਰੈਂਟ ਦੇ ਅੰਦਰ ਚੱਲ ਅਤੇ ਮੈਂ ਤੈਨੂੰ ਖਾਣਾ ਲੈ ਦਿਆਂਗਾ।’’

ਮੈਂ ਅੰਦਰ ਨੂੰ ਚੱਲ ਪਿਆ। ਉਸ ਆਵਾਰਾ ਕੁੜੀ ਨੇ ਸਿਗਰਟ ਦਾ ਇੱਕ ਲੰਬਾ ਸੂਟਾ ਲਾਇਆ, ਬਾਕੀ ਬਚੀ ਸਿਗਰਟ ਨੂੰ ਜ਼ਮੀਨ ’ਤੇ ਸੁੱਟ ਕੇ ਆਪਣੇ ਪੈਰ ਨਾਲ ਮਸਲਿਆ ਅਤੇ ਮੇਰੇ ਪਿੱਛੇ-ਪਿੱਛੇ ਰੈਸਟੋਰੈਂਟ ਦੇ ਅੰਦਰ ਆ ਗਈ।

ਇੱਕ ਜਵਾਨ ਜਿਹੀ ਸੋਹਣੀ ਕੁੜੀ ਰੈਸਟੋਰੈਂਟ ਵਿੱਚ ਗਾਹਕਾਂ ਨੂੰ ਜੀ ਆਇਆਂ ਕਹਿ ਰਹੀ ਸੀ। ਮੈਂ ਉਸ ਨੂੰ ਕਿਹਾ, ‘‘ਇਹ ਕੁੜੀ ਜਿਹੜੀ ਵੀ ਤੇ ਜਿੰਨਾ ਵੀ ਖਾਣਾ ਮੰਗਦੀ ਏ, ਇਸ ਨੂੰ ਦੇ ਦੇ। ਇਸ ਦੇ ਪੈਸੇ ਮੈਂ ਦਿਆਂਗਾ।’’

ਉਹ ਰੈਸਟੋਰੈਂਟ ਵਾਲੀ ਸੋਹਣੀ ਕੁੜੀ ਤਾਂ ਇਕਦਮ ਹੈਰਾਨ ਜਿਹੀ ਹੋ ਕੇ ਮੇਰੀ ਸ਼ਕਲ ਵੇਖਣ ਲੱਗ ਪਈ। ਉਹ ਪੁੱਛਣ ਲੱਗੀ;

‘‘ਤੁਸੀਂ ਇਸ ਕੁੜੀ ਨੂੰ ਖਾਣਾ ਲੈ ਕੇ ਦੇ ਰਹੇ ਹੋ? ਕੀ ਤੁਹਾਨੂੰ ਇਸ ਆਵਾਰਾ ਕੁੜੀ ਬਾਰੇ ਪਤਾ ਹੈ ਕਿ ਇਹ ਕੌਣ ਹੈ?’’

‘‘ਮੈਨੂੰ ਇਸ ਦੀ ਅਵਾਰਾਗਰਦੀ ਨਾਲ ਕੋਈ ਸਬੰਧ ਨਹੀਂ। ਮੈਂ ਤਾਂ ਬਸ ਇਸ ਦੀ ਅਤੇ ਇਸ ਦੇ ਬੱਚੇ ਦੀ ਭੁੱਖ ਮਿਟਾਉਣੀ ਚਾਹੁੰਦਾ ਹਾਂ। ਇਹ ਮੈਥੋਂ ਇੱਕ ਡਾਲਰ ਮੰਗਦੀ ਸੀ। ਮੈਂ ਇਸ ਨੂੰ ਖਾਣਾ ਲੈ ਕੇ ਦੇ ਰਿਹਾ ਹਾਂ।’’

ਮੈਂ ਉਸ ਸੋਹਣੀ ਕੁੜੀ ਨੂੰ ਉਸ ਆਵਾਰਾ ਕੁੜੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੱਤਾ ਅਤੇ ਫਿਰ ਉਸ ਆਵਾਰਾ ਕੁੜੀ ਨੂੰ ਕਹਿਣ ਲੱਗਾ;

‘‘ਤੈਨੂੰ ਜੋ ਚਾਹੀਦਾ ਹੈ ਲੈ ਜਾ। ਮੈਂ ਇਸ ਦੇ ਪੈਸੇ ਦੇ ਦਿਆਂਗਾ।’’

‘‘ਕੀ ਇਹ ਸੱਚ ਹੈ ਕਿ ਮੈਂ ਖਾਣਾ ਲੈ ਕੇ ਜਾ ਸਕਦੀ ਹਾਂ?’’ ਉਸ ਨੂੰ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਮੈਂ ਉਸ ਨੂੰ ਖਾਣਾ ਲੈ ਕੇ ਦੇ ਰਿਹਾ ਹਾਂ। ਉਸ ਨੇ ਫਿਰ ਪੁੱਛਿਆ, ‘‘ਕੀ ਤੁਸੀਂ ਮੇਰੇ ਖਾਣੇ ਦੇ ਪੈਸੇ ਇਸ ਰੈਸਟੋਰੈਂਟ ਵਾਲੀ ਕੁੜੀ ਨੂੰ ਦੇ ਦਿਓਗੇ?’’

‘‘ਹਾਂ! ਮੈਂ ਦੇ ਦਿਆਂਗਾ। ਤੂੰ ਹੁਣ ਇਹ ਖਾਣਾ ਲੈ ਕੇ ਆਪਣੇ ਘਰ ਜਾ ਅਤੇ ਆਪ ਵੀ ਅਤੇ ਆਪਣੇ ਬੱਚੇ ਨੂੰ ਵੀ ਖਵਾ। ਹਾਂ, ਜਾਣ ਤੋਂ ਪਹਿਲਾਂ ਮੇਰੇ ਨਾਲ ਇੱਕ ਵਾਅਦਾ ਕਰ ਕੇ ਜਾ।’’

‘‘ਉਹ ਕੀ?’’ ਉਸ ਨੇ ਬੜੀ ਹੈਰਾਨੀ ਨਾਲ ਪੁੱਛਿਆ।

‘‘ਅੱਜ ਤੋਂ ਬਾਅਦ ਨਾ ਤਾਂ ਤੂੰ ਸਿਗਰਟ ਪੀਏਂਗੀ ਅਤੇ ਨਾ ਹੀ ਸ਼ਰਾਬ। ਜੇ ਕੋਈ ਹੋਰ ਨਸ਼ਾ ਕਰਦੀ ਏਂ ਤਾਂ ਉਹ ਵੀ ਬੰਦ।’’

ਜਿਉਂ ਹੀ ਮੈਂ ਉਸ ਨੂੰ ਵਾਅਦਾ ਕਰਨ ਲਈ ਕਿਹਾ ਤਾਂ ਉਹ ਇਕਦਮ ਸੁੰਨ ਜਿਹੀ ਹੋ ਗਈ। ਕੁਝ ਮਿੰਟਾਂ ਲਈ ਉਸ ਦੇ ਮੂੰਹੋਂ ਕੋਈ ਆਵਾਜ਼ ਨਹੀਂ ਨਿਕਲੀ। ਮੈਨੂੰ ਪਤਾ ਸੀ ਕਿ ਜੇ ਇਹ ਵਾਅਦਾ ਕਰੇਗੀ ਤਾਂ ਉਹ ਝੂਠਾ ਹੀ ਕਰੇਗੀ। ਮੈਂ ਫਿਰ ਉਸ ਨੂੰ ਆਪਣਾ ਖਾਣਾ ਲੈਣ ਲਈ ਕਿਹਾ। ਉਸ ਨੇ ਆਪਣੀ ਪਸੰਦ ਦਾ ਖਾਣਾ ਤਿਆਰ ਕਰਵਾਇਆ। ਰੈਸਟੋਰੈਂਟ ਵਾਲੀ ਸੋਹਣੀ ਕੁੜੀ ਨੇ ਖਾਣਾ ਤਿਆਰ ਕਰ ਕੇ ਉਸ ਨੂੰ ਫੜਾ ਦਿੱਤਾ। ਖਾਣਾ ਫੜ ਕੇ ਉਸ ਆਵਾਰਾ ਕੁੜੀ ਨੇ ਫਿਰ ਮੇਰੇ ਵੱਲ ਵੇਖ ਕੇ ਪੁੱਛਿਆ, ‘‘ਇਹ ਖਾਣਾ ਮੇਰਾ ਹੈ ਨਾ? ਮੈਂ ਇਸ ਨੂੰ ਘਰ ਲਿਜਾ ਸਕਦੀ ਹਾਂ?’’

‘‘ਹਾਂ! ਇਹ ਖਾਣਾ ਤੇਰਾ ਅਤੇ ਤੇਰੇ ਬੱਚੇ ਦਾ ਹੈ।’’ ਮੈਂ ਉਸ ਨੂੰ ਫਿਰ ਯਕੀਨ ਦਿਵਾਇਆ।

ਖਾਣਾ ਫੜ ਕੇ ਉਸ ਕੁੜੀ ਦੇ ਮੂੰਹੋਂ ਮੇਰੇ ਲਈ ਧੰਨਵਾਦ ਵਾਲਾ ਸ਼ਬਦ ਨਿਕਲ ਆਇਆ ਅਤੇ ਉਹ ਬਾਹਰ ਵੱਲ ਨੂੰ ਤੁਰ ਪਈ। ਜਿਉਂ ਹੀ ਉਹ ਦਰਵਾਜ਼ੇ ਵਿੱਚੋਂ ਬਾਹਰ ਨਿਕਲਣ ਲੱਗੀ, ਉਹ ਰੁਕ ਗਈ। ਫਿਰ ਪਿੱਛੇ ਨੂੰ ਮੁੜੀ ਅਤੇ ਮੇਰੇ ਕੋਲ ਆ ਕੇ ਖੜ੍ਹੀ ਹੋ ਗਈ। ਕੁਝ ਚਿਰ ਲਈ ਮੇਰੀ ਸ਼ਕਲ ਵੇਖਦੀ ਰਹੀ ਅਤੇ ਫਿਰ ਕਹਿਣ ਲੱਗੀ;

‘‘ਮੈਂ ਵਾਅਦਾ ਤਾਂ ਨਹੀਂ ਕਰਦੀ, ਪਰ ਕੋਸ਼ਿਸ਼ ਜ਼ਰੂਰ ਕਰਾਂਗੀ ਕਿ ਸਿਗਰਟ, ਸ਼ਰਾਬ ਅਤੇ ਹੋਰ ਸਭ ਨਸ਼ੇ ਛੱਡ ਕੇ ਪਹਿਲਾਂ ਵਾਂਗ ਇੱਕ ਚੰਗੀ ਕੁੜੀ ਬਣ ਜਾਵਾਂ। ਮੈਂ ਕਦੇ ਇੱਕ ਬਹੁਤ ਚੰਗੀ ਕੁੜੀ ਹੁੰਦੀ ਸਾਂ।’’ ਫਿਰ ਪੁੱਛਣ ਲੱਗੀ, ‘‘ਜੇ ਤੈਨੂੰ ਬੁਰਾ ਨਾ ਲੱਗੇ ਤਾਂ ਮੈਂ ਇੱਕ ਜੱਫੀ ਪਾ ਲਵਾਂ? ਤੇਰੇ ਚਿਹਰੇ ਵਿੱਚੋਂ ਮੈਨੂੰ ਮੇਰਾ ਪਾਪਾ ਨਜ਼ਰ ਆਉਂਦਾ ਏ।’’

ਮੇਰੇ ਹਾਂ ਜਾਂ ਨਾ ਦੀ ਉਡੀਕ ਕੀਤੇ ਬਿਨਾਂ ਹੀ ਉਸ ਨੇ ਮੈਨੂੰ ਆਪਣੀਆਂ ਬਾਹਵਾਂ ਵਿੱਚ ਲੈ ਲਿਆ। ਰੈਸਟੋਰੈਂਟ ਵਾਲੀ ਸੋਹਣੀ ਕੁੜੀ ਅਤੇ ਇੱਕ ਹੋਰ ਪਤੀ-ਪਤਨੀ ਜੋ ਰੈਸਟੋਰੈਂਟ ਵਿੱਚ ਬੈਠੇ ਖਾਣਾ ਖਾ ਰਹੇ ਸਨ, ਵੇਖਦੇ ਰਹਿ ਗਏ। ਜਿਉਂ ਹੀ ਉਸ ਆਵਾਰਾ ਕੁੜੀ ਨੇ ਮੈਨੂੰ ਆਪਣੀਆਂ ਬਾਹਵਾਂ ਵਿੱਚ ਘੁੱਟਿਆ, ਮੈਨੂੰ ਉਸ ਦਾ ਰੋਣਾ ਸੁਣਾਈ ਦੇਣ ਲੱਗਾ। ਰੋਂਦੀ-ਰੋਂਦੀ ਨੇ ਉਸ ਨੇ ਮੈਨੂੰ ਆਪਣੀਆਂ ਬਾਹਵਾਂ ਵਿੱਚੋਂ ਆਜ਼ਾਦ ਕੀਤਾ ਅਤੇ ਰੋਂਦੀ-ਰੋਂਦੀ ਇਹ ਕਹਿੰਦੀ ਹੋਈ ‘‘ਮੈਂ ਚੰਗੀ ਕੁੜੀ ਬਣਾਂਗੀ, ਮੈਂ ਚੰਗੀ ਕੁੜੀ ਬਣਾਂਗੀ।’’ ਰੈਸਟੋਰੈਂਟ ਵਿੱਚੋਂ ਬਾਹਰ ਨਿਕਲ ਗਈ।

ਮੈਂ ਉਸ ਕੁੜੀ ਨੂੰ ਰੈਸਟੋਰੈਂਟ ਵਿੱਚੋਂ ਬਾਹਰ ਜਾਂਦੀ ਨੂੰ ਵੇਖਦਾ ਰਿਹਾ ਅਤੇ ਇਹ ਸੋਚਣ ਲੱਗਾ ਕਿ ਇਹ ਆਵਾਰਾ ਕੁੜੀ ਸੀ ਜਾਂ ਇੱਕ ਚੰਗੀ ਕੁੜੀ? ਮੈਂ ਸੋਚ ਹੀ ਰਿਹਾ ਸਾਂ ਕਿ ਮੇਰੇ ਕੰਨਾਂ ਵਿੱਚ ਰੈਸਟੋਰੈਂਟ ਵਾਲੀ ਸੋਹਣੀ ਕੁੜੀ ਦੀ ਆਵਾਜ਼ ਪਈ;

‘‘ਤੁਸੀਂ ਇਸ ਆਵਾਰਾ ਕੁੜੀ ਨੂੰ ਇੰਨਾ ਮਹਿੰਗਾ ਖਾਣਾ ਕਿਉਂ ਲੈ ਕੇ ਦਿੱਤਾ? ਉਸ ਨੇ ਇੱਕ ਡਾਲਰ ਮੰਗਿਆ ਸੀ, ਉਹ ਦੇ ਦੇਣਾ ਸੀ।’’

ਮੈਂ ਉਸ ਰੈਸਟੋਰੈਂਟ ਵਾਲੀ ਕੁੜੀ ਨੂੰ ਦੱਸਣ ਲੱਗਾ;

‘‘ਮੈਂ ਕਦੇ ਕਿਸੇ ਨੂੰ ਇੱੱਕ ਸੈਂਟ ਤੱਕ ਵੀ ਨਹੀਂ ਦਿੰਦਾ, ਪਰ ਹਾਂ, ਜੇਕਰ ਕੋਈ ਭੁੱਖਾ ਹੋਵੇ ਅਤੇ ਰੋਟੀ ਮੰਗੇ ਤਾਂ ਮੈਂ ਕਦੇ ਇਨਕਾਰ ਨਹੀਂ ਕਰਦਾ। ਮੇਰੇ ਗੁਰੂਆਂ ਅਤੇ ਬਜ਼ੁਰਗਾਂ ਨੇ ਜੋ ਮੈਨੂੰ ਸੰਸਕਾਰ ਦਿੱਤੇ ਹਨ ਅਤੇ ਜੋ ਮੈਨੂੰ ਸਿਖਾਇਆ ਹੈ, ਉਹ ਮੇਰਾ ਯਕੀਨ ਬਣ ਚੁੱਕਾ ਹੈ। ਇਸ ਦੁਨੀਆ ਦਾ ਹਰ ਇਨਸਾਨ ਇੱਕ ਦੂਸਰੇ ਇਨਸਾਨ ਦੀ ਭੁੱਖ ਮਿਟਾਉਣ ਦੇ ਕਾਬਲ ਹੈ। ਜੇ ਅਸੀਂ ਕਿਸੇ ਦੂਸਰੇ ਦੀ ਭੁੱਖ ਮਿਟਾਉਣ ਦੀ ਜ਼ਿੰਮੇਵਾਰੀ ਲੈ ਲਈਏ ਤਾਂ ਸਾਰੀ ਦੁਨੀਆ ਵਿੱਚ ਇੱਕ ਵੀ ਇਨਸਾਨ ਨਾ ਤਾਂ ਭੁੱਖਾ ਸੌਂਵੇਗਾ ਅਤੇ ਨਾ ਹੀ ਕੋਈ ਭੁੱਖ ਨਾਲ ਮਰੇਗਾ।’’

ਉਹ ਰੈਸਟੋਰੈਂਟ ਵਾਲੀ ਕੁੜੀ ਚੁੱਪ ਜਿਹੀ ਕਰ ਗਈ। ਮੈਂ ਉਸ ਕੋਲੋਂ ਆਪਣਾ ਖਾਣਾ ਤਿਆਰ ਕਰਵਾਇਆ ਅਤੇ ਉਸ ਕੋਲੋਂ ਪੁੱਛਿਆ, ‘‘ਉਸ ਕੁੜੀ ਅਤੇ ਮੇਰੇ ਖਾਣੇ ਦੇ ਕੁੱਲ ਕਿੰਨੇ ਪੈਸੇ ਹੋਏ?’’

‘‘ਕੋਈ ਪੈਸਾ ਨਹੀਂ। ਮੈਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲਵਾਂਗੀ। ਤੁਹਾਡੇ ਖਾਣੇ ਦਾ ਮੁੱਲ ਮੈਨੂੰ ਮਿਲ ਚੁੱਕਿਆ ਹੈ। ਪੈਸਿਆਂ ਵਿੱਚ ਨਹੀਂ, ਬਲਕਿ ਤੁਹਾਡੇ ਕੋਲੋਂ ਚੰਗਾ ਬਣਨ ਦਾ ਸਬਕ। ਮੈਂ ਤੁਹਾਡੇ ਵਰਗਾ ਚੰਗਾ ਬਣਨਾ ਚਾਹੁੰਦੀ ਹਾਂ।’’ ਉਸ ਕੁੜੀ ਨੇ ਆਪਣੀ ਖਾਹਿਸ਼ ਜ਼ਾਹਿਰ ਕੀਤੀ।

ਮੈਂ ਉਸ ਨੂੰ ਸਮਝਾਉਣ ਲੱਗਾ;

‘‘ਨਹੀਂ। ਇਹ ਠੀਕ ਨਹੀਂ। ਜੇ ਕੋਈ ਤੁਹਾਡੇ ਕੋਲੋਂ ਖਾਣਾ ਮੰਗੇ ਤਾਂ ਬੇਸ਼ੱਕ ਉਸ ਕੋਲੋਂ ਕੋਈ ਪੈਸਾ ਨਾ ਲਵੋ, ਪਰ ਜੇ ਕੋਈ ਤੁਹਾਡੇ ਕੋਲੋਂ ਖਾਣਾ ਖ਼ਰੀਦੇ ਤਾਂ ਉਸ ਕੋਲੋਂ ਪੈਸੇ ਜ਼ਰੂਰ ਲਵੋ।’’

ਉਸ ਰੈਸਟੋਰੈਂਟ ਵਾਲੀ ਸੋਹਣੀ ਕੁੜੀ ਨੇ ਅੱਖਾਂ ਬੰਦ ਕਰਕੇ ਆਪਣੇ ਰੱਬ ਨੂੰ ਯਾਦ ਕੀਤਾ। ਅੱਖਾਂ ਖੋਲ੍ਹੀਆਂ ਅਤੇ ਕਹਿਣ ਲੱਗੀ, ‘‘ਅੱਜ ਮੈਂ ਤੁਹਾਡੇ ਕੋਲੋਂ ਇੱਕ ਬਹੁਤ ਵੱਡਾ ਸਬਕ ਸਿੱਖਿਆ ਹੈ। ਮੈਂ ਵੀ ਤੁਹਾਡੇ ਵਾਂਗ ਕਿਸੇ ਦੀ ਭੁੱਖ ਮਿਟਾਇਆ ਕਰਾਂਗੀ।’’

Advertisement
×