ਗੁਰਨਦਰ ਕੌਰ ਨੂੰ ਸੂਬਾ ਪੱਧਰ ’ਤੇ ਤੀਜਾ ਸਥਾਨ ਹਾਸਲ
ਰਿਚਮੰਡ: ਵਿਦਿਆਰਥਣ ਗੁਰਨਦਰ ਕੌਰ ਨੇ ਪੜ੍ਹਾਈ ਦੇ ਨਾਲ-ਨਾਲ ਗਣਿਤ ਅਤੇ ਐਬੈਕਸ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਮਾਪਿਆਂ ਅਤੇ ਸਮੁੱਚੀ ਕਮਿਊਨਿਟੀ ਦਾ ਨਾਮ ਰੌਸ਼ਨ ਕੀਤਾ ਹੈ। ਗੁਰਨਦਰ ਕੌਰ ਕੁਝ ਸਮਾਂ ਪਹਿਲਾਂ ਆਪਣੇ ਪਿਤਾ ਗਿਆਨੀ ਗੁਰਜੋਤ ਸਿੰਘ ਅਤੇ ਮਾਤਾ ਤਰਨਦੀਪ...
ਰਿਚਮੰਡ: ਵਿਦਿਆਰਥਣ ਗੁਰਨਦਰ ਕੌਰ ਨੇ ਪੜ੍ਹਾਈ ਦੇ ਨਾਲ-ਨਾਲ ਗਣਿਤ ਅਤੇ ਐਬੈਕਸ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਮਾਪਿਆਂ ਅਤੇ ਸਮੁੱਚੀ ਕਮਿਊਨਿਟੀ ਦਾ ਨਾਮ ਰੌਸ਼ਨ ਕੀਤਾ ਹੈ।
ਗੁਰਨਦਰ ਕੌਰ ਕੁਝ ਸਮਾਂ ਪਹਿਲਾਂ ਆਪਣੇ ਪਿਤਾ ਗਿਆਨੀ ਗੁਰਜੋਤ ਸਿੰਘ ਅਤੇ ਮਾਤਾ ਤਰਨਦੀਪ ਕੌਰ ਨਾਲ ਰਿਚਮੰਡ ਆਈ ਸੀ। ਪੜ੍ਹਾਈ ਵਿੱਚ ਮਿਹਨਤੀ ਅਤੇ ਹਰਫ਼ਨਮੌਲਾ ਗੁਰਨਦਰ ਨੇ ਹਾਲ ਹੀ ਵਿੱਚ ਮੈਂਟਲ ਮੈਥ ਅਤੇ ਐਬੈਕਸ ਦੇ ਮੁਕਾਬਲੇ ਵਿੱਚ ਏ-2 ਕੈਟੇਗਰੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਉਪਲੱਬਧੀ ਨੂੰ ਹੋਰ ਵੀ ਖ਼ਾਸ ਬਣਾਉਂਦਿਆਂ ਉਸ ਨੇ ਸੂਬਾ ਪੱਧਰ ’ਤੇ ਤੀਜਾ ਸਥਾਨ ਪ੍ਰਾਪਤ ਕਰਕੇ ਟਰਾਫੀ ਆਪਣੇ ਨਾਮ ਕੀਤੀ।
ਗੁਰਨਦਰ ਦੀਆਂ ਪ੍ਰਾਪਤੀਆਂ ਸਿਰਫ਼ ਗਣਿਤ ਤੱਕ ਹੀ ਸੀਮਤ ਨਹੀਂ ਹਨ। ਸਕੂਲ ਦੇ ਸੋਸ਼ਲ ਸਟੱਡੀਜ਼ ਵਿਸ਼ੇ ਤਹਿਤ ਉਸ ਨੇ ਅਫ਼ਰੀਕਾ ਦੇ ਇੱਕ ਦੇਸ਼ ਜ਼ਿੰਬਾਬਵੇ ਸਬੰਧੀ ਤਿਆਰ ਕੀਤਾ ਇੱਕ ਜਾਣਕਾਰੀ ਭਰਪੂਰ ਅਤੇ ਰਚਨਾਤਮਕ ਪ੍ਰਾਜੈਕਟ ਵੀ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ, ਜਿਸ ਲਈ ਉਸ ਨੂੰ ਸਕੂਲ ਵੱਲੋਂ ਸ਼ਲਾਘਾ ਅਤੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਕਿਹਾ ਕਿ ਗੁਰਨਦਰ ਕੌਰ ਵਰਗੇ ਹੋਣਹਾਰ ਬੱਚੇ ਇਹ ਸਾਬਤ ਕਰ ਰਹੇ ਹਨ ਕਿ ਮਿਹਨਤ, ਲਗਨ ਅਤੇ ਸਹੀ ਮਾਰਗਦਰਸ਼ਨ ਨਾਲ ਨਵੀਂ ਪੀੜ੍ਹੀ ਨਾ ਸਿਰਫ਼ ਅਕਾਦਮਿਕ ਖੇਤਰ ਵਿੱਚ ਸਫਲਤਾ ਹਾਸਲ ਕਰ ਸਕਦੀ ਹੈ, ਸਗੋਂ ਆਪਣੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜ ਕੇ ਸਮੁੱਚੇ ਭਾਈਚਾਰੇ ਲਈ ਪ੍ਰੇਰਣਾ ਦਾ ਸਰੋਤ ਵੀ ਬਣ ਸਕਦੀ ਹੈ।
ਸੰਪਰਕ: +1 604 308 6663

