ਔਰਤਾਂ ਦੇ ਸਸ਼ਕਤੀਕਰਨ ’ਤੇ ਜ਼ੋਰ
ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਮਾਰਚ ਮਹੀਨੇ ਦੀ ਮੀਟਿੰਗ ਇਸ ਮਹੀਨੇ ਦੇ ਪ੍ਰਮੁੱਖ ਦਿਹਾੜਿਆਂ ਹੋਲਾ-ਮਹੱਲਾ, ਅੰਤਰ-ਰਾਸ਼ਟਰੀ ਮਹਿਲਾ ਦਿਵਸ ਅਤੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦੇ ਏਜੰਡੇ ਨਾਲ ਸ਼ੁਰੂ ਹੋਈ। ਸਭਾ ਦੀ ਸਕੱਤਰ ਗੁਰਚਰਨ ਥਿੰਦ ਨੇ ਪਹਿਲਾਂ ਹੋਲਾ-ਮਹੱਲਾ ਦੀ ਸ਼ੁਰੂਆਤ, ਇਸਦੇ...
ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਮਾਰਚ ਮਹੀਨੇ ਦੀ ਮੀਟਿੰਗ ਇਸ ਮਹੀਨੇ ਦੇ ਪ੍ਰਮੁੱਖ ਦਿਹਾੜਿਆਂ ਹੋਲਾ-ਮਹੱਲਾ, ਅੰਤਰ-ਰਾਸ਼ਟਰੀ ਮਹਿਲਾ ਦਿਵਸ ਅਤੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦੇ ਏਜੰਡੇ ਨਾਲ ਸ਼ੁਰੂ ਹੋਈ। ਸਭਾ ਦੀ ਸਕੱਤਰ ਗੁਰਚਰਨ ਥਿੰਦ ਨੇ ਪਹਿਲਾਂ ਹੋਲਾ-ਮਹੱਲਾ ਦੀ ਸ਼ੁਰੂਆਤ, ਇਸਦੇ ਧਾਰਮਿਕ ਤੇ ਰਾਜਨੀਤਕ ਮਹੱਤਵ ਬਾਰੇ ਅਤੇ ਫਿਰ ਸੰਸਾਰ ਭਰ ਵਿੱਚ ਔਰਤਾਂ ਦੁਆਰਾ ਆਪਣੇ ਹੱਕਾਂ, ਸਮਾਜ ਵਿੱਚ ਹਰ ਪੱਧਰ ’ਤੇ ਬਰਾਬਰੀ ਦੇ ਸਲੂਕ ਅਤੇ ਹਿੱਸੇਦਾਰੀ, ਨਿਆਂ ਤੇ ਆਰਥਿਕ ਆਤਮ-ਨਿਰਭਰਤਾ ਲਈ ਕੀਤੀ ਗਈ ਲੰਮੀ ਜਦੋਜਹਿਦ ਦਾ ਵਰਨਣ ਕੀਤੀ।
ਉਪਰੰਤ ਸਭਾ ਦੇ ਉਪ-ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਨੇ ਭਗਤ ਸਿੰਘ ਦੀ ਸੋਚ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਕਬੀਲਾ ਯੁੱਗ ਸਮੇਂ ਔਰਤ ਮਰਦ ਹਰ ਤਰ੍ਹਾਂ ਬਰਾਬਰੀ ਦੇ ਹੱਕ ਰੱਖਦੇ ਸਨ, ਮੁੱਢਲੀਆਂ ਸੱਭਿਆਤਾਵਾਂ ਵੇਲੇ ਵੀ ਔਰਤ ਨੂੰ ਬਹੁਤ ਹੱਦ ਤੱਕ ਆਜ਼ਾਦੀ ਸੀ, ਪਰ ਬਦਲਦੇ ਸਮੇਂ ਨੇ ਸਮਾਜਿਕ ਦਾਇਰਿਆਂ ਦੇ ਤੰਗ ਹੋਣ ਨਾਲ ਔਰਤਾਂ ’ਤੇ ਬੰਦਿਸ਼ਾਂ ਤੇ ਰੁਕਾਵਟਾਂ ਲੱਦ ਦਿੱਤੀਆਂ, ਜਿਸ ਲਈ ਔਰਤਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ। ਅਮਨਦੀਪ ਸਿੰਘ ਦੁੱਲਤ ਨੇ ਕਿਹਾ ਕਿ ‘ਔਰਤ’ ਤੇ ‘ਸੁੰਦਰਤਾ’ ਦੀ ਪਰਿਭਾਸ਼ਾ ਸਮੇਂ ਸਮੇਂ ’ਤੇ ਬਦਲ ਕੇ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।
ਸੋਹਣ ਸਿੰਘ ਭੁੱਚੋ ਨੇ ‘ਮਿਹਨਤ ਦੇ ਬੂਟਿਆਂ ਨੂੰ ਮਾਹੀ ਵੇ ਫਲ਼ ਮਿੱਠੇ ਲੱਗਦੇ’ ਗੀਤ ਗਾਇਆ। ਚਰਨਦੀਪ ਕੌਰ ਨੇ ਮਹਿਲਾ ਦਿਵਸ ਦੀ ਥੀਮ ‘ਗਿਵ ਐਂਡ ਗੇਨ’ ਬਾਰੇ ਗੱਲ ਕੀਤੀ ਕਿ ਜੇਕਰ ਆਪਣੇ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਕੀਤਾ ਜਾਵੇ ਤਾਂ ਸਮਾਜ ਵਿੱਚ ਕਿਸੇ ਕਿਸਮ ਦੇ ਵਿਗਾੜ ਆਉਣ ਦੀ ਸੰਭਾਵਨਾ ਨਾ ਦੇ ਬਰਾਬਰ ਹੋ ਜਾਵੇਗੀ। ਉਨ੍ਹਾਂ ਨੇ ਆਪਣੀ ਰਚਨਾ ‘ਐ ਔਰਤ ਤੈਨੂੰ ਔਰਤ ਦਿਵਸ ਦੀ ਵਧਾਈ’ ਵੀ ਸੁਣਾਈ।
ਸੰਤੋਸ਼ ਚੀਮਾ ਨੇ ਘਰ ਵਿੱਚ ਤੀਜੀ ਕੁੜੀ ਵਜੋਂ ਪੈਦਾ ਹੋਣ ਦੀ ਆਪਣੇ ਜਨਮ ਦੀ ਤ੍ਰਾਸਦੀ ਬਿਆਨੀ, ਜਿਸਨੂੰ ਕਈ ਦਿਨ ਮਾਂ ਦਾ ਦੁੱਧ ਨਸੀਬ ਨਹੀਂ ਹੋਇਆ ਸੀ। ਅਮਰੀਕ ਸਿੰਘ ਨੇ ਔਰਤ ਦੀ ਘਰ-ਪਰਿਵਾਰ ਵਿੱਚ ਹੋਂਦ ‘ਜੰਮਣ ਲਈ ਮਾਂ, ਜ਼ਿੱਦ ਪੁਗਾਉਣ ਲਈ ਮਾਸੀ, ਕਹਾਣੀ ਸੁਣਾਉਣ ਲਈ ਨਾਨੀ ਤੇ ਲਾਡ ਲਡਾਉਣ ਲਈ ਦਾਦੀ ਦਾ ਹੋਣਾ’ ਪ੍ਰਤੀਕਾਂ ਰਾਹੀਂ ਦਰਸਾਈ। ਸਵਰਨ ਸਿੰਘ ਨੇ ਔਰਤਾਂ ਦੇ ਸਸ਼ਕਤੀਕਰਨ ਬਾਰੇ ਗੱਲ ਕੀਤੀ। ਰਮਨ ਗਿੱਲ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਤੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ। ਭੁਪਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਪੈਰੀ ਮਾਹਲ ਨੇ ਨਵਾਂ ਸ਼ਹਿਰ ਨੂੰ ਜਾਣ ਵਾਲੀ ਸੜਕ ’ਤੇ ਆਪਣੇ ਪਿੰਡ ਤੋਂ ਪੰਜ ਛੇ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਅਤੇ ਦੂਜੇ ਪਾਸੇ ਇੰਨੀ ਕੁ ਵਿੱਥ ’ਤੇ ਨਾਨਕੇ ਪਿੰਡ ਨਾਲ ਨੇੜਤਾ ਦਰਸਾਈ। ਹਰਮਿੰਦਰ ਪਾਲ ਸਿੰਘ ਨੇ ਕਬੀਰ ਜੀ ਅਤੇ ਬੁੱਲੇ ਸ਼ਾਹ ਦੇ ਹਵਾਲਿਆਂ ਨਾਲ ਔਰਤ ਦੀ ਸਥਿਤੀ ਦੱਸੀ। ਬਲਦੇਵ ਸਿੰਘ ਦੁੱਲਤ ਨੇ ਕੈਨੇਡਾ ਵਿੱਚ ਪੰਜ ਔਰਤਾਂ ਦੁਆਰਾ ਔਰਤਾਂ ਲਈ ਸਮਾਨ ਅਧਿਕਾਰ ਅਤੇ ਖਾਸ ਤੌਰ ’ਤੇ ਵੋਟ ਦਾ ਅਧਿਕਾਰ ਲੈਣ ਲਈ ਕੀਤੀ ਗਈ ਲੰਮੀ ਜੱਦੋਜਹਿਦ ਬਾਰੇ ਦੱਸਿਆ। ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਗਤ ਸਿੰਘ ਦੇ ਆਖਰੀ ਵੇਲੇ ਨੂੰ ਕਲਮਬੱਧ ਕਰਦੀ ਆਪਣੀ ਰਚਨਾ, ‘ਭਗਤ ਸਿੰਘਾ ਰੱਖਦੇ ਕਿਤਾਬ ਮੋੜਦੇ ਵਰਕਾ, ਤੂੰ ਤੇ ਮਹਿਮਾਨ ਐਂ ਅੱਜ ਪਲ ਦੋ ਪਲ ਦਾ’ ਸੁਣਾ ਕੇ ਵਾਹ ਵਾਹ ਖੱਟੀ। ਪਰਮਜੀਤ ਭੰਗੂ ਨੇ ਹੋਲਾ-ਮਹੱਲਾ ਤਿਉਹਾਰ ਬਾਰੇ ਦੱਸਿਆ ਕਿ ਗੁਰੂ ਸਾਹਿਬ ਨੇ ਉਸ ਸਮੇਂ ਦੇ ਹਾਕਮਾਂ ਦੇ ਗੁਲਾਮਾਂ ਨੂੰ ਰੰਗਾਂ ਨਾਲ ਖੇਡਣ ਦੀ ਥਾਂ ਦੁਸ਼ਮਣ ਦੇ ਖੂਨ ਨਾਲ ਹੋਲੀ ਖੇਡਣ ਦੀ ਪ੍ਰੇਰਨਾ ਦੇ ਕੇ ਬਹਾਦਰ ਬਣਾਇਆ।
ਜਗਦੇਵ ਸਿੰਘ ਸਿੱਧੂ ਨੇ ਕਿਹਾ ਕਿ ਔਰਤ ਨੂੰ ਪਹਿਲਾਂ ਤੋਂ ਹੀ ਚੀਜ਼ ਸਮਝਿਆ ਗਿਆ ਹੈ, ਜਿਸ ਦਾ ਪ੍ਰਮਾਣ ਸੀਤਾ, ਦ੍ਰੋਪਦੀ ਤੇ ਕੁੰਤੀ ਹੈ। ਪ੍ਰੀਤ ਸਾਗਰ ਸਿੰਘ ਨੇ ਸੰਸਾਰ ਦੀ ਉਤਪਤੀ ਬਾਰੇ ਗੱਲ ਕੀਤੀ। ਸੁਖਵਿੰਦਰ ਸਿੰਘ ਥਿੰਦ ਨੇ ਅਲਬਰਟਾ ਦੇ ਇਸ ਵਰ੍ਹੇ ਦੇ ਬਜਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਸਕੱਤਰ ਗੁਰਚਰਨ ਥਿੰਦ ਨੇ ਔਰਤ-ਮਰਦ ਦੇ ਬਰਾਬਰੀ ਦੇ ਸਬੰਧ ਨੂੰ ਪ੍ਰਗਟਾਉਂਦੀ ਆਪਣੀ ਰਚਨਾ, ‘ਤੈਨੂੰ ਮਾਣ ਮਰਦਾਨਗੀ ਦਾ, ਮੈਨੂੰ ਫ਼ਖਰ ਨਾਰੀਤਵ ਦਾ’ ਸੁਣਾਈ।
ਖ਼ਬਰ ਸਰੋਤ: ਕੈਗਲਰੀ ਲੇਖਕ ਸਭਾ
ਸੰਪਰਕ: 403-402-9635

