ਦੁਨੀਆ ਭਰ ਦੀ ਸੱਭਿਆਚਾਰਕ ਰੰਗਤ ਦਿਖਾਉਂਦਾ ‘ਫੋਕਲੋਰਾਮਾ’ ਸ਼ੁਰੂ
ਵਿਨੀਪੈੱਗ: ਦੁਨੀਆ ਦੇ ਸਭ ਤੋਂ ਵੱਡੇ ਬਹੁ-ਸੱਭਿਆਚਾਰਕ ਮੇਲਿਆਂ ਵਿੱਚੋਂ ਇੱਕ ਵਿਨੀਪੈਗ ਦਾ ਪ੍ਰਸਿੱਧ ‘ਫੋਕਲੋਰਾਮਾ’ ਮੇਲਾ ਇਸ ਸਾਲ ਆਪਣੀ 55ਵੀਂ ਵਰ੍ਹੇਗੰਢ ਮਨਾਉਂਦਾ ਹੋਇਆ ਸ਼ੁਰੂ ਹੋ ਗਿਆ ਹੈ। 2 ਤੋਂ 15 ਅਗਸਤ ਤੱਕ ਚੱਲਣ ਵਾਲੇ ਇਸ ਮਹਾਂ-ਉਤਸਵ ਵਿੱਚ ਵਿਨੀਪੈਗ ਸ਼ਹਿਰ ਭਰ ਵਿੱਚ...
ਵਿਨੀਪੈੱਗ: ਦੁਨੀਆ ਦੇ ਸਭ ਤੋਂ ਵੱਡੇ ਬਹੁ-ਸੱਭਿਆਚਾਰਕ ਮੇਲਿਆਂ ਵਿੱਚੋਂ ਇੱਕ ਵਿਨੀਪੈਗ ਦਾ ਪ੍ਰਸਿੱਧ ‘ਫੋਕਲੋਰਾਮਾ’ ਮੇਲਾ ਇਸ ਸਾਲ ਆਪਣੀ 55ਵੀਂ ਵਰ੍ਹੇਗੰਢ ਮਨਾਉਂਦਾ ਹੋਇਆ ਸ਼ੁਰੂ ਹੋ ਗਿਆ ਹੈ। 2 ਤੋਂ 15 ਅਗਸਤ ਤੱਕ ਚੱਲਣ ਵਾਲੇ ਇਸ ਮਹਾਂ-ਉਤਸਵ ਵਿੱਚ ਵਿਨੀਪੈਗ ਸ਼ਹਿਰ ਭਰ ਵਿੱਚ ਸੱਭਿਆਚਾਰਕ ਰੰਗ ਬਿਖੇਰਨ ਲਈ 45 ਨਸਲੀ-ਸੱਭਿਆਚਾਰਕ ਪਵੇਲੀਅਨ ਬਣਾਏ ਗਏ ਹਨ। ਕਰੀਬ ਇੱਕ ਸਾਲ ਦੀਆਂ ਸਖ਼ਤ ਤਿਆਰੀਆਂ ਤੋਂ ਬਾਅਦ ਵਲੰਟੀਅਰ ਅਤੇ ਪ੍ਰਬੰਧਕ ਦਰਸ਼ਕਾਂ ਦਾ ਸਵਾਗਤ ਕਰਕੇ ਖ਼ੁਸ਼ ਹਨ। ਇਸ ਵਾਰ ਮੇਲੇ ਵਿੱਚ ਦੋ ਨਵੇਂ ਪਵੇਲੀਅਨ ‘ਹਾਰਟ ਆਫ ਰੋਮਾਨੀਆ’ ਅਤੇ ‘ਸੈਲਵਾਡੋਰਿਅਨ’ ਪਹਿਲੀ ਵਾਰ ਸ਼ਾਮਲ ਕੀਤੇ ਗਏ ਹਨ, ਜਦਕਿ ਮੈਕਸਿਕੋ, ਚਿੱਲੀ ਅਤੇ ਫਸਟ ਨੇਸ਼ਨ ਪਵੇਲੀਅਨ ਦੀ ਵੀ ਸ਼ਾਨਦਾਰ ਵਾਪਸੀ ਹੋਈ ਹੈ।
ਮੇਲੇ ਦੇ ਇਤਿਹਾਸਕ 55 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿੱਚ ਸਥਾਨਕ ਕਲਾਕਾਰ ਮੈਂਡੀ ਵੈਨ ਲੀਊਵਨ ਵੱਲੋਂ ਇੱਕ ਨਵਾਂ ਵਿਸ਼ੇਸ਼ ਮਿਊਰਲ ਵੀ ਤਿਆਰ ਕੀਤਾ ਜਾ ਰਿਹਾ ਹੈ ਜੋ ਸਾਰਜੰਟ ਐਵੇਨਿਊ ਸਥਿਤ ਮਾਡਰਨਜ਼ ਆਫ ਵਿਨੀਪੈਗ ਦੀ ਇਮਾਰਤ ਦੀ ਸ਼ਾਨ ਵਧਾਏਗਾ। ਇਸ ਤੋਂ ਇਲਾਵਾ ਫੋਕਲੋਰਾਮਾ ਵੱਲੋਂ ਵਾਤਾਵਰਨ ਦੀ ਸੰਭਾਲ ਵੱਲ ਵੱਡਾ ਕਦਮ ਚੁੱਕਦਿਆਂ ਇਸ ਵਾਰ ਸਾਰੇ 45 ਪਵੇਲੀਅਨਾਂ ਵਿੱਚ ਕੰਪੋਸਟਿੰਗ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਇਸ ਪਹਿਲਕਦਮੀ ਨਾਲ ਲਗਭਗ 3,000 ਕਿਲੋਗ੍ਰਾਮ ਕੂੜਾ ਲੈਂਡ ਫਿੱਲ ਵਿੱਚ ਜਾਣ ਤੋਂ ਬਚਾਇਆ ਗਿਆ ਸੀ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਪਵੇਲੀਅਨ ਅਤੇ ਇੰਡੀਆ ਪਵੇਲੀਅਨ ਭਾਰਤੀ ਭਾਈਚਾਰੇ ਸਮੇਤ ਸਮੁੱਚੇ ਵਿਦੇਸ਼ੀ ਦਰਸ਼ਕਾਂ ਲਈ ਮੁੱਖ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੰਜਾਬ ਪਵੇਲੀਅਨ ਵਿੱਚ ਪੰਜਾਬੀ ਸੱਭਿਆਚਾਰ ਦੀ ਅਸਲ ਧੜਕਣ ਦੇਖਣ ਨੂੰ ਮਿਲ ਰਹੀ ਹੈ। ਢੋਲ ਦੀਆਂ ਗੂੰਜਦੀਆਂ ਥਾਪਾਂ, ਭੰਗੜੇ ਦੀ ਊਰਜਾ, ਗਿੱਧੇ ਦੀ ਰੌਣਕ ਅਤੇ ਰਵਾਇਤੀ ਲੋਕ-ਗੀਤ ਦਰਸ਼ਕਾਂ ਦਾ ਮਨ ਮੋਹ ਰਹੇ ਹਨ। ਪੰਜਾਬੀ ਰਸੋਈ ਦੇ ਮਸ਼ਹੂਰ ਅਤੇ ਮੂੰਹ ਵਿੱਚ ਪਾਣੀ ਲਿਆਉਣ ਵਾਲੇ ਪਕਵਾਨ ਜਿਵੇਂ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਛੋਲੇ-ਭਟੂਰੇ, ਤੰਦੂਰੀ ਵਿਅੰਜਨ, ਗਰਮਾ-ਗਰਮ ਜਲੇਬੀ ਅਤੇ ਠੰਢੀ ਲੱਸੀ ਦਰਸ਼ਕਾਂ ਨੂੰ ਪੰਜਾਬ ਦੇ ਦੇਸੀ ਸਵਾਦ ਨਾਲ ਜੋੜ ਰਹੇ ਹਨ।
ਇੰਡੀਆ ਪਵੇਲੀਅਨ ਵਿੱਚ ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀ ਅਲੌਕਿਕ ਝਲਕ ਵੇਖਣ ਨੂੰ ਮਿਲ ਰਹੀ ਹੈ। ਇੱਥੇ ਵੱਖ-ਵੱਖ ਰਾਜਾਂ ਦੇ ਲੋਕ ਅਤੇ ਸ਼ਾਸਤਰੀ ਨਾਚ, ਸੰਗੀਤ, ਰਵਾਇਤੀ ਪਹਿਰਾਵੇ, ਹਸਤ-ਕਲਾ ਅਤੇ ਬੌਲੀਵੁੱਡ ਆਧਾਰਿਤ ਮਨੋਰੰਜਕ ਪ੍ਰੋਗਰਾਮ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਆਕਰਸ਼ਿਤ ਕਰ ਰਹੇ ਹਨ। ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਲਜ਼ੀਜ਼ ਪਕਵਾਨ ਵੀ ਇਸ ਪਵੇਲੀਅਨ ਦੀ ਵੱਡੀ ਵਿਸ਼ੇਸ਼ਤਾ ਹਨ।
ਫੋਕਲੋਰਾਮਾ ਦੇ ਪ੍ਰਬੰਧਕਾਂ ਮੁਤਾਬਕ ਹਰ ਪਵੇਲੀਅਨ ਤੋਂ ਹੋਣ ਵਾਲੀ ਆਮਦਨ ਸਿੱਧੇ ਤੌਰ ’ਤੇ ਸਬੰਧਿਤ ਭਾਈਚਾਰੇ ਨੂੰ ਜਾਂਦੀ ਹੈ, ਜਿਸ ਨਾਲ ਉਹ ਆਪਣੀ ਮਾਂ-ਬੋਲੀ, ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਹਨ। ਮੇਲੇ ਵਿੱਚ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਉਣ ਲਈ ਇੱਕ ਖ਼ਾਸ ਇਨਾਮੀ ਯੋਜਨਾ ਵੀ ਰੱਖੀ ਗਈ ਹੈ; ਜਿੰਨੇ ਵੱਧ ਪਵੇਲੀਅਨਾਂ ਦਾ ਦੌਰਾ ਕੀਤਾ ਜਾਵੇਗਾ, ਓਨੀਆਂ ਹੀ ਵੱਧ ਐਂਟਰੀਆਂ ਮਿਲਣਗੀਆਂ ਅਤੇ ਭਾਗਾਂ ਵਾਲਾ ਵਿਅਕਤੀ ਯੂਰਪੀਅਨ ਰਿਵਰ ਕਰੂਜ਼ ਜਿੱਤਣ ਦਾ ਸੁਨਹਿਰੀ ਮੌਕਾ ਹਾਸਲ ਕਰ ਸਕੇਗਾ।
ਬੱਚਿਆਂ (12 ਸਾਲ ਅਤੇ ਇਸ ਤੋਂ ਘੱਟ ਉਮਰ) ਲਈ ਮੇਲੇ ਵਿੱਚ ਦਾਖਲਾ ਬਿਲਕੁਲ ਮੁਫ਼ਤ ਹੈ। ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਲੱਖਾਂ ਲੋਕ ਇਸ ਵਿਸ਼ਵ-ਪ੍ਰਸਿੱਧ ਮੇਲੇ ਵਿੱਚ ਸ਼ਾਮਲ ਹੋ ਕੇ ਵਿਸ਼ਵ ਭਰ ਦੀਆਂ ਅਨੋਖੀਆਂ ਸੱਭਿਆਚਾਰਕ ਰੰਗਤਾਂ ਦਾ ਭਰਪੂਰ ਅਨੰਦ ਮਾਣਨਗੇ।

