ਕੈਨੇਡਾ ਵਾਸ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਸ਼ਮੀਲ

ਕੈਨੇਡੀਅਨ ਪੰਜਾਬੀਆਂ ਦੇ ਬਹੁਤ ਅਜਿਹੇ ਘਰ ਹਨ, ਜਿਨ੍ਹਾਂ ਵਿਚ ਇਕ ਛੱਤ ਹੇਠ ਦੋ ਸੰਸਾਰ ਰਹਿ ਰਹੇ ਹੁੰਦੇ ਹਨ। ਇਕ ਪਾਸੇ ਪੰਜਾਬ ਦੇ ਪਿੰਡਾਂ ਵਿਚੋਂ ਆਏ ਬਜ਼ੁਰਗ ਰਹਿੰਦੇ ਹਨ। ਦੂਜੇ ਪਾਸੇ ਕੈਨੇਡਾ ਵਿਚ ਜੰਮੇ ਬੱਚੇ। ਬਹੁਤ ਸਾਰੇ ਅਜਿਹੇ ਬਜ਼ੁਰਗ ਹੁੰਦੇ ਹਨ, ਜਿਹੜੇ ਮਾਨਸਿਕ ਤੌਰ ’ਤੇ ਸ਼ਾਇਦ ਅਜੇ ਵੀ ਪਿਛਲੀਆਂ ਸਦੀਆਂ ਵਿਚ ਰਹਿ ਰਹੇ ਹੁੰਦੇ ਹਨ। ਇਹ ਅਜਿਹੇ ਬਜ਼ੁਰਗ ਹੁੰਦੇ ਹਨ, ਜਿਹੜੇ ਸ਼ਾਇਦ ਪੰਜਾਬ ਦੇ ਕਿਸੇ ਸ਼ਹਿਰ ਵਿਚ ਆ ਕੇ ਵੀ ਇਹ ਮਹਿਸੂਸ ਕਰਨ ਕਿ ਜਿਵੇਂ ਕਿਸੇ ਅਲੱਗ ਦੁਨੀਆਂ ਵਿਚ ਆ ਗਏ ਹੋਣ। ਇਨ੍ਹਾਂ ਵਿਚੋਂ ਬਹੁਤ ਸਾਰੇ ਬਜ਼ੁਰਗ ਸਾਡੀ ਖੂਹਾਂ ਵਾਲੀ ਪੀੜ੍ਹੀ ਦੇ ਹਨ। ਨਵੀਂ ਦੁਨੀਆਂ ਵਿਚ ਉਨ੍ਹਾਂ ਨੂੰ ਬਹੁਤ ਕੁਝ ਓਪਰਾ ਲੱਗਦਾ ਹੈ। ਇਹ ਓਪਰਾਪਣ ਰਹਿਣ-ਸਹਿਣ, ਕਦਰਾਂ ਕੀਮਤਾਂ ਅਤੇ ਜੀਵਨ ਦੇ ਹਰ ਪੱਖ ’ਤੇ ਹੁੰਦਾ ਹੈ।

ਜਿਸ ਤੇਜ਼ੀ ਨਾਲ ਜ਼ਿੰਦਗੀ ਅੱਜ ਦੇ ਯੁੱਗ ਵਿਚ ਬਦਲ ਰਹੀ ਹੈ, ਉਹ ਐਨੀ ਤੇਜ਼ ਹੈ ਕਿ ਇਨਸਾਨੀ ਇਤਿਹਾਸ ਵਿਚ ਤਬਦੀਲੀ ਦੀ ਇਹ ਰਫ਼ਤਾਰ ਸ਼ਾਇਦ ਪਹਿਲਾਂ ਕਦੇ ਨਾ ਰਹੀ ਹੋਵੇ। ਇਸ ਕਰਕੇ ਆਪਣੇ ਹੀ ਸਮਾਜ ਵਿਚ ਰਹਿੰਦੇ ਹੋਏ ਵੀ ਅੱਜ ਦੇ ਯੁੱਗ ਵਿਚ ਹਰ ਪੀੜ੍ਹੀ ਇਕ ਤਣਾਅ ਮਹਿਸੂਸ ਕਰਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਤਬਦੀਲੀ ਦੀ ਗਤੀ ਨਾਲ ਤਾਲਮੇਲ ਨਹੀਂ ਰੱਖ ਸਕਦੇ।

ਇਸ ਗੱਲ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਕਿਸੇ ਅਜਿਹੀ ਪੀੜ੍ਹੀ ਨੂੰ ਚੁੱਕ ਕੇ ਅਚਾਨਕ ਰਾਤੋ ਰਾਤ ਧਰਤੀ ਦੇ ਕਿਸੇ ਦੂਸਰੇ ਸੱਭਿਆਚਾਰ ਵਿਚ ਭੇਜ ਦਿੱਤਾ ਜਾਵੇ ਤਾਂ ਉਨ੍ਹਾਂ ਲਈ ਇਹ ਤਬਦੀਲੀ ਕਿੰਨੀ ਵੱਡੀ ਹੋਵੇਗੀ। ਪੰਜਾਬ ਦੇ ਕਿਸੇ ਪਿੰਡ ਵਿਚੋਂ ਅਚਾਨਕ ਕੈਨੇਡਾ ਪਹੁੰਚ ਗਏ ਪੰਜਾਬੀ ਬਜ਼ੁਰਗ ਇਸ ਤਰ੍ਹਾਂ ਦੀ ਵੱਡੀ ਤਬਦੀਲੀ ਨੂੰ ਹੰਢਾਉਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ’ਤੇ ਇਹ ਬਹੁਤ ਵੱਡਾ ਬੇਲੋੜਾ ਦਬਾਅ ਹੈ। ਉੱਤੋਂ ਇਹ ਉਮੀਦ ਰੱਖੀ ਜਾਂਦੀ ਹੈ ਕਿ ਉਹ ਅਚਾਨਕ ਆਪਣੇ ਵਰਤੋਂ ਵਿਹਾਰ ਵਿਚ ਐਨੀ ਵੱਡੀ ਤਬਦੀਲੀ ਲਿਆਉਣ, ਜਿਹੜੀ ਆਮ ਕਰਕੇ ਸ਼ਾਇਦ ਕਈ ਪੀੜ੍ਹੀਆਂ ਦੇ ਵਕਫੇ ਵਿਚ ਆਉਂਦੀ ਸੀ, ਪਰ ਤਣਾਅ ਦਾ ਇਹ ਸਿਰਫ਼ ਇਕ ਪੱਖ ਹੈ।

ਦੂਸਰਾ ਪੱਖ ਉਨ੍ਹਾਂ ਬੱਚਿਆਂ ਦਾ ਹੈ, ਜਿਹੜੇ ਅਜਿਹੇ ਘਰਾਂ ਵਿਚ ਵੱਡੇ ਹੋ ਰਹੇ ਹਨ। ਇਨ੍ਹਾਂ ਪੰਜਾਬੀ ਘਰਾਂ ਦੇ ਬੱਚੇ ਜਦੋਂ ਘਰ ਵਿਚ ਹੁੰਦੇ ਹਨ ਤਾਂ ਉਹ ਇਕ ਅਲੱਗ ਦੁਨੀਆਂ ਵਿਚ ਹੁੰਦੇ ਹਨ। ਜਦੋਂ ਉਹ ਘਰ ਵਿਚੋਂ ਨਿਕਲਕੇ ਆਪਣੇ ਸਕੂਲ ਵਿਚ ਪਹੁੰਚਦੇ ਹਨ ਤਾਂ ਇਕ ਵੱਖਰੇ ਸੰਸਾਰ ਵਿਚ ਦਾਖਲ ਹੁੰਦੇ ਹਨ। ਜਿਵੇਂ ਸਾਇੰਸ ਫਿਕਸ਼ਨ ਵਾਲੀਆਂ ਫ਼ਿਲਮਾਂ ਦੇ ਕਿਰਦਾਰ ਅਚਾਨਕ ਕਿਸੇ ਖਿੜਕੀ ਰਾਹੀਂ ਕਿਸੇ ਦੂਸਰੇ ਸੰਸਾਰ ਵਿਚ ਦਾਖਲ ਹੋ ਜਾਂਦੇ ਹਨ ਜਾਂ ਅਸੀਂ ਜਿਵੇਂ ਸੁਪਨਿਆਂ ਦੇ ਕਿਸੇ ਸੰਸਾਰ ਵਿਚੋਂ ਅੱਖ ਖੁੱਲ੍ਹਣ ਤੋਂ ਬਾਅਦ ਅਚਾਨਕ ਇਸ ਦੁਨੀਆਂ ਵਿਚ ਆ ਜਾਂਦੇ ਹਾਂ। ਇਸ ਤਰ੍ਹਾਂ ਦੇ ਮਾਹੌਲ ਵਿਚ ਪਲ ਰਹੇ ਬੱਚਿਆਂ ਨੂੰ ਇਕੋ ਵੇਲੇ ਦੋ ਅਲੱਗ ਸੱਭਿਆਤਾਵਾਂ ਵਿਚ ਜਿਊਣਾ ਪੈਂਦਾ ਹੈ। ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਅਜੀਬ ਤਣਾਅ ਪੈਦਾ ਹੁੰਦਾ ਹੈ।

ਇਹ ਬੱਚੇ ਹਰ ਪਲ ਦੋ ਪੂਰੀ ਤਰ੍ਹਾਂ ਵੱਖਰੇ ਸੱਭਿਆਚਾਰਾਂ, ਰਹਿਣ-ਸਹਿਣ, ਕਦਰਾਂ-ਕੀਮਤਾਂ ਅਤੇ ਬੋਲੀਆਂ ਨਾਲ ਜੂਝਦੇ ਹਨ। ਇਹ ਟਕਰਾਅ ਬਹੁਤ ਨਿੱਕੀਆਂ ਨਿੱਕੀਆਂ ਗੱਲਾਂ ਰਾਹੀਂ ਪ੍ਰਗਟ ਹੁੰਦਾ ਹੈ। ਅਜਿਹੇ ਬੱਚੇ ਉਹ ਖਾਣਾ ਲੰਚ ਵਿਚ ਆਪਣੇ ਸਕੂਲ ਲਿਜਾਣ ਤੋਂ ਝਿਜਕਦੇ ਹੋ ਸਕਦੇ ਹਨ, ਜਿਹੜਾ ਉਹ ਘਰ ਖਾਂਦੇ ਹਨ। ਕਈ ਇਸ ਗੱਲ ਬਾਰੇ ਸੁਚੇਤ ਹੁੰਦੇ ਹਨ ਕਿ ਸਾਡੇ ਮਾਂ-ਪਿਓ ਦੂਸਰਿਆਂ ਨਾਲੋਂ ਵੱਖਰੇ ਦਿਸਦੇ ਹਨ, ਇਸ ਕਰਕੇ ਉਹ ਸਾਡੇ ਸਕੂਲ ਵਿਚ ਨਾ ਆਉਣ। ਕਈਆਂ ਦੇ ਮਨਾਂ ਵਿਚ ਇਹ ਕਲਚਰਲ ਪਾੜਾ ਆਪਣੇ ਕਲਚਰ ਪ੍ਰਤੀ ਹੀਣ ਭਾਵਨਾ ਦੇ ਰੂਪ ਵਿਚ ਪ੍ਰਗਟ ਹੋ ਸਕਦਾ ਹੈ। ਕਈਆਂ ਵਿਚ ਇਹ ਹੀਣ ਭਾਵਨਾ ਅੱਗੇ ਜਾ ਕੇ ਵਿਦਰੋਹ ਦੇ ਰੂਪ ਵਿਚ ਪ੍ਰਗਟ ਹੋ ਸਕਦੀ ਹੈ। ਉਹ ਆਪਣੀ ਕਲਚਰਲ ਹੀਣ-ਭਾਵਨਾ ਨੂੰ ਕਿਸੇ ਕਲਚਰਲ ਸਵੈ-ਮਾਣ ਵਿਚ ਬਦਲਣ ਲਈ ਸੁਚੇਤ ਕੋਸ਼ਿਸ਼ਾਂ ਕਰਦੇ ਦੇਖੇ ਜਾ ਸਕਦੇ ਹਨ। ਇਸ ਪਾੜੇ ਰਾਹੀਂ ਪੈਦਾ ਕੀਤਾ ਤਣਾਅ ਇਨ੍ਹਾਂ ਪਰਿਵਾਰਾਂ ਦੀ ਜ਼ਿੰਦਗੀ ਦੀ ਹਕੀਕਤ ਹੈ। ਇਸ ਹਕੀਕਤ ਨੂੰ ਤਿੰਨੇ ਧਿਰਾਂ ਹੰਢਾਉਂਦੀਆਂ ਹਨ, ਜਿਨ੍ਹਾਂ ਵਿਚ ਇਕ ਪਾਸੇ ਦਾਦਾ-ਦਾਦੀ, ਦੂਜੇ ਪਾਸੇ ਛੋਟੇ ਬੱਚੇ ਅਤੇ ਵਿਚਕਾਰ ਮਾਂ-ਪਿਓ ਵਾਲੀ ਪੀੜ੍ਹੀ ਸ਼ਾਮਲ ਹੈ।

ਇਸ ਤਰ੍ਹਾਂ ਦਾ ਪਾੜਾ ਸਾਡੀਆਂ ਉਨ੍ਹਾਂ ਪੀੜ੍ਹੀਆਂ ਨੇ ਕਦੇ ਨਹੀਂ ਦੇਖਿਆ ਹੋਵੇਗਾ, ਜਿਹੜੀਆਂ ਅੱਜ ਦੇ ਦੌਰ ਤੋਂ ਪਹਿਲਾਂ ਸਦੀਆਂ ਤੋਂ ਪੰਜਾਬ ਦੇ ਪਿੰਡਾਂ ਜਾਂ ਸ਼ਹਿਰਾਂ ਵਿਚ ਰਹਿ ਰਹੀਆਂ ਸਨ। ਉਨ੍ਹਾਂ ਥਾਵਾਂ ’ਤੇ ਜ਼ਿੰਦਗੀ ਸਦੀਆਂ ਤੋਂ ਇਕ ਖ਼ਾਸ ਰਫ਼ਤਾਰ ’ਤੇ ਚਲੀ ਜਾ ਰਹੀ ਸੀ। ਪਹਿਲਾਂ ਕੁਝ ਤਣਾਅ ਪਿੰਡਾਂ ਤੋਂ ਸ਼ਹਿਰਾਂ ਵਿਚ ਆਉਣ ਨਾਲ ਆਇਆ, ਪਰ ਉਹ ਫ਼ਰਕ ਫੇਰ ਵੀ ਕਾਫ਼ੀ ਘੱਟ ਸੀ। ਜੋ ਤਬਦੀਲੀਆਂ ਪਰਵਾਸ ਨਾਲ ਆਈਆਂ ਹਨ, ਉਹ ਬਹੁਤ ਵੱਡੀਆਂ ਹਨ। ਐਨੀਆਂ ਵੱਡੀਆਂ ਕਿ ਜਿਵੇਂ ਦੋ-ਤਿੰਨ ਸੌ ਸਾਲ ਪਹਿਲਾਂ ਪੰਜਾਬ ਵਿਚ ਰਹਿਣ ਵਾਲੀ ਪੀੜ੍ਹੀ ਦੇ ਲੋਕ ਅਚਾਨਕ ਹੁਣ ਪੰਜਾਬ ਦੇ ਕਿਸੇ ਸ਼ਹਿਰ ਵਿਚ ਆ ਜਾਣ। ਉਨ੍ਹਾਂ ਲਈ ਆਲੇ ਦੁਆਲੇ ਦੀ ਸਾਰੀ ਦੁਨੀਆਂ ਹੀ ਵੱਖਰੀ ਹੋਵੇਗੀ। ਉਸੇ ਤਰ੍ਹਾਂ ਦੀ ਹਾਲਤ ਪੰਜਾਬ ਤੋਂ ਕੈਨੇਡਾ ਆਉਣ ਵਾਲੇ ਬਜ਼ੁਰਗਾਂ ਦੀ ਹੁੰਦੀ ਹੈ ਅਤੇ ਉਸ ਤੋਂ ਵੀ ਵੱਡੀ ਚੁਣੌਤੀ ਉਨ੍ਹਾਂ ਬੱਚਿਆਂ ਦੀ ਪੀੜ੍ਹੀ ਲਈ ਹੈ, ਜੋ ਇਸ ਪੀੜ੍ਹੀ ਦੇ ਨਾਲ ਰਹਿੰਦੀ ਹੋਈ ਪਲਦੀ ਹੈ।

ਇਸ ਮਾਮਲੇ ਵਿਚ ਜ਼ਿਆਦਾ ਮੁਸ਼ਕਲ ਉਦੋਂ ਬਣ ਜਾਂਦੀ ਹੈ ਜਦੋਂ ਵਿਚਕਾਰਲੀ ਪੀੜ੍ਹੀ ਕੋਲ ਇਹ ਹੁਨਰ ਨਹੀਂ ਹੁੰਦਾ ਕਿ ਉਹ ਆਪਣੇ ਬਜ਼ੁਰਗਾਂ ਵਾਲੀ ਪੀੜ੍ਹੀ ਅਤੇ ਬੱਚਿਆਂ ਦੀ ਪੀੜ੍ਹੀ ਵਿਚਕਾਰ ਕੋਈ ਪੁਲ ਬਣ ਸਕਣ। ਕਈ ਅਜਿਹੇ ਮਾਂ ਬਾਪ ਹੁੰਦੇ ਹਨ, ਜਿਨ੍ਹਾਂ ਨੂੰ ਆਪਣੀਆਂ ਸ਼ਿਫਟਾਂ ਤੋਂ ਵਿਹਲ ਨਹੀਂ ਹੁੰਦੀ। ਉਹ ਦਿਨ ਰਾਤ ਕੰਮ ਕਰਦੇ ਹਨ ਅਤੇ ਬੱਚਿਆਂ ਦੀ ਸੰਭਾਲ ਬਜ਼ੁਰਗਾਂ ਦੇ ਸਿਰ ’ਤੇ ਛੱਡ ਦਿੰਦੇ ਹਨ। ਇਹ ਬਜ਼ੁਰਗਾਂ ਨਾਲ ਵੀ ਜ਼ਿਆਦਤੀ ਹੁੰਦੀ ਹੈ ਅਤੇ ਬੱਚਿਆਂ ਨਾਲ ਵੀ।

ਇਸ ਸਥਿਤੀ ਨੂੰ ਦੇਖ ਕੇ ਹੁਣ ਸੁਆਲ ਪੈਦਾ ਹੋ ਸਕਦਾ ਹੈ ਕਿ ਜੋ ਬੱਚੇ ਇਸ ਮਾਹੌਲ ਵਿਚ ਵੱਡੇ ਹੁੰਦੇ ਹਨ, ਉਨ੍ਹਾਂ ਦੀ ਸ਼ਖ਼ਸੀਅਤ ’ਤੇ ਇਸ ਦਾ ਕੀ ਅਸਰ ਪੈਂਦਾ ਹੈ?

ਇਹ ਅਸਰ ਦੋਵੇਂ ਤਰ੍ਹਾਂ ਦਾ ਹੋ ਸਕਦਾ ਹੈ। ਹੋ ਸਕਦਾ ਹੈ ਕਿ ਕੁਝ ਬੱਚੇ ਇਸ ਤਣਾਅ ਨਾਲ ਨਿਪਟਦੇ ਹੋਏ ਬਹੁਤ ਮਜ਼ਬੂਤ ਹੋ ਜਾਂਦੇ ਹੋਣ; ਜ਼ਿਆਦਾ ਸਮਾਰਟ ਹੋ ਜਾਂਦੇ ਹੋਣ। ਕੁਝ ਕੇਸਾਂ ਵਿਚ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਅੰਦਰ ਕੋਈ ਮਾਨਸਿਕ ਗੁੰਝਲ ਜਾਂ ਹੀਣ ਭਾਵਨਾ ਪੈਦਾ ਹੋ ਜਾਂਦੀ ਹੋਵੇ। ਇਸ ਕਰਕੇ ਇਸ ਸੁਆਲ ਦਾ ਕੋਈ ਇਕ ਜਵਾਬ ਨਹੀਂ ਹੋ ਸਕਦਾ। ਪੀੜ੍ਹੀਆਂ ਦਾ ਇਹ ਅਜੀਬ ਪਾੜਾ ਅਤੇ ਇਸ ਨਾਲ ਪੈਦਾ ਹੋ ਰਿਹਾ ਤਣਾਅ ਪਰਵਾਸ ਦੀ ਦੇਣ ਹੈ। ਇਹ ਕੀਮਤ ਹੁਣ ਸਾਨੂੰ ਅਦਾ ਕਰਨੀ ਹੀ ਪੈਣੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All