55ਵੇਂ ਫੋਕਲੋਰਾਮਾ ’ਚ ਪਈ ਗਿੱਧੇ ਤੇ ਭੰਗੜੇ ਦੀ ਧਮਾਲ
ਵਿਨੀਪੈਗ: ਵਿਨੀਪੈਗ ਵਿੱਚ ਦੋ ਹਫ਼ਤਿਆਂ ਤੱਕ ਚੱਲਿਆ 55ਵਾਂ ਫੋਕਲੋਰਾਮਾ ਫੈਸਟੀਵਲ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਸ਼ਮੂਲੀਅਤ ਅਤੇ ਵੱਖ-ਵੱਖ ਭਾਈਚਾਰਿਆਂ ਦੇ ਸੱਭਿਆਚਾਰਕ ਮਾਣ ਨਾਲ ਯਾਦਗਾਰ ਬਣ ਕੇ ਸਮਾਪਤ ਹੋ ਗਿਆ। 14 ਦਿਨਾਂ ਦੇ ਇਸ ਮੇਲੇ ਦੌਰਾਨ ਵਿਨੀਪੈਗ ਦੇ 30 ਵੱਖ-ਵੱਖ ਸਥਾਨਾਂ...
ਵਿਨੀਪੈਗ: ਵਿਨੀਪੈਗ ਵਿੱਚ ਦੋ ਹਫ਼ਤਿਆਂ ਤੱਕ ਚੱਲਿਆ 55ਵਾਂ ਫੋਕਲੋਰਾਮਾ ਫੈਸਟੀਵਲ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਸ਼ਮੂਲੀਅਤ ਅਤੇ ਵੱਖ-ਵੱਖ ਭਾਈਚਾਰਿਆਂ ਦੇ ਸੱਭਿਆਚਾਰਕ ਮਾਣ ਨਾਲ ਯਾਦਗਾਰ ਬਣ ਕੇ ਸਮਾਪਤ ਹੋ ਗਿਆ। 14 ਦਿਨਾਂ ਦੇ ਇਸ ਮੇਲੇ ਦੌਰਾਨ ਵਿਨੀਪੈਗ ਦੇ 30 ਵੱਖ-ਵੱਖ ਸਥਾਨਾਂ ’ਤੇ 45 ਪਵੇਲੀਅਨਾਂ ਨੇ ਦੁਨੀਆ ਭਰ ਦੀਆਂ ਸੱਭਿਆਚਾਰਕ ਪਰੰਪਰਾਵਾਂ, ਸੰਗੀਤ, ਨਾਚ, ਖਾਣ-ਪੀਣ ਅਤੇ ਕਲਾਵਾਂ ਦੀ ਝਲਕ ਪੇਸ਼ ਕੀਤੀ। ਇਸ ਵਾਰ ਫੋਕਲੋਰਾਮਾ ਵਿੱਚ 3,62,397 ਦਰਸ਼ਕਾਂ ਨੇ ਸ਼ਮੂਲੀਅਤ ਕੀਤੀ, ਜਦਕਿ ਕੁਲ 972 ਸ਼ੋਅ ਅਤੇ ਲੇਟ-ਨਾਈਟ ਪਾਰਟੀਆਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਇਸ ਸਾਲ ਫੈਸਟੀਵਲ ਦੀ ਵਾਤਾਵਰਨ-ਪੱਖੀ ਪਹਿਲਕਦਮੀ ਵੀ ਖ਼ਾਸ ਰਹੀ। ਪੂਰੇ ਫੈਸਟੀਵਲ ਵਿੱਚ ਸ਼ੁਰੂ ਕੀਤੇ ਗਏ ਨਵੇਂ ਕੰਪੋਸਟਿੰਗ ਪ੍ਰੋਗਰਾਮ ਰਾਹੀਂ ਅੰਦਾਜ਼ਨ 15,000 ਕਿਲੋਗ੍ਰਾਮ ਕੂੜਾ ਲੈਂਡ ਫਿੱਲ ਵਿੱਚ ਜਾਣ ਤੋਂ ਰੋਕਿਆ ਗਿਆ। ਫੋਕਲੋਰਾਮਾ ਦੇ ਕਈ ਸ਼ੋਅ ਪਹਿਲਾਂ ਹੀ ਹਾਊਸ ਫੁੱਲ ਹੋ ਗਏ ਸਨ। ਇਸ ਸਾਲ ਵਧੇਰੇ ਵਿਕਲਪਾਂ ਦੇ ਬਾਵਜੂਦ 7,014 ਦਰਸ਼ਕਾਂ ਨੇ ਕੁਲ 195 ਕਸਟਮ ਗਰੁੱਪ ਅਤੇ ਵੀਆਈਪੀ ਟੂਰਾਂ ਰਾਹੀਂ ਫੋਕਲੋਰਾਮਾ ਦਾ ਤਜਰਬਾ ਹਾਸਲ ਕੀਤਾ। ਇਨ੍ਹਾਂ ਵਿੱਚ ਵਿਨੀਪੈਗ ਟਰਾਲੀ ਕੰਪਨੀ ਅਤੇ ਪੈਡਲ ਪੱਬ ਵਿਨੀਪੈਗ ਦੇ ਸਹਿਯੋਗ ਨਾਲ ਤਿਆਰ ਕੀਤੇ ਵਿਸ਼ੇਸ਼ ਥੀਮ ਵਾਲੇ ਟੂਰ ਵੀ ਸ਼ਾਮਲ ਸਨ।
ਫੋਕਲੋਰਾਮਾ ਦੀ ਕਾਰਜਕਾਰੀ ਡਾਇਰੈਕਟਰ ਟੇਰੇਸਾ ਕੋਟਰੋਨੀਓ ਨੇ ਕਿਹਾ ਕਿ ਹਰ ਪਵੇਲੀਅਨ ਦਰਸ਼ਕਾਂ ਨੂੰ ਆਪਣਾ ਵਿਲੱਖਣ ਸੱਭਿਆਚਾਰਕ ਤਜਰਬਾ ਦਿੰਦਾ ਹੈ, ਪਰ ਇਨ੍ਹਾਂ ਸਾਰਿਆਂ ਨੂੰ ਜੋੜਨ ਵਾਲੀ ਸਭ ਤੋਂ ਵੱਡੀ ਤਾਕਤ ਉੱਥੇ ਸੇਵਾ ਕਰ ਰਹੇ ਵਲੰਟੀਅਰ ਹਨ। ਉਨ੍ਹਾਂ ਮੁਤਾਬਕ ਇਹੀ ਲੋਕ ਫੋਕਲੋਰਾਮਾ ਦੀ ਰੂਹ ਹਨ ਅਤੇ ਇਸ ਮੇਲੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਫਲਤਾ ਦਾ ਮੁੱਖ ਕਾਰਨ ਵੀ ਹਨ। ਇਸ ਸਾਲ ਫੈਸਟੀਵਲ ਦੌਰਾਨ 40,264 ਵਲੰਟੀਅਰਾਂ ਵੱਲੋਂ ਮੇਲੇ ਨੂੰ ਕਾਮਯਾਬ ਕੀਤਾ ਗਿਆ। ਕੋਟਰੋਨੀਓ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਲੋਕ ਕਿਸੇ ਨਵੇਂ ਭੋਜਨ, ਨਾਚ ਜਾਂ ਸੱਭਿਆਚਾਰਕ ਰਿਵਾਜ ਨਾਲ ਜਾਣੂ ਹੁੰਦੇ ਹਨ ਅਤੇ ਉਸ ਦੀ ਖ਼ੁਸ਼ੀ ਸਾਂਝੀ ਕਰਦੇ ਹਨ ਤਾਂ ਇਹੀ ਪਲ ਫੋਕਲੋਰਾਮਾ ਨਾਲ ਜੁੜੇ ਲੋਕਾਂ ਨੂੰ ਅੱਗੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ।
ਇਸ ਸਾਲ ਪੰਜਾਬ ਪਵੇਲੀਅਨ ਵੀ ਫੋਕਲੋਰਾਮਾ ਦੀ ਰੌਣਕ ਦਾ ਇੱਕ ਖ਼ਾਸ ਕੇਂਦਰ ਰਿਹਾ। ਪੰਜਾਬੀ ਸੰਗੀਤ, ਲੋਕ ਨਾਚ, ਰਵਾਇਤੀ ਸੱਭਿਆਚਾਰ ਅਤੇ ਭੋਜਨ ਨੇ ਦਰਸ਼ਕਾਂ ਨੂੰ ਪੰਜਾਬ ਦੀ ਰੰਗੀਨ ਵਿਰਾਸਤ ਨਾਲ ਜੋੜਿਆ। ਪੰਜਾਬ ਪਵੇਲੀਅਨ ਦੇ ਪ੍ਰੋਗਰਾਮਾਂ ਵਿੱਚ ਭੰਗੜਾ, ਸਾਜ਼, ਪੰਜਾਬੀ ਨਾਚ ਤੋਂ ਇਲਾਵਾ ਅਮਨ ਦੀ ਟੀਮ ‘ਤ੍ਰਿੰਜਣ ਆਰਟਸ’ ਵੱਲੋਂ ਪੇਸ਼ ਕੀਤਾ ਗਿਆ ਵਿਸ਼ੇਸ਼ ਗਿੱਧਾ ਵੀ ਖ਼ਾਸ ਖਿੱਚ ਦਾ ਕੇਂਦਰ ਬਣਿਆ। ਪੰਜਾਬ ਦੀਆਂ ਧੀਆਂ ਦੇ ਜੋਸ਼, ਬੋਲੀਆਂ ਅਤੇ ਰਵਾਇਤੀ ਅੰਦਾਜ਼ ਨਾਲ ਸਜੇ ਇਸ ਗਿੱਧੇ ਨੇ ਦਰਸ਼ਕਾਂ ਨੂੰ ਪੰਜਾਬ ਦੀ ਲੋਕ-ਨਾਚ ਪਰੰਪਰਾ ਦੀ ਜੀਵੰਤ ਝਲਕ ਦਿਖਾਈ। ਗਿੱਧੇ ਦੀ ਪੇਸ਼ਕਾਰੀ ਨੇ ਖ਼ਾਸ ਤੌਰ ’ਤੇ ਇਹ ਦਰਸਾਇਆ ਕਿ ਵਿਦੇਸ਼ੀ ਧਰਤੀ ’ਤੇ ਰਹਿੰਦਿਆਂ ਵੀ ਪੰਜਾਬੀ ਨਵੀਂ ਪੀੜ੍ਹੀ ਆਪਣੀ ਭਾਸ਼ਾ, ਲੋਕ-ਕਲਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਮਾਣ ਨਾਲ ਅੱਗੇ ਲੈ ਕੇ ਜਾ ਰਹੀ ਹੈ।
ਇੰਡੀਆ ਪਵੇਲੀਅਨ ਨੇ ਦਰਸ਼ਕਾਂ ਨੂੰ ਭਾਰਤ ਦੀ ਵਿਭਿੰਨਤਾ ਨਾਲ ਰੂਬਰੂ ਕਰਵਾਇਆ। ਵੱਖ-ਵੱਖ ਖੇਤਰਾਂ ਦੇ ਸੰਗੀਤ, ਨਾਚ, ਪਹਿਰਾਵਿਆਂ, ਸੱਭਿਆਚਾਰਕ ਰਵਾਇਤਾਂ ਅਤੇ ਭਾਰਤੀ ਖਾਣਿਆਂ ਨੇ ਭਾਰਤ ਦੀ ‘ਵਿਭਿੰਨਤਾ ਵਿੱਚ ਏਕਤਾ’ ਦੀ ਤਸਵੀਰ ਪੇਸ਼ ਕੀਤੀ। ਪੰਜਾਬ ਪਵੇਲੀਅਨ ਅਤੇ ਇੰਡੀਆ ਪਵੇਲੀਅਨ ਵਰਗੇ ਪਵੇਲੀਅਨਾਂ ਦੀ ਮੌਜੂਦਗੀ ਨੇ ਫੋਕਲੋਰਾਮਾ ਦੇ ਉਸ ਮਕਸਦ ਨੂੰ ਹੋਰ ਮਜ਼ਬੂਤ ਕੀਤਾ ਜਿਸ ਤਹਿਤ ਵੱਖ-ਵੱਖ ਭਾਈਚਾਰਿਆਂ ਨੂੰ ਆਪਣੀ ਪਛਾਣ ਮਨਾਉਣ ਅਤੇ ਦੂਜਿਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜਾਣੂ ਕਰਵਾਉਣ ਦਾ ਮੌਕਾ ਮਿਲਦਾ ਹੈ।
ਫੋਕਲੋਰਾਮਾ ਨੂੰ 30 ਤੋਂ ਵੱਧ ਲੰਬੇ ਸਮੇਂ ਤੋਂ ਸਹਿਯੋਗ ਦੇ ਰਹੇ ਭਾਈਵਾਲ ਦਾ ਸਹਿਯੋਗ ਪ੍ਰਾਪਤ ਹੈ।

