ਲੰਡਨ ਤੋਂ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਹਰਜੀਤ ਅਟਵਾਲ

ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਲੰਡਨ ਵਿਚ 17 ਜੂਨ ਨੂੰ ਫੁੱਟਬਾਲ ਮੁੜ ਸ਼ੁਰੂ ਹੋ ਗਿਆ ਹੈ। ਲੰਡਨ ਦਾ ਤੇ ਫੁੱਟਬਾਲ ਦਾ ਚੋਲੀ ਦਾਮਨ ਦਾ ਸਾਥ ਹੈ। ਬਹੁਤੇ ਲੰਡਨ ਵਾਸੀਆਂ ਲਈ ਫੁੱਟਬਾਲ ਇਕ ਖੇਡ ਨਹੀਂ ਬਲਕਿ ਜੀਵਨ ਜਾਚ ਹੈ। ਉਂਜ ਤਾਂ ਪੂਰੇ ਇੰਗਲੈਂਡ, ਬਰਤਾਨੀਆ ਤੇ ਯੂਰੋਪ ਵਿਚ ਹੀ ਫੁੱਟਬਾਲ ਦਾ ਬੋਲਬਾਲਾ ਹੈ, ਪਰ ਲੰਡਨ ਦੇ ਫੁੱਟਬਾਲ ਦਾ ਜਲੌਅ ਕੁਝ ਅਲੱਗ ਹੀ ਹੈ। ਫੁੱਟਬਾਲ ਪ੍ਰਸੰਸਕ ਰੰਗ ਬਿਰੰਗੀਆਂ ਟੋਪੀਆਂ ਲਈ, ਆਪੋ ਆਪਣੀ ਟੀਮ ਦੇ ਝੰਡੇ ਚੁੱਕੀ ਲੰਡਨ ਦੀਆਂ ਸੜਕਾਂ ’ਤੇ ਫਿਰਦੇ ਹੁੰਦੇ ਹਨ। ਲੰਡਨ ਦੇ ਪੱਬ ਭਰੇ ਹੋਏ ਹੁੰਦੇ ਹਨ। ਪੱਬਾਂ ਵਿਚ ਵੱਡੇ-ਵੱਡੇ ਸਕਰੀਨ ਲੱਗੇ ਹੁੰਦੇ ਹਨ ਜਿੱਥੇ ਮੈਚ ਚੱਲ ਰਹੇ ਹੁੰਦੇ ਹਨ। ਜਿਹੜੇ ਪ੍ਰਸੰਸਕ ਦੀ ਟੀਮ ਗੋਲ ਕਰ ਜਾਵੇ, ਉਹ ਆਸਮਾਨ ਨੂੰ ਸਿਰ ’ਤੇ ਚੁੱਕ ਲੈਂਦੇ ਹਨ। ਹੁਣ ਪਾਰਕਾਂ ਵਿਚ ਵੀ ਬਹੁਤ ਸਾਰੇ ਪ੍ਰਸੰਸਕ ਬੈਠੇ ਦਿਸਣ ਲੱਗੇ ਹਨ। ਉਨ੍ਹਾਂ ਦੇ ਇਕ ਹੱਥ ਵਿਚ ਬੀਅਰ ਤੇ ਦੂਜੇ ਹੱਥ ਵਿਚ ਫੋਨ ਫੜੇ ਹੁੰਦੇ ਹਨ।

ਆਮਤੌਰ ’ਤੇ ਹਰ ਲੰਡਨ ਵਾਸੀ ਦੀ ਆਪਣੀ ਇਕ ਟੀਮ ਹੁੰਦੀ ਹੈ ਭਾਵ ਉਹ ਇਕ ਖ਼ਾਸ ਟੀਮ ਦੇ ਪ੍ਰਸੰਸਕ ਹੁੰਦੇ ਹਨ। ਇਹ ਟੀਮ ਕਿਸੇ ਨਾ ਕਿਸੇ ਕਲੱਬ ਦੀ ਹੁੰਦੀ ਹੈ। ਭਾਰਤੀ ਕ੍ਰਿਕਟ ਦੀ ਆਈ. ਪੀ. ਐੱਲ. ਇਸੇ ਸਿਸਟਮ ਦੀ ਨਕਲ ਹੈ। ਲੰਡਨ ਵਿਚ ਕੁਝ ਵੱਡੀਆਂ ਕਲੱਬਾਂ ਹਨ ਜਿਨ੍ਹਾਂ ਦੀਆਂ ਟੀਮਾਂ ਇੰਗਲੈਂਡ ਵਿਚ ਹੀ ਨਹੀਂ ਪੂਰੇ ਯੂਰੋਪ ਵਿਚ ਪ੍ਰਸਿੱਧ ਹਨ, ਜਿਵੇਂ ਕਿ ਚੈਲਸੀ, ਫੁਲਹੈਮ, ਟੌਟਨਹੈਮ, ਆਰਸਨਲ, ਕ੍ਰਿਸਟਲ ਪੈਲੈਸ ਆਦਿ। ਹਾਂ, ਮੇਰੀ ਵੀ ਟੀਮ ਹੈ। ਮੈਂ ਆਰਸਨਲ ਦਾ ਪ੍ਰਸੰਸਕ ਹਾਂ। ਇਹ ਟੀਮ ਉੱਤਰੀ ਲੰਡਨ ਵਿਚ ਸਥਿਤ ਹੈ। ਮੈਂ ਉਸ ਇਲਾਕੇ ਵਿਚ ਪੰਦਰਾਂ ਸਾਲ ਰਿਹਾ ਹਾਂ। ਮੇਰੇ ਬੱਚੇ ਉਸੇ ਇਲਾਕੇ ਵਿਚ ਹੀ ਪੈਦਾ ਹੋਏ ਹਨ। ਉਨ੍ਹਾਂ ਦਿਨਾਂ ਵਿਚ ਇਸ ਟੀਮ ਦੇ ਕਈ ਖਿਡਾਰੀਆਂ ਨੂੰ ਮੈਂ ਜ਼ਾਤੀ ਤੌਰ ’ਤੇ ਮਿਲਿਆ ਵੀ ਕਰਦਾ ਸਾਂ। ਮੇਰੇ ਤੋਂ ਬਾਅਦ ਮੇਰਾ ਬੇਟਾ ਬਿਲਾਵਲ ਵੀ ਆਰਸਨਲ ਦਾ ਹੀ ਪ੍ਰਸੰਸਕ ਹੈ। ਮੈਂ ਤਾਂ ਬਸ ਪ੍ਰਸੰਸਕ ਹੀ ਹਾਂ, ਪਰ ਉਹ ਕੱਟੜ ਪ੍ਰਸੰਸਕ ਹੈ। ਉਹ ਤਾਂ ਜਿਵੇਂ ਫੁੱਟਬਾਲ ਨਾਲ ਹੀ ਸੌਂਦਾ ਤੇ ਫੁੱਟਬਾਲ ਨਾਲ ਹੀ ਜਾਗਦਾ ਹੈ। ਉਸਨੇ ਆਰਸਨਲ ਦਾ ਸੀਜ਼ਨਲ ਟਿਕਟ ਵੀ ਲਿਆ ਹੋਇਆ ਹੈ ਜੋ ਸ਼ਾਇਦ ਚਾਰ ਕੁ ਸੌ ਪੌਂਡ ਮਹੀਨਾ ਹੈ। ਘਰ ਦੀ ਕਿਸ਼ਤ ਜਿੰਨੀ ਟਿਕਟ। ਉਸਦੇ ਸਾਰੇ ਦੋਸਤ ਹੀ ਅਜਿਹੇ ਹਨ। ਜਿਸ ਦਿਨ ਆਰਸਨਲ ਮੈਚ ਜਿੱਤ ਜਾਵੇ ਤਾਂ ਉਹ ਬਹੁਤ ਖ਼ੁਸ਼ ਹੁੰਦਾ ਹੈ ਤੇ ਜਿਸ ਦਿਨ ਉਸਦੀ ਟੀਮ ਹਾਰ ਜਾਵੇ ਤਾਂ ਉਹ ਬੋਲੇਗਾ ਵੀ ਨਹੀਂ। ਜਦੋਂ ਕਦੇ ਉਸ ਦਾ ਮੂਡ ਖ਼ਰਾਬ ਹੋਵੇ ਤਾਂ ਕੋਈ ਉਸ ਨਾਲ ਫੁੱਟਬਾਲ ਦੀਆਂ ਗੱਲਾਂ ਕਰੇ ਤਾਂ ਉਹ ਇਕਦਮ ਠੀਕ ਹੋ ਜਾਂਦਾ ਹੈ। ਜਦੋਂ ਕਦੇ ਉਸਦੀ ਕਲੱਬ ਕੋਈ ਨਵਾਂ ਖਿਡਾਰੀ ਖ਼ਰੀਦੇ ਤਾਂ ਮੈਨੂੰ ਉਸ ਖਿਡਾਰੀ ਦੇ ਗੁਣਾਂ-ਔਗਣਾਂ ਬਾਰੇ ਇਵੇਂ ਦੱਸੇਗਾ ਜਿਵੇਂ ਮੇਰੇ ਵਡੇਰੇ ਨਵੇਂ ਖ਼ਰੀਦੇ ਬਲਦ ਬਾਰੇ ਦੱਸਦੇ ਸਨ। ਮੇਰੇ ਭਤੀਜਿਆਂ-ਭਾਣਜਿਆਂ, ਸਭ ਦੀਆਂ ਆਪੋ- ਆਪਣੀਆਂ ਟੀਮਾਂ ਹਨ। ਜਦੋਂ ਇਕੱਠੇ ਹੋ ਕੇ ਆਪਣੀਆਂ ਟੀਮਾਂ ਬਾਰੇ ਗੱਲਾਂ ਕਰਦੇ ਹਨ ਤਾਂ ਕਈ ਵਾਰ ਲੜਨ ਤਕ ਜਾਂਦੇ ਹਨ।

ਅਜਿਹੇ ਫੁੱਟਬਾਲ ਦੇ ਫੈਨ ਹੋਣ ’ਤੇ ਫੁੱਟਬਾਲ ਇਕਦਮ ਬੰਦ ਹੋ ਜਾਵੇ ਤਾਂ ਇਨ੍ਹਾਂ ਨਾਲ ਕੀ ਬੀਤੀ ਹੋਵੇਗੀ, ਇਸਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਇਕ ਅਖ਼ਬਾਰ ਨੇ ਲਿਖਿਆ ਸੀ ਕਿ ਸ਼ਾਇਦ ਕਰੋਨੇ ਨਾਲ ਇੰਨੇ ਲੋਕ ਪ੍ਰਭਾਵਿਤ ਨਾ ਹੋਏ ਹੋਣ ਜਿੰਨਾ ਫੁੱਟਬਾਲ ਦੀ ਅਣਹੋਂਦ ਨਾਲ ਹੋਏ ਹੋਣਗੇ। ਪਰ ਕਰੋਨਾਵਾਇਰਸ ਨੇ ਫੁੱਟਬਾਲ ਨੂੰ ਹੀ ਨਹੀਂ, ਹਰ ਗੇਮ ਨੂੰ ਢਾਅ ਲਾਈ ਹੈ। ਨੌਂ ਮਾਰਚ ਨੂੰ ਫੁੱਟਬਾਲ ਦੇ ਸਾਰੇ ਮੈਚ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੇ ਗਏ ਸਨ। ਦੁਨੀਆਂ ਭਰ ਦੀਆਂ ਖੇਡਾਂ ਇਸ ਨਾਲ ਪ੍ਰਭਾਵਿਤ ਹੋਈਆਂ। ਓਲੰਪਿਕ ਖੇਡਾਂ ਸਾਲ ਭਰ ਅੱਗੇ ਪੈ ਗਈਆਂ। ਖੇਡਾਂ ਦੇ ਸ਼ਡਿਊਲ ਹੀ ਹੇਠਾਂ-ਉੱਪਰ ਹੋ ਗਏ ਹਨ। ਅਸਲ ਵਿਚ ਵੱਡੇ ਮੈਚਾਂ ਦੀਆਂ ਤਰੀਕਾਂ ਸਾਲ-ਸਾਲ ਭਰ ਪਹਿਲਾਂ ਤੈਅ ਕੀਤੀਆਂ ਜਾਂਦੀਆਂ ਹਨ ਤੇ ਏਨੀਆਂ ਖੇਡਾਂ ਹੁੰਦੀਆਂ ਹਨ ਕਿ ਤਰੀਕਾਂ ਵਿਚਕਾਰ ਫਾਸਲਾ ਬਹੁਤ ਘੱਟ ਹੁੰਦਾ ਹੈ। ਮੈਚਾਂ ਨੂੰ ਰੀ-ਸ਼ਡਿਊਲ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਖੈਰ, ਪ੍ਰਬੰਧਕ ਬਹੁਤ ਹੁਸ਼ਿਆਰ ਹੁੰਦੇ ਹਨ।

ਉਂਜ ਤਾਂ ਬਰਤਾਨੀਆ ਵਿਚ ਫੁੱਟਬਾਲ ਦੇ ਬਹੁਤ ਸਾਰੇ ਮੈਚ ਹੁੰਦੇ ਹਨ। ਕਈ ਤਰ੍ਹਾਂ ਦੇ ਕੱਪ ਹੁੰਦੇ ਹਨ ਜਿਨ੍ਹਾਂ ਲਈ ਮੁਕਾਬਲੇ ਕਰਾਏ ਜਾਂਦੇ ਹਨ, ਪਰ ਦੋ ਕੱਪ ਵੱਡੇ ਹਨ। ਇਕ ਪ੍ਰੀਮੀਅਰ ਲੀਗ ਕੱਪ ਤੇ ਦੂਜਾ ਐੱਫ. ਏ. ਭਾਵ ਫੁੱਟਬਾਲ ਐਸੋਸੀਏਸ਼ਨ ਕੱਪ। ਪ੍ਰੀਮੀਅਰ ਲੀਗ ਦੇ ਕੱਪ ਨੂੰ ਟੀਮ ਨੰਬਰਾਂ ਦੇ ਹਿਸਾਬ ਨਾਲ ਜਿੱਤਦੀ ਹੈ ਤੇ ਐੱਫ. ਏ. ਦੇ ਕੱਪ ਨੂੰ ਟੀਮ ਮੈਚ ਖੇਡਦੀ ਹੋਈ, ਭਾਵ ਕੁਆਟਰ ਫਾਈਨਲ, ਸੈਮੀ ਫਾਈਨਲ ਤੇ ਫਾਈਨਲ ਖੇਡ ਕੇ ਜਿੱਤਦੀ ਹੈ। ਇਨ੍ਹਾਂ ਦੋਵਾਂ ਕੱਪਾਂ ਲਈ ਮੈਚ ਇਕੱਠੇ ਹੀ ਚੱਲਦੇ ਹਨ। ਇਹ ਤਕਰੀਬਨ ਜੁਲਾਈ-ਅਗਸਤ ਵਿਚ ਸ਼ੁਰੂ ਹੁੰਦੇ ਹਨ ਤੇ ਮਈ-ਜੂਨ ਵਿਚ ਮੁੱਕਦੇ ਹਨ। ਮੁੱਕਦਿਆਂ ਹੀ ਛੋਟੇ ਜਿਹੇ ਅੰਤਰ ਨਾਲ ਫਿਰ ਸ਼ੁਰੂ ਹੋ ਜਾਂਦੇ ਹਨ, ਪਰ ਕਰੋਨਾ ਕਰਕੇ ਤਿੰਨ ਮਹੀਨੇ ਸਾਰੇ ਮੈਚ ਮੁਲਤਵੀ ਰਹੇ, ਇਸ ਲਈ ਖਿਡਾਰੀਆਂ ਕੋਲ ਛੁੱਟੀਆਂ ਲਈ ਕੋਈ ਵਕਤ ਨਹੀਂ ਹੋਵੇਗਾ। ਖੈਰ, ਇਹ ਤਿੰਨ ਮਹੀਨੇ ਸਭ ਨੇ ਛੁੱਟੀਆਂ ਹੀ ਕੀਤੀਆਂ ਹਨ।

ਫੁੱਟਬਾਲ ਮਹਿਜ਼ ਇਕ ਖੇਡ ਨਹੀਂ ਹੈ, ਇਹ ਕਰੋੜਾਂ ਅਰਬਾਂ ਦਾ ਕਾਰੋਬਾਰ ਹੈ। ਇਕ-ਇਕ ਖਿਡਾਰੀ ਦੀ ਕਰੋੜਾਂ ਪੌਂਡ ਕੀਮਤ ਹੁੰਦੀ ਹੈ। ਇਵੇਂ ਹੀ ਟੀਮ ਦੇ ਮੈਨੇਜਰ, ਕੋਚ ਆਦਿ ਵੀ ਬਹੁਤ ਪੈਸੇ ਲੈਂਦੇ ਹਨ। ਇੰਨੇ ਪੈਸੇ ਕਿੱਥੋਂ ਆਉਂਦੇ ਹਨ? ਜਾਂ ਕਲੱਬਾਂ ਦੀ ਆਮਦਨ ਦਾ ਸਾਧਨ ਕੀ ਹੈ? ਇਕ ਤਾਂ ਕਲੱਬਾਂ ਦੇ ਸਾਧਨ ਦਾ ਜ਼ਰੀਆ ਉਸਦੇ ਮੈਂਬਰ ਹਨ, ਜਿਵੇਂ ਦੱਸਿਆ ਕਿ ਬਿਲਾਵਲ ਵਰਗੇ ਫੈਨ ਘਰਾਂ ਦੀਆਂ ਕਿਸ਼ਤਾਂ ਜਿੰਨੀ ਮੈਂਬਰਸ਼ਿਪ ਦਿੰਦੇ ਹਨ। ਹਰ ਮੈਚ ਦੀਆਂ ਟਿਕਟਾਂ ਬਹੁਤ ਮਹਿੰਗੀਆਂ ਵਿਕਦੀਆਂ ਹਨ, ਫਿਰ ਟੈਲੀਵਿਜ਼ਨ, ਰੇਡੀਓ ਜਾਂ ਹੋਰ ਮੀਡੀਆ ’ਤੇ ਖੇਡਾਂ ਦਿਖਾਉਣ ਦੇ ਹੱਕ ਵੀ ਵਿਕਦੇ ਹਨ, ਪਰ ਕਰੋਨਾ ਨੇ ਇਸ ਵਪਾਰ ਵਿਚ ਬਹੁਤ ਤਬਦੀਲੀ ਲਿਆ ਦਿੱਤੀ ਹੈ। ਮੈਚ ਭਾਵੇਂ ਸ਼ੁਰੂ ਹੋ ਗਏ ਹਨ, ਪਰ ਕਾਰੋਬਾਰ ਪਹਿਲਾਂ ਵਾਂਗ ਨਹੀਂ ਰਿਹਾ। ਇਹ ਮੈਚ ਸਿਰਫ਼ ਬੰਦ ਦਰਵਾਜ਼ਿਆਂ ਵਿਚ ਖੇਡੇ ਜਾਣਗੇ। ਕੋਈ ਪ੍ਰਸੰਸਕ ਮੈਚ ਦੇਖਣ ਗਰਾਊਂਡ ਵਿਚ ਨਹੀਂ ਜਾਵੇਗਾ। ਲੋਕਾਂ ਨੂੰ ਘਰਾਂ ਵਿਚ ਬੈਠ ਕੇ ਟੈਲੀਵਿਜ਼ਨਾਂ, ਫੋਨਾਂ ਆਦਿ ’ਤੇ ਹੀ ਦੇਖਣੇ ਪੈਣਗੇ। ਜਿਹੜੇ ਪ੍ਰਸੰਸਕ ਪਹਿਲਾਂ ਪੱਬਾਂ ਵਿਚ ਬੈਠ ਕੇ ਦੇਖਦੇ ਸਨ, ਉਹ ਸਿਸਟਮ ਵੀ ਪਹਿਲਾਂ ਜਿਹਾ ਨਹੀਂ ਰਿਹਾ। ਇਨ੍ਹਾਂ ਥਾਵਾਂ ’ਤੇ ਜਾਣ ਵਾਲੇ ਲੋਕਾਂ ਦੀ ਗਿਣਤੀ ’ਤੇ ਵੀ ਪਾਬੰਦੀਆਂ ਲੱਗੀਆਂ ਹੋਈਆਂ ਹਨ। ਬੰਦੇ ਤੋਂ ਬੰਦੇ ਦਾ ਫ਼ਰਕ ਇਕ ਮੀਟਰ ਜ਼ਰੂਰ ਹੋਣਾ ਚਾਹੀਦਾ ਹੈ। ਇਸ ਨਾਲ ਮਾਲਕ-ਕਲੱਬਾਂ ਦੀ ਪ੍ਰਸੰਸਕਾਂ ਵੱਲੋਂ ਹੁੰਦੀ ਆਮਦਨ ਬੰਦ ਹੋ ਗਈ ਹੈ। ਭਾਵ ਤਕਰੀਬਨ ਅੱਧੀ ਰਹਿ ਜਾਵੇਗੀ। ਇਵੇਂ ਹੀ ਖਿਡਾਰੀਆਂ ਦੀ ਕੀਮਤ ਵੀ ਡਿੱਗੇਗੀ ਤੇ ਇਸ ਨਾਲ ਜੁੜੇ ਹੋਰ ਕਰਮਚਾਰੀਆਂ ਦੀ ਵੀ। ਇਹ ਦੌਰ ਕਿੰਨੀ ਦੇਰ ਚੱਲੇਗਾ, ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹ ਜੋ ਦੋ ਵੱਡੇ ਕੱਪ, ਪ੍ਰੀਮੀਅਰ ਲੀਗ ਤੇ ਐੱਫ. ਏ. ਹਨ, ਇਨ੍ਹਾਂ ਦੇ ਮਾਲਕ ਬਹੁਤ ਅਮੀਰ ਹਨ। ਉਹ ਇਸ ਸੱਟ ਨੂੰ ਸਹਿ ਜਾਣਗੇ।

ਇਨ੍ਹਾਂ ਵੱਡੀਆਂ ਟੀਮਾਂ ਤੋਂ ਬਿਨਾਂ ਲੰਡਨ ਤੇ ਪੂਰੇ ਬਰਤਾਨੀਆ ਵਿਚ ਛੋਟੀਆਂ ਕਲੱਬਾਂ ਵੀ ਹਨ ਜੋ ਖਿਡਾਰੀਆਂ ਲਈ ਨਰਸਰੀਆਂ ਵਾਂਗ ਵੀ ਹੁੰਦੀਆਂ ਹਨ, ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਹੋਣ ਦਾ ਡਰ ਹੈ। ਈ. ਐੱਫ. ਐੱਲ. (ਇੰਗਲਿਸ਼ ਫੁੱਟਬਾਲ ਲੀਗ) ਦੀਆਂ 72 ਟੀਮਾਂ ਹਨ। ਇਨ੍ਹਾਂ ਟੀਮਾਂ ਦੇ ਹੁੰਦੇ ਮੈਚ ਟੈਲੀਵਿਜ਼ਨ ਵਾਲੇ ਨਾ-ਬਰਾਬਰ ਹੀ ਖ਼ਰੀਦਦੇ ਹਨ। ਇਨ੍ਹਾਂ ਦੀ ਸਮੁੱਚੀ ਆਮਦਨ ਇਨ੍ਹਾਂ ਦੇ ਪ੍ਰਸੰਸਕ ਹੀ ਹੁੰਦੇ ਹਨ ਜੋ ਟਿਕਟਾਂ ਖ਼ਰੀਦ ਕੇ ਮੈਚ ਦੇਖਦੇ ਹਨ। ਜੇ ਇਨ੍ਹਾਂ ਮੈਚਾਂ ਵਿਚ ਪ੍ਰਸੰਸਕ ਜਾਂ ਦਰਸ਼ਕ ਹੀ ਨਹੀਂ ਜਾਣਗੇ ਤਾਂ ਇਹ ਛੋਟੀਆਂ ਟੀਮਾਂ ਕਿਵੇਂ ਬਚਣਗੀਆਂ? ਇਨ੍ਹਾਂ ਤਿੰਨ ਮਹੀਨਿਆਂ ਵਿਚ ਬੰਦ ਰਹਿਣ ਕਾਰਨ ਇਨ੍ਹਾਂ ਦੇ ਕਈ ਗਰਾਊਂਡਾਂ ਦੀ ਹਾਲਤ ਵੀ ਸਹੀ ਨਹੀਂ ਰਹੀ। ਇਹ ਛੋਟੀਆਂ ਕਲੱਬਾਂ ਜਾਂ ਟੀਮਾਂ ਕਰੋਨਾ ਵਾਇਰਸ ਆਉਣ ਤੋਂ ਪਹਿਲਾਂ ਹੀ ਮੜੀ ਮੁਸ਼ਕਲ ਨਾਲ ਖੜ੍ਹੀਆਂ ਸਨ, ਪਰ ਹੁਣ ਤਾਂ ਇਹ ਹੋਰ ਵੀ ਮੁਸੀਬਤ ਵਿਚ ਫਸ ਜਾਣਗੀਆਂ। ਈਸਟ ਲੰਡਨ ਦੀ ਕਲੱਬ ਲੇਅਟਨ ਓਰੀਐਂਟ ਦਾ ਮੈਂ ਬਹੁਤ ਸਾਲ ਪਹਿਲਾਂ ਮੈਂਬਰ ਹੁੰਦਾ ਸੀ, ਜਦ ਮੈਂ ਉਸ ਇਲਾਕੇ ਵਿਚ ਰਹਿੰਦਾ ਸਾਂ। ਮੇਰਾ ਇਕ ਪੁਰਾਣਾ ਦੋਸਤ ਜੇਮੀਕ ਰਿਸਪ ਦੱਸਦਾ ਹੈ ਕਿ 138 ਸਾਲ ਪੁਰਾਣੀ ਕਲੱਬ ਹੁਣ ਬੰਦ ਹੋਣ ਦੇ ਕਗਾਰ ’ਤੇ ਹੈ। ਹੋਰ ਵੀ ਬਹੁਤ ਸਾਰੀਆਂ ਕਲੱਬਾਂ ਬਾਰੇ ਅਜਿਹਾ ਹੀ ਕਿਹਾ ਜਾ ਸਕਦਾ ਹੈ। ਖੈਰ, ਫੁੱਟਬਾਲ ਦੇ ਮੈਚ ਦੁਬਾਰਾ ਸ਼ੁਰੂ ਹੋ ਗਏ ਹਨ। ਲੋਕ ਦੇਖ ਰਹੇ ਹਨ, ਘਰਾਂ ਵਿਚ ਬੈਠ ਕੇ ਹੀ ਸਹੀ। ਲੋਕਾਂ ਕੋਲ ਕਰਨ ਲਈ ਕੋਈ ਗੱਲ ਤਾਂ ਹੋਈ। ਪ੍ਰੀਮੀਅਰ ਲੀਗ ਵਾਲਾ ਕੱਪ ਲਿਵਰਪੂਲ ਦੀ ਟੀਮ ਨੇ ਜਿੱਤ ਲਿਆ ਹੈ, ਉਹ ਕਰੋਨਾ ਵਾਇਰਸ ਆਉਣ ਤੋਂ ਪਹਿਲਾਂ ਹੀ ਹੋਰਨਾਂ ਟੀਮਾਂ ਤੋਂ 25 ਨੰਬਰ ਅੱਗੇ ਚੱਲ ਰਹੀ ਸੀ। ਐੱਫ. ਏ. ਦੇ ਮੈਚ ਚੱਲ ਰਹੇ ਹਨ। ਇਹ ਜੁਲਾਈ ਵਿਚ ਹੀ ਖ਼ਤਮ ਹੋ ਜਾਣਗੇ। ਇਸ ਤਰ੍ਹਾਂ ਮੁੜ ਕੇ 2020-21 ਦੇ ਮੈਚ ਵਕਤ ਸਿਰ ਸ਼ੁਰੂ ਕੀਤੇ ਜਾ ਸਕਦੇ ਹਨ।

ਅਖੀਰ ਵਿਚ ਮੈਂ ਤੁਹਾਨੂੰ ਆਪਣੇ ਘਰ ਵੱਲ ਹੀ ਲੈ ਚੱਲਦਾ ਹਾਂ। ਐਤਵਾਰ ਸ਼ਾਮੀਂ ਮੈਂ ਘਰ ਮੁੜਿਆ ਤਾਂ ਬਿਲਾਵਲ ਬਹੁਤ ਖ਼ੁਸ਼ ਸੀ। ਕਹਿੰਦਾ ਕਿ ਅੱਜ ਖਾਣਾ ਘਰ ਨਹੀਂ ਬਣਾਉਣਾ, ਬਾਹਰੋਂ ਆਵੇਗਾ। ਉਸਨੇ ਆਰਡਰ ਕਰ ਦਿੱਤਾ ਹੈ। ਮੈਂ ਉਸਦੀ ਮਾਂ ਨੂੰ ਪਰਦੇ ਜਿਹੇ ਨਾਲ ਪੁੱਛਿਆ ਕਿ ਇਹ ਕੀ? ਉਹ ਕਹਿਣ ਲੱਗੀ ਕਿ ਆਰਸਨਲ ਦੀ ਟੀਮ ਅੱਜ ਮੈਚ ਜਿੱਤ ਕੇ ਐੱਫ. ਏ. ਕੱਪ ਦੇ ਸੈਮੀ ਫਾਈਨਲ ਵਿਚ ਪੁੱਜ ਗਈ ਹੈ, ਇਸ ਕਰਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All