ਗ਼ਦਰੀ ਸ਼ਹੀਦਾਂ ਦੀ ਯਾਦ ’ਚ ਸਰੀ ਵਿਖੇ ਸਮਾਗਮ
ਸਰੀ: ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਚਾਰ ਗ਼ਦਰੀ ਯੋਧਿਆਂ ਦੀ ਯਾਦ ਵਿੱਚ ਇੱਥੋਂ ਦੀ ਖਾਲਸਾ ਲਾਇਬ੍ਰੇਰੀ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਪੰੰਜਾਬੀ ਚਿੰਤਕਾਂ ਨੇ ਭਾਗ ਲਿਆ ਅਤੇ ਵਿਚਾਰ ਗੋਸ਼ਟੀ ਕੀਤੀ। ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ...
ਸਰੀ: ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਚਾਰ ਗ਼ਦਰੀ ਯੋਧਿਆਂ ਦੀ ਯਾਦ ਵਿੱਚ ਇੱਥੋਂ ਦੀ ਖਾਲਸਾ ਲਾਇਬ੍ਰੇਰੀ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਪੰੰਜਾਬੀ ਚਿੰਤਕਾਂ ਨੇ ਭਾਗ ਲਿਆ ਅਤੇ ਵਿਚਾਰ ਗੋਸ਼ਟੀ ਕੀਤੀ।
ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਗ਼ਦਰ ਲਹਿਰ ਦੇ ਸ਼ਹੀਦ ਭਾਈ ਈਸ਼ਰ ਸਿੰਘ ਢੁੱਡੀਕੇ, ਸ਼ਹੀਦ ਭਾਈ ਉੱਤਮ ਸਿੰਘ ਹਾਂਸ, ਸ਼ਹੀਦ ਭਾਈ ਬੀਰ ਸਿੰਘ ਬਾਹੋਵਾਲ ਅਤੇ ਸ਼ਹੀਦ ਭਾਈ ਰੂੜ ਸਿੰਘ ਤਲਵੰਡੀ ਦੋਸਾਂਝ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੁਆਰਾ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਗ਼ਦਰ ਲਹਿਰ ਵਿੱਚ ਪਾਏ ਚੋਖੇ ਯੋਗਦਾਨ ਦਾ ਇਤਿਹਾਸ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ 18 ਜੂਨ 1916 ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ ਉਕਤ ਚਾਰੇ ਗ਼ਦਰੀ ਯੋਧਿਆਂ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਇਤਿਹਾਸਕਾਰ ਸੋਹਣ ਸਿੰਘ ਪੂਨੀ ਦੁਆਰਾ ਇਨ੍ਹਾਂ ਗ਼ਦਰੀ ਯੋਧਿਆਂ ਨੂੰ ਯਾਦ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।
ਡਾ. ਕੁਲਵੰਤ ਸਿੰਘ ਥਿੰਦ ਤੇ ਭੁਪਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਗ਼ਦਰੀ ਯੋਧਿਆਂ ਨੇ ਮਨੁੱਖੀ ਹੱਕਾਂ ਦੇ ਨਜ਼ਰੀਏ ਤੋਂ ਬਸਤੀਵਾਦ ਅਤੇ ਨਸਲਵਾਦ ਵਿਰੁੱਧ ਜ਼ੋਰਦਾਰ ਸੰਘਰਸ਼ ਲੜਿਆ। ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਜਗਤਾਰ ਸਿੰਘ ਸੰਧੂ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਸਮਾਜ ਸੇਵਕ ਬਲਵੀਰ ਸਿੰਘ ਸੰਘਾ, ਕੇਸਰ ਸਿੰਘ ਕੂੰਨਰ ਅਤੇ ਡਾ. ਜਸਵਿੰਦਰ ਸਿੰਘ ਦਿਲਾਵਰੀ ਨੇ ਗ਼ਦਰੀ ਯੋਧਿਆਂ ਨੂੰ ਯਾਦ ਕਰਦਿਆਂ ਸਿੰਘ ਸਭਾ ਲਹਿਰ ਦੇ ਆਗੂ ਪ੍ਰੋ. ਗਿਆਨੀ ਦਿੱਤ ਸਿੰਘ ਦੁਆਰਾ ਅੰਗਰੇਜ਼ ਸਾਮਰਾਜ ਦੌਰਾਨ ਸਿੱਖੀ ਨੂੰ ਬਚਾਉਣ ਦੀ ਤੜਫ਼ ਲੈ ਕੇ ਜੋ ਸੰਘਰਸ਼ ਲੜਿਆ, ਉਸ ਨੂੰ ਵੀ ਯਾਦ ਕੀਤਾ ਗਿਆ। ਗੁਰਪ੍ਰੀਤ ਸਿੰਘ ਨੇ ਪ੍ਰੋ. ਗਿਆਨੀ ਦਿੱਤ ਸਿੰਘ ਦੇ ਸਮੁੱਚੇ ਜੀਵਨ ’ਤੇ ਚਰਚਾ ਕਰਦਿਆਂ ਪ੍ਰੋ. ਗੁਰਮੁਖ ਸਿੰਘ ਤੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਪੰਜਾਬੀ ਦਾ ਪਹਿਲਾ ‘ਖਾਲਸਾ ਅਖ਼ਬਾਰ’ ਸ਼ੁਰੂ ਕਰਨ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਥਾਪਿਤ ਕਰਨ ਲਈ ਪਾਏ ਯੋਗਦਾਨ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।
ਜੋਗਿੰਦਰ ਸਿੰਘ ਨੇ ਪੰਜਾਬੀ ਮੀਡੀਆ ਵੱਲੋਂ ਗ਼ਦਰੀ ਬਾਬਿਆਂ ਤੇ ਸਿੰਘ ਸਭਾ ਲਹਿਰ ਵਰਗੀਆਂ ਸੁਧਾਰ ਲਹਿਰਾਂ ਨੂੰ ਅਹਿਮੀਅਤ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਗ਼ਦਰੀ ਬਾਬਿਆਂ ਨਾਲ ਮੌਕੇ ਦੇ ਮੀਡੀਆ ਨੇ ਇਨਸਾਫ ਨਹੀਂ ਕੀਤਾ। ਇਹੀ ਕਾਰਨ ਹੈ ਕਿ ਸਾਡੀਆਂ ਪੀੜ੍ਹੀਆਂ ਇਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਤੋਂਂ ਅਣਜਾਣ ਰਹੀਆਂ। ਸ਼ਬਨਮ ਮੱਲ੍ਹੀ ਤੇ ਐਡਵੋਕੇਟ ਕੁਲਵੀਰ ਸਿੰਘ ਵੈਹਣੀਵਾਲ ਨੇ ਵੀ ਪੰਜਾਬੀ ਲੇਖਕਾਂ ਤੇ ਪੱਤਰਕਾਰਾਂ ਨੂੰ ਸੱਚ ਲਿਖਦਿਆਂ ਆਪਣੀ ਕੌਮ ਤੇ ਸ਼ਹੀਦਾਂ ਤੇ ਮਰਜੀਵੜਿਆਂ ਨੂੰ ਯਾਦ ਰੱਖਣ ਦਾ ਹੋਕਾ ਦਿੱਤਾ।
ਇਕੱਤਰ ਹੋਈਆਂ ਇਨ੍ਹਾਂ ਸ਼ਖ਼ਸੀਅਤਾਂ ਨੇ ਹਰ ਸਾਲ 6 ਸਤੰਬਰ ਨੂੰ ਪ੍ਰੋ. ਗਿਆਨੀ ਦਿੱਤ ਸਿੰਘ ਦੀ ਯਾਦ ਵਿੱਚ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਸ਼ਾਲ ਸਮਾਗਮ ਕਰਵਾਉਣ ਦਾ ਵੀ ਐਲਾਨ ਕੀਤਾ। ਸਾਹਿਤ ਸਭਾ ਵੱਲੋਂ ਕੈਨੇਡਾ ਵਿਚਲੇ ਨੌਜਵਾਨ ਵਰਗ ਨੂੰ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਨਾਲ ਜੁੜ ਕੇ ਸ਼ਹੀਦਾਂ ਤੇ ਹੋਰਨਾਂ ਨਾਮੀਂ ਸ਼ਖ਼ਸੀਅਤਾਂ ਦੀ ਸੋਚ ਨੂੰ ਘਰ ਘਰ ਪਹੁੰਚਾਉਣ ਦਾ ਸੱਦਾ ਦਿੱਤਾ ਗਿਆ।
ਸੰਪਰਕ: 001-778-980-9196
