ਵਿਦੇਸ਼ ਜਾਣ ਦਾ ਇਤਿਹਾਸ ਤੇ ਰੁਝਾਨ
ਪੰਜਾਬ ਦੇ ਕਿਸੇ ਵੀ ਸ਼ਹਿਰ ਦੀਆਂ ਕੰਧਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਜਾਂ ਅਖ਼ਬਾਰਾਂ ’ਤੇ ਨਜ਼ਰ ਮਾਰੋ ਤਾਂ ਤੁਹਾਨੂੰ ਹਰ ਪਾਸੇ ‘ਆਈਲੈਟਸ ਵਿੱਚ 5 ਬੈਂਡਾਂ ਵਾਲੇ ਵੀ ਆਓ’, ‘ਬਿਨਾਂ ਫੰਡ ਦਿਖਾਏ ਕੈਨੇਡਾ ਜਾਓ’ ਜਾਂ ‘ਡੌਂਕੀ ਲਗਾ ਕੇ ਅਮਰੀਕਾ ਪਹੁੰਚੋ’ ਦੇ ਇਸ਼ਤਿਹਾਰ...
ਪੰਜਾਬ ਦੇ ਕਿਸੇ ਵੀ ਸ਼ਹਿਰ ਦੀਆਂ ਕੰਧਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਜਾਂ ਅਖ਼ਬਾਰਾਂ ’ਤੇ ਨਜ਼ਰ ਮਾਰੋ ਤਾਂ ਤੁਹਾਨੂੰ ਹਰ ਪਾਸੇ ‘ਆਈਲੈਟਸ ਵਿੱਚ 5 ਬੈਂਡਾਂ ਵਾਲੇ ਵੀ ਆਓ’, ‘ਬਿਨਾਂ ਫੰਡ ਦਿਖਾਏ ਕੈਨੇਡਾ ਜਾਓ’ ਜਾਂ ‘ਡੌਂਕੀ ਲਗਾ ਕੇ ਅਮਰੀਕਾ ਪਹੁੰਚੋ’ ਦੇ ਇਸ਼ਤਿਹਾਰ ਇੰਜ ਮਿਲਣਗੇ ਜਿਵੇਂ ਸਰਦੀਆਂ ਵਿੱਚ ਰੇਹੜੀਆਂ ’ਤੇ ਮੁੰਗਫਲੀ ਵਿਕ ਰਹੀ ਹੋਵੇ। ਅੱਜ ਪੰਜਾਬ ਵਿੱਚ ਟਰੈਵਲ ਏਜੰਟੀ ਦਾ ਕੰਮ ਕੋਈ ਪੇਸ਼ਾ ਨਹੀਂ, ਸਗੋਂ ਪ੍ਰਸ਼ਾਸਨ ਦੀ ਕਥਿਤ ਛਤਰ-ਛਾਇਆ ਹੇਠ ਚੱਲਣ ਵਾਲਾ ਇੱਕ ਅਜਿਹਾ ਸ਼ਰੇਆਮ ‘ਗੋਰਖ ਧੰਦਾ’ ਬਣ ਚੁੱਕਾ ਹੈ, ਜੋ ਲੋਕਾਂ ਦੀਆਂ ਭਾਵਨਾਵਾਂ, ਮਜਬੂਰੀਆਂ ਅਤੇ ਸੁਪਨਿਆਂ ਦਾ ਸੌਦਾ ਕਰਕੇ ਦਿਨ-ਦੁੱਗਣੀ ਤੇ ਰਾਤ-ਚੌਗੁਣੀ ਤਰੱਕੀ ਕਰ ਰਿਹਾ ਹੈ।
ਪੰਜਾਬੀਆਂ ਦਾ ਵਿਦੇਸ਼ ਜਾਣ ਦਾ ਸਿਲਸਿਲਾ ਕੋਈ ਨਵਾਂ ਨਹੀਂ ਹੈ, ਇਹ ਆਜ਼ਾਦੀ ਤੋਂ ਪਹਿਲਾਂ 19ਵੀਂ ਸਦੀ ਦੇ ਆਖਰੀ ਸਾਲਾਂ (ਲਗਭਗ 1890-1900 ਦੇ ਆਸ-ਪਾਸ) ਤੋਂ ਸ਼ੁਰੂ ਹੋਇਆ ਸੀ। ਜਦੋਂ ਅੰਗਰੇਜ਼ੀ ਹਕੂਮਤ ਵੇਲੇ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਬ੍ਰਿਟਿਸ਼ ਫ਼ੌਜ ਵਿੱਚ ਭਰਤੀ ਹੋਏ। ਫ਼ੌਜ ਦੀਆਂ ਨੌਕਰੀਆਂ ਦੌਰਾਨ ਜਦੋਂ ਉਹ ਹਾਂਗਕਾਂਗ, ਮਲਾਇਆ, ਸਿੰਗਾਪੁਰ ਅਤੇ ਹੋਰ ਮੁਲਕਾਂ ਵਿੱਚ ਗਏ, ਤਾਂ ਉਨ੍ਹਾਂ ਨੂੰ ਬਾਹਰਲੀ ਦੁਨੀਆ ਅਤੇ ਉੱਥੋਂ ਦੀ ਆਰਥਿਕ ਖੁਸ਼ਹਾਲੀ ਦਾ ਪਤਾ ਲੱਗਾ।
ਸਾਲ 1897 ਵਿੱਚ ਰਾਣੀ ਵਿਕਟੋਰੀਆ ਦੇ ਡਾਇਮੰਡ ਜੁਬਲੀ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਇੱਕ ਪੰਜਾਬੀ ਫ਼ੌਜੀ ਦਸਤਾ ਲੰਡਨ ਗਿਆ ਅਤੇ ਵਾਪਸੀ ਵੇਲੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਹੀਂ ਲੰਘਿਆ। ਉੱਥੋਂ ਦੀ ਉਪਜਾਊ ਜ਼ਮੀਨ ਅਤੇ ਰੁਜ਼ਗਾਰ ਦੇ ਮੌਕੇ ਦੇਖ ਕੇ ਪੰਜਾਬੀਆਂ ਦੇ ਮਨ ਵਿੱਚ ਉੱਥੇ ਵੱਸਣ ਦੀ ਇੱਛਾ ਜਾਗੀ। ਉਸ ਦੌਰ ਵਿੱਚ ਪੰਜਾਬ ਵਿੱਚ ਖੇਤੀ ’ਤੇ ਨਿਰਭਰਤਾ ਬਹੁਤ ਜ਼ਿਆਦਾ ਸੀ ਅਤੇ ਜ਼ਮੀਨਾਂ ਦੀ ਵੰਡ ਕਾਰਨ ਹਿੱਸੇ ਘਟ ਰਹੇ ਸਨ। ਆਰਥਿਕ ਸਥਿਰਤਾ, ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣ ਅਤੇ ਸਖ਼ਤ ਮਿਹਨਤ ਕਰਕੇ ਪੈਸਾ ਕਮਾਉਣ ਦੇ ਮਕਸਦ ਨਾਲ ਲੋਕਾਂ ਨੇ ਮਲਾਇਆ, ਕੈਨੇਡਾ, ਅਮਰੀਕਾ ਅਤੇ ਬ੍ਰਿਟੇਨ (ਯੂਕੇ) ਵੱਲ ਵਹੀਰਾਂ ਘੱਤੀਆਂ। ਇਹ ਉਹ ਦੌਰ ਸੀ ਜਦੋਂ ਲੋਕ ਸਿੱਧੇ, ਸੱਚੇ ਅਤੇ ਆਪਣੀ ਮਿਹਨਤ ਦੇ ਸਿਰ ’ਤੇ ਕਾਨੂੰਨੀ ਤਰੀਕੇ ਨਾਲ ਜਾਂਦੇ ਸਨ ਅਤੇ ਪਿੱਛੇ ਪਿੰਡਾਂ ਵਿੱਚ ਆਪਣੀ ਮਾਂ-ਧਰਤੀ ਨਾਲ ਜੁੜੇ ਰਹਿੰਦੇ ਸਨ।
ਦੇਸ਼ ਆਜ਼ਾਦ ਹੋਣ ਤੋਂ ਬਾਅਦ ਖ਼ਾਸ ਕਰਕੇ 1960-1970 ਦੇ ਦਹਾਕੇ ਵਿੱਚ ਜਦੋਂ ਯੂਕੇ ਵਿੱਚ ਲੇਬਰ ਦੀ ਭਾਰੀ ਮੰਗ ਸੀ ਅਤੇ ਫਿਰ 1990 ਦੇ ਆਰਥਿਕ ਉਦਾਰੀਕਰਨ ਤੋਂ ਬਾਅਦ, ਵਿਦੇਸ਼ ਜਾਣ ਦੀ ਚਾਹਤ ਇੱਕ ‘ਜਨੂੰਨ’ ਵਿੱਚ ਬਦਲ ਗਈ। ਇਸ ਜਨੂੰਨ ਦਾ ਨਾਜਾਇਜ਼ ਫਾਇਦਾ ਚੁੱਕਣ ਲਈ ਸਮਾਜ ਵਿੱਚ ਕੁਝ ਸਵਾਰਥੀ, ਲਾਲਚੀ ਅਤੇ ਚਲਾਕ ਲੋਕਾਂ ਦਾ ਉਭਾਰ ਹੋਇਆ। ਉਨ੍ਹਾਂ ਨੇ ਦੇਖਿਆ ਕਿ ਪੰਜਾਬੀ ਨੌਜਵਾਨ ਬਾਹਰ ਜਾਣ ਲਈ ਆਪਣੀ ਜਾਨ ਅਤੇ ਜ਼ਮੀਨ ਦਾ ਦਾਅ ਲਗਾਉਣ ਨੂੰ ਵੀ ਤਿਆਰ ਹਨ। ਇੱਥੋਂ ਸ਼ੁਰੂ ਹੋਇਆ ਟਰੈਵਲ ਏਜੰਟਾਂ ਦਾ ਉਹ ਗੋਰਖ ਧੰਦਾ ਜੋ ਅੱਜ ਇੱਕ ਸੰਗਠਿਤ ਮਾਫੀਆ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਨਿਰੰਤਰ ਚੱਲ ਰਿਹਾ ਹੈ।
ਇਨ੍ਹਾਂ ਏਜੰਟਾਂ ਦੀ ਗੱਲਬਾਤ ਦੀ ਸ਼ੈਲੀ ਇੰਨੀ ਲੁਭਾਉਣੀ ਹੁੰਦੀ ਹੈ ਕਿ ਮਾਪੇ ਆਪਣੀ ਉਮਰ ਭਰ ਦੀ ਕਮਾਈ ਇਨ੍ਹਾਂ ਦੇ ਹੱਥਾਂ ਵਿੱਚ ਫੜਾ ਦਿੰਦੇ ਹਨ। ਇਹ ਏਜੰਟ ਭੋਲੇ-ਭਾਲੇ ਲੋਕਾਂ ਨੂੰ ਝੂਠੇ ਦਾਅਵੇ ਵੇਚਦੇ ਹਨ- ‘ਉੱਥੇ ਪਹੁੰਚਦਿਆਂ ਹੀ ਪੀ.ਆਰ. ਮਿਲ ਜਾਵੇਗੀ’, ‘ਡਾਲਰਾਂ ਦੀ ਬਾਰਿਸ਼ ਹੋਵੇਗੀ’ ਅਤੇ ‘ਕੰਮ ਦੀ ਕੋਈ ਕਮੀ ਨਹੀਂ।’
ਜੁਗਾੜਬਾਜ਼ੀ ਦਾ ਜਾਲ, ਫਰਜ਼ੀ ਕਾਲਜਾਂ ਦੇ ਆਫਰ ਲੈਟਰ ਤਿਆਰ ਕਰਨੇ, ਬੈਂਕਾਂ ਵਿੱਚ ਜਾਅਲੀ ਪੈਸੇ ਦਿਖਾਉਣਾ ਅਤੇ ਜਦੋਂ ਸਿੱਧਾ ਵੀਜ਼ਾ ਨਾ ਲੱਗੇ ਤਾਂ ‘ਡੌਂਕੀ’ (ਗ਼ੈਰ-ਕਾਨੂੰਨੀ ਰਸਤਿਆਂ ਰਾਹੀਂ ਜੰਗਲਾਂ, ਸਮੁੰਦਰਾਂ ਅਤੇ ਖ਼ਤਰਨਾਕ ਸਰਹੱਦਾਂ ਪਾਰ ਕਰਵਾਉਣਾ) ਵਰਗੇ ਜੁਗਾੜ ਲਗਾ ਕੇ ਲੋਕਾਂ ਨੂੰ ਜਹਾਜ਼ ਚਾੜ੍ਹਨਾ ਇਨ੍ਹਾਂ ਦਾ ਰੋਜ਼ ਦਾ ਕੰਮ ਬਣ ਗਿਆ।
ਸਭ ਤੋਂ ਦੁਖਦਾਈ ਅਤੇ ਹੈਰਾਨੀਜਨਕ ਪੱਖ ਇਹ ਹੈ ਕਿ ਇਹ ਸਾਰਾ ਗੋਰਖ ਧੰਦਾ ਕੋਈ ਲੁਕ-ਛਿਪ ਕੇ ਨਹੀਂ, ਸਗੋਂ ਪ੍ਰਸ਼ਾਸਨ ਅਤੇ ਸਿਸਟਮ ਦੀ ਕਥਿਤ ਛਤਰ-ਛਾਇਆ ਹੇਠ ਸ਼ਰੇਆਮ ਫੁੱਲ-ਫਲ ਰਿਹਾ ਹੈ। ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਏਜੰਟ ਉਨ੍ਹਾਂ ਦੀ ਉਮਰ ਭਰ ਦੀ ਖੂਨ-ਪਸੀਨੇ ਦੀ ਕਮਾਈ ਪਲਾਂ ਵਿੱਚ ਠੱਗ ਲੈਂਦੇ ਹਨ। ਮਾਪੇ ਕਰਜ਼ੇ ਚੁੱਕ ਕੇ ਇਨ੍ਹਾਂ ਦੀਆਂ ਜੇਬਾਂ ਭਰਦੇ ਹਨ।
ਇਸ ਖੇਡ ਵਿੱਚ ਪ੍ਰਸ਼ਾਸਨ ਦੀ ਮਿਲੀਭੁਗਤ ਉਦੋਂ ਸਾਫ਼ ਨਜ਼ਰ ਆਉਂਦੀ ਹੈ ਜਦੋਂ ਇਹ ਠੱਗ ਏਜੰਟ ਕਿਸੇ ਸ਼ਿਕਾਇਤ ਤੋਂ ਬਾਅਦ ਜੇਕਰ ਕਿਤੇ ਫੜੇ ਵੀ ਜਾਂਦੇ ਹਨ, ਤਾਂ ਕਾਨੂੰਨ ਦੀਆਂ ਕਮਜ਼ੋਰ ਬਾਰੀਕੀਆਂ ਅਤੇ ਸਿਸਟਮ ਦੀ ਢਿੱਲ-ਮੱਠ ਕਾਰਨ ਕੁਝ ਹੀ ਸਮੇਂ ਬਾਅਦ ਜ਼ਮਾਨਤ ’ਤੇ ਬਾਹਰ ਆ ਜਾਂਦੇ ਹਨ। ਜੇਲ੍ਹ ਵਿੱਚੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਅੰਦਰ ਨਾ ਤਾਂ ਕੋਈ ਪਛਤਾਵਾ ਹੁੰਦਾ ਹੈ ਅਤੇ ਨਾ ਹੀ ਕਾਨੂੰਨ ਦਾ ਕੋਈ ਡਰ। ਉਹ ਫਿਰ ਤੋਂ ਨਵੇਂ ਨਾਮ ਹੇਠ ਦਫ਼ਤਰ ਖੋਲ੍ਹ ਕੇ ਬੈਠ ਜਾਂਦੇ ਹਨ ਅਤੇ ਉਹੀ ‘ਗੋਰਖ ਧੰਦਾ’ ਦੁਬਾਰਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਅਪਰਾਧੀਆਂ ਨੂੰ ਸਖ਼ਤ ਅਤੇ ਮਿਸਾਲੀ ਸਜ਼ਾਵਾਂ ਨਾ ਮਿਲਣਾ ਇਹ ਸਾਬਤ ਕਰਦਾ ਹੈ ਕਿ ਸਿਸਟਮ ਅੰਦਰ ਬੈਠੇ ਕੁਝ ਲੋਕਾਂ ਦੇ ਹੱਥ ਇਨ੍ਹਾਂ ਦੀ ਪਿੱਠ ’ਤੇ ਹਨ, ਜਿਸ ਕਾਰਨ ਇਹ ਧੰਦਾ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।
ਇੱਕ ਪਾਸੇ ਤਾਂ ਭਾਰਤੀ ਟਰੈਵਲ ਏਜੰਟ ਇੱਥੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਕਰਦੇ ਹਨ, ਪਰ ਦੂਜੇ ਪਾਸੇ ਜਦੋਂ ਇਹ ਵਿਦਿਆਰਥੀ ਵਰਗ ਵੱਡੇ ਸੁਪਨੇ ਲੈ ਕੇ ਇੰਗਲੈਂਡ, ਅਮਰੀਕਾ, ਕੈਨੇਡਾ, ਜਰਮਨੀ ਅਤੇ ਹੋਰ ਵਿਦੇਸ਼ੀ ਮੁਲਕਾਂ ਵਿੱਚ ਪਹੁੰਚਦਾ ਹੈ, ਤਾਂ ਉੱਥੋਂ ਦਾ ਪੜ੍ਹਾਈ ਸਿਸਟਮ ਵੀ ਇਨ੍ਹਾਂ ਵਿਦਿਆਰਥੀਆਂ ਦੀ ਛਿੱਲ ਲਾਹੁਣ ਵਿੱਚ ਕੋਈ ਕਸਰ ਨਹੀਂ ਛੱਡਦਾ। ਲੱਖਾਂ ਦੀਆਂ ਫੀਸਾਂ ਦਾ ਬੋਝ, ਵਿਦੇਸ਼ੀ ਯੂਨੀਵਰਸਿਟੀਆਂ ਅਤੇ ਕਾਲਜ ਸਥਾਨਕ ਨਾਗਰਿਕਾਂ ਦੇ ਮੁਕਾਬਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਫੀਸ ਵਸੂਲਦੇ ਹਨ। ਸਾਲਾਨਾ 25 ਤੋਂ 30 ਲੱਖ ਰੁਪਏ ਫੀਸ ਵਸੂਲ ਕੇ ਉਹ ਆਪਣੀਆਂ ਤਿਜੋਰੀਆਂ ਭਰ ਰਹੇ ਹਨ, ਜਦਕਿ ਇਨ੍ਹਾਂ ਪੈਸਿਆਂ ਲਈ ਪੰਜਾਬ ਵਿੱਚ ਮਾਪਿਆਂ ਨੇ ਆਪਣੀਆਂ ਜ਼ਮੀਨਾਂ ਦਾਅ ’ਤੇ ਲਗਾਈਆਂ ਹੁੰਦੀਆਂ ਹਨ।
ਇੰਨੀਆਂ ਮਹਿੰਗੀਆਂ ਫੀਸਾਂ ਲੈਣ ਦੇ ਬਾਵਜੂਦ, ਉੱਥੋਂ ਦੀਆਂ ਸਰਕਾਰਾਂ ਵੱਲੋਂ ਕੰਮ ਦੇ ਨਾਂ ’ ਤੇ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਕੁਝ ਸੀਮਤ ਘੰਟੇ (ਜਿਵੇਂ 20 ਘੰਟੇ) ਹੀ ਦਿੱਤੇ ਜਾਂਦੇ ਹਨ। ਇਸ ਮਹਿੰਗਾਈ ਦੇ ਦੌਰ ਵਿੱਚ ਇਨ੍ਹਾਂ ਸੀਮਤ ਘੰਟਿਆਂ ਦੀ ਕਮਾਈ ਨਾਲ ਬੱਚੇ ਆਪਣੇ ਕਮਰੇ ਦਾ ਕਿਰਾਇਆ, ਬੱਸ-ਟਰੇਨ ਦਾ ਪਾਸ ਅਤੇ ਰੋਜ਼ਾਨਾ ਦੇ ਖਾਣ-ਪੀਣ ਦਾ ਖ਼ਰਚਾ ਤੱਕ ਵੀ ਨਹੀਂ ਕੱਢ ਪਾਉਂਦੇ। ਵਿਦਿਆਰਥੀਆਂ ’ਤੇ ਸਖ਼ਤ ਸ਼ਿਕੰਜਾ ਕੱਸਿਆ ਜਾਂਦਾ ਹੈ ਕਿ ਉਹ ਤੈਅ ਘੰਟਿਆਂ ਤੋਂ ਵਾਧੂ ਕੰਮ ਨਾ ਕਰ ਸਕਣ। ਜੇਕਰ ਕੋਈ ਕਰਦਾ ਫੜਿਆ ਜਾਵੇ ਤਾਂ ਦੇਸ਼ ਨਿਕਾਲੇ ਦਾ ਡਰ ਦਿਖਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਫੀਸਾਂ ਦਾ ਜੁਗਾੜ ਕਰਨ ਲਈ ਬੱਚਿਆਂ ਨੂੰ ਮਜਬੂਰਨ ਲੁਕ-ਛਿਪ ਕੇ, ਰਾਤ-ਬਰਾਤੇ ਬਹੁਤ ਘੱਟ ਉਜਰਤ ਵਿੱਚ ਕੰਮ ਕਰਨਾ ਪੈਂਦਾ ਹੈ, ਜਿੱਥੇ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਹੁੰਦਾ ਹੈ।
ਇਸ ਸਾਰੇ ਦੁਖਾਂਤ ਦਾ ਸਭ ਤੋਂ ਸ਼ਰਮਨਾਕ ਪੱਖ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਵਿਦੇਸ਼ਾਂ ਵਿੱਚ ਬੈਠੇ ਸਾਡੇ ਆਪਣੇ ਹੀ ਲੋਕ (ਭਾਰਤੀ/ਪੰਜਾਬੀ ਮਾਲਕ) ਇਨ੍ਹਾਂ ਬੱਚਿਆਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਚੁੱਕਦੇ ਹਨ। ਬਹੁਤ ਵਾਰ ਦੇਖਿਆ ਗਿਆ ਹੈ ਕਿ ਸਟੋਰਾਂ, ਰੈਸਟੋਰੈਂਟਾਂ ਜਾਂ ਕੰਸਟ੍ਰਕਸ਼ਨ (ਉਸਾਰੀ) ਦੇ ਕੰਮਾਂ ਵਿੱਚ ਇਹੀ ਭਾਰਤੀ ਲੋਕ ਵਿਦਿਆਰਥੀਆਂ ਤੋਂ ਰਾਤ-ਦਿਨ ਕੰਮ ਕਰਵਾ ਲੈਂਦੇ ਹਨ, ਪਰ ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ ਹੈ, ਤਾਂ ਉਹ ਬੱਚਿਆਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰਨ ਦਾ ਡਰ ਦਿਖਾ ਕੇ ਜਾਂ ਪੁਲੀਸ ਦੀ ਧਮਕੀ ਦੇ ਕੇ ਉਨ੍ਹਾਂ ਦੇ ਹਜ਼ਾਰਾਂ ਡਾਲਰ/ਪੌਂਡ ਦੱਬ ਲੈਂਦੇ ਹਨ। ਬੱਚੇ ਕਾਨੂੰਨੀ ਤੌਰ ’ਤੇ ਕਮਜ਼ੋਰ ਹੋਣ ਕਾਰਨ ਕਿਤੇ ਸ਼ਿਕਾਇਤ ਵੀ ਨਹੀਂ ਕਰ ਸਕਦੇ। ਇਹ ‘ਆਪਣਿਆਂ ਹੱਥੋਂ ਆਪਣਿਆਂ ਦੀ ਲੁੱਟ’ ਇਸ ਗੋਰਖ ਧੰਦੇ ਦਾ ਸਭ ਤੋਂ ਕੌੜਾ ਸੱਚ ਹੈ।
ਜ਼ਿਆਦਾਤਰ ਭਾਰਤੀਆਂ ਵੱਲੋਂ ਵਿਦੇਸ਼ ਵਿੱਚ ਜਾ ਕੇ ਆਪਣੇ ਛੋਟੇ ਛੋਟੇ ਕਮਰੇ ਵਿਦਿਆਰਥੀਆਂ ਨੂੰ ਮੂੰਹੋਂ ਮੰਗੇ ਕਿਰਾਏ ’ਤੇ ਦੇਣ ਦਾ ਗੋਰਖ ਧੰਦਾ ਵੀ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਜਿੱਥੇ ਇੱਕ ਵਿਦਿਆਰਥੀ ਤੋਂ ਇੱਕ ਮਹੀਨੇ ਦਾ 60 /70 ਹਜ਼ਾਰ ਕਿਰਾਇਆ ਵਸੂਲਿਆ ਜਾਂਦਾ ਹੈ।
ਸਮੇਂ ਦੇ ਨਾਲ ਪੰਜਾਬ ਦੇ ਲੋਕਾਂ ਅੰਦਰ ਇੱਕ ਅਜਿਹੀ ਖ਼ਤਰਨਾਕ ‘ਭੇਡ ਚਾਲ’ ਸ਼ੁਰੂ ਹੋ ਗਈ, ਜਿਸ ਨੇ ਪੂਰੇ ਸਮਾਜਿਕ ਤਾਣੇ-ਬਾਣੇ ਨੂੰ ਤਬਾਹ ਕਰ ਦਿੱਤਾ। ਅੱਜ ਸਾਡੇ ਸਮਾਜ ਦੀ ਮਾਨਸਿਕਤਾ ਇਹ ਬਣ ਚੁੱਕੀ ਹੈ ਕਿ ‘ਜਿਹੜਾ ਨੌਜਵਾਨ ਬਾਹਰ (ਵਿਦੇਸ਼) ਜਾ ਕੇ ਕਮਾਈ ਨਹੀਂ ਕਰ ਸਕਿਆ, ਉਸ ਦਾ ਦੁਨੀਆ ’ਤੇ ਆਉਣਾ ਹੀ ਬੇਕਾਰ ਸਮਝਿਆ ਜਾਂਦਾ ਹੈ। ਇਸੇ ਹਉਮੈ, ਦਿਖਾਵੇ ਅਤੇ ਮੁਕਾਬਲੇਬਾਜ਼ੀ ਦੀ ਭੇਡ ਚਾਲ ਨੇ ਪੰਜਾਬ ਦੇ ਘਰਾਂ ਦੇ ਘਰ ਅਤੇ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ ਹਨ।
ਵਿਦੇਸ਼ਾਂ ਤੋਂ ਆਉਂਦੇ ਪੈਸੇ ਕਾਰਨ ਪੰਜਾਬ ਦੀ ਮਾਲੀ ਹਾਲਤ ਉੱਪਰੋਂ ਦੇਖਣ ਨੂੰ ਬੇਸ਼ੱਕ ਖਰੀ ਅਤੇ ਚਮਕਦਾਰ ਲੱਗਣ ਲੱਗੀ ਹੈ। ਪਿੰਡਾਂ ਵਿੱਚ ਵੱਡੀਆਂ-ਵੱਡੀਆਂ ਕੋਠੀਆਂ, ਮਾਰਬਲ ਅਤੇ ਲਗਜ਼ਰੀ ਗੱਡੀਆਂ ਆ ਗਈਆਂ, ਪਰ ਅੰਦਰੂਨੀ ਤੌਰ ’ਤੇ ਪੰਜਾਬ ਬਿਲਕੁਲ ਖੋਖਲਾ ਹੁੰਦਾ ਗਿਆ। ਪੰਜਾਬ ਨੇ ਆਪਣਾ ਅਸਲ ਸਰਮਾਇਆ-ਆਪਣੀ ਨੌਜਵਾਨੀ, ਆਪਣਾ ਬੁੱਧੀਜੀਵੀ ਵਰਗ ਅਤੇ ਹੁਨਰ ਹਮੇਸ਼ਾਂ ਲਈ ਗੁਆ ਦਿੱਤਾ।
ਜਿਹੜੇ ਪੰਜਾਬੀ ਕਿਸੇ ਵੇਲੇ ਅਣਖ ਨਾਲ ਕਿਹਾ ਕਰਦੇ ਸਨ, ‘ਕੰਧ ਓਹਲੇ ਪਰਦੇਸ’ (ਯਾਨੀ ਘਰ ਦੀ ਕੰਧ ਤੋਂ ਪਰ੍ਹੇ ਜਾਣਾ ਵੀ ਪਰਦੇਸ ਵਰਗਾ ਦੁੱਖ ਹੈ), ਅੱਜ ਉਹੀ ਪੰਜਾਬੀ ਮਾਪੇ ਆਪਣੇ ਲਾਡਲੇ, ਇਕੱਲੇ-ਇਕੱਲੇ ਪੁੱਤਾਂ-ਧੀਆਂ ਨੂੰ ਵੀ ਹੱਸ ਕੇ ਵਿਦੇਸ਼ ਭੇਜਣ ਦੀ ਹੋੜ ਵਿੱਚ ਲੱਗੇ ਹੋਏ ਹਨ। ਪਿੱਛੇ ਘਰਾਂ ਵਿੱਚ ਸਿਰਫ਼ ਬਜ਼ੁਰਗ ਇਕੱਲੇ ਰਹਿ ਗਏ ਹਨ।
ਵਿਦੇਸ਼ ਗਏ ਬੱਚੇ ਪੰਜਾਬ ਬੈਠੇ ਆਪਣੇ ਮਾਪਿਆਂ ਨਾਲ ਫੋਨ ’ਤੇ ਹੱਸ ਕੇ ਗੱਲ ਕਰਦੇ ਹਨ ਅਤੇ ਕਹਿੰਦੇ ਹਨ, ‘‘ਮੈਂ ਬਹੁਤ ਵਧੀਆ ਹਾਂ, ਇੱਥੇ ਬਹੁਤ ਨਜ਼ਾਰੇ ਹਨ।’’ ਉਹ ਸੱਚ ਇਸ ਲਈ ਛੁਪਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਮਾਪਿਆਂ ਨੇ ਪਹਿਲਾਂ ਹੀ ਜ਼ਮੀਨਾਂ ਵੇਚ ਕੇ, ਗਹਿਣੇ ਰੱਖ ਕੇ ਜਾਂ ਵੱਡੇ ਕਰਜ਼ੇ ਚੁੱਕ ਕੇ ਉਨ੍ਹਾਂ ਨੂੰ ਭੇਜਿਆ ਹੈ। ਜੇਕਰ ਉਹ ਆਪਣਾ ਦੁੱਖ ਦੱਸਣਗੇ, ਤਾਂ ਪਿੱਛੇ ਮਾਪੇ ਜਿਊਂਦੇ ਜੀਅ ਮਰ ਜਾਣਗੇ। ਇਸੇ ਚੱਕਰ ਵਿੱਚ ਉਹ ਅੰਦਰੋਂ-ਅੰਦਰੀਂ ਘੁਟਦੇ ਰਹਿੰਦੇ ਹਨ।
ਜਿਨ੍ਹਾਂ ਪੰਜਾਬੀਆਂ ਦੇ ਪੁਰਖਿਆਂ ਨੇ ਜ਼ਮੀਨ ਨੂੰ ‘ਮਾਂ’ ਮੰਨਿਆ, ਖੂਨ-ਪਸੀਨਾ ਵਹਾਇਆ ਅਤੇ ਅਣਖ ਨਾਲ ਖੇਤੀ ਕੀਤੀ, ਅੱਜ ਉਨ੍ਹਾਂ ਨੇ ਹੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਏਜੰਟਾਂ ਦੇ ਮੂੰਹ ਵਿੱਚ ਲੱਖਾਂ ਰੁਪਏ ਪਾਉਣ ਵਾਸਤੇ ਜ਼ਮੀਨ ਵੇਚਣੀ ਸਭ ਤੋਂ ਪਹਿਲਾਂ ਕਬੂਲੀ ਹੈ। ਆਪਣੀਆਂ ਉਪਜਾਊ ਜ਼ਮੀਨਾਂ ਜੋ ਕਰੋੜਾਂ ਰੁਪਏ ਦੀਆਂ ਸਨ, ਉਨ੍ਹਾਂ ਨੂੰ ਵੇਚ ਕੇ ਨੌਜਵਾਨ ਬਾਹਰ ਜਾ ਕੇ ਦੂਜੇ ਮੁਲਕਾਂ ਵਿੱਚ ਦਿਹਾੜੀਆਂ, ਪੈਟਰੋਲ ਪੰਪਾਂ, ਫੈਕਟਰੀਆਂ ਜਾਂ ਸਟੋਰਾਂ ’ਤੇ ਨੌਕਰੀ ਕਰਨ ਨੂੰ ਵਡਿਆਈ ਸਮਝ ਰਹੇ ਹਨ। ਪੰਜਾਬ ਦੇ ਇਸ ਵਰਗ ਦਾ ਇਹ ਫ਼ੈਸਲਾ ਨੌਜਵਾਨੀ ਦੇ ਪਲਾਇਨ (ਹਿਜਰਤ) ਦਾ ਸਭ ਤੋਂ ਵੱਡਾ ਕਾਰਨ ਬਣਿਆ।
ਇਸ ਪੂਰੇ ਘਟਨਾਕ੍ਰਮ ਦਾ ਇੱਕ ਹੋਰ ਗੰਭੀਰ ਅਤੇ ਦੂਰਗਾਮੀ ਪਹਿਲੂ ਇਹ ਹੈ ਕਿ ਪੰਜਾਬ ਦੇ ਅੰਦਰ ਪਰਵਾਸੀ ਮਜ਼ਦੂਰਾਂ ਨੂੰ ਸਥਾਪਿਤ ਕਰਨ ਵਿੱਚ ਵੀ ਇਨ੍ਹਾਂ ਦਾ ਸਿੱਧੇ ਤੌਰ ’ਤੇ ਵੱਡਾ ਹੱਥ ਨਜ਼ਰ ਆਉਂਦਾ ਹੈ। ਜਦੋਂ ਪੰਜਾਬ ਦੇ ਜ਼ਿਮੀਂਦਾਰਾਂ ਨੇ ਖੁਦ ਖੇਤਾਂ ਵਿੱਚ ਹੱਥੀਂ ਮਿਹਨਤ ਕਰਨੀ ਬੰਦ ਕਰ ਦਿੱਤੀ, ਕੰਮ ਨੂੰ ਛੋਟਾ ਸਮਝਣ ਲੱਗੇ ਅਤੇ ਆਪਣੇ ਬੱਚਿਆਂ ਨੂੰ ਵਿਦੇਸ਼ ਤੋਰ ਦਿੱਤਾ, ਤਾਂ ਪੰਜਾਬ ਦੀ ਖੇਤੀ ਪੂਰੀ ਤਰ੍ਹਾਂ ਪਰਵਾਸੀ ਮਜ਼ਦੂਰਾਂ ਦੇ ਸਿਰ ’ਤੇ ਨਿਰਭਰ ਹੋ ਗਈ।
ਸ਼ੁਰੂ ਵਿੱਚ ਇਹ ਮਜ਼ਦੂਰ ਸਿਰਫ਼ ਝੋਨੇ ਦੀ ਲਵਾਈ ਜਾਂ ਕਣਕ ਦੀ ਵਾਢੀ ਵਰਗੇ ਸੀਜ਼ਨ ਦੇ ਕੰਮਾਂ ਵੇਲੇ ਆਉਂਦੇ ਸਨ, ਪਰ ਜ਼ਿਮੀਂਦਾਰਾਂ ਦੀ ਵਧਦੀ ਨਿਰਭਰਤਾ ਕਾਰਨ ਉਹ ਇੱਥੇ ਪੱਕੇ ਤੌਰ ’ਤੇ ਸਥਾਪਿਤ ਹੋ ਗਏ। ਅੱਜ ਪੰਜਾਬ ਦੇ ਪਿੰਡਾਂ ਵਿੱਚ ਜ਼ਮੀਨਾਂ ਦੇ ਠੇਕੇ, ਸਾਂਝੀ ਖੇਤੀ, ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਸਾਰਾ ਸਥਾਨਕ ਕੰਮ-ਕਾਜ ਪਰਵਾਸੀਆਂ ਦੇ ਹੱਥਾਂ ਵਿੱਚ ਹੈ। ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰ ਰਿਹਾ ਹੈ ਅਤੇ ਪੰਜਾਬ ਦੇ ਖੇਤਾਂ ਵਿੱਚ ਦੂਜੇ ਸੂਬਿਆਂ ਦੇ ਲੋਕ ਮੁੱਖ ਕਾਮੇ ਅਤੇ ਪ੍ਰਬੰਧਕ ਬਣ ਕੇ ਸਥਾਪਿਤ ਹੋ ਰਹੇ ਹਨ।
ਪੰਜਾਬ ਦੀ ਇੱਕ ਹੋਰ ਵੱਡੀ ਤਰਾਸਦੀ ਇਹ ਵੀ ਬਣਦੀ ਜਾ ਰਹੀ ਹੈ ਕਿ ਇੱਕ ਪਾਸੇ ਪੰਜਾਬ ਦੀ ਆਪਣੀ ਜਵਾਨੀ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵੱਲ ਪਲਾਇਨ ਕਰ ਰਹੀ ਹੈ, ਜਦਕਿ ਦੂਜੇ ਪਾਸੇ ਯੂਪੀ, ਬਿਹਾਰ ਅਤੇ ਹੋਰ ਬਾਹਰੀ ਸੂਬਿਆਂ ਤੋਂ ਮਜ਼ਦੂਰ ਪੰਜਾਬ ਵਿੱਚ ਆ ਕੇ ਧੜਾ-ਧੜ ਵੱਸ ਰਹੇ ਹਨ। ਸ਼ੁਰੂਆਤੀ ਦੌਰ ਵਿੱਚ ਇਹ ਲੋਕ ਸਿਰਫ਼ ਮਜ਼ਦੂਰੀ ਕਰਨ ਲਈ ਆਉਂਦੇ ਸਨ, ਪਰ ਹੁਣ ਵੱਡੀ ਗਿਣਤੀ ਵਿੱਚ ਆਪਣੇ ਪਰਿਵਾਰਾਂ ਸਮੇਤ ਇੱਥੇ ਪੱਕੇ ਤੌਰ ’ਤੇ ਸਥਾਪਿਤ ਹੋ ਰਹੇ ਹਨ।
ਪੰਜਾਬ ਦੀ ਖੇਤੀ, ਇਮਾਰਤੀ ਕੰਮ, ਫੈਕਟਰੀਆਂ ਅਤੇ ਛੋਟੇ ਉਦਯੋਗਾਂ ਦਾ ਵੱਡਾ ਹਿੱਸਾ ਹੁਣ ਪਰਵਾਸੀ ਮਜ਼ਦੂਰਾਂ ’ਤੇ ਨਿਰਭਰ ਹੋ ਚੁੱਕਾ ਹੈ। ਕਾਰਨ ਸਾਫ਼ ਹੈ-ਪੰਜਾਬ ਦਾ ਨੌਜਵਾਨ ਵਿਦੇਸ਼ ਜਾਣ ਦੇ ਸੁਪਨਿਆਂ ਵਿੱਚ ਆਪਣੀ ਮਿੱਟੀ ਅਤੇ ਰਵਾਇਤੀ ਰੁਜ਼ਗਾਰਾਂ ਤੋਂ ਦੂਰ ਹੋ ਗਿਆ ਹੈ। ਜਿਸ ਕਰਕੇ ਪੰਜਾਬ ਦੇ ਅੰਦਰ ਪੈਦਾ ਹੋਇਆ ਖਾਲੀਪਣ ਹੁਣ ਬਾਹਰੀ ਸੂਬਿਆਂ ਤੋਂ ਆਏ ਲੋਕ ਭਰ ਰਹੇ ਹਨ।
ਇਸ ਬਦਲਾਅ ਦਾ ਪ੍ਰਭਾਵ ਹੁਣ ਸਿਰਫ਼ ਆਰਥਿਕ ਜਾਂ ਸਮਾਜਿਕ ਪੱਧਰ ਤੱਕ ਸੀਮਤ ਨਹੀਂ ਰਿਹਾ, ਸਗੋਂ ਪੰਜਾਬ ਦੀ ਸਿਆਸਤ ਵਿੱਚ ਵੀ ਪਰਵਾਸੀਆਂ ਦੀ ਭੂਮਿਕਾ ਤੇਜ਼ੀ ਨਾਲ ਵਧ ਰਹੀ ਹੈ। ਵੱਡੇ ਸ਼ਹਿਰਾਂ ਅਤੇ ਉਦਯੋਗਿਕ ਇਲਾਕਿਆਂ ਵਿੱਚ ਪਰਵਾਸੀ ਵੋਟਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕਈ ਹਲਕਿਆਂ ਵਿੱਚ ਹੁਣ ਇਹ ਵੋਟ ਬੈਂਕ ਚੋਣਾਂ ਦੇ ਨਤੀਜੇ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸਿਆਸੀ ਪਾਰਟੀਆਂ ਵੀ ਹੁਣ ਇਸ ਵਰਗ ਨੂੰ ਖੁਸ਼ ਕਰਨ ਲਈ ਵੱਖ-ਵੱਖ ਵਾਅਦੇ ਅਤੇ ਰਣਨੀਤੀਆਂ ਬਣਾਉਂਦੀਆਂ ਨਜ਼ਰ ਆਉਂਦੀਆਂ ਹਨ।
ਇਹ ਮਸਲਾ ਸਿਰਫ਼ ਗਿਣਤੀ ਦਾ ਨਹੀਂ, ਸਗੋਂ ਪੰਜਾਬ ਦੀ ਪਛਾਣ, ਭਾਸ਼ਾ, ਸੱਭਿਆਚਾਰ ਅਤੇ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਜੇ ਪੰਜਾਬ ਦੀ ਆਪਣੀ ਜਵਾਨੀ ਇਸੇ ਤਰ੍ਹਾਂ ਵਿਦੇਸ਼ਾਂ ਵੱਲ ਰੁਖ਼ ਕਰਦੀ ਰਹੀ ਅਤੇ ਇੱਥੇ ਦੀ ਧਰਤੀ ਨਾਲ ਉਸ ਦਾ ਨਾਤਾ ਕਮਜ਼ੋਰ ਹੁੰਦਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਮਾਜਿਕ ਬਣਤਰ ਅਤੇ ਰਾਜਨੀਤਕ ਦਿਸ਼ਾ ਵਿੱਚ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ।
ਹਾਲਾਂਕਿ ਇਹ ਵੀ ਸੱਚ ਹੈ ਕਿ ਪੰਜਾਬ ਦੀ ਅਰਥਵਿਵਸਥਾ ਵਿੱਚ ਪਰਵਾਸੀ ਮਜ਼ਦੂਰਾਂ ਦਾ ਵੱਡਾ ਯੋਗਦਾਨ ਹੈ ਅਤੇ ਉਹ ਆਪਣੀ ਮਿਹਨਤ ਨਾਲ ਪੰਜਾਬ ਦੀ ਤਰੱਕੀ ਵਿੱਚ ਹਿੱਸੇਦਾਰ ਬਣੇ ਹੋਏ ਹਨ, ਪਰ ਨਾਲ ਹੀ ਇਹ ਸੋਚਣ ਦੀ ਲੋੜ ਹੈ ਕਿ ਆਖ਼ਿਰ ਕਿਉਂ ਪੰਜਾਬ ਦਾ ਆਪਣਾ ਨੌਜਵਾਨ ਆਪਣੇ ਹੀ ਸੂਬੇ ਵਿੱਚ ਭਵਿੱਖ ਸੁਰੱਖਿਅਤ ਨਹੀਂ ਸਮਝਦਾ? ਜਦ ਤੱਕ ਪੰਜਾਬ ਵਿੱਚ ਰੁਜ਼ਗਾਰ, ਉਦਯੋਗ, ਸਿੱਖਿਆ ਅਤੇ ਖੇਤੀ ਨੂੰ ਨਵੀਂ ਦਿਸ਼ਾ ਨਹੀਂ ਮਿਲੇਗੀ, ਉਦੋਂ ਤੱਕ ਇਹ ਪਲਾਇਨ ਅਤੇ ਬਦਲਦੀ ਸਮਾਜਿਕ ਤਸਵੀਰ ਇੱਕ ਗੰਭੀਰ ਚਿੰਤਾ ਬਣੀ ਰਹੇਗੀ।
ਏਜੰਟ ਆਪਣੇ ਜੁਗਾੜਾਂ ਨਾਲ ਵਿਦਿਆਰਥੀਆਂ ਅਤੇ ਮਜ਼ਦੂਰਾਂ ਨੂੰ ਬਾਹਰ ਤਾਂ ਭੇਜ ਦਿੰਦੇ ਹਨ, ਪਰ ਉਸ ਤੋਂ ਬਾਅਦ ਜੋ ਨਰਕ ਉਹ ਵਿਦੇਸ਼ੀ ਧਰਤੀ ’ਤੇ ਇਕੱਲੇ ਹੰਢਾਉਂਦੇ ਹਨ। ਖਾੜੀ ਦੇਸ਼ਾਂ ਵਿੱਚ ਮਜ਼ਦੂਰਾਂ ਦੇ ਪਾਸਪੋਰਟ ਜ਼ਬਤ ਕਰਕੇ ਬੰਧੂਆ ਮਜ਼ਦੂਰ ਬਣਾਉਣਾ ਅਤੇ ਵਿਦਿਆਰਥੀਆਂ ਵੱਲੋਂ ਅੰਨ੍ਹੇਵਾਹ ਮਿਹਨਤ ਕਰਨਾ-ਇਹ ਉਹ ਨਰਕ ਹੈ ਜਿਸ ਦਾ ਵਿਦਿਆਰਥੀ, ਕਾਮੇ ਉੱਥੇ ਇਕੱਲੇ ਹੀ ਸਾਹਮਣਾ ਕਰਦੇ ਹਨ।
ਜਿਹੜਾ ਪਰਵਾਸ ਕਦੇ ਪੰਜਾਬੀਆਂ ਦੀ ਅਣਖ, ਸਖ਼ਤ ਮਿਹਨਤ ਅਤੇ ਉੱਨਤੀ ਦਾ ਪ੍ਰਤੀਕ ਹੁੰਦਾ ਸੀ, ਅੱਜ ਉਹ ਸਾਡੀ ਆਪਣੀ ਭੇਡ ਚਾਲ, ਪੰਜਾਬੀਆਂ ਦੀ ਗ਼ਲਤ ਸੋਚ, ਲਾਲਚੀ ਏਜੰਟਾਂ ਦੇ ਜਾਲ, ਬਾਹਰਲੇ ਮੁਲਕਾਂ ਦੇ ਲੁਟੇਰੇ ਸਿੱਖਿਆ ਸਿਸਟਮ ਅਤੇ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਦਲਦਲ ਦਾ ਰੂਪ ਧਾਰ ਚੁੱਕਾ ਹੈ। ਜਦੋਂ ਤੱਕ ਪ੍ਰਸ਼ਾਸਨ ਅਤੇ ਕਾਨੂੰਨ ਅਜਿਹੇ ਠੱਗ ਏਜੰਟਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪੱਕੇ ਤੌਰ ’ਤੇ ਬੰਦ ਨਹੀਂ ਕਰਦਾ, ਉਦੋਂ ਤੱਕ ਇਹ ਜਾਰੀ ਰਹੇਗਾ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆ ਕੇ ਰੁਜ਼ਗਾਰ ਦੇ ਨਵੇਂ ਮੌਕੇ ਮੁਹੱਈਆ ਕਰਵਾਏ। ਜਦੋਂ ਤੱਕ ਅਸੀਂ ਖੁਦ ਇਸ ‘ਭੇਡ ਚਾਲ’ ਵਿੱਚੋਂ ਬਾਹਰ ਨਿਕਲ ਕੇ ਆਪਣੀ ਜ਼ਮੀਨ, ਆਪਣੇ ਵਤਨ ਅਤੇ ਹੱਥੀਂ ਕਿਰਤ ਦੀ ਕਦਰ ਨਹੀਂ ਕਰਦੇ, ਉਦੋਂ ਤੱਕ ਪੰਜਾਬ ਅੰਦਰੂਨੀ ਤੌਰ ’ਤੇ ਇੰਜ ਹੀ ਖਾਲੀ ਹੁੰਦਾ ਰਹੇਗਾ। ਸਾਨੂੰ ਇਹ ਗੱਲ ਗੰਭੀਰਤਾ ਨਾਲ ਸਮਝਣੀ ਹੋਵੇਗੀ ਕਿ ਆਪਣੀ ਜਨਮ ਭੂਮੀ ’ਤੇ ਇੱਜ਼ਤ ਨਾਲ ਕੀਤੀ ਮਿਹਨਤ, ਬੇਗਾਨੇ ਮੁਲਕ ਦੀ ਚਾਕਰੀ ਅਤੇ ਉੱਥੋਂ ਦੇ ਸ਼ੋਸ਼ਣ ਨਾਲੋਂ ਹਜ਼ਾਰ ਗੁਣਾ ਬਿਹਤਰ ਹੈ ਕਿਉਂਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।
ਸੰਪਰਕ: 95015-75511

