ਕੈਨੇਡਾ ਵਾਸ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਸ਼ਮੀਲ

ਕੁਝ ਸਾਲ ਪਹਿਲਾਂ ਤਕ ਮੈਨੂੰ ਇਸ ਗੱਲ ’ਤੇ ਇਤਰਾਜ਼ ਹੁੰਦਾ ਸੀ ਕਿ ਸਾਡੇ ਲੋਕ ਜਿਨ੍ਹਾਂ ਨੇ ਪੱਛਮੀ ਮੁਲਕਾਂ ਨੂੰ ਅਪਣਾ ਲਿਆ ਹੈ, ਇੱਥੋਂ ਦੇ ਸਿਟੀਜ਼ਨ ਬਣ ਗਏ ਹਨ, ਇਹ ਪੰਜਾਬ ਦੀ ਰਾਜਨੀਤੀ ਵਿਚ ਐਨੀ ਦਿਲਚਸਪੀ ਕਿਉਂ ਲੈਂਦੇ ਹਨ? ਇਸ ਸੁਆਲ ਦਾ ਜੁਆਬ ਮੈਨੂੰ ਆਪਣੇ ਅਨੁਭਵ ਵਿਚੋਂ ਮਿਲਿਆ ਹੈ।

ਮੈਨੂੰ ਪੰਜਾਬ ਛੱਡਿਆਂ ਇਕ ਦਹਾਕੇ ਤੋਂ ਵੱਧ ਅਰਸਾ ਹੋ ਗਿਆ ਹੈ। ਇਹ ਕੋਈ ਬਹੁਤ ਲੰਬਾ ਸਮਾਂ ਨਹੀਂ ਹੈ, ਪਰ ਮੇਰੀ ਹਾਲਤ ਮੇਰੇ ਪ੍ਰੋਫੈਸ਼ਨ ਕਰਕੇ ਬਹੁਤੇ ਹੋਰ ਪੰਜਾਬੀਆਂ ਨਾਲੋਂ ਵੱਖਰੀ ਹੈ। ਜ਼ਿਆਦਾਤਰ ਪੰਜਾਬੀ ਕਈ-ਕਈ ਸਾਲ ਤੋਂ ਇੱਥੇ ਰਹਿਣ ਦੇ ਬਾਵਜੂਦ ਕੈਨੇਡਾ ਦੇ ਰਾਜਨੀਤਕ ਜਾਂ ਹੋਰ ਮੁੱਦਿਆਂ ਵਿਚ ਦਿਲਚਸਪੀ ਨਹੀਂ ਲੈਂਦੇ। ਉਹ ਨਾ ਇਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਅਤੇ ਨਾ ਹੀ ਇਨ੍ਹਾਂ ਵਿਚ ਉਨ੍ਹਾਂ ਦੀ ਬਹੁਤੀ ਰੁਚੀ ਹੁੰਦੀ ਹੈ। ਇਸੇ ਕਰਕੇ ਸਾਡੇ ਇੱਥੇ ਜੋ ਪੰਜਾਬੀਆਂ ਦਾ ਕਮਿਊਨਿਟੀ ਮੀਡੀਆ ਹੈ, ਖ਼ਾਸ ਕਰਕੇ ਜੇ ਮੈਂ ਟੋਰਾਂਟੋ ਵਾਲੇ ਪਾਸੇ ਦੀ ਗੱਲ ਕਰਾਂ ਤਾਂ ਉਸ ਵਿਚ ਜ਼ਿਆਦਾ ਪੰਜਾਬ ਦੇ ਮਸਲਿਆਂ ’ਤੇ ਹੀ ਗੱਲ ਹੁੰਦੀ ਰਹੀ ਹੈ। ਕਾਰਨ ਸਿੱਧਾ ਹੈ ਕਿ ਸੁਣਨ ਵਾਲਿਆਂ ਦੀ ਰੁਚੀ ਸਿਰਫ਼ ਪੰਜਾਬ ਦੇ ਮਸਲਿਆਂ ਵਿਚ ਹੈ। ਸਾਡੇ ਲੋਕ ਚੋਣਾਂ ਵੇਲੇ ਥੋੜ੍ਹੀ ਬਹੁਤੀ ਰੁਚੀ ਭਾਵੇਂ ਕੈਨੇਡੀਅਨ ਰਾਜਨੀਤੀ ਵਿਚ ਲੈ ਲੈਣ, ਪਰ ਬਾਕੀ ਸਮਾਂ ਉਨ੍ਹਾਂ ਦਾ ਧਿਆਨ ਪੰਜਾਬ ਵਿਚ ਜੋ ਹੋ ਰਿਹਾ ਹੈ, ਉਸ ਪਾਸੇ ਹੀ ਲੱਗਿਆ ਰਹਿੰਦਾ ਹੈ।

ਮੈਂ ਇਤਫਾਕਨ ਇਸ ਤਰ੍ਹਾਂ ਦੇ ਮੀਡੀਆ ਅਦਾਰਿਆਂ ਨਾਲ ਕੰਮ ਕਰਦਾ ਰਿਹਾ ਹਾਂ ਕਿ ਜਿਨ੍ਹਾਂ ਦਾ ਫੋਕਸ ਕੈਨੇਡੀਅਨ ਮੁੱਦੇ ਰਿਹਾ ਹੈ। ਸੋ ਮੈਂ ਆਪਣੇ ਕੰਮ ਕਰਕੇ ਲਗਾਤਾਰ ਇੱਥੋਂ ਦੇ ਸਥਾਨਕ, ਸੂਬਾਈ ਅਤੇ ਫੈਡਰਲ ਮੁੱਦਿਆਂ ਨਾਲ ਜੁੜਿਆ ਰਹਿੰਦਾ ਹਾਂ। ਇਨ੍ਹਾਂ ਸਭ ਪੱਧਰ ਦੀਆਂ ਖ਼ਬਰਾਂ ’ਤੇ ਨਜ਼ਰ ਰੱਖਣਾ ਮੇਰੀ ਨੌਕਰੀ ਦਾ ਹਿੱਸਾ ਹੈ। ਲਗਾਤਾਰ ਇਕ ਦਹਾਕਾ ਇਸ ਤਰ੍ਹਾਂ ਕੈਨੇਡੀਅਨ ਮੁੱਦਿਆਂ ’ਤੇ ਧਿਆਨ ਰੱਖਣ ਕਾਰਨ ਅਸੀਂ ਮੰਨ ਸਕਦੇ ਹਾਂ ਕਿ ਇਨਸਾਨ ਦੀ ਮੁੱਖ ਰੁਚੀ ਇਨ੍ਹਾਂ ਮੁੱਦਿਆਂ ਵਿਚ ਬਣ ਜਾਂਦੀ ਹੈ। ਇਹ ਸੱਚ ਹੈ ਕਿ ਮੇਰਾ ਧਿਆਨ ਇੱਥੋਂ ਦੇ ਮੁੱਦਿਆਂ, ਖ਼ਬਰਾਂ ਵੱਲ ਰਹਿੰਦਾ ਹੈ। ਮੇਰੇ ਦਿਨ ਦੀ ਸ਼ੁਰੂਆਤ ਇਨ੍ਹਾਂ ਖ਼ਬਰਾਂ ਨਾਲ ਹੁੰਦੀ ਹੈ। ਇਸ ਕਰਕੇ ਮੈਂ ਸਭ ਤੋਂ ਪਹਿਲਾਂ ਕੈਨੇਡਾ ਦੇ ਮੁੱਖ ਨਿਊਜ਼ ਅਦਾਰਿਆਂ ਦੀਆਂ ਸਾਈਟਾਂ ’ਤੇ ਜਾਂਦਾ ਹਾਂ। ਇਨ੍ਹਾਂ ਖ਼ਬਰਾਂ ਨਾਲ ਜੁੜੇ ਰਹਿਣਾ ਮੇਰੀ ਪ੍ਰੋਫੈਸ਼ਨਲ ਲੋੜ ਹੈ।

ਜਿਸ ਦਿਨ ਮੇਰੀ ਛੁੱਟੀ ਹੁੰਦੀ ਹੈ। ਜਿਸ ਦਿਨ ਮੈਂ ਆਪਣੀ ਨੌਕਰੀ ’ਤੇ ਨਹੀਂ ਜਾਣਾ ਹੁੰਦਾ, ਉਸ ਦਿਨ ਵੀ ਮੈਂ ਖ਼ਬਰਾਂ ਪੜ੍ਹਦਾ ਹਾਂ, ਪਰ ਉਸ ਦਿਨ ਇਕ ਫ਼ਰਕ ਹੁੰਦਾ ਹੈ। ਉਸ ਦਿਨ ਫ਼ਰਕ ਇਹ ਹੁੰਦਾ ਹੈ ਕਿ ਮੈਂ ਸਭ ਤੋਂ ਪਹਿਲਾਂ ਕੋਈ ਕੈਨੇਡੀਅਨ ਨਿਊਜ਼ ਸਾਈਟ ਨਹੀਂ, ਬਲਕਿ ਆਪਣੀ ਪਸੰਦ ਵਾਲੀਆਂ ਇੰਡੀਅਨ ਨਿਊਜ਼ ਸਾਈਟਸ ’ਤੇ ਜਾਂਦਾ ਹਾਂ। ਉਸ ਦਿਨ ਮੇਰਾ ਪਹਿਲਾ ਧਿਆਨ ਭਾਰਤ ਵਿਚ ਹੋ ਰਹੀਆਂ ਘਟਨਾਵਾਂ ’ਤੇ ਹੁੰਦਾ ਹੈ। ਮੈਂ ਕਈ ਵਾਰ ਇਸ ਬਾਰੇ ਸੋਚਦਾ ਹਾਂ ਕਿ ਇਹ ਕੀ ਹੈ? ਕਿਉਂ ਮੇਰੇ ਦਿਲ ਦੀ ਪਹਿਲੀ ਖਿੱਚ, ਪਹਿਲੀ ਉਤਸੁਕਤਾ ਭਾਰਤ ਵਿਚ ਹੋ ਰਹੀਆਂ ਘਟਨਾਵਾਂ ਵੱਲ ਜਾਂਦੀ ਹੈ? ਮੈਂ ਇਕ ਕੈਨੇਡੀਅਨ ਸਿਟੀਜ਼ਨ ਹਾਂ। ਮੈਂ ਇਸ ਮੁਲਕ ਨੂੰ ਅਪਣਾਇਆ ਹੈ। ਮੇਰੀ ਪਹਿਲੀ ਵਚਨਬੱਧਤਾ ਉਸ ਮੁਲਕ ਨਾਲ ਹੈ, ਜਿਸ ਦਾ ਮੈਂ ਸਿਟੀਜ਼ਨ ਹਾਂ। ਪਰ ਮੈਂ ਆਪਣੇ ਦਿਲ ਵਿਚੋਂ ਭਾਰਤ ਨੂੰ ਨਹੀਂ ਕੱਢ ਸਕਦਾ। ਆਪਣੇ ਆਪ ਧਿਆਨ ਪਹਿਲਾਂ ਉਸ ਪਾਸੇ ਜਾਂਦਾ ਹੈ। ਇਹ ਮੇਰਾ ਸਹਿਜ ਰੂਪ ਹੈ।

ਆਮ ਕਰਕੇ ਕਈ ਲੋਕ ਇਹ ਸਮਝਦੇ ਹਨ ਜਾਂ ਕਹਿੰਦੇ ਹਨ ਕਿ ਇਨ੍ਹਾਂ ਮੁਲਕਾਂ ਵਿਚ ਰਹਿੰਦੇ ਪੰਜਾਬੀਆਂ ਦਾ ਧਿਆਨ ਪੰਜਾਬ ਵੱਲ ਇਸ ਕਰਕੇ ਜ਼ਿਆਦਾ ਰਹਿੰਦਾ ਹੈ, ਕਿਉਂਕਿ ਉਨ੍ਹਾਂ ਦੀ ਇਨ੍ਹਾਂ ਮੁਲਕਾਂ ਦੇ ਮੁੱਦਿਆਂ ਵਿਚ ਰੁਚੀ ਨਹੀਂ ਹੁੰਦੀ ਜਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ। ਇਸ ਜਾਣਕਾਰੀ ਜਾਂ ਰੁਚੀ ਦੀ ਅਣਹੋਂਦ ਕਾਰਨ ਉਹ ਆਪਣਾ ਧਿਆਨ ਪੰਜਾਬ ਵੱਲ ਹੀ ਰੱਖਦੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਇਨਸਾਨ ਦਾ ਉਸ ਮਿੱਟੀ ਨਾਲ, ਉਸ ਸੱਭਿਆਚਾਰ ਨਾਲ, ਉਸ ਮੁਲਕ ਨਾਲ ਰਿਸ਼ਤਾ ਸਾਡੀ ਆਮ ਸਮਝ ਨਾਲੋਂ ਕਿਤੇ ਗਹਿਰਾ ਹੁੰਦਾ ਹੈ। ਇਨਸਾਨ ਉਸ ਥਾਂ, ਉਸ ਸੱਭਿਆਚਾਰ, ਉਸ ਪਿਛੋਕੜ ਨਾਲੋਂ ਕਦੇ ਟੁੱਟ ਨਹੀਂ ਸਕਦਾ, ਜਿਸ ਵਿਚ ਉਹ ਪੈਦਾ ਹੋਇਆ ਹੋਵੇ। ਥੋੜ੍ਹੀ ਦੇਰ ਲਈ ਕਿਸੇ ਵਕਤੀ ਪ੍ਰਭਾਵ ਦੇ ਥੱਲੇ ਉਸਨੂੰ ਲੱਗ ਸਕਦਾ ਹੈ ਕਿ ਮੈਂ ਆਪਣੀ ਜਨਮਭੂਮੀ ਤੋਂ ਪੂਰੀ ਤਰ੍ਹਾਂ ਟੁੱਟ ਗਿਆ ਹਾਂ, ਪਰ ਇਹ ਝੂਠ ਹੋਵੇਗਾ; ਅਜਿਹਾ ਝੂਠ ਜਿਹੜਾ ਹੋ ਸਕਦਾ ਹੈ ਕਿ ਇਨਸਾਨ ਆਪਣੇ ਆਪ ਨਾਲ ਹੀ ਬੋਲ ਰਿਹਾ ਹੋਵੇ। ਇਹ ਗੱਲ ਐਨੇ ਜ਼ੋਰ ਅਤੇ ਐਨੀ ਸਪੱਸ਼ਟਤਾ ਨਾਲ ਮੈਂ ਨਹੀਂ ਸਾਂ ਕਹਿ ਸਕਦਾ ਜੇ ਮੈਂ ਇਹ ਗੱਲ ਆਪਣੇ ਨਿੱਜੀ ਅਨੁਭਵ ਵਿਚੋਂ ਨਾ ਸਿੱਖੀ ਹੁੰਦੀ।

ਪੰਜਾਬ ਵਿਚ ਜਦੋਂ ਵੀ ਕੋਈ ਮਸਲਾ ਪੈਦਾ ਹੁੰਦਾ ਹੈ, ਜਦੋਂ ਵੀ ਕੋਈ ਲਹਿਰ ਉੱਠਦੀ ਹੈ, ਉਸ ਵਿਚ ਭਾਰਤ ਤੋਂ ਬਾਹਰ ਬੈਠੇ ਪੰਜਾਬੀ ਬਹੁਤ ਜ਼ਿਆਦਾ ਰੁਚੀ ਲੈਂਦੇ ਹਨ। ਨਿੱਜੀ ਤੌਰ ’ਤੇ ਮੈਨੂੰ ਕਈ ਵਾਰ ਇਹ ਬੇਲੋੜਾ ਵੀ ਲੱਗਦਾ ਹੈ। ਜਾਂ ਕਹਿ ਸਕਦਾ ਹਾਂ ਕਿ ਸਿਧਾਂਤਕ ਤੌਰ ’ਤੇ ਗ਼ਲਤ ਲੱਗਦਾ ਹੈ, ਪਰ ਹਕੀਕਤ ਇਹ ਹੈ ਕਿ ਇਹ ਰਿਸ਼ਤਾ ਐਨਾ ਡੂੰਘਾ ਹੈ ਕਿ ਸਿਧਾਂਤਾਂ ਨਾਲ ਨਹੀਂ ਟੁੱਟ ਸਕਦਾ। ਕਿਉਂਕਿ ਇਹ ਰਿਸ਼ਤਾ ਸਿਧਾਂਤਾਂ ਜਾਂ ਵਿਚਾਰਾਂ ਦਾ ਨਹੀਂ, ਜਿਸਮ ਅਤੇ ਮਨ ਦੀਆਂ ਗਹਿਰੀਆਂ ਤੰਦਾਂ ਦਾ ਹੈ। ਪੰਜਾਬ ਵਿਚ ਕਿਸਾਨਾਂ ਦੇ ਤਾਜ਼ਾ ਅੰਦੋਲਨ ਨੂੰ ਲੈ ਕੇ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਅਸੀਂ ਫੇਰ ਦੇਖ ਰਹੇ ਹਾਂ। ਦੂਰ ਬੈਠਾ ਇਨਸਾਨ ਜਿਵੇਂ ਆਪਣੇ ਪਰਿਵਾਰ ਬਾਰੇ ਵੱਧ ਫਿਕਰਮੰਦ ਜਾਂ ਭਾਵੁਕ ਹੋ ਜਾਂਦਾ ਹੈ, ਉਹੀ ਹਾਲ ਵਿਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀਆਂ ਦਾ ਪੰਜਾਬ ਨੂੰ ਲੈ ਕੇ ਹੈ। ਕਿਸੇ ਦੂਜੇ ਮੁਲਕ ਨੂੰ ਰਾਜਨੀਤਕ ਤੌਰ ’ਤੇ ਜਾਂ ਕਾਨੂੰਨੀ ਤੌਰ ’ਤੇ ਅਪਣਾਉਣ ਨਾਲ ਆਪਣਾ ਮੂਲ ਮੁਲਕ ਨਹੀਂ ਛੁੱਟਦਾ। ਜਿਵੇਂ ਅਸੀਂ ਕਈ ਵਾਰ ਖ਼ਬਰਾਂ ਪੜ੍ਹਦੇ ਹਾਂ ਕਿ ਕਿਸੇ ਗੁਆਚੇ ਅਤੇ ਕਿਸੇ ਦੁਆਰਾ ਗੋਦ ਲਏ ਬੱਚੇ ਨੇ ਤੀਹ-ਚਾਲੀ ਸਾਲ ਬਾਅਦ ਆਪਣੇ ਅਸਲੀ ਮਾਂ-ਬਾਪ ਨੂੰ ਲੱਭ ਲਿਆ। ਉਸ ਤਰ੍ਹਾਂ ਦੀ ਹਾਲਤ ਹਰ ਇਨਸਾਨ ਦੀ ਹੈ। ਉਸ ਮਿੱਟੀ ਨਾਲੋਂ ਨਹੀਂ ਟੁੱਟਿਆ ਜਾਂਦਾ, ਜਿਸ ਵਿਚ ਕੋਈ ਇਨਸਾਨ ਜਨਮਦਾ ਹੈ। ਜਿਸ ਥਾਂ ਵੱਡਾ ਹੁੰਦਾ ਹੈ। ਜਿਹੜੀ ਬੋਲੀ ਅਤੇ ਖਾਣਾ ਉਸ ਨੇ ਬਚਪਨ ਵਿਚ ਖਾਧਾ ਹੁੰਦਾ ਹੈ, ਉਹ ਇਨਸਾਨ ਦੇ ਅੰਦਰੋਂ ਖ਼ਤਮ ਨਹੀਂ ਹੁੰਦਾ। ਇਹ ਰਿਸ਼ਤਾ ਸਾਡੀ ਆਮ ਸਮਝ ਨਾਲੋਂ ਕਿਤੇ ਗਹਿਰਾ ਹੈ। ਸ਼ਿਵ ਕੁਮਾਰ ਦੇ ਇਕ ਗੀਤ ਦੀਆਂ ਸਤਰਾਂ ਹਨ:

ਇਹ ਸਰ ਕਿੰਨੇ ਕੁ ਡੂੰਘੇ ਨੇ

ਕਿਸੇ ਨੇ ਹਾਥ ਨਾ ਪਾਈ

ਨਾ ਬਰਸਾਤਾਂ ਵਿਚ ਚੜ੍ਹਦੇ ਨੇ

ਤੇ ਨਾ ਔੜਾਂ ’ਚ ਸੁੱਕਦੇ ਨੇ

ਸੱਚਮੁੱਚ ਇਹ ਖਿੱਚ ਕਿਸੇ ਬਹੁਤ ਗਹਿਰੇ ਤਲ ਤੋਂ ਆ ਰਹੀ ਹੈ। ਮੈਂ ਆਪਣੇ ਅੰਦਰ ਝਾਤ ਮਾਰ ਕੇ ਕਹਿ ਸਕਦਾ ਹਾਂ ਕਿ ਇਸ ਜੀਵਨ ਵਿਚ ਮੇਰੇ ਅੰਦਰੋਂ ਭਾਰਤ ਖ਼ਤਮ ਨਹੀਂ ਹੋ ਸਕਦਾ। ਇਹ ਅਹਿਸਾਸ ਹੋਣ ਤੋਂ ਬਾਅਦ ਮੈਨੂੰ ਹੁਣ ਆਪਣੇ ਲੋਕਾਂ ’ਤੇ ਇਹ ਗਿਲਾ ਨਹੀਂ ਹੁੰਦਾ ਕਿ ਉਹ ਪੰਜਾਬ ਦੀ ਰਾਜਨੀਤੀ ਵਿਚ ਐਨੀ ਰੁਚੀ ਕਿਉਂ ਲੈਂਦੇ ਹਨ? 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All