ਲੰਡਨ ਤੋਂ

ਨਹਿਰ ਸਵੇਜ਼ ਦੇਖਣ ਦਾ ਸੁਫ਼ਨਾ

ਨਹਿਰ ਸਵੇਜ਼ ਦੇਖਣ ਦਾ ਸੁਫ਼ਨਾ

ਹਰਜੀਤ ਅਟਵਾਲ

ਪਿਛਲਾ ਹਫ਼ਤਾ ਨਹਿਰ ਸਵੇਜ਼ ਖ਼ਬਰਾਂ ਵਿਚ ਰਹੀ ਹੈ। ਖ਼ਬਰ ਇਹ ਸੀ ਕਿ ਐਵਰਗਰੀਨ ਕੰਪਨੀ ਦਾ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ (ਸ਼ਿੱਪ) ‘ਐਵਰ-ਗਿਵਨ’ ਨਹਿਰ ਸਵੇਜ਼ ਵਿਚ ਫਸ ਗਿਆ ਸੀ। ਸਵੇਜ਼ ਸ਼ਹਿਰ ਵੱਲੋਂ ਨਹਿਰ ਸਵੇਜ਼ ਵਿਚ ਦਾਖਲ ਹੋਇਆ ਜਹਾਜ਼ ਚੰਗਾ ਭਲਾ ਜਾ ਰਿਹਾ ਸੀ ਕਿ ਤੇਜ਼ ਹਵਾ ਕਾਰਨ ਕੰਟਰੋਲ ਗੁਆ ਬੈਠਾ। ਹੁੰਦਾ ਹੁੰਦਾ ਇਹ ਨਹਿਰ ਵਿਚ ਚੌੜੇ ਦਾਅ ਹੋ ਗਿਆ। ਇੱਥੋਂ ਨਹਿਰ ਦਾ ਪਾੜ ਢਾਈ ਤਿੰਨ ਸੌ ਮੀਟਰ ਸੀ ਤੇ ਜਹਾਜ਼ ਚਾਰ ਸੌ ਮੀਟਰ। ਜਹਾਜ਼ ਇਵੇਂ ਫਸਿਆ ਕਿ ਨਹਿਰ ਸਵੇਜ਼ ਦੀ ਆਵਾਜਾਵੀ ਰੁਕ ਗਈ। ਇਸ ਨਹਿਰ ਵਿਚ ਜਹਾਜ਼ਰਾਨੀ ਦਾ ਰੁਕਣਾ ਬਹੁਤ ਵੱਡੀ ਤੇ ਬੁਰੀ ਖ਼ਬਰ ਹੈ। ਨਹਿਰ ਸਵੇਜ਼ ਦੁਨੀਆ ਦਾ ਸਭ ਤੋਂ ਵੱਡਾ ਵਪਾਰਕ-ਚੈਨਲ ਹੈ। ਦੁਨੀਆ ਦਾ ਬਾਰਾਂ ਪ੍ਰਤੀਸ਼ਤ ਵਪਾਰ ਇਸ ਨਹਿਰ ਰਾਹੀਂ ਹੁੰਦਾ ਹੈ। ਐਵਰ-ਗਿਵਨ ਜਹਾਜ਼ ਚਾਰ ਸੌ ਮੀਟਰ ਲੰਮਾ ਹੈ, ਚਾਰ ਫੁਟਬਾਲ ਗਰਾਊਂਡਾਂ ਜਿੱਡਾ। ਇਹ ਪਟੇਲ ਦੇ ਬੁੱਤ ਤੋਂ ਵੀ ਉੱਚਾ ਹੈ ਜਾਂ ਅਮਰੀਕਾ ਦੇ ਟਰੇਡ ਸੈਂਟਰ ਤੋਂ ਵੀ ਉੱਚਾ। ਇਸ ਵਿਚ ਵੀਹ ਹਜ਼ਾਰ ਕੰਟੇਨਰ ਮਾਲ ਦੇ ਭਰੇ ਲੱਦੇ ਹੋਏ ਹਨ। ਇਸ ਦਾ ਕੁੱਲ ਭਾਰ ਦੋ ਲੱਖ ਵੀਹ ਹਜ਼ਾਰ ਟਨ ਹੈ। ਏਡੇ ਭਾਰੇ ਜਹਾਜ਼ ਦਾ ਰੇਤੇ ਵਿਚ ਫਸ ਜਾਣਾ ਕੋਈ ਆਮ ਗੱਲ ਨਹੀਂ। ਜਾਪਦਾ ਸੀ ਕਿ ਜਹਾਜ਼ ਨੂੰ ਖਾਲੀ ਕਰਕੇ ਕੱਢਿਆ ਜਾ ਸਕੇਗਾ ਜਿਸ ਨੂੰ ਹਫ਼ਤੇ ਜਾਂ ਮਹੀਨੇ ਵੀ ਲੱਗ ਸਕਦੇ ਸਨ। ਤੇ ਏਨੀ ਦੇਰ ਨਹਿਰ ਬੰਦ ਰੱਖਣੀ ਪੈਣੀ ਸੀ, ਜਾਣੀ ਕਿ ਬਿਲੀਅਨ ਪੌਂਡ ਦਾ ਘਾਟਾ।

ਇਕ ਤਾਂ ਇਸ ਜਹਾਜ਼ ਵਿਚ ਵੀ ਬਹੁਤ ਮਾਲ ਲੱਦਿਆ ਹੋਇਆ ਸੀ ਤੇ ਦੂਜੇ ਨਹਿਰ ਦੇ ਦੋਵੇਂ ਪਾਸੀਂ ਚਾਰ ਸੌ ਦੇ ਕਰੀਬ ਮਾਲ ਦੇ ਭਰੇ ਜਹਾਜ਼, ਜਿਨ੍ਹਾਂ ਨੇ ਨਹਿਰ ਰਾਹੀਂ ਅੱਗੇ ਮੰਜ਼ਿਲ ਵੱਲ ਜਾਣਾ ਸੀ, ਰੁਕ ਗਏ ਸਨ। ਮਾਹਰਾਂ ਦਾ ਕਹਿਣਾ ਸੀ ਕਿ ਜੇ ਐਵਰ-ਗਿਵਨ ਬਹੁਤੇ ਦਿਨ ਰੁਕਿਆ ਰਿਹਾ ਤਾਂ ਦੁਨੀਆ ਦੇ ਵਪਾਰ ਨੂੰ ਹਾਰਟ ਅਟੈਕ ਹੋਣ ਵਾਲੀ ਸਥਿਤੀ ਹੋ ਜਾਵੇਗੀ। ਨਹਿਰ ਸਵੇਜ਼ ਮੈਡੀਟੇਰੀਅਨ-ਸੀ ਤੇ ਰੈੱਡ-ਸੀ ਨੂੰ ਜੋੜਦੀ ਹੈ। ਜੇ ਇਹ ਨਹਿਰ ਬੰਦ ਹੋ ਜਾਵੇ ਤਾਂ ਜਹਾਜ਼ਾਂ ਨੂੰ ਅਫ਼ਰੀਕਾ ਉੱਪਰ ਦੀ ਘੁੰਮ ਕੇ ਜਾਣਾ ਹੋਵੇਗਾ ਤੇ ਇਵੇਂ ਨੌ ਹਜ਼ਾਰ ਕਿਲੋਮੀਟਰ ਸਫ਼ਰ ਵੱਧ ਪਵੇਗਾ ਜਿਸ ਨਾਲ ਵਕਤ ਵੀ ਵੱਧ ਲਗੇਗਾ, ਖ਼ਰਚ ਵੀ ਜ਼ਿਆਦਾ ਹੋਵੇਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਵਸਤੂਆਂ ਦੀਆਂ ਕੀਮਤਾਂ ਵਧਣਗੀਆਂ। ਪਰ ਇਹ ਘਟਨਾ ਵੱਡੀ ਦੁਰਘਟਨਾ ਬਣਨ ਤੋਂ ਬਚ ਗਈ। ਇੰਜਨੀਅਰਾਂ ਨੇ ਜਹਾਜ਼ ਹੇਠੋਂ ਦਸ ਹਜ਼ਾਰ ਟਨ ਰੇਤਾ ਕੱਢਿਆ ਤੇ ਟਾਈਡ ਦੇ ਆਉਂਦਿਆਂ ਹੀ ਜਦੋਂ ਜਹਾਜ਼ ਥੋੜ੍ਹਾ ਉੱਪਰ ਉੱਠਿਆ ਤਾਂ ਟੱਗ-ਜਾਹਜ਼ਾਂ ਨਾਲ ਖਿੱਚ ਕੇ ਰੋੜ੍ਹਨ ਵਿਚ ਕਾਮਯਾਬ ਹੋ ਗਏ। ਇੱਥੋਂ ਕੁ ਨਹਿਰ ਸਵੇਜ਼ ਸਮੁੰਦਰ ਦੀ ਟਾਈਡ ਨਾਲ ਜੁੜੀ ਹੋਈ ਹੈ। ਟਾਈਡ ਦੇ ਚੜ੍ਹਨ ਨਾਲ ਨਹਿਰ ਪਾਣੀ ਨਾਲ ਭਰ ਗਈ ਤੇ ਜਿਸ ਨਾਲ ਐਵਰ-ਗਿਵਨ ਨੂੰ ਰੋੜ੍ਹਨ ਵਿਚ ਮਦਦ ਮਿਲ ਗਈ।

ਮੈਂ ਵੀ ਇਸ ਖ਼ਬਰ ਨੂੰ ਬਹੁਤ ਦਿਲਚਸਪੀ ਨਾਲ ਦੇਖ-ਪੜ੍ਹ ਰਿਹਾ ਸਾਂ। ਦੁਨੀਆ ਲਈ ਤਾਂ ਇਸ ਖ਼ਬਰ ਦੀ ਅਹਿਮੀਅਤ ਐਵਰ-ਗਿਵਨ ਦੀ ਵਿਸ਼ਾਲਤਾ ਜਾਂ ਇਸ ਨਾਲ ਜੁੜੇ ਅਰਬਾਂ ਡਾਲਰਾਂ ਦੇ ਮਾਲ ਕਾਰਨ ਹੈ, ਪਰ ਮੇਰੀ ਦਿਲਚਸਪੀ ਨਹਿਰ ਸਵੇਜ਼ ਹੈ। ਇਕ ਕਿਸਮ ਨਾਲ ਇਹ ਮੇਰੇ ਮਨ ਵਿਚ ਵਸੀ ਹੋਈ ਹੈ। ਮੈਂ ਮਰਨ ਤੋਂ ਪਹਿਲਾਂ ਜਿਹੜੀਆਂ ਕੁਝ ਖਾਸ ਥਾਵਾਂ ਦੇਖਣੀਆਂ ਚਾਹੁੰਦਾ ਹਾਂ ਉਨ੍ਹਾਂ ਵਿਚੋਂ ਨਹਿਰ ਸਵੇਜ਼ ਪ੍ਰਮੁੱਖ ਹੈ। ਮੈਂ ਇਕ ਵਾਰ ਇਸ ਵਿਸ਼ੇਸ਼ ਨਹਿਰ ਵਿਚੋਂ ਲੰਘਣਾ ਚਾਹੁੰਦਾ ਹਾਂ। ਸਕੂਲ ਵਿਚ ਪੜ੍ਹਦਿਆਂ ਮੈਂ ਦੋ ਨਹਿਰਾਂ ਬਾਰੇ ਪੜ੍ਹਿਆ ਸੀ। ਇਹ ਦੋਵੇਂ ਦੋ-ਦੋ ਸਮੁੰਦਰਾਂ ਨੂੰ ਜੋੜ ਕੇ ਹਜ਼ਾਰਾਂ ਮੀਲਾਂ ਦਾ ਸਫ਼ਰ ਬਚਾਉਂਦੀਆਂ ਹਨ। ਨਹਿਰ ਪਨਾਮਾ ਤੇ ਨਹਿਰ ਸਵੇਜ਼। ਉਂਜ ਤਾਂ ਲੰਡਨ ਵਿਚ ਬੈਠਿਆਂ ਦੋਵੇਂ ਨਹਿਰਾਂ ਹੀ ਮੇਰੇ ਤੋਂ ਦੂਰ ਹਨ, ਪਰ ਮਨ ਹੀ ਮਨ ਮੈਨੂੰ ਸਵੇਜ਼ ਬਹੁਤ ਨਜ਼ਦੀਕ ਜਾਪਦੀ ਹੈ। ਜੇ ਕਦੇ ਮੈਂ ਭਾਰਤ ਨੂੰ ਸਮੁੰਦਰ ਰਾਹੀਂ ਜਾਣਾ ਹੋਇਆ ਤਾਂ ਇਸ ਨਹਿਰ ਵਿਚੋਂ ਲੰਘਣਾ ਹੋਵੇਗਾ। ਮੈਂ ਨਹਿਰ ਪਨਾਮਾ ਬਾਰੇ ਵੀ ਬਹੁਤ ਪੜ੍ਹਿਆ ਤੇ ਯੂ-ਟਿਊਬ ਉੱਪਰ ਦੇਖਿਆ ਹੈ, ਉਸ ਦੀਆਂ ਖਾਸੀਅਤਾਂ ਨੂੰ ਜਾਣਦਾ ਹਾਂ, ਪਰ ਨਹਿਰ ਸਵੇਜ਼ ਮੈਨੂੰ ਵਧੇਰੇ ਪਛਾਣੀ ਲੱਗਦੀ ਹੈ। ਇਸ ਬਾਰੇ ਮੈਂ ਯੂ-ਟਿਊਬ ’ਤੇ ਏਨੇ ਵੀਡੀਓ ਦੇਖੇ ਹਨ ਤੇ ਏਨਾ ਕੁਝ ਹੋਰ ਪੜ੍ਹਿਆ ਹੈ ਕਿ ਇਹ ਮੈਨੂੰ ਭਾਖੜਾ ਨਹਿਰ ਵਰਗੀ ਹੀ ਜਾਪਦੀ ਹੈ। ਇਹ ਨਹਿਰ ਮਿਸਰ ਦੀ ਬੰਦਰਗਾਹ ਪੋਰਟ-ਸਈਦ ਤੋਂ ਸ਼ੁਰੂ ਹੋ ਕੇ ਸਵੇਜ਼ ਸ਼ਹਿਰ ਦੀ ਬੰਦਰਗਾਹ ਪੋਰਟ-ਟਾਓਫਿਕ ’ਤੇ ਰੈੱਡ-ਸੀ (ਲਾਲ-ਸਾਗਰ) ਨਾਲ ਆ ਜੁੜਦੀ ਹੈ। ਇਸ ਦੀ ਲੰਬਾਈ 193 ਕਿਲੋਮੀਟਰ ਹੈ ਤੇ ਇਸ ਨੂੰ ਲੰਘਣ ਲਈ ਤਕਰੀਬਨ ਚੌਦਾਂ-ਪੰਦਰਾਂ ਘੰਟੇ ਲੱਗਦੇ ਹਨ।

ਇਹ ਨਹਿਰ 1869 (ਤਕਰੀਬਨ ਡੇਢ ਸੌ ਸਾਲ ਪਹਿਲਾਂ) ਵਿਚ ਵਰਤੋਂ ਵਿਚ ਆਉਣ ਲੱਗੀ ਸੀ। ਦਸ ਸਾਲ ਤੋਂ ਵੱਧ ਸਮਾਂ ਇਸ ਨੂੰ ਬਣਾਉਣ ਨੂੰ ਲੱਗ ਗਿਆ। ਇਹ ਨਹਿਰ ਬਣਾਉਣੀ ਕੋਈ ਸੌਖਾ ਕੰਮ ਨਹੀਂ ਸੀ। ਰੇਗਿਸਤਾਨ ਵਿਚ ਨਹਿਰ ਦੀ ਪੁਟਾਈ ਅਸੰਭਵ ਵਾਂਗ ਸੀ। ਇਕ ਅੰਦਾਜ਼ੇ ਅਨੁਸਾਰ ਤੀਹ ਹਜ਼ਾਰ ਲੋਕ ਇਸ ਨੂੰ ਬਣਾਉਂਦੇ ਸਮੇਂ ਮਾਰੇ ਗਏ ਸਨ। ਇਸ ਨੂੰ ਬਣਾਉਣ ਲਈ ਸਲੇਵ-ਲੇਬਰ ਵੀ ਵਰਤੀ ਗਈ। ਨਹਿਰ ਸਵੇਜ਼ ਨੂੰ ਬਣਾਉਣ ਦੀ ਵਿਉਂਤਬੰਦੀ ਨੈਪੋਲੀਅਨ ਤੋਂ ਵੀ ਪਹਿਲਾਂ ਸ਼ੁਰੂ ਹੋ ਚੁੱਕੀ ਸੀ। ਬਰਤਾਨੀਆਂ ਇਸ ਨੂੰ ਬਣਾਉਣ ਵਿਚ ਬਹੁਤੀ ਦਿਲਚਸਪੀ ਦਿਖਾ ਰਿਹਾ ਸੀ, ਖਾਸਕਰ ਉਦੋਂ ਕੁ ਤੋਂ ਜਦੋਂ ਬਰਤਾਨੀਆ ਨੇ ਹਿੰਦੋਸਤਾਨ ਉੱਪਰ ਕਬਜ਼ਾ ਕਰਨਾ ਸ਼ੁਰੂ ਕਰ ਲਿਆ ਸੀ। ਨਹਿਰ ਬਣਨ ਨਾਲ ਭਾਰਤ ਤੋਂ ਲਿਆਂਦਾ ਲੁੱਟ ਦਾ ਮਾਲ ਉਸ ਨੂੰ ਹੋਰ ਵੀ ਸਸਤਾ ਪੈਣਾ ਸੀ ਤੇ ਹੋਇਆ ਵੀ ਇਵੇਂ ਹੀ। ਹੋਰ ਯੂਰੋਪੀਅਨ ਮੁਲਕਾਂ ਦੇ ਹਿੱਤ ਵੀ ਉਸ ਖਿੱਤੇ ਵਿਚ ਸਨ। ਇਵੇਂ ਯੂਰੋਪ ਦੀਆਂ ਕਈ ਕੰਪਨੀਆਂ ਨੇ ਮਿਲ ਕੇ ਇਸ ਨਹਿਰ ਦਾ ਨਿਰਮਾਣ ਸ਼ੁਰੂ ਕੀਤਾ ਸੀ, ਪਰ ਇਹ ਜ਼ਮੀਨ ਮਿਸਰ ਦੀ ਸੀ। ਇਸ ਨਹਿਰ ਨੂੰ ਲੈ ਕੇ ਸਥਾਨਕ ਲੋਕਾਂ ਜਾਂ ਸਰਕਾਰਾਂ ਨਾਲ ਝਗੜੇ ਹੋਣ ਲੱਗਦੇ ਸਨ। 1888 ਵਿਚ ਬਰਤਾਨੀਆ ਨੇ ਇਸ ਉੱਪਰ ਆਪਣੀ ਫ਼ੌਜ ਬੈਠਾ ਦਿੱਤੀ ਸੀ। ਦੋਵਾਂ ਮਹਾਂਯੁੱਧਾਂ ਵੇਲੇ ਵੀ ਬਰਤਾਨਵੀ ਫ਼ੌਜ ਨੇ ਹੀ ਇਸ ਦੀ ਦੇਖ-ਰੇਖ ਕੀਤੀ। ਨਹਿਰ ਸਵੇਜ਼ ਵਿਚ ਦੀ ਲੰਘਣ ਵਾਲੇ ਜਹਾਜ਼ਾਂ ਤੋਂ ਵਾਹਵਾ ਸਾਰੀ ਲੇਵੀ ਹਾਸਲ ਕੀਤੀ ਜਾਂਦੀ ਸੀ ਜਿਸ ਨੂੰ ਲੈ ਕੇ ਵੀ ਕੁਝ ਤਣਾਅ ਰਹਿੰਦੇ ਸਨ। ਜਦੋਂ ਗੈਮਲਨਾਸਰ ਮਿਸਰ ਦਾ ਪ੍ਰਧਾਨ ਬਣਿਆ ਤਾਂ ਉਹ ਨੀਲ ਦਰਿਆ ਉੱਪਰ ਡੈਮ ਬਣਾਉਣਾ ਚਾਹੁੰਦਾ ਸੀ। ਡੈਮ ਲਈ ਪੈਸੇ ਇਕੱਠੇ ਕਰਨ ਵਾਸਤੇ ਉਸ ਨੇ 1956 ਵਿਚ ਸਵੇਜ਼ ਨਹਿਰ ਨੂੰ ਨੈਸ਼ਨਲਾਈਜ਼ ਕਰ ਕੇ ਇਸ ’ਤੇ ਕਬਜ਼ਾ ਕਰ ਲਿਆ। ਜਿਸ ਕਾਰਨ ਯੂਰੋਪੀਅਨ ਤੇ ਮਿਸਰ ਦੀਆਂ ਫ਼ੌਜਾਂ ਆਹਮੋ-ਸਾਹਮਣੇ ਆ ਖੜ੍ਹੀਆਂ। ਨਹਿਰ ਬੰਦ ਹੋ ਗਈ। ਯੂ.ਐੱਨ.ਓ. ਨੇ ਦਖਲ ਦੇ ਕੇ ਦੋਵਾਂ ਧਿਰਾਂ ਦੀਆਂ ਫ਼ੌਜਾਂ ਨੂੰ ਪਿੱਛੇ ਹਟਾ ਕੇ ਨਹਿਰ ਨੂੰ ਦੁਬਾਰਾ ਖੋਲ੍ਹਿਆ। 1967 ਵਿਚ ਸਾਰੇ ਅਰਬਾਂ ਨੇ ਇਕੱਠੇ ਹੋ ਕੇ ਇਜ਼ਰਾਈਲ ’ਤੇ ਹਮਲਾ ਕਰ ਦਿੱਤਾ, ਉਦੋਂ ਵੀ ਨਹਿਰ ਬੰਦ ਹੋ ਗਈ ਸੀ। ਲੜਾਈ ਤਾਂ ਸਿਰਫ਼ ਛੇ ਦਿਨ ਹੀ ਚੱਲੀ, ਪਰ ਨਹਿਰ ਅੱਠ ਸਾਲਾਂ ਤਕ ਬੰਦ ਰਹੀ। 1973 ਵਿਚ ਫਿਰ ਲੱਗੀ ਲੜਾਈ ਨਾਲ ਨਹਿਰ ਦਾ ਬਹੁਤ ਨੁਕਸਾਨ ਹੋਇਆ। ਇਸ ਵਿਚ ਮਾਈਨਾਂ ਵਿਛਾ ਦਿੱਤੀਆਂ ਗਈਆਂ। ਫਿਰ ਸਾਰੀਆਂ ਧਿਰਾਂ ਵਿਚ ਸਮਝੌਤੇ ਹੋਏ, ਨਹਿਰ ਨੂੰ ਸਾਫ਼ ਕਰਕੇ 1975 ਵਿਚ ਮੁੜ ਖੋਲ੍ਹਿਆ ਗਿਆ। ਜਦੋਂ ਇਸ ਨਹਿਰ ਦੀ ਸਫ਼ਾਈ ਹੋ ਰਹੀ ਸੀ ਤੇ ਇਸ ਨੂੰ ਦੁਬਾਰਾ ਜਹਾਜ਼ਰਾਨੀ ਲਈ ਤਿਆਰ ਕੀਤਾ ਜਾ ਰਿਹਾ ਸੀ ਤਾਂ ਇਸ ਦਾ ਬੈੱਡ ਭਾਵ ਹੇਠਲੀ ਤਹਿ ਪੱਕੀ ਕਰ ਦਿੱਤੀ ਸੀ। ਨਹਿਰ ਦੇ ਦੁਆਲੇ ਰੇਗਿਸਤਾਨ ਹੋਣ ਕਰਕੇ ਕੰਢੇ ਭੁਰਦੇ ਰਹਿੰਦੇ ਸਨ। ਨਹਿਰ ਦਾ ਬੈੱਡ ਪੱਕਾ ਹੋ ਜਾਣ ਕਾਰਨ ਲੰਘਦੇ ਜਹਾਜ਼ਾਂ ਨੂੰ ਨੁਕਸਾਨ ਹੋਣ ਲੱਗਾ। ਮੇਰਾ ਦੋਸਤ ਜਿੰਮ ਸਿਮੰਡਜ਼ ਉਸ ਵੇਲੇ ਸਵੇਜ਼ ਨਹਿਰ ’ਤੇ ਇੰਜਨੀਅਰ ਸੀ। ਉਸ ਨੇ ਮੈਨੂੰ ਦੱਸਿਆ ਕਿ ਬਰਤਾਨਵੀ ਇੰਜਨੀਅਰਾਂ ਨੇ ਨਹਿਰ ਦੇ ਬੈੱਡ ਨੂੰ ਮੁੜ ਰੇਤਲਾ ਬਣਾਇਆ ਤਾਂ ਜੋ ਜਹਾਜ਼ਾਂ ਦੇ ਹੇਠਾਂ ਲੱਗਣ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਨਾ ਹੋਵੇ।

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭਾਰਤ ਦੇ ਇਤਿਹਾਸ ਦੇ ਨਿਰਮਾਣ ਵਿਚ ਵੀ ਨਹਿਰ ਸਵੇਜ਼ ਦਾ ਵੱਡਾ ਹਿੱਸਾ ਹੈ। ਜਦੋਂ ਗੋਆ ਨੂੰ ਪੁਰਤਗਾਲ ਤੋਂ ਆਜ਼ਾਦ ਕਰਾਇਆ ਜਾ ਰਿਹਾ ਸੀ ਤਾਂ ਪੁਰਤਗਾਲ ਨੇ ਵੱਡੀ ਗਿਣਤੀ ਵਿਚ ਆਪਣੀ ਫ਼ੌਜ ਜਹਾਜ਼ਾਂ ਰਾਹੀਂ ਗੋਆ ਨੂੰ ਭੇਜੀ ਸੀ, ਪਰ ਉਦੋਂ ਦੇ ਮਿਸਰ ਦੇ ਪ੍ਰਧਾਨ ਨਾਸਰ ਨੇ ਇਹ ਜਹਾਜ਼ ਇਹ ਕਹਿ ਕੇ ਰੋਕ ਦਿੱਤੇ ਸਨ ਕਿ ਨਹਿਰ ਸਵੇਜ਼ ਜੰਗੀ ਜਹਾਜ਼ਾਂ ਦੀ ਵਰਤੋਂ ਲਈ ਨਹੀਂ ਹੈ।

ਅੱਜਕੱਲ੍ਹ ਇਸ ਦੀ ਸਾਂਭ-ਸੰਭਾਲ ‘ਸਵੇਜ਼ ਕੈਨਾਲ ਅਥਾਰਟੀ’ ਕਰਦੀ ਹੈ। ਪਹਿਲਾਂ ਇਹ ਨਹਿਰ ਅੱਜ ਵਰਗੀ ਆਧੁਨਿਕ ਨਹੀਂ ਸੀ। ਇਹ ਭੀੜੀ ਸੀ। ਸਿੰਗਲ-ਲੇਨ ਵਾਲੀ। ਇਸ ਰਾਹੀਂ ਕਈ ਜਹਾਜ਼ਾਂ ਦੇ ਲੰਘਣ ਵਿਚ ਮੁਸ਼ਕਲਾਂ ਦਰਪੇਸ਼ ਆਉਂਦੀਆਂ ਸਨ। ਇਹ ਵੱਡੇ ਜਹਾਜ਼ਾਂ ਲਈ ਢੁਕਵੀਂ ਨਹੀਂ ਸੀ। ਜਿਵੇਂ ਜਿਵੇਂ ਤਕਨਾਲੋਜੀ ਤਰੱਕੀ ਕਰਦੀ ਗਈ ਇਸ ਨਹਿਰ ਵਿਚ ਵੀ ਤਬਦੀਲੀਆਂ ਕੀਤੀਆਂ ਜਾਂਦੀਆਂ ਰਹੀਆਂ। ਇਸ ਨੂੰ ਡੂੰਘੀ ਤੇ ਚੌੜੀ ਕੀਤਾ ਗਿਆ। ਅਗਸਤ 2014 ਵਿਚ ਨਹਿਰ ਦੀ ‘ਬਾਲਾਹ-ਪਾਸ’ ਕੋਲੋਂ ਪੈਂਤੀ ਕਿਲੋਮੀਟਰ ਤਕ ਇਕ ਹੋਰ ਸ਼ਿਪ-ਲੇਨ ਬਣਾਈ ਗਈ। ਇਵੇਂ ਹੀ ‘ਗਰੇਟ ਬਿਟਰ ਲੇਕ’ ਕੋਲ ਵੀ ਇਸ ਨਹਿਰ ਨੂੰ ਨਵਿਆਇਆ ਗਿਆ ਹੈ। ਫਰਵਰੀ 2016 ਵਿਚ ਨਹਿਰ ਦੇ ਉੱਤਰ ਵੱਲ ਇਕ ਨਵਾਂ ਸਾਈਡ ਚੈਨਲ ਖੋਲ੍ਹਿਆ ਗਿਆ ਸੀ। 2020 ਵਿਚ ਇਸ ਰਾਹੀਂ 18500 ਵੱਡ-ਆਕਾਰੀ ਜਹਾਜ਼ ਲੰਘੇ। ਨਹਿਰ ਵਿਚੋਂ ਤਕਰੀਬਨ ਇਕਵੰਜਾ ਜਹਾਜ਼ ਰੋਜ਼ਾਨਾ ਲੰਘਦੇ ਹਨ। ਸਵੇਜ਼ ਕੈਨਾਲ ਅਥਾਰਟੀ ਦਾ ਮਕਸਦ ਰੋਜ਼ਾਨਾ ਸਤੱਨਵੇਂ ਜਹਾਜ਼ ਲੰਘਾਉਣ ਦਾ ਹੈ।

ਨਹਿਰ ਸਵੇਜ਼ ਬਣਨ ਤੋਂ ਪਹਿਲਾਂ ਇੰਗਲੈਂਡ ਤੋਂ ਭਾਰਤ ਜਾਣ ਵਾਲੇ ਲੋਕਾਂ ਨੂੰ ਅਫ਼ਰੀਕਾ ਉੱਪਰ ਦੀ ਘੁੰਮ ਕੇ ਜਾਣਾ ਪੈਂਦਾ ਸੀ, ਪਰ ਇਕ ਰੂਟ ਹੋਰ ਵੀ ਸੀ ਕਿ ਮਿਸਰ ਦੀਆਂ ਬੰਦਰਗਾਹਾਂ ਅਲੈਗਜ਼ੈਂਡਰੀਆ ਜਾਂ ਪੋਰਟ-ਸਈਦ ਤਕ ਜਹਾਜ਼ ਰਾਹੀਂ ਤੇ ਅੱਗੇ ਸਵੇਜ਼ ਸ਼ਹਿਰ ਤਕ ਟਰੇਨ ਜਾਂ ਸੜਕ ਰਾਹੀਂ ਤੇ ਉਸ ਤੋਂ ਅੱਗੇ ਫਿਰ ਪੋਰਟ-ਟਾਓਫਿਕ ਤੋਂ ਪਾਣੀ ਰਾਹੀਂ ਬੰਬਈ ਜਾਂ ਕਲਕੱਤੇ ਜਾਂਦੇ ਸਨ। ਮਹਾਰਾਜਾ ਦਲੀਪ ਸਿੰਘ ਜਦੋਂ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਦੀ ਮ੍ਰਿਤਕ ਦੇਹ ਨੂੰ ਲੈ ਕੇ ਭਾਰਤ ਗਿਆ ਤਾਂ ਉਸ ਨੇ ਇਹੋ ਰੂਟ ਲਿਆ ਸੀ। ਜਦੋਂ ਉਹ ਪੱਕੇ ਤੌਰ ’ਤੇ ਭਾਰਤ ਰਹਿਣ ਲਈ ਸਾਰੇ ਟੱਬਰ ਨੂੰ ਲੈ ਕੇ ਗਿਆ ਸੀ, ਜਦੋਂ ਉਸ ਨੂੰ ਅਦਨ ਵਿਚ ਰੋਕ ਲਿਆ ਗਿਆ ਸੀ ਤਾਂ ਉਹ ਨਹਿਰ ਸਵੇਜ਼ ਰਾਹੀਂ ਗਿਆ ਸੀ। ਉਹ ਵਾਪਸ ਫਰਾਂਸ ਨੂੰ ਵੀ ਨਹਿਰ ਸਵੇਜ਼ ਰਾਹੀਂ ਹੀ ਮੁੜਿਆ ਸੀ।

ਹੁਣ ਐਵਰ-ਗਿਵਨ ਜਹਾਜ਼ ਦੇ ਮੁੜ ਰੁੜ੍ਹ ਪੈਣ ਨਾਲ ਦੁਨੀਆ ਦਾ ਕਾਰੋਬਾਰ ਵੀ ਰੁੜ੍ਹ ਪਵੇਗਾ। ਇਹ ਜਹਾਜ਼ ਕਦੋਂ ਆਪਣੇ ਸਫ਼ਰ ’ਤੇ ਦੁਬਾਰਾ ਨਿਕਲਦਾ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਾਲੇ ਕਈ ਕਿਸਮ ਦੀ ਜਾਂਚ ਹੋਵੇਗੀ, ਪਰ ਬਾਕੀ ਦਾ ਟਰੈਫਿਕ ਤੁਰ ਪਿਆ ਹੈ ਇਹੋ ਬਹੁਤ ਹੈ। ਐਵਰ-ਗਿਵਨ ਦੁਨੀਆ ਦਾ ਅਜੀਬ ਜਹਾਜ਼ ਹੈ। ਇਸ ਜਹਾਜ਼ ਨਾਲ ਅੱਠ ਦੇਸ਼ਾਂ ਦੇ ਹਿੱਤ ਜੁੜੇ ਹੋਏ ਹਨ। ਇਸ ਦੀ ਮਾਲਕ ਜਪਾਨੀ ਕੰਪਨੀ ਹੈ, ਇਸ ਦਾ ਪ੍ਰਬੰਧ ਜਰਮਨੀ ਕੰਪਨੀ ਕਰ ਰਹੀ ਹੈ, ਤਾਈਵਾਨ ਕੰਪਨੀ ਸੰਚਾਲਨ ਕਰ ਰਹੀ ਹੈ, ਇਹ ਪਨਾਮਾ ਵਿਚ ਰਜਿਸਟਰ ਹੈ ਆਦਿ। ਹਾਂ, ਇਸ ਦਾ ਪੱਚੀ ਵਿਅਕਤੀਆਂ ਦਾ ਸਾਰੇ ਦਾ ਸਾਰਾ ਸਟਾਫ ਭਾਰਤੀ ਹੈ। ਹੁਣ ਭਾਰਤੀ ਮੀਡੀਆ ਨੂੰ ਡਰ ਹੈ ਕਿ ਸਾਰਾ ਕਸੂਰ ਇਸ ਦੇ ਭਾਰਤੀ ਚਾਲਕਾਂ ਸਿਰ ਮੜ੍ਹ ਕੇ ਉਨ੍ਹਾਂ ਨੂੰ ਸਜ਼ਾ ਦੇ ਭਾਗੀ ਨਾ ਬਣਾ ਦਿੱਤਾ ਜਾਵੇ।
ਈ-ਮੇਲ : harjeetatwal@hotmail.co.uk

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All