ਲੰਡਨ ਤੋਂ

ਸੁਪਰ-ਸੈਚਰਡੇ ਦਾ ਆਨੰਦ

ਸੁਪਰ-ਸੈਚਰਡੇ ਦਾ ਆਨੰਦ

ਹਰਜੀਤ ਅਟਵਾਲ

ਚਾਰ ਜੁਲਾਈ ਦਿਨ ਸ਼ਨਿਚਰਵਾਰ ਨੂੰ ਲੰਡਨ ਜਾਂ ਇੰਗਲੈਂਡ ਵਿਚ ਸੁਪਰ-ਸੈਚਰਡੇ ਮਨਾਇਆ ਗਿਆ। ਉਂਜ ਅਮਰੀਕਾ ਦਾ ਤਾਂ ਇਹ ਆਜ਼ਾਦੀ ਦਿਵਸ ਹੈ, ਪਰ ਇੰਗਲੈਂਡ ਵਿਚ ਵੀ ਇਹ ਦਿਨ ਬਹੁਤ ਵਿਸ਼ੇਸ਼ ਬਣ ਕੇ ਲੰਘਿਆ। ਇਸ ਸੁਪਰ-ਸੈਚਰਡੇ ਨੂੰ ਇਕ ਉਤਸਵ ਵਾਂਗ ਮਨਾਇਆ ਗਿਆ। ਕਰੋਨਾ ਵਾਇਰਸ ਕਾਰਨ ਸਾਰੀ ਦੁਨੀਆਂ ਦੇ ਨਾਲ ਨਾਲ ਬਰਤਾਨੀਆ ਵਿਚ ਵੀ ਲੌਕਡਾਊਨ ਲਾਗੂ ਕੀਤਾ ਗਿਆ ਸੀ। ਲੋਕਾਂ ਨੂੰ ਘਰਾਂ ਵਿਚ ਤਾੜ ਦਿੱਤਾ ਗਿਆ। ਲੌਕਡਾਊਨ ਦਾ ਵੱਖ ਵੱਖ ਦੇਸ਼ਾਂ ਵਿਚ ਵੱਖਰਾ ਵੱਖਰਾ ਅਸਰ ਰਿਹਾ ਹੈ ਜਾਂ ਤਰੀਕੇ ਵੀ ਭਿੰਨ ਰਹੇ ਹਨ, ਪਰ ਲੰਡਨ ਵਿਚ ਲੱਗਾ ਲੌਕਡਾਊਨ ਕਿਸੇ ਹੱਦ ਤਕ ਕਾਮਯਾਬ ਰਿਹਾ। ਲੋਕਾਂ ਨੇ ਲੌਕਡਾਊਨ ਦੀ ਕਿਸੇ ਹੱਦ ਤਕ ਪਾਲਣਾ ਕੀਤੀ ਹੈ। ਇਸੇ ਲਈ ਹੀ ਇਸ ਦੇ ਖੁੱਲ੍ਹਣ ਦਾ ਇੰਤਜ਼ਾਰ ਲੋਕ ਬਹੁਤ ਤੀਬਰਤਾ ਨਾਲ ਕਰ ਰਹੇ ਸਨ।

ਇਸ ਦਿਨ ਨੂੰ ਅਖ਼ਬਾਰਾਂ ਨੇ ਕਿਹਾ-‘ਉਹ ਦਿਨ ਜਦੋਂ ਇੰਗਲੈਂਡ ਦੁਬਾਰਾ ਮੁਸਕਰਾਇਆ।’ ‘ਦਿ ਡੇਅ ਵੈੱਨ ਇੰਗਲੈਂਡ ਸਮਾਈਲਡ ਅਗੇਨ’। ਇਸ ਦਿਨ ਬਹੁਤ ਸਾਰੇ ਕਾਰੋਬਾਰ ਦੁਬਾਰਾ ਖੁੱਲ੍ਹਣੇ ਸਨ। ਲੋਕਾਂ ਨੂੰ ਘੁੰਮਣ ਫਿਰਨ ਦੀਆਂ ਛੋਟਾਂ ਮਿਲਣੀਆਂ ਸਨ। ਪੰਦਰਾਂ ਹਫ਼ਤਿਆਂ ਬਾਅਦ ਲੋਕਾਂ ਨੂੰ ਨਾਈਟ-ਆਊਟ ਕਰਨ ਦਾ ਮੌਕਾ ਮਿਲਣਾ ਸੀ। ਭਾਵੇਂ ਸਾਰੇ ਅਦਾਰੇ ਨਹੀਂ ਖੋਲ੍ਹੇ ਗਏ, ਪਰ ਕੁਝ ਪ੍ਰਮੁੱਖ ਅਦਾਰੇ ਤਾਂ ਗਾਹਕਾਂ ਲਈ ਖੁੱਲ੍ਹ ਗਏ ਹਨ ਜਿਵੇਂ ਕਿ ਰੈਸਟੋਰੈਂਟ, ਕੈਫੇ, ਪੱਬ-ਬਾਰਾਂ, ਥੀਮ ਪਾਰਕ, ਬੀਚ, ਸਿਨਮਾ, ਮਿਊਜ਼ੀਅਮ, ਆਰਟ ਗੈਲਰੀ’ਜ਼, ਲਾਇਬ੍ਰੇਰੀਆਂ, ਕਮਿਊਨਿਟੀ ਸੈਂਟਰ ਆਦਿ, ਪਰ ਇਨ੍ਹਾਂ ਵਿਚ ਵੀ ਦੋ ਮੀਟਰ ਦਾ ਸਰੀਰਿਕ ਫ਼ਰਕ ਰੱਖਣਾ ਜ਼ਰੂਰੀ ਹੈ। ਜੇ ਮੂੰਹ ’ਤੇ ਮਾਸਕ ਜਾਂ ਫੇਸ-ਸ਼ੀਲਡ ਪਾਈ ਹੈ ਤਾਂ ਆਪਸੀ ਫ਼ਰਕ ਇਕ ਮੀਟਰ ਦਾ ਵੀ ਚੱਲ ਸਕਦਾ ਹੈ। ਇਕ ਦੂਜੇ ਵੱਲ ਮੂੰਹ ਕਰ ਕੇ ਨਹੀਂ ਬੈਠਣਾ, ਇਨ੍ਹਾਂ ਥਾਵਾਂ ’ਤੇ ਜਾਣ ਦੀਆਂ ਅਜਿਹੀਆਂ ਹੋਰ ਵੀ ਕਈ ਰੋਕਾਂ ਹਨ। ਲੋਕ ਸਾਰੀਆਂ ਰੋਕਾਂ ਨੂੰ ਮੰਨਣ ਲਈ ਤਿਆਰ ਹਨ ਕਿਉਂਕਿ ਲੋਕ ਬਾਹਰ ਨਿਕਲਣ ਲਈ ਤਰਸੇ ਪਏ ਸਨ। ਇਕ ਦੂਜੇ ਨਾਲ ਫੋਨਾਂ ਉੱਪਰ ਹੀ ਗੱਲਾਂ ਕਰਕੇ ਅੱਕੇ ਪਏ ਸਨ। ਇਕ ਦੂਜੇ ਨੂੰ ਮਿਲਣਾ ਚਾਹੁੰਦੇ ਸਨ। ਭਾਵੇਂ ਗਲੇ ਲੱਗਣਾ ਤਾਂ ਕੀ ਹੱਥ ਮਿਲਾਉਣ ਦੀ ਵੀ ਮਨਾਹੀ ਹੈ, ਪਰ ਇਕ ਦੂਜੇ ਨੂੰ ਸਾਹਮਣੇ ਦੇਖਦੇ ਹੋਏ ਗੱਲਾਂ ਤਾਂ ਕਰ ਸਕਣਗੇ। ਸੋ ਸੁਪਰ-ਸੈਚਰਡੇ ਦੀ ਬਹੁਤ ਬੇਸਬਰੀ ਨਾਲ ਉਡੀਕ ਹੋ ਰਹੀ ਸੀ। ਇਸ ਦਿਨ ਜਾਂ ਉਤਸਵ ਨੂੰ ਕਿਵੇਂ ਮਨਾਉਣਾ ਹੈ, ਇਸ ਬਾਰੇ ਵੀ ਇਕ ਦੂਜੇ ਨੂੰ ਫੋਨ ’ਤੇ ਫੋਨ ਖੜਕ ਰਹੇ ਸਨ।

ਮੇਰੇ ਦੋਸਤਾਂ ਦਾ ਦਾਇਰਾ ਤਾਂ ਵਸੀਹ ਹੈ, ਪਰ ਕੁਝ ਕੁ ਦੋਸਤ ਅਜਿਹੇ ਹਨ ਜਿਨ੍ਹਾਂ ਨਾਲ ਬਹਿ ਕੇ ਖਾਣ-ਪੀਣ ਦਾ ਮਜ਼ਾ ਆਉਂਦਾ ਹੈ। ਮੈਂ ਦੋਸਤਾਂ ਦੇ ਇਕ ਗਰੁੱਪ ਨਾਲ ਨਾਸ਼ਤਾ ਕਰਨ ਦਾ, ਪਰਿਵਾਰ ਨਾਲ ਲੰਡਨ ਘੁੰਮਣ ਤੇ ਇਕ ਗਰੁੱਪ ਨਾਲ ਸ਼ਾਮ ਨੂੰ ਪੱਬ ਜਾਣ ਦਾ ਪ੍ਰੋਗਰਾਮ ਬਣਾਇਆ। ਸੁਪਰ-ਸੈਚਰਡੇ ਵਾਲੀ ਸਵੇਰ ਮੈਂ ਆਪਣੇ ਤਿੰਨ ਦੋਸਤਾਂ ਨਾਲ ਆਪਣੀ ਮਨਪਸੰਦ ਗੋਲਡਨ ਕੈਫੇ ਵਿਚ ਨਾਸ਼ਤਾ ਕਰਨਾ ਸੀ। ਆਮ ਤੌਰ ’ਤੇ ਕਿਹਾ ਜਾ ਰਿਹਾ ਸੀ ਕਿ ਪੱਬ, ਰੈਸਟੋਰੈਂਟ ਜਾਂ ਕੈਫੇ ਜਾਣ ਲਈ ਪਹਿਲਾਂ ਸਬੰਧਿਤ ਅਦਾਰੇ ਦੀ ਵੈੱਬਸਾਈਟ ’ਤੇ ਜਾ ਕੇ ਸੀਟਾਂ ਬੁੱਕ ਕਰਾਓ, ਪਰ ਗੋਲਡਨ ਕੈਫੇ ਦੀ ਕੋਈ ਵੈੱਬਸਾਈਟ ਹੀ ਨਹੀਂ ਹੈ, ਸੋ ਅਸੀਂ ਸਵੇਰੇ ਅੱਠ ਕੁ ਵਜੇ ਸਿੱਧੇ ਗੋਲਡਨ ਕੈਫੇ ਜਾ ਪੁੱਜੇ। ਆਸ ਮੁਤਾਬਕ ਲੰਮੀ ਲਾਈਨ ਲੱਗੀ ਹੋਈ ਸੀ। ਗੋਲਡਨ ਕੈਫੇ ਛੋਟੀ ਜਗ੍ਹਾ ਤਾਂ ਨਹੀਂ ਹੈ, ਪਰ ਇਸ ਦੀਆਂ ਸੀਟਾਂ ਇਵੇਂ ਲਾਈਆਂ ਸਨ ਕਿ ਬਹੁਤ ਥੋੜ੍ਹੇ ਲੋਕ ਹੀ ਅੰਦਰ ਸਮਾ ਸਕਦੇ ਸਨ। ਆਮ ਵਾਂਗ ਕੁਝ ਸੀਟਾਂ ਕੈਫੇ ਤੋਂ ਬਾਹਰ ਵੀ ਲੱਗੀਆਂ ਹੋਈਆਂ ਸਨ, ਪਰ ਸਵੇਰ ਦੀ ਠੰਢ ਕਾਰਨ ਉਹ ਖਾਲੀ ਸਨ। ਗੋਲਡਨ ਕੈਫੇ ਦੇ ਸਾਰੇ ਸਟਾਫ ਨੇ ਮੂੰਹਾਂ ’ਤੇ ਮਾਸਕ ਜ਼ਰੂਰ ਪਾਏ ਹੋਏ ਸਨ, ਪਰ ਬਹੁਤੇ ਗਾਹਕ ਨੰਗੇ ਮੂੰਹੀਂ ਹੀ ਸਨ। ਚਾਲੀ ਕੁ ਮਿੰਟ ਦੀ ਉਡੀਕ ਬਾਅਦ ਵਾਰੀ ਆਈ। ਉਡੀਕ ਦਾ ਏਨਾ ਕੁ ਸਮਾਂ ਬਹੁਤ ਲੰਮਾ ਹੁੰਦਾ ਹੈ, ਪਰ ਇੰਗਲਿਸ਼ ਬ੍ਰੇਕਫਾਸਟ ਲਈ ਇਹ ਉਡੀਕ ਬਹੁਤੀ ਨਾ ਜਾਪੀ। ਉਂਜ ਮੇਰੇ ਵਰਗੇ ਪੇਂਡੂ ਬੰਦੇ ਦਾ ਨਾਸ਼ਤਾ ਪਰੌਂਠਿਆਂ ਨਾਲ ਹੁੰਦਾ ਹੈ, ਪਰ ਚਾਲੀ ਸਾਲ ਤੋਂ ਵੱਧ ਸਮਾਂ ਲੰਡਨ ਵਿਚ ਰਹਿਣ ਕਾਰਨ ਇੰਗਲਿਸ਼ ਨਾਸ਼ਤੇ ਨਾਲ ਹੀ ਮਨ ਨੂੰ ਬਹੁਤੀ ਤਸੱਲੀ ਮਿਲਦੀ ਹੈ। ਇੰਗਲਿਸ਼ ਬ੍ਰੇਕਫਾਸਟ ਤੋਂ ਭਾਵ- ਐੱਗ, ਸੌਸੇਜ਼ ਐਂਡ ਬੇਕਨ। ਨਾਸ਼ਤਾ ਕਰਦਿਆਂ ਮੈਂ ਹੋਰਨਾਂ ਲੋਕਾਂ ਨੂੰ ਦੇਖਿਆ ਉਹ ਵੀ ਸਾਡੇ ਵਾਂਗ ਹੀ ਏਨੀ ਦੇਰ ਬਾਅਦ ਕੀਤੇ ਇਸ ਨਾਸ਼ਤੇ ਦਾ ਪੂਰਾ ਆਨੰਦ ਮਾਣ ਰਹੇ ਸਨ। ਨਾਸ਼ਤਾ ਕਰਕੇ ਗੋਲਡਨ ਕੈਫੇ ਦੇ ਮਾਲਕ ਹੈਰੀ ਫਿਡਲਰ ਨੂੰ ਵਧੀਆ ਬਿਜ਼ਨਸ ਕਰਨ ’ਤੇ ਵਧਾਈ ਦੇਣ ਲੱਗੇ ਤਾਂ ਉਹ ਖ਼ੁਸ਼ ਨਾ ਦਿੱਸਿਆ। ਉਸ ਦਾ ਕਹਿਣਾ ਸੀ ਕਿ ਸੋਸ਼ਲ-ਡਿਸਟੈਂਸਿੰਗ ਦੇ ਕਾਨੂੰਨ ਕਾਰਨ ਉਹ ਬਹੁਤੇ ਗਾਹਕਾਂ ਨੂੰ ਨਹੀਂ ਸੀ ਭੁਗਤਾ ਸਕਦਾ, ਇਸ ਲਈ ਕਾਰੋਬਾਰ ਉਸ ਦੀ ਆਸ ਤੋਂ ਬਹੁਤ ਘੱਟ ਸੀ। ਇਸੇ ਕਾਰਨ ਹੀ ਖਾਣ-ਪੀਣ ਦੇ ਤੀਹ ਫੀਸਦੀ ਅਦਾਰੇ ਨਹੀਂ ਖੁੱਲ੍ਹੇ, ਉਨ੍ਹਾਂ ਦਾ ਕਹਿਣਾ ਹੈ ਕਿ ਥੋੜ੍ਹੇ ਗਾਹਕਾਂ ਨਾਲ ਉਨ੍ਹਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋਣਗੇ।

ਨਾਸ਼ਤੇ ਤੋਂ ਬਾਅਦ ਮੈਂ ਪਤਨੀ ਤੇ ਬੱਚਿਆਂ ਨੂੰ ਲੈ ਕੇ ਲੰਡਨ ਦਾ ਸੁਪਰ-ਸੈਚਰਡੇ ਦੇਖਣ ਨਿਕਲ ਪਿਆ। ਲੰਡਨ ਦੀਆਂ ਗਲੀਆਂ ਮੁੜ-ਜੀਵਤ ਹੋ ਰਹੀਆਂ ਸਨ। ਭਾਵੇਂ ਟਰੈਫਿਕ ਹਾਲੇ ਪਹਿਲਾਂ ਵਾਂਗ ਨਹੀਂ ਸੀ, ਪਰ ਫਿਰ ਵੀ ਰੌਣਕ ਕਾਫ਼ੀ ਸੀ। ਖਾਣ-ਪੀਣ ਦੀਆਂ ਦੁਕਾਨਾਂ ਅੱਗੇ ਕਤਾਰਾਂ ਲੱਗੀਆਂ ਹੋਈਆਂ ਸਨ। ਕਤਾਰਾਂ ਵਿਚ ਖੜ੍ਹੇ ਲੋਕਾਂ ਦੇ ਚਿਹਰਿਆਂ ਉੱਪਰ ਖ਼ਾਸ ਕਿਸਮ ਦੀ ਉਤਸੁਕਤਾ ਸੀ। ਸਾਰੀਆਂ ਪ੍ਰਮੁੱਖ ਸੈਰਗਾਹਾਂ ਉੱਪਰ ਕਾਫ਼ੀ ਗਿਣਤੀ ਵਿਚ ਲੋਕ ਘੁੰਮ ਰਹੇ ਸਨ, ਹਾਲਾਂਕਿ ਇਨ੍ਹਾਂ ਵਿਚ ਸੈਲਾਨੀ ਨਾਂ-ਬਰਾਬਰ ਸਨ। ਜਿਹੜਾ ਦੋ ਮੀਟਰ ਦੇ ਸੋਸ਼ਲ ਡਿਸਟੈਂਸਿੰਗ ਦਾ ਕਾਨੂੰਨ ਹੈ ਉਸਦਾ ਧਿਆਨ ਬਹੁਤਾ ਨਹੀਂ ਸੀ ਰੱਖਿਆ ਜਾ ਰਿਹਾ ਬਲਕਿ ਕਈ ਜੋੜੇ ਤਾਂ ਹੱਥਾਂ ਵਿਚ ਹੱਥ ਪਾਈ ਫਿਰਦੇ ਸਨ। ਕੁਝ ਲੋਕਾਂ ਨੇ ਮਾਸਕ ਪਾਏ ਹੋਏ ਸਨ, ਪਰ ਬਹੁਤਿਆਂ ਨੇ ਨਹੀਂ। ਜਿਸ ਚੀਜ਼ ਨੂੰ ਦੇਖ ਕੇ ਮੇਰਾ ਮਨ ਬਹੁਤਾ ਖ਼ੁਸ਼ ਹੋਇਆ ਉਹ ਸੀ ਕਿ ਸਟਰੀਟ-ਆਰਟਿਸਟ ਵੀ ਆਪਣੇ ਕਰਤੱਵ ਦਿਖਾ ਕੇ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ। ਇਹ ਵੀ ਤਾਂ ਏਨੇ ਦਿਨ ਘਰ ਵਿਹਲੇ ਬਹਿ ਕੇ ਅੱਕ ਗਏ ਹੋਣਗੇ। ਸਿਨਮਾ ਵੀ ਖੁੱਲ੍ਹ ਗਏ ਹਨ, ਪਰ ਉੱਥੇ ਕੋਈ ਭੀੜ ਨਹੀਂ ਦਿਸੀ ਕਿਉਂਕਿ ਟਿਕਟਾਂ ਹਿਸਾਬ ਨਾਲ ਹੀ ਮਿਲਣੀਆਂ ਸਨ।

ਲੰਡਨ ਦੇ ਇਸ ਸੁਪਰ-ਸੈਚਰਡੇ ਨੂੰ ਦੇਖਣ ਲਈ ਸਾਡੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਸਨ। ਵਧੀਆ ਮੌਸਮ ਇਸ ਨੂੰ ਹੋਰ ਵੀ ਮਾਨਣਯੋਗ ਬਣਾ ਰਿਹਾ ਸੀ। ਅਸੀਂ ਤਾਂ ਕਾਰ ਵਿਚ ਹੀ ਰਹੇ, ਪਰ ਲੋਕ ਪੈਦਲ ਘੁੰਮ-ਘੁੰਮ ਕੇ ਇਸ ਦਾ ਆਨੰਦ ਮਾਣ ਰਹੇ ਸਨ। ਲੰਡਨ ਵਿਚ ਟੂਰਿਸਟਾਂ ਦੀ ਘਾਟ ਬਹੁਤ ਰੜਕ ਰਹੀ ਸੀ।

ਸਭ ਤੋਂ ਵੱਡੀ ਹੈਰਾਨੀ ਬਾਰਬਰ ਸ਼ੌਪਸ ਜਾਂ ਹਜਾਮਤ ਦੀਆਂ ਦੁਕਾਨਾਂ ਅੱਗੇ ਖੜ੍ਹੀਆਂ ਕਤਾਰਾਂ ਦੇਖ ਕੇ ਹੋਈ। ਦੁਕਾਨਾਂ ਅੰਦਰ ਹਜਾਮ ਫੇਸ-ਸ਼ੀਲਡਾਂ ਪਾਈ ਆਪਣੇ ਕੰਮ ਨੂੰ ਲੱਗੇ ਹੋਏ ਸਨ। ਲੌਕਡਾਊਨ ਵਿਚ ਲੋਕਾਂ ਦੇ ਵਾਲ ਬਹੁਤ ਲੰਮੇ ਹੋ ਚੁੱਕੇ ਸਨ। ਮੈਨੂੰ ਪਹਿਲੀ ਵਾਰ ਆਪਣਾ ਸਿਰ ਗੰਜਾ ਹੋਣ ਦੀ ਖ਼ੁਸ਼ੀ ਹੋਈ ਕਿ ਮੈਂ ਇਸ ਜੱਭ ਤੋਂ ਬਚਿਆ ਹੋਇਆ ਹਾਂ।

ਖੁੱਲ੍ਹਣ ਵਾਲੇ ਅਦਾਰਿਆਂ ਵਿਚ ਪੂਜਾ-ਘਰ ਵੀ ਹਨ, ਪਰ ਤੀਹ ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ। ਵਿਆਹਾਂ ਵਿਚ ਵੀ ਸਿਰਫ਼ ਤੀਹ ਬੰਦੇ ਹੀ ਸ਼ਾਮਲ ਹੋ ਸਕਦੇ ਹਨ। ਛੁੱਟੀਆਂ ਕੱਟਣ ਵਾਲੀਆਂ ਥਾਵਾਂ ਵੀ ਖੁੱਲ੍ਹ ਗਈਆਂ ਹਨ। ਹੋਟਲ ਹਾਲੇ ਨਹੀਂ ਖੁੱਲ੍ਹੇ। ਕੈਂਪ ਲਾਉਣ ਵਾਲੇ ਪਾਰਕ ਵੀ ਖੁੱਲ੍ਹ ਚੁੱਕੇ ਹਨ। ਭਾਵੇਂ ਪਹਿਲਾਂ ਜਿਹੀ ਜ਼ਿੰਦਗੀ ਦੀ ਮੜ੍ਹਕ ਨਹੀਂ ਹੈ, ਪਰ ਫਿਰ ਵੀ ਲੋਕਾਂ ਨੇ ਸੁੱਖ ਦਾ ਸਾਹ ਤਾਂ ਲਿਆ ਹੈ। ਜਾਪਦਾ ਤਾਂ ਇਹ ਹੈ ਕਿ ਕਰੋਨਾ ਵਾਇਰਸ ਇਸ ਧਰਤੀ ’ਤੇ ਮਨੁੱਖ ਦੇ ਜਿਉਣ-ਢੰਗ ਨੂੰ ਸਦਾ ਲਈ ਬਦਲ ਦੇਵੇਗਾ। ਸੁਪਰ¸ਸੈਚਰਡੇ ਜੋਖ਼ਮ ਤੋਂ ਖਾਲੀ ਨਹੀਂ ਹੈ। ਲੋਕਾਂ ਨੂੰ ਮਿਲੀ ਇਸ ਢਿੱਲ ਕਾਰਨ ਕਰੋਨਾ ਵਾਇਰਸ ਇਕ ਵਾਰ ਫਿਰ ਫੈਲ ਸਕਦਾ ਹੈ।

ਸਕੌਟਲੈਂਡ ਵਿਚ ਹਾਲੇ ਇਹ ਖੁੱਲ੍ਹਾਂ ਨਹੀਂ ਮਿਲੀਆਂ। ਉੱਥੇ ਪੱਬ ਹਾਲੇ ਵੀ ਬੰਦ ਪਏ ਹਨ। ਸੁਪਰ-ਸੈਚਰਡੇ ਦੀ ਖ਼ਬਰ ਮਿਲਦਿਆਂ ਹੀ ਸਕੌਟਲੈਂਡ ਵਾਸੀਆਂ ਨੇ ਇੰਗਲੈਂਡ ਵਿਚਲੇ ਪੱਬਾਂ ਵਿਚ ਟੇਬਲ ਬੁੱਕ ਕਰਾਉਣੇ ਸ਼ੁਰੂ ਕਰ ਦਿੱਤੇ ਸਨ। ਇਕ ਖ਼ਬਰ ਮੁਤਾਬਕ ਉੱਤਰੀ ਇੰਗਲੈਂਡ ਭਾਵ ਸਕੌਟਲੈਂਡ ਦੇ ਨਾਲ ਨਾਲ ਲੱਗਦੇ ਪੱਬਾਂ ਦੀ ਸੱਤਰ ਫੀਸਦੀ ਬੁਕਿੰਗ ਸਕੌਟਲੈਂਡ ਵਾਸੀਆਂ ਵੱਲੋਂ ਹੋਈ ਹੈ। ਹਾਂ, ਹੁਣ ਗੱਲ ਕਰੀਏ ਸਾਡੇ ਵੱਲੋਂ ਕਰਾਈ ਪੱਬ ਦੀ ਬੁਕਿੰਗ ਦੀ। ਅਸੀਂ ਪੰਜ ਬੰਦੇ ‘ਦਿ ਗਰੇਪਸ’ ਵਿਚ ਛੇ ਵਜੇ ਪੁੱਜ ਗਏ। ਪੱਬ ਵਿਚ ਕੋਈ ਕਤਾਰ ਤਾਂ ਨਹੀਂ ਸੀ, ਪਰ ਭਰਿਆ ਪਿਆ ਸੀ। ਪੱਬ ਵਿਚ ਵਨ-ਵੇਅ ਸਿਸਟਮ ਬਣਾਇਆ ਹੋਇਆ ਸੀ। ਸਾਨੂੰ ਬੀਅਰ ਵਰਤਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਾਡੇ ਨਾਂ ਤੇ ਪਤੇ ਪੁੱਛ ਕੇ ਕੰਪਿਊਟਰ ਵਿਚ ਚਾੜ੍ਹ ਲਏ। ਜਿਸ ਦਾ ਮਤਲਬ ਕਿ ਜੇ ਪੱਬ ਵਿਚ ਕਰੋਨਾ ਵਾਇਰਸ ਦਾ ਕੋਈ ਸ਼ਿਕਾਰ ਵਿਅਕਤੀ ਮਿਲ ਗਿਆ ਤਾਂ ਸਾਨੂੰ ਸਭ ਨੂੰ ਲੱਭ ਕੇ ਸਾਡਾ ਵੀ ਮੁਆਇਨਾ ਕੀਤਾ ਜਾ ਸਕੇ। ਅਸੀਂ ਆਪਣੇ ਬੀਅਰ ਦੇ ਪਿੰਟ ਲੈ ਕੇ ਪੱਬ ਦੇ ਗਾਰਡਨ ਵਿਚ ਚਲੇ ਗਏ। ਵੱਡਾ ਸਾਰਾ ਗਾਰਡਨ ਵੀ ਭਰਿਆ ਪਿਆ ਸੀ। ਨਵੇਂ ਆਏ ਗਾਹਕ ਭਾਵੇਂ ਸੋਸ਼ਲ-ਡਿਸਟੈਂਸਿੰਗ ਦਾ ਧਿਆਨ ਰੱਖ ਰਹੇ ਹੋਣ ਜਾਂ ਮਾਸਕ ਦੀ ਵਰਤੋਂ ਕਰ ਰਹੇ ਹੋਣ, ਪਰ ਜਿਹੜੇ ਵਾਹਵਾ ਬੀਅਰ ਪੀ ਚੁੱਕੇ ਸਨ, ਉਨ੍ਹਾਂ ਨੂੰ ਕੋਈ ਫ਼ਿਕਰ ਨਹੀਂ ਸੀ। ਉਹ ਆਪਸ ਵਿਚ ਜੁੜ ਕੇ ਬੈਠੇ ਸਨ, ਜੱਫੀਆਂ ਪਾ ਰਹੇ ਸਨ। ਪੱਬ ਵਿਚ ਅਸੀਂ ਤਿੰਨ ਘੰਟੇ ਬੈਠ ਸਕਦੇ ਸਾਂ। ਤਿੰਨ ਘੰਟੇ ਕਾਫ਼ੀ ਹੁੰਦੇ ਹਨ। ਪੱਬ ਵਿਚਲੀ ਭੀੜ ਨੂੰ ਨਾ ਤਾਂ ਇਹ ਫ਼ਿਕਰ ਸੀ ਕਿ ਬੀਅਰ ਬਹੁਤ ਮਹਿੰਗੀ ਸੀ, ਪੈਸੇ ਬਹੁਤ ਖ਼ਰਚ ਹੋ ਰਹੇ ਸਨ ਤੇ ਨਾ ਹੀ ਚਿੰਤਾ ਸੀ ਕਿ ਏਨੀ ਬੀਅਰ ਪੀਣ ਨਾਲ ਸਵੇਰੇ ਭਾਨ ਵੀ ਪੈਣੀ ਸੀ, ਸਿਰ ਦਰਦ ਵੀ ਹੋਣੇ ਸਨ। ਅਸੀਂ ਵੀ ਇਸੇ ਭੀੜ ਦਾ ਹਿੱਸਾ ਬਣੇ ਅਜਿਹੇ ਫ਼ਿਕਰਾਂ ਤੋਂ ਮੁਕਤ ਸਾਂ। ਅਸੀਂ ਵੀ ਸੁਪਰ-ਸੈਚਰਡੇ ਦਾ ਆਨੰਦ ਮਾਨਣ ਵਿਚ ਰੁੱਝੇ ਸਾਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All