ਚੰਬਾ ਕਿਤਨੀ ਕੁ ਦੂਰ
ਬੋਸਟਨ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਜੈਸਮੀਨ ਨੂੰ ਤਿੰਨ ਸਾਲ ਹੋ ਚੁੱਕੇ ਸਨ। ਇਹ ਉਸ ਦਾ ਚੌਥਾ ਤੇ ਆਖਰੀ ਸਾਲ ਸੀ। ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਦਿਆਂ ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਸਮਾਂ ਕਿਵੇਂ ਬੀਤ ਗਿਆ। ਪੜ੍ਹਾਈ ਕਾਫ਼ੀ ਔਖੀ ਸੀ ਤੇ...
ਬੋਸਟਨ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਜੈਸਮੀਨ ਨੂੰ ਤਿੰਨ ਸਾਲ ਹੋ ਚੁੱਕੇ ਸਨ। ਇਹ ਉਸ ਦਾ ਚੌਥਾ ਤੇ ਆਖਰੀ ਸਾਲ ਸੀ। ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਦਿਆਂ ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਸਮਾਂ ਕਿਵੇਂ ਬੀਤ ਗਿਆ। ਪੜ੍ਹਾਈ ਕਾਫ਼ੀ ਔਖੀ ਸੀ ਤੇ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ। ਉਸ ਦਾ ਕਾਫ਼ੀ ਸਮਾਂ ਲਾਇਬ੍ਰੇਰੀ ਦੇ ਸ਼ਾਂਤ ਮਾਹੌਲ ਵਿੱਚ ਪੜ੍ਹਾਈ ਕਰਦਿਆਂ, ਹੋਮਵਰਕ ਦੀਆਂ ਤਰੀਕਾਂ ਜਾਂ ਫਿਰ ਲੈਬ ਵਿੱਚ ਕੰਪਿਊਟਰ ਨਾਲ ਮੱਥਾ ਮਾਰਦਿਆਂ ਹੀ ਬਤੀਤ ਹੁੰਦਾ ਸੀ।
‘‘ਇਹ ਸਾਡਾ ਆਖਰੀ ਸਾਲ ਹੈ। ਸਾਨੂੰ ਥੋੜ੍ਹਾ ਘੁੰਮਣਾ ਫਿਰਨਾ ਵੀ ਚਾਹੀਦਾ ਹੈ। ਮਨੋਰੰਜਨ ਵੀ ਕਰਨਾ ਚਾਹੀਦਾ ਹੈ। ਤੂੰ ਤਾਂ ਬਸ ਕਿਤਾਬੀ ਕੀੜਾ ਹੀ ਬਣੀ ਰਹਿੰਦੀ ਏਂ।’’ ਉਸ ਦੀਆਂ ਸਹੇਲੀਆਂ ਕਹਿੰਦੀਆਂ ਸਨ।
‘‘ਨਹੀਂ, ਚੰਗੇ ਗਰੇਡ ਲੈਣ ਲਈ ਪੜ੍ਹਨਾ ਤਾਂ ਪੈਣਾ ਹੀ ਹੈ ਤਾਂ ਜੋ ਚੰਗੀ ਨੌਕਰੀ ਮਿਲ ਸਕੇ। ਹੁਣ ਏਆਈ ਦੇ ਆਉਣ ਕਰਕੇ ਕੰਪਿਊਟਰ ਸਾਇੰਸ ਦੀਆਂ ਨੌਕਰੀਆਂ ਬਹੁਤ ਖ਼ਤਰੇ ਵਿੱਚ ਹਨ।’’ ਉਸ ਨੇ ਕਿਤਾਬ ਦਾ ਪੰਨਾ ਪਲਟਦਿਆਂ ਆਪਣੀ ਪਿਆਰੀ ਸਹੇਲੀ ਮੀਨਾ ਨੂੰ ਕਿਹਾ।
‘‘ਅਸੀਂ ਵੀ ਤੇਰੇ ਨਾਲ ਦੀ ਬੇੜੀ ’ਚ ਸਵਾਰ ਹਾਂ ਤੇ ਚੰਗੀ ਨੌਕਰੀ ਦੀ ਆਸ ਰੱਖਦੇ ਹਾਂ, ਪਰ ਇਹ ਦਿਨ ਮੁੜ ਕੇ ਨਹੀਂ ਆਉਣੇ!’’ ਮੀਨਾ ਬੋਲੀ।
ਆਪਣੀਆਂ ਸਹੇਲੀਆਂ ਦੇ ਬਹੁਤਾ ਜ਼ੋਰ ਦੇਣ ’ਤੇ ਉਹ ਕਦੇ ਕਦੇ ਉਨ੍ਹਾਂ ਨਾਲ ਬੋਸਟਨ ਡਾਊਨਟਾਊਨ ਘੁੰਮਣ ਚਲੇ ਜਾਂਦੀ ਸੀ। ਉੱਥੇ ਇੱਕ ਬਹੁਤ ਹੀ ਸੋਹਣੀ ਤੇ ਹਰਿਆਲੀ ਪਾਰਕ ਸੀ, ਜਿਸ ਵਿੱਚ ਬੜੀਆਂ ਪਿਆਰੀਆਂ ਸਵੈਨ ਬੋਟਸ (ਹੰਸ ਕਿਸ਼ਤੀਆਂ) ਇੱਕ ਛੋਟੀ ਜਿਹੀ ਵਲ਼ ਖਾਂਦੀ ਹੋਈ ਝੀਲ ਵਿੱਚ ਚੱਲਦੀਆਂ ਸਨ। ਪਾਰਕ ਵਿਚਲੇ ਟੇਢੇ-ਮੇਢੇ ਖ਼ੂਬਸੂਰਤ ਰਸਤੇ ਸੈਰ ਕਰਨ ਲਈ ਬਹੁਤ ਹੀ ਵਧੀਆ ਸਨ। ਉੱਥੇ ਇੱਕ ਫਰੌਗ ਪੌਂਡ ਨਾਮ ਦਾ ਤਲਾਬ ਵੀ ਸੀ ਜੋ ਸਰਦੀਆਂ ਵਿੱਚ ਜੰਮ ਜਾਂਦਾ ਸੀ ਤੇ ਸਕੇਟਿੰਗ ਰਿੰਕ ਲਈ ਵਰਤਿਆ ਜਾਂਦਾ ਸੀ। ਜਿੱਥੇ ਬੱਚੇ ਤੇ ਵੱਡੇ ਬਰਫ਼ ’ਤੇ ਸਕੇਟਿੰਗ ਕਰਦੇ ਸਨ। ਗਰਮੀਆਂ ਦੇ ਮੌਸਮ ਵਿੱਚ ਲੋਕ ਫੁਆਰਿਆਂ ਦੀ ਠੰਢੀ ਫੁਹਾਰ ਦਾ ਅਨੰਦ ਮਾਣਦੇ ਸਨ। ਪਾਰਕ ਵਿੱਚ ਘੁੰਮਣ ਤੋਂ ਬਾਅਦ ਉਹ ਉੱਥੋਂ ਦੀ ਮਸ਼ਹੂਰ ਕੁਇੰਸੀ ਮਾਰਕੀਟ ਵਿੱਚ ਖਾਣ-ਪੀਣ ਚਲੇ ਜਾਂਦੇ ਸਨ। ਉੱਥੇ ਲੋਕਲ ਸੀ-ਫ਼ੂਡ ਤੋਂ ਲੈ ਕੇ ਭਾਂਤ-ਭਾਂਤ ਦੇ ਅੰਤਰਰਾਸ਼ਟਰੀ ਖਾਣਿਆਂ ਦੀਆਂ ਦੁਕਾਨਾਂ ਸਨ। ਉਸ ਨੂੰ ‘ਬੋਬਾ ਟੀ’ ਬਹੁਤ ਮਜ਼ੇਦਾਰ ਲੱਗਦੀ ਸੀ। ਕਦੇ ਕਦੇ ਉਹ ਉੱਥੇ ਗਰਮ-ਗਰਮ ਸਮੋਸੇ ਤੇ ਠੰਢੀ ਮੈਂਗੋ ਲੱਸੀ ਬੜੇ ਸ਼ੌਕ ਨਾਲ ਪੀਂਦੀਆਂ ਸਨ। ਅਕਸਰ ਮਾਰਕੀਟ ਦੇ ਬਾਹਰ ‘ਸਟਰੀਟ ਪ੍ਰਫਾਰਮਰ’ ਤਰ੍ਹਾਂ-ਤਰ੍ਹਾਂ ਦੇ ਕਰਤੱਬ ਦਿਖਾਉਂਦੇ ਸਨ, ਬਾਜ਼ੀਗਰ ਕਲਾਬਾਜ਼ੀਆਂ ਪਾਉਂਦੇ ਸਨ, ਗਾਉਣ ਵਾਲੇ ਗਿਟਾਰ ਤੇ ਹੋਰ ਸਾਜ਼ਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਸਨ। ਉਸ ਦਾ ਮਨ ਵੀ ਕਰਦਾ ਕਿ ਕਾਸ਼ ਉਹ ਵੀ ਉੱਥੇ ਗਾਵੇ! ਉਸ ਨੂੰ ਗਾਉਣ ਦਾ ਬਹੁਤ ਸ਼ੌਕ ਸੀ। ਉਸ ਨੂੰ ਹੀ ਨਹੀਂ ਉਸ ਦੇ ਪੂਰੇ ਪਰਿਵਾਰ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ। ਉਹ ਸਾਰੇ ਹਿੰਦੁਸਤਾਨੀ ਕਲਾਸੀਕਲ ਸੰਗੀਤ ਵੀ ਸਿੱਖਦੇ ਸਨ। ਉਹ ਲੋਕਲ ਗੁਰਦੁਆਰਾ ਸਾਹਿਬ ਵਿੱਚ ਸ਼ਬਦ-ਕੀਰਤਨ ਗਾਉਂਦਿਆਂ ਵੱਡੀ ਹੋਈ ਸੀ। ਇਸ ਦੇ ਨਾਲ ਹੀ ਉਸ ਨੂੰ ਪੰਜਾਬੀ ਲੋਕ ਸੰਗੀਤ ਗਾਉਣਾ ਵੀ ਬਹੁਤ ਚੰਗਾ ਲੱਗਦਾ ਸੀ। ਉਸ ਦੇ ਮੰਮੀ ਬਹੁਤ ਵਧੀਆ ਲੋਕ-ਸੰਗੀਤ ਗਾਉਂਦੇ ਸਨ। ਸੰਗੀਤ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਆਧਾਰ ਸੀ। ਉਸ ਦੇ ਮਾਪੇ ਪੰਜਾਬ ਤੋਂ ਸਨ ਤੇ ਅਮਰੀਕਾ ਵਿਖੇ ਪਰਦੇਸ ਵਿੱਚ ਰਹਿੰਦਿਆਂ, ਸੰਗੀਤ ਉਨ੍ਹਾਂ ਨੂੰ ਪੰਜਾਬ ਨਾਲ ਜੋੜੀ ਰੱਖਦਾ ਸੀ। ਇੱਕ ਪਹਾੜੀ ਲੋਕ ਗੀਤ ਉਸ ਨੂੰ ਬਹੁਤ ਹੀ ਚੰਗਾ ਲੱਗਦਾ ਸੀ, ਜਿਸ ਨੂੰ ਸੁਣ ਕੇ ਉਸ ਦੇ ਦਿਲ ਦੇ ਤਾਰ ਹਿੱਲ ਜਾਂਦੇ ਸਨ। ਅਕਸਰ ਉਹ ਵੀ ਉਸ ਨੂੰ ਗੁਣਗੁਣਾਉਂਦੀ ਸੀ।
ਮਾਏ ਨੀਂ ਮੇਰੀਏ ਸ਼ਿਮਲੇ ਦੀ ਰਾਹੀਂ, ਚੰਬਾ ਕਿਤਨੀ ਕੁ ਦੂਰ!
ਸ਼ਿਮਲੇ ਨ੍ਹੀਂ ਵੱਸਣਾ, ਕਸੌਲੀ ਨ੍ਹੀਂ ਵੱਸਣਾ
ਚੰਬੇ ਤਾਂ ਜਾਣਾ ਜ਼ਰੂਰ। ਹਾਏ! ਚੰਬੇ ਤਾਂ ਜਾਣਾ ਜ਼ਰੂਰ ...
ਇਹ ਗੀਤ ਗਾਉਂਦਿਆਂ ਉਸ ਦੇ ਮਨ ਵਿੱਚ ਅਜੀਬ ਜਿਹਾ ਅਹਿਸਾਸ ਤੇ ਦਿਲ ਵਿੱਚ ਇੱਕ ਕਸਕ ਜਿਹੀ ਉੱਠਣ ਲੱਗਦੀ ਸੀ। ਜਿਵੇਂ ਕੋਈ ਉਸ ਨੂੰ ਬੁਲਾ ਰਿਹਾ ਸੀ। ਚੰਬਾ-ਉਹ ਕਿਹਾ ਸੁਹਾਵਣਾ ਦੇਸ ਸੀ? ਕੀ ਕਦੇ ਉਹ ਵੀ ਉੱਥੇ ਜਾ ਸਕੇਗੀ ਤੇ ਬਰਫ਼ ਲੱਦੀਆਂ ਵਾਦੀਆਂ ਦੇਖ ਸਕੇਗੀ?
ਸਮੇਂ ਦਾ ਦਰਿਆ ਕਲ-ਕਲ ਵਹਿ ਰਿਹਾ ਸੀ। ਯੂਨੀਵਰਸਿਟੀ ਦਾ ਸਾਲਾਨਾ ਸੰਗੀਤ ਸੰਮੇਲਨ ਨਜ਼ਦੀਕ ਆ ਰਿਹਾ ਸੀ। ਹਰ ਸਾਲ ਦੀ ਤਰ੍ਹਾਂ ਉਹ ਵੀ ਉਸ ਵਿੱਚ ਹਿੱਸਾ ਲੈਣ ਲਈ ਤਿਆਰੀ ਕਰਨ ਲੱਗੀ। ਇਸ ਵਾਰ ਉਸ ਨੇ ‘ਚੰਬਾ ਕਿਤਨੀ ਕੁ ਦੂਰ’ ਗੀਤ ਹੀ ਗਾਉਣ ਬਾਰੇ ਸੋਚਿਆ ਹੋਇਆ ਸੀ। ਜਿਵੇਂ ਜਿਵੇਂ ਸੰਮੇਲਨ ਦਾ ਸਮਾਂ ਨੇੜੇ ਆ ਰਿਹਾ ਸੀ, ਉਸ ਦਾ ਦਿਲ ਧੱਕ-ਧੱਕ ਕਰ ਰਿਹਾ ਸੀ ਤੇ ਉਹ ਥੋੜ੍ਹਾ ਘਬਰਾ ਵੀ ਰਹੀ ਸੀ।
‘‘ਬੇਟੇ, ਜੰਮ ਕੇ ਤਿਆਰੀ ਕਰੋ। ਉਸਤਾਦ ਜੀ ਕਹਿੰਦੇ ਹਨ ਕਿ ਜੇ ਤੁਸੀਂ ਕੋਈ ਬੰਦਿਸ਼ ਸਟੇਜ ’ਤੇ ਗਾਉਣੀ ਹੈ ਤਾਂ ਉਸ ਦਾ ਘੱਟੋ-ਘੱਟ ਪੰਜਾਹ ਵਾਰ ਰਿਆਜ਼ ਕਰੋ। ਫਿਰ ਜਦੋਂ ਤੁਸੀਂ ਸਟੇਜ ’ਤੇ ਗਾਓਗੇ ਤਾਂ ਤੁਸੀਂ ਘਬਰਾਓਗੇ ਨਹੀਂ ਤੇ ਤੁਹਾਡੇ ਬੋਲ ਨਹੀਂ ਕੰਬਣਗੇ। ਤੁਸੀਂ ਨਿਡਰ ਹੋ ਕੇ ਸਹਿਜੇ ਹੀ ਗਾ ਸਕੋਗੇ।’’ ਉਸ ਦੇ ਮੰਮੀ ਵੀਨਾ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ।
ਉਸ ਨੇ ਬਾਖ਼ੂਬੀ ਤਿਆਰੀ ਕੀਤੀ। ਅੰਤ ਸੰਗੀਤ ਸੰਮੇਲਨ ਦਾ ਦਿਨ ਵੀ ਆ ਗਿਆ। ਕਿਉਂਕਿ ਉਸ ਦੀ ਚੰਗੀ ਤਿਆਰੀ ਸੀ, ਉਸ ਨੇ ਬਹੁਤ ਹੀ ਮਧੁਰ ਤੇ ਭਾਵਪੂਰਨ ਤਰੀਕੇ ਨਾਲ ਗਾਇਆ। ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਉਸ ਨੇ ਸੁੱਖ ਦਾ ਸਾਹ ਲਿਆ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ। ਉਸ ਦੇ ਦੋਸਤਾਂ-ਮਿੱਤਰਾਂ ਤੇ ਹੋਰ ਬਹੁਤ ਸਰੋਤਿਆਂ ਨੇ ਉਸ ਨੂੰ ਵਧੀਆ ਗਾਉਣ ’ਤੇ ਵਧਾਈ ਦਿੱਤੀ। ਉਸ ਦਾ ਦਿਲ ਖ਼ੁਸ਼ੀ ਨਾਲ ਸਰਸ਼ਾਰ ਹੋ ਗਿਆ, ਮਿਹਨਤ ਕਰਨ ਤੋਂ ਬਾਅਦ ਚੰਗੀ ਪੇਸ਼ਕਾਰੀ ਦੇਣ ’ਤੇ ਉਸ ਨੂੰ ਕਾਫ਼ੀ ਤਸੱਲੀ ਹੋਈ।
ਤਾਰੀਫ਼ ਕਰਨ ਵਾਲਿਆਂ ਵਿੱਚ ਇੱਕ ਨਵਾਂ ਚਿਹਰਾ ਵੀ ਨਜ਼ਰ ਆਇਆ। ਉਸ ਨੇ ਆਪਣੀ ਜਾਣ-ਪਛਾਣ ਕਰਵਾਉਂਦਿਆਂ ਦੱਸਿਆ, ‘‘ਮੇਰਾ ਨਾਮ ਪਰਿਜਾਤ ਹੈ। ਮੈਂ ਇੱਥੇ ਨਵਾਂ-ਨਵਾਂ ਮਾਸਟਰਜ਼ ਦੀ ਪੜ੍ਹਾਈ ਕਰਨ ਆਇਆ ਹਾਂ। ਇਤਫ਼ਾਕ ਦੀ ਗੱਲ ਹੈ ਕਿ ਜਿਹੜਾ ਤੁਸੀਂ ਗੀਤ ਗਾ ਰਹੇ ਸੀ, ਮੈਂ ਪਿੱਛਿਓਂ ਉਸੇ ਹੀ ਸ਼ਹਿਰ ਤੋਂ ਹਾਂ।’’
ਇਹ ਸੁਣ ਕੇ ਉਹ ਇੱਕੋ ਸਮੇਂ ਹੈਰਾਨ ਤੇ ਖ਼ੁਸ਼ ਹੋਈ। ਪਰਿਜਾਤ ਨੂੰ ਦੇਖਦਿਆਂ ਹੀ ਉਸ ਦੇ ਮਨ ਵਿੱਚ ਅਜੀਬ ਜਿਹੀ ਖਿੱਚ ਉੱਠੀ! ਹਵਾ ਵਿੱਚੋਂ ਸੌਂਦੀ ਜਿਹੀ ਖ਼ੁਸ਼ਬੂ ਆਈ ਤੇ ਉਸ ਦੇ ਦਿਲ ਨੂੰ ਹਿਲੋਰਾ ਦੇ ਗਈ।
‘‘ਤੁਹਾਡਾ ਨਾਮ ਬਹੁਤ ਪਿਆਰਾ ਹੈ, ਫੁੱਲ ਦੇ ਵਾਂਗ ਹੀ।’’ ਪਰਿਜਾਤ ਨੇ ਨਿੰਮੀ ਜਿਹੀ ਆਵਾਜ਼ ਵਿੱਚ ਕਿਹਾ।
‘‘ਤੁਹਾਡਾ ਵੀ, ਮੈਂ ਇਹ ਨਾਮ ਪਹਿਲਾਂ ਕਦੇ ਨਹੀਂ ਸੁਣਿਆ।’’
‘‘ਹਾਂ ਸਵਰਗ ਦਾ ਇੱਕ ਮਿਥਿਹਾਸਿਕ ਰੁੱਖ। ਮਨੋਕਾਮਨਾ ਪੂਰੀਆਂ ਕਰ ਦੇਣ ਵਾਲਾ।’’
‘‘ਵਾਹ! ਕਾਫ਼ੀ ਦਿਲਚਸਪ ਹੈ…!’’
ਉਸ ਦੇ ਦਿਲ ਵਿੱਚ ਕੁਝ ਹੋਇਆ, ਸੂਖਮ ਪਰ ਸਪੱਸ਼ਟ, ਖਿੱਚ ਨਹੀਂ ਪਛਾਣ, ਜਾਪਿਆ ਗੀਤ ਨੇ ਉਨ੍ਹਾਂ ਦੇ ਬੋਲਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਮਿਲਾ ਦਿੱਤਾ ਹੋਵੇ। ਜਿਵੇਂ ਧੁਰ-ਦੁਰਗਾਹੋਂ ਉਨ੍ਹਾਂ ਦਾ ਮੇਲ ਲਿਖਿਆ ਹੋਇਆ ਸੀ, ਜੈਸਮੀਨ ਤੇ ਪਰਿਜਾਤ ਇੱਕ-ਦੂਜੇ ਵੱਲ ਖਿੱਚੇ ਗਏ।
ਹੁਣ ਉਹ ਅਕਸਰ ਹੀ ਮਿਲਣ ਲੱਗੇ।
ਜੈਸਮੀਨ ਦੀਆਂ ਸਹੇਲੀਆਂ ਹੁਣ ਉਸ ਨੂੰ ਹੋਰ ਵੀ ਤਾਅਨੇ ਮਾਰਨ ਲੱਗੀਆਂ।
‘‘ਪਹਿਲਾਂ ਤੂੰ ਪੜ੍ਹਾਈ ਵਿੱਚ ਰੁੱਝੀ ਰਹਿੰਦੀ ਸੀ ਤੇ ਸਾਡੇ ਨਾਲ ਨਹੀਂ ਸੀ ਘੁੰਮਦੀ ਤੇ ਹੁਣ ਹਰ ਵੇਲੇ ਪਰਿਜਾਤ ਨਾਲ ਰਹਿਣ ਕਰਕੇ ਸਾਡੇ ਤੋਂ ਦੂਰ ਰਹਿੰਦੀ ਏਂ।’’
‘‘ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ।’’ ਉਸ ਨੇ ਝੇਂਪਦਿਆਂ ਕਿਹਾ।
ਪਰ ਉਸ ਦਾ ਕੋਈ ਜ਼ੋਰ ਨਹੀਂ ਸੀ। ਜਵਾਨ ਦਿਲਾਂ ਦੀਆਂ ਧੜਕਣਾਂ ਇੱਕ-ਦੂਜੇ ਲਈ ਧੜਕ ਰਹੀਆਂ ਸਨ। ਉਸ ਨੇ ਪਰਿਜਾਤ ਨੂੰ ਬੋਸਟਨ ਸ਼ਹਿਰ ਘੁਮਾਇਆ, ਪਾਰਕ, ਕੁਇੰਸੀ ਮਾਰਕੀਟ, ਚਾਰਲਸ ਰਿਵਰ, ਡੱਕ-ਟੂਰਜ਼ ਤੇ ਹੋਰ ਬਹੁਤ ਕੁਝ। ਉਹ ਬੋਸਟਨ ਦੇ ਮਸ਼ਹੂਰ ਸਾਇੰਸ ਮਿਊਜ਼ੀਅਮ ਵਿੱਚ ਵੀ ਗਏ। ਪਲੈਨੇਟੋਰੀਅਮ ਵਿੱਚ ਸਿਤਾਰਿਆਂ ਵੱਲ ਦੇਖਦੇ ਹੋਏ ਉਹ ਆਪ ਵੀ ਇੱਕ ਛੱਤ ਥੱਲੇ ਇਕੱਠੇ ਰਹਿਣ ਦੇ ਸੁਪਨੇ ਦੇਖਣ ਲੱਗੇ। ਉਹ ਏਆਈ ਪੜ੍ਹ ਰਹੀ ਸੀ ਤੇ ਪਰਿਜਾਤ ਡੇਟਾ ਸਾਇੰਸ, ਪਰ ਉਹ ਨੈਤਿਕਤਾ ਬਾਰੇ ਗੱਲਬਾਤ ਕਰਦਾ ਕਿ ਕਿਵੇਂ ਏਆਈ ਵੀ ਮਨੁੱਖਾਂ ਵਾਂਗ ਵਿਤਕਰਾ ਕਰਦੀ ਹੈ। ਉਹ ਮੰਨਦੀ ਸੀ, ਪਰ ਤਰਕ ਵੀ ਕਰਦੀ ਸੀ ਕਿ ਏਆਈ ਨੂੰ ਟਰੇਨ ਕਰਨ ਵਾਲੇ ਵੀ ਮਨੁੱਖ ਤੇ ਡੇਟਾ ਵੀ ਉਨ੍ਹਾਂ ਦੀ ਹੀ ਸੀ। ਜਦੋਂ ਤੱਕ ਲੋਕ ਵਿਤਕਰਾ ਕਰਨਗੇ, ਸਿਸਟਮ ਵੀ ਵਿਤਕਰਾ ਕਰੇਗਾ ਹੀ! ਉਹ ਬੜੇ ਇਤਮੀਨਾਨ ਨਾਲ ਉਸ ਦਾ ਤਰਕ ਸੁਣਦਾ ਤੇ ਅਪਲਕ ਉਸ ਨੂੰ ਨਿਹਾਰਦਾ ਰਹਿੰਦਾ।
ਇਸ ਤਰ੍ਹਾਂ ਪਤਾ ਹੀ ਨਹੀਂ ਚੱਲਿਆ ਕਿ ਸਾਲ ਕਿਵੇਂ ਬੀਤ ਗਿਆ। ਇਸ ਦੌਰਾਨ ਉਸ ਨੇ ਪਰਿਜਾਤ ਨੂੰ ਆਪਣੇ ਮੰਮੀ-ਡੈਡੀ ਨਾਲ ਵੀ ਮਿਲਾਇਆ। ਹਾਲਾਂਕਿ ਉਸ ਨੂੰ ਸ਼ਰਮ ਆ ਰਹੀ ਸੀ, ਪਰ ਉਸ ਦੇ ਮਾਪਿਆਂ ਨੇ ਉਸ ਨੂੰ ਬਹੁਤ ਪਿਆਰ ਨਾਲ ਪਾਲਿਆ ਸੀ ਤੇ ਹਮੇਸ਼ਾਂ ਦੋਸਤਾਂ ਵਾਂਗ ਆਪਣੇ ਦਿਲ ਦੀ ਗੱਲ ਕਰਨ ਲਈ ਉਤਸ਼ਾਹਿਤ ਕੀਤਾ ਸੀ।
ਇਸ ਦੌਰਾਨ ਇਜ਼ਰਾਈਲ-ਫਲਸਤੀਨ ਦਾ ਯੁੱਧ ਛਿੜ ਗਿਆ। ਪੂਰੇ ਅਮਰੀਕਾ ਵਿੱਚ ਉਸ ਯੁੱਧ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ, ਜਿਸ ਭਿਆਨਕ ਯੁੱਧ ਨੇ ਲੱਖਾਂ ਮਾਸੂਮ ਜਿੰਦਾਂ ਮੌਤ ਦੀ ਭੱਠੀ ਵਿੱਚ ਸੁੱਟ ਦਿੱਤੀਆਂ ਸਨ। ਉਨ੍ਹਾਂ ਦੋਵਾਂ ਨੇ ਵੀ ਵਿਰੋਧ ਮਾਰਚ ਵਿੱਚ ਭਾਗ ਲਿਆ, ਉਹ ਖ਼ੂਨੀ ਯੁੱਧ ਨੂੰ ਇਕਦਮ ਬੰਦ ਤੇ ਅਮਰੀਕਾ ਨੂੰ ਇਜ਼ਰਾਈਲ ਦੀ ਮਦਦ ਨਾ ਕਰਨ ਦੀ ਮੰਗ ਕਰ ਰਹੇ ਸਨ। ਪਰਿਜਾਤ ਵੀ ਬਹੁਤ ਜੋਸ਼ ਨਾਲ ਮਾਰਚ ਦੇ ਅੱਗੇ-ਅੱਗੇ ਸੀ। ਜੈਸਮੀਨ ਨੇ ਉਸ ਦੇ ਅੰਦਰ ਇੱਕ ਅਨੋਖਾ ਜਜ਼ਬਾ ਦੇਖਿਆ-ਜ਼ੁਲਮ ਦੇ ਖ਼ਿਲਾਫ਼ ਡਟਣ ਦਾ ਤੇ ਪਿੱਛੇ ਨਾ ਹਟਣ ਦਾ। ਇਹ ਦੇਖ ਕੇ ਪਰਿਜਾਤ ਪ੍ਰਤੀ ਉਸ ਦਾ ਪ੍ਰੇਮ ਹੋਰ ਵੀ ਵਧ ਗਿਆ।
ਫਿਰ ਜਲਦੀ ਹੀ ਉਸ ਦੀ ਗ੍ਰੈਜੂਏਸ਼ਨ ਦਾ ਸਮਾਂ ਆ ਗਿਆ। ਉਸ ਨੇ ਆਨਰਜ਼ ਡਿਗਰੀ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ, ਪਰ ਹਰ ਜਗ੍ਹਾ ਏਆਈ ਦਾ ਬੋਲਬਾਲਾ ਹੋਣ ਕਰਕੇ ਉਸ ਨੂੰ ਕੋਈ ਨੌਕਰੀ ਨਹੀਂ ਸੀ ਮਿਲ ਸਕੀ। ਵਿਹਲੇ ਬੈਠਣ ਦੀ ਬਜਾਇ ਉਸ ਨੇ ਯੂਨੀਵਰਸਿਟੀ ਵਿੱਚ ਹੀ ਰਿਸਰਚ ਐਸੋਸੀਏਟ ਦੀ ਪਾਰਟ-ਟਾਈਮ ਤੇ ਕੱਚੀ ਨੌਕਰੀ ਸ਼ੁਰੂ ਕਰ ਦਿੱਤੀ। ਉਹ ਖ਼ੁਸ਼ ਸੀ ਕਿ ਉਹ ਪਰਿਜਾਤ ਦੇ ਕੋਲ ਰਹਿ ਸਕੇਗੀ। ਪਰਿਜਾਤ ਦੀ ਗ੍ਰੈਜੂਏਸ਼ਨ ਨੂੰ ਅਜੇ ਛੇ ਮਹੀਨੇ ਬਾਕੀ ਸਨ।
ਇਸ ਦੌਰਾਨ ਅਮਰੀਕਾ ਦੀ ਸਰਕਾਰ ਵੀ ਬਦਲ ਗਈ। ਨਵੀਂ ਸਰਕਾਰ ਨੇ ਇਮੀਗ੍ਰੇਸ਼ਨ ਦੇ ਕਾਨੂੰਨ ਬਹੁਤ ਸਖ਼ਤ ਕਰ ਦਿੱਤੇ ਤੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਕੈਂਸਲ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੇ ਇਜ਼ਰਾਈਲ-ਫਲਸਤੀਨ ਯੁੱਧ ਦੇ ਖਿਲਾਫ਼ ਮਾਰਚਾਂ ਵਿੱਚ ਹਿੱਸਾ ਲਿਆ ਸੀ। ਪਰਿਜਾਤ ਦਾ ਨਾਮ ਵੀ ਉਸ ਵਿੱਚ ਆ ਗਿਆ। ਜੈਸਮੀਨ ਇਹ ਸੁਣ ਕੇ ਬਹੁਤ ਉਦਾਸ ਤੇ ਚਿੰਤਤ ਹੋਈ, ਪਰ ਪਰਿਜਾਤ ਨੂੰ ਇੰਨੀ ਚਿੰਤਾ ਨਹੀਂ ਸੀ, ਕਿਉਂਕਿ ਉਸ ਲਈ ਉਸ ਦੇ ਆਦਰਸ਼ ਬਹੁਤ ਮਹੱਤਵਪੂਰਨ ਸਨ!
‘‘ਇਸ ਤੋਂ ਪਹਿਲਾਂ ਮੈਨੂੰ ਡਿਪੋਰਟ ਕਰਨ, ਮੈਂ ਖ਼ੁਦ ਹੀ ਭਾਰਤ ਵਾਪਸ ਚਲਾ ਜਾਵਾਂਗਾ, ਜਿਸ ਕਰਕੇ ਮੈਂ ਭਵਿੱਖ ਵਿੱਚ ਦੁਬਾਰਾ ਆ ਸਕਾਂਗਾ।’’
‘‘ਸਾਡੇ ਇਕੱਠੇ ਰਹਿਣ ਦੇ ਸੁਪਨੇ ਦਾ ਕੀ ਬਣੇਗਾ?’’ ਜੈਸਮੀਨ ਦੇ ਬੋਲਾਂ ਵਿੱਚ ਚਿੰਤਾ ਝਲਕ ਰਹੀ ਸੀ।
‘‘ਜੇ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਤਾਂ ਅਸੀਂ ਜ਼ਰੂਰ ਮਿਲਾਂਗੇ। ਨਹੀਂ ਤਾਂ ਤੂੰ ਭਾਰਤ ਆ ਜਾਵੀਂ।’’ ਉਸ ਨੇ ਮੁਸਕਰਾਉਂਦਿਆਂ ਕਿਹਾ। ਉਹ ਜਾਣਦਾ ਸੀ ਕਿ ਜੈਸਮੀਨ ਦਾ ਭਾਰਤ ਰਹਿਣਾ ਔਖਾ ਹੈ।
‘‘ਜੇ ਅਸੀਂ ਵਿਆਹ ਕਰਵਾ ਲਈਏ ਤਾਂ ਤੂੰ ਪੱਕਾ ਹੋ ਸਕਦਾ ਏਂ।’’ ਜੈਸਮੀਨ ਉਸ ਨੂੰ ਆਪਣੇ ਕੋਲ ਰੱਖਣ ਲਈ ਕੁਝ ਵੀ ਕਰਨ ਨੂੰ ਤਿਆਰ ਸੀ।
‘‘ਮੇਰੀ ਖੁਸ਼ਕਿਸਮਤੀ ਕਿ ਮੈਨੂੰ ਤੂੰ ਮਿਲੀ, ਪਰ ਅਜੇ ਤਾਂ ਮੈਨੂੰ ਜਾਣਾ ਹੀ ਪੈਣਾ ਹੈ।’’
‘‘ਕੀ ਤੂੰ ਕੈਨੇਡਾ ਨਹੀਂ ਜਾ ਸਕਦਾ।’’
‘‘ਹਾਂ, ਮੈਂ ਕੋਸ਼ਿਸ਼ ਕਰ ਸਕਦਾ ਹਾਂ। ਪਰ ਕੈਨੇਡਾ ਦਾ ਵੀਜ਼ਾ ਵੀ ਭਾਰਤ ਤੋਂ ਹੀ ਮਿਲੇਗਾ। ਇਸ ਵਕਤ ਮੈਨੂੰ ਸੈਲਫ-ਡਿਪੋਰਟ ਕਰਨਾ ਹੀ ਠੀਕ ਲੱਗ ਰਿਹਾ ਹੈ।’’
‘‘ਹਾਂ, ਹੋਰ ਕੋਈ ਚਾਰਾ ਵੀ ਨਹੀਂ ਨਜ਼ਰ ਆ ਰਿਹਾ।’’ ਜੈਸਮੀਨ ਹਕੀਕਤ ਨੂੰ ਸਵੀਕਾਰ ਕਰਦਿਆਂ ਬੋਲੀ, ਪਰ ਉਸ ਦੀ ਆਵਾਜ਼ ਕੰਬ ਰਹੀ ਸੀ ਤੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਨਮ ਹੋ ਰਹੀਆਂ ਸਨ।
ਇਸ ਤਰ੍ਹਾਂ ਪਰਿਜਾਤ ਨੇ ਇੱਕ ਵਕੀਲ ਨਾਲ ਸਲਾਹ ਕਰ ਕੇ ਆਪਣੇ ਆਪ ਨੂੰ ਡਿਪੋਰਟ ਕਰ ਲਿਆ ਅਤੇ ਉਸ ਦੇ ਪਾਸਪੋਰਟ ’ਤੇ ਡਿਪੋਰਟ ਹੋਣ ਦੀ ਮੋਹਰ ਨਹੀਂ ਲੱਗੀ। ਉਸ ਦੇ ਨਿਕਲਣ ਤੋਂ ਇਕਦਮ ਬਾਅਦ ਵਿੱਚ ਅਮਰੀਕੀ ਇਮੀਗ੍ਰੇਸ਼ਨ ਏਜੰਟ ਸਰਚ ਵਾਰੰਟ ਲੈ ਕੇ ਯੂਨੀਵਰਸਿਟੀ ਦੇ ਹੋਸਟਲ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੇ, ਪਰ ਉਹ ਪਹਿਲਾਂ ਹੀ ਜਾ ਚੁੱਕਾ ਸੀ। ਭਾਰਤ ਪਹੁੰਚ ਕੇ ਉਸ ਨੇ ਤੇ ਉਸ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਉੱਧਰ ਅਮਰੀਕਾ ਵਿੱਚ ਜੈਸਮੀਨ ਦਾ ਬੁਰਾ ਹਾਲ ਸੀ। ਉਸ ਨੂੰ ਲੱਗਿਆ ਕਿ ਜ਼ਿੰਦਗੀ ਪਿਆਜ਼ ਦੇ ਵਾਂਗ ਹੈ, ਜਿਵੇਂ ਕਿ ਮਸ਼ਹੂਰ ਅਮਰੀਕੀ ਲੇਖਕ ਕਾਰਲ ਸੈਂਡਬਰਗ ਲਿਖਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਇੱਕ-ਇੱਕ ਕਰਕੇ ਪਿਆਜ਼ ਨੂੰ ਛਿੱਲਦੇ ਹੋ ਅਤੇ ਕਦੇ ਕਦੇ ਤੁਸੀਂ ਰੋਂਦੇ ਵੀ ਹੋ। ਰਹਿ ਰਹਿ ਕੇ ਉਸ ਨੂੰ ਪਰਿਜਾਤ ਦੀ ਯਾਦ ਆ ਰਹੀ ਸੀ ਤੇ ਬਹੁਤ ਸਤਾ ਰਹੀ ਸੀ। ਜੇ ਹਿਜ਼ਰ ਦੀ ਤਕਲੀਫ਼ ਉਸ ਨੂੰ ਤੰਗ ਕਰਦੀ ਤਾਂ ਪਰਿਜਾਤ ਦੀ ਯਾਦ ਉਸ ਨੂੰ ਰਾਹਤ ਦਿੰਦੀ।
ਲਾਈਆਂ ਮੁਹੱਬਤਾਂ ਦੂਰ ਦਰਾਜੇ
ਅੱਖੀਆਂ ਤੋਂ ਹੋਇਆ ਕਸੂਰ।
ਗੀਤ ਦੇ ਬੋਲ ਉਸ ਦੇ ਮਨ-ਮਸਤਕ ਵਿੱਚ ਗੂੰਜ ਰਹੇ ਸਨ। ਉਹ ਚੁੱਪ-ਚੁੱਪ ਜਿਹੀ ਰਹਿਣ ਲੱਗੀ। ਉਸ ਦਾ ਮਨ ਕੰਮ ਵਿੱਚ ਵੀ ਨਹੀਂ ਸੀ ਲੱਗ ਰਿਹਾ, ਪਰ ਉਹ ਲੰਮਾ ਸਮਾਂ ਕੰਮ ਕਰਦੀ ਸੀ। ਵੈਸੇ ਵੀ ਕੰਮ ਟੈਂਪਰੇਰੀ ਸੀ। ਉਸ ਦੀ ਮੰਮੀ ਨੂੰ ਚਿੰਤਾ ਹੋਣ ਲੱਗੀ, ਪਰ ਉਸ ਨੇ ਜੈਸਮੀਨ ਨੂੰ ਕੁਝ ਨਹੀਂ ਕਿਹਾ। ਇਹ ਚੰਗਾ ਸੀ ਕਿ ਉਹ ਆਪਣੇ ਘਰ ਆਪਣੇ ਮਾਪਿਆਂ ਕੋਲ ਸੀ, ਜੋ ਅਜਿਹੀ ਹਾਲਤ ਵਿੱਚ ਉਸ ਦਾ ਸਹਾਰਾ ਸਨ।
‘‘ਬੇਟੇ, ਦਿਲ ਨਾ ਹਾਰ। ਵਾਹਿਗੁਰੂ ਸਭ ਕੁਝ ਠੀਕ ਕਰ ਦੇਵੇਗਾ। ਜੇ ਉਸ ਨੇ ਚਾਹਿਆ ਤਾਂ ਤੇਰਾ ਤੇ ਪਰਿਜਾਤ ਦਾ ਮਿਲਣ ਜ਼ਰੂਰ ਹੋਵੇਗਾ।’’ ਉਸ ਦੇ ਮੰਮੀ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ।
‘‘ਵਾਹਿਗੁਰੂ ਵੀ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ।’’ ਇਕਦਮ ਜੈਸਮੀਨ ਜੋਸ਼ ਵਿੱਚ ਆਉਂਦਿਆਂ ਬੋਲੀ। ਉਸ ਨੂੰ ਗੀਤ ਦੇ ਬੋਲ ਯਾਦ ਆ ਰਹੇ ਸਨ...
ਸ਼ਿਮਲੇ ਨ੍ਹੀਂ ਵੱਸਣਾ, ਕਸੌਲੀ ਨ੍ਹੀਂ ਵੱਸਣਾ
ਚੰਬੇ ਤਾਂ ਜਾਣਾ ਜ਼ਰੂਰ।
ਮੈਂ ਤਾਂ ਮਾਹੀ ਦੇ ਵਤਨਾਂ ਨੂੰ ਜਾਸਾਂ
ਉਹ ਮੇਰੀ ਅੱਖੀਆਂ ਦਾ ਨੂਰ।
‘‘ਮੰਮੀ, ਚੰਬਾ ਕਿਤਨੀ ਕੁ ਦੂਰ? ਹੁਣ ਤੁਹਾਨੂੰ ਦੱਸਣਾ ਪਏਗਾ। ਕੀ ਤੁਸੀਂ ਮੇਰੇ ਨਾਲ ਚੰਬੇ ਚੱਲੋਗੇ?’’
‘‘ਜ਼ਰੂਰ, ਅਸੀਂ ਸਭ ਚੱਲਾਂਗੇ। ਤੇਰੇ ਡੈਡੀ ਵੀ ਨਾਲ ਜਾਣਗੇ। ਇਸੇ ਭਾਣੇ ਅਸੀਂ ਤੇਰੇ ਨਾਨਾ-ਨਾਨੀ ਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਮਿਲ ਆਵਾਂਗੇ। ਵੈਸੇ ਵੀ ਸਾਨੂੰ ਭਾਰਤ ਗਏ ਕਾਫ਼ੀ ਸਾਲ ਹੋ ਗਏ ਨੇ।’’
ਉਸ ਦੇ ਡੈਡੀ ਸਤਵਿੰਦਰ ਸਿੰਘ ਨੇ ਟਿਕਟਾਂ ਬੁੱਕ ਕਰਵਾ ਦਿੱਤੀਆਂ ਤੇ ਉਹ ਭਾਰਤ ਜਾਣ ਵਾਲੇ ਜਹਾਜ਼ ਵਿੱਚ ਸਵਾਰ ਹੋ ਗਏ ਤੇ ਦਿੱਲੀ ਹਵਾਈ ਅੱਡੇ ’ਤੇ ਜਾ ਉਤਰੇ। ਉੱਥੋਂ ਉਨ੍ਹਾਂ ਨੇ ਚੰਡੀਗੜ੍ਹ ਦੀ ਉਡਾਣ ਫੜੀ। ਚੰਡੀਗੜ੍ਹ ਉਸ ਦੇ ਨਾਨਕੇ ਸਨ। ਉਸ ਦੇ ਨਾਨਾ-ਨਾਨੀ ਉਨ੍ਹਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੋਏ ਤੇ ਉਨ੍ਹਾਂ ਨੂੰ ਬਹੁਤ ਪਿਆਰ ਕੀਤਾ। ਉਨ੍ਹਾਂ ਦੇ ਪਿਆਰ ਵਿੱਚ ਭਿੱਜ ਕੇ ਜੈਸਮੀਨ ਨੂੰ ਥੋੜ੍ਹੇ ਸਮੇਂ ਲਈ ਸਭ ਕੁਝ ਭੁੱਲ ਗਿਆ।
ਦੂਜੇ ਦਿਨ ਉਸ ਨੇ ਪਰਿਜਾਤ ਨੂੰ ਫੋਨ ਕੀਤਾ ਤੇ ਸਰਪ੍ਰਾਈਜ਼ ਦਿੱਤਾ। ਪਰਿਜਾਤ ਨੂੰ ਉਸ ਦੇ ਭਾਰਤ ਆਉਣ ਬਾਰੇ ਨਹੀਂ ਸੀ ਪਤਾ। ਜੈਸਮੀਨ ਨੇ ਉਸ ਨੂੰ ਦੱਸਿਆ ਕਿ ਉਸ ਦੇ ਮੰਮੀ-ਡੈਡੀ ਰਿਸ਼ਤੇ ਦੀ ਗੱਲ ਕਰਨ ਆਉਣਾ ਚਾਹੁੰਦੇ ਹਨ। ਇਹ ਸੁਣ ਕੇ ਪਰਿਜਾਤ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ ਸੀ।
ਦੂਜੇ ਦਿਨ ਹੀ ਉਸ ਦੇ ਨਾਨਾ ਜੀ, ਵੀਨਾ ਤੇ ਸਤਵਿੰਦਰ ਚੰਬੇ ਨੂੰ ਚੱਲ ਪਏ। ਪਰਿਜਾਤ ਤੇ ਉਸ ਦੇ ਮਾਤਾ ਸਰਿਤਾ ਤੇ ਪਿਤਾ ਦਿੱਗਵਿਜੇ ਸਿੰਘ ਨੇ ਉਨ੍ਹਾਂ ਦਾ ਬੜੇ ਪ੍ਰੇਮ ਨਾਲ ਸਵਾਗਤ ਕੀਤਾ। ਪਰਿਜਾਤ ਨੇ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਸਭ ਕੁਝ ਦੱਸ ਦਿੱਤਾ ਸੀ।
ਉਸ ਦੇ ਨਾਨਾ ਜੀ ਨੇ ਗੱਲ ਤੋਰੀ, ‘‘ਦੇਖੋ ਜੀ, ਮੁੰਡਾ ਤੇ ਕੁੜੀ ਇੱਕ ਦੂਜੇ ਨੂੰ ਪਸੰਦ ਕਰਦੇ ਹਨ। ਕਿਉਂ ਨਾ ਅਸੀਂ ਇਨ੍ਹਾਂ ਦੇ ਪਿਆਰ ਨੂੰ ਵਿਆਹ ਦੇ ਬੰਧਨਾਂ ਵਿੱਚ ਬੰਨ੍ਹ ਕੇ ਹੋਰ ਪੱਕਾ ਕਰ ਦੇਈਏ।’’
‘‘ਹਾਂ ਜੀ, ਸਾਨੂੰ ਖ਼ੁਸ਼ੀ-ਖ਼ੁਸ਼ੀ ਮਨਜ਼ੂਰ ਹੈ। ਅੱਜ-ਕੱਲ੍ਹ ਇਹੋ ਜਿਹੇ ਰਿਸ਼ਤੇ ਨਹੀਂ ਲੱਭਦੇ।’’ ਦਿੱਗਵਿਜੇ ਨੇ ਬੜੇ ਸਹਿਜ ਨਾਲ ਕਿਹਾ, ‘‘ਬਸ ਅਸੀਂ ਪੰਡਿਤ ਜੀ ਕੋਲੋਂ ਇਨ੍ਹਾਂ ਦੀ ਕੁੰਡਲੀ ਚੈੱਕ ਕਰਵਾ ਲੈਂਦੇ ਹਾਂ ਤੇ ਨਾਲੇ ਮਹੂਰਤ ਵੀ ਕਢਵਾ ਲਵਾਂਗੇ।’’
‘‘ਬੱਚੀ ਦੀ ਜਨਮ ਪੱਤਰੀ ਤਾਂ ਅਸੀਂ ਬਣਾਈ ਹੀ ਨਹੀਂ ਤੇ ਅਸੀਂ ਉਸ ਵਿੱਚ ਯਕੀਨ ਨਹੀਂ ਰੱਖਦੇ। ਇਨ੍ਹਾਂ ਦਾ ਮੇਲ ਤਾਂ ਧੁਰ-ਦਰਗਾਹੋਂ ਲਿਖਿਆ ਹੋਇਆ ਲੱਗਦਾ ਹੈ।’’ ਸਤਵਿੰਦਰ ਨੇ ਸਪੱਸ਼ਟ ਗੱਲ ਕਰਦਿਆਂ ਕਿਹਾ। ਉਹ ਤਰਕਸ਼ੀਲ ਵਿਚਾਰਾਂ ਦਾ ਧਾਰਨੀ ਸੀ।
‘‘ਕੋਈ ਗੱਲ ਨਹੀਂ, ਪੰਡਿਤ ਜੀ ਆਪ ਹੀ ਬਣਾ ਲੈਣਗੇ। ਬਸ ਦੇਖਣਾ ਹੀ ਹੈ ਕਿ ਕੁੜੀ ਮੰਗਲੀਕ ਤਾਂ ਨਹੀਂ।’’
‘‘ਨਹੀਂ ਜੀ, ਜਨਮ ਪੱਤਰੀ ਨਹੀਂ ਬਣਾਉਣੀ।’’ ਸਤਵਿੰਦਰ ਕੁਰਸੀ ਤੋਂ ਉੱਠਦਿਆਂ ਬੋਲਿਆ। ਉਹ ਗੁੱਸੇ ਵਿੱਚ ਨਹੀਂ ਸੀ, ਪਰ ਆਪਣੀ ਗੱਲ ’ਤੇ ਪੱਕਾ ਦਿਖ ਰਿਹਾ ਸੀ।
‘‘ਠੀਕ ਹੈ, ਅਸੀਂ ਸੋਚਦੇ ਹਾਂ ਤੇ ਪੰਡਿਤ ਜੀ ਨਾਲ ਗੱਲਬਾਤ ਕਰਕੇ ਹੀ ਦੱਸਾਂਗੇ।’’ ਦਿੱਗਵਿਜੇ ਵੀ ਆਪਣੀ ਕੁਰਸੀ ਤੋਂ ਉੱਠਦਿਆਂ ਬੋਲਿਆ।
ਨਾਨਾ ਜੀ, ਵੀਨਾ, ਸਰਿਤਾ ਤੇ ਪਰਿਜਾਤ ਖ਼ਾਮੋਸ਼ ਉਨ੍ਹਾਂ ਨੂੰ ਦੇਖਦੇ ਰਹਿ ਗਏ, ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਹੋ ਗਿਆ ਹੈ?
ਮੁੰਡੇ ਤੇ ਕੁੜੀ ਦੋਵਾਂ ਦੇ ਪਿਤਾ ਆਪਣੀ-ਆਪਣੀ ਗੱਲ ’ਤੇ ਅੜ ਗਏ। ਉਹ ਮਾਯੂਸ ਹੋ ਕੇ ਚੰਡੀਗੜ੍ਹ ਵਾਪਸ ਪਰਤ ਆਏ। ਜੈਸਮੀਨ ਇਹ ਸੁਣ ਕੇ ਬਹੁਤ ਦੁਖੀ ਤੇ ਹੈਰਾਨ ਹੋਈ। ਇੱਕੀਵੀਂ ਸਦੀ ਵਿੱਚ ਵੀ ਅਜਿਹਾ ਹੁੰਦਾ ਹੈ ਕਿ ਮੁੰਡੇ-ਕੁੜੀਆਂ ਦੀਆਂ ਜਨਮ-ਪੱਤਰੀਆਂ ਮਿਲਾਈਆਂ ਜਾਂਦੀਆਂ ਹਨ! ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਕਿਸ ਤਰ੍ਹਾਂ ਦਾ ਚੱਕਰ ਪੈ ਗਿਆ? ਦੁਨੀਆ ਦੋ ਪਿਆਰ ਕਰਨ ਵਾਲਿਆਂ ਨੂੰ ਛੇਤੀਂ ਕਿਤੇ ਕਿਉਂ ਨਹੀਂ ਮਿਲਣ ਦਿੰਦੀ।
ਉੱਧਰ ਪਰਿਜਾਤ ਵੀ ਬਹੁਤ ਪਰੇਸ਼ਾਨ ਸੀ। ਉਸ ਨੇ ਆਪਣੇ ਪਿਤਾ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਟੱਸ-ਤੋਂ-ਮੱਸ ਨਹੀਂ ਹੋਏ।
‘‘ਪਿਤਾ ਜੀ, ਇਹ ਤੁਸੀਂ ਕਿਸ ਗੱਲ ’ਤੇ ਅਟਕ ਗਏ ਜਿਸ ਦਾ ਕੋਈ ਵਿਗਿਆਨਕ ਸਬੂਤ ਨਹੀਂ। ਅਨੁਕੂਲਤਾ ਇੱਕ-ਦੂਜੇ ਨੂੰ ਜਾਣਨ ਤੇ ਸਮਝਣ ਨਾਲ ਬਣਦੀ ਹੈ ਨਾ ਕਿ ਜਨਮ-ਕੁੰਡਲੀਆਂ ਦੀ ਗਣਨਾ ਨਾਲ।’’
‘‘ਬੇਟੇ, ਇਹ ਸਾਡੀ ਪਰੰਪਰਾ ਹੈ ਤੇ ਤੇਰੇ ਭਲੇ ਲਈ ਹੀ ਹੈ। ਜਨਮ ਕੁੰਡਲੀ ਸਾਡੇ ਜਨਮ ਦੇ ਸਮੇਂ ਤਾਰਿਆਂ, ਨਛੱਤਰਾਂ ਅਤੇ ਗ੍ਰਹਿਆਂ ਦੀ ਇਕਸਾਰਤਾ ਦਾ ਚਾਰਟ ਹੁੰਦਾ ਹੈ ਤੇ ਉਨ੍ਹਾਂ ਦਾ ਮੇਲ ਕਰਾ ਕੇ ਰਿਸ਼ਤੇ ਦੀ ਸ਼ੁਭਤਾ ਦੇਖੀ ਜਾਂਦੀ ਹੈ।’’
‘‘ਮੇਰਾ ਭਲਾ? ਮੈਂ ਡੇਟਾ ਸਾਇੰਸ ਦੀ ਪੜ੍ਹਾਈ ਕੀਤੀ ਹੈ, ਮੈਂ ਤੱਥਾਂ ਅਤੇ ਸਬੂਤਾਂ ਵਿੱਚ ਯਕੀਨ ਰੱਖਦਾ ਹਾਂ। ਸਿਤਾਰੇ ਕਿਵੇਂ ਸਾਡਾ ਭਵਿੱਖ ਦੱਸ ਸਕਦੇ ਹਨ ਤੇ ਸਾਡੀ ਕਿਸਮਤ ਦਾ ਫ਼ੈਸਲਾ ਕਰ ਸਕਦੇ ਹਨ? ਮੇਰੀ ਕਿਸਮਤ ਤਾਂ ਜੈਸਮੀਨ ਹੈ। ਮੈਂ ਆਪਣਾ ਭਵਿੱਖ ਖ਼ੁਦ ਆਪ ਲਿਖਾਂਗਾ ਤੇ ਜੈਸਮੀਨ ਨਾਲ ਹੀ ਵਿਆਹ ਕਰਵਾਵਾਂਗਾ।’’
‘‘ਹਾਂ, ਮੁੰਡਾ ਕੁੜੀ ਇੱਕ-ਦੂਜੇ ਨੂੰ ਪਿਆਰ ਕਰਦੇ ਹਨ, ਉਸ ਦੇ ਮਾਪੇ ਵੀ ਚੰਗੇ ਖਾਨਦਾਨ ਤੋਂ ਹਨ। ਫਿਰ ਤੁਸੀਂ ਇਹ ਕੁੰਡਲੀ ਵਾਲਾ ਅੜਿੱਕਾ ਕਿਉਂ ਪਾਇਆ?’’ ਸਰਿਤਾ ਨੇ ਵੀ ਪਰਿਜਾਤ ਨਾਲ ਸੁਰ ਮਿਲਾਇਆ।
‘‘ਸਰਿਤਾ, ਤੂੰ ਨਹੀਂ ਸਮਝੇਂਗੀ। ਮੈਂ ਆਪਣੇ ਪੁੱਤਰ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਹੀਂ ਪਾ ਸਕਦਾ। ਤੁਸੀਂ ਜਾਣਦੇ ਹੋ, ਮੇਰੇ ਭਰਾ ਜੀ ਨਾਲ ਕੀ ਹੋਇਆ ਸੀ? ਕੁੰਡਲੀ ਨਹੀਂ ਮਿਲੀ ਸੀ ਤੇ ਥੋੜ੍ਹੇ ਚਿਰ ਬਾਅਦ ਉਸ ਦੀ ਪਤਨੀ... ਗ਼ੁਜ਼ਰ ਗਈ ਸੀ। ਜੇ ਕੁੜੀ ਮੰਗਲੀਕ ਹੋਈ ਤਾਂ... ਪਰਿਜਾਤ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ! ਮੈਂ ਸਤਵਿੰਦਰ ਦੀ ਤਰਕਸ਼ੀਲਤਾ ਸੁਣ ਕੇ ਚੁੱਪ ਹੋ ਗਿਆ, ਪਰ ਮੈਂ ਆਪਣੀ ਜ਼ਿੰਮੇਵਾਰੀ ਨਹੀਂ ਭੁੱਲ ਸਕਦਾ।’’
ਪਰਿਜਾਤ ਨੂੰ ਹੁਣ ਗੁੱਸਾ ਆ ਰਿਹਾ ਸੀ, ‘‘ਪਿਤਾ ਜੀ, ਜੋ ਤਾਇਆ ਜੀ ਨਾਲ ਵਾਪਰਿਆ, ਉਸ ਕਰਕੇ ਤੁਸੀਂ ਮੇਰੀ ਜ਼ਿੰਦਗੀ ਕਿਉਂ ਬਰਬਾਦ ਕਰ ਰਹੇ ਹੋ? ਕੀ ਪਤਾ ਤਾਈ ਜੀ ਨੂੰ ਕੋਈ ਘਾਤਕ ਬਿਮਾਰੀ ਹੋਵੇ ਜਿਸ ਦਾ ਇਲਾਜ ਨਾ ਹੋ ਸਕਿਆ ਹੋਵੇ। ਪਹਿਲਾਂ ਤਾਂ ਲੋਕ ਡਾਕਟਰਾਂ ਤੋਂ ਇਲਾਜ ਵੀ ਨਹੀਂ ਸੀ ਕਰਾਉਂਦੇ। ਹੁਣ ਇੱਕੀਵੀਂ ਸਦੀ ਹੈ - ਵਿਗਿਆਨ ਦਾ ਯੁੱਗ! ਜੇ ਜੈਸਮੀਨ ਦਾ ਵਿਆਹ ਮੇਰੇ ਨਾਲ ਨਹੀਂ ਹੋਇਆ, ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ, ਮੰਗਲ ਗ੍ਰਹਿ ਭਾਵੇਂ ਜਿੱਥੇ ਮਰਜ਼ੀ ਘੁੰਮ ਰਿਹਾ ਹੋਵੇ!’’
‘‘ਪੁੱਤਰ, ਮੈਨੂੰ ਗੁੱਸਾ ਨਾ ਦਿਲਾ। ਇਹ ਸਭ ਤੇਰੇ ਚੰਗੇ ਕੱਲ੍ਹ ਲਈ ਹੀ ਹੈ।’’
‘‘ਕੱਲ੍ਹ ਕਿਸ ਨੇ ਦੇਖਿਆ ਹੈ, ਪਿਤਾ ਜੀ। ਤੁਸੀਂ ਮੇਰੇ ’ਤੇ ਪੱਥਰਾਂ ਵਿੱਚੋਂ, ਪੱਥਰਾਂ ਨੂੰ ਚੁਣ ਰਹੇ ਹੋ, ਪਰ ਮੈਨੂੰ ਪੱਥਰ ਨਹੀਂ ਇੱਕ ਇਨਸਾਨ ਚਾਹੀਦਾ ਹੈ। ਮੈਂ ਆਪੇ ਹੀ ਜੈਸਮੀਨ ਨਾਲ ਵਿਆਹ ਕਰਵਾ ਲਵਾਂਗਾ।’’ ਇੰਨਾ ਕਹਿ ਕੇ ਪਰਿਜਾਤ ਨੇ ਆਪਣਾ ਸਾਮਾਨ ਪੈਕ ਕਰ ਲਿਆ ਤੇ ਜੈਸਮੀਨ ਨੂੰ ਮਿਲਣ ਚੰਡੀਗੜ੍ਹ ਨੂੰ ਚੱਲ ਪਿਆ। ਸਰਿਤਾ ਨੇ ਰੋਣ ਹਾਕੀ ਹੋ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨਿਆ। ਦਿੱਗਵਿਜੇ ਚੁੱਪਚਾਪ ਇੱਕ ਪਾਸੇ ਖੜ੍ਹਾ ਰਿਹਾ।
ਚੰਡੀਗੜ੍ਹ ਪਹੁੰਚ ਕੇ ਉਹ ਫਟਾ-ਫਟ ਜੈਸਮੀਨ ਨੂੰ ਮਿਲਣ ਪਹੁੰਚਿਆ। ਅੱਗੋਂ ਉਹ ਭਾਵੁਕ ਹੋ ਕੇ ਬੋਲੀ, ‘‘ਅੱਜ ਇੱਕੀਵੀਂ ਸਦੀ ਦੇ ਵਿਗਿਆਨਕ ਯੁੱਗ ਵਿੱਚ ਜੋਤਿਸ਼ ਵਿਗਿਆਨ ਦੀ ਕੋਈ ਥਾਂ ਨਹੀਂ, ਜੋ ਕਿ ਇੱਕ ਮਿਥਿਆ ਵਿਗਿਆਨ ਹੈ ਅਸਲੀ ਨਹੀਂ। ਤਾਰਿਆਂ ਅਤੇ ਗ੍ਰਹਿ ਦੀਆਂ ਸਥਿਤੀਆਂ ਲੋਕਾਂ ਦੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀਆਂ ਹਨ?’’
‘‘ਬਿਲਕੁਲ ਮੈਂ ਵੀ ਨਹੀਂ ਮੰਨਦਾ, ਪਰ ਲੋਕਾਂ ਦੀ ਮਾਨਸਿਕਤਾ ਬਦਲਣੀ ਬੜੀ ਔਖੀ ਹੈ, ਕਿਉਂਕਿ ਜੋਤਿਸ਼ ਮਨੋਵਿਗਿਆਨਕ ਅਤੇ ਸਮਾਜਿਕ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਬਹੁਤ ਸਾਰੇ ਲੋਕਾਂ ਲਈ ਇਹ ਜੀਵਨ ’ਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਇੱਕ ਝੂਠਾ ਸਾਧਨ ਹੈ। ਉਸ ਵਿੱਚ ਮੇਰੇ ਪਿਤਾ ਜੀ ਵੀ ਸ਼ਾਮਲ ਹਨ।’’
‘‘ਮੇਰੇ ਡੈਡੀ ਇਸ ਦੇ ਉਲਟ ਹਨ। ਮੈਨੂੰ ਸਮਝ ਨਹੀਂ ਆ ਰਹੀ ਕਿ ਹੁਣ ਅਸੀਂ ਕੀ ਕਰ ਸਕਦੇ ਹਾਂ?’’
‘‘ਮੈਂ ਪਿਤਾ ਜੀ ਨੂੰ ਕਹਿ ਦਿੱਤਾ ਹੈ ਕਿ ਵਿਆਹ ਤਾਂ ਸਿਰਫ਼ ਤੇਰੇ ਨਾਲ ਹੀ ਕਰਵਾਉਣਾ ਹੈ ਨਹੀਂ ਤਾਂ ਨਹੀਂ ਕਰਵਾਉਣਾ। ਤੇ ਮੈਂ ਘਰ ਛੱਡ ਕੇ ਆ ਗਿਆ ਹਾਂ। ਇਸ ਤੋਂ ਪਹਿਲਾਂ ਉਹ ਮੇਰੇ ਲਈ ਕੋਈ ਹੋਰ ਰਿਸ਼ਤਾ ਦੇਖਣ, ਮੈਂ ਉੱਥੋਂ ਨਿਕਲਣਾ ਹੀ ਠੀਕ ਸਮਝਿਆ। ਮੈਂ ਹੁਣ ਵਾਪਸ ਚੰਬੇ ਨਹੀਂ ਜਾਣਾ।’’
‘‘ਇਹ ਠੀਕ ਨਹੀਂ। ਸਾਨੂੰ ਦੋਵਾਂ ਦੇ ਮੰਮੀ-ਡੈਡੀ ਦੇ ਅਸ਼ੀਰਵਾਦ ਦੀ ਜ਼ਰੂਰਤ ਹੈ। ਤੂੰ ਵਾਪਸ ਚਲਾ ਜਾ। ਕੋਈ ਨਾ ਕੋਈ ਵਸੀਲਾ ਨਿਕਲ ਹੀ ਆਵੇਗਾ।’’ ਜੈਸਮੀਨ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ। ਉਸ ਨੂੰ ਪਰਿਜਾਤ ’ਤੇ ਯਕੀਨ ਸੀ ਕਿ ਉਹ ਕਿਤੇ ਹੋਰ ਵਿਆਹ ਨਹੀਂ ਕਰਾਏਗਾ।
ਸਤਵਿੰਦਰ ਤੇ ਵੀਨਾ ਨੇ ਵੀ ਪਰਿਜਾਤ ਨੂੰ ਸਮਝਾਇਆ ਕਿ ਉਹ ਘਰ ਵਾਪਸ ਚਲਾ ਜਾਵੇ। ਉਨ੍ਹਾਂ ਦੇ ਬਹੁਤਾ ਜ਼ੋਰ ਦੇਣ ’ਤੇ ਪਰਿਜਾਤ ਵਾਪਸ ਆਪਣੇ ਘਰ ਚਲਾ ਗਿਆ।
ਸਰਿਤਾ ਨੇ ਭੱਜ ਕੇ ਆਪਣੇ ਪੁੱਤਰ ਨੂੰ ਕਲਾਵੇ ਵਿੱਚ ਲੈ ਲਿਆ ਤੇ ਬਹੁਤ ਪਿਆਰ ਕੀਤਾ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਦਿੱਗਵਿਜੇ ਨੇ ਵੀ ਆਪਣੇ ਪੁੱਤਰ ਨੂੰ ਗਲੇ ਨਾਲ ਲਗਾ ਲਿਆ।
‘‘ਪਿਤਾ ਜੀ, ਜੈਸਮੀਨ ਤੇ ਉਸ ਦੇ ਮਾਤਾ-ਪਿਤਾ ਨੇ ਮੈਨੂੰ ਵਾਪਸ ਭੇਜਿਆ ਹੈ ਤੇ ਇਹ ਕਿਹਾ ਕਿ ਸਾਨੂੰ ਆਪਣੇ ਮਾਤਾ-ਪਿਤਾ ਦਾ ਅਸ਼ੀਰਵਾਦ ਲੈ ਕੇ ਹੀ ਵਿਆਹ ਕਰਵਾਉਣਾ ਚਾਹੀਦਾ ਹੈ। ਦੇਖੋ, ਔਖੇ ਵੇਲੇ ਕੁੰਡਲੀਆਂ, ਤਾਰੇ ਤੇ ਗ੍ਰਹਿ ਨਹੀਂ, ਇੱਕ-ਦੂਜੇ ਦੀ ਸਮਝ ਹੀ ਸਾਥ ਦਿੰਦੀ ਹੈ।’’ ਇਹ ਸੁਣ ਕੇ ਸਰਿਤਾ ਤਾਂ ਬਹੁਤ ਖ਼ੁਸ਼ ਹੋਈ, ਪਰ ਦਿੱਗਵਿਜੇ ਚੁੱਪ ਹੀ ਰਿਹਾ, ਉਸ ਨੇ ਅਜੇ ਵੀ ਦੜ੍ਹ ਵੱਟੀ ਹੋਈ ਸੀ।
ਪਰ ਪਰਿਜਾਤ ਦਾ ਮਨ ਨਹੀਂ ਲੱਗ ਰਿਹਾ ਸੀ ਤੇ ਉਸ ਨੂੰ ਜੈਸਮੀਨ ਦੀ ਬਹੁਤ ਯਾਦ ਆ ਰਹੀ ਸੀ। ਉਹ ਸੋਚਣ ਲੱਗ ਪਿਆ ਕਿ ਕੀ ਕੀਤਾ ਜਾਵੇ?
ਉੱਧਰ ਜੈਸਮੀਨ ਦਾ ਮਨ ਵੀ ਨਹੀਂ ਲੱਗ ਰਿਹਾ ਸੀ। ਉਸ ਨੇ ਪਰਿਜਾਤ ਨੂੰ ਵਾਪਸ ਤਾਂ ਭੇਜ ਦਿੱਤਾ, ਪਰ ਉਸ ਦਾ ਦਿਲ ਧੱਕ-ਧੱਕ ਕਰ ਰਿਹਾ ਸੀ। ਉਸ ਨੂੰ ਆਪਣਾ ਭਵਿੱਖ ਹਨੇਰੇ ਵਿੱਚ ਡੁੱਬਦਾ ਦਿੱਖ ਰਿਹਾ ਸੀ। ਉਸ ਦਾ ਚਿੱਤ ਲਗਾਉਣ ਲਈ ਸਤਵਿੰਦਰ ਤੇ ਵੀਨਾ ਨੇ ਸ਼ਿਮਲੇ ਘੁੰਮਣ ਦਾ ਪ੍ਰੋਗਰਾਮ ਬਣਾਇਆ। ਪਰ ਜੈਸਮੀਨ ਦੇ ਦਿਲ ਨੂੰ ਕੁਝ ਨਹੀਂ ਭਾ ਰਿਹਾ ਸੀ। ਉਸ ਦਾ ਦਿਲ ਚਾਹ ਰਿਹਾ ਸੀ ਕਿ ਉਹ ਇਕਦਮ ਉੱਡ ਕੇ ਪਰਿਜਾਤ ਕੋਲ ਪਹੁੰਚ ਜਾਵੇ।
‘‘ਕੀ ਅਸੀਂ ਇੱਥੋਂ ਚੰਬੇ ਜਾ ਸਕਦੇ ਹਾਂ?’’ ਉਸ ਨੇ ਆਪਣੇ ਮੰਮੀ-ਡੈਡੀ ਨੂੰ ਪੁੱਛਿਆ। ਸ਼ਾਇਦ ਲੋਕ ਗੀਤ ਦੀ ਯਾਤਰਾ ਕਰਦਿਆਂ ਉਸ ਨੂੰ ਰੂਹ ਦਾ ਹਾਣੀ ਮਿਲ ਜਾਵੇ-ਪਰਬਤਾਂ ਦੀਆਂ ਹਸੀਨ ਵਾਦੀਆਂ ਵਿੱਚੋਂ ਇੱਕ ਉਮੀਦ ਦੀ ਕਿਰਨ ਉੱਗ ਪਵੇ।
‘‘ਕਿਉਂ ਨਹੀਂ, ਜ਼ਰੂਰ ਜਾ ਸਕਦੇ ਹਾਂ, ਪਰ ਪਤਾ ਨਹੀਂ ਅਜੇ ਵੀ ਪਰਿਜਾਤ ਦੇ ਡੈਡੀ ਵੀ ਜਨਮ ਕੁੰਡਲੀ ਦੀ ਮੰਗ ’ਤੇ ਅੜੇ ਹੋਏ ਹਨ ਕਿ ਨਹੀਂ।’’ ਸਤਵਿੰਦਰ ਨੇ ਨਿਰਾਸ਼ਾ ਨਾਲ ਕਿਹਾ।
‘‘ਕੋਈ ਨਹੀਂ, ਮੈਂ ਪਰਿਜਾਤ ਨੂੰ ਪੁੱਛਦੀ ਹਾਂ।’’
ਜੈਸਮੀਨ ਨੇ ਫਟਾ ਫਟ ਪਰਿਜਾਤ ਨੂੰ ਫੋਨ ਮਿਲਾਇਆ ਤੇ ਚੰਬਾ ਘੁੰਮਣ ਦਾ ਆਪਣਾ ਪਲਾਨ ਦੱਸਿਆ।
‘‘ਇਸ ਤੋਂ ਖ਼ੁਸ਼ੀ ਦੀ ਕੀ ਗੱਲ ਹੋ ਸਕਦੀ ਹੈ। ਤੁਸੀਂ ਜਲਦੀ ਪਹੁੰਚੋ, ਮੈਂ ਤੁਹਾਨੂੰ ਪੂਰਾ ਚੰਬਾ ਸ਼ਹਿਰ ਦਿਖਾਵਾਂਗਾ।’’
ਘੁੰਮਦੀਆਂ ਢਲਾਣਾਂ ਵਿੱਚੋਂ ਨਿਕਲਦੇ, ਟੇਢੇ-ਮੇਢੇ ਤੇ ਵਲ਼ ਖਾਂਦੇ ਰਸਤਿਆਂ ’ਤੇ ਉਹ ਪੂਰੇ ਦਿਨ ਦਾ ਸਫ਼ਰ ਕਰਕੇ ਸ਼ਿਮਲੇ ਤੋਂ ਚੰਬੇ ਪਹੁੰਚੇ। ਹਰ ਮੀਲ ਦੇ ਨਾਲ, ਉਹ ਗੀਤ ਜੋ ਉਹ ਸਦਾ ਗਾਉਂਦੀ ਸੀ, ਉਸ ਦੇ ਅੰਦਰ ਹੋਰ ਵੀ ਜ਼ੋਰਦਾਰ ਵਲਵਲੇ ਛੇੜ ਰਿਹਾ ਸੀ। ਕੁਦਰਤ ਦੇ ਖ਼ੂਬਸੂਰਤ ਨਜ਼ਾਰੇ ਦੇਖਦਿਆਂ ਉਨ੍ਹਾਂ ਨੂੰ ਥਕਾਨ ਬਿਲਕੁਲ ਵੀ ਨਹੀਂ ਮਹਿਸੂਸ ਹੋ ਰਹੀ ਸੀ। ਜੈਸਮੀਨ ਨੂੰ ਤਾਂ ਪਰਿਜਾਤ ਦੇ ਮਿਲਣ ਦੀ ਖ਼ੁਸ਼ੀ ਵਿੱਚ ਥਕਾਨ ਕੀ, ਆਪਣੀ ਕੋਈ ਸੁੱਧ-ਬੁੱਧ ਵੀ ਨਹੀਂ ਸੀ। ਜਦੋਂ ਉਹ ਚੰਬੇ ਸ਼ਹਿਰ ਪਹੁੰਚੇ ਤਾਂ ਗੀਤ ਦੇ ਬੋਲ ਤੇ ਧੁਨ ਹਕੀਕਤ ਬਣ ਕੇ ਉਨ੍ਹਾਂ ਦੇ ਸਾਹਮਣੇ ਖੜ੍ਹੇ ਸਨ।
ਚਾਂਦੀ ਰੰਗੀ ਬਰਫ਼ ਨਾਲ ਢਕੀਆਂ ਧੌਲਾਧਾਰ ਦੀਆਂ ਪਹਾੜੀਆਂ ਚੰਬਾ ਸ਼ਹਿਰ ਅਤੇ ਕਾਂਗੜਾ ਘਾਟੀ ਵਿੱਚ ਇੱਕ ਖ਼ੂਬਸੂਰਤ ਦ੍ਰਿਸ਼ ਪੇਸ਼ ਕਰ ਰਹੀਆਂ ਸਨ।
‘‘ਅਜਿਹਾ ਸਵਰਗ ਵਰਗਾ ਨਜ਼ਰ ਤਾਂ ਭਾਗਾਂ ਵਾਲਿਆਂ ਨੂੰ ਦੇਖਣ ਨੂੰ ਮਿਲਦਾ ਹੈ।’’ ਸਤਵਿੰਦਰ ਖ਼ੁਸ਼ੀ ਨਾਲ ਬੋਲਿਆ।
ਪਰਿਜਾਤ ਨੇ ਉਨ੍ਹਾਂ ਦਾ ਪਲਕਾਂ ਵਿਛਾ ਕੇ ਸਵਾਗਤ ਕੀਤਾ ਤੇ ਬੜੇ ਪਿਆਰ ਨਾਲ ਚੰਬੇ ਸ਼ਹਿਰ ਦੀ ਸੈਰ ਕਰਵਾਈ। ਉੱਥੋਂ ਦੇ ਮਸ਼ਹੂਰ ਮੰਦਰ, ਮੈਦਾਨ ਤੇ ਸ਼ਾਪਿੰਗ ਕੰਪਲੈਕਸ। ਪਹਾੜੀ ਕਲਾ, ਸੰਗੀਤ ਤੇ ਦਸਤਕਾਰੀ ਦਾ ਮੁਜੱਸਮਾ ਪੇਸ਼ ਕਰਦਾ ਰੰਗਦਾਰ ਸੱਭਿਆਚਾਰ ਉਨ੍ਹਾਂ ਨੂੰ ਬਹੁਤ ਪਿਆਰਾ ਲੱਗਿਆ। ਉੱਥੋਂ ਦਾ ਸੰਗੀਤ ਉਸ ਨੂੰ ਜਾਣਿਆ ਪਛਾਣਿਆ ਲੱਗਿਆ, ਕਿਉਂਕਿ ਉਹ ਆਪ ਵੀ ਉਹੀ ਲੋਕ-ਸੰਗੀਤ ਗਾਉਂਦੀ ਸੀ। ਉਸ ਨੂੰ ਲੱਗਿਆ ਕਿ ਜਿਵੇਂ ਉਹ ਆਪਣੇ ਅਸਲੀ ਘਰ ਆ ਗਈ ਹੋਵੇ। ਪਰਿਜਾਤ ਦੇ ਘਰ ਪਹੁੰਚ ਕੇ ਤੇ ਉਸ ਦੇ ਮਾਤਾ-ਪਿਤਾ ਨੂੰ ਮਿਲ ਕੇ ਉਸ ਨੂੰ ਆਪਣਾਪਣ ਮਹਿਸੂਸ ਹੋਇਆ। ਉਨ੍ਹਾਂ ਨੇ ਵੀ ਉਸ ਦਾ ਆਪਣੀ ਧੀ ਵਾਂਗ ਬਹੁਤ ਪਿਆਰ ਨਾਲ ਸਵਾਗਤ ਕੀਤਾ। ਜੈਸਮੀਨ ਨੇ ਵੀ ਉਨ੍ਹਾਂ ਦੇ ਪੈਰੀਂ ਪੈ ਕੇ ਉਨ੍ਹਾਂ ਦਾ ਖੂਬ ਅੰਦਰ-ਮਾਣ ਕੀਤਾ ਤੇ ਦਿਖਾ ਦਿੱਤਾ ਕਿ ਬਾਹਰਲੇ ਮੁਲਕ ਵਿੱਚ ਜੰਮਣ-ਪਲਣ ਦੇ ਬਾਵਜੂਦ ਉਹ ਆਪਣੇ ਸੰਸਕਾਰਾਂ ਨੂੰ ਜੀਵਤ ਰੱਖ ਰਹੀ ਸੀ। ਉਸ ਦੀ ਸ਼ਰਧਾ ਤੇ ਪ੍ਰੇਮ ਦੇਖ ਕੇ ਦਿੱਗਵਿਜੇ ਦਾ ਦਿਲ ਪਿਘਲ ਗਿਆ, ਅੱਖਾਂ ਖ਼ੁਸ਼ੀ ਨਾਲ਼ ਨਮ ਹੋ ਗਈਆਂ। ਇੰਨਾ ਪਿਆਰ ਸਤਿਕਾਰ ਤੇ ਅਪਣੱਤ ਅੱਜ-ਕੱਲ੍ਹ ਦੇ ਜ਼ਮਾਨੇ ਵਿੱਚ ਦੀਵੇ ਲੈ ਕੇ ਲੱਭਣ ਨਾਲ ਵੀ ਨਹੀਂ ਮਿਲਦੇ! ਉਸ ਨੇ ਉਨ੍ਹਾਂ ਨੂੰ ਆਪਣਾ ਗੀਤ ਵੀ ਸੁਣਾਇਆ। ਹੁਣ ਚੰਬਾ ਦੂਰ ਨਹੀਂ ਸੀ, ਉਹ ਉੱਥੇ ਪਹੁੰਚ ਚੁੱਕੀ ਸੀ। ਜਿਵੇਂ ਕੋਈ ਨਦੀ ਦਰਿਆ ਨਾਲ ਮਿਲ ਜਾਵੇ।
ਉਸ ਦਾ ਗੀਤ ਸੁਣ ਕੇ ਇੱਕ ਪਲ ਲਈ ਤਾਂ ਸਭ ਆਪਣੇ ਆਪ ਨੂੰ ਭੁੱਲ ਗਏ। ਦਿੱਗਵਿਜੇ ਵੀ ਉਸ ਦੀ ਪ੍ਰਤਿਭਾ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ, ਪਰ ਫਿਰ ਉਸ ਦੇ ਦਿਲੋ-ਦਿਮਾਗ਼ ਵਿੱਚ ਜਨਮ-ਪੱਤਰੀ ਬਣਾਉਣ ਦਾ ਖ਼ਿਆਲ ਉਬਾਲੇ ਖਾਣ ਲੱਗਿਆ।
ਦੋ ਕੁ ਦਿਨ ਉੱਥੇ ਗੁਜ਼ਾਰ ਕੇ ਜੈਸਮੀਨ, ਵੀਨਾ ਤੇ ਸਤਵਿੰਦਰ ਚੰਡੀਗੜ੍ਹ ਨੂੰ ਵਾਪਸ ਚੱਲ ਪਏ। ਕਿਸੇ ਨੇ ਵੀ ਵਿਆਹ ਦੇ ਬਾਰੇ ਵਿੱਚ ਕੋਈ ਗੱਲਬਾਤ ਨਹੀਂ ਕੀਤੀ ਤੇ ਨਾ ਹੀ ਜਨਮ-ਪੱਤਰੀ ਬਾਰੇ। ਜੈਸਮੀਨ ਤੇ ਉਸ ਦੇ ਮੰਮੀ-ਡੈਡੀ ਉਸ ਨੂੰ ਪਰਿਜਾਤ ਦੇ ਪਰਿਵਾਰ ’ਤੇ ਥੋਪਣਾ ਨਹੀਂ ਸੀ ਚਾਹੁੰਦੇ। ਦੋਵੇਂ ਧਿਰਾਂ ਇੱਕ-ਦੂਜੇ ਦੇ ਖ਼ਿਆਲਾਂ ਦੀ ਕਦਰ ਕਰਦੀਆਂ ਸਨ, ਪਰ ਜੇ ਦਿੱਗਵਿਜੇ ਦਾ ਕੋਈ ਸਾਹਮਣਾ ਕਰ ਸਕਦਾ ਸੀ ਤਾਂ ਉਨ੍ਹਾਂ ਦਾ ਆਪਣਾ ਫਰਜੰਦ ਹੀ ਸੀ। ਜੈਸਮੀਨ ਨੂੰ ਮਿਲ ਕੇ ਦਿੱਗਵਿਜੇ ਵੀ ਦਵੰਦ ਵਿੱਚ ਸੀ। ਉਸ ਨੂੰ ਜੈਸਮੀਨ ਕਾਫ਼ੀ ਪਸੰਦ ਆਈ ਸੀ, ਪਰ ਉਹ ਜਨਮ ਪੱਤਰੀ ਬਣਾ ਕੇ ਜ਼ਰੂਰ ਦੇਖਣਾ ਚਾਹੁੰਦਾ ਸੀ ਕਿ ਕਿਤੇ ਕੁੜੀ ਮੰਗਲੀਕ ਤਾਂ ਨਹੀਂ।
ਸਰਿਤਾ, ਜੋ ਕਿ ਘੱਟ ਹੀ ਬੋਲਦੀ ਸੀ, ਨੇ ਦਿੱਗਵਿਜੇ ਨੂੰ ਬੜੇ ਪਿਆਰ ਨਾਲ ਤਾਕੀਦ ਕੀਤੀ, ‘‘ਸੁਣੋ ਜੀ, ਮੈਂ ਕੁੰਡਲੀ ਜਾਂ ਮੰਗਲੀਕ ਦੋਸ਼ ਬਾਰੇ ਕੁਝ ਨਹੀਂ ਜਾਣਦੀ। ਜਦੋਂ ਜੈਸਮੀਨ ਨੇ ਤੁਹਾਡੇ ਪੈਰੀਂ ਪੈ ਕੇ ਤੁਹਾਡਾ ਸਤਿਕਾਰ ਕੀਤਾ, ਤਾਂ ਕੀ ਤੁਹਾਨੂੰ ਉਸ ਵਿੱਚ ਕੋਈ ਬੁਰਾਈ ਨਜ਼ਰ ਆਈ? ਕੀ ਤੁਹਾਨੂੰ ਕੋਈ ਮੰਗਲ ਦੋਸ਼ ਉਸ ਦੀ ਆਵਾਜ਼ ਦੀ ਮਿਠਾਸ ਜਾਂ ਉਸ ਦੀਆਂ ਅੱਖਾਂ ਦੀ ਸ਼ਰਧਾ ਵਿੱਚ ਲੁਕਿਆ ਦਿਖਿਆ? ਜੈਸਮੀਨ ਅਮਰੀਕਾ ਛੱਡ ਕੇ, ਪਰਿਜਾਤ ਦੇ ਪਿੱਛੇ ਚੱਲ ਕੇ ਇੱਥੇ ਆਈ ਹੈ। ਜੇ ਅਸੀਂ ਉਸ ਨੂੰ ਵਾਪਸ ਭੇਜ ਦਿੱਤਾ, ਤਾਂ ਪਰਿਜਾਤ ਸਾਰੀ ਉਮਰ ਸਾਨੂੰ ਮੁਆਫ਼ ਨਹੀਂ ਕਰੇਗਾ। ਤਾਰੇ, ਨਛੱਤਰ... ਤਾਂ ਬਹੁਤ ਦੂਰ ਹਨ, ਪਰ ਪਰਿਜਾਤ ਸਾਡਾ ਸੂਰਜ ਹੈ! ਕਿਤੇ ਇਹ ਜਨਮ-ਪੱਤਰੀ ਦਾ ਝੇੜਾ ਤੇ ਸਾਡੀ ਪਰੰਪਰਾ ਸਾਨੂੰ ਸਾਡੇ ਪੁੱਤਰ ਤੋਂ ਦੂਰ ਨਾ ਕਰ ਦੇਵੇ। ਦੇਖੋ ਜੀ ਮੈਂ ਤਾਂ ਇਹੀ ਕਹਾਂਗੀ ਕਿ ਜੈਸਮੀਨ ਮੈਨੂੰ ਵੀ ਬਹੁਤ ਪਸੰਦ ਹੈ ਤੇ ਉਹ ਸਾਡੇ ਪਰਿਜਾਤ ਲਈ ਬਿਲਕੁਲ ਸਹੀ ਜੀਵਨ ਸਾਥੀ ਲੱਗਦੀ ਹੈ। ਦੋਵਾਂ ਦੀ ਜੋੜੀ ਵੀ ਬੜੀ ਫਬਦੀ ਹੈ। ਇਹੋ ਜਿਹਾ ਨਾਯਾਬ ਹੀਰਾ ਸਾਨੂੰ ਹੋਰ ਕਿਤੇ ਨਹੀਂ ਲੱਭਣਾ। ਤੁਸੀਂ ਪਲੀਜ਼ ਮੰਨ ਜਾਓ ਤੇ ਜਨਮ-ਕੁੰਡਲੀ ਮਿਲਾਉਣ ਦਾ ਵਿਚਾਰ ਛੱਡ ਦਿਓ ਤੇ ਰੱਬ ’ਤੇ ਭਰੋਸਾ ਰੱਖੋ।’’
ਦਿੱਗਵਿਜੇ ਨੇ ਸਰਿਤਾ ਵੱਲ ਤੇ ਫਿਰ ਪਰਿਜਾਤ ਵੱਲ ਦੇਖਿਆ। ਪਹਿਲੀ ਵਾਰ, ਉਸ ਨੂੰ ਪਰਿਜਾਤ ਨੂੰ ਗੁਆ ਦੇਣ ਦਾ ਅਸਲੀ ਡਰ ਮਹਿਸੂਸ ਹੋਇਆ।
ਪਰਿਜਾਤ ਵੀ ਨਾਲ ਹੀ ਬੋਲਿਆ, ‘‘ਵਿਆਹ ਤਾਂ ਦੋ ਰੂਹਾਂ ਦਾ ਮੇਲ ਹੈ ਨਾ ਕਿ ਜਨਮ-ਕੁੰਡਲੀਆਂ ਦਾ। ਸਾਡੀਆਂ ਰੂਹਾਂ ਦਾ ਮੇਲ ਹੋ ਚੁੱਕਾ ਹੈ, ਬਸ ਹੁਣ ਤੁਹਾਡੇ ਅਸ਼ੀਰਵਾਦ ਦੀ ਜ਼ਰੂਰਤ ਹੈ।’’
ਪਰ ਜਵਾਬ ਵਿੱਚ ਦਿੱਗਵਿਜੇ ਸਿਰਫ ਹੌਲ਼ੀ ਜਿਹੇ ‘ਸੋਚਦਾ ਹਾਂ’ ਹੀ ਆਖ ਸਕਿਆ। ਅਜੇ ਵੀ ਉਨ੍ਹਾਂ ਦਾ ਮਨ ਜਨਮ ਪੱਤਰੀ ’ਤੇ ਅਟਕਿਆ ਹੋਇਆ ਲੱਗ ਰਿਹਾ ਸੀ।
ਪਰ ਉਸ ਰਾਤ ਦਿੱਗਵਿਜੇ ਸੌਂ ਨਾ ਸਕਿਆ। ਉਹ ਬਾਰ-ਬਾਰ ਪਰਿਜਾਤ ਦੀ ਜਨਮ-ਪੱਤਰੀ ਖੋਲ੍ਹ ਕੇ ਦੇਖ ਰਿਹਾ ਸੀ। ਨਛੱਤਰਾਂ ਤੇ ਗ੍ਰਹਿਆਂ ਦੇ ਨਿਸ਼ਾਨ ਮਾਪ ਰਿਹਾ ਸੀ। ਉਸ ਨੇ ਆਪਣੀ ਹਰ ਦਲੀਲ ਨੂੰ ਯਾਦ ਕੀਤਾ - ਹਰ ਚਿਤਾਵਨੀ, ਹਰ ਗਣਨਾ ਜਿਸ ਦਾ ਉਦੇਸ਼ ਆਪਣੇ ਪੁੱਤਰ ਨੂੰ ਅਣਦੇਖੇ ਨੁਕਸਾਨ ਤੋਂ ਬਚਾਉਣਾ ਸੀ ਤੇ ਨਾਲ ਹੀ ਉਸ ਨੂੰ ਸਰਿਤਾ ਦੇ ਦਰਦ ਭਰੇ ਸ਼ਬਦ ਵੀ ਯਾਦ ਆ ਰਹੇ ਸਨ, ‘‘ਕਿਤੇ ਸਾਡੀ ਰੀਤ ਸਾਨੂੰ ਸਾਡੇ ਪੁੱਤਰ ਤੋਂ ਦੂਰ ਨਾ ਕਰ ਦੇਵੇ।’’
ਫਿਰ ਉਸ ਨੂੰ ਦੂਰੋਂ ਜੈਸਮੀਨ ਦੀ ਗਾਉਂਦੇ ਹੋਏ ਭਾਵਪੂਰਨ ਆਵਾਜ਼ ਸੁਣਾਈ ਦਿੱਤੀ। ਜੈਸਮੀਨ ਨੇ ਉਸ ਨੂੰ ਕਿੰਨਾ ਸਤਿਕਾਰ ਦਿੱਤਾ ਸੀ। ਉਹ ਇੱਕ ਸੂਝਵਾਨ ਅਤੇ ਸੱਭਿਆਚਾਰਕ ਕੁੜੀ ਸੀ, ਜਿਸ ਦੀ ਪ੍ਰਤਿਭਾ ਨੂੰ ਉਸ ਨੇ ਖ਼ੁਦ ਦੇਖਿਆ ਸੀ। ਉਸ ਦੇ ਮਨ ਵਿੱਚ ਪਿਆਰ ਤੇ ਸਤਿਕਾਰ ਜਾਗਿਆ ਤੇ ਉਸ ਨੂੰ ਮਹਿਸੂਸ ਹੋਇਆ ਕਿ ਉਹ ਪਰਿਜਾਤ ਲਈ ਸਹੀ ਮੇਲ ਹੈ। ਜੇ ਦੋ ਦਿਲ ਮਿਲ ਰਹੇ ਹਨ ਤਾਂ ਉਹ ਵਿੱਚ ਗ੍ਰਹਿਆਂ ਦੇ ਚੱਕਰ ਕਿਉਂ ਪਾ ਰਿਹਾ ਹੈ? ਕੀ ਕਿਸੇ ਕਾਗਜ਼ ਦੇ ਚਾਰਟ ਵਿੱਚ ਲਿਖਿਆ ਇੱਕ ਗ੍ਰਹਿ ਉਸ ਮੇਲ ਨੂੰ ਤੋੜ ਸਕਦਾ ਹੈ? ਤਾਰੇ ਤਾਂ ਲੱਖਾਂ ਮੀਲ ਦੂਰ ਹਨ, ਪਰ ਪਰਿਜਾਤ ਦਾ ਦਰਦ ਤਾਂ ਮੇਰੇ ਦਿਲ ਵਿੱਚ ਹੈ।
ਮੰਦਰ ਦੀਆਂ ਘੰਟੀਆਂ ਦੀ ਗੂੰਜ ਨਾਲ ਸਵੇਰ ਹੋ ਗਈ। ਸੂਰਜ ਦੀ ਪਹਿਲੀ ਕਿਰਨ ਪੋਲੇ-ਪੋਲੇ ਕਦਮ ਪੁੱਟਦੀ ਤਾਕੀ ਰਾਹੀਂ ਕਮਰੇ ਦੇ ਅੰਦਰ ਆਈ ਤੇ ਫਿਰ ਉਸ ਦੇ ਦਿਲ ਵਿੱਚ ਉਤਰ ਕੇ ਉਸ ਨੂੰ ਪਿਘਲਾ ਗਈ। ਉਸ ਨੇ ਜਨਮ ਪੱਤਰੀ ਨੂੰ ਤਹਿ ਲਗਾ ਕੇ ਅਲਮਾਰੀ ਵਿੱਚ ਇੱਕ ਛੋਟੇ ਪਿੱਤਲ ਦੇ ਦੀਵੇ ਕੋਲ ਟਿਕਾ ਕੇ ਰੱਖ ਦਿੱਤਾ। ਹੁਣ ਉਸ ਨੇ ਆਪਣਾ ਮਨ ਬਣਾ ਲਿਆ ਸੀ। ਪਹਿਲਾਂ ਉਹ ਮੰਦਰ ਤੇ ਫਿਰ ਗੁਰਦੁਆਰੇ ਗਿਆ। ਉਸ ਨੂੰ ਲੱਗਿਆ ਸਭ ਕੁਝ ਤਾਂ ਇੱਕ ਜੋਤ ਹੈ, ਉਹ ਦੂਈ-ਦਵੈਤ ਵਿੱਚ ਕਿਉਂ ਪੈ ਗਿਆ ਸੀ? ਹੁਣ ਉਹ ਸ਼ਾਂਤ ਸੀ। ਉਸ ਨੇ ਪਰਿਜਾਤ ਨੂੰ ਆਪਣਾ ਫ਼ੈਸਲਾ ਦੱਸਦਿਆਂ ਕਿਹਾ, ‘‘ਮੈਂ ਸਮਝ ਗਿਆ ਹਾਂ ਕਿ ਰੂਹਾਂ ਦਾ ਮੇਲ ਤਾਂ ਧੁਰ-ਦਰਗਾਹੋਂ ਲਿਖਿਆ ਹੁੰਦਾ ਹੈ। ਸ਼ਾਇਦ ਕੋਈ ਵੀ ਜਨਮ-ਪੱਤਰੀ ਜਾਂ ਚਾਰਟ ਉਸ ਬਾਰੇ ਪੂਰੀ ਤਰ੍ਹਾਂ ਨਹੀਂ ਦੱਸ ਸਕਦਾ। ਜਦੋਂ ਮੈਂ ਜੈਸਮੀਨ ਨੂੰ ਦੇਖਿਆ, ਮੈਨੂੰ ਯਾਦ ਆਇਆ ਕਿ ਉਸ ਦੀਆਂ ਅੱਖਾਂ ਵਿੱਚ ਉਹੋ ਜਿਹਾ ਹੀ ਪਿਆਰ ਤੇ ਸਤਿਕਾਰ ਸੀ ਜੋ ਮੈਂ ਕਦੇ ਆਪਣੀ ਪਤਨੀ ਵਿੱਚ ਦੇਖਿਆ ਸੀ। ਹਾਲਾਂਕਿ ਸਾਡੀਆਂ ਕੁੰਡਲੀਆਂ ਮਿਲਾਈਆਂ ਗਈਆਂ ਸਨ। ਜੇ ਤੁਸੀਂ ਇੱਕ ਹੋਣ ਦਾ ਫ਼ੈਸਲਾ ਲਿਆ ਹੈ ਤਾਂ ਮੈਂ ਤੁਹਾਡੇ ਵਿੱਚ ਦੀਵਾਰ ਬਣ ਕੇ ਨਹੀਂ ਖੜ੍ਹਾ ਹੋਵਾਂਗਾ।’’
ਪਰਿਜਾਤ ਨੂੰ ਯਕੀਨ ਨਹੀਂ ਹੋਇਆ - ਉਸ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਉਤਰ ਆਏ। ਉਸ ਨੂੰ ਲੱਗਿਆ ਕਿ ਉਹ ਕੋਈ ਸੁਪਨਾ ਦੇਖ ਰਿਹਾ ਹੈ। ਉਸ ਦੇ ਦਿਲ ਨੂੰ ਰਾਹਤ ਮਿਲੀ ਤੇ ਮਨ ਨੱਚਣ ਨੂੰ ਕਰਨ ਲੱਗਿਆ। ‘‘ਪਿਤਾ ਜੀ, ਮੈਂ ਤੁਹਾਡਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ। ਬਸ ਤੁਹਾਡਾ ਅਸ਼ੀਰਵਾਦ ਇੰਝ ਹੀ ਬਣਿਆ ਰਹੇ।’’ ਇੰਨਾ ਕਹਿ ਕੇ ਉਸ ਨੇ ਦਿੱਗਵਿਜੇ ਦੇ ਪੈਰ ਛੂਹਣੇ ਚਾਹੇ, ਪਰ ਦਿੱਗਵਿਜੇ ਨੇ ਉਸ ਨੂੰ ਮੋਢਿਆਂ ਤੋਂ ਫੜ ਲਿਆ।
‘‘ਪੁੱਤਰ ਆਪਣੇ ਪਿਤਾ ਦੇ ਪੈਰ ਨਹੀਂ ਛੂੰਹਦੇ। ਤੇਰੀ ਜਗ੍ਹਾ ਤਾਂ ਮੇਰੇ ਦਿਲ ਵਿੱਚ ਹੈ। ਤੂੰ ਇਹ ਖ਼ੁਸ਼ਖ਼ਬਰੀ ਜੈਸਮੀਨ ਤੇ ਉਸ ਦੇ ਪਰਿਵਾਰ ਨੂੰ ਦੱਸ ਦੇ ਤੇ ਕਹਿ ਦੇ ਕਿ ਉਹ ਜਲਦੀ ਹੀ ਸ਼ਗਨ ਪਾਉਣ ਦੀ ਤਿਆਰੀ ਕਰ ਲੈਣ।’’
ਪਰਿਜਾਤ ਨੇ ਫਟਾ-ਫਟ ਫੋਨ ਕਰ ਕੇ ਇਹ ਖ਼ੁਸ਼ਖਬਰੀ ਜੈਸਮੀਨ ਨੂੰ ਦੇ ਦਿੱਤੀ। ਜੈਸਮੀਨ ਨੂੰ ਵੀ ਯਕੀਨ ਨਹੀਂ ਸੀ ਆ ਰਿਹਾ ਤੇ ਉਸ ਨੇ ਫੋਨ ’ਤੇ ਆਪਣੇ ਡੈਡੀ ਨਾਲ ਪਰਿਜਾਤ ਦੇ ਪਿਤਾ ਜੀ ਦੀ ਗੱਲ ਕਰਵਾ ਕੇ ਗੱਲ ਪੱਕੀ ਕਰ ਲਈ। ਬਸ ਫਿਰ ਕੀ ਸੀ ਅਗਲੇ ਹਫ਼ਤੇ ਹੀ ਉਨ੍ਹਾਂ ਦੀ ਕੁੜਮਾਈ ਹੋ ਗਈ। ਉਨ੍ਹਾਂ ਨੇ ਇੱਕ ਮਹੀਨੇ ਬਾਅਦ ਵਿਆਹ ਦਿਨ ਵੀ ਪੱਕਾ ਕਰ ਲਿਆ। ‘‘ਜਦੋਂ ਮੀਆਂ-ਬੀਵੀ ਰਾਜ਼ੀ, ਫਿਰ ਕੀ ਕਰੇਗਾ ਕਾਜ਼ੀ!’’
ਠੀਕ ਇੱਕ ਮਹੀਨੇ ਬਾਅਦ ਜੈਸਮੀਨ ਤੇ ਪਰਿਜਾਤ ਸਾਦੇ ਤਰੀਕੇ ਨਾਲ ਵਿਆਹ ਦੇ ਬੰਧਨਾਂ ਵਿੱਚ ਬੱਝੇ ਗਏ। ਚੰਬਾ, ਆਖਰਕਾਰ ਜੈਸਮੀਨ ਨੂੰ ਸਮਝ ਆ ਗਈ, ਕਦੇ ਵੀ ਬਹੁਤ ਦੂਰ ਨਹੀਂ ਸੀ। ਇਹ ਉਹ ਖ਼ੁਸ਼ਗਵਾਰ ਪਲ ਸਨ ਜਦੋਂ ਵਿਸ਼ਵਾਸ ਅਤੇ ਪਿਆਰ ਨੇ ਇੱਕੋ ਜਗ੍ਹਾ ਇਕੱਠੇ ਖੜ੍ਹੇ ਹੋਏ-ਬਿਨਾਂ ਇੱਕ ਦੂਜੇ ਤੋਂ ਕੁਝ ਮੰਗਿਆ।
ਜੈਸਮੀਨ ਨੇ ਉਦੋਂ ਤੱਕ ਭਾਰਤ ਹੀ ਰਹਿਣ ਦਾ ਫ਼ੈਸਲਾ ਕੀਤਾ ਜਦੋਂ ਤੱਕ ਪਰਿਜਾਤ ਨੂੰ ਅਮਰੀਕਾ ਦਾ ਪੱਕਾ ਗਰੀਨ ਕਾਰਡ ਨਹੀਂ ਮਿਲ ਜਾਂਦਾ। ਪਰਿਜਾਤ ਨੂੰ ਇੱਕ ਅਮਰੀਕੀ ਨਾਗਰਿਕ ਨਾਲ ਵਿਆਹ ਕਰਨ ਕਰ ਕੇ ਹੁਣ ਆਸਾਨੀ ਨਾਲ ਗਰੀਨ ਕਾਰਡ ਮਿਲ ਜਾਣਾ ਸੀ।
ਇਸ ਤਰ੍ਹਾਂ ਤਕਰੀਬਨ ਇੱਕ ਸਾਲ ਬਾਅਦ ਪਰਿਜਾਤ ਨੂੰ ਗਰੀਨ ਕਾਰਡ ਮਿਲ ਗਿਆ ਤੇ ਜੈਸਮੀਨ ਤੇ ਉਹ ਵਾਪਸ ਬੋਸਟਨ ਪਹੁੰਚ ਗਏ। ਏਆਈ ਦੇ ਕਰਕੇ ਲੋਕਾਂ ਨੂੰ ਨਵੀਆਂ ਨੌਕਰੀਆਂ ਮਿਲਣੀਆਂ ਬਹੁਤ ਔਖੀਆਂ ਹੋ ਗਿਆ ਸਨ। ਪਹਿਲਾਂ ਪਹਿਲਾਂ ਉਨ੍ਹਾਂ ਨੇ ਕੋਈ ਚੰਗੀ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਛੇ-ਸੱਤ ਮਹੀਨੇ ਸੰਘਰਸ਼ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ। ਇਸ ਕਰਕੇ ਉਨ੍ਹਾਂ ਨੇ ਨੌਕਰੀ ਕਰਨ ਦੀ ਬਜਾਇ ਆਪਣਾ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਅਮਰੀਕਾ ਦਾ ਕਾਨੂੰਨ ਤੇ ਆਮਦਨ ਕਰ ਦਾ ਸਿਸਟਮ ਵੀ ਆਪਣਾ ਕਾਰੋਬਾਰ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਦਾ ਹੈ ਤੇ ਉਨ੍ਹਾਂ ਦਾ ਅਮਰੀਕੀ ਸੁਫ਼ਨਾ ਪੂਰਾ ਕਰਨ ਵਿੱਚ ਮਦਦ ਕਰਦਾ ਹੈ।

