ਗਿਆਨੀ ਦਿੱਤ ਸਿੰਘ ਦੀ 125ਵੀਂ ਬਰਸੀ ਮੌਕੇ ਸਮਾਗਮ
ਸਰੀ: ਸਿੰਘ ਸਭਾ ਲਹਿਰ ਦੇ ਮੋਢੀ ਤੇ ਮਹਾਨ ਵਿਦਵਾਨ ਪ੍ਰੋ. ਗਿਆਨੀ ਦਿੱਤ ਸਿੰਘ ਦੀ 125ਵੀਂ ਬਰਸੀ ਮੌਕੇ ਕੈਨੇਡਾ ਭਰ ਵਿੱਚ ਵੱਖ-ਵੱਖ ਥਾਈਂ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ...
ਸਰੀ: ਸਿੰਘ ਸਭਾ ਲਹਿਰ ਦੇ ਮੋਢੀ ਤੇ ਮਹਾਨ ਵਿਦਵਾਨ ਪ੍ਰੋ. ਗਿਆਨੀ ਦਿੱਤ ਸਿੰਘ ਦੀ 125ਵੀਂ ਬਰਸੀ ਮੌਕੇ ਕੈਨੇਡਾ ਭਰ ਵਿੱਚ ਵੱਖ-ਵੱਖ ਥਾਈਂ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕਥਾਵਾਚਕ ਭਾਈ ਸਾਹਿਬ ਵੱਲੋਂ ਗਿਆਨੀ ਦਿੱਤ ਸਿੰਘ ਦੁਆਰਾ 19ਵੀਂ ਸਦੀ ਵਿੱਚ ਅੰਗਰੇਜ਼ੀ ਰਾਜ ਦੌਰਾਨ ਇਸਾਈ ਪ੍ਰਚਾਰਕਾਂ ਅਤੇ ਆਰੀਆ ਸਮਾਜੀ ਸਾਧੂ ਦਿਆ ਨੰਦ ਵੱਲੋਂ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਦੀਆਂ ਰਹੁਰੀਤਾਂ ਖਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਰੋਕਣ ਲਈ ਪਾਏ ਵੱਡੇ ਯੋਗਦਾਨ ਦੀ ਚਰਚਾ ਕੀਤੀ। ਉਨ੍ਹਾਂ ਨੂੰ ਇੱਕ ਇਨਕਲਾਬੀ ਆਗੂ ਦੱਸਿਆ, ਜਿਨ੍ਹਾਂ ਸਿੰਘ ਸਭਾ ਲਹਿਰ ਰਾਹੀਂ ਧੜੱਲੇ ਨਾਲ ਇਨ੍ਹਾਂ ਦੰਭੀ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ ਭਾਜ ਦਿੱਤੀ।
ਇਸ ਤੋਂ ਬਿਨਾਂ ਗੁਰਦਵਾਰਾ ਦੂਖ ਨਿਵਾਰਨ ਸਾਹਿਬ, ਸਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਗੁਰਵਿੰਦਰ ਸਿੰਘ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਗਿਆਨੀ ਦਿੱਤ ਸਿੰਘ ਦੇ ਮੁੱਢਲੇ ਜੀਵਨ ਬਾਰੇ ਦੱਸਿਆ। ਇਸ ਤੋਂ ਬਾਅਦ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਵੱਲੋਂ ਇਸਾਈ ਮਤ ਸਮੇਤ ਆਰੀਆ ਸਮਾਜੀ ਸਾਧੂ ਦਿਆ ਨੰਦ ਦੁਆਰਾ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਰਹੁਰੀਤਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਜਦੋਂ ਆਵਾਜ਼ ਉਠਾਈ ਤਾਂ ਇਨ੍ਹਾਂ ਸਿੱਖ ਵਿਰੋਧੀ ਤਾਕਤਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਹੋਣਾ ਪਿਆ। ਗਿਆਨੀ ਦਿੱਤ ਸਿੰਘ ਨੇ ਆਪਣੇ ਸਾਥੀ ਪ੍ਰੋ. ਗੁਰਮੁਖ ਸਿੰਘ ਦੇ ਸਹਿਯੋਗ ਨਾਲ ਸਿੰਘ ਸਭਾ ਲਹਿਰ ਦੇ ਧੜੱਲੇਦਾਰ ਆਗੂ ਵਜੋਂ ਵਿਚਰਦਿਆਂ ਸਿੱਖਾਂ ਦੀ ਵਿਰਾਸਤੀ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਵਿੱਚ ਵੱਡਾ ਯੋਗਦਾਨ ਪਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ‘ਖਾਲਸਾ ਅਖ਼ਬਾਰ’ ਸ਼ੁਰੂ ਕਰਕੇ ਪੰਜਾਬੀ ਪੱਤਰਕਾਰੀ ਦਾ ਮੁੱਢ ਬੰਨ੍ਹਿਆ। ਡਾ. ਧਾਲੀਵਾਲ ਨੇ ਕਿਹਾ ਕਿ ਅਗਲੇ ਵਰ੍ਹੇ ਗਿਆਨੀ ਦਿੱਤ ਸਿੰਘ ਤੇ ਸਾਧੂ ਦਿਆ ਨੰਦ ਦੇ ਸੰਵਾਦ ਦੇ 150 ਸਾਲਾ ਸਮਾਗਮ ਕੈਨੇਡਾ ਭਰ ਵਿੱਚ ਵੱਡੇ ਪੱਧਰ ’ਤੇ ਕਰਵਾਏ ਜਾਣਗੇ।
ਇਸ ਦੌਰਾਨ ਪੰਥ ਪ੍ਰਸਿੱਧ ਢਾਡੀ ਭਾਈ ਪ੍ਰਿਤਪਾਲ ਸਿੰਘ ਪਾਰਸ ਦੁਆਰਾ ਸੰਗਤਾਂ ਨੂੰ ਗਿਆਨੀ ਦਿੱਤ ਸਿੰਘ ਦੇ ਜੀਵਨ ਦੇ ਅਣਛੋਹੇ ਤੱਥਾਂ ਤੋਂ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਗੁਰਦੁਆਰਾ ਕਲਗੀਧਰ ਦਰਬਾਰ, ਐਬਟਸਫੋਰਡ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।
ਸੰਪਰਕ: 77898-09196

