ਹਰਜੀਤ ਅਟਵਾਲ
ਛੁੱਟੀ ਅਜਿਹਾ ਸ਼ਬਦ ਹੈ ਜਿਸ ਨੂੰ ਸੁਣਕੇ ਕੰਨ ਬਹੁਤ ਖ਼ੁਸ਼ ਹੁੰਦੇ ਹਨ। ਛੁੱਟੀ ਭਾਵ ਜ਼ਿੰਮੇਵਾਰੀ ਤੋਂ ਮੁਕਤੀ। ਮੋਟੇ ਤੌਰ ’ਤੇ ਛੁੱਟੀ ਦਾ ਮਤਲਬ, ਤੁਸੀਂ ਆਪਣੇ ਰੋਜ਼ਾਨਾ ਕੰਮ ਨੂੰ ਛੱਡ ਕੇ ਆਰਾਮ ਕਰਦੇ ਹੋ ਜਾਂ ਕੋਈ ਹੋਰ ਮਨਭਾਉਂਦੇ ਤਰੀਕੇ ਨਾਲ ਦਿਨ ਬਤੀਤ ਕਰਦੇ ਹੋ। ਜੇ ਮਨੁੱਖਤਾ ਦੇ ਪਿਛੋਕੜ ਵੱਲ ਜਾਈਏ ਤਾਂ ਛੁੱਟੀ ਦਾ ਵਾਹ ਧਰਮ ਜਾਂ ਸੱਭਿਆਚਾਰ ਨਾਲ ਜੁੜਦਾ ਹੈ। ਜਦੋਂ ਵੀ ਲੋਕਾਂ ਨੇ ਕੋਈ ਧਾਰਮਿਕ ਦਿਵਸ ਮਨਾਉਣਾ ਹੁੰਦਾ ਹੋਵੇਗਾ ਤਾਂ ਰੋਜ਼ਾਨਾ ਦੇ ਕੰਮਾਂ ਨੂੰ ਅੱਗੇ ਪਾ ਲੈਂਦੇ ਹੋਣਗੇ। ਦੀਵਾਲੀ, ਹੋਲੀ, ਕ੍ਰਿਸਮਸ, ਈਦ ਆਦਿ ਵਰਗੇ ਤਿਓਹਾਰ ਸਦੀਆਂ ਤੋਂ ਮਨਾਏ ਜਾਂਦੇ ਆ ਰਹੇ ਹਨ। ਆਧੁਨਿਕ ਯੁੱਗ ਵਿਚ ਛੁੱਟੀਆਂ ਦੀ ਰੂਪ-ਰੇਖਾ ਸਰਕਾਰ, ਧਾਰਮਿਕ ਸੰਸਥਾਵਾਂ ਜਾਂ ਹੋਰ ਗਰੁੱਪ/ਸੰਸਥਾਵਾਂ ਵੱਲੋਂ ਤੈਅ ਕੀਤੀ ਜਾਂਦੀ ਹੈ। ਕਈ ਵਾਰ ਪੂਰੇ ਦਿਨ ਦੀ ਛੁੱਟੀ ਨਾ ਕਰਕੇ ਅੱਧੇ ਦਿਨ ਦੀ ਛੁੱਟੀ ਵੀ ਕੀਤੀ ਜਾਂਦੀ ਹੈ। ਸ਼ਨਿਚਰਵਾਰ ਵਾਲੀ ਅੱਧੀ ਛੁੱਟੀ ਇਸੇ ਦਾ ਹਿੱਸਾ ਹੈ। ਕਈ ਥਾਵਾਂ ’ਤੇ ਵਰਕਿੰਗ ਹੌਲੀਡੇਅ ਦਾ ਰਿਵਾਜ ਵੀ ਹੈ, ਭਾਵ ਛੁੱਟੀ ਵਾਲੇ ਦਿਨ ਵੀ ਕੰਮ। ਅਮਰੀਕਨ ਜਿਊਆਂ ਵਿਚ ਛੁੱਟੀ ਦੀ ਇਕ ਪ੍ਰਥਾ ਹੈ ਜਿਸ ਨੂੰ ਹੈਨੁਕਾਹ ਕਹਿੰਦੇ ਹਨ। ਇਸ ਦਿਨ ਲੋਕ ਕੰਮ ਤਾਂ ਕਰਦੇ ਹਨ, ਪਰ ਇਸ ਦੀ ਰੁਟੀਨ ਬਦਲ ਕੇ।
ਅੰਗਰੇਜ਼ੀ ਵਿਚ ਛੁੱਟੀਆਂ ਲਈ ਕਈ ਸ਼ਬਦ ਹਨ। ਪ੍ਰਚੱਲਤ ਸ਼ਬਦ ਤਾਂ ਹੌਲੀਡੇਅ ਹੀ ਹੈ, ਪਰ ਕਈ ਲੋਕ ਇਸ ਨੂੰ ਜ਼ਰਾ ਸੁਧਾਰ ਕੇ ‘ਵਕੇਸ਼ਨ’ ਸ਼ਬਦ ਵੀ ਵਰਤ ਲੈਂਦੇ ਹਨ। ਦਫ਼ਰਤੀ ਬੋਲੀ ਵਿਚ ਇਸ ਨੂੰ ‘ਲੀਵ’ ਵੀ ਕਿਹਾ ਜਾਂਦਾ ਹੈ। ਤੁਸੀਂ ਨਵੀਂ ਨੌਕਰੀ ’ਤੇ ਲੱਗਦੇ ਹੋ ਤਾਂ ਜ਼ਰੂਰ ਪੁੱਛਦੇ ਹੋ ਕਿ ਐਨੂਅਲ-ਲੀਵ (ਸਾਲਾਨਾ-ਛੁੱਟੀਆਂ) ਕਿੰਨੀਆਂ ਹਨ? ਇਹ ਛੁੱਟੀਆਂ ਤਨਖਾਹ ਸਮੇਤ ਹੁੰਦੀਆਂ ਹਨ। ਹਰ ਦੇਸ਼ ਵਿਚ ਨੈਸ਼ਨਲ, ਧਾਰਮਿਕ ਜਾਂ ਸੱਭਿਆਚਾਰਕ ਛੁੱਟੀਆਂ ਵੀ ਹੁੰਦੀਆਂ ਹਨ ਜੋ ਹਰ ਮੁਲਕ ਦੇ ਧਰਮ ਤੇ ਸੱਭਿਆਚਾਰ ਦੇ ਹਿਸਾਬ ਨਾਲ ਮਿਲਦੀਆਂ ਹਨ। ਇਸਲਾਮਿਕ ਮੁਲਕਾਂ ਤੇ ਇਸਾਈ ਮੁਲਕਾਂ ਦੀਆਂ ਛੁੱਟੀਆਂ ਦਾ ਭਿੰਨ ਹੋਣਾ ਕੁਦਰਤੀ ਹੈ। ਭਾਰਤ ਵਿੱਚ ਕਈ ਧਰਮ ਹੋਣ ਕਰਕੇ ਛੁੱਟੀਆਂ ਦਾ ਸਦਾ ਹੀ ਰੌਲ਼ਾ ਪਿਆ ਰਹਿੰਦਾ ਹੈ। ਇੰਗਲੈਂਡ ਵਿੱਚ ਅੱਠ ਨੈਸ਼ਨਲ ਜਾਂ ਬੈਂਕ ਹੌਲੀਡੇਜ਼ ਹਨ ਤੇ ਹਰ ਹੌਲੀਡੇਅ ਦਾ ਇਕ ਵੱਖਰਾ ਇਤਿਹਾਸ ਹੈ। ਯੂਕੇ ਵਿੱਚ ਹੁਣ ਕਈ ਧਰਮ ਹੋ ਗਏ ਹਨ। ਹਰ ਧਰਮ ਵਾਲਾ ਆਪਣੇ ਖ਼ਾਸ ਦਿਨਾਂ ਦੀ ਛੁੱਟੀ ਮੰਗਦਾ ਹੈ। ਸਕੂਲਾਂ ਵਿੱਚ ਸਰਕਾਰ ਨੇ ਨੀਤੀ ਅਪਣਾਈ ਹੈ ਕਿ ਵਿਦਿਆਰਥੀ ਆਪਣੇ ਧਾਰਮਿਕ ਦਿਵਸ ’ਤੇ ਛੁੱਟੀ ਕਰ ਸਕਦੇ ਹਨ।
ਹਫ਼ਤੇ ਵਿੱਚ ਇੱਕਾ-ਦੁੱਕਾ ਛੁੱਟੀਆਂ ਦੇ ਨਾਲ-ਨਾਲ ਸਾਲਾਨਾ ਛੁੱਟੀਆਂ ਦੀ ਜ਼ਿਆਦਾ ਮਹੱਤਤਾ ਹੈ। ਮੈਨੂੰ ਜਾਪਦਾ ਹੈ ਕਿ ਹੋਰ ਬਹੁਤ ਸਾਰੀਆਂ ਕਾਢਾਂ ਵਾਂਗ ਸਾਲਾਨਾ ਛੁੱਟੀਆਂ ਦੀ ਕਾਢ ਵੀ ਪੱਛਮ ਵਿੱਚ ਹੀ ਹੋਈ ਹੋਵੇਗੀ ਜਿਸ ਨੇ ਅੱਗੇ ਜਾ ਕੇ ਟੂਰਿਜ਼ਮ ਦਾ ਰੂਪ ਧਾਰਿਆ। ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਤਾਂ ਜ਼ਰੂਰ ਅੰਗਰੇਜ਼ਾਂ ਦੀ ਦੇਣ ਹੋਵੇਗੀ। ਇੰਗਲੈਂਡ ਵਿੱਚ ਲੰਮੀਆਂ ਛੁੱਟੀਆਂ ਦੀ ਪਰੰਪਰਾ ਉਨੀਵੀਂ ਸਦੀ ਵਿੱਚ ਜ਼ੋਰ ਫੜਦੀ ਹੈ। ਵੀਹਵੀਂ ਸਦੀ ਤੋਂ ਪੱਛਮ ਵਿੱਚ ਸਾਲਾਨਾ ਛੁੱਟੀਆਂ ’ਤੇ ਜਾਣਾ ਹਰ ਕੋਈ ਜ਼ਰੂਰੀ ਸਮਝਣ ਲੱਗਦਾ ਹੈ। ਹੁਣ ਤਾਂ ਸਾਲ ਵਿੱਚ ਇਕ ਵਾਰ ਛੁੱਟੀਆਂ ’ਤੇ ਜਾਣਾ ਲੋੜ ਬਣ ਚੁੱਕਾ ਹੈ। ਭਾਰਤ ਵਿੱਚ ਵੀ ਉੱਪਰਲੀ ਮਿਡਲ ਕਲਾਸ ਵਿੱਚ ਇਹ ਰੁਝਾਨ ਪੂਰੀ ਤਰ੍ਹਾਂ ਘਰ ਕਰੀਂ ਬੈਠਾ ਹੈ। ਵੈਸੇ ਜੇ ਅਸੀਂ ਆਪਣਾ ਇਤਿਹਾਸ ਦੇਖੀਏ ਤਾਂ ਸ਼ਾਇਦ ਹੀ ਮਹਾਂਭਾਰਤ ਜਾਂ ਰਮਾਇਣ ਵਿੱਚ ਛੁੱਟੀਆਂ ਦਾ ਜ਼ਿਕਰ ਆਇਆ ਹੋਵੇਗਾ।
ਅੱਜ ਦੇ ਯੁੱਗ ਵਿੱਚ ਜਿਹੜੇ ਲੋਕ ਨੌਕਰੀਆਂ ਕਰਦੇ ਹਨ ਉਹੀ ਛੁੱਟੀਆਂ ਵੱਲ ਝਾਕਦੇ ਹਨ। ਸੈਲਫ ਇੰਪਲਾਇਡ ਲੋਕ (ਆਪਣੇ ਆਪ ਲਈ ਕੰਮ ਕਰਨ ਵਾਲੇ) ਘੱਟ ਹੀ ਛੁੱਟੀ ਕਰਦੇ ਹਨ। ਮੈਂ ਜਿੰਨਾ ਚਿਰ ਆਪਣਾ ਕਾਰੋਬਾਰ ਕੀਤਾ ਹੈ ਕਦੇ ਛੁੱਟੀ ਨਹੀਂ ਕੀਤੀ, ਨਾ ਹੀ ਬਿਮਾਰ ਹੋਣਾ ਬਰਦਾਸ਼ਤ ਕਰ ਸਕਿਆ ਹਾਂ। ਹੁਣ ਜਦੋਂ ਤੋਂ ਬੇਗਾਨੀ ਨੌਕਰੀ ਸ਼ੁਰੂ ਕੀਤੀ ਹੈ ਤੇ ਛੁੱਟੀਆਂ ਵੱਲ ਝਾਕ ਬਣਨ ਲੱਗੀ ਹੈ, ਹੁਣ ਇਨ੍ਹਾਂ ਦੀ ਲੋੜ ਸਮਝ ਪੈਂਦੀ ਹੈ। ਹਰ ਇਕ ਕਾਮੇ ਲਈ ਸਾਲ ਵਿੱਚ ਇਕ ਵਾਰ ਛੁੱਟੀਆਂ ਬਹੁਤ ਜ਼ਰੂਰੀ ਹਨ। ਆਪਣੇ ਰੋਜ਼ਮਰ੍ਹਾ ਦੇ ਜੀਵਨ ਤੋਂ ਕੁਝ ਦਿਨਾਂ ਲਈ ਦੂਰ ਜਾਣਾ ਲਾਜ਼ਮੀ ਹੈ। ਇਹ ਤੁਹਾਨੂੰ ਚਾਰਜ ਕਰਕੇ ਵਧੇਰੇ ਕੰਮ ਲਈ ਤਿਆਰ ਕਰਦਾ ਹੈ। ਤੁਸੀਂ ਛੁੱਟੀਆਂ ਕੱਟਣ ਕਿਤੇ ਵੀ ਜਾ ਸਕਦੇ ਹੋ। ਸਾਡੇ ਵੇਲਿਆਂ ਵੇਲੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੀਂ ਜਾਣ ਦਾ ਰਿਵਾਜ ਸੀ। ਮੇਰੀ ਪੀੜ੍ਹੀ ਦੇ ਲੋਕ ਜੋ ਵਿਦੇਸ਼ਾਂ ਵਿੱਚ ਰਹਿੰਦੇ ਹਨ ਆਪਣੀਆਂ ਛੁੱਟੀਆਂ ਵਿੱਚ ਭਾਰਤ ਜਾਇਆ ਕਰਦੇ ਸਨ। ਸ਼ਾਇਦ ਹੀ ਕਿਸੇ ਨੇ ਭਾਰਤ ਬਿਨਾਂ ਕਿਤੇ ਹੋਰ ਜਾਣ ਦਾ ਸੋਚਿਆ ਹੋਵੇ। ਜਦ ਭਾਰਤ ਵਾਲੇ ਸਾਡੇ ਘਰ ਢਹਿ ਗਏ ਤੇ ਰਿਸ਼ਤੇਦਾਰ ਤੰਗ ਕਰਨ ਲੱਗ ਪਏ ਤਾਂ ਅਸੀਂ ਕੈਨੇਡਾ-ਅਮਰੀਕਾ ਦਾ ਰੁਖ਼ ਕਰ ਲਿਆ, ਉਹ ਵੀ ਦੋਸਤਾਂ ਤੇ ਰਿਸ਼ਤੇਦਾਰਾਂ ਕੋਲ ਹੀ। ਇਹ ਤਾਂ ਜਦ ਬੱਚੇ ਵੱਡੇ ਹੋਏ ਉਨ੍ਹਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ ਨਾਲ ਇਹ ਵੀ ਸਿਖਾਇਆ ਕਿ ਛੁੱਟੀਆਂ ਹੋਟਲ ਜਾਂ ਵਿਲਾ ਬੁੱਕ ਕਰਾ ਕੇ ਮਾਣੀਆਂ ਜਾ ਸਕਦੀਆਂ ਹਨ ਜਾਂ ਕਰੂਜ਼ ਆਦਿ ’ਤੇ ਜਾ ਕੇ। ਕਿਸੇ ਰਿਸ਼ਤੇਦਾਰ ਜਾਂ ਦੋਸਤ ਦੇ ਘਰ ਜਾ ਕੇ ਉਸ ਨੂੰ ਤੰਗ ਕਰਨ ਨੂੰ ਛੁੱਟੀਆਂ ਨਹੀਂ ਕਿਹਾ ਜਾ ਸਕਦਾ।
ਛੁੱਟੀਆਂ ਵਿੱਚ ਤੁਸੀਂ ਕਿੱਥੇ ਜਾਣਾ ਹੈ? ਇਹ ਵੀ ਬਹੁਤ ਵੱਡਾ ਸਵਾਲ ਹੈ। ਪਰ ਇਸ ਦਾ ਜਵਾਬ ਵੀ ਹੈ। ਛੁੱਟੀਆਂ ਦੀ ਮੰਜ਼ਿਲ ਬਾਰੇ, ਛੁੱਟੀਆਂ ਦੇ ਪ੍ਰਬੰਧ ਬਾਰੇ ਬਹੁਤ ਸਾਰੀਆਂ ਏਜੰਸੀਆਂ ਬਣੀਆਂ ਹੋਈਆਂ ਹਨ। ਇਹ ਤੁਹਾਡਾ ਮਨਭਾਉਂਦੀਆਂ ਥਾਵਾਂ ਲੱਭ ਦਿੰਦੀਆਂ ਹਨ। ਇਨ੍ਹਾਂ ਕੋਲ ਇਕ ਨਹੀਂ ਸੈਂਕੜੇ ਟਿਕਾਣੇ ਹੁੰਦੇ ਹਨ। ਇਨ੍ਹਾਂ ਉੱਪਰ ਮੌਸਮ ਦੇ ਹਿਸਾਬ ਨਾਲ ਵਿਸ਼ੇਸ਼ ਪੇਸ਼ਕਸ਼ਾਂ (ਔਫਰਜ਼) ਲੱਗਦੀਆਂ ਰਹਿੰਦੀਆਂ ਹਨ। ਇਹ ਸਾਰੀ ਤਕਰੀਬਨ ਦੁਕਾਨ ਤੋਂ ਸੌਦਾ ਖ਼ਰੀਦਣ ਵਰਗੀ ਪ੍ਰਕਿਰਿਆ ਹੀ ਹੈ। ਤੁਹਾਨੂੰ ਪੈਕੇਜ ਡੀਲ ਵੀ ਮਿਲਦੀ ਹੈ ਜਿਸ ਵਿਚ ਕਿਰਾਇਆ, ਰਹਿਣਾ, ਖਾਣਾ-ਪੀਣਾ ਆਦਿ ਸ਼ਾਮਲ ਹੁੰਦਾ ਹੈ। ਇਹ ਸਭ ਕੁਝ ਟੂਰਿਜ਼ਮ ਵਿੱਚ ਆਉਂਦਾ ਹੈ। ਟੂਰਿਜ਼ਮ ਇਸ ਵੇਲੇ ਆਪਣੇ ਆਪ ਵਿੱਚ ਇਕ ਪੂਰੀ ਇੰਡਸਟਰੀ ਹੈ ਜਿਸ ਵਿੱਚ ਬਿਲੀਅਨ ਡਾਲਰ ਸ਼ਾਮਲ ਹਨ। ਕਈ ਮੁਲਕਾਂ ਨੇ ਤਾਂ ਇਸ ਇੰਡਸਟਰੀ ਨੂੰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਮੰਤਰਾਲੇ ਬਣਾਏ ਹੋਏ ਹਨ। ਕਰੋਨਾ ਨੇ ਇਸ ਕਾਰੋਬਾਰ ਨੂੰ ਭਾਰੀ ਸੱਟ ਮਾਰੀ ਹੈ। ਸ਼ਾਇਦ ਇਸੇ ਕਾਰੋਬਾਰ ਨੂੰ ਹੀ ਸਭ ਤੋਂ ਵੱਧ ਨੁਕਸਾਨ ਹੋਇਆ ਹੋਵੇਗਾ। ਕਰੋਨਾ ਘਟਣ ਨਾਲ ਫਿਰ ਲੋਕ ਨਿਕਲ ਰਹੇ ਹਨ। ਟਰੈਵਲ ਏਜੰਟ ਮੁੜ ਸਰਗਰਮ ਹੋ ਰਹੇ ਹਨ। ਟੂਰਿਜ਼ਮ ਵਾਲੀਆਂ ਥਾਵਾਂ ਸਜਾਈਆਂ ਜਾ ਰਹੀਆਂ ਹਨ। ਕਰੂਜ਼ ’ਤੇ ਜਾਣ ਵਾਲੀਆਂ ਛੁੱਟੀਆਂ ਤਾਂ ਅੱਧੀ ਕੀਮਤ ਵਿੱਚ ਮਿਲ ਰਹੀਆਂ ਹਨ। ਇਕ ਸਰਵੇ ਅਨੁਸਾਰ ਛੁੱਟੀਆਂ ’ਤੇ ਨਾ ਜਾ ਸਕਣ ਕਾਰਨ ਯੂਕੇ ਦੇ ਕਈ ਲੋਕ ਨੀਮ-ਪਾਗਲਪਣ ਦਾ ਸ਼ਿਕਾਰ ਹੋ ਰਹੇ ਸਨ।
ਆਮ ਕਰਕੇ ਲੋਕ ਆਪਣੇ ਪਰਿਵਾਰ ਨਾਲ ਛੁੱਟੀਆਂ ’ਤੇ ਜਾਂਦੇ ਹਨ ਤੇ ਕੁਝ ਦੋਸਤਾਂ ਨਾਲ ਜਾ ਕੇ ਖ਼ੁਸ਼ ਰਹਿੰਦੇ ਹਨ, ਪਰ ਮੈਂ ਬਹੁਤ ਵਾਰੀ ਇਕੱਲੇ ਲੋਕ ਵੀ ਛੁੱਟੀਆਂ ’ਤੇ ਗਏ ਦੇਖੇ ਹਨ। ਪਹਿਲੀ ਵਾਰ ਕਿਹੜਾ ਬੰਦਾ ਛੁੱਟੀਆਂ ’ਤੇ ਗਿਆ ਹੋਵੇਗਾ ਇਸ ਬਾਰੇ ਤਾਂ ਬਹੁਤਾ ਨਹੀਂ ਕਿਹਾ ਜਾ ਸਕਦਾ, ਪਰ ਪਹਿਲੀ ਵਾਰ ਛੁੱਟੀਆਂ ਕੱਟਣ ਦਾ ਇੰਤਜ਼ਾਮ ਕਿਸ ਨੇ ਕੀਤਾ ਸੀ ਇਸ ਬਾਰੇ ਪਤਾ ਹੈ ਭਾਵ ਕਿ ਪਹਿਲੇ ਟਰੈਵਲ ਏਜੰਟ ਦੀ ਨਿਸ਼ਾਨਦੇਹੀ ਹੁੰਦੀ ਹੈ। ਇਹ ਯੂਕੇ ਦਾ ਥੌਮਸ ਕੁੱਕ ਸੀ ਜਿਸ ਨੇ ਪਹਿਲੀ ਵਾਰ 5 ਜੁਲਾਈ 1841 ਨੂੰ ਕੁਝ ਲੋਕਾਂ ਦਾ ਛੁੱਟੀਆਂ ’ਤੇ ਜਾਣ ਦਾ ਇੰਤਜ਼ਾਮ ਕੀਤਾ ਸੀ। ਇਹ ਲੋਕ ਛੁੱਟੀਆਂ ਲਈ ਲੈਸਟਰ ਤੋਂ ਲੌਫਬੌਰੌ ਗਏ। ਛੁੱਟੀਆਂ ’ਤੇ ਜਾਣ ਦੀ ਮੰਜ਼ਿਲ ਦੂਰ ਤਾਂ ਨਹੀਂ ਸੀ, ਸਿਰਫ਼ ਗਿਆਰਾਂ ਮੀਲ, ਪਰ ਇਹ ਬਰਸਾਤ ਦੀ ਪਹਿਲੀ ਬੂੰਦ ਵਾਂਗ ਸੀ। ਥੌਮਸ ਕੁੱਕ ਨੇ ਇਨ੍ਹਾਂ ਲੋਕਾਂ ਨੂੰ ਰੇਲ ਰਾਹੀਂ ਛੁੱਟੀਆਂ ’ਤੇ ਭੇਜਿਆ ਸੀ। ਉਦੋਂ ਰੇਲ ਵੀ ਨਵੀਂ ਚੀਜ਼ ਸੀ। ਫਿਰ ਉਸ ਨੇ ਕੁਝ ਹੋਰ ਦੂਰ ਦੀ ਬੁਕਿੰਗ ਸ਼ੁਰੂ ਕੀਤੀ। 1855 ਵਿੱਚ ਉਸ ਨੇ ਆਪਣੇ ਗਾਹਕਾਂ ਨੂੰ ਦੂਜੇ ਦੇਸ਼ਾਂ ਵਿੱਚ ਛੁੱਟੀਆਂ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਸੀ। ਥੌਮਸ ਕੁੱਕ ਦੀ 1892 ਵਿੱਚ ਮੌਤ ਹੋਈ, ਉਸ ਨੇ ਆਪਣੇ ਜੀਵਨ ਕਾਲ ਵਿੱਚ ਹਜ਼ਾਰਾਂ ਲੋਕਾਂ ਨੂੰ ਲੱਖਾਂ ਮੀਲਾਂ ਦਾ ਸਫ਼ਰ ਕਰਵਾਇਆ। ਉਸ ਤੋਂ ਬਾਅਦ ਉਸ ਦਾ ਕਾਰੋਬਾਰ ਉਸ ਦੀ ਅਗਲੀ ਪੀੜ੍ਹੀ ਨੇ ਸੰਭਾਲਿਆ ਤੇ ਅੱਜ ਥੌਮਸ ਕੁੱਕ ਨਾਂ ਦੀ ਟਰੈਵਲ ਏਜੰਸੀ ਦੁਨੀਆਂ ਦੀ ਬਹੁਤ ਵੱਡੀ ਕੰਪਨੀ ਹੈ ਜੋ ਦੁਨੀਆ ਭਰ ਵਿੱਚ ਫੈਲੀ ਹੋਈ ਹੈ ਤੇ ਜਿਸ ਦੇ ਆਪਣੇ ਹਵਾਈ ਜਹਾਜ਼ ਵੀ ਹਨ ਤੇ ਕਈ ਸੌ ਮਿਲੀਅਨ ਡਾਲਰ ਦਾ ਕਾਰੋਬਾਰ ਕਰਦੇ ਹਨ। ਇਸ ਤਰ੍ਹਾਂ ਥੌਮਸ ਕੁੱਕ ਟੂਰਿਜ਼ਮ ਦਾ ਪਿਤਾਮਾ ਹੈ।
ਛੁੱਟੀਆਂ ਬਾਰੇ ਲਿਖਦੇ ਹੋਏ ਇਕ ਲੇਖਕ ਟੋਨੀ ਪੈਰੋਟੇਟ ਲਿਖਦਾ ਹੈ ਕਿ ਛੁੱਟੀਆਂ ਕੱਟਣ ਦਾ ਰਿਵਾਜ ਰੋਮਨ ਯੁੱਗ ਤੋਂ ਹੁੰਦਾ ਹੈ। ਉਂਜ ਰੋਮਨਾਂ ਨੂੰ ਛੁੱਟੀਆਂ ਕੱਟਣ ਵਾਲੇ ਲੋਕ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਤਾਂ ਗਲੈਡੀਏਟਰ ਲੜਾਈਆਂ ਵਿੱਚੋਂ ਮਨੋਰੰਜਨ ਲੱਭਦੇ ਸਨ। ਰੋਮਨਾਂ ਦਾ ਇਕ ਮਨੋਰੰਜਨ ਹੋਰ ਵੀ ਸੀ- ਖਾਣਾ-ਖਾਣਾ। ਉਹ ਏਨਾ ਖਾਣਾ ਖਾਂਦੇ ਕਿ ਬਿਮਾਰ ਹੋਣ ਤੱਕ ਖਾਂਦੇ ਰਹਿੰਦੇ। ਫਿਰ ਰੋਮਨਾਂ ਦੀ ਕਈ ਸਦੀਆਂ ਚੜ੍ਹਾਈ ਰਹੀ ਹੈ, ਉਨ੍ਹਾਂ ਕੋਲ ਮੁਲਕ ਜਿੱਤਣ ਤੋਂ ਹੀ ਵਿਹਲ ਨਹੀਂ ਸੀ, ਛੁੱਟੀਆਂ ਕਿਹੜੇ ਵੇਲੇ ਕਰਦੇ। ਪਰ ਕਿਹਾ ਜਾਂਦਾ ਹੈ ਕਿ ਛੁੱਟੀਆਂ ’ਤੇ ਜਾਣ ਦੀ ਸ਼ੁਰੂਆਤ ਰੋਮਨਾਂ ਨੇ ਹੀ ਕੀਤੀ। ਉਹ ਆਪਣੇ ਸਿਪਾਹੀਆਂ ਤੇ ਹੋਰ ਵਿਸ਼ੇਸ਼ ਕਰਮਚਾਰੀਆਂ ਨੂੰ ਛੁੱਟੀਆਂ ’ਤੇ ਭੇਜਦੇ ਸਨ। ਉਨ੍ਹਾਂ ਲਈ ਵਿਸ਼ੇਸ ਸਰਾਵਾਂ, ਭੋਜਨ-ਗ੍ਰਹਿ ਆਦਿ ਬਣਾਏ ਹੋਏ ਸਨ। ਆਮ ਰੋਮਨ ਵੀ ਛੁੱਟੀਆਂ ਕਰਦੇ ਸਨ, ਪਰ ਅੱਜ ਵਾਂਗ ਹਫ਼ਤੇ-ਦੋ ਹਫ਼ਤਿਆਂ ਦੀਆਂ ਨਹੀਂ, ਉਹ ਦੋ ਸਾਲ ਦੀਆਂ ਇਕੱਠੀਆਂ ਛੁੱਟੀਆਂ ਕਰ ਲੈਂਦੇ ਸਨ। ਰੋਮਨਾਂ ਦੇ ਪੱਤਣ ਤੋਂ ਬਾਅਦ ਡਾਰਕ-ਏਜ (ਕਾਲਾ-ਯੁੱਗ) ਸ਼ੁਰੂ ਹੁੰਦਾ ਹੈ। ਇਹ ਵਾਈਕਿੰਗ ਧਾੜਵੀਆਂ ਦਾ ਦੌਰ ਸੀ। ਇਸ ਦੌਰਾਨ ਲੋਕ ਘਰਾਂ ਵਿੱਚੋਂ ਨਹੀਂ ਸਨ ਨਿਕਲਦੇ। ਜੇ ਨਿਕਲਦੇ ਵੀ ਤਾਂ ਬਹੁਤੀ ਦੂਰ ਨਹੀਂ ਸਨ ਜਾਂਦੇ। ਨੇੜੇ-ਤੇੜੇ ਦੇ ਵਿਆਹਾਂ ਜਾਂ ਧਾਰਮਿਕ-ਦਿਵਸਾਂ ਤੱਕ ਹੀ ਜਾਂਦੇ।
ਉਨੀਵੀਂ ਸਦੀ ਤੱਕ ਛੁੱਟੀਆਂ ਉਨ੍ਹਾਂ ਲਈ ਹੀ ਹੁੰਦੀਆਂ ਸਨ ਜਿਹੜੇ ਇਸ ਦਾ ਖ਼ਰਚ ਸਹਿ ਸਕਦੇ। ਆਮ ਬੰਦੇ ਲਈ ਛੁੱਟੀਆਂ ’ਤੇ ਜਾਣਾ ਸੰਭਵ ਨਹੀਂ ਸੀ ਹੁੰਦਾ। ਉਨੀਵੀਂ ਸਦੀ ਵਿੱਚ ਯੂਕੇ ਦੇ ਮਜ਼ਦੂਰਾਂ ਤੇ ਹੋਰ ਛੋਟੀਆਂ ਨੌਕਰੀਆਂ ਵਾਲੇ ਲੋਕਾਂ ਨੇ ਤਨਖਾਹ ਸਮੇਤ ਛੁੱਟੀਆਂ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਇਹ ਸੰਘਰਸ਼ ਬਹੁਤ ਲੰਮਾ ਚੱਲਿਆ। ਪਹਿਲੀ ਵਾਰ ਅਗਸਤ 1938 ਨੂੰ ਹਜ਼ਾਰਾਂ ਵਰਕਿੰਗ ਕਲਾਸ ਲੋਕਾਂ ਨੂੰ ਤਨਖਾਹ ਸਮੇਤ ਛੁੱਟੀਆਂ ਮਿਲੀਆਂ। ਇਹ ਕਾਮਿਆਂ ਦੀ ਬਹੁਤ ਵੱਡੀ ਜਿੱਤ ਸੀ। ਉਸੇ ਵੇਲੇ ਕਵੈਂਟਰੀ ਦਾ ਇਕ ਕਾਮਾ ਆਪਣੀਆਂ ਪਹਿਲੀਆਂ ਛੁੱਟੀਆਂ ਕੱਟਣ ਇੰਗਲੈਂਡ ਦੇ ਇਕ ਬੀਚ ’ਤੇ ਜਾਂਦਾ ਹੈ। ਛੁੱਟੀਆਂ ਤੋਂ ਵਾਪਸ ਆ ਕੇ ਉਹ ਆਪਣੇ ਤਜਰਬੇ ‘ਮਿਡਲੈਂਡ ਡੇਲੀ ਟੈਲੀਗ੍ਰਾਫ’ ਵਿੱਚ ਇਕ ਆਰਟੀਕਲ ਲਿਖਕੇ ਸਾਂਝੇ ਕਰਦਾ ਹੈ। ਆਰਟੀਕਲ ਦੇ ਅਖੀਰ ਵਿੱਚ ਉਹ ਆਪਣਾ ਅਸਲੀ ਨਾਂ ਨਹੀਂ ਦਿੰਦਾ। ਸਿਰਫ਼ ਏਨਾ ਲਿਖਿਆ ਹੀ ਮਿਲਦਾ ਹੈ¸ਸਨਬਰਨਡ (Sunburned) ਭਾਵ ਕਿ ਧੁੱਪ ਦਾ ਛਿੱਲਿਆ।
ਮੈਂ ਟੂਰਿਜ਼ਮ ਦੇ ਖ਼ਰਚਿਆਂ ਤੋਂ ਅਣਲੱਗ ਰਿਹਾਂ ਹਾਂ ਕਿਉਂਕਿ ਦੋਸਤ ਟਿਕਾਣਾ ਬਣਦੇ ਸਨ। ਛੇ ਕੁ ਸਾਲ ਤੋਂ ਬੱਚੇ ਯੂਕੇ ਵਿੱਚ ਹੀ ਕੋਈ ਹੌਲੀਡੇਅ-ਹੋਮ ਬੁੱਕ ਕਰਾ ਲੈਂਦੇ ਹਨ, ਇਹ ਵੀ ਇਕ ਵੱਖਰਾ ਤਜ਼ਰਬਾ ਹੈ। ਵੈਸੇ ਮੈਂ ਸਪੇਨ ਜਾ ਕੇ ਜ਼ਿਆਦਾ ਖ਼ੁਸ਼ ਹਾਂ। ਬਹੁਤ ਸਾਰੇ ਟੂਰਿਸਟਾਂ ਲਈ ਟੋਰੇਮੋਲੀਨੋਜ਼ (ਸਪੇਨ) ਬਹੁਤ ਮਨਭਾਉਂਦੀ ਜਗ੍ਹਾ ਹੈ ਤੇ ਮੇਰੇ ਲਈ ਵੀ। ਮੈਂ ਇਸ ਸ਼ਹਿਰ ਵਿੱਚ ਹੌਲੀਡੇਅ-ਹੋਮ ਖ਼ਰੀਦਣ ਦੇ ਇਰਾਦੇ ਵਿੱਚ ਸਾਂ ਕਿ ਬਰੈਕਜ਼ਿਟ ਵਾਪਰ ਗਿਆ।
ਈ-ਮੇਲ : harjeetatwal@hotmail.co.uk