DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਖਾਲਸਾ ਕਾਲਜ ਅੰਮ੍ਰਿਤਸਰ ਦੇ ਸੰਸਥਾਪਕ ਪ੍ਰੋ. ਗੁਰਮੁਖ ਸਿੰਘ

ਪ੍ਰੋ. ਗੁਰਮੁਖ ਸਿੰਘ ਸਿੱਖ ਕੌਮ ਦੀ ਉਹ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਗੁਰਮਤਿ ਦੇ ਪ੍ਰਚਾਰ ਤੇ ਪਸਾਰ ਤੋਂਂ ਇਲਾਵਾ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਲਗਾਤਾਰ ਕੰਮ ਕੀਤਾ। ਉਨ੍ਹਾਂ ਦਾ ਜਨਮ 15 ਅਗਸਤ 1849 ਨੂੰ ਰਿਆਸਤ ਕਪੂਰਥਲਾ ਦੇ ਬਹੁਤ ਹੀ ਗ਼ਰੀਬ...

  • fb
  • twitter
  • whatsapp
  • whatsapp
Advertisement

ਪ੍ਰੋ. ਗੁਰਮੁਖ ਸਿੰਘ ਸਿੱਖ ਕੌਮ ਦੀ ਉਹ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਗੁਰਮਤਿ ਦੇ ਪ੍ਰਚਾਰ ਤੇ ਪਸਾਰ ਤੋਂਂ ਇਲਾਵਾ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਲਗਾਤਾਰ ਕੰਮ ਕੀਤਾ। ਉਨ੍ਹਾਂ ਦਾ ਜਨਮ 15 ਅਗਸਤ 1849 ਨੂੰ ਰਿਆਸਤ ਕਪੂਰਥਲਾ ਦੇ ਬਹੁਤ ਹੀ ਗ਼ਰੀਬ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਬਸਾਵਾ ਸਿੰਘ ਜ਼ਿਲ੍ਹਾ ਗੁੱਜਰਾਂਵਾਲਾ ਦੇ ਪਿੰਡ ਚੰਦੜ ਦੇ ਜੱਦੀ ਵਸਨੀਕ ਸਨ ਅਤੇ ਰਿਆਸਤ ਕਪੂਰਥਲਾ ਦੇ ਰਾਜਾ ਬਿਕਰਮ ਸਿੰਘ ਦੇ ਲਾਂਗਰੀ ਹੋਣ ਕਾਰਨ ਕਪੂਰਥਲਾ ਵਿੱਚ ਹੀ ਵਸ ਗਏ।

ਗੁਰਮੁਖ ਸਿੰਘ ਨੇ ਮੁੱਢਲੀ ਸਿੱਖਿਆ ਕਪੂਰਥਲਾ ਤੋਂ ਹੀ ਹਾਸਲ ਕੀਤੀ। ਉੱਚ ਸਿੱਖਿਆ ਸਰਕਾਰੀ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਪਹਿਲਾਂ ਉਹ ਸਿੰਘ ਸਭਾ ਅੰਮ੍ਰਿਤਸਰ ਨਾਲ ਜੁੜੇ ਰਹੇ, ਫਿਰ ਉਨ੍ਹਾਂ ਨੇ ਪ੍ਰੋ. ਗਿਆਨੀ ਦਿੱਤ ਸਿੰਘ ਤੇ ਠਾਕੁਰ ਸਿੰਘ ਸੰਧਾਵਾਲੀਆ ਦੇ ਸਹਿਯੋਗ ਨਾਲ ਸਿੰਘ ਸਭਾ ਲਾਹੌਰ ਦਾ ਗਠਨ ਕੀਤਾ। 1876 ਨੂੰ ਓਰੀਐਂਟਲ ਕਾਲਜ ਲਾਹੌਰ ਦੀ ਸਥਾਪਨਾ ਹੋਈ। ਗੁਰਮੁਖ ਸਿੰਘ ਦੇ ਯਤਨਾਂ ਸਦਕਾ ਉਕਤ ਕਾਲਜ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੋਈ। ਪ੍ਰੋ. ਗੁਰਮੁਖ ਸਿੰਘ ਪੰਜਾਬੀ ਪੜ੍ਹਾਉਣ ਲਈ ਪਹਿਲੇ ਪ੍ਰੋਫੈਸਰ ਨਿਯੁਕਤ ਹੋਏ। ਫਿਰ ਉਹ 1885 ਵਿੱਚ ਸਰਕਾਰੀ ਕਾਲਜ ਲਾਹੌਰ ਵਿੱਚ ਪੜ੍ਹਾਉਣ ਲੱਗ ਗਏ, ਪਰ ਮੁੜ 1888 ਵਿੱਚ ਓਰੀਐਂਟਲ ਕਾਲਜ ਲਾਹੌਰ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ।

Advertisement

Advertisement

ਸਿੱਖ ਕੌਮ ਦੀ ਸਿਰਮੌਰ ਵਿਦਿਅਕ ਸੰਸਥਾ ਖਾਲਸਾ ਕਾਲਜ, ਅੰਮ੍ਰਿਤਸਰ ਦੀ ਸਥਾਪਨਾ ਵਿੱਚ ਵੀ ਪ੍ਰੋ. ਗੁਰਮੁਖ ਸਿੰਘ ਦਾ ਵੱਡਾ ਯੋਗਦਾਨ ਰਿਹਾ। 5 ਮਾਰਚ 1892 ਨੂੰ ਉਨ੍ਹਾਂ ਦੇ ਯਤਨਾਂ ਸਦਕਾ ਖਾਲਸਾ ਕਾਲਜ ਦਾ ਨੀਂਹ ਪੱਥਰ ਪੰਜਾਬ ਦੇ ਗਵਰਨਰ ਸਰ ਜੇਮਜ਼ ਬੀ ਲਾਇਲ ਨੇ ਰੱਖਿਆ। ਲਾਹੌਰ ’ਚ ਕੌਮੀ ਸੋਚ ਰੱਖਣ ਵਾਲੇ ਵਿਅਕਤੀਆਂ ਦੀ ਇੱਕ ਮੀਟਿੰਗ ਸੱਦ ਕੇ ਖਾਲਸਾ ਦੀਵਾਨ ਲਾਹੌਰ ਦੀ ਸਥਾਪਨਾ ਕੀਤੀ। ਉਹ ਖਾਲਸਾ ਦੀਵਾਨ ਦੇ ਸਕੱਤਰ ਬਣੇ। ਸਿੰਘ ਸਭਾ ਲਹਿਰ ਦੁਆਰਾ ਗੁਰਦੁਆਰਿਆਂ ’ਤੇ ਮਹੰਤਾਂ ਦੇ ਕਬਜ਼ਿਆਂ ਦੌਰਾਨ ਫੈਲੀਆਂ ਕੁਰਹਿਤਾਂ ਅਤੇ ਸਿੱਖੀ ਉੱਪਰ ਇਸਾਈਅਤ ਜਾਂ ਆਰੀਆ ਸਮਾਜੀਆਂ ਦੇ ਹਮਲਿਆਂ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਉਂਂਦੇ ਹੋਏ ਸਿੱਖ ਜਗਤ ਨੂੰ ਲਾਮਬੰਦ ਕੀਤਾ। ਉਨ੍ਹਾਂ ਨੂੰ ਕਈ ਥਾਈਂ ਲਾਂਗਰੀ ਦਾ ਪੁੱਤਰ ਆਖ ਕੇ ਜ਼ਲੀਲ ਵੀ ਕੀਤਾ ਜਾਂਦਾ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਬਸਾਵਾ ਸਿੰਘ ਰਿਆਸਤ ਕਪੂਰਥਲਾ ਦੇ ਰਾਜਾ ਬਿਕਰਮ ਸਿੰਘ ਦੇ ਲਾਂਗਰੀ ਸਨ।

ਉਨ੍ਹਾਂ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚ ਸਿੰਘ ਸਭਾਵਾਂ ਬਣਾ ਕੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਤੇਜ਼ੀ ਲਿਆਂਦੀ। 1886 ਵਿੱਚ ਪ੍ਰੋ. ਗੁਰਮੁਖ ਸਿੰਘ ਅਤੇ ਪ੍ਰੋ. ਗਿਆਨੀ ਦਿੱਤ ਸਿੰਘ ਨੇ ਪੰਜਾਬੀ ਦਾ ਪਹਿਲਾ ‘ਖਾਲਸਾ ਅਖ਼ਬਾਰ’ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗਦੈਲਾ ਲਗਾ ਕੇ ਆਪਣੀ ਪੂਜਾ ਕਰਵਾ ਰਹੇ ਬਾਬਾ ਖੇਮ ਸਿੰਘ ਬੇਦੀ ਦਾ ਗਦੈਲਾ ਚੁਕਵਾਉਣ ਦੀ ਜੁਰਅੱਤ ਪ੍ਰੋ. ਗੁਰਮੁਖ ਸਿੰਘ ਅਤੇ ਪ੍ਰੋ. ਗਿਆਨੀ ਦਿੱਤ ਸਿੰਘ ਨੇ ਹੀ ਕੀਤੀ ਸੀ। ਉਹ ਦਿਨ ਰਾਤ ਕੌਮ ਦੀ ਭਲਾਈ ਲਈ ਕੰਮ ਕਰਦੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਕਾਬਜ਼ ਮਹੰਤਾਂ ਨੇ ਪ੍ਰੋ. ਗੁਰਮੁਖ ਸਿੰਘ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ। ਉਹ ਅਤੇ ਪ੍ਰੋ. ਗਿਆਨੀ ਦਿੱਤ ਸਿੰਘ ਨੇ ਖਾਲਸਾ ਅਖ਼ਬਾਰ ਜ਼ਰੀਏ ਮਹੰਤਾਂ ਦੇ ਹਰ ਕਦਮ ਦਾ ਜ਼ੋਰਦਾਰ ਵਿਰੋਧ ਕੀਤਾ। ਮਈ 1887 ਨੂੰ ਮਹਾਰਾਜਾ ਕੰਵਰ ਬਿਕਰਮ ਸਿੰਘ ਦੇ ਦੇਹਾਂਤ ਨਾਲ ਪ੍ਰੋ. ਗੁਰਮੁਖ ਸਿੰਘ ਬੁਰੀ ਤਰ੍ਹਾਂ ਝੰਜੋੜੇ ਗਏ। ਉਨ੍ਹਾਂ ਨੂੰ ਕੰਵਰ ਬਿਕਰਮ ਸਿੰਘ ਦਾ ਬਹੁਤ ਵੱਡਾ ਸਹਾਰਾ ਸੀ। ਉਨਾਂ ਦੇ ਯਤਨਾਂ ਸਦਕਾ ਅਤੇ ਮਾਲੀ ਮਦਦ ਨਾਲ ਹੀ ਪ੍ਰੋ. ਗੁਰਮੁਖ ਸਿੰਘ ਸਿੱਖੀ ਨੂੰ ਮੁੜ ਤੋਂ ਲੀਹ ’ਤੇ ਲਿਆਉਣ ਲਈ ਯਤਨ ਕਰ ਰਹੇ ਸਨ।

ਜਦ ਪ੍ਰੋ. ਗੁਰਮੁਖ ਸਿੰਘ ਖਾਲਸਾ ਕਾਲਜ ਦੀ ਸਥਾਪਨਾ ਵਿੱਚ ਲੱਗੇ ਹੋਏ ਸਨ ਤਾਂ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਹੋ ਗਏ। ਖਾਲਸਾ ਕਾਲਜ ਲਈ ਉਹ ਮਹਾਰਾਜਾ ਧੌਲਪੁਰ ਪਾਸੋਂਂ ਫੰਡ ਲਿਆਉਣ ਲਈ ਗਏ ਹੋਏ ਸਨ। 24 ਸਤੰਬਰ 1898 ਨੂੰ ਸ਼ਿਮਲਾ ਨੇੜੇ ਕੰਡਾਘਾਟ ਵਿਖੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦੋ ਵਿਆਹ ਕਰਵਾਏ, ਪਰ ਕੋਈ ਵੀ ਔਲਾਦ ਨਾ ਹੋ ਸਕੀ। ਇੰਝ ਸਿੱਖ ਕੌਮ ਦਾ ਇਹ ਅਣਮੁੱਲਾ ਹੀਰਾ, ਸਿੱਖਾਂ ਦੀ ਸਿਰਮੌਰ ਵਿਦਿਅਕ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦਾ ਸੰਸਥਾਪਕ ਪ੍ਰੋ. ਗੁਰਮੁਖ ਸਿੰਘ ਸਿੱਖੀ ਦੀ ਚੜ੍ਹਦੀ ਕਲ੍ਹਾ ਦੀ ਤੜਫ਼ ਆਪਣੇ ਸੀਨੇ ਵਿੱਚ ਲੈ ਕੇ ਅਤੇ ਸਿੱਖੀ ਨੂੰ ਬਚਾਉਣ ਲਈ ਸੰਘਰਸ਼ ਕਰਦਾ ਹੋਇਆ ਹੀ ਇਸ ਜਹਾਨ ਤੋਂ ਸਦਾ ਲਈ ਕੂਚ ਕਰ ਗਿਆ।

ਸੰਪਰਕ: 778-980-9196

Advertisement
×