ਅਜੋਕੇ ਯੁੱਗ ਵਿੱਚ ਵੀ ਔਰਤਾਂ ਦਾ ਜੀਵਨ ਚੁਣੌਤੀਆਂ ਭਰਪੂਰ
ਵਿਨੀਪੈਗ: ਬੀਤੇ ਦਿਨੀਂ ਅੰਤਰਰਾਸ਼ਟਰੀ ਸਾਹਿਤਕ ਸਾਝਾਂ ਵੱਲੋਂ ਕਾਵਿ ਮਿਲਣੀ ਨਾਮੀ ਪ੍ਰੋਗਰਾਮ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਕਰਾਇਆ ਗਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਅੰਤਰਰਾਸ਼ਟਰੀ ਸਾਹਿਤਕ ਸਾਝਾਂ ਦੀ ਫਾਊਂਡਰ ਰਮਿੰਦਰ ਵਾਲੀਆ ਦੀ...
ਵਿਨੀਪੈਗ: ਬੀਤੇ ਦਿਨੀਂ ਅੰਤਰਰਾਸ਼ਟਰੀ ਸਾਹਿਤਕ ਸਾਝਾਂ ਵੱਲੋਂ ਕਾਵਿ ਮਿਲਣੀ ਨਾਮੀ ਪ੍ਰੋਗਰਾਮ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਕਰਾਇਆ ਗਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਹਿੱਸਾ ਲਿਆ।
ਅੰਤਰਰਾਸ਼ਟਰੀ ਸਾਹਿਤਕ ਸਾਝਾਂ ਦੀ ਫਾਊਂਡਰ ਰਮਿੰਦਰ ਵਾਲੀਆ ਦੀ ਅਗਵਾਈ ਵਿੱਚ ਕਰਾਏ ਗਏ ਇਸ ਪ੍ਰੋਗਰਾਮ ਵਿੱਚ ਕਵੀ ਦਰਬਾਰ ਅਤੇ ਵਿਚਾਰ ਚਰਚਾ ਹੋਈ। ਚੇਅਰਪਰਸਨ ਅੰਤਰਰਾਸ਼ਟਰੀ ਸਾਹਿਤਕ ਸਾਝਾਂ ਡਾਕਟਰ ਸਰਬਜੀਤ ਕੌਰ ਸੋਹਲ ਨੇ ਆਪਣੀ ਖ਼ੂਬਸੂਰਤ ਨਜ਼ਮ (ਸਮਝਦਾਰ ਔਰਤਾਂ) ਦੀ ਪੇਸ਼ਕਾਰੀ ਕਰਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਔਰਤ ਦੀ ਸਥਿਤੀ ਨੂੰ ਅਜੋਕੇ ਯੁੱਗ ਵਿੱਚ ਵੀ ਚੁਣੌਤੀਆਂ ਭਰਪੂਰ ਦੱਸਿਆ। ਉਨ੍ਹਾਂ ਨੇ ਸਮਾਜ ਵਿੱਚ ਪਰਿਵਾਰਕ ਅਤੇ ਸਮਾਜਿਕ ਪੱਧਰ ’ਤੇ ਔਰਤਾਂ ਨਾਲ ਹੁੰਦੇ ਵਿਤਕਰਿਆਂ ਦੀ ਗੱਲ ਕੀਤੀ। ਕੰਮ ਦੇ ਸਥਾਨ ’ਤੇ ਵੀ ਔਰਤਾਂ ਨੂੰ ਮੁਸ਼ਕਿਲਾਂ ਸਹਿਣੀਆਂ ਪੈਂਦੀਆਂ ਹਨ। ਡਾ. ਸੋਹਲ ਨੇ ਦੱਸਿਆ ਕਿ ਔਰਤ ਦੀਆਂ ਘਰੋਗੀ ਜ਼ਿੰਮੇਵਾਰੀਆਂ ਤੋਂ ਇਲਾਵਾ ਉਸ ਨੂੰ ਇੱਕ ਵਸਤੂ ਦੇ ਰੂਪ ਵਿੱਚ ਸਮਝਣ ਦਾ ਰੁਝਾਨ ਹਾਲੇ ਤੱਕ ਕਾਇਮ ਹੈ। ਔਰਤ ਦੀਆਂ ਭਾਵਨਾਤਮਕ ਲੋੜਾਂ ਨੂੰ ਹਾਲੇ ਵੀ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੇ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਔਰਤਾਂ ਪ੍ਰਤੀ ਵੀ ਸਮਾਜ ਦੀ ਸੌੜੀ ਮਾਨਸਿਕਤਾ ਦਾ ਜ਼ਿਕਰ ਕੀਤਾ।
ਉਪਰੰਤ ਡਾਕਟਰ ਹਰਸ਼ਿੰਦਰ ਕੌਰ ਨੇ ਮਹਿਲਾ ਦਿਵਸ ਦੀ ਮੁਬਾਰਕਬਾਦ ਨੂੰ ਅਜੋਕੇ ਦੌਰ ਵਿੱਚ ਬਹੁਤ ਵੰਗਾਰ ਭਰਿਆ ਦੱਸਿਆ ਕਿਉਂਕਿ ਹਾਲੇ ਵੀ ਸਿਹਤ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਔਰਤ ਪੂਰੀ ਤਰ੍ਹਾਂ ਸਿਹਤਯਾਬ ਵੀ ਨਹੀਂ ਤੇ ਹਾਲੇ ਵੀ ਸਮਾਜ ਵਿੱਚ ਸ਼ੋਸ਼ਣ ਦਾ ਸ਼ਿਕਾਰ ਹੈ। ਉਨ੍ਹਾਂ ਨੇ ਕੁਝ ਘਟਨਾਵਾਂ ਤੇ ਅੰਕੜਿਆਂ ਦੇ ਆਧਾਰ ’ਤੇ ਬਾਲੜੀਆਂ ਨਾਲ ਹੁੰਦੇ ਬਲਾਤਕਾਰ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਨਾਰੀ ਦਾ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਨੇ ਅਜਿਹੀਆਂ ਉਦਾਹਰਨਾਂ ਵੀ ਦਿੱਤੀਆਂ ਜਿਹੜੀਆਂ ਇੱਕੀਵੀਂ ਸਦੀ ਦੀ ਔਰਤ ਨੂੰ ਹਾਲੇ ਵੀ ਇੱਕ ਚੁਣੌਤੀ ਅਤੇ ਚਿੰਤਾ ਨਾਲ ਘੇਰਦੀਆਂ ਹਨ। ਉਨ੍ਹਾਂ ਨੇ ਔਰਤ ਦੀ ਮਾਨਸਿਕ ਅਤੇ ਸਮਾਜਿਕ ਪੀੜਾ ਦੀ ਗੱਲ ਕੀਤੀ। ਪਰਿਵਾਰਕ ਮੁਸ਼ਕਿਲਾਂ ਦੇ ਨਾਲ ਨਾਲ ਔਰਤਾਂ ਨੂੰ ਸਟੇਟਸ ਸਿੰਬਲ ਦੇ ਰੂਪ ਵਿੱਚ ਵੀ ਆਪਣੀਆਂ ਭਾਵਨਾਵਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ। ਉਨ੍ਹਾਂ ਨੇ ਆਪਣੇ ਡਾਕਟਰੀ ਪੇਸ਼ੇ ਦੇ ਅਨੁਭਵ ਦੇ ਆਧਾਰ ’ਤੇ ਚਾਰ-ਪੰਜ ਅਜਿਹੇ ਕੇਸ ਸਾਂਝੇ ਕੀਤੇ ਜਿਨ੍ਹਾਂ ਵਿੱਚ ਔਰਤ ਨੂੰ ਇੱਕ ਮਾਣਨ ਵਾਲੀ ਵਸਤੂ ਦੇ ਤੌਰ ’ਤੇ ਸਮਝ ਕੇ ਉਸ ਨਾਲ ਜਾਨਵਰਾਂ ਤੋਂ ਵੀ ਬਦਤਰ ਵਿਹਾਰ ਕੀਤਾ ਗਿਆ ਦੱਸਿਆ।
ਪ੍ਰੋ. ਕੁਲਜੀਤ ਕੌਰ ਨੇ ਨਾਰੀ ਦੀ ਜ਼ਿੰਦਗੀ ਨੂੰ ਸਹਿਣਸ਼ੀਲਤਾ, ਸਮਰਪਣ, ਸੰਵੇਦਨਾ ਅਤੇ ਸਾਦਗੀ ਦੇ ਦਾਇਰੇ ਵਿੱਚ ਵਿਚਰਦੀ ਦੱਸਿਆ। ਉਨ੍ਹਾਂ ਕਿਹਾ ਕਿ ਅਜੋਕੀ ਨਾਰੀ ਦੀ ਦੌੜ ਅੱਗੇ ਨਿਕਲਣ ਦੀ ਨਹੀਂ ਸਗੋਂ ਬਰਾਬਰਤਾ ਦੀ ਹੈ। ਡਾ . ਪੁਸ਼ਵਿੰਦਰ ਨੇ ਕਿਹਾ ਕਿ ਔਰਤ ਸ਼ੁਰੂ ਤੋਂ ਹੀ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ। ਅੱਜ ਦੇ ਦਿਨ ਦੀ ਸਾਰਥਿਕਤਾ ਇਹੀ ਹੈ ਕਿ ਇੱਕ ਔਰਤ ਦੂਸਰੀ ਔਰਤ ਦਾ ਸਤਿਕਾਰ ਕਰੇ। ਡਾ. ਨਿਗਹਤ ਖ਼ੁਰਸ਼ੀਦ ਨੇ ਦੱਸਿਆ ਕਿ ਔਰਤ ਭਾਵੇਂ ਲਹਿੰਦੇ ਦੀ ਹੈ ਜਾਂ ਚੜ੍ਹਦੇ ਪੰਜਾਬ ਦੀ, ਕੈਨੇਡਾ, ਇੰਗਲੈਂਡ, ਅਮਰੀਕਾ ਜਾਂ ਕਿਸੇ ਵੀ ਮੁਲਕ ਦੀ ਹੋਵੇ, ਉਸ ਦੇ ਮਸਲੇ ਇੱਕੋ ਜਿਹੇ ਹਨ। ਮਲੂਕ ਸਿੰਘ ਕਾਹਲੋਂ ਨੇ ਸਕਾਰਾਤਮਕ ਸੋਚ ਦਾ ਮਹੱਤਵ ਦੱਸਦਿਆਂ ਨਾਰੀ ਪ੍ਰਤੀ ਸਮਾਜਿਕ ਸੋਚ ਦੇ ਨਾਲ ਨਾਲ ਸਿਸਟਮ ਦੀਆਂ ਖ਼ਾਮੀਆਂ ਬਾਰੇ ਵੀ ਜ਼ਿਕਰ ਕੀਤਾ।
ਡਾ. ਪ੍ਰਿਤਪਾਲ ਕੌਰ ਚਾਹਲ ਨੇ ਆਪਣੀਆਂ ਨਜ਼ਮਾਂ (ਖ਼ੁਦ ’ਚੋਂ ਖ਼ੁਦਾ ਦੀ ਤਲਾਸ਼ ਅਤੇ ਛੱਲਾ) ਬਹੁਤ ਸੁਰੀਲੀ ਆਵਾਜ਼ ਵਿੱਚ ਗਾ ਕੇ ਸੁਣਾਈਆਂ। ਗਿੰਮੀ ਸ਼ਗੂਫ਼ਤਾ ਨੇ ਬਹੁਤ ਭਾਵਪੂਰਨ ਨਜ਼ਮ (ਮੈਂ ਪੜ੍ਹਨਾ ਚਾਹੁੰਦੀ ਸੀ) ਪੇਸ਼ ਕੀਤੀ। ਡਾ. ਨੀਨਾ ਸੈਣੀ ਨੇ ਆਪਣੀ ਮਾਂ ਬਾਰੇ ਦਿਲ ਨੂੰ ਛੂੰਹਦੀ ਇੱਕ ਨਜ਼ਮ ਸੁਣਾਈ। ਸੁਰਿੰਦਰ ਕੌਰ ਭੋਗਲ ਨੇ (ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ) ਬਹੁਤ ਭਾਵਪੂਰਨ ਨਜ਼ਮ ਨੂੰ ਗਾ ਕੇ ਸੁਣਾਇਆ।
ਚੇਅਰਮੈਨ ਪਿਆਰਾ ਕੁੱਦੋ ਵਾਲ ਨੇ ਪ੍ਰੋਗਰਾਮ ਨੂੰ ਸਮਾਪਤ ਕਰਦਿਆਂ ਕਿਹਾ ਆਪਣੀਆਂ ਮੁੱਲਵਾਨ ਅਤੇ ਉਤਸ਼ਾਹ ਵਧਾਊ ਟਿੱਪਣੀਆਂ ਰਾਹੀਂ ਔਰਤ ਦੀ ਵਰਤਮਾਨ ਸਥਿਤੀ ਬਾਰੇ ਸੂਖਮ ਤੇ ਸੰਵੇਦਨਾ ਭਰਪੂਰ ਵਿਚਾਰ ਸਾਂਝੇ ਕੀਤੇ। ਚੇਅਰਮੈਨ ਵਿਸ਼ਵ ਪੰਜਾਬੀ ਸਭਾ ਡਾ. ਦਲਬੀਰ ਸਿੰਘ ਕਥੂਰੀਆ ਨੇ ਮਹਿਲਾ ਦਿਵਸ ਦੀ ਵਧਾਈ ਦਿੱਤੀ।

