ਕੈਨੇਡਾ ’ਚ ਨਵੇਂ ਆਏ ਪੰਜਾਬੀ ਬਜ਼ੁਰਗਾਂ ਦਾ ਸਨਮਾਨ
ਵਿਨੀਪੈਗ: ਵੈਲਕਮ ਪਾਰਟੀ ਕੈਨੇਡੀਅਨ ਸੁਸਾਇਟੀ ਦਾ ਇੱਕ ਅਨਿੱਖੜਵਾਂ ਅੰਗ ਹੈ। ਨਵੇਂ ਆਏ ਪਰਵਾਸੀਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਖੁਸ਼ਆਮਦੀਦ ਕਹਿਣ, ਉਨ੍ਹਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਨੂੰ ਕੈਨੇਡੀਅਨ ਸੱਭਿਆਚਾਰ ਵਿੱਚ ਰਚਣ-ਮਿਲਣ ਲਈ ਕਮਿਊਨਿਟੀ ਸੰਸਥਾਵਾਂ ਅਤੇ ਸਥਾਨਕ ਗਰੁੱਪਾਂ ਵੱਲੋਂ ਅਜਿਹੇ ਸਵਾਗਤੀ ਸਮਾਗਮ...
ਵਿਨੀਪੈਗ: ਵੈਲਕਮ ਪਾਰਟੀ ਕੈਨੇਡੀਅਨ ਸੁਸਾਇਟੀ ਦਾ ਇੱਕ ਅਨਿੱਖੜਵਾਂ ਅੰਗ ਹੈ। ਨਵੇਂ ਆਏ ਪਰਵਾਸੀਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਖੁਸ਼ਆਮਦੀਦ ਕਹਿਣ, ਉਨ੍ਹਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਨੂੰ ਕੈਨੇਡੀਅਨ ਸੱਭਿਆਚਾਰ ਵਿੱਚ ਰਚਣ-ਮਿਲਣ ਲਈ ਕਮਿਊਨਿਟੀ ਸੰਸਥਾਵਾਂ ਅਤੇ ਸਥਾਨਕ ਗਰੁੱਪਾਂ ਵੱਲੋਂ ਅਜਿਹੇ ਸਵਾਗਤੀ ਸਮਾਗਮ ਉਲੀਕੇ ਜਾਂਦੇ ਹਨ। ਇਸੇ ਤਹਿਤ ਮੈਪਲ ਇੰਡੋ ਕੈਨੇਡੀਅਨ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਿਨੀਪੈਗ ਵੱਲੋਂ ਬਜ਼ੁਰਗਾਂ ਦੇ ਪੰਜਾਬ ਤੋਂ ਕੈਨੇਡਾ ਪੁੱਜਣ ਮੌਕੇ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮੈਂਬਰ ਪਾਰਲੀਮੈਂਟ ਕੇਵਨ ਲੈਮਰੂਕਸ, ਮੈਨੀਟੋਬਾ ਦੇ ਮੰਤਰੀ ਮਿੰਟੂ ਸੰਧੂ, ਵਿਧਾਇਕ ਦਲਜੀਤ ਪਾਲ ਸਿੰਘ ਬਰਾੜ ਅਤੇ ਜੇ ਡੀ ਦੇਵਗਨ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਦੇ ਬਜ਼ੁਰਗਾਂ ਵੱਲੋਂ ਕੈਨੇਡਾ ਵਿੱਚ ਸਖ਼ਤ ਮਿਹਨਤ ਕਰਕੇ ਆਪਣੇ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕੀਤਾ ਗਿਆ ਹੈ ਅਤੇ ਉਸ ਦੇ ਨਾਲ ਪੰਜਾਬੀਆਂ ਦਾ ਮਾਣ ਸਨਮਾਨ ਵੀ ਵਧਾਇਆ ਹੈ। ਇਸ ਸਮਾਗਮ ਵਿੱਚ ਦਸਮੇਸ਼ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਨਾਚ ਭੰਗੜਾ ਪਾ ਕੇ ਬਜ਼ੁਰਗਾਂ ਨੂੰ ਜੀ ਆਇਆ ਕਿਹਾ ਗਿਆ। ਇਸ ਦੌਰਾਨ ਵੱਖ-ਵੱਖ ਕਵੀਆਂ ਨੇ ਕਵਿਤਾਵਾਂ ਵੀ ਪੇਸ਼ ਕੀਤੀਆਂ। ਐਸੋਸੀਏਸ਼ਨ ਦੇ ਪ੍ਰਧਾਨ ਕੌਰ ਸਿੰਘ ਧਾਲੀਵਾਲ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਦੇ ਸਨਮਾਨ ਲਈ ਹਰ ਸਾਲ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਂਦੇ ਹਨ।
ਇਨ੍ਹਾਂ ਪਾਰਟੀਆਂ ਰਾਹੀਂ ਨਵੇਂ ਲੋਕਾਂ ਨੂੰ ਪੁਰਾਣੇ ਵਸਨੀਕਾਂ ਅਤੇ ਪਰਿਵਾਰਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਅਤੇ ਵੱਖ-ਵੱਖ ਪਿਛੋਕੜਾਂ ਤੋਂ ਆਏ ਲੋਕਾਂ ਦੇ ਸਵਾਗਤ ਲਈ ਖਾਣ-ਪੀਣ, ਸੰਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸ ਮੌਕੇ ਸੁਖਵੰਤ ਕਿੰਗਰਾ, ਕੌਰ ਸਿੱਧੂ, ਜੋਗਿੰਦਰ ਧਾਮੀ, ਭਗਵਾਨ ਸਿੰਘ, ਡਾ. ਚਾਹਲ, ਗੁਲਵਿੰਦਰ ਸੰਧੂ, ਰਵਿੰਦਰ ਸਿੰਘ, ਦਰਸ਼ਨ ਸਿੰਘ ਗਿੱਲ, ਗੁਰਿੰਦਰ ਸਿੰਘ ਅਤੇ ਐੱਮ ਪੀ ਸਿੰਘ ਆਦਿ ਹਾਜ਼ਰ ਸਨ।

