ਕਵੀਸ਼ਰੀ ਕਲਾ ਨੂੰ ਜਿਊਂਦਾ ਰੱਖਣ ਦੀ ਵਚਨਬੱਧਤਾ ਪ੍ਰਗਟਾਈ
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਅਗਸਤ ਮਹੀਨੇ ਦੀ ਇਕੱਤਰਤਾ ਕੋਸੋ ਹਾਲ ਵਿੱਚ ਹੋਈ। ਇਹ ਮੀਟਿੰਗ ਬਾਬੂ ਰਜਬ ਅਲੀ ਖ਼ਾਨ ਦੀ 132ਵੀਂ ਵਰ੍ਹੇਗੰਢ ਨੂੰ ਸਮਰਪਿਤ ਰਹੀ। ਇਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਜਰਨੈਲ ਤੱਗੜ ਅਤੇ ਬੀਬੀ ਕਿਰਨਜੋਤ ਕੌਰ ਨੇ ਕੀਤੀ। ਸਕੱਤਰ...
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਅਗਸਤ ਮਹੀਨੇ ਦੀ ਇਕੱਤਰਤਾ ਕੋਸੋ ਹਾਲ ਵਿੱਚ ਹੋਈ। ਇਹ ਮੀਟਿੰਗ ਬਾਬੂ ਰਜਬ ਅਲੀ ਖ਼ਾਨ ਦੀ 132ਵੀਂ ਵਰ੍ਹੇਗੰਢ ਨੂੰ ਸਮਰਪਿਤ ਰਹੀ। ਇਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਜਰਨੈਲ ਤੱਗੜ ਅਤੇ ਬੀਬੀ ਕਿਰਨਜੋਤ ਕੌਰ ਨੇ ਕੀਤੀ।
ਸਕੱਤਰ ਦਰਸ਼ਨ ਸਿੰਘ ਬਰਾੜ ਨੇ ਭਾਰਤ ਦੀ ਅਜ਼ਾਦੀ ਦੇ ਪ੍ਰਵਾਨਿਆਂ ਨੂੰ ਸਿਜਦਾ ਕਰਦੇ ਹੋਏ ਸ. ਊਧਮ ਸਿੰਘ ਦੀ ਸ਼ਹਾਦਤ ਨੂੰ ਇਨ੍ਹਾਂ ਸ਼ਬਦਾਂ ਨਾਲ ਅਕੀਦਤ ਪੇਸ਼ ਕੀਤੀ ‘ਊਧਮ ਸਿੰਘ ਨੇ ਭਾਜੀ ਮੋੜੀ ਅੱਤਿਆਚਾਰਾਂ ਦੀ’। ਸੋਹਣ ਸਿੰਘ ਭੁੱਚੋ ਨੇ ਗੀਤ ‘ਉਮਰਾਂ ਲਈ ਸਾਂਭ ਰੱਖੇ ਮਿਲ ਜਾਣ ਜੇ ਪਲਾਂ ਦੇ ਹਾਸੇ’, ਸੁਖਮੰਦਰ ਸਿੰਘ ਗਿੱਲ ਨੇ ਗੀਤ ‘ਕਵਿਤਾ ਹਾਂ ਤੇਰੇ ਮਨ ਦੀ ਪੜ੍ਹ ਕੇ ਤਾਂ ਵੇਖ ਮੈਨੂੰ’, ਜਤਿੰਦਰ ਕੈਂਥ ਨੇ ਗੀਤ ‘ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ’ ਅਤੇ ਡਾ. ਮਨਮੋਹਨ ਬਾਠ ਨੇ ਇੱਕ ਹਿੰਦੀ ਗੀਤ ‘ਸੁਹਾਨੀ ਰਾਤ ਢਲ ਚੁਕੀ ਨ ਜਾਨੇ ਤੁਮ ਕਬ ਆਉਗੇ’ ਪੇਸ਼ ਕੀਤਾ। ਗੁਰਚਰਨ ਸਿੰਘ ਹੇਅਰ ਨੇ ਜਵਾਨੀ ਨੂੰ ਸੁਨੇਹਾ ਦਿੰਦਿਆਂ ‘ਭੁੱਲੀਂ ਨਾ ਜਵਾਨੀਏਂ ਤੂੰ ਤੋਰ ਨੀਂ’ ਕਵਿਤਾ ਸੁਣਾ ਕੇ ਸਰੋਦੀ ਰੰਗ ਬੰਨ੍ਹਿਆ। ਸੁਰਿੰਦਰ ਗੀਤ ਅਤੇ ਲਖਵਿੰਦਰ ਸਿੱਧੂ ਨੇ ਕਵਿਤਾ ਰਾਹੀਂ ਹਾਜ਼ਰੀ ਲੁਆਈ। ਜਰਨੈਲ ਤੱਗੜ ਅਤੇ ਸਰਵਣ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਮੁਖਿੰਦਰਪਾਲ ਸਿੰਘ ਉੱਪਲ ਨੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਜਵਾਨੀ’ ਨਿਵੇਕਲੇ ਅੰਦਾਜ਼ ਵਿੱਚ ਆਪਣੀ ਦਮਦਾਰ ਆਵਾਜ਼ ਵਿੱਚ ਪੇਸ਼ ਕੀਤੀ। ਮੋਹਨ ਸਿੰਘ ਪਪਰਾਲਾ, ਤਾਜਬੀਰ ਸਿੰਘ ਅਤੇ ਚਰਨਦੀਪ ਕੌਰ ਨੇ ਕਵਿਤਾਵਾਂ ਦਾ ਉਚਾਰਨ ਕੀਤਾ। ਜਸਵੀਰ ਸਿਹੋਤਾ ਨੇ ਦੋਹੇ ਸੁਣਾਏ। ਜ਼ੀਰ ਸਿੰਘ ਬਰਾੜ ਨੇ ਬਾਬੂ ਰਜਬ ਅਲੀ ਦੇ ਪਿੰਡ ਸਾਹੋਕੇ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਮਾਸਟਰ ਹਰਭਜਨ ਸਿੰਘ ਨੇ ਗੁਰਨਾਮ ਸਿੰਘ ਤੀਰ ਦਾ ਲਿਖਿਆ ਫੂਕ ਛਕਾਉਣ ਬਾਰੇ ਮਜ਼ਾਕੀਆ ਲੇਖ ਪੜਿ੍ਹਆ। ਜੈ ਸਿੰਘ ਉੱਪਲ ਨੇ ਆਪਣੇ ਇਨਕਲਾਬੀ ਦੇਸ਼ ਭਗਤ ਬਾਬਾ ਜੀ ਬਾਲ ਸਿੰਘ ਉੱਪਲ ਦੇ ਸੰਘਰਸ਼ੀ ਜੀਵਨ ਸਮੇਂ ਮੋਰਚਿਆਂ ਅਤੇ ਗਤੀਵਿਧੀਆਂ ਬਾਰੇ ਦੱਸਦਿਆਂ। ਜਸਵੰਤ ਸਿੰਘ ਸੇਖੋਂ ਨੇ ਡੋਲੀ ਛੰਦ ਰਾਹੀਂ 15 ਅਗਸਤ 2015 ਦੇ ਪੰਜਾਬ ਵਿੱਚ ਆਏ ਹੜ੍ਹਾਂ ਦੀ ਦੁੱਖਦਾਈ ਦਾਸਤਾਨ ਪੇਸ਼ ਕਰਦੀ ਕਵਿਤਾ ਸੁਣਾਈ। ਸਰੂਪ ਸਿੰਘ ਮੰਡੇਰ ਨੇ ਕਲੀ ਪੇਸ਼ ਕੀਤੀ।
ਜਗਦੇਵ ਸਿੱਧੂ ਨੇ ਆਪਣੀ ਲਿਖੀ ਕਵਿਤਾ ਬਾਬੂ ਰਜਬ ਅਲੀ ਖ਼ਾਨ ਨੂੰ ਅਰਪਣ ਕੀਤੀ। ਸਤਨਾਮ ਸਿੰਘ ਨੇ ਭਾਰਤ ਦੀ ਅਜ਼ਾਦੀ ਨੂੰ ਬਿਆਨ ਕਰਦੀ, ਦਤਾਰਾ ਛੰਦ ਵਿੱਚ ਜੋਗਾ ਸਿੰਘ ਜੋਗੀ ਵੱਲੋਂ ਲਿਖੀ ਕਵੀਸ਼ਰੀ ‘ਰਿਸ਼ੀਆਂ ਦੇ ਭਾਰਤ ਦਾ, ਹੋ ਗਿਆ ਉਲਟਾ ਕੁੱਲ ਵਰਤਾਰਾ’ ਰਾਹੀਂ ਵਰਤਮਾਨ ਸਮੇਂ ਦੀ ਤਸਵੀਰ ਪੇਸ਼ ਕੀਤੀ। ਸੱਸੀ ਪੁਨੂੰ ਦੀ ਪਿਆਰ ਦੀ ਗਾਥਾ ਪੇਸ਼ ਕਰਦੀ ਕਵਿਤਾ ‘ਡਾਚੀ ਵਾਲਿਆ ਬਲੋਚਾ ਦੱਸਾਂ ਗੱਲ ਮੈਂ ਖ਼ਰੀ, ਜੀਹਨੂੰ ਭਾਲ਼ਦਾ ਤੂੰ ਫਿਰਦਾ ਉਹ ਮੇਰੇ ਸਾਹਮਣੇ ਮਰੀ’ ਇੱਕ ਹੋਰ ਵਿਲੱਖਣ ਰੰਗ ਪੇਸ਼ ਕਰਕੇ ਰੰਗ ਬੰਨ੍ਹਿਆ। ਇਨ੍ਹਾਂ ਕਵੀਸ਼ਰਾਂ ਨੇ ਕਵੀਸ਼ਰੀ ਪੇਸ਼ ਕਰਕੇ ਬਾਬੂ ਰਜਬ ਅਲੀ ਨੂੰ ਅਕੀਦਤ ਪੇਸ਼ ਕੀਤੀ ਅਤੇ ਲੋਪ ਹੋ ਰਹੀ ਕਵੀਸ਼ਰੀ-ਕਲਾ ਨੂੰ ਜਿਊਂਦਾ ਰੱਖਣ ਦੀ ਵਚਨਬੱਧਤਾ ਪ੍ਰਗਟਾਈ। ਤਰਲੋਕ ਸਿੰਘ ਚੁੱਘ ਨੇ ਚੁਟਕਲੇ ਸੁਣਾ ਕੇ ਹਾਸਰਸ ਪੈਦਾ ਕੀਤਾ। ਬਲਕਾਰ ਸਿੰਘ ਦਿਉਲ, ਮਹਿੰਦਰ ਕੌਰ ਕਾਲੀਰਾਏ, ਸੁਖਦੇਵ ਕੌਰ ਢਾਅ, ਕਿਰਨਜੋਤ ਕੌਰ ਹੁੰਜਣ ਅਤੇ ਸਤਨਾਮ ਸ਼ੇਰਗਿੱਲ ਨੇ ਸਾਹਿਤਕ ਚਰਚਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।

