DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਾ. ਰਘਬੀਰ ਸਿੰਘ ਸਿਰਜਣਾ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ

ਕੈਲਗਰੀ: ਕੈਲਗਰੀ ਅਰਪਨ ਲਿਖਾਰੀ ਸਭਾ, ਕੈਲਗਰੀ ਦਾ ਪੰਦਰ੍ਹਵਾਂ ਸਾਲਾਨਾ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਸਮਾਗਮ ਟੈਂਪਲ ਕਮਿਊਨਿਟੀ ਹਾਲ ਵਿਖੇ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਡਾ. ਰਘਬੀਰ ਸਿੰਘ ਸਿਰਜਣਾ, ਮੁਨੱਵਰ ਅਹਿਮਦ ਅਤੇ ਕੁਲਦੀਪ ਕੌਰ ਘਟੌੜਾ ਨੇ ਕੀਤੀ। ਜਸਵੰਤ ਰਾਏ...

  • fb
  • twitter
  • whatsapp
  • whatsapp
Advertisement

ਕੈਲਗਰੀ: ਕੈਲਗਰੀ ਅਰਪਨ ਲਿਖਾਰੀ ਸਭਾ, ਕੈਲਗਰੀ ਦਾ ਪੰਦਰ੍ਹਵਾਂ ਸਾਲਾਨਾ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਸਮਾਗਮ ਟੈਂਪਲ ਕਮਿਊਨਿਟੀ ਹਾਲ ਵਿਖੇ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਡਾ. ਰਘਬੀਰ ਸਿੰਘ ਸਿਰਜਣਾ, ਮੁਨੱਵਰ ਅਹਿਮਦ ਅਤੇ ਕੁਲਦੀਪ ਕੌਰ ਘਟੌੜਾ ਨੇ ਕੀਤੀ। ਜਸਵੰਤ ਰਾਏ ਸ਼ਰਮਾ ਨੇ ਸਰੀ ਤੋਂ ਆਏ ਮਹਿਮਾਨਾਂ ਡਾ. ਰਘਬੀਰ ਸਿੰਘ ਸਿਰਜਣਾ, ਸੁਖਵੰਤ ਹੁੰਦਲ, ਹਰਪ੍ਰੀਤ ਸੇਖਾ, ਮੀਡੀਆ ਕਰਮੀਆਂ ਅਤੇ ਸਮੂਹ ਸਾਹਿਤ-ਪ੍ਰੇਮੀਆਂ ਦਾ ਦਿਲਚਸਪ ਕਾਵਿ-ਟੋਟਕਿਆਂ ਰਾਹੀਂ ਸਵਾਗਤ ਕੀਤਾ। ਅਗਲੀ ਕਾਰਵਾਈ ਸਕੱਤਰ ਦਰਸ਼ਨ ਬਰਾੜ ਨੇ ਅਤੇ ਬਲਜਿੰਦਰ ਕੌਰ ਮਾਂਗਟ ਨੇ ਚਲਾਈ। ਸਭ ਤੋਂ ਪਹਿਲਾਂ ਹਰਮਿੰਦਰਪਾਲ ਸਿੰਘ ਨੇ ਸ਼ਬਦ-ਗਾਇਨ ਕੀਤਾ, ਉਪਰੰਤ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਸਭਾ ਦੇ ਪਿਛੋਕੜ, ਕਾਰਜ ਖੇਤਰ, ਉਦੇਸ਼ਾਂ ਅਤੇ ਪ੍ਰਾਪਤੀਆਂ ਬਾਰੇ ਸੰਖੇਪ ਰਿਪੋਰਟ ਪੇਸ਼ ਕੀਤੀ।

ਜਗਦੇਵ ਸਿੱਧੂ ਨੇ ਸਨਮਾਨਿਤ ਕੀਤੇ ਜਾਣ ਵਾਲੇ ਮੁੱਖ ਮਹਿਮਾਨ ਡਾ. ਰਘਬੀਰ ਸਿੰਘ ਸਿਰਜਣਾ ਦੇ ਜੀਵਨ, ਯੋਗਤਾਵਾਂ, ਕਾਰਜ ਖੇਤਰਾਂ, ਅਹੁਦਿਆਂ, ਜ਼ਿੰਮੇਵਾਰੀਆਂ ਅਤੇ ਪ੍ਰਾਪਤੀਆਂ ਉੱਪਰ ਪੰਛੀ-ਝਾਤ ਪੁਆਈ। ਉਸ ਨੇ ਕਿਹਾ ਕਿ ਡਾ. ਰਘਬੀਰ ਸਿੰਘ ਉੱਘੇ ਪੱਤਰਕਾਰ, ਕਈ ਪੁਸਤਕਾਂ ਦੇ ਲੇਖਕ, ਅਨੁਵਾਦਕ, ਸੰਪਾਦਕ, ਚਿੰਤਕ, ਆਲੋਚਕ ਤੋਂ ਇਲਾਵਾ ਪੰਜ ਦਰਜਨ ਖੋਜ-ਪੱਤਰਾਂ, ਅਨੇਕਾਂ ਕਿਤਾਬਾਂ ਦੇ ਮੁੱਖ ਬੰਦ ਅਤੇ 150 ਪੁਸਤਕਾਂ ਦੀਆਂ ਸਮੀਖਿਆਵਾਂ ਲਿਖਣ ਵਾਲੇ ਸਾਹਿਤਕਾਰ ਹਨ। ਉਨ੍ਹਾਂ ਨੂੰ ਮਿਲੇ ਪੁਰਸਕਾਰਾਂ ਤੇ ਸਨਮਾਨਾਂ ਦੀ ਸੂਚੀ ਬਹੁਤ ਲੰਮੀ ਹੈ। ਉਨ੍ਹਾਂ ਨੇ 1965 ਵਿੱਚ ਚਾਲੂ ਕੀਤੇ ਤ੍ਰੈਮਾਸਕ ਰਸਾਲੇ ‘ਸਿਰਜਣਾ’ ਦੁਆਰਾ ਪੰਜਾਬੀ ਵਿੱਚ ਅਨੇਕਾਂ ਲੇਖਕ ਪੈਦਾ ਕੀਤੇ, ਅਨੇਕਾਂ ਲੇਖਕਾਂ ਨੂੰ ਥਿੜਕਣ ਤੋਂ ਬਚਾਇਆ।

Advertisement

ਡਾ. ਰਘਬੀਰ ਸਿੰਘ ਨੇ ਪੁਰਸਕਾਰ ਸਵੀਕਾਰ ਕਰਦਿਆਂ ਸਭਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਕਬਾਲ ਅਰਪਨ, ਸਭਾ ਦੇ ਬਾਨੀਆਂ ਕੇਸਰ ਸਿੰਘ ਨੀਰ, ਇਕਬਾਲ ਖਾਨ ਅਤੇ ਸਤਨਾਮ ਢਾਅ ਨਾਲ ਲੰਬੇ ਸਮੇਂ ਤੋਂ ਰਹੀ ਗੂੜ੍ਹੀ ਸਾਂਝ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸਭਾਵਾਂ ਪੰਜਾਬੀ ਬੋਲੀ ਅਤੇ ਸਾਹਿਤਕ ਸਿਰਜਣਾ ਨੂੰ ਪ੍ਰਫੁੱਲਤ ਕਰਨ ਵਿੱਚ ਚੰਗਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਨੇ ਆਪਣੇ ਨਾਲ ਆਏ ਨਾਮਵਰ ਸਾਹਿਤਕਾਰਾਂ ਡਾ. ਸਾਧੂ ਸਿੰਘ ਬਿਨਿੰਗ, ਸੁਖਵੰਤ ਹੁੰਦਲ ਅਤੇ ਕਹਾਣੀਕਾਰ ਹਰਪ੍ਰੀਤ ਸੇਖਾ ਦੇ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਸਾਂਝ ਪਾਈ।

Advertisement

ਸਤਨਾਮ ਢਾਅ ਨੇ ਡਾ. ਰਘਬੀਰ ਸਿੰਘ ਦੀਆਂ ਉਪਲੱਬਧੀਆਂ ਦਾ ਸੰਖੇਪ ਬਿਉਰਾ ਦਿੰਦਿਆਂ ਅਤੇ ਉਨ੍ਹਾਂ ਦੁਆਰਾ ਸਰਕਾਰੀ ਦਮਨਕਾਰੀ ਨੀਤੀਆਂ ਅਤੇ ਮੁਸ਼ਕਲ ਹਾਲਤਾਂ ਵਿੱਚ ਵੀ ਨਿਰਪੱਖ ਪੱਤਰਕਾਰੀ ਉੱਪਰ ਨਿੱਡਰਤਾ ਨਾਲ ਪਹਿਰਾ ਦੇਣ ਦੀ ਜੁਰੱਅਤ ਨੂੰ ਸਲਾਹਿਆ। ਉਨ੍ਹਾਂ ਨੇ ‘ਸਿਰਜਣਾ’ ਪਰਚੇ ਦੀ ਪੰਜਾਬੀ ਸਾਹਿਤ ਵਿੱਚ ਮਹੱਤਤਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਨਿਰਪੱਖ ਅਤੇ ਇਮਾਨਦਾਰੀ ਨਾਲ ਮੁਲਾਂਕਣ ਕਰਕੇ ਸਾਹਿਤ ਕਿਰਤਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ।

ਸਾਧੂ ਬਿਨਿੰਗ ਨੇ ਬੀ.ਸੀ. ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਏ ਜਾਣ ਦੀ ਮਾਨਤਾ ਬਾਰੇ ਦੱਸਿਆ। ਪੰਜਾਬੀ ਦੇ ਪਰਸਾਰ ਲਈ ਹੋਰ ਯਤਨ ਕਰਨ ਦੀ ਲੋੜ ਜਤਾਈ। ਉਨ੍ਹਾਂ ਨੇ ਪੰਜਾਬੀ ਮਾਪਿਆਂ ਦੀ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਨਾ ਜੋੜਨ ਦੀ ਅਣਗਹਿਲੀ ਬਾਰੇ ਵੀ ਸੁਚੇਤ ਕੀਤਾ। ਡਾ. ਬਿਨਿੰਗ ਦਾ ਕਹਿਣਾ ਸੀ ਕਿ ਸਰਕਾਰਾਂ ਤਾਂ ਤੁਹਾਡੀ ਬੋਲੀ ਨੂੰ ਸਕੂਲਾਂ ਵਿੱਚ ਪੜ੍ਹਾਉਣ ਲਈ ਮਾਨਤਾ ਦਿੰਦੀਆਂ ਹਨ, ਪਰ ਅੱਜ ਪੰਜਾਬੀ ਮਾਪੇ ਆਪਣੀ ਮਾਂ ਬੋਲੀ ਦੀ ਮਹਾਨਤਾ ਨੂੰ ਅੱਖੋਂ-ਪਰੋਖੇ ਕਰਦੇ ਹਨ ਤਾਂ ਦੋਸ਼ ਸਰਕਾਰਾਂ ਨੂੰ ਨਹੀਂ, ਸਾਨੂੰ ਪੰਜਾਬੀਆਂ ਨੂੰ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡੀਅਨ ਸਰਕਾਰ ਕੋਲੋਂ ਪੰਜਾਬੀ ਨੂੰ ਤੀਸਰੀ ਬੋਲੀ ਵਜੋਂ ਮਾਨਤਾ ਦੁਆਉਣ ਲਈ ਆਪਣੇ ਫ਼ਰਜ਼ਾਂ ਨੂੰ ਪਛਾਣੋ। ਪਰਮਵੀਰ ਬਾਠ ਨੇ ਕਿਹਾ ਕਿ ਸਾਨੂੰ ਆਪਣੇ ਰੁਝੇਵਿਆਂ ਅਤੇ ਸਰੋਕਾਰਾਂ ਵਿੱਚੋਂ ਰਤਾ ਬਾਹਰ ਆ ਕੇ ਆਪਣੀ ਬੋਲੀ ਅਤੇ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਐਡਮਿੰਟਨ ਤੋਂ ਜਸਬੀਰ ਦਿਉਲ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਗਵਾਈ।

ਰਚਨਾਵਾਂ ਦੇ ਦੌਰ ਵਿੱਚ ਲਹਿੰਦੇ ਪੰਜਾਬ ਤੋਂ ਮੁਨੱਵਰ ਅਹਿਮਦ, ਜਰਨੈਲ ਤੱਗੜ, ਸੋਹਣ ਸਿੰਘ ਭੁੱਚੋ, ਚਰਨਦੀਪ ਕੌਰ ਅਤੇ ਸਤਿੰਦਰ ਕੌਰ ਨੇ ਕਵਿਤਾਵਾਂ ਸੁਣਾਈਆਂ। ਸੁਰਿੰਦਰ ਗੀਤ ਨੇ ਆਪਣੀ ਗ਼ਜ਼ਲ ਤਰੱਨਮ ਵਿੱਚ ਪੇਸ਼ ਕੀਤੀ, ਸੁਖਮੰਦਰ ਗਿੱਲ, ਡਾ. ਜੋਗਾ ਸਿੰਘ ਸਹੋਤਾ, ਡਾ. ਮਨਮੋਹਨ ਬਾਠ ਅਤੇ ਭੂਪਿੰਦਰ ਸਿੰਘ ਭਾਗੋਮਾਜਰਾ ਨੇ ਗੀਤਾਂ ਦੀ ਛਹਿਬਰ ਲਾਈ। ਕਵੀਸ਼ਰੀ ਪਰੰਪਰਾ ਨੂੰ ਜੀਵਤ ਰੱਖਣ ਲਈ ਯਤਨਸ਼ੀਲ ਜਸਵੰਤ ਸਿੰਘ ਸੇਖੋਂ, ਸਰੂਪ ਸਿੰਘ ਮੰਡੇਰ ਅਤੇ ਸੁਖਵਿੰਦਰ ਤੂਰ ਨੇ ਕਵੀਸ਼ਰੀ ਗਾ ਕੇ ਅਖਾੜੇ ਦਾ ਮਾਹੌਲ ਸਿਰਜਿਆ। ਹਸਾਉਣ ਦਾ ਕੰਮ ਤਾਂ ਤਰਲੋਕ ਚੁੱਘ ਨੇ ਕਰਨਾ ਹੀ ਸੀ। ਅਗਲੀ ਪੀੜ੍ਹੀ ਪੰਜਾਬੀ ਮਾਂ ਬੋਲੀ ਨਾਲ ਜੁੜਨ ਦਾ ਸਬੂਤ ਦਿੰਦਿਆਂ ਬੱਚਿਆਂ ਨੇ ਖ਼ਾਸ ਦਿਲਚਸਪੀ ਦਿਖਾਈ। ਬੱਚਿਆਂ ਦੀਆਂ ਪੇਸ਼ਕਾਰੀਆਂ ਵਿੱਚ ਸੋਨਮ, ਜਸਮੀਨ, ਮਾਹੀ, ਪ੍ਰਭਨੂਰ ਸਿੰਘ, ਇਸ਼ਟਪ੍ਰੀਤ ਸਿੰਘ, ਸੰਜਮਪ੍ਰੀਤ ਸਿੰਘ ਅਤੇ ਅਮਰੀਨ ਕੌਰ ਨੇ ਕਵਿਤਾ ਪਾਠ ਅਤੇ ਕੋਰੀਉਗ੍ਰਾਫ਼ੀ ਦੇ ਹੁਨਰ ਨਾਲ ਦਰਸ਼ਕਾਂ ’ਤੇ ਚੰਗਾ ਅਸਰ ਛੱਡਿਆ।

*ਖ਼ਬਰ ਸਰੋਤ: ਕੈਲਗਰੀ ਅਰਪਨ ਲਿਖਾਰੀ ਸਭਾ, ਕੈਲਗਰੀ

Advertisement
×