ਕਹਾਣੀ ਕੈਲਗਰੀ ਤੋਂ

ਹਸ਼ਰ

ਹਸ਼ਰ

ਗੁਰਚਰਨ ਕੌਰ ਥਿੰਦ

ਸੁਵੱਖਤੇ ਦੀ ਉੱਠੀ ਘਰ ਦਾ ਕੰਮਕਾਰ ਨਿਬੇੜ ਕੇ ਉਹ ਮਸਾਂ ਹੁਣ ਵਿਹਲੀ ਹੋਈ ਹੈ। ਉਹ ਘਰ ਵਿਚ ਇਕੱਲੀ ਹੀ ਹੁੰਦੀ ਹੈ ਅਤੇ ਘਰ ਵੀ ਕੋਈ ਬਹੁਤਾ ਵੱਡਾ ਨਹੀਂ। ਬਸ ਦੋ ਛੋਟੇ ਛੋਟੇ ਕਮਰੇ। ਇਕ ਕਮਰੇ ਦੇ ਅੱਗੇ ਸਬਾਤ ਤੇ ਸਬਾਤ ਦੇ ਨਾਲ ਛੋਟਾ ਜਿਹਾ ਓਟਾ ਕਰਕੇ ਅੰਦਰ ਚੌਂਕਾ ਚੁੱਲ੍ਹਾ। ਕਮਰੇ ਭਾਵੇਂ ਪੱਕੀਆਂ ਇੱਟਾਂ ਦੇ ਛਤੀਰੀਆਂ ਤੇ ਬਾਲਿਆਂ ਵਾਲੀ ਛੱਤ ਵਾਲੇ ਬਣੇ ਹਨ। ਪਰ ਉਂਜ ਜਰਜ਼ਰੇ ਹੋਏ ਪਏ ਹਨ। ਵਰ੍ਹਿਆਂ ਪਹਿਲਾਂ ਦਾ ਸੀਮਿੰਟ ਥਾਂ ਥਾਂ ਤੋਂ ਭੁਰ ਭੁਰ ਪੈਂਦਾ ਹੈ। ਸਬਾਤ ਕੱਚੀ ਹੈ, ਪਰ ਸੋਹਣੀ ਲਿੰਬੀ ਪੋਚੀ ਅਤੇ ਚੌਂਕਾ ਚੁੱਲ੍ਹਾ ਵੀ ਸੁਚੱਜੇ ਹੱਥਾਂ ਨਾਲ ਜਾਲੀਦਾਰ ਓਟੇ ਤੇ ਘੁੱਗੀਆਂ ਪਾ ਕੇ ਬਣਾਇਆ, ਪਾਂਡੂ ਮਿੱਟੀ ਨਾਲ ਪਰੋਲਿਆ ਵਾਹਵਾ ਚਮਕਦਾ ਹੈ। ਸਾਹਮਣੇ ਵਾਲਾ ਕੱਚਾ ਵਿਹੜਾ ਤਾਜ਼ੇ ਗੋਹੇ ਨਾਲ ਪੋਚਿਆ ਉਹਦੀ ਸੁਚੱਜਤਾ ਤੇ ਸੂਝ-ਬੂਝ ਦੀ ਗਵਾਹੀ ਭਰਦਾ ਹੈ।

ਸਵੇਰੇ ਉੱਠ ਨਾਹ ਧੋ ਕੇ ਗੁਰਦੁਆਰੇ ਮੱਥਾ ਟੇਕਣ ਜਾਣਾ ਉਹਦਾ ਨਿੱਤ ਦਾ ਨੇਮ ਹੈ। ਫਿਰ ਪੂਰੇ ਘਰ ਨੂੰ ਸੁੰਭਰਨਾ, ਮੱਝ ਦੀ ਧਾਰ ਕੱਢਣੀ। ਪਿੰਡ ਦੇ ਨਾਲ ਵਾਲੇ ਖੱਤੇ ਵਿਚੋਂ ਮੱਝ ਲਈ ਪੱਠੇ ਲੈਣ ਗਈ ਵਰਤਣ ਜੋਗਾ ਦੁੱਧ ਰੱਖ ਬਾਕੀ ਦਾ ਨਵੀਂ ਖੁੱਲ੍ਹੀ ਡੇਅਰੀ ’ਤੇ ਵੀ ਫੜਾ ਆਉਂਦੀ ਹੈ। ਮੱਝ ਦੇ ਵੰਡ ਵੜੇਂਵੇ ਤੇ ਘਰ ਦੇ ਖ਼ਰਚ ਲਈ ਚਾਰ ਪੈਸੇ ਨਿਕਲ ਆਉਂਦੇ ਨੇ।

“ਕੰਮ ਭਾਵੇਂ ਇਕ ਜੀਅ ਦਾ ਹੋਵੇ ਤੇ ਭਾਵੇਂ ਬਹੁਤਿਆਂ ਦਾ ਕੰਮ ਤਾਂ ਕੰਮ ਹੀ ਹੁੰਦੇ ਨੇ। ਇਕ ਫੜ ਇਕ ਛੱਡ ਕਰਦਿਆਂ ਹੀ ਚੰਗਾ ਕੁਵੇਲਾ ਹੋ ਜਾਂਦਾ।” ਸੋਚਦੀ ਨੇ ਸਿਰ ਉੱਪਰ ਲਏ ਮਲਮਲ ਦੇ ਲੀੜੇ ਨਾਲ ਮੂੰਹ ਪੂੰਝਿਆ। ਢਿੱਡ ਵਿਚ ਖੋਹ ਜਿਹੀ ਪਈ ਤਾਂ ਉਹ ਸਬਾਤ ਵਿਚ ਜਾ ਪਿੱਤਲ ਦੀ ਥਾਲੀ ਵਿਚ ਦੋ ਕੁ ਮੁੱਠਾਂ ਆਟਾ ਪਾ ਮਧੋਲਣ ਲੱਗ ਪਈ। ਥੋੜ੍ਹਾ ਜਿਹਾ ਆਟਾ ਭੁੜਕ ਕੇ ਪਰ੍ਹਾਂ ਜਾ ਪਿਆ ਤਾਂ ਉਹਦਾ ਅੰਦਰ ਮੁਸਕਰਾਇਆ, ‘ਖਵਰੇ ਕੋਈ ਪ੍ਰਾਹੁਣਾ ਆਊ ਅੱਜ’ ਉਹਦੀ ਬੇਬੇ ਕਹਿੰਦੀ ਹੁੰਦੀ ਸੀ ਜੇ ਆਟਾ ਭੁੜਕੇ ਤਾਂ ਪ੍ਰਾਹੁਣਾ ਆਉਣ ਦਾ ਸੰਕੇਤ ਹੁੰਦਾ। ‘ਮੇਰੇ ਘਰ ਕੀਹਨੇ ਆਉਣਾ?’ ਸੋਚ ਉਹਦਾ ਮਨ ਬੁਝ ਗਿਆ। ਉਸ ਆਟਾ ਚੁੱਕ ਪਰ੍ਹਾਂ ਵਗਾਹ ਮਾਰਿਆ।

“ਚੰਦਰਾ! ਜਿਸ ਦਿਨ ਦਾ ਗਿਆ ਘਰ ਦੀ ਰੌਣਕ ਵੀ ਨਾਲ ਹੀ ਲੈ ਗਿਆ।” ਉਸ ਨੇ ਡੂੰਘਾ ਸਾਹ ਭਰਿਆ। ਉਹਦੇ ਘਰਵਾਲੇ ਨੂੰ ਗੁਜ਼ਰੇ ਕਈ ਵਰ੍ਹੇ ਹੋ ਗਏ ਸਨ। ਉਂਜ ਤਾਂ ਭਲਾ ਬੰਦਾ ਸੀ ਜਗਤਾਰ ਸਿੰਹੁ, ਪਰ ਸ਼ਰਾਬ ਲੈ ਕੇ ਬਹਿ ਗਈ ਚੰਦਰੇ ਨੂੰ! ਭਰਾਵਾਂ ਨਾਲ ਵੰਡੇ ਆਉਂਦੀ ਪੰਜ ਕਿੱਲਿਆਂ ਦੀ ਮਾਲਕੀ ਸੀ। ਦੋ ਕਿੱਲੇ ਤਾਂ ਉਸ ਨੇ ਬੇਗਾਨਿਆਂ ਨਾਲ ਰਲ ਬੋਤਲਾਂ ਦੇ ਢਿੱਡ ਵਿਚ ਪਾ ਦਿੱਤੇ। ਇਕ ਦਿਨ ਡੂੰਘੇ ਹਨੇਰੇ ਘਰ ਨੂੰ ਮੁੜਦਾ ਸੀ, ਪਤਾ ਨਹੀਂ ਡੱਕੋ-ਡੋਲੇ ਖਾਂਦਾ ਆਪੇ ਡਿੱਗ ਪਿਆ ਜਾਂ ਕੋਈ ਫੇਟ ਮਾਰ ਗਿਆ। ਸਾਰੀ ਰਾਤ ਸੜਕ ’ਤੇ ਪਿਆ ਰਿਹਾ। ਸਵੇਰੇ ਕਿਸੇ ਰਾਹ ਜਾਂਦੇ ਆ ਖ਼ਬਰ ਸੁਣਾਈ।

ਪਿੱਟ ਪਿੱਟ ਹਾਲੋ ਬੇਹਾਲ ਹੋਈ ਦੇ ਸਿਰ ’ਤੇ ਹੱਥ ਰੱਖ ਕਿਸੇ ਸਿਆਣੀ ਨੇ ਕਿਹਾ, “ਸਬਰ ਕਰ ਧੀਏ! ਰੱਬ ਦੀ ਕਰਨੀ ਨੂੰ ਕੌਣ ਮੋੜ ਸਕਦਾ? ਆਹ ਜਵਾਕ ਦੇ ਮੂੰਹ ਵੱਲ ਵੇਖ ਕਿਵੇਂ ਡਿੰਬਰਿਆ ਖਲੋਤਾ!” ਤਾਂ ਉਹ ਕੋਲ ਖੜ੍ਹੇ ਦਸ ਕੁ ਸਾਲ ਦੇ ਆਪਣੇ ਸੇਮੇ ਨੂੰ ਗਲ਼ ਨਾਲ ਲਾ ਭੁੱਬੀਂ ਰੋ ਪਈ ਸੀ।

“ਉਹ ਵੀ ਚੰਦਰਾ ਨਾ ਹੋਇਆਂ ਵਰਗਾ! ਪਤਾ ਨੀਂ ਕਿੱਥੇ ਕਿੱਥੇ ਖੇਹ ਖਾਂਦਾ ਫਿਰਦਾ। ਹੈ ਉਹਨੂੰ ਘਰ ਦਾ ਜਾਂ ਆਪਣੀ ਮਾਂ ਦਾ ਫ਼ਿਕਰ! ਹਫ਼ਤਾ ਹੋ ਗਿਆ ਘਰੋਂ ਉੱਜੜੇ ਨੂੰ।” ਸੋਚ ਉਹਦੀਆਂ ਅੱਖਾਂ ਡੁੱਲ੍ਹ ਪਈਆਂ, “ਜਦੋਂ ਇਹ ਜੰਮਿਆ ਤਾਂ ਕਿੰਨਾ ਖੁਸ਼ ਸੀ ਇਹਦਾ ਭਾਪਾ। ਕਹਿੰਦਾ ਇਹ ਸਾਡਾ ਤਰਸੇਵੇਂ ਦਾ ਪੁੱਤ ਆ, ਮੈਂ ਇਹਦਾ ਨਾਂ ਤਰਸੇਮ ਰੱਖਣਾ।”

“ਆਹ ਵੇਖ ਲਾ ਆਪਣੇ ਤਰਸੇਵੇਂ ਦੇ ਪੁੱਤ ਦਾ ਹਾਲ। ਤੇਰੇ ਰਾਹਾਂ ’ਤੇ ਚੱਲ ਪਿਆ। ਪਤਾ ਨੀਂ ਕੀ ਖੇਹ ਸਵਾਹ ਖਾਂਦਾ ਫਿਰਦਾ।” ਉਹ ਆਟੇ ਦਾ ਪਿੰਨਾ ਜਿਹਾ ਬਣਾਉਂਦੀ ਮਰ ਗਏ ਨੂੰ ਜੀਂਦੇ ਜਾਗਦੇ ਗਰਕ ਗਏ ਦਾ ਉਲ੍ਹਾਮਾ ਦੇਂਦੀ ਫਿਸ ਹੀ ਪਈ। ਉਸ ਨੇ ਚੁੱਲ੍ਹੇ ਵਿਚ ਅੱਗ ਬਾਲ ਚਾਹ ਦਾ ਕੱਪ ਬਣਾਇਆ ਤੇ ਦੋ ਰੋਟੀਆਂ ਲਾਹ ਲੂਣ ਭੁੱਕ ਕੇ ਢਿੱਡ ਨੂੰ ਝੁਲਕਾ ਦੇ ਲਿਆ।

ਉਹ ਧੋਤੇ ਭਾਂਡੇ ਸਬਾਤ ਵਿਚ ਟਿਕਾ ਕੇ ਮੁੜੀ ਹੀ ਸੀ ਕਿ ਢੁੱਕੇ ਦਰਵਾਜ਼ੇ ਨੂੰ ਠੋਕਰ ਮਾਰ ਫਿੱਟ ਫਿੱਟ ਕਰਦਾ ਮੋਟਰਸਾਈਕਲ ਵਿਹੜੇ ਵਿਚ ਆ ਵੜਿਆ। ਉਸ ਨੇ ਤ੍ਰਭਕ ਕੇ ਪਿੱਛਾ ਭਉਂ ਕੇ ਵੇਖਿਆ। ਸੇਮਾ ਸੀ। ਨਾਲ ਦੋ ਜਣੇ ਹੋਰ। ਸੇਮਾ ਮੋਟਰਸਾਈਕਲ ਖੜ੍ਹਾ ਕਰ ਬਿਨਾਂ ਮਾਂ ਨੂੰ ਸੱਤ ਕੁਸੱਤ ਕੀਤੇ ਆਪਣੇ ਲੰਗੋਟੀਆਂ ਨੂੰ ਨਾਲ ਲੈ ਅੰਦਰ ਜਾ ਵੜਿਆ। ਉਹ ਕਿੰਨਾ ਚਿਰ ਉਡੀਕਦੀ ਰਹੀ ਕਿ ਕਦੋਂ ਸੇਮਾ ਬਾਹਰ ਆਉਂਦਾ। ਹਾਰ ਕੇ ਜਦੋਂ ਬੂਹਾ ਧੱਕ ਕੇ ਅੰਦਰ ਝਾਤੀ ਮਾਰੀ ਤਾਂ ਤਿੰਨੇ ਬੈੱਡ ’ਤੇ ਲੰਮ-ਲੇਟ ਹੋਏ ਪਏ ਸਨ।

“ਖਵਰੇ ਕਿੱਥੋਂ ਆਏ ਆ ਡੱਫ ਕੇ!” ਸੋਚ ਉਹ ਪਿਛਲੇ ਪੈਰੀਂ ਮੁੜ ਪਈ। “ਉੱਠ ਕੇ ਰੋਟੀ ਲਈ ਝੰਜੂ ਪਾਊਗਾ” ਸੋਚ ਉਸ ਨੇ ਚੁੱਲ੍ਹੇ ’ਤੇ ਛੋਲਿਆਂ ਦੀ ਦਾਲ ਰੱਖ ਦਿੱਤੀ। ਵਿਹੜੇ ਵਿਚ ਬੀਜੀ ਕੱਦੂਆਂ ਦੀ ਵੱਲ ਤੋਂ ਕੱਦੂ ਲਾਹ ਦਾਲ ਵਿਚ ਕੱਦੂ ਪਾ ਦਿੱਤਾ ਅਤੇ ਆਪ ਖੱਡੀ ’ਤੇ ਲਾਈ ਦਰੀ ਬੁਣਨ ਬਹਿ ਗਈ। ਰੰਗ ਬਿਰੰਗੇ ਸੂਤ ਦੇ ਗੋਲਿਆਂ ਨਾਲ ਬੁਣੀ ਬੂਟਿਆਂ ਵਾਲੀ ਦਰੀ ਦਾ ਥੋੜ੍ਹਾ ਜਿਹਾ ਹਿੱਸਾ ਹੀ ਪੂਰਾ ਕਰਨ ਵਾਲਾ ਰਹਿ ਗਿਆ ਸੀ।

“ਪਿੰਡ ਪੜ੍ਹਦੇ ਸੇਮੇ ਦਾ ਕਦੇ ਉਲ੍ਹਾਮਾ ਨਹੀਂ ਆਇਆ ਸੀ। ਮਾਸਟਰ ਕਹਿੰਦੇ ਹੁੰਦੇ ਸੀ ਭਈ ਪੜ੍ਹਨ ਵਿਚ ਵੀ ਹੁਸ਼ਿਆਰ ਆ। ਪਿੰਡ ਦੇ ਸਕੂਲ ਦੀਆਂ ਅੱਠ ਪਾਸ ਕਰ ਨਾਲ ਦੇ ਪਿੰਡ ਦੇ ਵੱਡੇ ਸਕੂਲ ਵਿਚ ਦਾਖਲ ਕਰਵਾ ਕੇ ਆਈ ਤਾਂ ਸੋਚਿਆ ਖਵਰੇ ਮੇਰੇ ਦਿਨ ਵੀ ਬਦਲ ਜਾਣਗੇ। ਪਰ ਮੇਰੀ ਐਨੀ ਕਿਸਮਤ ਕਿੱਥੇ! ਪਤਾ ਨਹੀਂ ਕੀਹਦੀ ਬਹਿਣੀ ਬਹਿ ਗਿਆ। ਨਿੱਤ ਸਕੂਲੋਂ ਆਏ ਉਲ੍ਹਾਮੇ ਸੁਣ ਮੱਥਾ ਫੜਕੇ ਬਹਿ ਜਾਂਦੀ। ਕਿਹੜੀ ਵਹਿਬਤ ਆ ਜਿਹੜੀ ਇਹਨੂੰ ਨਾ ਚਿੰਬੜੀ ਹੋਵੇ। ਸਿਗਰਟ ਸ਼ਰਾਬ ਤੇ ਹੋਰ ਪਤਾ ਨੀਂ ਕਿਹੜੀਆਂ ਚੰਦਰੀਆਂ ਪੁੜੀਆਂ ਦਾ ਨਸ਼ਾ ਕਰਨ ਲੱਗ ਪਿਆ। ਪਹਿਲਾਂ ਪੈਸਿਆਂ ਲਈ ਸੌ ਸੌ ਝੂਠ ਬੋਲਦਾ ਰਿਹਾ ਤੇ ਫਿਰ ਸ਼ਰੇਆਮ ਮੈਨੂੰ ਡਰਾ ਧਮਕਾ ਕੇ ਲੈਣ ਲੱਗ ਪਿਆ। ਬਾਅਦ ਵਿਚ ਧੋਲ-ਧੱਪਾ ਕਰਕੇ ਖੋਹ-ਖਿੱਚ ਕਰਨ ਲੱਗ ਪਿਆ। ਆਹ ਮੋਟਰਸਾਈਕਲ ਲੈਣ ਲਈ ਤਾਂ ਮੇਰੇ ਗਲ਼ ਵਿਚ ’ਗੂਠਾ ਦੇਣ ਤਕ ਆ ਗਿਆ। ਕਿੱਲਾ ਜ਼ਮੀਨ ਦਾ ਬਿਲੇ ਲਾ ਦਿੱਤਾ ਇਸ ਸਭ ਖਾਤਰ। ਆਹ ਨਸ਼ੇੜੀ ਯਾਰ ਬੇਲੀਆਂ ਨੂੰ ਨਾਲ ਲਈ ਰਾਠ ਬਣਿਆ ਗਲੀਆਂ ਕੱਛਦਾ ਫਿਰਦਾ ਰਾਤ ਦਿਨ। ਮੈਨੂੰ ਤਾਂ ਜ਼ੁਬਾਨ ਸਾਂਝੀ ਕਰਨ ਦਾ ਭਾਅ ਭਾੜਾ ਨੀਂ ਇਹਦੇ ਨਾਲ!” ਉਹ ਅੰਦਰ ਨਸ਼ੇ ਵਿਚ ਧੁੱਤ ਪਏ ਪੁੱਤ ਦੀਆਂ ਨਲਾਇਕੀਆਂ ਨਾਲ ਦੋ ਚਾਰ ਹੁੰਦੀ ਵਾਹੋਦਾਹੀ ਧਾਗੇ ਉੱਪਰ ਹੇਠਾਂ ਕਰਦੀ ਦਰੀ ਦਾ ਰਹਿ ਗਿਆ ਹਿੱਸਾ ਪੂਰਾ ਕਰਨ ਲਈ ਹੱਥ ਚਲਾ ਰਹੀ ਸੀ।

ਗਵਾਂਢੀਆਂ ਦੀ ਗੁੱਡੇ ਦੇ ਵਿਆਹ ਵਿਚ ਥੋੜ੍ਹੇ ਦਿਨ ਰਹਿ ਗਏ ਸਨ ਅਤੇ ਉਹਨੇ ਇਹ ਦਰੀ ਦਾਜ ਵਿਚ ਲੈ ਕੇ ਜਾਣੀ ਹੈ। ਆਪਣੇ ਲਈ ਤਾਂ ਹੁਣ ਉਹਨੇ ਕੀ ਬੁਣਨੀਆਂ ਨੇ ਦਰੀਆਂ, ਇੰਜ ਜਿਹਨੂੰ ਕਿਸੇ ਨੂੰ ਲੋੜ ਹੋਵੇ ਉਹਦੀ ਲਈ ਬੁਣ ਦੇਂਦੀ ਏ। “ਵਿਹਲੀ ਵੀ ਕੀ ਕਰਨਾ ਮੈਂ? ਰੁਝੇਵਾਂ ਤਾਂ ਚਲੋ ਹੈ ਹੀ, ਨਾਲੇ ਚਾਰ ਪੈਸੇ ਬਣ ਜਾਂਦੇ ਨੇ। ਕਰੇ ਬਿਨਾਂ ਸਰਦਾ ਵੀ ਨਹੀਂ। ਆਹ ਚੰਦਰਾ ਜਦੋਂ ਆ ਜਾਵੇ, ਸਾਰੇ ਖਲ਼-ਖੂੰਜੇ ਫੋਲ ਮੈਨੂੰ ਹੱਥਲ ਕਰ ਜਾਂਦਾ।” ਉਸ ਨੇ ਕੌੜਾ ਥੁੱਕ ਨਿਗਲਿਆ।

ਨਾਲ ਦੇ ਕਮਰੇ ਵਿਚ ਹਿਲਜੁਲ ਹੋਈ। ਉਸ ਨੇ ਵੇਖਿਆ ਸੇਮਾ ਬਾਹਰ ਆਇਆ ਤੇ ਉਸ ਨੇ ਚੁੱਲ੍ਹੇ ’ਤੇ ਰੱਖੀ ਤੌੜੀ ਦੀ ਚੱਪਣੀ ਚੁੱਕ ਵੇਖਿਆ। ਵੱਡਾ ਕੌਲਾ ਦਾਲ ਦਾ ਭਰ ਕੇ ਅੰਦਰ ਲੈ ਗਿਆ ਤੇ ਮੁੜ ਪਾਣੀ ਦਾ ਜੱਗ ਤੇ ਗਲਾਸ ਲੈਣ ਆ ਗਿਆ। “ਹੁਣ ਫਿਰ ਡੱਫਣਗੇ” ਉਹ ਫੁਸਫੁਸਾਈ। ਰਹਿ ਗਏ ਧਾਗੇ ਪਾ ਉਸ ਨੇ ਫੁੱਲ ਦੀ ਪੱਤੀ ਪੂਰੀ ਕੀਤੀ। ਧਾਗਿਆਂ ਦੀਆਂ ਗੁੱਛੀਆਂ ਬਣਾ ਅੱਡੇ ਦੇ ਇਕ ਪਾਸੇ ਰੱਖ ਉੱਠ ਕੇ ਆਟਾ ਗੁੰਨ੍ਹਿਆਂ ਤੇ ਚੁੱਲ੍ਹੇ ਵਿਚ ਅੱਗ ਬਾਲ ਤਵਾ ਰੱਖ ਦਿੱਤਾ। ਰੋਟੀਆਂ ਲਾਹ ਕੇ ਛਾਬੇ ਵਿਚ ਰੱਖੀ ਗਈ। ਸੇਮਾ ਆਇਆ ਅਤੇ ਬਿਨਾਂ ਪੁੱਛੇ ਦੱਸੇ ਛਾਬੇ ਵਿਚੋਂ ਰੋਟੀਆਂ ਚੁੱਕੀਆਂ ਤੇ ਦਾਲ ਪਾ ਕੇ ਲੈ ਗਿਆ।

ਦੂਜੇ ਗੇੜੇ ਆਇਆ ਤਾਂ ਰੋਟੀਆਂ ਲੱਥਣ ਦੀ ਉਡੀਕ ਕਰਦਾ ਉੱਥੇ ਖੜੋ ਗਿਆ ਅਤੇ ਉਹਦੇ ਵੱਲ ਵੇਖਣ ਲੱਗ ਪਿਆ। ਪੰਜਾਹਵਿਆਂ ਨੂੰ ਢੁੱਕੀ, ਖਿੱਚੜੀ ਵਾਲ, ਲੋੜਾਂ ਥੋੜ੍ਹਾਂ ਦੀ ਮਾਰੀ ਉਹਦੀ ਦੇਹ ਚੁੱਲ੍ਹੇ ਦੀ ਬਲਦੀ ਅੱਗ ਦੇ ਚਾਨਣੇ ਸੇਕ ਵਿਚ ਤਾਂਬੇ ਰੰਗੀ ਭਾਹ ਮਾਰਦੀ ਲੱਗਦੀ ਸੀ। ਉਹ ਕਿੰਨੀ ਦੇਰ ਉਹਦੇ ਖੁੱਲ੍ਹੇ ਗਲ਼ਮੇ ਅੰਦਰ ਝਾਕੀ ਗਿਆ। ਜਿਵੇਂ ਉਹਦੇ ਅੰਦਰਲੀ ਮਾਂ ਨੂੰ ਮਨਫ਼ੀ ਕਰ ਉਹ ਇਕ ਔਰਤ ਨੂੰ ਲਲਚਾਈਆਂ ਅੱਖਾਂ ਨਾਲ ਧੁਰ ਅੰਦਰ ਤਕ ਘੋਖ ਰਿਹਾ ਹੋਵੇ। ਉਸ ਨੇ ਉਹਦੀਆਂ ਨਿਗਾਹਾਂ ਨੂੰ ਭਾਂਪ ਸਿਰ ਦਾ ਲੀੜਾ ਠੀਕ ਕਰਨ ਦੇ ਬਹਾਨੇ ਪੱਲਾ ਖਿੱਚ ਕੇ ਗਲ਼ ਤੋਂ ਹੇਠਾਂ ਕਰ ਲਿਆ ਅਤੇ ਰੋਟੀਆਂ ਵਾਲਾ ਛਾਬਾ ਉਹਦੇ ਵੱਲ ਧੱਕ ਦਿੱਤਾ। ਉਸ ਨੇ ਰੋਟੀਆਂ ਚੁੱਕੀਆਂ ਤੇ ਚਲਾ ਗਿਆ।

ਚੌਂਕਾ ਚੁੱਲ੍ਹਾ ਸਾਂਭ ਉਹ ਉਨ੍ਹਾਂ ਲਈ ਸੰਦੂਕ ਵਿਚੋਂ ਖੇਸ ਕੱਢਣ ਗਈ ਤਾਂ ਸੇਮਾ ਵੀ ਉਹਦੇ ਪਿੱਛੇ ਪਿੱਛੇ ਅੰਦਰ ਆ ਗਿਆ ਅਤੇ ਸੰਦੂਕ ’ਤੇ ਝੁਕੀ ਨੂੰ ਪਿੱਛੋਂ ਜਾ ਜੱਫਾ ਮਾਰਿਆ। ਉਸ ਨੇ ਝਟਕੇ ਨਾਲ ਪਿੱਛੇ ਭਉਂ ਕੇ ਵੇਖਿਆ।

“ਸੇਮੇ ਤੂੰ!... ਛੱਡ ਦੇ ਮੈਨੂੰ!” ਉਸ ਨੇ ਚੀਕ ਕੇ ਆਖਿਆ ਤੇ ਉਹਦੀ ਪਕੜ ਵਿਚੋਂ ਛੁੱਟਣ ਲਈ ਹੱਥ ਪੈਰ ਮਾਰਨ ਲੱਗੀ।

“ਵੇ ਚੰਦਰਿਆ! ਪੈਸੇ ਚਾਹੀਦੇ ਆ ਤੈਨੂੰ। ਮੈਂ ਦੇ ਦੇਨੀ ਆਂ। ਛੱਡ ਮੈਨੂੰ! ਤੂੰ ਮੇਰੀ ਜਾਨ ਲੈਣੀ ਆ ਵੇ ਪਾਪੀਆ!” ਉਹ ਹਾੜੇ ਕੱਢਦੀ ਛਟਪਟਾ ਰਹੀ ਸੀ। ਪਰ ਸੇਮੇ ਦੀ ਪਕੜ ਹੋਰ ਮਜ਼ਬੂਤ ਹੁੰਦੀ ਗਈ ਤੇ ਉਹ ਉਹਨੂੰ ਬੁਰੀ ਤਰ੍ਹਾਂ ਮਸਲਣ ਲੱਗ ਪਿਆ। ਉਹਦੇ ਬਦਲੇ ਤੌਰ ਵੇਖ ਉਹ ਜਿਵੇਂ ਪਥਰਾ ਗਈ। ਉਹਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਅਤੇ ਉਹ ਧੜੰਮ ਭੁੰਜੇ ਜਾ ਪਈ। ਉਸ ਤੋਂ ਬਾਅਦ ਜੋ ਭਾਣਾ ਵਾਪਰਿਆ ਉਹ ਹੀ ਜਾਣਦੀ ਏ ਜਾਂ ਉਹਦਾ ਰੱਬ!...

ਉਹ ਹਸਪਤਾਲ ਦੇ ਮੰਜੇ ’ਤੇ ਪਈ ਸੀ। ਥਾਂ ਥਾਂ ਪੱਟੀਆਂ ਬੱਝੀਆਂ ਸਨ ਅਤੇ ਅੰਗ ਅੰਗ ਚੀਸਾਂ ਮਾਰ ਰਿਹਾ ਸੀ। ਉਹ ਨਿਰਜਿੰਦ ਜਿਹੀ ਪਈ ਸੁੰਨੀਆਂ ਅੱਖਾਂ ਨਾਲ ਛੱਤ ਵੱਲ ਘੂਰ ਰਹੀ ਸੀ। ਨਰਸਾਂ ਆਈਆਂ। ਡਾਕਟਰ ਆਏ। ਪੁਲੀਸ ਆਈ।

“ਬੀਬੀ, ਤੇਰਾ ਨਾਂ ਕੀ ਏ? ਤੇਰਾ ਘਰ ਕਿੱਥੇ ਐ?”

“ਤੇਰੇ ਨਾਲ ਇਹ ਭਾਣਾ ਕੀਹਨੇ ਵਰਤਾਇਆ?”

“ਤੈਨੂੰ ਲਹੂ-ਲੁਹਾਨ ਅਧਮੋਈ ਨੂੰ ਝਾੜੀਆਂ ਵਿਚ ਕੌਣ ਸੁੱਟ ਗਿਆ?”

“ਜੋ ਵੀ ਤੈਨੂੰ ਯਾਦ ਹੈ ਬੀਬੀ ਦੱਸ।”

“ਬੀਬੀ, ਜੇ ਤੂੰ ਕੁੱਝ ਦੱਸੇਂਗੀ ਨਹੀਂ ਤਾਂ ਅਸੀਂ ਦੋਸ਼ੀਆਂ ਨੂੰ ਕਿਵੇਂ ਲੱਭਾਂਗੇ?”

ਉਹ ਸਭ ਕੁਝ ਸੁਣਦੀ ਹੋਈ ਵੀ ਬਾਉਰਿਆਂ ਵਾਂਗ ਝਾਕਦੀ ਅਹਿਲ ਲੇਟੀ ਰਹਿੰਦੀ। ਤੇ ਆਖਰ ਇਕ ਦਿਨ ਉਸ ਦੇ ਬੁੱਲ੍ਹ ਹਿੱਲੇ ਤੇ ਉਹ ਧੀਮੀ ਆਵਾਜ਼ ਵਿਚ ਕੁਝ ਫੁਸਫੁਸਾਈ। ਪਰ ਕਿਸੇ ਦੇ ਪੱਲੇ ਕੁਝ ਨਹੀਂ ਪਿਆ। “ਇਹਨੂੰ ਡੂੰਘਾ ਸਦਮਾ ਲੱਗਾ ਏ। ਇਹਦੀ ਯਾਦਾਸ਼ਤ ਚਲੇ ਗਈ ਲੱਗਦੀ ਏ।” ਆਖ ਸਭ ਨੇ ਗੱਲ ਮੁਕਦੀ ਕਰ ਦਿੱਤੀ।

ਸਰੀਰ ਦੇ ਜ਼ਖ਼ਮ ਠੀਕ ਹੋ ਗਏ ਤਾਂ ਉਸ ਨੂੰ ਦੂਸਰੀ ਜਗ੍ਹਾ ਭੇਜ ਦਿੱਤਾ ਜਿੱਥੇ ਉਹਦੇ ਵਰਗੇ ਲਾਚਾਰ ਤੇ ਲਾਵਾਰਸਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਸੀ। ਉਹ ਕਿਸੇ ਨਾਲ ਬੋਲਦੀ ਚਾਲਦੀ ਨਹੀਂ ਸੀ। ਚੁੱਪ ਚਾਪ ਛੱਤ ਵੱਲ ਦੇਖਦੀ ਮੰਜੇ ’ਤੇ ਪਈ ਰਹਿੰਦੀ। ਕਦੇ ਕਦਾਈਂ ਕੋਈ ਕੋਲੋਂ ਦੀ ਲੰਘਦਾ ਤਾਂ ਉਹਨੂੰ ਇਸ਼ਾਰੇ ਨਾਲ ਕੋਲ ਬੁਲਾ ਬਸ ਇੰਨਾ ਕਹਿੰਦੀ, “ਪੁੱਤ ਨਾ ਜੰਮਿਓ!” ਇਹਦਾ ਦਿਮਾਗ਼ ਹਿੱਲ ਗਿਆ ਏ। ਕਮਲੀ ਹੋ ਗਈ ਏ ਇਹ। ਸਾਰੇ ਇਹੋ ਸੋਚ ਉਸ ਤੋਂ ਪਾਸਾ ਵੱਟ ਜਾਂਦੇ। ਕਈ ਵਰ੍ਹੇ ਲੰਘ ਗਏ। ਹੱਢੀਆਂ ਦੀ ਮੁੱਠ ਹੋਈ ਉਹ ਕਮਲੀ ਜਿੱਧਰ ਨੂੰ ਦਿਲ ਕਰਦਾ ਉੱਠ ਤੁਰਦੀ।

ਥੋੜ੍ਹਾ ਚਿਰ ਹੋਇਆ ਇੱਥੇ ਰਹਿਣ ਵਾਲਿਆਂ ਦੀ ਸਾਂਭ-ਸੰਭਾਲ ਲਈ ਇਕ ਨਵੀਂ ਕੁੜੀ ਆਰਤੀ ਨੇ ਜੁਆਇਨ ਕੀਤਾ ਸੀ। ਇਕ ਦਿਨ ਉਹ ਇਹਦੇ ਬੈੱਡ ਕੋਲੋਂ ਲੰਘੀ ਤਾਂ ਉਹਦੀ ਚੁੰਨੀ ਦਾ ਪੱਲਾ ਫੜ ਫੁਸਫੁਸਾਈ...‘ਪੁੱਤ ਨਾ ਜੰਮਿਓ!’

“ਕੀ ਆਖਿਆ ਤੁਸੀਂ ਮਾਤਾ ਜੀ?” ਉਸ ਨੇ ਪੁੱਛਿਆ ਤਾਂ ਉਹ ਬੇਨੂਰ ਅੱਖਾਂ ਨਾਲ ਅਜੀਬ ਜਿਹਾ ਝਾਕਦੀ ਉਹਦਾ ਹੱਥ ਫੜ ਪਲੋਸਦੀ ਅਟਕ ਅਟਕ ਕੇ ਬੋਲੀ...‘ਪੁੱਤ ਨਾ ਜੰਮਿਓ!’ ਆਰਤੀ ਅੰਦਰੋਂ ਡਰਦੀ ਹੌਲੀ ਜਿਹੀ ਹੱਥ ਛੁਡਾ ਕੇ ਤੁਰਦੀ ਬਣੀ। ਜਦੋਂ ਉਹ ਨਰਸ ਜਸਮੀਤ ਨੂੰ ਮਿਲੀ ਤਾਂ ਉਸ ਨੇ ਇਸ ਔਰਤ ਦੇ ਅਜੀਬ ਜਿਹੇ ਵਤੀਰੇ ਬਾਰੇ ਪੁੱਛਿਆ ਤਾਂ ਜਸਮੀਤ ਨੂੰ ਜਿੰਨੀ ਕੁ ਕਹਾਣੀ ਪਤਾ ਸੀ, ਉਸ ਨੇ ਆਰਤੀ ਨੂੰ ਕਹਿ ਸੁਣਾਈ।

“ਜੱਸੀ, ਮੈਨੂੰ ਲੱਗਦਾ ਕੋਈ ਬਹੁਤੀ ਭਿਆਨਕ ਵਾਰਦਾਤ ਵਾਪਰੀ ਇਸ ਵਿਚਾਰੀ ਨਾਲ!” ਭਾਵੁਕ ਹੋਈ ਆਰਤੀ ਨੇ ਕਿਹਾ। “ਰੱਬ ਈ ਜਾਣਦਾ। ਇਹ ਤਾਂ ਕੁਝ ਦੱਸਣ ਦੇ ਕਾਬਲ ਰਹੀ ਨਹੀਂ” ਆਖ ਜਸਮੀਤ ਆਪਣੇ ਕੰਮ ਜਾ ਲੱਗੀ। ਪਰ ਆਰਤੀ ਦੇ ਅੰਦਰ ਇਕ ਖੁਤਖੁੱਤੀ ਜਿਹੀ ਲੱਗ ਗਈ।

“ਇਹ ਕਿਹੋ ਜਿਹੇ ਦੈਂਤ ਨੇ ਜੋ ਮਾਵਾਂ ਵਰਗੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਦੇ, ਜੁਆਨ ਕੁੜੀਆਂ ਨੂੰ ਤਾਂ ਇਹੋ ਜਿਹਿਆਂ ਨੇ ਛੱਡਣਾ ਹੀ ਕੀ ਏ,” ਸੋਚ ਉਹਦੀਆਂ ਅੱਖਾਂ ਭਰ ਆਈਆਂ।

ਇਕ ਦਿਨ ਉਹੋ ਔਰਤ ਜਿਹਨੂੰ ਸਾਰੇ ‘ਕਮਲੀ’ ਕਹਿੰਦੇ ਸਨ ਬਾਹਰ ਗਰਾਊਂਡ ਵਿਚ ਬੈਂਚ ਦੇ ਇਕ ਕੋਨੇ ’ਤੇ ਲੱਤਾਂ ਵਿਚ ਸਿਰ ਦੇਈ ਬੈਠੀ ਸੀ। ਆਰਤੀ ਨੇ ਵੇਖਿਆ ਤਾਂ ਉਹ ਦੱਬਵੇਂ ਪੈਰੀਂ ਉਹਦੇ ਕੋਲ ਆ ਬੈਠੀ। ਉਸ ਨੇ ਪੋਲੇ ਜਿਹੇ ਉਹਦਾ ਹੱਥ ਫੜ ਆਪਣੇ ਹੱਥਾਂ ਵਿਚ ਘੁੱਟ ਲਿਆ। ਉਹ ਤ੍ਰਭਕੀ।

“ਮਾਤਾ ਜੀ, ਤੁਸੀਂ ਇੱਥੇ ਬੈਠੇ ਓ ਠੰਢ ਵਿਚ” ਆਰਤੀ ਨੇ ਸਹਿਜ ਸੁਰ ਵਿਚ ਕਿਹਾ।

“ਪੁੱਤ ਨਾ ਜੰਮਿਓ!” ਉਸ ਨੇ ਅਜੀਬ ਜਿਹੀ ਤੱਕਣੀ ਨਾਲ ਝਾਕਦਿਆਂ ਆਖਿਆ। ਆਰਤੀ ਹੁਣ ਘਬਰਾਈ ਨਹੀਂ ਸਗੋਂ ਉਹਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਲੈ ਪੋਲੇ ਪੋਲੇ ਪਲੋਸਣ ਲੱਗ ਪਈ।

“ਤੁਹਾਡਾ ਪੁੱਤ ਵੀ ਸੀ। ਕੀ ਹੋਇਆ ਉਸ ਨੂੰ? ਕਿਸੇ ਨੇ ਮਾਰ ਦਿੱਤਾ ਤੁਹਾਡੇ ਪੁੱਤਰ ਨੂੰ?” ਆਰਤੀ ਨੇ ਜਗਿਆਸਾ ਵਸ ਪੁੱਛ ਲਿਆ। ਉਹ ਕਿੰਨਾ ਚਿਰ ਡਿੱਬਰ ਡਿੱਬਰ ਉਹਦੇ ਵੱਲ ਦੇਖਦੀ ਰਹੀ ਤੇ ਫਿਰ ਫੁਸਫੁਸਾਈ, “ਚੰਗਾ ਹੁੰਦਾ ਉਹ ਮਰ ਜਾਂਦਾ!” ਇਹ ਚਾਰ ਸ਼ਬਦ ਹੋਰ ਸਨ ਜੋ ਉਸ ਅਣਹੋਣੀ ਤੋਂ ਬਾਅਦ ਉਸ ਨੇ ਪਹਿਲੀ ਵਾਰ ਬੋਲੇ ਸਨ। ਆਰਤੀ ਦੇ ਮੂੰਹੋਂ ਇਕਦਮ ਨਿਕਲਿਆ, “ਕਿਉਂ?”

“ਉਸ ਨੇ ਮੈਨੂੰ ਮਰਦੀ ਕਰ ਦਿੱਤਾ...ਉਸ ਨੇ ਮੇਰੀ ਦੇਹ ਪਲੀਤ ਕਰ ਦਿੱਤੀ। ਉਸ ਨੇ ਕੁਕਰਮ ਕੀਤਾ ਮੇਰੇ ਨਾਲ...ਆਪਣੀ ਮਾਂ ਨਾਲ! ਉਹਦੇ ਸਾਹਮਣੇ ਉਹਦੇ ਮੁਸ਼ਟੰਡੇ ਯਾਰਾਂ ਨੇ ਮੈਨੂੰ ਕੋਹਿਆ, ਲਹੂ-ਲੁਹਾਨ ਕੀਤਾ। ਅਧਮੋਈ ਨੂੰ ਮੋਈ ਜਾਣ ਮੈਨੂੰ ਅਧਨੰਗੀ ਨੂੰ ਝਾੜੀਆਂ ਵਿਚ ਸੁੱਟ ਆਏ।” ਰੁਕ ਰੁਕ ਕੇ ਬੋਲਦੀ ਉਹ ਆਪਣੇ ਹੱਥ ਛੁਡਾ ਸਿਰ ਦੇ ਵਾਲ ਪੁੱਟਦੀ ਸ਼ੂਟ ਵੱਟ ਅੰਦਰ ਵੱਲ ਨੂੰ ਦੌੜ ਗਈ। ਇਸ ਔਰਤ ਦੇ ਖ਼ੌਫ਼ਨਾਕ ਹਸ਼ਰ ਨੂੰ ਸੁਣ ਆਰਤੀ ਬੈਂਚ ’ਤੇ ਬੁੱਤ ਬਣੀ ਬੈਠੀ ਸਿਸਕੀਆਂ ਭਰਨ ਲੱਗੀ।

“ਆਰਤੀ, ਕੀ ਗੱਲ ਹੋਈ? ਸੁੱਖ ਤਾਂ ਹੈ?” ਉਸ ਨੂੰ ਲੱਭਦੀ ਆਈ ਜੱਸੀ ਨੇ ਉਸ ਨੂੰ ਜੱਫੀ ਵਿਚ ਲੈ ਲਿਆ।

“ਇਸ ਮਾਂ ਨਾਲ ਵੀ ਮੇਰੀ ਭੈਣ ਵਾਲੀ ਹੋਣੀ ਵਾਪਰੀ। ਇਹਦੇ ਪੁੱਤ ਨੇ ਆਪਣੇ ਨਸ਼ੇੜੀ ਯਾਰਾਂ ਨਾਲ ਰਲ ਆਪਣੀ ਮਾਂ ਦਾ ਗੈਂਗ-ਰੇਪ ਕੀਤਾ,” ਕਹਿੰਦਿਆਂ ਅਨੀਤਾ ਭੁੱਬੀਂ ਰੋਣ ਲੱਗ ਪਈ। “ਹੈਂਅ!..” ਜੱਸੀ ਅਵਾਕ ਰਹਿ ਗਈ। “ਹਾਂ...” ਅਨੀਤਾ ਜ਼ਾਰੋ-ਜ਼ਾਰ ਰੋ ਰਹੀ ਸੀ।

“ਬੇੜਾ ਬਹਿ ਜੇ ਪਾਪੀਓ ਥੋਡਾ! ਕੱਖ ਨਾ ਰਹੇ ਦੁਸ਼ਟੋ ਥੋਡਾ, ਮਾਂ ਦਾ ਸੱਤ ਭੰਗ ਕਰਨ ਵਾਲਿਓ!....ਕੀ ਹੱਜ ਏ ਔਰਤ ਦੇ ਜਿਉਣ ਦਾ ਇਹੋ ਜਿਹੀ ਕਲੰਕਿਤ ਦੁਨੀਆਂ ਵਿਚ? ਕੋਈ ਹੱਜ ਨਹੀਂ...ਕੋਈ ਨੀਂ!” ਜੱਸੀ ਅੰਦਰ ਤਕ ਵਲੂੰਧਰੀ ਗਈ। ਉਹ ਬੈਂਚ ’ਤੇ ਢਹਿ ਹੀ ਪਈ। ਆਖਰ ਉਸ ਨੇ ਹੈਵਾਨੀਅਤ ਦੀ ਇਸ ਜੱਦ ’ਚੋਂ ਪਾਰ ਨਿਕਲ ਅਨੀਤਾ ਨੂੰ ਹਲੂਣਿਆ, “ਤੇ ਤੇਰੀ ਭੈਣ! ਤੇਰੀ ਭੈਣ ਨੂੰ ਕੀ ਹੋਇਆ?”

“ਮੇਰੀ ਭੈਣ ਨੂੰ ਉੱਚੀ ਜਾਤ ਵਾਲੇ ਅਮੀਰ ਖਾ ਗਏ।” ਅਨੀਤਾ ਹਟਕੋਰੇ ਲੈਂਦੀ ਬੋਲੀ।

“ਕਿਵੇਂ...ਕਦੋਂ...ਕਿਸ ਤਰ੍ਹਾਂ?...” ਜੱਸੀ ਦੇ ਮੂੰਹੋਂ ਪੂਰਾ ਵਾਕ ਨਹੀਂ ਟੁੱਟਵੇਂ ਸ਼ਬਦ ਹੀ ਨਿਕਲੇ।

ਅਨੀਤਾ ਦੇ ਹਟਕੋਰੇ ਹਉਕਿਆਂ ਵਿਚ ਬਦਲ ਹੌਲੀ ਹੌਲੀ ਸ਼ਾਂਤ ਹੋ ਗਏ ਤਾਂ ਉਸ ਨੇ ਅੱਖਾਂ ਪੂੰਝਦੀ ਨੇ ਆਪਣੀ ਸਹੇਲੀ ਨਾਲ ਆਪਣਾ ਦੁੱਖ ਸਾਂਝਾ ਕੀਤਾ।

“ਅਸੀਂ ਨੀਵੀਂ ਜਾਤ ਦੇ ਲੋਕ ਪਿੰਡ ਦੇ ਇਕ ਪਾਸੇ ਵੱਖਰੇ ਰਹਿੰਦੇ ਸਾਂ। ਮੇਰਾ ਬਾਪ ਗ਼ਰੀਬ ਮਜ਼ਦੂਰ ਉੱਚੀ ਜਾਤ ਦੇ ਅਮੀਰ ਲੋਕਾਂ ਦੇ ਘਰ ਮਜ਼ਦੂਰੀ ਕਰਕੇ ਸਾਡਾ ਪੇਟ ਪਾਲਦਾ। ਮੈਂ ਤੇ ਮੇਰਾ ਛੋਟਾ ਭਰਾ ਸਰਕਾਰੀ ਸਕੂਲਾਂ ਵਿਚੋਂ ਬਾਰ੍ਹਵੀਂ ਪਾਸ ਕਰ ਕੇ ਕਿਸੇ ਨਾ ਕਿਸੇ ਤਰ੍ਹਾਂ ਆਹਰੇ ਲੱਗ ਗਏ। ਮੇਰੀ ਛੋਟੀ ਭੈਣ ਰੂਹੀ ਪੜ੍ਹਨ ਵਿਚ ਹੁਸ਼ਿਆਰ ਸੀ ਅਤੇ ਨਾਲੇ ਥੋੜ੍ਹੀ ਜੁਰਅੱਤ ਵਾਲੀ ਤੇ ਬੜਬੋਲੀ ਵੀ ਸੀ। ਉਹ ਜ਼ਿੰਦਗੀ ਵਿਚ ਕੁਝ ਵੱਡਾ ਕਰਨ ਦੀਆਂ ਗੱਲਾਂ ਕਰਦੀ ਰਹਿੰਦੀ ਸੀ। ਜ਼ਿੱਦ ਕਰਕੇ ਕਾਲਜ ਪੜ੍ਹਨ ਜਾ ਲੱਗੀ। ਕਾਲਜ ਵਿਚ ਪਿੰਡ ਦੇ ਸਰਦਾਰਾਂ ਦੀਆਂ ਕੁੜੀਆਂ ਵੀ ਪੜ੍ਹਦੀਆਂ ਸਨ। ਰੂਹੀ ਹਰ ਕੰਮ ਵਿਚ ਉਨ੍ਹਾਂ ਤੋਂ ਅੱਗੇ ਰਹਿੰਦੀ। ਪੜ੍ਹਾਈ ਵਿਚ, ਖੇਡਾਂ ਵਿਚ, ਡਰਾਮਿਆਂ ਵਿਚ। ਉਨ੍ਹਾਂ ਨੂੰ ਉਹ ਫੁੱਟੀ ਅੱਖ ਨਾ ਭਾਉਂਦੀ। ਉਨ੍ਹਾਂ ਦੇ ਭਰਾ ਉਹਦਾ ਰਸਤਾ ਰੋਕਣ ਲੱਗ ਪਏ। ਸਾਡੇ ਬਾਪ ਨੂੰ ਉਨ੍ਹਾਂ ਦੇ ਪਿਓਆਂ ਨੇ ਰੂਹੀ ਦੀ ਪੜ੍ਹਾਈ ਬੰਦ ਕਰਾਉਣ ਦੀ ਧਮਕੀ ਦਿੱਤੀ। ਪਰ ਉਹ ਸ਼ੀਹਣੀ ਵਾਂਗ ਡਟ ਖਲੋਤੀ। ਉਹਨੇ ਕਿਸੇ ਦੀ ਨਾ ਮੰਨੀ। “ਮੈਂ ਪੜ੍ਹਨਾ ਚਾਹੁੰਦੀ ਆਂ। ਇਹ ਮੇਰਾ ਹੱਕ ਹੈ। ਕੋਈ ਕੌਣ ਹੁੰਦਾ ਮੈਨੂੰ ਜ਼ਬਰਦਸਤੀ ਰੋਕਣ ਵਾਲਾ।” ਉਹ ਅਕਸਰ ਕਹਿੰਦੀ ਅਤੇ ਹਰੇਕ ਦੇ ਸਾਹਮਣੇ ਕਹਿ ਦੇਂਦੀ। ਬਸ ਉਹਦੀ ਇਹੋ ਆਕੜ ਭੰਨਣ ਖਾਤਰ ਉਨ੍ਹਾਂ ਬਦਮਾਸ਼ਾਂ ਨੇ ਮੇਰੀ ਭੈਣ ਦਾ ਗੈਂਗਰੇਪ ਕਰ ਕੇ ਮਾਰ ਕੇ ਲਾਸ਼ ਰੁੱਖ ਨਾਲ ਟੰਗ ਦਿੱਤੀ।” ਅਨੀਤਾ ਜੱਸੀ ਦੇ ਗਲ਼ ਲੱਗ ਧਾਹਾਂ ਮਾਰਨ ਲੱਗ ਪਈ।

“ਤੇ ਉਹ ਉੱਚੀ ਜਾਤ ਵਾਲੇ ਅਮੀਰ ਬਦਮਾਸ਼! ਉਨ੍ਹਾਂ ਦਾ ਕੀ ਬਣਿਆ? ਸਜ਼ਾ ਮਿਲੀ ਉਨ੍ਹਾਂ ਨੂੰ?” ਜੱਸੀ ਨੇ ਉਹਦੀ ਚੁੰਨੀ ਨਾਲ ਉਹਦਾ ਮੂੰਹ ਸਾਫ਼ ਕਰਦਿਆਂ ਪੁੱਛਿਆ।

“ਉਹ ਤਾਂ ਅਮੀਰ ਲੋਕ ਸਨ। ਉਨ੍ਹਾਂ ਦਾ ਕੀ ਵਿਗੜਨਾ ਸੀ। ਮੇਰੇ ਗ਼ਰੀਬ ਬਾਪ ਦੀ ਕੀਹਨੇ ਸੁਣਨੀ ਸੀ। ਚਾਰ ਦਿਨ ਕਾਵਾਂ-ਰੌਲੀ ਪੈ ਕੇ ਸਭ ਚੁੱਪ-ਚਾਂ ਹੋ ਗਿਆ। ਮੇਰੀ ਭੈਣ ਦਾ ਦਰਦਨਾਕ ਹਸ਼ਰ ਹੋਇਆ ਵੇਖ ਮੇਰਾ ਬਾਪ ਆਪਣਾ ਟੱਬਰ ਲੈ ਉੱਥੋਂ ਸਭ ਕੁਝ ਛੱਡ ਛੁਡਾ ਕੇ ਸਾਨੂੰ ਇੱਥੇ ਲੈ ਆਇਆ। ਇੱਥੇ ਮੈਨੂੰ ਇਸ ਸੈਂਟਰ ਵਿਚ ਨੌਕਰੀ ਮਿਲ ਗਈ।” ਅਨੀਤਾ ਨੇ ਗੱਲ ਮੁਕਾ ਗਿੱਲੀਆਂ ਅੱਖਾਂ ਪੂੰਝੀਆਂ।

ਕਿੰਨੇ ਚਿਰ ਤੋਂ ਚੁੱਪ ਬੈਠੀ ਜੱਸੀ ਡੂੰਘਾ ਹਉਕਾ ਭਰਦਿਆਂ ਬੋਲੀ, “ਠੀਕ ਆਖਿਆ ਅਨੀਤਾ ਤੂੰ! ਕਹਿੰਦੇ ਨੇ ਨਾ ਡਾਹਢੇ ਦਾ ਸੱਤੀਂ ਵੀਹ ਸੌ ਹੁੰਦਾ। ਨਾਲੇ ਜੇ ਕੁਕਰਮੀਆਂ ਨੂੰ ਕਾਨੂੰਨ ਸਜ਼ਾ ਦੇ ਵੀ ਦੇਂਦਾ ਤਾਂ ਕੀ ਸੌਰਦਾ ਭਲਾ? ਆਹ ਨਿਰਭਯਾ ਕਾਂਡ ਵਿਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਕੀ ਉਸ ਤੋਂ ਬਾਅਦ ਕੁਕਰਮ ਘਟਿਆ ਜਾਂ ਬੰਦ ਹੋ ਗਿਆ? ਨਹੀਂ, ਬਿਲਕੁਲ ਨਹੀਂ। ਸਗੋਂ ਇਸ ਤੋਂ ਵੀ ਭਿਆਨਕ ਖ਼ਬਰਾਂ ਮੀਡੀਆ ਵਿਚ ਆਉਣ ਲੱਗ ਪਈਆਂ।” ਗੁੱਸੇ ਤੇ ਦੁੱਖ ਨਾਲ ਉਹਦੀਆਂ ਨਸਾਂ ਤਣ ਗਈਆਂ।

“ਜੱਸੀ, ਆਹ ਮਹੀਨਾ ਕੁ ਹੋਇਆ ਵੇਖ ਕਿੰਨਾ ਰੌਲਾ ਪਿਆ ਮਨੀਸ਼ਾ ਦੇ ਗੈਂਗ-ਰੇਪ ਦਾ! ਗੈਂਗ-ਰੇਪ ਤੋਂ ਬਾਅਦ ਉਸ ਵਿਚਾਰੀ ਦੀ ਤਾਂ ਜ਼ੁਬਾਨ ਹੀ ਕੱਟ ਦਿੱਤੀ ਪਾਪੀਆਂ ਨੇ ਭਈ ਕੁਝ ਦੱਸਣ ਜੋਗੀ ਨਾ ਰਹਿ ਜਾਵੇ। ਨਾਲੇ ਰੀੜ੍ਹ ਦੀ ਹੱਢੀ ਤੋੜ ਦਿੱਤੀ ਉਹਦੀ! ਤੜਫ਼ ਤੜਫ਼ ਕੇ ਮਰ ਗਈ ਹਸਪਤਾਲ ਵਿਚ। ਉਨ੍ਹਾਂ ਅਮੀਰਜ਼ਾਦਿਆਂ ਦਾ ਕੀ ਬਣਨਾ? ਕੁਝ ਵੀ ਨਹੀਂ। ਦਨਦਨਾਉਂਦੇ ਫਿਰਨਗੇ ਪੈਸੇ ਦੇ ਜ਼ੋਰ ’ਤੇ।” ਅਨੀਤਾ ਇਸ ਕਾਂਡ ਦੀ ਸਚਾਈ ਨਾ ਜਾਣਦਿਆਂ ਹੋਇਆਂ ਵੀ ਸਭ ਕੁਝ ਜਾਣਦੀ ਜਾਪਦੀ ਸੀ। ਇਹ ਵੀ ਤਾਂ ਅਮੀਰਾਂ ਤੇ ਉੱਚੀ ਜਾਤ ਵਾਲੇ ਕਾਕਿਆਂ ਦਾ ਨੀਵੀਂ ਜਾਤ ਵਾਲੇ ਗ਼ਰੀਬਾਂ ਨੂੰ ਕੂੜਾ ਕਰਕਟ ਸਮਝ ਮਧੋਲਣ ਦਾ ਹੀ ਕਾਂਡ ਸੀ।

“ਅਨੀਤਾ, ਉਹ ਤਾਂ ਮੁਕੱਦਮਾ ਹੀ ਕਤਲ ਦਾ ਦਰਜ ਕਰਵਾਇਆ ਜ਼ੋਰਾਵਰਾਂ ਨੇ। ਗੈਂਗ-ਰੇਪ ਤਾਂ ਅੱਖੋਂ ਉਹਲੇ ਹੀ ਕਰ ਦਿੱਤਾ। ਕਿਸੇ ਮਜਬੂਰ ਨੂੰ ਪੈਸੇ ਦੇ ਦੁਆ ਕੇ ਤਾਕਤ ਦੇ ਜ਼ੋਰ ਬਲੀ ਦਾ ਬੱਕਰਾ ਬਣਾ ਦੇਣਗੇ ਅਤੇ ਆਪ ਦੁੱਧ ਧੋਤੇ ਬਣ ਫਿਰ ਸ਼ਹਿ ਲਾ ਕੇ ਨਵੇਂ ਸ਼ਿਕਾਰ ਨੂੰ ਫਾਹੁਣ ਲਈ ਜਾਲ ਵਿਛਾਉਣ ਲੱਗ ਪੈਣਗੇ,” ਜੱਸੀ ਥੋੜ੍ਹੀ ਦੇਰ ਮੂੰਹ ਨੀਵਾਂ ਕਰੀਂ ਆਪਣੇ ਖੱਬੇ ਹੱਥ ਦੇ ਅੰਗੂਠੇ ਤੇ ਉਂਗਲੀਆਂ ਨਾਲ ਆਪਣੀਆਂ ਪੁੜਪੁੜੀਆਂ ਘੁੱਟਦੀ ਆਖਰ ਡੂੰਘਾ ਸਾਹ ਭਰ ਬੋਲੀ, “ਅਨੀਤਾ, ਇਹ ਮਸਲਾ ਹੁਣ ਨਿਰਾ ਪੈਸੇ ਦੇ ਜ਼ੋਰ ਦਾ ਵੀ ਨਹੀਂ ਰਿਹਾ। ਇਹਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ। ਹੁਣ ਤਾਂ ਔਰਤ ਜ਼ਾਤ ਨੂੰ ਹੀ ਕੁਝ ਕਰਨਾ ਪੈਣਾ? ਹਰ ਮੰਦਭਾਗੀ ਘਟਨਾ ਤੋਂ ਬਾਅਦ ਤਖ਼ਤੀਆਂ ਫੜ ਜਲੂਸ ਕੱਢਦੇ ਹਜੂਮ ਕੀਹਦੇ ਲਈ ਇਨਸਾਫ਼ ਮੰਗਦੇ ਆ ਹਾਕਮਾਂ ਤੋਂ? ਬੇਪਤ ਹੋ ਮਰ ਗਈ ਲਈ ਜਾਂ ਉਹਦੇ ਮਾਪਿਆਂ ਲਈ? ਜਿਹੜੀ ਮਰ ਹੀ ਗਈ ਉਹਦੀ ਲਾਸ਼ ਨੂੰ ਇਨਸਾਫ਼ ਮਿਲੇ ਜਾਂ ਨਾ ਕੀ ਫ਼ਰਕ ਪੈਂਦਾ। ਉਹਨੇ ਕਿਹੜਾ ਵੇਖਣ ਆਉਣਾ। ਨਾਲੇ ਸਜ਼ਾ ਦਾ ਤਾਂ ਫਾਇਦਾ ਜੇ ਕੁਕੁਰਮ ਰੁਕਣਾ ਹੋਵੇ। ਉਹਦੇ ਗ਼ਰੀਬ ਤੇ ਲਾਚਾਰ ਮਾਪਿਆਂ ਨੇ ਇਨਸਾਫ਼ ਦਾ ਭਲਾ ਅਚਾਰ ਪਾਉਣਾ? ਜਿਹੜੀ ਮਿੱਟੀ ਪਲੀਤ ਹੋਣੀ ਸੀ ਉਹ ਤਾਂ ਹੋ ਗਈ। ਘਰ ਦੇ ਕਿਸੇ ਜੀਅ ਨੂੰ ਨੌਕਰੀ ਦਾ ਲਾਲਚ ਦੇ ਦੇਣਾ ਜਾਂ ਕੁਝ ਨਕਦਨਾਵਾਂ ਦੇ ਗ਼ਰੀਬ ਦਾ ਮੂੰਹ ਬੰਦ ਕਰ ਦੇਣਾ ਇਨਸਾਫ਼ ਨਹੀਂ ਬਲੈਕਮੇਲ ਹੈ, ਕੋਰਾ ਬਲੈਕਮੇਲ! ਲੋੜ ਤਾਂ ਸਮਾਜ ਵਿਚੋਂ ਰੇਪ-ਕਲਚਰ ਖ਼ਤਮ ਕਰਨ ਦੀ ਹੈ। ਆਹ ਮਿੱਠੀਆਂ ਮਿੱਠੀਆਂ ਲਾਉਣ ਦੀ ਲੋੜ ਨਹੀਂ।” ਜੱਸੀ ਦੇ ਅੰਦਰ ਪਤਾ ਨਹੀਂ ਕਿੰਨੇ ਚਿਰ ਦਾ ਇਕੱਠਾ ਹੋਇਆ ਰੋਹ ਵਹਿ ਤੁਰਿਆ ਸੀ। ਉਹਦਾ ਮੂੰਹ ਗੁੱਸੇ ਨਾਲ ਭਖ ਰਿਹਾ ਸੀ ਅਤੇ ਉਹ ਐਸ ਵੇਲੇ ਸਮੁੱਚੀ ਔਰਤ ਜ਼ਾਤ ਦੀ ਜ਼ੁਬਾਨ ਬਣੀ ਹੋਈ ਸੀ।

“ਰੇਪ-ਕਲਚਰ! ਜੱਸੀ, ਰੇਪ-ਕਲਚਰ ਕੀ ਹੁੰਦਾ?” ਅਨੀਤਾ ਹੈਰਾਨ ਸੀ। ਉਸ ਨੇ ਪਹਿਲਾਂ ਕਦੇ ਇਹ ਲਫ਼ਜ਼ ਸੁਣਿਆ ਹੀ ਨਹੀਂ ਸੀ।

“ਅਨੀਤਾ, ਰੇਪ-ਕਲਚਰ ਉਹ ਕਾਰਨ ਨੇ, ਉਹ ਆਧਾਰ ਨੇ ਜਿਹੜੇ ਸਮਾਜ ਵਿਚ ਬਲਾਤਕਾਰ ਵਰਗੇ ਘਿਨਾਉਣੇ ਵਤੀਰੇ ਨੂੰ ਨਿੰਦਣ ਦੀ ਬਜਾਏ ਹੱਲਾਸ਼ੇਰੀ ਦਿੰਦੇ ਨੇ। ਇਹ ਸਾਡੇ ਸੱਭਿਆਚਾਰ ਦਾ ਉਹ ਕਮਜ਼ੋਰ ਪੱਖ ਹੈ ਜੋ ਬਲਾਤਕਾਰੀਆਂ ਨੂੰ ਸ਼ਹਿ ਦਿੰਦਾ ਤੇ ਬਚਾਉਂਦਾ ਹੈ ਅਤੇ ਪੀੜਤਾਂ ਨੂੰ ਇਹਦੇ ਲਈ ਜ਼ਿੰਮੇਵਾਰ ਠਹਿਰਾਉਂਦਾ। ਕਦੇ ਉਨ੍ਹਾਂ ਦਾ ਪਹਿਰਾਵਾ, ਕਦੇ ਘਰੋਂ ਪੈਰ ਬਾਹਰ ਰੱਖਣ ਦੀ ਖੁੱਲ੍ਹ ਤੇ ਕਦੇ ਮਿਲੇ ਮੌਕਿਆਂ ਨੂੰ ਭਰਪੂਰ ਆਜ਼ਾਦੀ ਨਾਲ ਜਿਉਣ ਦੀ ਚਾਹਤ, ਪੀੜਤਾਂ ਦੇ ਬੇਦਰਦੀ ਨਾਲ ਕੋਹੇ ਜਾਣ ਦੇ ਕਾਰਨ ਬਣਾਏ ਜਾਂਦੇ ਹਨ। ਇਹ ਬਲਾਤਕਾਰੀ ਸੱਭਿਆਚਾਰ ਔਰਤ ਨੂੰ ਜਨਮ ਤੋਂ ਹੀ ਸੁਰੱਖਿਆ ਦੇ ਨਾਂ ’ਤੇ ਆਪਣੀ ਆਜ਼ਾਦੀ, ਖੁੱਲ੍ਹਾਂ ਤੇ ਮੌਕਿਆਂ ਨੂੰ ਮਾਨਣ ਦੀ ਤਮੰਨਾ ਕੁਚਲ ਸਿਮਟੇ ਦਾਇਰਿਆਂ ਵਿਚ ਜਿਉਣ ਲਈ ਮਜਬੂਰ ਕਰਦਾ ਹੈ। ਜਦੋਂ ਉਸ ਨਾਲ ਕੁਝ ਗ਼ਲਤ ਵਾਪਰਦਾ ਹੈ ਤਾਂ ਉਹ ਖ਼ੁਦ ਉਸ ਲਈ ਜ਼ਿੰਮੇਵਾਰ ਸਮਝੀ ਜਾਂਦੀ ਹੈ। ਅਨੀਤਾ ਇਹ ਹੈ ਰੇਪ-ਕਲਚਰ! ਜਿਹਦੇ ਵਿਚ ਜੰਮੀਆਂ ਕੁੜੀਆਂ ਡਰ ਡਰ ਕੇ ਜੁਆਨ ਹੁੰਦੀਆਂ ਨੇ, ਵਿਆਹੀਆਂ ਜਾਂਦੀਆਂ ਨੇ, ਜੁਆਕ ਜੰਮਦੀਆਂ ਨੇ ਤੇ ਬੁਢਾਪੇ ਤਕ ਇੱਜ਼ਤ ਬਚਾਉਣ ਦੇ ਨਾਂ ’ਤੇ ਸਹਿਮੀਆਂ ਹੀ ਇਸ ਸੰਸਾਰ ਤੋਂ ਤੁਰ ਜਾਂਦੀਆਂ ਨੇ।” ਅੱਜ ਕੁਝ ਐਸਾ ਦਰਦਨਾਕ ਕਿੱਸਾ ਸ਼ੁਰੂ ਹੋ ਗਿਆ ਸੀ ਕਿ ਜੱਸੀ ਦੇ ਅੰਦਰਲੇ ਮਚਦੇ ਭਾਂਬੜ ਅਲੰਬੇ ਬਣ ਬਾਹਰ ਆ ਰਹੇ ਸਨ।

“ਜੱਸੀ ਭੈਣੇ! ਕੁੜੀਆਂ ਨਾਲ ਤਾਂ ਜਨਮ ਤੋਂ ਹੀ ਵਿਤਕਰਾ ਹੁੰਦਾ। ਆਹ ਆਪਣੇ ਮੁਲਕ ਵਿਚ ਬਥੇਰੇ ਨਾਅਰੇ ਲੱਗਦੇ ਸੁਣੀਂਦੇ ਨੇ ‘ਕੁੜੀ ਬਚਾਓ’ ‘ਕੁੜੀ ਪੜ੍ਹਾਓ’ ਦੇ, ਪਰ ਹੈ ਇਹ ਸਾਰੇ ਖੇਖਨ ਹੀ। ਕਹਿੰਦੇ ਬਾਹਰਲੇ ਮੁਲਕਾਂ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਨੇ, ਆਪਣੇ ਈ ਇੱਥੇ ਬੇੜਾ ਗਰਕ ਹੋਇਆ।” ਅਨੀਤਾ ਨੇ ਪੜ੍ਹੀ ਸੁਣੀ ਗੱਲ ਸਾਂਝੀ ਕੀਤੀ।

“ਹਾਂ ਮਿਲੇ ਹੋਣਗੇ ਥੋੜ੍ਹੇ ਬਹੁਤੇ ਅਮੀਰ ਮੁਲਕਾਂ ਵਿਚ, ਜਿੱਥੇ ਔਰਤਾਂ ਨੇ ਰਲ ਕੇ ਸੰਘਰਸ਼ ਕੀਤਾ ਹੋਊ। ਪਰ ਬਾਹਲੇ ਮੁਲਕਾਂ ਵਿਚ ਤਾਂ ਔਰਤ ਜ਼ਾਤ ਦਾ ਹੋਰ ਵੀ ਮਾੜਾ ਹਾਲ ਹੈ। ਕਈ ਮੁਸਲਿਮ ਦੇਸ਼ਾਂ ਵਿਚ ਤਾਂ ਜੇ ਮਰਦ ਔਰਤ ਦਾ ਬਲਾਤਕਾਰ ਕਰ ਦਿੰਦਾ ਤਾਂ ਕਸੂਰ ਔਰਤ ਦਾ ਹੀ ਮੰਨਿਆ ਜਾਂਦਾ, ਭਈ ਆਪਣੇ ਚਲਿੱਤਰਾਂ ਨਾਲ ਇਹਨੇ ਮਰਦ ਨੂੰ ਉਕਸਾਇਆ ਹੋਣਾ। ਤੇ ਸਿਤਮ ਰੱਬ ਦਾ ਕਿ ਸਜ਼ਾ ਵੀ ਔਰਤ ਨੂੰ ਹੀ ਦਿੱਤੀ ਜਾਂਦੀ। ਜਾਂ ਤਾਂ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਜਾਂ ਉਸੇ ਬਲਾਤਕਾਰੀ ਨਾਲ ਵਿਆਹ ਕਰਕੇ ਜ਼ਿੰਦਗੀ ਭਰ ਲਈ ਨਰਕ ਦੀ ਭੱਠੀ ਵਿਚ ਝੋਕ ਦਿੱਤਾ ਜਾਂਦਾ।” ਜੱਸੀ ਨੇ ਸਮੇਂ ਤੇ ਹਾਲਾਤ ਦਾ ਸੱਚ ਬਿਆਨਿਆ।

“ਜੱਸੀ ਭੈਣੇ, ਕੀਤਾ ਵੀ ਕੀ ਜਾ ਸਕਦਾ! ਔਰਤ ਜ਼ਾਤ ਦੀ ਇਹੋ ਹੀ ਹੋਣੀ ਏ। ਅਸੀਂ ਕੁੜੀਆਂ ਕਰ ਵੀ ਕੀ ਸਕਦੀਆਂ?” ਅਨੀਤਾ ਦੇ ਮੂੰਹੋਂ ਔਰਤਾਂ ਦੀ ਬੇਬਸੀ ਬੋਲ ਰਹੀ ਸੀ।

“ਕਰ ਕਿਉਂ ਨਹੀਂ ਸਕਦੀਆਂ? ਇਹੋ ਹੀ ਤਾਂ ਮਰਦ ਪ੍ਰਧਾਨ ਸਮਾਜ ਚਾਹੁੰਦਾ। ਸਦੀਆਂ ਤੋਂ ਇਹੋ ਹੀ ਤਾਂ ਚੱਲਦਾ ਆ ਰਿਹਾ। ਕਿਸੇ ਵੀ ਹਾਕਮ ਨੇ ਜਦੋਂ ਕੋਈ ਇਲਾਕਾ ਜਿੱਤਿਆ ਸਭ ਤੋਂ ਵੱਧ ਔਰਤ ਜ਼ਾਤ ਦੀ ਪੱਤ ਰੋਲ਼ੀ। ਕਿ ਜੇ ਕਿਤੇ ਇਹ ਸ਼ੀਹਣੀ ਬਣ ਗਈ ਤਾਂ ਇਸ ਨੇ ਸਾਡੇ ਪੈਰ ਨਹੀਂ ਲੱਗਣ ਦੇਣੇ। ਤੇ ਵੇਖੋ, ਹੁਣ ਵੀ ਤਾਂ ਇੰਜ ਹੀ ਹੋ ਰਿਹਾ, ਨਾਮ ਨਿਹਾਦ ਲੋਕਤੰਤਰਾਂ ਵਿਚ ਵੀ। ਭਈ ਕਾਗਜ਼ਾਂ ਵਿਚ ਬਰਾਬਰੀ ਲਿਖ ਦਿਓ ਇਨ੍ਹਾਂ ਦੇ ਨਾਂ, ਪਰ ਉਂਜ ਪੈਰ ਥੱਲੇ ਨੱਪ ਕੇ ਰੱਖੋ ਨਹੀਂ ਤਾਂ ਬਾਹਲਾ ਚਾਂਬਲ ਜੂਗੀ, ਸਿਰ ’ਤੇ ਚੜ੍ਹਜੂਗੀ।”

“ਫਿਰ ਕੀ ਕਰੀਏ ਆਪਾਂ ਜੱਸੀ? ਕਿੱਤਰਾਂ ਸਾਹਮਣਾ ਕਰੀਏ ਇਸ ਰੇਪ-ਕਲਚਰ ਦਾ? ਕਿਵੇਂ ਮੂੰਹ ਤੋੜ ਜਵਾਬ ਦੇਈਏ ਇਨ੍ਹਾਂ ਬਲਾਤਕਾਰੀਆਂ ਨੂੰ?” ਅਨੀਤਾ ਅੰਦਰਲੀ ਹਲਚਲ ਵੀ ਇਸ ਸਮੱਸਿਆ ਦਾ ਹੱਲ ਲੱਭਣ ਲਈ ਉਤਾਵਲੀ ਸੀ।

“ਇਨ੍ਹਾਂ ਦੀਆਂ ਲੱਤਾਂ ਵਿਚਕਾਰ ਲੱਤ ਮਾਰਨੀ ਪੈਣੀ ਜ਼ੋਰ ਨਾਲ! ਇਹ ਕਿਵੇਂ ਮਾਰਨੀ? ਇਹ ਜਾਚ ਹੁਣ ਸਿੱਖਣੀ ਪਊ ਔਰਤ ਜ਼ਾਤ ਨੂੰ। ਫਿਰ ਵੇਖੀਂ ਇਨ੍ਹਾਂ ਦਾ ਹਸ਼ਰ!” ਜੱਸੀ ਨੇ ਕੁਝ ਵੀ ਅਗਾਊਂ ਵਿਉਂਤਿਆਂ ਨਹੀਂ ਸੀ। ਦੁਖਦੀ ਰਗ ’ਤੇ ਹੱਥ ਹੀ ਕੁਝ ਇਸ ਤਰ੍ਹਾਂ ਰੱਖਿਆ ਗਿਆ ਸੀ ਕਿ ਸਭ ਕੁਝ ਆਪਮੁਹਾਰੇ ਹੀ ਫੁੱਟਦਾ ਜਾ ਰਿਹਾ ਸੀ।

“ਉਹ ਕਿਵੇਂ? ਜੱਸੀ ਭੈਣੇ!”

“ਅਨੀਤਾ ਵੇਖ, ਜਾਗਰੂਕ ਹੋਣਾ ਪਵੇਗਾ ਔਰਤ ਜ਼ਾਤ ਨੂੰ। ਮਾਵਾਂ ਨੂੰ, ਕੁੜੀਆਂ ਨੂੰ, ਧੀਆਂ ਨੂੰ, ਭੈਣਾਂ ਨੂੰ, ਨੂੰਹਾਂ ਨੂੰ ਗੱਲ ਕੀ ਹਰੇਕ ਵੱਡੀ ਛੋਟੀ ਔਰਤ ਨੂੰ। ਆਪਸ ਵਿਚ ਖੁੱਲ੍ਹ ਕੇ ਗੱਲ ਕਰਨੀ ਪੈਣੀ ਆ ਇਸ ਵਿਸ਼ੇ ’ਤੇ। ‘ਢਕੀ ਰਿੱਝੇ ਕੋਈ ਨਾ ਬੁੱਝੇ’ ਵਾਲੀ ਸੰਗ-ਸ਼ਰਮ ਛੱਡ ਇਹੋ ਜਿਹੇ ਕੁਕਰਮੀਆਂ ਦੀ ਨੀਤ ਦੀ ਅਗਾਊਂ ਸੂਹ ਰੱਖਣੀ ਪੈਣੀ ਆਂ ਅਤੇ ਖ਼ਬਰਦਾਰ ਰਹਿਣਾ ਪੈਣਾ। ਦੁਰਘਟਨਾ ਵਾਪਰ ਜਾਣ ਤੋਂ ਬਾਅਦ ਜਲਸੇ ਜਲੂਸ ਕੱਢਣ ਨਾਲੋਂ ਇਸ ਬੁਰਾਈ ਬਾਰੇ ਆਪਣੀਆਂ ਧੀਆਂ, ਭੈਣਾਂ, ਮਾਵਾਂ ਤੇ ਹੋਰ ਸਾਰੀਆਂ ਔਰਤਾਂ ਨੂੰ ਸੁਚੇਤ ਕੀਤਾ ਜਾਵੇ। ਕਿੰਨਾ ਕੁ ਚਿਰ ਮੂੰਹ ’ਤੇ ਛਿਕਲੀ ਲਾਈ ਬੈਠੀ ਰਹੂ ਅੱਜ ਦੇ ਜ਼ਮਾਨੇ ਦੀ ਔਰਤ! ਆਪਸ ਵਿਚ ਖੁੱਲ੍ਹ ਕੇ ਗੱਲਬਾਤ ਕਰਾਂਗੇ ਤਾਂ ਕੋਈ ਨਾ ਕੋਈ ਹੱਲ ਵੀ ਸੁੱਝ ਹੀ ਪੈਣਗੇ ਕਿ ਖਿੱਚ ਕੇ ਲੱਤ ਕਿਵੇਂ ਮਾਰਨੀ ਆ ਬਲਾਤਕਾਰੀ ਦੀਆਂ ਲੱਤਾਂ ਵਿਚਕਾਰ?” ਕਹਿੰਦਿਆਂ ਜੱਸੀ ਦੇ ਕੱਸੇ ਚਿਹਰੇ ’ਤੇ ਹਲਕੀ ਆਭਾ ਫੈਲ ਗਈ, “ਆਹ ਸੋਸ਼ਲ ਮੀਡੀਆ ਕਾਹਦੇ ਲਈ ਆ? ਕੀ ਹਰ ਐਸੀ ਦੁਰਘਟਨਾ ਦੇ ਬਾਅਦ ‘ਵੈਰੀ ਸੈਡ’ ‘ਵੈਰੀ ਬੈਡ’ ਵਰਗੇ ਕੁਮੈਂਟ ਲਿਖ ਦੇਣ ਲਈ ਹੀ ਹੈ। ਆਪਾਂ ਇਹਦੀ ਵਰਤੋਂ ਰੇਪ-ਕਲਚਰ ਵਿਰੁੱਧ ਚੇਤਨਾ ਫੈਲਾਉਣ ਲਈ ਵੀ ਤਾਂ ਕਰ ਸਕਦੇ ਹਾਂ।” ਜੱਸੀ ਨੇ ਰਾਹ ਸੁਝਾਇਆ।

“ਹਾਂ ਜੱਸੀ, ਠੀਕ ਆਖਿਆ ਤੂੰ। ਮੈਨੂੰ ਤਾਂ ਕਦੇ ਖਿਆਲ ਹੀ ਨਹੀਂ ਆਇਆ ਇਸ ਗੱਲ ਦਾ। ਕਿਉਂ ਨਾ ਆਪਾਂ ਆਪਣੇ ਇਸ ਸੈਂਟਰ ਤੋਂ ਹੀ ਸ਼ੁਰੂ ਕਰੀਏ। ਇੱਥੇ ਵੀ ਕਾਫ਼ੀ ਔਰਤ ਕਰਮਚਾਰੀ ਹਨ।” ਅਨੀਤਾ ਨੇ ਸੁਝਾਇਆ।

“ਕਿਉਂ ਨਹੀਂ? ‘ਕੱਲ੍ਹ ਕਰੇ ਸੋ ਆਜ, ਆਜ ਕਰੇ ਸੋ ਅਬ’ ਮੇਰੀਆਂ ਦੋ ਤਿੰਨ ਚੰਗੀਆਂ ਜਾਣਕਾਰ ਹਨ, ਆਪਾਂ ਹੁਣੇ ਹੀ ਉਨ੍ਹਾਂ ਨਾਲ ਗੱਲ ਕਰਦੇ ਆਂ। ਫਿਰ ਆਪੋ ਆਪਣੀ ਫੇਸਬੁੱਕ ’ਤੇ ਪੋਸਟਾਂ ਪਾ ਕੇ ਗੱਲ ਅੱਗੇ ਤੋਰਾਂਗੇ।”

“ਆਪਾਂ ਇੰਜ ਕਰਦੇ ਆਂ, ਆਪਸੀ ਸਲਾਹ ਮਸ਼ਵਰੇ ਲਈ ਆਪਾਂ ਵਟਸਐਪ ਗਰੁੱਪ ਬਣਾ ਲਵਾਂਗੇ।” ਉਹ ਦੋਵੇਂ ਸੈਂਟਰ ਅੰਦਰ ਜਾਂਦੀਆਂ ਇਕ ਦੂਜੀ ਨਾਲ ਸਲਾਹਾਂ ਕਰਦੀਆਂ ਜਾ ਰਹੀਆਂ ਸਨ।

ਇਕ ਰੁੱਖ ਥੱਲਿਓਂ ਲੰਘੀਆਂ ਤਾਂ ਟਾਹਣੀ ’ਤੇ ਬੈਠੀਆਂ ਚੀਂਅ ਚੀਂਅ ਕਰਦੀਆਂ ਦੋ ਤਿੰਨ ਚਿੜੀਆਂ ਫੁਰਰ ਕਰਕੇ ਉੱਡ ਗਈਆਂ। ਦੋਵਾਂ ਦੀ ਨਿਗ੍ਹਾ ਉੱਪਰ ਚੁੱਕ ਹੋ ਗਈ। “ਜੱਸੀ, ਇੱਥੇ ਤਾਂ ਇਨ੍ਹਾਂ ਵਿਚਾਰੀਆਂ ਚਿੜੀਆਂ ਦੇ ਆਲ੍ਹਣਿਆਂ ਜੋਗੀ ਥਾਂ ਵੀ ਨਹੀਂ ਛੱਡੀ ਬੰਦੇ ਨੇ! ਤੇ ਜਿਹੜੀ ਕੁੜੀਆਂ ਨਾਲ ਤੇ ਮਾਵਾਂ ਨਾਲ ਹੋ ਰਹੀ ਉਹ ਵੀ ਸਭ ਦੇ ਸਾਹਮਣੇ ਆ।” ਅਨੀਤਾ ਨੇ ਡੂੰਘਾ ਹਉਕਾ ਭਰਿਆ। ਜੱਸੀ ਨੇ ਉਹਦਾ ਹੱਥ ਆਪਣੇ ਹੱਥਾਂ ਵਿਚ ਫੜ ਘੁੱਟਿਆ ਅਤੇ ਦੋਵੇਂ ਸਾਬਤ ਕਦਮੀਂ ਅੰਦਰ ਜਾ ਵੜੀਆਂ।
ਸੰਪਰਕ: 403-402-9635

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All