DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਗ਼ ਵਾਲੇ

ਜਿਵੇਂ ਹਰ ਇੱਕ ਪਿੰਡ ਵਿੱਚ ਪਰਿਵਾਰਾਂ ਦੀ ਕੋਈ ਨਾ ਕੋਈ ਅੱਲ ਪਈ ਹੁੰਦੀ ਹੈ ਜਾਂ ਉਨ੍ਹਾਂ ਨੂੰ ਕਿਸੇ ਵਿਸ਼ੇਸ਼ਣ ਜਾਂ ਉਪਨਾਮ ਨਾਲ ਜਾਣਿਆ ਜਾਂਦਾ ਹੈ, ਇਵੇਂ ਮੇਰੇ ਪਿੰਡ ਕੁੱਬੇ ਵਿੱਚ ਸਾਡੀ ਅੱਲ ‘ਬਾਗ਼ ਵਾਲੇ’ ਪਈ ਹੋਈ ਹੈ। ਜੇ ਕਿਸੇ ਨੇ...

  • fb
  • twitter
  • whatsapp
  • whatsapp
Advertisement

ਜਿਵੇਂ ਹਰ ਇੱਕ ਪਿੰਡ ਵਿੱਚ ਪਰਿਵਾਰਾਂ ਦੀ ਕੋਈ ਨਾ ਕੋਈ ਅੱਲ ਪਈ ਹੁੰਦੀ ਹੈ ਜਾਂ ਉਨ੍ਹਾਂ ਨੂੰ ਕਿਸੇ ਵਿਸ਼ੇਸ਼ਣ ਜਾਂ ਉਪਨਾਮ ਨਾਲ ਜਾਣਿਆ ਜਾਂਦਾ ਹੈ, ਇਵੇਂ ਮੇਰੇ ਪਿੰਡ ਕੁੱਬੇ ਵਿੱਚ ਸਾਡੀ ਅੱਲ ‘ਬਾਗ਼ ਵਾਲੇ’ ਪਈ ਹੋਈ ਹੈ। ਜੇ ਕਿਸੇ ਨੇ ਪਿੰਡ ਵਿੱਚ ਸਾਡਾ ਘਰ ਲੱਭਣਾ ਹੋਵੇ ਤਾਂ ਦੱਸਣਾ ਪਵੇਗਾ ਕਿ ਬਾਗ਼ ਵਾਲਿਆਂ ਦੇ ਘਰ ਜਾਣਾ ਹੈ। ਪਿੰਡ ਵਿੱਚ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਬਾਰੇ ਇਸ ਤਰ੍ਹਾਂ ਦੀਆਂ ਅੱਲਾਂ ਪਈਆਂ ਹੋਈਆਂ ਹਨ। ਜਿਵੇਂ ਵੱਢ ਖਾਣੇ, ਦਾਲ਼ ਪੀਣੇ, ਗੱਪੀ, ਜੱਕੜੀਏ, ਟੋਭਾ ਫੂਕ, ਗੜਵਈ, ਮਸੰਦ, ਡਾਕਟਰ, ਚੁਬਾਰੇ ਵਾਲੇ, ਹਵੇਲੀ ਵਾਲੇ, ਯੂਪੀ ਵਾਲੇ, ਕਲਕੱਤੇ ਵਾਲੇ, ਬਾਹਰਲੇ, ਬਿਲਗੇ ਵਾਲੇ, ਲੰਬੜ, ਸਰਪੰਚ, ਡਾਕਟਰ, ਮਾਸਟਰ, ਬਗੈਰਾ ਬਗੈਰਾ। ਕਈ ਪਰਿਵਾਰਾਂ ਦੀਆਂ ਅੱਲਾਂ ਕਈ ਕਈ ਪੀੜ੍ਹੀਆਂ ਤੋਂ ਉਨ੍ਹਾਂ ਦੇ ਬਜ਼ੁਰਗਾਂ ਨਾਲ ਜੁੜੀਆਂ ਹੀ ਚੱਲੀਆਂ ਆ ਰਹੀਆਂ ਹਨ। ਹਰ ਵਿਸ਼ੇਸ਼ਣ ਜਾਂ ਉਪਨਾਮ ਪਿੱਛੇ ਕੋਈ ਨਾ ਕੋਈ ਭੇਤ ਜ਼ਰੂਰ ਛੁਪਿਆ ਹੁੰਦਾ ਹੈ।

ਸਾਡੇ ਪਰਿਵਾਰ ਤੇ ‘ਬਾਗ਼ ਵਾਲੇ’ ਹੋਣ ਦਾ ਲੇਬਲ ਭਾਵੇਂ ਸਦੀਆਂ ਪੁਰਾਣਾ ਨਹੀਂ ਹੈ। ਉਨੀਵੀਂ ਸਦੀ ਵਿੱਚ ਸਾਡੀ ਪਛਾਣ ‘ਸੇਢੇ ਕੇ’ ਕਰਕੇ ਹੁੰਦੀ ਸੀ। ਸਾਡਾ ਕੋਈ ਪੁਰਾਣਾ ਬਜ਼ੁਰਗ ਸੀ ਸੇਢਾ ਸਿੰਘ, ਜਿਸ ਦੇ ਨਾਂ ’ਤੇ ਪਿੰਡ ਵਿੱਚ ਸੇਢਾ ਪੱਤੀ ਵੀ ਹੈ, ਪਰ ਵੀਹਵੀਂ ਸਦੀ ਵਿੱਚ ਜਦੋਂ ਮੇਰਾ ਦਾਦਾ ਭਾਨ ਸਿੰਘ ਅਤੇ ਉਨ੍ਹਾਂ ਦਾ ਵੱਡਾ ਭਰਾ ਪੰਜਾਬ ਸਿੰਘ ਮਿਲਟਰੀ ਵਿੱਚੋਂ ਰਿਟਾਇਰ ਹੋ ਕੇ ਪਿੰਡ ਆਣ ਵੱਸੇ ਤਾਂ ਉਨ੍ਹਾਂ ਆਪਣੀ ਜ਼ਮੀਨ ਵਿੱਚ ਇੱਕ ਸ਼ਾਨਦਾਰ ਬਾਗ਼ ਲਵਾਇਆ। ਵੱਡੇ ਬਾਬਾ ਜੀ ਜਿਸ ਨੂੰ ਸਾਰਾ ਪਿੰਡ ਤਾਇਆ ਜੀ ਜਾਂ ਹੌਲਦਾਰ ਕਹਿੰਦਾ ਸੀ, ਉਸ ਨੇ ਵਿਆਹ ਨਹੀਂ ਸੀ ਕਰਵਾਇਆ, ਪ੍ਰੰਤੂ ਉਹ ਵੇਲਾਂ ਬੂਟਿਆਂ ਨੂੰ ਹੀ ਆਪਣੇ ਬੱਚੇ ਸਮਝ ਕੇ ਹੱਦੋਂ ਵੱਧ ਪਿਆਰ ਕਰਦਾ ਸੀ।

Advertisement

ਬਾਬਾ ਜੀ ਨੂੰ ਬਾਗ਼ਵਾਨੀ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਸੀ। ਉਸ ਨੇ ਬਾਗ਼ ਵਿੱਚ ਹੀ ਆਪਣਾ ਘਰ ਬਣਾ ਰੱਖਿਆ ਸੀ ਤੇ ਇੱਥੇ ਹੀ ਰਹਿੰਦਾ ਸੀ। ਆਪਣੀ ਜ਼ਮੀਨ ਵਿੱਚ ਉਸ ਨੇ ਅੰਬ, ਅੰਗੂਰ, ਕੇਲੇ, ਜਾਮਣ, ਸੰਤਰੇ, ਨਾਸ਼ਪਾਤੀਆਂ, ਨਿੰਬੂ, ਕਿੰਨੂ ਅਤੇ ਹੋਰ ਅਨੇਕਾਂ ਕਿਸਮ ਦੇ ਫ਼ਲਦਾਰ ਬੂਟਿਆਂ ਤੋਂ ਇਲਾਵਾ ਖੀਰੇ, ਖਰਬੂਜ਼ੇ, ਤਰਾਂ, ਮਟਰ, ਟਮਾਟਰ, ਭਿੰਡੀਆਂ, ਕਰੇਲੇ ਤੇ ਹੋਰ ਬਹੁਤ ਕੁਝ ਲਗਾ ਰੱਖਿਆ ਸੀ। ਬਸ ਉਹ ਇਨ੍ਹਾਂ ਨੂੰ ਗੁੱਡਦਾ, ਸੰਵਾਰਦਾ, ਪਾਣੀ ਪਾਉਂਦਾ ਜਾਂ ਖਾਦ ਲਾਉਂਦਾ ਰਹਿੰਦਾ।

Advertisement

ਬਾਬਾ ਜੀ ਸ. ਪੰਜਾਬ ਸਿੰਘ ਨੂੰ ਗੁਲਾਬ, ਗੇਂਦੇ, ਕਲੀਆਂ, ਬੋਗਨਵਿਲੀਆ, ਚਮੇਲੀ, ਰਾਤ ਦੀ ਰਾਣੀ, ਕਚਨਾਰ ਦੇ ਫੁੱਲਾਂ ਨਾਲ ਅੰਤਾਂ ਦਾ ਮੋਹ ਸੀ। ਉਹ ਕਿਸੇ ਤਾਈਂ ਫੁੱਲਾਂ ਨੂੰ ਅਤੇ ਕੱਚੇ ਫਲਾਂ ਨੂੰ ਹੱਥ ਵੀ ਨਾ ਲਾਣ ਦਿੰਦਾ। ਜੇ ਕੋਈ ਉਸ ਦੀ ਇਜ਼ਾਜਤ ਬਗੈਰ ਅਜਿਹੀ ਕੁਤਾਹੀ ਕਰਦਾ ਤਾਂ ਉਹ ਡਾਂਗ ਲੈ ਕੇ ਅਗਲੇ ਦੇ ਮਗਰ ਪੈ ਜਾਂਦਾ। ਜਿਹੜਾ ਉਸ ਨੂੰ ਮਿਲਣ ਜਾਂਦਾ ਉਹ ਪੱਕੇ ਅਤੇ ਮਿੱਠੇ ਫਲਾਂ ਨਾਲ ਉਸ ਨੂੰ ਰਜਾ ਕੇ ਤੋਰਦਾ। ਘਰ ਲਈ ਫਲਾਂ ਤੋਂ ਇਲਾਵਾ ਪੁਦੀਨਾ, ਪਾਲਕ, ਧਨੀਆਂ, ਹਰੀਆਂ ਮਿਰਚਾਂ ਅਤੇ ਸਬਜ਼ੀਆਂ ਦੀ ਸੌਗਾਤ ਵੀ ਦਿੰਦਾ। ਜਾਨਵਰਾਂ ਤੋਂ ਬਾਗ਼ ਦੀ ਰਾਖੀ ਲਈ ਉਸ ਨੇ ਦਰੱਖਤ ’ਤੇ ਇੱਕ ਉੱਚਾ ਮਨ੍ਹਾ ਵੀ ਬਣਾ ਰੱਖਿਆ ਸੀ। ਪੂਰੇ ਦਾ ਪੂਰਾ ਮੰਜਾ ਤਰਪਾਲ ਦੀ ਛੱਤ ਵਾਲਾ। ਜਿਸ ਤਰ੍ਹਾਂ ਅਸਮਾਨ ਵਿੱਚ ਤੰਬੂ ਲੱਗਿਆ ਹੋਵੇ। ਇਸ ਨੂੰ ਉਸ ਦੀ ਸਕਿਉਰਿਟੀ ਪੋਸਟ ਵੀ ਕਿਹਾ ਜਾ ਸਕਦਾ ਸੀ। ਕਿਸੇ ਦਾ ਡੰਗਰ ਪਸ਼ੂ ਵੇਖ ਉਹ ਉੱਥੋਂ ਹੀ ਸ਼ੇਰ ਵਾਂਗੂੰ ਦਹਾੜਦਾ ਤੇ ਅਗਲਾ ਡਰ ਨਾਲ ਕੰਬਣ ਲੱਗਦਾ। ਕਈ ਵਾਰੀ ਜਾਨਵਰਾਂ ਦੇ ਉਡਾਉਣ ਲਈ ਉਹ ਟਿੰਡ ਜਾਂ ਪੀਪਾ ਖੜਕਾਉਂਦਾ। ਆਪਣੇ ਬਾਗ਼ ਦੀ ਸਿੰਚਾਈ ਲਈ ਉਸ ਨੇ ਪਿੰਡ ਵਿੱਚ ਸਭ ਤੋਂ ਪਹਿਲਾਂ ਹਲਟ ਲਵਾਇਆ ਸੀ।

ਬਾਗ਼ ਦਾ ਮਾਹੌਲ ਬੜਾ ਹੀ ਰਮਣੀਕ ਸੀ। ਮੇਰੇ ਤਾਇਆ ਜੀ ਗਿਆਨੀ ਮੋਹਣ ਸਿੰਘ ਇਸੇ ਬਾਗ਼ ਵਿੱਚ ਰਹਿੰਦੇ, ਜਿੱਥੇ ਉਨ੍ਹਾਂ ਇੱਕ ਭੋਰਾ ਵੀ ਬਣਾ ਰੱਖਿਆ ਸੀ। 5 ਮਾਰਚ 1947 ਨੂੰ ਹਾਲ ਬਾਜ਼ਾਰ ਅੰਮ੍ਰਿਤਸਰ ਵਿੱਚ ਹੋਏ ਫਿਰਕੂ ਫਸਾਦਾ ਦਾ ਸ਼ਿਕਾਰ ਪੰਜਾਬੀ ਦਾ ਇਹ ਸ਼ਾਇਰ ਵੀ ਹੋ ਗਿਆ ਸੀ। ਅਜੇ ਤਾਂ ਉਸ ਦੀ ਉਮਰ ਅਠਾਰਾਂ ਸਾਲ ਸੀ। ਉਹ ਅੱਧਖਿੜਿਆ ਫੁੱਲ ਸੀ। ਤਾਂ ਹੀ ਤਾਂ ਪੰਜਾਬ ਸਿੰਘ ਕਿਸੇ ਨੂੰ ਅੱਧਖਿੜੇ ਫੁੱਲਾਂ ਨੂੰ ਤੋੜਨ ’ਤੇ ਮਾਰਨ ਪੈ ਜਾਂਦਾ। ਮੋਹਣ ਸਿੰਘ ਵਰਗੇ ਲਾਇਕ ਭਤੀਜੇ ਦੀ ਮੌਤ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੂਸਰੀ ਵਾਰੀ ਉਸ ਦਾ ਮਨ ਉਦੋਂ ਵਲੂੰਧਰਿਆ ਗਿਆ ਜਦੋਂ ਮੇਰੇ ਇੱਕ ਹੋਰ ਤਇਆ ਜੀ ਤੋਂ ਧੋਖੇ ਨਾਲ ਕਿਸੇ ਨੇ ਅੱਧਾ ਬਾਗ਼ ਆਪਣੇ ਨਾਮ ਕਰਵਾ ਲਿਆ। ਮੇਰੇ ਬਾਬਾ ਜੀ ਨੂੰ ਲੱਗਿਆ ਸੀ ਜਿਵੇਂ ਕਿਸੇ ਨੇ ਉਸ ਦਾ ਅੱਧਾ ਜਿਸਮ ਚੀਰ ਕੇ ਦੋ ਟੁਕੜੇ ਕਰ ਦਿੱਤੇ ਹੋਣ।

ਇਹ ਗੱਲਾਂ ਮੇਰੇ ਸੋਝੀ ਸੰਭਲਣ ਤੋਂ ਬਹੁਤ ਪਹਿਲਾਂ ਦੀਆਂ ਹਨ। ਮੈਂ ਆਪਣੇ ਬਚਪਨ ਵਿੱਚ ਨਾਨਕੇ ਪੜ੍ਹਦਾ ਸੀ। ਗਰਮੀਆਂ ਦੀਆਂ ਛੁੱਟੀਆਂ ਵਿੱਚ ਜਦੋਂ ਪਿੰਡ ਆਉਂਦਾ ਤਾਂ ਬਾਬਾ ਜੀ ਬਹੁਤ ਸਾਰੇ ਫਲ ਖਵਾਉਂਦੇ। ਸਾਰਾ ਸਾਰਾ ਦਿਨ ਅਸੀਂ ਬਾਗ਼ ਵਿੱਚ ਖੇਡਦੇ। ਮਨ੍ਹੇ ’ਤੇ ਬੈਠ ਕਾਂ ਤੋਤੇ ਉਡਾਉਂਦੇ। ਉਸ ਵਕਤ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਬਾਗ਼ ਵਿੱਚ ਛੱਲੀਆਂ ਭੁੰਨ ਕੇ ਖਾਣੀਆਂ, ਅੰਬ ਚੂਪਣੇ, ਛੋਲਿਆਂ ਦੀਆਂ ਹੋਲ਼ਾਂ ਭੁੰਨਣੀਆਂ, ਜਾਮਣਾਂ ਖਾਣੀਆਂ, ਅੰਗੂਰਾਂ ਦੇ ਗੁੱਛੇ ਬਾਸਾਂ ਨਾਲ ਬਣਾਈਆਂ ਛੱਤਾਂ ਹੇਠ ਲਮਕਦੇ ਹੋਣੇ। ਕੇਲਿਆਂ ਦੇ ਗੁੱਟ ਬੜੇ ਹੀ ਸੋਹਣੇ ਲੱਗਣੇ। ਅਸੀਂ ਮੋਟਰ ਦੇ ਚੁਬੱਚੇ ਵਿੱਚ ਛਾਲਾਂ ਮਾਰ ਮਾਰ ਨਹਾਉਂਦੇ ਰਹਿਣਾ। ਰੱਜ ਕੇ ਫਲ ਖਾਣੇ ਤੇ ਦਾਦਾ ਜੀ ਬਣਾਈ ਹੋਈ ਚਾਹ ਪੀਣੀ।

ਬਾਬਾ ਜੀ ਪੰਜਾਬ ਸਿੰਘ ਦੀ ਮੌਤ ਤੋਂ ਬਾਅਦ ਇਹ ਫਲਦਾਰ ਦਰੱਖਤ ਤੇ ਫੁੱਲ ਬੂਟੇ ਵੀ ਮਰਨੇ ਸ਼ੁਰੂ ਹੋ ਗਏ। ਸ਼ਾਇਦ ਆਪਣੇ ਮਾਲਕ ਦੇ ਵਿਯੋਗ ਵਿੱਚ। ਹੁਣ ਉਨ੍ਹਾਂ ਦੀ ਸ਼ਿੱਦਤ ਨਾਲ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਮੇਰੇ ਚਾਚੇ ਤਾਇਆਂ ਨੂੰ ਵਾਹੀਯੋਗ ਜ਼ਮੀਨ ਚਾਹੀਦੀ ਸੀ ਤੇ ਇਹ ਬੂਟੇ ਉਨ੍ਹਾਂ ਲਈ ਵਾਧੂ ਦਾ ਖਲਜਗਣ ਜਾਂ ਅੜਿੱਕਾ ਹੀ ਸਨ। ਜੋ ਫ਼ਸਲ ’ਤੇ ਛਾਂ ਕਰਦੇ ਸਨ ਤੇ ਉਨ੍ਹਾਂ ਇੱਕ ਇੱਕ ਕਰਕੇ ਵੱਢ ਸੁੱਟੇ। ਕੇਲੇ, ਅੰਗੂਰ, ਅੰਬ, ਸੰਤਰੇ ਸਭ ਮੁੱਕ ਗਏ। ਹਲਟੀ ਵੀ ਪੁੱਟ ਕੇ ਖੂਹੀ ਪੂਰ ਦਿੱਤੀ ਗਈ। ਹੁਣ ਸਾਡੇ ਕੋਲ ਕੋਈ ਬਾਗ਼ ਤਾਂ ਭਾਵੇਂ ਨਾਂ ਰਿਹਾ, ਪਰ ‘ਬਾਗ਼ ਵਾਲੇ’ ਸਾਡੀ ਪਛਾਣ ਬਣ ਗਈ।

ਮੇਰੇ ਬਾਪੂ ਜੀ ਦੇ ਮਿਲਟਰੀ ’ਚੋਂ ਰਿਟਾਇਰ ਹੋ ਕੇ ਘਰ ਆਉਣ ਵਕਤ ਜ਼ਮੀਨ ਜਾਇਦਾਦ ਦੀ ਵੰਡ ਹੋਈ ਤਾਂ ਸਾਨੂੰ ਨਵਾਂ ਘਰ ਬਣਾਉਣ ਲਈ ਬਾਗ਼ ਦਾ ਅੱਧਾ ਹਿੱਸਾ ਦਿੱਤਾ ਗਿਆ। ਅੱਜਕੱਲ੍ਹ ਸਾਡਾ ਘਰ ਇੱਥੇ ਹੀ ਹੈ। ਬਾਪੂ ਜੀ ਨੇ ਬਾਗ਼ ਨੂੰ ਮੁੜ ਸੁਰਜੀਤ ਕਰਨ ਲਈ ਫਿਰ ਅਨੇਕਾਂ ਭਾਂਤ ਦੇ ਫੁੱਲ ਬੂਟੇ ਲਾਉਣੇ ਸ਼ੁਰੂ ਕੀਤੇ। ਮੈਂ ਉਦੋਂ ਨੌਵੀਂ ਜਮਾਤ ਵਿੱਚ ਹੋਇਆ ਸੀ ਜਦੋਂ ਮੈਂ ਇਸ ਵਿੱਚ ਪਹਿਲਾ ਅਮਰੂਦ ਲਾਇਆ। ਪੁਰਾਣੇ ਬਾਗ਼ ਵਿੱਚੋਂ ਸਿਰਫ਼ ਇੱਕ ਅੰਬ ਦਾ ਦਰੱਖਤ ਬਚਿਆ ਸੀ ਜਿਸ ਨੂੰ ਬੇਸ਼ੁਮਾਰ ਫਲ ਲੱਗਦਾ। ਜਾਂ ਉੱਚੇ ਲੰਬੇ ਬਾਂਸਾ ਦੇ ਦਰੱਖਤ ਸਨ ਜੋ ਕਿ ਬਾਅਦ ਵਿੱਚ ਵੱਢ ਦਿੱਤੇ ਗਏ। ਇਨ੍ਹਾਂ ਦੀ ਜਗ੍ਹਾ ਜਾਮਣ, ਕਿੰਨੂ, ਅਨਾਰ, ਨਿੰਬੂ, ਪਿਉਂਦੀ ਬੇਰ ਤੇ ਹੋਰ ਫਲਦਾਰ ਬੂਟਿਆਂ ਨੇ ਲਈ। ਇਸ ਤੋਂ ਇਲਾਵਾ ਸਫੈਦੇ, ਚਮੇਲੀ, ਰਾਤ ਦੀ ਰਾਣੀ, ਤੁਲਸੀ, ਮਰੂਆਂ, ਗੁਲਾਬ, ਗੇਂਦਾ, ਬੋਗਨਵਿਲੀਆ, ਬੋਤਲ ਬੁਰਸ਼ ਅਤੇ ਕਲੀਆਂ ਫਿਰ ਤੋਂ ਮਹਿਕਣ ਲੱਗੀਆਂ।ਮੇਰੇ ਬਾਪੂ ਜੀ ਦੇ ਮਿਲਟਰੀ ’ਚੋਂ ਰਿਟਾਇਰ ਹੋ ਕੇ ਘਰ ਆਉਣ ਵਕਤ ਜ਼ਮੀਨ ਜਾਇਦਾਦ ਦੀ ਵੰਡ ਹੋਈ ਤਾਂ ਸਾਨੂੰ ਨਵਾਂ ਘਰ ਬਣਾਉਣ ਲਈ ਬਾਗ਼ ਦਾ ਅੱਧਾ ਹਿੱਸਾ ਦਿੱਤਾ ਗਿਆ। ਅੱਜਕੱਲ੍ਹ ਸਾਡਾ ਘਰ ਇੱਥੇ ਹੀ ਹੈ। ਬਾਪੂ ਜੀ ਨੇ ਬਾਗ਼ ਨੂੰ ਮੁੜ ਸੁਰਜੀਤ ਕਰਨ ਲਈ ਫਿਰ ਅਨੇਕਾਂ ਭਾਂਤ ਦੇ ਫੁੱਲ ਬੂਟੇ ਲਾਉਣੇ ਸ਼ੁਰੂ ਕੀਤੇ। ਮੈਂ ਉਦੋਂ ਨੌਵੀਂ ਜਮਾਤ ਵਿੱਚ ਹੋਇਆ ਸੀ ਜਦੋਂ ਮੈਂ ਇਸ ਵਿੱਚ ਪਹਿਲਾ ਅਮਰੂਦ ਲਾਇਆ। ਪੁਰਾਣੇ ਬਾਗ਼ ਵਿੱਚੋਂ ਸਿਰਫ਼ ਇੱਕ ਅੰਬ ਦਾ ਦਰੱਖਤ ਬਚਿਆ ਸੀ ਜਿਸ ਨੂੰ ਬੇਸ਼ੁਮਾਰ ਫਲ ਲੱਗਦਾ। ਜਾਂ ਉੱਚੇ ਲੰਬੇ ਬਾਂਸਾ ਦੇ ਦਰੱਖਤ ਸਨ ਜੋ ਕਿ ਬਾਅਦ ਵਿੱਚ ਵੱਢ ਦਿੱਤੇ ਗਏ। ਇਨ੍ਹਾਂ ਦੀ ਜਗ੍ਹਾ ਜਾਮਣ, ਕਿੰਨੂ, ਅਨਾਰ, ਨਿੰਬੂ, ਪਿਉਂਦੀ ਬੇਰ ਤੇ ਹੋਰ ਫਲਦਾਰ ਬੂਟਿਆਂ ਨੇ ਲਈ। ਇਸ ਤੋਂ ਇਲਾਵਾ ਸਫੈਦੇ, ਚਮੇਲੀ, ਰਾਤ ਦੀ ਰਾਣੀ, ਤੁਲਸੀ, ਮਰੂਆਂ, ਗੁਲਾਬ, ਗੇਂਦਾ, ਬੋਗਨਵਿਲੀਆ, ਬੋਤਲ ਬੁਰਸ਼ ਅਤੇ ਕਲੀਆਂ ਫਿਰ ਤੋਂ ਮਹਿਕਣ ਲੱਗੀਆਂ।

ਅਸੀਂ ਛੋਟੇ ਹੁੰਦੇ ਨਲਕੇ ਦੇ ਪਾਣੀ ਨਾਲ ਹੀ ਘੰਟਿਆਂ ਬੱਧੀ ਇਸ ਨੂੰ ਸਿੰਜਦੇ ਰਹਿੰਦੇ।ਬ ੂਟਿਆਂ ਦੇ ਨਾਲ ਨਾਲ ਲਸਣ, ਗੰਢੇ, ਮੇਥੀ, ਪਾਲਕ, ਮੂਲੀਆਂ, ਟਮਾਟਰ, ਖੀਰੇ ਬਗੈਰਾ ਵੀ ਲਾਏ ਜਾਂਦੇ।

ਇਸੇ ਬਾਗ਼ ਵਿੱਚ ਰਹਿੰਦਿਆਂ ਮੈਂ ਦਰੱਖਤਾਂ ਵਿੱਚ ਘੁੰਮ ਘੁੰਮ ਕੇ ਬਹੁਤ ਪੁਸਤਕਾਂ ਪੜ੍ਹੀਆਂ। ਕੁਰਸੀ ’ਤੇ ਬੈਠ ਦਰੱਖਤਾਂ ਦਾ ਅਸਰਾ ਲੈ ਕਹਾਣੀਆਂ ਲਿਖੀਆਂ। ਮੇਰਾ ਸਾਹਿਤਕ ਸਫ਼ਰ ਏਥੋਂ ਹੀ ਸ਼ੁਰੂ ਹੋਇਆ। ਹੁਣ ਹਲਟੀ ਦੀ ਜਗ੍ਹਾ ਮੋਟਰ ਲੱਗ ਗਈ ਸੀ। ਮੇਰਾ ਪਾਲਤੂ ਕੁੱਤਾ ਟੋਮੀ ਵੀ ਇਸ ਬਾਗ਼ ਵਿੱਚ ਮੇਰੇ ਨਾਲ ਖੇਡਦਾ ਰਹਿੰਦਾ। 1990 ਵਿੱਚ ਜਦੋਂ ਮੈਂ ਕਨੈੇਡਾ ਆਇਆ, ਮੈਨੂੰ ਟੋਮੀ ਅਤੇ ਆਪਣੇ ਹੱਥੀਂ ਪਾਲ ਕੇ ਵੱਡੇ ਕੀਤੇ ਬੂਟਿਆਂ ਨਾਲੋਂ ਵਿੱਛੜਨਾ ਬਹੁਤ ਔਖਾ ਲੱਗਿਆ। ਆਖਰੀ ਦਿਨ ਮੇਰਾ ਇਸ ਬਾਗ਼ ਵਿੱਚੋਂ ਨਿਕਲਦੇ ਦਾ ਰੋਣ ਨਿਕਲ ਗਿਆ ਤੇ ਮੈਂ ਦਿੱਲੀ ਤੱਕ ਰੋਂਦਾ ਗਿਆ।

ਮੇਰੇ ਪਿੰਡ ਛੱਡਣ ਤੋਂ ਬਾਅਦ ਮੇਰਾ ਕੁੱਤਾ ਟੋਮੀ ਮੈਨੂੰ ਭਾਲਦਾ ਰਿਹਾ। ਉਹ ਸਵੇਰੇ ਆਪਣੇ ਪਹੁੰਚਿਆਂ ਨਾਲ ਮੇਰੇ ਕਮਰੇ ਦਾ ਦਰਵਾਜ਼ਾ ਖੜਕਾ ਮੈਨੂੰ ਉਠਾਉਂਦਾ ਸੀ, ਹੁਣ ਮੇਰੇ ਬਿਸਤਰੇ ਦੀ ਚਾਦਰ ਖਿੱਚ ਖਿੱਚ ਰੋਂਦਾ, ਖਾਣਾ ਪੀਣਾ ਵੀ ਛੱਡ ਗਿਆ। ਟੋਮੀ ਦੇ ਮਰਨ ਨਾਲ ਇੱਕ ਇੱਕ ਕਰਕੇ ਬੂਟੇ ਫਫਿਰ ਮਰਨੇ ਸ਼ੁਰੂ ਹੋ ਗਏ। 1993 ਵਿੱਚ ਬਾਪੂ ਜੀ ਸਮੇਤ ਸਾਰਾ ਪਰਿਵਾਰ ਕੈਨੇਡਾ ਆ ਗਿਆ ਤੇ ਇਸ ਬਾਗ਼ ਵਿੱਚ ਬਣੇ ਘਰ ਨੂੰ ਤੇ ਬਾਗ਼ ਨੂੰ ਹਮੇਸ਼ਾਂ ਜਿੰਦਰੇ ਲੱਗ ਗਏ। ਜਿਵੇਂ ਕਹਿੰਦੇ ਨੇ ਕਿ ਮਾਲੀ ਬਿਨਾਂ ਬਾਗ਼ ਕਾਹਦੇ। ਸਾਰਾ ਕੁੱਝ ਉੱਜੜ ਗਿਆ। ਬੂਟੇ ਸੁੱਕ ਗਏ, ਦਰੱਖਤ ਪੁੱਟੇ ਗਏ, ਅਤੇ ਮੋਟਰ ਬੰਦ ਹੋ ਗਈ। ਇੱਕੋ ਇੱਕ ਅੰਬ ਦਾ ਦਰੱਖਤ ਬਚਿਆ ਸੀ, ਆਖਿਰ ਉਹ ਵੀ ਡਿੱਗ ਗਿਆ ਜਾਂ ਇਹ ਕਹਿ ਲਉ ਉੱਜੜੇ ਬਾਗ਼ਾਂ ਦੇ ਗਾਲੜ ਪਟਵਾਰੀ।

ਹੁਣ ਜਦੋਂ ਅਸੀਂ ਕੈਨੇਡਾ ਤੋਂ ਪਿੰਡ ਜਾਂਦੇ ਹਾਂ ਤਾਂ ਲੋਕ ਕਹਿੰਦੇ ਨੇ ‘ਬਾਗ਼ ਆਲ਼ੇ’ ਆਏ ਨੇ, ਪਰ ਹੁਣ ਸਾਡਾ ਬਾਗ਼ ਕੋਈ ਨਹੀਂ ਹੈ। ਉੱਜੜੇ ਬਾਗ਼ ਨੂੰ ਤੇ ਵਿੱਛੜ ਗਏ ਮਾਲੀਆਂ ਨੂੰ ਯਾਦ ਕਰਕੇ ਧਾਅ ਨਿਕਲਦੀ ਹੈ। ਜਿਨ੍ਹਾਂ ਵਿੱਚ ਮੇਰੇ ਬਾਬਾ ਜੀ ਸ. ਪੰਜਾਬ ਸਿੰਘ, ਸ. ਭਾਨ ਸਿੰਘ, ਤਾਇਆ ਜੀ ਸ਼ਾਇਰ ਸ. ਸੋਹਣ ਸਿੰਘ ਤੇ ਬਾਪੂ ਜੀ ਸ. ਸ਼ੇਰ ਸਿੰਘ ਸ਼ਾਮਲ ਹਨ। ਕਦੀ ਕਦੀ ਜੀ ਵੀ ਬਹੁਤ ਕਰਦਾ ਹੈ ਕਿ ਪਿੰਡ ਜਾ ਕੇ ਵੱਡਾ ਸਾਰਾ ਬਾਗ਼ ਲਾ ਕੇ ਵਿੱਚ ਵਿੱਚ ਨਿੱਕਾ ਜਿਹਾ ਘਰ ਬਣਾ ਦੁਨੀਆ ਭਰ ਦਾ ਸਾਹਿਤ ਪੜ੍ਹਾਂ ਤੇ ਲਿਖਾਂ, ਪਰ ਮੈਨੂੰ ਪਤਾ ਹੈ ਇਹ ਸਵਰਗ ਮੈਨੂੰ ਕਦੇ ਵੀ ਨਸੀਬ ਨਹੀਂ ਹੋਣਾ।

ਸਾਡੇ ਪਿੰਡ ਵਿੱਚ ਮੇਰੇ ਨਾਂ ਦੇ ਹੋਰ ਵੀ ਕਈ ਬੰਦੇ ਹੋਣਗੇ, ਪਰ ਜਦੋਂ ਤੁਸੀ ਮੇਰੇ ਬਾਰੇ ਪੁੱਛਣਾ ਹੋਵੇ ਤਾਂ ਤੁਹਾਨੂੰ ‘ਬਾਗ਼ ਵਾਲਿਆਂ’ ਦਾ ਕਹਿਣਾ ਪਵੇਗਾ। ਇਸ ਬਾਗ਼ ਨੇ ਇੱਕ ਸਦੀ ਤੋਂ ਸਾਨੂੰ ਇਹ ਪਹਿਚਾਣ ਦਿੱਤੀ ਹੋਈ ਹੈ ਜੋ ਅਜੇ ਪਤਾ ਨਹੀਂ ਕਦੋਂ ਕੁ ਤੱਕ ਰਹੇਗੀ। ਸ਼ਾਇਦ ਕੈਨੇਡਾ ਵਿੱਚ ਜਜ਼ਬ ਹੋਣ ਕਾਰਨ ਬਾਗ਼ ਵਾਂਗੂ ਇਹ ਵੀ ਖੁਰ ਜਾਵੇਗੀ। ਕੈਨੇਡਾ ਵਿੱਚ ਜੰਮੇ ਪਲੇ, ਪਿੰਡ ਗਏ ਸਾਡੇ ਬੱਚਿਆਂ ਨੂੰ ਵੀ ‘ਬਾਗ਼ ਵਾਲਿਆਂ’ ਦੇ ਕਹਿ ਹੀ ਜਾਣ ਪਛਾਣ ਕਰਵਾਈ ਜਾਂਦੀ ਹੈ। ਸ਼ਾਇਦ ਇਹ ਪਛਾਣ ਸਾਡਾ ਮੁਕਟ ਹੈ ਜਿਸ ’ਤੇ ਸਾਨੂੰ ਸਾਰਿਆਂ ਨੂੰ ਮਾਣ ਹੈ। ਅਸੀਂ ਅੱਜ ਵੀ ‘ਬਾਗ ਵਾਲੇ’ ਹੀ ਹਾਂ।

Advertisement
×