ਆਸਥਾ ਬਨਾਮ ਇਨਸਾਨੀਅਤ
ਕਿਹਾ ਜਾਂਦਾ ਹੈ ਕਿ ਸਾਰੀ ਕਾਇਨਾਤ ਹੀ ਇੱਕ ਵਿਸ਼ਵਾਸ/ ਯਕੀਨ ’ਤੇ ਟਿਕੀ ਹੋਈ ਹੈ। ਇਸ ਵਿਸ਼ਵਾਸ ਅਧੀਨ ਹੀ ਆਪਣੇ ਆਪਣੇ ਹਿੱਸੇ ਆਏ ਫਰਜ਼ ਨਿਭਾਉਣ ਨਾਲ ਜੀਵਨ ਚੱਕਰ ਬਗੈਰ ਕਿਸੇ ਰੋਕ ਟੋਕ ਦੇ ਸਹਿਜ ਭਾਵ ਨਾਲ ਚੱਲ ਰਿਹਾ ਹੈ। ਮਨੁੱਖੀ ਜੀਵਨ...
ਕਿਹਾ ਜਾਂਦਾ ਹੈ ਕਿ ਸਾਰੀ ਕਾਇਨਾਤ ਹੀ ਇੱਕ ਵਿਸ਼ਵਾਸ/ ਯਕੀਨ ’ਤੇ ਟਿਕੀ ਹੋਈ ਹੈ। ਇਸ ਵਿਸ਼ਵਾਸ ਅਧੀਨ ਹੀ ਆਪਣੇ ਆਪਣੇ ਹਿੱਸੇ ਆਏ ਫਰਜ਼ ਨਿਭਾਉਣ ਨਾਲ ਜੀਵਨ ਚੱਕਰ ਬਗੈਰ ਕਿਸੇ ਰੋਕ ਟੋਕ ਦੇ ਸਹਿਜ ਭਾਵ ਨਾਲ ਚੱਲ ਰਿਹਾ ਹੈ। ਮਨੁੱਖੀ ਜੀਵਨ ਵਿੱਚ ਵੀ ਵਿਸ਼ਵਾਸ ਦਾ ਬੜਾ ਮਹੱਤਵ ਹੈ। ਕੁਦਰਤ ਦੇ ਵੱਖ ਵੱਖ ਰੰਗਾਂ ਨੇ ਹਰ ਜੀਵਨ ’ਤੇ ਵੀ ਬੜਾ ਪ੍ਰਭਾਵ ਪਾਇਆ ਹੈ। ਕੁਦਰਤ ਦੀ ਅਪਰ ਅਪਾਰ ਸ਼ਕਤੀ ਦੇ ਵੱਖ ਵੱਖ ਰੂਪਾਂ ਦਾ ਮਨੁੱਖ ਨੇ ਵੀ ਡੂੰਘਾ ਪ੍ਰਭਾਵ ਕਬੂਲਿਆ ਹੈ। ਜਿਸ ਕਰਕੇ ਮਨੁੱਖ ਵਿਚਲਾ ਕੁਦਰਤ ਪ੍ਰਤੀ ਅਥਾਹ ਵਿਸ਼ਵਾਸ ਹੀ ਆਸਥਾ/ ਸ਼ਰਧਾ ਵਿੱਚ ਬਦਲਿਆ। ਤਰਕ ਭਰਪੂਰ ਤੇ ਵਿਵੇਕ ਵਾਲਾ ਵਿਸ਼ਵਾਸ ਕਰਨ ਵਾਲਾ ਪ੍ਰਾਣੀ ਜ਼ਰੇ ਜ਼ਰੇ ਵਿੱਚ ਕੁਦਰਤ ਦੇ ਕਾਦਰ ਦੇ ਪ੍ਰਤੱਖ ਰੂਪ ਦਾ ਅਹਿਸਾਸ ਕਰਦਾ ਹੋਇਆ ਇਨਸਾਨੀਅਤ ਦੇ ਪੱਲੇ ਨੂੰ ਘੁੱਟ ਕੇ ਫੜੀ ਰੱਖਦਾ ਹੈ। ਇਸ ਦੇ ਉਲਟ ਤਰਕਹੀਣ ਅੰਧਵਿਸ਼ਵਾਸੀ ਪ੍ਰਾਣੀ ਸਿਰਫ਼ ਕਰਮਕਾਡਾਂ ਵਿੱਚ ਗੁਲਤਾਨ ਹੋ ਕੇ ਰਹਿ ਜਾਂਦਾ ਹੈ।
ਸਵੈ ਸ਼ਕਤੀ ਅਧੀਨ ਨਿਰੰਤਰ ਚੱਲ ਰਹੀ ਕੁਦਰਤੀ ਪ੍ਰਕਿਰਿਆ ਦੀਆਂ ਵੱਖ ਵੱਖ ਸ਼ਕਤੀਆਂ ਤੋਂ ਪ੍ਰਭਾਵਿਤ ਹੁੰਦਿਆਂ ਹੀ ਮਨੁੱਖ ਨੇ ਇਨ੍ਹਾਂ ਸ਼ਕਤੀਆਂ ਨੂੰ ਵਿਸ਼ੇਸ਼ ਪ੍ਰਕਾਰ ਦੇ ਨਾਮ ਦਿੰਦਿਆਂ ਇਨ੍ਹਾਂ ਅਲੌਕਿਕ ਸ਼ਕਤੀਆਂ ਨੂੰ ਸਿਜਦਾ, ਪੂਜਾ ਅਰਚਨਾ ਕਰਨ ਹਿਤ ਮਨੁੱਖ ਨੇ ਆਪਣੀ ਕਲਪਨਾ/ ਮਿਥ ਅਨੁਸਾਰ ਕਈ ਢੰਗ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ। ਫਿਰ ਇਹ ਧਾਰਨਾਵਾਂ ਬਣ ਗਈਆਂ ਕਿ ਸਮੇਂ ਸਮੇਂ ਇਹ ਸ਼ਕਤੀਆਂ ਪ੍ਰਾਣੀਆਂ ਦੇ ਰੂਪ ਵਿੱਚ ਜਨਮ ਵੀ ਧਾਰ ਲੈਂਦੀਆਂ ਹਨ। ਉੱਤਮ ਗੁਣਾਂ ਦੇ ਧਾਰਨੀ ਵਿਸ਼ੇਸ਼ ਸ਼ਖ਼ਸੀਅਤਾਂ ਵਾਲੇ ਪ੍ਰਾਣੀਆਂ ਨੂੰ ਬਹੁਤ ਸਤਿਕਾਰਤ ਉਪਾਧੀਆਂ/ ਵਿਸ਼ੇਸ਼ਣਾਂ (ਪੀਰ ਪੈਗੰਬਰ, ਸੰਤ, ਮਹਾਂਪੁਰਸ਼, ਰੱਬੀ ਦੂਤ, ਭਗਵਾਨ, ਗੁਰੂ, ਮਹਾਤਮਾ ਆਦਿ) ਨਾਲ ਉਨ੍ਹਾਂ ਦਾ ਵਿਸ਼ੇਸ਼ ਆਦਰ ਮਾਣ ਦਿੱਤਾ ਜਾਣ ਲੱਗਾ। ਇਨ੍ਹਾਂ ਵਿੱਚੋਂ ਕੁਝ ਨੇ ਆਪਣੇ ਆਪ ਨੂੰ ਕੁਦਰਤ ਦੀ ਅਸੀਮ ਸ਼ਕਤੀ (ਰੱਬ) ਦੇ ਅਧੀਨ ਮੰਨਿਆ ਅਤੇ ਕੁਝ ਕੁ ਨੇ ਖੁਦ ਨੂੰ ਹੀ ਅਸੀਮ ਸ਼ਕਤੀ ਮੰਨ ਲਿਆ। ਆਪਣੀ ਆਪਣੀ ਮੱਤ ਅਨੁਸਾਰ ਲੋਕਾਈ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਮੱਤ ਅਨੁਸਾਰ ਚੱਲਣ ਵਾਲੇ ਲੋਕ ਸਮੂਹਾਂ ਨੂੰ ਵੱਖ ਵੱਖ ਧਰਮਾਂ ਦਾ ਨਾਮ ਦਿੱਤਾ ਜਾਣ ਲੱਗ ਪਿਆ।
‘ਧਰਮ’ ਸ਼ਬਦ ਨੂੰ ਨਿਖੇੜ ਕੇ ‘ਧਰ (ਧ੍ਰ)+ ਮ’ ਵੇਖੀਏ ਤਾਂ ‘ਧ੍ਰ’ ਦਾ ਅਰਥ ਰੱਖਣਾ, ਟਿਕਾਉਣਾ ਤੇ ‘ਮ’ ਮੈਂ (ਮਨ)। ’ਧਰਮ’ ਦਾ ਮਤਲਬ ਇਹੀ ਬਣਦਾ ਹੈ ਕਿ ਇਨਸਾਨੀਅਤ ਦੇ ਖਾਸ ਸਿਧਾਂਤਕ ਗੁਣਾਂ ਵਿੱਚ ਮਨ ਰੱਖ/ ਟਿਕਾਅ ਕੇ ਦੁਨੀਆ ਵਿੱਚ ਹਰ ਤਰ੍ਹਾਂ ਦੇ ਜੀਵਨ ਦੀ ਭਲਾਈ ਨੂੰ ਮੁੱਖ ਰੱਖਦਿਆਂ ਅਭਿਆਸੀ ਤੌਰ ’ਤੇ ਕਾਰ ਵਿਹਾਰ ਕਰਦਿਆਂ ਵਿਚਰਨਾ।
ਸਰਸਰੀ ਨਜ਼ਰ ਨਾਲ ਘੋਖਿਆ ਜਾਵੇ ਤਾਂ ਲਗਭਗ ਸਭ ਧਰਮਾਂ ਦੇ ਉਪਦੇਸ਼ ਮਨੁੱਖ ਦੀ ਭਲਾਈ ਤੇ ਕੁਦਰਤੀ ਸੰਤੁਲਨ ਬਹਾਲ ਰੱਖਣ ਦਾ ਦਾਅਵਾ ਕਰਦੇ ਹੋਏ ਵੀ ਅਮਲ ਕਰਨ ਨੂੰ ਤਰਜੀਹ ਦਿੰਦੇ ਆ ਰਹੇ ਹਨ, ਪਰ ਤਰਾਸਦੀ ਹੈ ਕਿ ਧਰਮਾਂ ਵਿੱਚ ਪੁੱਠੀਮਤ /ਮਨਮਤਿ ਵਾਲਿਆਂ ਦੀ ਵੱਡੀ ਪੱਧਰ ’ਤੇ ਹੋ ਚੁੱਕੀ ਘੁਸਪੈਠ ਨੇ ਆਪਣਾ ਉੱਲੂ ਸਿੱਧਾ ਕਰਨ ਲਈ ਅੰਧ ਵਿਸ਼ਵਾਸ ਤੇ ਪਾਖੰਡਵਾਦ ਨੂੰ ਪੂਰੀ ਤੂਲ ਦਿੱਤੀ ਹੋਈ ਹੈ। ਇੱਕ ਪਾਸੇ ਲਾਲਚ ਦੇਣਾ ਸ਼ੁਰੂ ਕੀਤਾ ਹੋਇਆ ਕਿ ਫਲਾਣੇ ਫਲਾਣੇ ਕਰਮਕਾਂਡ ਨਾਲ ਮਨੁੱਖ ਦੀ ਹਰ ਚਾਹਤ ਪੂਰੀ ਹੋ ਸਕਦੀ ਹੈ, ਦੂਜੇ ਪਾਸੇ ਅਜਿਹੇ ਕਰਮਕਾਂਡ ਨਾ ਕਰਨ ’ਤੇ ਮਹਾ ਪਾਪੀ ਬਣ ਜਾਣ ਕਰਕੇ ਵੱਡੀਆਂ ਵੱਡੀਆਂ ਸਜ਼ਾਵਾਂ ਮਿਲਣ ਦਾ ‘ਡਰ’ ਪੈਦਾ ਕੀਤਾ ਹੋਇਆ ਹੈ। ਸੋ ਅਚੇਤ ਮਨ ਵਿੱਚ ਘੁਸੇੜੇ ਜਾ ਰਹੇ ਕਲਪਿਤ ਇਸ ‘ਲਾਲਚ’ ਤੇ ‘ਡਰ’ ਨਾਲ ‘ਆਤਮ ਵਿਸ਼ਵਾਸ’ ਨੂੰ ਖੋਰਾ ਲਾ ਕੇ ਮਨੁੱਖੀ ਬਿਰਤੀ ਨੂੰ ਅੰਧ ਵਿਸ਼ਵਾਸ ਦੀ ਡੂੰਘੀ ਖੱਡ ਵਿੱਚ ਸੁੱਟਣ ਦਾ ਰੁਝਾਨ ਵੱਡੀ ਪੱਧਰ ’ਤੇ ਜਾਰੀ ਹੈ। ਜਿਸ ਵਿੱਚ ਅਨਪੜ੍ਹ ਤਾਂ ਕੀ ? ਪੜ੍ਹੇ ਲਿਖੇ ਵੀ ਇਸ ਤੋਂ ਨਹੀਂ ਬਚ ਸਕੇ ਅਤੇ ਬਹੁਗਿਣਤੀ ਧਰਮ ਦੇ ਅਸਲ ਅਸੂਲਾਂ ਤੋਂ ਬੇਮੁੱਖ ਹੋ ਕੇ ਤਰਕਹੀਣ ਕਰਮਕਾਡਾਂ ਦੇ ਸ਼ਿਕਾਰ ਬਣੇ ਹੋਏ ਹਨ। ਇਸ ਤੋਂ ਵੀ ਅੱਗੇ ਸਿਤਮਜ਼ਰੀਫੀ ਵੇਖੋ ਕਿ ਕਈ ਥਾਈਂ ਤਾਂ ਮਨੁੱਖੀ ਸਿਹਤ ਲਈ ਵਰਜਿਤ ਅਜਿਹੇ ਪਦਾਰਥ (ਜੋ ਸਿੱਧੇ/ਅਸਿੱਧੇ ਤੌਰ ’ਤੇ ਨਸ਼ਿਆਂ ਦਾ ਹੀ ਰੂਪ ਹੁੰਦੇ ਹਨ) ਵਰਤੇ/ ਵਰਤਾਏ ਜਾਂਦੇ ਹਨ।
ਅੰਨ੍ਹੀ ਸ਼ਰਧਾ ਨੂੰ ਕੈਸ਼ ਕਰਨ ਲਈ ਪਾਖੰਡੀ ਲੁਟੇਰੇ ਵਰਗ ਨੇ ਸਾਧ ਸੰਤਾਂ ਦੇ ਭੇਸ ਵਿੱਚ ਅਸਲ ਗੁਰਮੁਖ/ ਫ਼ਕੀਰੀ/ ਸੰਤ/ ਸਾਧਪੁਣੇ ਦੇ ਕਿਰਦਾਰ ਨੂੰ ਵੀ ਵਿਖਾਵੇ /ਅਡੰਬਰਾਂ ਦੀ ਲਿਫ਼ਾਫ਼ੇਬਾਜ਼ੀ ਨਾਲ ਦਾਗੋ ਦਾਗ਼ ਕੀਤਾ ਹੋਇਆ ਹੈ। ਵਿਗਿਆਨਕ ਖੋਜਾਂ ਦੀ ਵਰਤੋਂ ਕਰਕੇ ਵਿਗਿਆਨਕ ਤੌਰ ਤਰੀਕਿਆਂ ਖਾਸ ਕਰਕੇ ਤਰਕ ਨੂੰ ਹੀ ਭੰਡਣ ਦੇ ਅਕ੍ਰਿਤਘਣ ਬਾਨ੍ਹਣੂ ਬੰਨ੍ਹੇ ਜਾ ਰਹੇ ਹਨ। ਸੱਚ ਰੂਪੀ ਸੂਰਜ ਨੂੰ ਝੂਠ ਦੇ ਕੂੜ ਕਬਾੜ ਨਾਲ ਢੱਕਣ ਦੇ ਪੁਰਜ਼ੋਰ ਯਤਨ ਹੋ ਰਹੇ ਹਨ। ਧਰਮ ਦੇ ਨਾਂ ਹੇਠ ਫਿਰਕੂ ਨਫ਼ਰਤਾਂ ਸਿਖਰਾਂ ’ਤੇ ਹੋਣ ਕਰਕੇ ਸੰਕਟ ਮੋਚਨ ਧਰਮ ਨੂੰ ਹੀ ‘ਸੰਕਟ’ ਵਿੱਚ ਦੱਸ ਕੇ ਕਿਤੇ ਨਾ ਕਿਤੇ ਦੰਗੇ ਫਸਾਦਾਂ ਦਾ ਸਿਰ ਚੁਕਾਈ ਹੀ ਰੱਖਦੇ ਹਨ। ਬਦੀ ਉੱਤੇ ਨੇਕੀ ਦੀ ਜਿੱਤ ਦੇ ਜਸ਼ਨ ਜ਼ਰੂਰ ਮਨਾਏ ਜਾਂਦੇ ਹਨ, ਪਰ ਬਦੀ ਹੋਰ ਵੀ ਵਧ ਰਹੀ ਹੁੰਦੀ ਹੈ। ਇਹ ਸਭ ਕੁਝ ਮਨੁੱਖਤਾ ਦੀ ਸ਼ਰਮ ਹਯਾ ਦੇ ਪਤਨ ਦਾ ਇੱਕ ਵੱਡਾ ਕਾਰਨ ਬਣ ਰਿਹਾ ਹੈ।
ਵਿਕਾਸ ਦੇ ਨਾਂ ’ਤੇ ਵਿਨਾਸ਼ ਸਹੇੜਦਿਆਂ ਰੁੱਖਾਂ ਦਾ ਬੇਹਤਾਸ਼ਾ ਉਜਾੜਾ ਕਰਕੇ ਧਰਤ ਮਾਂ ਨੂੰ ਸਿਰੋਂ ਨੰਗੀ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਆਲਮ ਵਿੱਚ ਤਪਸ਼ ਦਾ ਵਧਣਾ ਜਾਰੀ ਹੈ। ਅੰਨ੍ਹੀ ਆਸਥਾ ਦੀ ਆੜ ਵਿੱਚ ਮਨਮਤੀਆਂ ਨਾਲ ਧਾਰਮਿਕ ਸਥਾਨਾਂ ਵਿੱਚੋਂ ਕੁਦਰਤੀ ਅਤੇ ਇਤਿਹਾਸਕ ਸੁਹਜ ਖਤਮ ਕਰਕੇ ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਹਨ। ਫਿਰ ਇਨ੍ਹਾਂ ਦੇ ਸੰਗਮਰਮਰੀ ਫਰਸ਼ਾਂ/ ਪੱਥਰਾਂ ਦੀ ਦੁੱਧਾਂ ਨਾਲ ਨੁਹਾਈ ਧੋਈ ਕਰਵਾਈ ਜਾ ਰਹੀ ਹੈ। ਅੰਮ੍ਰਿਤ ਰੂਪੀ ਕੁਦਰਤੀ ਤੋਹਫ਼ੇ ‘ਪਾਣੀ’ ਦੀ ਬੇਅਦਬੀ ਭਰੀ ਬਰਬਾਦੀ ਕਰਨ ਨੂੰ ਹੀ ਅਸਲ ਆਸਥਾ/ਸ਼ਰਧਾ ਮੰਨ ਕੇ ‘ਸੇਵਾ’ ਕਮਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੁੱਕੀ ਸਾਫ਼ ਸਫ਼ਾਈ (ਡਰਾਈਕਲੀਨ) ਦੀ ਥਾਂ ਵਾਰ ਵਾਰ ਧੁਆਈ ਲਈ ਬੇਹਿਸਾਬਾ ਜਲ ਰੋੜਿ੍ਹਆ ਜਾ ਰਿਹਾ ਹੈ।
ਦੁਸਹਿਰੇ/ ਦੀਵਾਲੀ ਵਰਗੇ ਬਹੁਤ ਸਾਰੇ ਪਾਕਿ ਪਵਿੱਤਰ ਦਿਨ ਦਿਹਾੜਿਆਂ/ ਪੁਰਬਾਂ ਉੱਤੇ ਬੇਹੁਦਾ ਸ਼ੋਰ ਸ਼ਰਾਬਾ, ਪ੍ਰਦੂਸ਼ਣ ਫੈਲਾਊ ਸਾਧਨਾਂ / ਆਤਿਸ਼ਬਾਜ਼ੀ ਤੇ ਹੋਰ ਕਰਮਕਾਡਾਂ ਨਾਲ ਸ਼ਾਂਤੀ ਭੰਗ ਕਰਨ ਤੇ ਵਾਤਾਵਰਨ ਦੇ ਧੂੰਆਂਖਣ ਨੂੰ ਹੀ ‘ਸੇਵਾ’ ਮੰਨਣਾ ਵੀ ਸੱਚੀ ਸ਼ਰਧਾ ਦੀ ਇੱਕ ਵੱਡੀ ਨਿਰਾਦਰੀ ਹੈ ।
ਇੱਥੇ ਹੀ ਬਸ ਨਹੀਂ ਸਗੋਂ ਸਿਆਸਤ ਵੀ ਇਸ ਲੋਕ ਆਸਥਾ ਨੂੰ ਹਰ ਹਾਲਤ ਵਿੱਚ ਕੈਸ਼ ਕਰਨ ਵਿੱਚ ਰੁੱਝੀ ਹੋਈ ਹੈ। ਅਦਾਲਤਾਂ ਵੱਲੋਂ ਐਲਾਨੇ ਦੋਸ਼ੀਆਂ (ਅਖੌਤੀ ਬਾਬਿਆਂ) ਨੂੰ ਕਿਸੇ ਨਾ ਕਿਸੇ ਬਹਾਨੇ ਕੈਦ ਵਿੱਚੋਂ ਖੁੱਲ੍ਹਾ ਛੱਡ ਕੇ ਵੋਟਾਂ ਪੱਕੀਆਂ ਕਰਨ ਦੇ ਪੂਰੇ ਯਤਨ ਕੀਤੇ ਜਾਂਦੇ ਹਨ। ਇੱਕ ਪਾਸੇ ਮਹਾ ਲੰਗਰਾਂ ਦੀਆਂ ਸ਼ੋਸ਼ੇਬਾਜ਼ੀਆਂ ਤੇ ਦੂਜੇ ਪਾਸੇ ਜੂਠ-ਮੂਠ/ ਕੂੜ ਕਬਾੜ ਵਿੱਚੋਂ ਕੁਝ ਲੱਭ ਕੇ ਢਿੱਡ ਨੂੰ ਝੁਲਕਾ ਦੇਣ ਦੀਆਂ ਝਲਕੀਆਂ ਅਖੌਤੀ ਸਿਆਸਤ ਦੀਆਂ ਗ਼ਲਤ ਨੀਤੀਆਂ ਦਾ ਮੂੰਹ ਚਿੜਾ ਰਹੀਆਂ ਹਨ, ਪਰ ਰਾਜ ਗੱਦੀਆਂ ਉੱਤੇ ਕਾਬਜ਼ ਬਹੁਤ ਸਾਰੀਆਂ ਸ਼ਕਤੀਆਂ ਮਹਾਸ਼ਕਤੀਆਂ ਲੂੰਬੜਚਾਲਾਂ ਨਾਲ ਆਮ ਲੋਕਾਂ ਨੂੰ ਧਰਮਾਂ ਦੇ ਨਾਂ ਉਤੇ ਦੰਗਿਆਂ-ਫਸਾਦਾਂ/ ਜੰਗਾਂ ਯੁੱਧਾਂ ਵਿੱਚ ਉਲਝਾ ਕੇ ਆਪਣੀਆਂ ਗੱਦੀਆਂ ਨੂੰ ਪੱਕਾ ਕਰਨ ’ਤੇ ਮਨੁੱਖਤਾ ਦਾ ਸੱਤਿਆਨਾਸ ਕਰਨ ਵਾਲੇ ਮਾਰੂ ਹਥਿਆਰਾਂ ਦੀ ਵਿਕਰੀ ਕਰਨ ਹਿੱਤ ਕੋਝੇ ਯਤਨ ਕੀਤੇ ਜਾ ਰਹੇ ਹਨ।
ਵੈਸੇ ਪਿੰਡਾਂ, ਕਸਬਿਆਂ, ਸ਼ਹਿਰਾਂ ਦਾ ਵਿਕਾਸ ਕਰਨਾ ਸਰਕਾਰਾਂ ਦਾ ਨੈਤਿਕ ਫਰਜ਼ ਹੁੰਦਾ ਹੈ, ਪਰ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਵਿਸ਼ੇਸ਼ ਸਹੂਲਤਾਂ, ਸੜਕਾਂ/ਰੇਲ, ਪਹਾੜੀ ਖੇਤਰਾਂ ਵਿੱਚ ਏਅਰ ਲਿਫਟ, ਮੁਫ਼ਤ ਬੱਸਾਂ/ ਗੱਡੀਆਂ ਰਾਹੀਂ ਯਾਤਰਾਵਾਂ ਦੇ ਝਾਂਸੇ ਵੀ ਸ਼ਰਧਾ/ਆਸਥਾ ਵੱਟੇ ਵੋਟਾਂ ਬਟੋਰੂ ਇੱਕ ਰਾਜਨੀਤਕ ਵਣਜ ਹੀ ਹੈ। ਜੋ ਰਾਜਨੀਤੀ ਵਿੱਚ ਵੱਡੇ ਨਿਘਾਰ ਦੀ ਨਿਸ਼ਾਨੀ ਹਨ। ਯਾਨੀ ਸ਼ਕਲ ਮਨੁੱਖ ਦੀ, ਪਰ ਕਰਤੂਤ ਪਸ਼ੂ ਦੀ ਦਾ ਵਰਤਾਰਾ ਵਰਤ ਰਿਹਾ ਹੁੰਦਾ ਹੈ। ਕੁਚੱਜੇ ਵਿਹਾਰ ਦੇ ਨਿੱਤ ਵਾਪਰਦੇ ਕਾਲੇ ਕਾਰਨਾਮੇ ਅਸਲ ‘ਨਰਕ/ਕਲਯੁੱਗ’ ਦਾ ਭੁਲੇਖਾ ਪਾ ਜਾਂਦੇ ਹਨ, ਪਰ ਇਸ ਦੇ ਐਨ ਉਲਟ ਕੁਝ ਸੰਪਰਦਾਵਾਂ ਵਿੱਚ ਸਚਿਆਰਤਾ ਦੇ ਸਭ ਗੁਣਾਂ ਨੂੰ ਅਪਣਾ ਕੇ ਚੱਲਿਆ ਜਾਂਦਾ ਹੈ। ਇਨਸਾਨੀਅਤ ਧਰਮ ਦੇ ਅਸੂਲਾਂ ’ਤੇ ਅਭਿਆਸੀ ਪਹਿਰਾ ਦਿੰਦਿਆਂ ਆਪਣੇ ਮਹਾਪੁਰਖਿਆਂ ਦੇ ਇਨਸਾਨੀਅਤ ਭਰੇ ਸੱਚੇ ਅਸੂਲਾਂ ਨੂੰ ਇਨਸਾਨੀਅਤ ਭਰੇ ਵਿਵਹਾਰ ਦੇ ਅਭਿਆਸੀ ਯਤਨਾਂ ਨਾਲ ਸਿਜਦਾ ਕਰ ਰਹੇ ਹੁੰਦੇ ਹਨ। ਬੁੱਧੀਮਾਨੀ, ਵਿਦਵਾਨੀ ਦੀ ਅਨੁਸ਼ਾਸਨ ਭਰੀ ਸੇਵਾ ਵਿੱਚੋਂ ‘ਚੱਜ ਵਿਹਾਰ’ ਉਪਜਦਾ ਹੈ। ਮਨੁੱਖ ਦੀ ਸ਼ਕਲ ਵਿੱਚ ਇਨਸਾਨੀਅਤ ਦੇ ਚੱਜ ਵਿਹਾਰ ਦੇ ਕਾਰਜ ਸਿਰ ਚੜ੍ਹ ਬੋਲਦੇ ਹਨ। ਕੁਦਰਤ ਨਾਲ ਅਥਾਹ ਪ੍ਰੇਮ ਦੀ ਝਲਕ ਵੀ ਰੂਪਮਾਨ ਹੁੰਦੀ ਹੈ ਜਿਨ੍ਹਾਂ ਨੂੰ ਵੇਖਦਿਆਂ ਤੱਕਦਿਆਂ ਆਨੰਦ ਮਹਿਸੂਸ ਹੋਣ ਲੱਗਦਾ ਹੈ। ਇਨਸਾਨੀਅਤ ਦੇ ਧਰਮ ਦੇ ਅਨੁਯਾਈ ਲੋਕਾਂ ਵਿੱਚ ਕਿਸੇ ਵੀ ਖਾਸ ਧਰਮ ਪ੍ਰਤੀ ਨਾ ਕੱਟੜਤਾ ਭਰਿਆ ਲਗਾਅ ਹੁੰਦਾ ਹੈ ਤੇ ਨਾ ਹੀ ਨਫ਼ਰਤ ਹੁੰਦੀ ਹੈ। ਇਹ ਸਾਵੇਂਪਣ ਦੇ ਮੁਦਈ ਕੁਦਰਤ ਪ੍ਰੇਮੀ ਹੋਣ ਦੇ ਨਾਲ ਨਾਲ ‘ਵਿਕਾਸ’ ਨੂੰ ਵੀ ਜ਼ਰੂਰ ਅਪਣਾਉਂਦੇ ਹਨ।
ਸੰਪਰਕ: 98764-74858
