ਗੁਰਬਖ਼ਸ਼ ਸਿੰਘ ਭੰਡਾਲ
ਦੇਰ, ਹਨੇਰ ਵੀ ਹੁੰਦਾ ਹੈ ਅਤੇ ਅੰਧੇਰ ਵੀ। ਦੇਰ ਹੋਣ ’ਤੇ ਅਣਹੋਣੀ ਵੀ ਵਾਪਰਦੀ ਹੈ ਅਤੇ ਅਣਕਿਹਾ ਵੀ ਹੋ ਜਾਂਦਾ ਹੈ। ਦੇਰੀ ਹੋਣਾ ਸੰਭਵ ਹੁੰਦਾ ਹੈ, ਪਰ ਦੇਰ ਕਰਨੀ ਗੁਨਾਹ ਹੁੰਦਾ ਹੈ ਕਿਉਂਕਿ ਜਾਣ-ਬੁੱਝ ਕੇ ਕੀਤੀ ਦੇਰ, ਕਦੇ ਮੁਆਫ਼ ਨਹੀਂ ਕੀਤੀ ਜਾ ਸਕਦੀ।
ਦੇਰੀ ਕਈ ਮੌਕਿਆਂ ਤੇ ਰੂਪਾਂ ਵਿੱਚ ਜ਼ਿੰਦਗੀ ਦੇ ਦਰ ’ਤੇ ਦਸਤਕ ਦਿੰਦੀ ਹੈ। ਇਹ ਦੇਰੀ ਕਈ ਵਾਰ ਅਵੇਸਲਾਪਣ ਹੁੰਦਾ ਹੈ। ਕਈ ਵਾਰ ਇਹ ਜਾਣ ਬੁੱਝ ਕੇ ਆਪਣੀ ਮਹੱਤਤਾ ਦਿਖਾਉਣ ਵਾਸਤੇ ਵੀ ਹੁੰਦੀ ਹੈ। ਅਜਿਹੇ ਲੋਕ ਦੇਰੀ ਨੂੰ ਦਰੁੱਸਤ ਸਾਬਤ ਕਰਨ ਲਈ ਕਈ ਬਹਾਨੇ ਘੜਦੇ ਹਨ, ਪਰ ਦੇਰੀ ਤਾਂ ਆਖਰ ਦੇਰੀ ਹੀ ਹੁੰਦੀ ਹੈ। ਕਈ ਵਾਰ ਦੇਰੀ ਕੀਤਿਆਂ ਅਹਿਮ ਮੌਕੇ ਜਾਂ ਚੰਗੀਆਂ ਸੰਭਾਵਨਾਵਾਂ ਹੱਥੋਂ ਨਿਕਲ ਜਾਂਦੀਆਂ ਹਨ ਜਿਨ੍ਹਾਂ ਨੇ ਸੁਪਨ-ਨਗਰੀ ਨੂੰ ਜਾਂਦਾ ਰਾਹ ਬਣਨਾ ਹੁੰਦਾ ਹੈ। ਕਈ ਵਾਰ ਦੇਰੀ ਨੂੰ ਸਮਝਿਆ ਜਾ ਸਕਦਾ ਹੈ। ਕੁਝ ਬੇਕਾਬੂ ਕਾਰਨਾਂ ਕਰਕੇ, ਕੁਝ ਮਜਬੂਰੀਆਂ ਕਰਕੇ ਜਾਂ ਅਣਸੁਖਾਵੇਂ ਹਾਲਤਾਂ ਕਰਕੇ। ਪਰ ਕਈ ਵਾਰ ਦੇਰੀ ਦੇ ਬਹੁਤੇ ਮਾਅਨੇ ਨਹੀਂ ਹੁੰਦੇ। ਕੁਝ ਕੰਮਾਂ ਜਾਂ ਮੌਕਿਆਂ ’ਤੇ ਦੇਰੀ ਕੋਈ ਅਰਥ ਨਹੀਂ ਰੱਖਦੀ ਉਦੋਂ ਹਾਜ਼ਰੀ ਜਾਂ ਗੈਰ-ਹਾਜ਼ਰੀ ਇੱਕ ਬਰਾਬਰ ਹੀ ਹੁੰਦੀ ਹੈ। ਪਰ ਕੁਝ ਅਜਿਹਾ ਵਕਤ ਜਾਂ ਖਾਸ ਕਾਰਨ ਹੁੰਦੇ ਹਨ ਜਦੋਂ ਦੇਰੀ ਦਾ ਕਿਆਸਣਾ ਵੀ ਪਾਪ ਹੁੰਦਾ ਹੈ। ਇਹ ਪਾਪ ਸਾਰੀ ਉਮਰ ਇੱਕ ਟੀਸ ਬਣ ਕੇ ਰੜਕਦਾ ਰਹਿੰਦਾ ਹੈ ਅਤੇ ਇਸ ਦੀ ਚਸਕ ਵਿੱਚ ਜਿਊਣਾ ਹੀ ਦੁੱਭਰ ਹੋ ਜਾਂਦਾ ਹੈ।
ਜਦੋਂ ਅਸੀਂ ਆਪਣੇ ਸੁਪਨੇ ਲੈਣ ਵਿੱਚ ਘਾਲੋਂ ਕਰਦੇ ਹਾਂ ਤਾਂ ਦੇਰੀ ਬਹੁਤ ਘਾਤਕ ਹੁੰਦੀ ਹੈ। ਕਦੇ ਵੀ ਸੁਪਨੇ ਲੈਣ ਵਿੱਚ ਦੇਰੀ ਨਾ ਕਰੋ ਅਤੇ ਇਨ੍ਹਾਂ ਦੀ ਪੂਰਤੀ ਕਰਨ ਤੋਂ ਅਵੇਸਲੇ ਨਾ ਹੋਵੋ ਕਿਉਂਕਿ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਦੇਰੀ ਕਾਰਨ ਹੱਥੋਂ ਤਿਲ੍ਹਕ ਚੁੱਕਾ ਸੁਪਨਾ ਮੁੜ ਨਹੀਂ ਥਿਆਉਂਦਾ। ਬਾਅਦ ਵਿੱਚ ਅਸੀਂ ਸੁਪਨਿਆਂ ਦਾ ਸੋਗ ਮਨਾਉਣ ਜੋਗੇ ਹੀ ਰਹਿ ਜਾਂਦੇ ਹਾਂ ਕਿਉਂਕਿ ਸੁਪਨੇ ਲੈਣ ਅਤੇ ਇਨ੍ਹਾਂ ਦੀ ਪੂਰਤੀ ਦਾ ਖਾਸ ਸਮਾਂ ਹੁੰਦਾ ਹੈ। ਕਈ ਵਾਰ ਹਾਲਾਤ ਸਾਜ਼ਗਾਰ ਨਾ ਹੋਣ ’ਤੇ ਕੁਝ ਅਜਿਹੇ ਵੀ ਸੁਪਨੇ ਹੁੰਦੇ ਹਨ ਜਿਨ੍ਹਾਂ ਨੂੰ ਕੁਝ ਸਮੇਂ ਲਈ ਘੱਟ ਅਹਿਮੀਅਤ ਦਿੱਤੀ ਜਾ ਸਕਦੀ ਹੈ, ਪਰ ਇਹ ਕਦੇ ਵੀ ਮਨ ਵਿੱਚੋਂ ਨਹੀਂ ਨਿਕਲਦੇ। ਇਹ ਸੁਪਨਾ ਕਿਸੇ ਕਲਾ ਨੂੰ ਅਪਣਾਉਣ ਦਾ ਹੋਵੇ, ਉਚੇਰੀ ਵਿਦਿਆ ਪ੍ਰਾਪਤੀ ਦਾ ਹੋਵੇ, ਦੂਰ-ਦੇਸ਼ਾਂਤਰਾਂ ਦੀ ਸੈਰ ਕਰਨ ਦਾ ਹੋਵੇ ਜਾਂ ਆਪਣੇ ਹਿੱਸੇ ਦੀ ਜ਼ਿੰਦਗੀ ਜਿਊਣ ਦਾ ਹੋਵੇ। ਇਸ ਵਿੱਚ ਕਦੇ ਦੇਰੀ ਨਾ ਕਰਿਓ ਕਿਉਂਕਿ ਮੌਤ ਅਤੇ ਮਾਤਮ ਦਾ ਕੋਈ ਵਸਾਹ ਨਹੀਂ। ਆਖਰ ਨੂੰ ਇੱਕ ਮਰਸੀਆ ਹੀ ਸਾਡੇ ਲਈ ਅਕੀਦਤ ਹੋ ਨਿੱਬੜਣਾ ਹੈ। ਜਿਹੜੇ ਲੋਕ ਆਪਣੇ ਸ਼ੌਕ ਪੂਰੇ ਕਰਨ, ਫੱਕਰਤਾ ਨੂੰ ਮਾਣਨ ਜਾਂ ਦਰਵੇਸ਼ਾਂ ਜੇਹੀ ਰੂਹ ਬਣਾਉਣ ਤੋਂ ਦੇਰੀ ਕਰਦੇ ਹਨ, ਉਹ ਆਖ਼ਰ ਨੂੰ ਇੱਕ ਨਿਹੋਰਾ ਪੱਲੇ ਬੰਨ੍ਹ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੇ ਹਨ ਅਤੇ ਇਸ ਰੁਖ਼ਸਤਗੀ ਦਾ ਕਿਸੇ ਨੂੰ ਕੋਈ ਘਾਟਾ ਨਹੀਂ ਪੈਂਦਾ। ਯਾਦ ਰੱਖਣਾ! ਜੀਵਨ ਇੱਕ ਵਾਰ ਮਿਲਦਾ ਹੈ ਅਤੇ ਉਸਾਰੂ ਰੂਪ ਵਿੱਚ ਮਨ ਦੀਆਂ ਮੌਜਾਂ ਦੀ ਪੂਰਤੀ ਅਤੇ ਜ਼ਿੰਦਗੀ ਨੂੰ ਆਪਣੇ ਰੰਗ-ਢੰਗ ਨਾਲ ਜਿਉਣ ਵਿੱਚ ਕਦੇ ਦੇਰੀ ਨਾ ਕਰਿਓ। ਭਾਵੇਂ ਕੋਈ ਸਮਾਜਿਕ ਭਲਾਈ ਦਾ ਕਾਰਜ ਹੋਵੇ, ਖਾਸ ਉਦੇਸ਼ ਨੂੰ ਸਮਰਪਿਤ ਹੋਣਾ ਹੋਵੇ ਜਾਂ ਨਵੀਂ ਸੇਧ ਦੇਣ ਪ੍ਰਤੀ ਖੁਦ ਨੂੰ ਸਮਰਪਿਤ ਕਰਨਾ ਹੋਵੇ। ਅਜਿਹੇ ਕਾਰਜਾਂ ਵਿੱਚ ਦੇਰੀ ਕਾਰਨ ਸੁਪਨਿਆਂ ਦੇ ਸੱਚ ਦਾ ਅਧੂਰਾ ਰਹਿਣ ਦਾ ਬਹੁਤ ਡਰ ਹੁੰਦਾ ਹੈ।
ਕਦੇ ਵੀ ਆਪਣੇ ਦੋਸਤਾਂ-ਮਿੱਤਰਾਂ ਨੂੰ ਮਿਲਣ ਜਾਂ ਸੁੱਖ-ਸਾਂਦ ਪੁੱਛਣ ਵਿੱਚ ਦੇਰ ਨਾ ਕਰਿਓ। ਸਮਾਂ ਕੱਢ ਕੇ ਉਨ੍ਹਾਂ ਨਾਲ ਬੀਤੇ ਹੋਏ ਵਕਤ ਨੂੰ ਜੀਵੋ। ਬਚਪਨ ਦੀਆਂ ਗੱਲਾਂ ਕਰੋ। ਨਿਰ-ਉਚੇਚ ਬਾਤਾਂ ਦੇ ਹੁੰਗਾਰਿਆਂ ਵਿੱਚੋਂ ਤੁਹਾਨੂੰ ਬਚਪਨੀ ਬਾਦਸ਼ਾਹਤ ਦੇ ਪਲ ਮਿਲਣਗੇ ਜੋ ਤੁਹਾਡੇ ਚੇਤਿਆਂ ਵਿੱਚੋਂ ਵੀ ਖੁਰ ਚੁੱਕੇ ਹਨ। ਉਨ੍ਹਾਂ ਦੇ ਪਰਿਵਾਰਾਂ ਤੇ ਕਾਰੋਬਾਰ ਬਾਰੇ, ਪੁਰਾਣੇ ਸਕੂਲ ਤੇ ਪਿੰਡ ਦੇ ਦਿਨਾਂ ਬਾਰੇ ਨਿੱਕੀਆਂ ਗੱਲਾਂ ਵਿੱਚੋਂ ਜੀਵਨ ਦਾ ਹੁਸਨ ਨਜ਼ਰ ਆਵੇਗਾ। ਜੀਵਨ ਦੇ ਰੂਹਾਨੀ ਵੇਲਿਆਂ ਨੂੰ ਯਾਦ ਕਰਕੇ ਖੁਦ ’ਤੇ ਹੱਸੋਗੇ ਵੀ ਅਤੇ ਖੁਦ ਦਾ ਮਜ਼ਾਕ ਵੀ ਬਣਾਉਗੇ ਕਿ ਕਿਹੋ ਜਿਹੇ ਸਨ ਉਹ ਬਚਪਨ ਦੇ ਦਿਨ, ਉਹ ਸ਼ਰਾਰਤਾਂ ਅਤੇ ਮਸਤੀ। ਪਤਾ ਨਹੀਂ ਜੀਵਨ ਸਫ਼ਰ ਦੇ ਕਿਸ ਮੋੜ ’ਤੇ ਕਿਸ ਦਾ ਸਾਥ ਛੁੱਟ ਜਾਵੇ? ਕਿਹੜੀ ਸਵਾਰੀ ਕਿਸ ਜੱਗ-ਸਟੇਸ਼ਨ ’ਤੇ ਉਤਰ ਜਾਵੇ? ਕਿਹੜਾ ਸੱਜਣ ਦੁਨੀਆ ਦੇ ਭਰੇ ਮੇਲੇ ਵਿੱਚੋਂ ਸਦਾ ਲਈ ਗਵਾਚ ਜਾਵੇ? ਇਸ ਲਈ ਜ਼ਰੂਰੀ ਹੈ ਕਿ ਸੱਜਣ- ਮਿਲਣੀਆਂ, ਚਿੱਠੀਆਂ ਪਾਉਣ ਜਾਂ ਫੋਨ ਕਰਨ ਵਿੱਚ ਕੁਤਾਹੀ ਨਾ ਕਰਨਾ। ਅਜਿਹੀ ਦੇਰੀ ਕਾਰਨ ਬਹੁਤ ਕੁਝ ਖੁੱਸ ਜਾਂਦਾ ਹੈ ਜੋ ਸਾਡੀ ਵਿਰਾਸਤ ਹੁੰਦਾ ਹੈ। ਵਿਰਾਸਤ ਨਾਲੋਂ ਟੁੱਟਣ ਵਾਲੇ ਜਾਂ ਅਣਦੇਖੀ ਕਰਨ ਵਾਲਿਆਂ ਦੀਆਂ ਸਿੱਲੀਆਂ ਅੱਖਾਂ ਵਿੱਚ ਪੁਰਾਣੀਆਂ ਯਾਦਾਂ ਦੀ ਦਾਸਤਾਨ ਨੁੱਚੜਦੀ ਰਹਿੰਦੀ ਹੈ।
ਕਦੇ ਵੀ ਦੇਰ ਨਾ ਕਰਿਓ ਰੁੱਸਿਆਂ ਨੂੰ ਮਨਾਉਣ ਵਿੱਚ, ਗਿਲੇ ਸ਼ਿਕਵਿਆਂ ਨੂੰ ਦੂਰ ਕਰਨ, ਗ਼ਲਤ-ਫਹਿਮੀਆਂ ਦਾ ਬੀਜ ਨਾਸ਼ ਕਰਨ ਅਤੇ ਮਨਾਂ ਦੀਆਂ ਵਿੱਥਾਂ ਨੂੰ ਮਿਟਾਉਣ ਵਿੱਚ। ਇਹ ਗ਼ਲਤ-ਫਹਿਮੀਆਂ, ਰੋਸੇ, ਸ਼ਿਕਵੇ ਜਾਂ ਗੁੱਸੇ-ਗਿੱਲੇ ਖੂਨ ਨਿਚੋੜ ਲੈਂਦੇ ਹਨ। ਉਮਰਾਂ ਦੀਆਂ ਸਕੀਰੀਆਂ ਟੁੱਟ ਜਾਂਦੀਆਂ ਹਨ। ਤੂਤ ਦੇ ਮੋਛੇ ਵਾਂਗ ਸਾਕ ਟੋਟਾ-ਟੋਟਾ ਹੋ ਜਾਂਦੇ ਹਨ ਅਤੇ ਜਾਨ ਵਾਰਨ ਵਾਲੇ ਹੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। ਇਹ ਜਾਇਦਾਦਾਂ, ਧਨ-ਦੌਲਤ, ਬੰਗਲੇ/ਕੋਠੀਆਂ ਜਾਂ ਕਾਰਾਂ ਸਕੀਆਂ ਨਹੀਂ ਹੁੰਦੀਆਂ। ਇਹ ਅਜਿਹੇ ਸਬੰਧ ਨਹੀਂ ਹੁੰਦੇ ਜਿਨ੍ਹਾਂ ਵਿੱਚ ਅਹਿਸਾਸ ਜਾਂ ਭਾਵਨਾਵਾਂ ਹੋਣ ਜੋ ਦੁੱਖ-ਦਰਦ ਵੰਡਾ ਸਕਣ, ਜਿਨ੍ਹਾਂ ਦੇ ਮੋਢੇ ਲੱਗ ਕੇ ਦਿਲ ਦਾ ਦਰਦ ਫਰੋਲਿਆ ਜਾ ਸਕੇ, ਜੋ ਸਿਸਕੀਆਂ ਨੂੰ ਸਮਝਣ, ਹਉਕਿਆਂ ਦਾ ਹੁੰਗਾਰਾ ਬਣ ਜਾਣ ਜਾਂ ਤੁਹਾਡੇ ਜ਼ਖ਼ਮਾਂ ਨੂੰ ਸਹਿਲਾਅ ਕੇ ਮਰ੍ਹਮ ਦਾ ਬੰਦੋਬਸਤ ਕਰ ਸਕਣ। ਉਹ ਸਿਰਫ਼ ਆਪਣੇ ਹੀ ਹੁੰਦੇ ਹਨ ਜੋ ਤੁਹਾਡੇ ਸਾਹਾਂ ਨੂੰ ਸੰਦਲੀ ਰੰਗਤ ਬਖ਼ਸ਼ਦੇ ਹਨ, ਜੋ ਸੁੱਖਾਂ ਮੰਗਦੇ ਤੇ ਤੁਹਾਡੀ ਸਦੀਵਤਾ ਵਿੱਚੋਂ ਆਪਣੀ ਹੋਂਦ ਲੋਚਦੇ ਹਨ। ਰਸੋਈ ਵਿੱਚ ਪਏ ਭਾਂਡੇ ਖੜਕਣ, ਪਰ ਇਹ ਟੁੱਟਣੇ ਨਹੀਂ ਚਾਹੀਦੇ। ਗਿਲੇ-ਰੋਸੇ ਮਿਲ ਬੈਠ ਕੇ ਦੂਰ ਕਰੋ। ਜੀਵਨ ਬਹੁਤ ਹੀ ਸੁੰਦਰ ਹੋ ਜਾਵੇਗਾ। ਇਹ ਰੋਸੇ/ਸ਼ਿਕਵੇ, ਭੈਣ/ਭਰਾਵਾਂ, ਮੀਆਂ/ਬੀਵੀ, ਸਕੇ ਸਬੰਧੀਆਂ ਜਾਂ ਨੇੜਲੀਆਂ ਰਿਸ਼ਤੇਦਾਰੀਆਂ ਵਿੱਚ ਅਕਸਰ ਹੀ ਹੁੰਦੇ ਹਨ। ਇਨ੍ਹਾਂ ਨੂੰ ਕੰਡਿਆਲੀ ਦੀਵਾਰ ਨਾ ਬਣਾਓ, ਸਗੋਂ ਇਸ ਵਿੱਚ ਆਉਣ ਜਾਣ ਲਈ ਇੱਕ ਮਘੋਰਾ ਜ਼ਰੂਰ ਰੱਖੋ ਜਾਂ ਇੱਕ ਪੌੜੀ ਹੋਵੇ ਜੋ ਇੱਕ ਦੂਜੇ ਦੀ ਸੁੱਖ-ਸਾਂਦ ਪੁੱਛਣ ਤੇ ਸਾਰ ਲੈਣ ਲਈ ਹੋਵੇ। ਅਜਿਹੇ ਨੇਕ ਕਾਰਜ ਵਿੱਚ ਕੀਤੀ ਦੇਰੀ ਸਮਾਜਿਕ ਤਾਣੇ-ਬਾਣੇ ਨੂੰ ਉਧੇੜ ਦਿੰਦੀ ਹੈ। ਟੁੱਟੇ ਰਿਸ਼ਤਿਆਂ ਦੇ ਜੁੜਨ ’ਤੇ ਪਈ ਗੰਢ ਹਮੇਸ਼ਾਂ ਰੜਕਦੀ ਰਹਿੰਦੀ ਹੈ। ਕਦੇ ਵੀ ਟੁੱਟਣ ਦੀ ਨੌਬਤ ਨਾ ਆਉਣ ਦਿਓ। ਵੇਲੇ ਸਿਰ ਕੁਝ ਅਜਿਹਾ ਕਰੋ ਕਿ ਸੁੰਦਰ ਜੀਵਨ ਨੂੰ ਹੋਰ ਸੁਹੱਪਣ, ਸੁਚਿਆਰਾਪਣ, ਸੁਹਜ ਅਤੇ ਸਦੀਵਤਾ ਦਾ ਸ਼ਗਨ ਮਿਲੇ।
ਜੀਵਨ ਦੁਸ਼ਵਾਰੀਆਂ ਅਤੇ ਸੁਖਦ ਪਲਾਂ ਦਾ ਮਿਲਗੋਭਾ ਹੈ। ਦੁੱਖਾਂ ਅਤੇ ਸੁੱਖਾਂ ਦਾ ਸੰਗਮ ਹੈ। ਮਿਲਾਪ ਅਤੇ ਵਿਛੋੜੇ ਦੀ ਸੁਰ-ਸਾਂਝ ਹੈ। ਆਪਣੇ ਅਤੇ ਪਰਾਇਆਂ ਦਾ ਸਮਤੋਲ ਹੈ। ਗ਼ਲਤ ਅਤੇ ਸਹੀ ਰਾਹਾਂ ਦਾ ਜੰਕਸ਼ਨ ਹੈ। ਜੇ ਕਦੇ ਅਣਜਾਣੇ ਵਿੱਚ ਗ਼ਲਤ ਰਾਹ ’ਤੇ ਤੁਰ ਪਵੋ ਤਾਂ ਇਸ ਰਾਹ ’ਤੇ ਸਦਾ ਨਾ ਤੁਰੋ। ਰੁਕੋ, ਸੋਚੋ, ਸੰਭਲੋ ਅਤੇ ਜੀਵਨ ਦੀ ਤੋਰ ਨੂੰ ਸੁਖਾਵਾਂ ਮੋੜ ਦਿਓ। ਬਦਲੀਆਂ ਤਰਜੀਹਾਂ ਅਤੇ ਤਦਬੀਰਾਂ ਨੂੰ ਤਕਦੀਰ ਬਣਾਓ। ਮੋੜ ਕੱਟਣ ਵਿੱਚ ਕਦੇ ਵੀ ਦੇਰੀ ਨਾ ਕਰੋ ਕਿਉਂਕਿ ਅਜਿਹੀ ਦੇਰੀ ਵਿਨਾਸ਼ ਹੋ ਸਕਦੀ ਹੈ ਜੋ ਕਿਸੇ ਰਸਾਤਲ ਵਿੱਚ ਧਕੇਲ ਸਕਦੀ ਹੈ। ਕਿਸੇ ਖੂਹ-ਖਾਤੇ ਵਿੱਚ ਡਿੱਗਣ, ਘੁੱਪ ਹਨੇਰਿਆਂ ਵਿੱਚ ਜੀਵਨੀ ਕਾਲਖ਼ ਹੰਢਾਉਣ ਤੋਂ ਬਿਹਤਰ ਹੁੰਦਾ ਹੈ ਕਿ ਕੁਝ ਪਲ ਲਈ ਰੁਕੋ, ਸਰਘੀ ਦੀ ਉਡੀਕ ਕਰੋ ਅਤੇ ਫਿਰ ਉੱਗਦੇ ਸੂਰਜ ਦੀ ਲੋਅ ਵਿੱਚ ਆਪਣੇ ਰਾਹਾਂ ਨੂੰ ਅਜਿਹਾ ਮੋੜਾ ਦਿਓ ਜੋ ਸਰਘੀ ਨੂੰ ਜਾਂਦਾ ਮਾਰਗ ਹੋਵੇ ਅਤੇ ਜਿਹੜਾ ਕਰਮ-ਰੇਖਾਵਾਂ ਨੂੰ ਕਲਾਮਈ, ਕਰਤਾਰੀ ਅਤੇ ਕ੍ਰਿਸ਼ਮਮਈ ਕਰਦਾ ਹੋਵੇ। ਗ਼ਲਤ ਰਾਹਾਂ ’ਤੇ ਤੁਰਨ ਵਾਲੇ ਗ਼ਲਤ ਲੋਕ ਸਮਾਜ ਲਈ ਨਮੋਸ਼ੀ ਹੁੰਦੇ ਹਨ। ਪਰ ਗ਼ਲਤ ਰਾਹਾਂ ਤੋਂ ਪਾਸਾ ਵੱਟ ਕੇ ਚਾਨਣ ਵੰਡਦੀਆਂ ਰਾਹਾਂ ਨੂੰ ਮਕਸਦ ਬਣਾਉਣ ਵਾਲਿਆਂ ਨੂੰ ਲੋਕ ਸਲਾਮਾਂ ਕਰਦੇ ਹਨ। ਗ਼ਲਤੀ ਹੋ ਜਾਂਦੀ ਹੈ, ਪਰ ਗ਼ਲਤੀ ਨੂੰ ਦਰੁਸਤ ਕਰਨ ਵਿੱਚ ਕੀਤੀ ਦੇਰੀ ਮੁਆਫ਼ ਨਹੀਂ ਹੋ ਸਕਦੀ। ਸੋ ਲੋੜ ਹੈ ਕਿ ਜਲਦੀ ਤੋਂ ਜਲਦੀ ਗ਼ਲਤੀ ਸੁਧਾਰ ਕੇ ਚੰਗੀਆਂ ਰਾਹਾਂ, ਚੰਗੇਰੇ ਵਿਚਾਰਾਂ ਅਤੇ ਸੂਰਜ-ਮੰਡਲ ਤੋਂ ਆਉਂਦੀਆਂ ਕਿਰਨਾਂ ਨਾਲ ਸਾਂਝ ਪਾਓ। ਅੰਤਰੀਵ ਰੁਸ਼ਨਾਓ ਅਤੇ ਆਲੇ-ਦੁਆਲੇ ਵੀ ਚਾਨਣਾਂ ਦਾ ਜਾਗ ਲਾਓ।
ਬੱਚਿਆਂ ਨੂੰ ਅਣਗੌਲੇ ਕੀਤਿਆਂ ਬੱਚੇ ਗਵਾਚ ਜਾਂਦੇ ਹਨ। ਮਾਪਿਆਂ ਤੋਂ ਬਹੁਤ ਦੂਰ ਚਲੇ ਜਾਂਦੇ ਹਨ ਅਤੇ ਫਿਰ ਇਨ੍ਹਾਂ ਦਾ ਵਾਪਸ ਪਰਤਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਬੱਚੇ ਮਾਪਿਆਂ ਤੋਂ ਦੂਰੀ ਬਣਾਉਣ, ਉਨ੍ਹਾਂ ਦੇ ਮਨਾਂ ਵਿੱਚ ਮਾਪਿਆਂ ਪ੍ਰਤੀ ਤਲਖੀ ਪੈਦਾ ਹੋਵੇ ਅਤੇ ਅਪਣੱਤ ਖ਼ਤਮ ਹੋ ਜਾਵੇ, ਬੱਚਿਆਂ ਨੂੰ ਸੰਭਾਲੋ। ਬੁੱਕਲ ਵਿੱਚ ਲਓ ਅਤੇ ਆਪਣੇ ਖੰਭਾਂ ਹੇਠ ਲੈ ਕੇ ਉੱਡਣ ਦੀ ਜਾਚ ਸਿਖਾਓ। ਜੀਵਨ ਦੀਆਂ ਤਲਖ਼ ਹਕੀਕਤਾਂ ਦਾ ਸਾਹਮਣਾ ਕਰਨਾ ਸਿਖਾਓ। ਇਸ ਵਿੱਚ ਕਦੇ ਦੇਰੀ ਨਾ ਕਰਿਓ। ਇਹ ਦੇਰੀ ਬਹੁਤ ਮਹਿੰਗੀ ਹੁੰਦੀ ਹੈ। ਬੱਚੇ, ਘਰ ਅਤੇ ਮਾਪਿਆਂ ਤੋਂ ਉਚਾਟ ਹੋ ਜਾਂਦੇ ਹਨ। ਘਰ ਦਾ ਮਾਹੌਲ ਭਾਰੀ ਹੋ ਜਾਂਦਾ ਹੈ। ਘਰ ਅਤੇ ਘਰ ਵਾਲਿਆਂ ਤੋਂ ਦੂਰੀ ਹੀ ਉਨ੍ਹਾਂ ਨੂੰ ਨਸ਼ਿਆਂ ਵਿੱਚੋਂ ਸਕੂਨ ਭਾਲਣ ਲਈ ਮਜਬੂਰ ਕਰਦੀ ਹੈ। ਕਦੇ ਉਹ ਗ਼ਲਤ ਸੰਗਤ ਵਿੱਚ ਦਿਲ ਦੀ ਚੀਸ ਨੂੰ ਲੁਕਾਉਣ ਦਾ ਯਤਨ ਕਰਦੇ ਹਨ। ਦੇਰ ਤੀਕ ਘਰ ਨਾ ਪਰਤਣਾ, ਬੰਦ-ਕਮਰੇ ਤੀਕ ਹੀ ਖੁਦ ਨੂੰ ਸੀਮਤ ਕਰਨਾ ਅਤੇ ਫੋਨ ਤੇ ਕੰਪਿਊਟਰ ਦੁਆਲੇ ਹੀ ਕੇਂਦਰਿਤ ਕਰਨ ਵਾਲੇ ਬੱਚਿਆਂ ਦਾ ਮਾਪਿਆਂ ਨਾਲ ਕੋਈ ਮੋਹ ਨਹੀਂ ਹੁੰਦਾ। ਅਜਿਹੇ ਬੱਚਿਆਂ ਨੂੰ ਪਲੋਸੋ, ਹਮਦਰਦ ਬਣੋ, ਉਨ੍ਹਾਂ ਦੀਆਂ ਖੇਡਾਂ ਵਿੱਚ ਸ਼ਾਮਲ ਹੋਵੇ ਅਤੇ ਆਪਣਾ ਯਾਰ ਤੇ ਹਮਜੋਲੀ ਬਣਾਓ। ਨਿੱਕੀਆਂ ਬਾਤਾਂ ਕਰਦਿਆਂ, ਉਸ ਦੀ ਚੇਤਨਾ ਵਿੱਚ ਪਨਪ ਰਹੇ ਵਿਚਾਰਾਂ ਦੀ ਸੂਹ ਲਓ। ਫਿਰ ਅਚੇਤ ਰੂਪ ਵਿੱਚ ਇਨ੍ਹਾਂ ਵਿਚਾਰਾਂ ਨੂੰ ਸੁਚਾਰੂ ਪਾਸੇ ਵੰਨੀ ਮੋੜਾ ਦਿਓ। ਬੱਚਿਆਂ ਨੂੰ ਆਪਣਾ ਆਪ, ਘਰ ਅਤੇ ਮਾਪੇ ਚੰਗੇ ਲੱਗਣ ਲੱਗ ਪੈਣਗੇ। ਇਸ ਉਸਾਰੂ ਅਤੇ ਪਾਕ ਕਾਰਜ ਵਿੱਚ ਦੇਰੀ ਕਿਉਂ? ਜਿਹੜੇ ਮਾਪੇ ਇਸ ਵਿੱਚ ਦੇਰੀ ਕਰਦੇ ਹਨ, ਉਹ ਸਾਰੀ ਉਮਰ ਇੱਕ ਪਛਤਾਵਾ ਢੋਣ ਜੋਗੇ ਰਹਿ ਜਾਂਦੇ ਹਨ। ਜਦੋਂ ਬੱਚੇ ਘਰ ਨੂੰ ਬੇਦਾਵਾ ਦੇ ਜਾਂਦੇ ਹਨ ਤਾਂ ਭਾਂ ਭਾਂ ਕਰਦੇ ਕਮਰੇ ਤੇ ਕੰਧਾਂ, ਕਬਰਾਂ ਵਰਗੀਆਂ ਲੱਗਦੀਆਂ ਹਨ। ਭਲਾਂ ਕਬਰਾਂ ਵਰਗੀ ਚੁੱਪ ਵਿੱਚ ਬੰਦਾ ਕਿੰਨਾ ਕੁ ਚਿਰ ਜੀਅ ਸਕਦਾ? ਅਜਿਹੀ ਸੁੰਨਸਾਨ ਨੂੰ ਮੁਖ਼ਾਤਬ ਹੋਣ ਤੋਂ ਚੰਗਾ ਹੈ ਕਿ ਬੱਚਿਆਂ ਦੀਆਂ ਕਿਲਕਾਰੀਆਂ, ਉਨ੍ਹਾਂ ਦੇ ਲੜਾਈਆਂ-ਝਗੜਿਆਂ ਅਤੇ ਖੇਲ-ਤਮਾਸ਼ਿਆਂ ਨੂੰ ਘਰ ਦੀਆਂ ਕੰਧਾਂ ਵਿੱਚ ਜ਼ੀਰਨ ਦਿਓ। ਜਦੋਂ ਉਹ ਆਪ ਉਡਾਰੀ ਭਰ ਕੇ, ਨਵਾਂ ਸੰਸਾਰ ਵਸਾਉਣ ਲਈ ਉਡਾਰੀ ਮਾਰਨਗੇ ਤਾਂ ਉਨ੍ਹਾਂ ਦੀਆਂ ਗੱਲਾਂ, ਸ਼ਰਾਰਤਾਂ ਅਤੇ ਕਮਰਿਆਂ ਵਿਚਲੀ ਬਚਪਨੀ ਮਹਿਕ ਦੀ ਲਬਰੇਜ਼ਤਾ, ਤੁਹਾਡੇ ਜੀਵਨ ਵਿੱਚ ਸੰਤੁਸ਼ਟੀ ਅਤੇ ਸਬਰ ਭਰਦੀ ਹੋਈ ਜੀਵਨ ਧੰਨਭਾਗਤਾ ਬਣ ਜਾਵੇਗੀ।
ਬੁੱਢੇ ਘਰ ਦੇ ਦਰਾਂ ਵਿੱਚ ਬੈਠਾ ਬਾਪ ਵੀ ਬੁੱਢੇ-ਵਾਰੇ ਆਪਣੀ ਔਲਾਦ ਨੂੰ ਉਡੀਕਦਾ ਹੈ, ਮਨ ਦੀਆਂ ਪਰਤਾਂ ਫਰੋਲਣ ਲਈ ਅਤੇ ਔਲਾਦ ਵਿੱਚੋਂ ਚੰਗਿਆਈ ਤੇ ਭਲਾਈ ਦੇ ਨਕਸ਼ ਨਿਹਾਰਨ ਲਈ ਉਨ੍ਹਾਂ ਦਾ ਬੇਸਬਰੀ ਨਾਲ ਰਾਹ ਤੱਕਦਾ ਹੈ। ਬਿਰਧ ਬਾਪ ਨੂੰ ਮਿਲਣ ਲਈ ਬਹਾਨੇ ਨਾ ਬਣਾਓ ਅਤੇ ਨਿੱਤ ਨਵੀਂ ਤਰੀਕ ਨਾ ਪਾਓ ਕਿਉਂਕਿ ਬਾਪ ਦੇ ਦੀਦਿਆਂ ਵਿੱਚ ਗੁਜ਼ਰਦਾ ਹਰ ਦਿਨ ਇੱਕ ਆਸ ਧਰਦਾ ਹੈ। ਇਸ ਆਸ ਦਾ ਖਤਮ ਹੋ ਜਾਣਾ ਬਾਪ ਨੂੰ ਬਹੁਤ ਪੀੜਤ ਕਰਦਾ ਹੈ। ਫਿਰ ਉਹ ਆਪਣੀਆਂ ਆਂਦਰਾਂ ਤੋਂ ਹੀ ਬਹੁਤ ਦੂਰ ਹੋ ਜਾਂਦਾ ਹੈ। ਹਤਾਸ਼ ਅਤੇ ਨਿਰਾਸ਼ ਹੋਇਆ ਬਾਪ ਜਦੋਂ ਚੁਗਾਠ ਦੇ ਗਲ਼ ਲੱਗ ਆਪਣਾ ਦਰਦ ਫਰੋਲਦਾ ਹੈ ਤਾਂ ਦਰ ਬੋੜ੍ਹੇ ਹੋ ਜਾਂਦੇ ਹਨ। ਬਾਪ ਦੀ ਵੇਦਨਾ ਬਹੁਤ ਕੁਝ ਉਸ ਘਰ ਦੇ ਨਾਮ ਕਰ ਜਾਂਦੀ ਹੈ ਜਿਸ ਵਿੱਚੋਂ ਉਡਾਰੂ ਹੋ ਕੇ ਬੱਚੇ, ਬਾਪ ਦੀ ਬਾਤ ਪੁੱਛਣ ਤੋਂ ਵੀ ਆਨਾ-ਕਾਨੀ ਕਰਦੇ ਹਨ। ਜਿਊਂਦੇ-ਜੀਅ ਬਾਪ ਦੀ ਆਸ ਨੂੰ ਪੂਰਾ ਨਾ ਕਰਨ ਵਾਲਾ ਅਤੇ ਆਖਰੀ ਰਸਮਾਂ ਵਿੱਚ ਹਾਜ਼ਰ ਹੋਣ ਵਾਲਾ ਬਾਅਦ ਵਿੱਚ ਕਬਰਾਂ ਦੀ ਚੁੱਪ ਨੂੰ ਹੀ ਆਪਣੀਆਂ ਸੋਚਾਂ ਵਿੱਚ ਭਰਦਾ ਹੈ ਕਿਉਂਕਿ ਬਾਪ ਦੇ ਗੁੰਮ ਗਏ ਬੋਲਾਂ ਨੇ ਵਾਪਸ ਨਹੀਂ ਪਰਤਣਾ ਹੁੰਦਾ। ਇਹ ਸੁੰਨ ਸਾਰੀ ਉਮਰ ਬੰਦੇ ਨੂੰ ਜਿਊਣੀ ਪੈਂਦੀ ਹੈ। ਬੋਲਾਂ ਵਿੱਚ ਸਦੀਵੀ ਹਉਕਾ ਅਤੇ ਹੇਰਵਾ ਧਰ ਜਾਂਦੀ ਹੈ। ਜਿਉਂਦੇ-ਜੀਅ ਬਾਪ ਨਾਲ ਕੀਤੀਆਂ ਨਿੱਕੀਆਂ ਨਿੱਕੀਆਂ ਗੱਲਾਂ, ਉਨ੍ਹਾਂ ਦੇ ਝੁਰੜੀਆਂ ਭਰੇ ਹੱਥਾਂ ਨੂੰ ਸਹਿਲਾਉਣਾ, ਆਖਰੀ ਪਲਾਂ ਵਿੱਚ ਕੀਤੀ ਗਈ ਟਹਿਲ-ਸੇਵਾ ਨੂੰ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਵੀ ਜਦੋਂ ਯਾਦ ਕਰੋਗੇ ਤਾਂ ਇੱਕ ਸੁਖਨ-ਸਬੂਰੀ ਤੁਹਾਡੀ ਰੂਹ ਵਿੱਚ ਨਾਦ ਪੈਦਾ ਕਰੇਗੀ। ਜੇ ਬਾਪ ਬੇਇਲਾਜ, ਲਾਵਾਰਸ ਜਾਂ ਬਜ਼ੁਰਗ ਘਰ ਵਿੱਚ ਹੀ ਦਮ ਤੋੜ ਗਿਆ ਤਾਂ ਕਿਵੇਂ ਪਤਾ ਲੱਗੇਗਾ ਕਿ ਆਖਰੀ ਸਾਹ ਲੈਣ ਵੇਲੇ ਬਾਪ ਦੇ ਨੈਣਾਂ ਵਿੱਚ ਕੀ ਸੀ? ਕਿਵੇਂ ਉਸ ਨੇ ਆਲੇ-ਦੁਆਲੇ ਬੈਠੀ ਔਲਾਦ ਨੂੰ ਨਿਹਾਰਿਆ ਸੀ? ਕਿਸ ਰੂਪ ਜਾਂ ਹਾਲਾਤ ਵਿੱਚ ਜ਼ਿੰਦਗੀ ਦੇ ਸਫ਼ਰ ਨੂੰ ਮੁਕਾਇਆ ਸੀ? ਕਿਵੇਂ ਆਖਰੀ ਸਾਹ ਰਾਹੀਂ ਜੀਵਨ ਨੂੰ ਸੰਪੂਰਨਤਾ ਬਖ਼ਸ਼ੀ ਸੀ? ਮਾਪਿਆਂ ਨਾਲ ਆਖਰੀ ਵੇਲੇ ਦੀਆਂ ਬਹੁਤ ਯਾਦਾਂ ਜੁੜ ਜਾਂਦੀਆਂ ਹਨ। ਮਾਪਿਆਂ ਨੂੰ ਵੀ ਚੰਗਾ ਲੱਗਦਾ ਹੈ ਕਿ ਆਖਰੀ ਸਾਹ ਲੈਣ ਵੇਲੇ ਬੱਚੇ ਉਨ੍ਹਾਂ ਦੇ ਕੋਲ ਹੋਣ। ਅਜਿਹੇ ਯਾਦਗਾਰੀ ਪਲਾਂ ਨੂੰ ਜਿਊਣ ਅਤੇ ਬਾਪ ਦੇ ਆਖਰੀ ਪਲਾਂ ਦੇ ਖ਼ਜ਼ਾਨੇ ਨਾਲ ਭਰਪੂਰ ਹੋਣ ਵਿੱਚ ਕਦੇ ਦੇਰ ਨਾ ਕਰਿਓ। ਬਾਪ ਤੁਰ ਜਾਵੇ ਤਾਂ ਜੀਵਨ-ਭਰ ਦੀਆਂ ਸਾਂਝਾਂ ਮੁੱਕ ਜਾਂਦੀਆਂ ਹਨ। ਰਿਸ਼ਤਿਆਂ ਦੀਆਂ ਮਹੀਨ ਤੰਦਾਂ ਤਿੜਕ ਜਾਂਦੀਆਂ ਹਨ। ਇਸ ਲਈ ਕਦੇ ਵੀ ਬਾਪ ਮਿਲਣ ਲਈ ਤਰਲਾ ਕਰੇ ਤਾਂ ਦੇਰ ਨਾ ਕਰਿਓ ਕਿਉਂਕਿ ਬਾਪ ਜਦੋਂ ਹਉਕਾ ਲੈਂਦਾ ਹੈ ਤਾਂ ਬਹੁਤ ਕੁਝ ਇਸ ਹਉਕੇ ਦੇ ਸੇਕ ਵਿੱਚ ਹੀ ਝੁਲਸ ਗਿਆ ਹੁੰਦਾ ਹੈ। ਤੁਹਾਡੀ ਆਮਦ ਨੇ ਉਸ ਸੇਕ ’ਤੇ ਪਾਣੀ ਤਰੌਂਕਣਾ ਹੁੰਦਾ ਹੈ। ਬਾਪ ਦੀ ਉਡੀਕ ਅਤੇ ਉਮੀਦ ਨੂੰ ਕਦੇ ਵੀ ਬੇਵਾ ਨਾ ਹੋਣ ਦੇਣਾ। ਗਾਹੇ-ਬਗਾਹੇ ਹੁੰਗਾਰਾ ਜ਼ਰੂਰ ਭਰਦੇ ਰਹਿਣਾ।
ਉਸ ਮਾਂ ਨੂੰ ਮਿਲਣ ਲਈ ਦੇਰ ਨਾ ਕਰਿਓ ਜਿਹੜੀ ਪ੍ਰਦੇਸੀ ਪੁੱਤਰ ਦੀ ਉਡੀਕ ਵਿੱਚ ਦਰਾਂ ’ਤੇ ਧਰਨਾ ਲਾਈਂ ਬੈਠੀ ਹੈ। ਜੋ ਕੰਧਾਂ ’ਤੇ ਲੀਕਾਂ ਮਾਰ ਕੇ ਅੱਕ ਚੁੱਕੀ ਹੈ। ਜੋ ਆਪਣੇ ਬੱਚਿਆਂ ਨੂੰ ਯਾਦ ਕਰਦੀ ਕਦੇ ਗੁੱਡੀਆਂ-ਪਟੋਲਿਆਂ ਨਾਲ ਗੱਲਾਂ ਕਰਦੀ ਹੈ, ਕਦੇ ਖਿਡੌਣਿਆਂ ਵਿੱਚ ਉਨ੍ਹਾਂ ਦੀ ਛੋਹ ਮਾਣਦੀ ਹੈ, ਕਦੀ ਨਿੱਕੇ ਨਿੱਕੇ ਝੱਗਿਆਂ ਤੇ ਪੋਤੜਿਆਂ ਵਿੱਚੋਂ ਬਚਪਨੀ ਸੂਰਤ ਕਿਆਸਦੀ ਹੈ ਅਤੇ ਕਦੇ ਪੁਰਾਣੀਆਂ ਕਿਤਾਬਾਂ, ਕਾਪੀਆਂ, ਪੈਨਸਲਾਂ ਨੂੰ ਫਰੋਲਦੀ, ਉਨ੍ਹਾਂ ਦੇ ਨੈਣਾਂ ਵਿੱਚ ਉੱਗੀ ਗਿਆਨ-ਜੋਤ ਵਿੱਚੋਂ ਆਪਣਾ ਬਿੰਬ ਦੇਖਣਾ ਲੋਚਦੀ ਹੈ। ਮਾਂ ਜੋ ਘਰ ਦੀ ਚਾਰ-ਦੀਵਾਰੀ ਦੀ ਸਲਾਮਤੀ ਦਾ ਖਿਆਲ ਕਰਦੀ ਕਰਦੀ, ਹੁਣ ਆਖਰੀ ਸਾਹਾਂ ’ਤੇ ਹੈ। ਪਤਾ ਨਹੀਂ ਕਦੋਂ ਭੌਰ ਉਡਾਰੀ ਮਾਰ ਜਾਵੇ ਅਤੇ ਉਹ ਆਪਣੇ ਬੱਚਿਆਂ ਦੇ ਦੀਦਾਰ ਤੋਂ ਵਾਂਝੀ ਹੀ ਇਸ ਦੁਨੀਆ ਤੋਂ ਤੁਰ ਜਾਵੇ। ਇਸ ਤੋਂ ਪਹਿਲਾਂ ਕਿ ਮਾਂ ਸਦੀਵੀ ਵਿਛੋੜਾ ਦੇ ਜਾਵੇ, ਮਾਂ ਨੂੰ ਮਿਲਣ ਲਈ ਦੇਰੀ ਨਾ ਕਰਿਓ। ਮਾਵਾਂ ਨੇ ਸਦਾ ਨਹੀਂ ਰਹਿਣਾ। ਮਾਂ ਦੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਮਾਂ ਦੀ ਮਮਤਾ ਦੇ ਕੀ ਅਰਥ ਹੁੰਦੇ ਹਨ? ਮਾਵਾਂ ਬੱਚਿਆਂ ਪ੍ਰਤੀ ਕਿੰਨੀਆਂ ਫ਼ਿਕਰਮੰਦ ਹੁੰਦੀਆਂ ਹਨ ਅਤੇ ਕਿੰਨਾ ਪਿਆਰ ਜਤਾਉਣਾ ਲੋਚਦੀਆਂ ਹਨ? ਉਨ੍ਹਾਂ ਦੇ ਜਿਉਂਦੇ-ਜੀਅ ਅਸੀਸਾਂ ਲੈਣਾ। ਉਸ ਦੇ ਹੱਥਾਂ ਦੀ ਪਕਾਈ ਹੋਈ ਰੋਟੀ ਅਤੇ ਬਣਾਈਆਂ ਹੋਈਆਂ ਪਿੰਨੀਆਂ ਦੇ ਸੁਆਦ ਨੂੰ ਮਾਣ ਲੈਣਾ ਕਿਉਂਕਿ ਮਾਂ ਦੇ ਜਾਣ ਤੋਂ ਬਾਅਦ ਇੱਕ ਪਛਤਾਵਾ ਬਾਕੀ ਨਾ ਰਹਿ ਜਾਵੇ। ਇਹ ਕਾਰੋਬਾਰ, ਰੁਝੇਵੇਂ ਤੇ ਦੁਨੀਆਦਾਰੀ ਨੇ ਚੱਲਦੇ ਰਹਿਣਾ ਹੈ। ਜੇ ਨਹੀਂ ਰਹਿਣਾ ਤਾਂ ਮਾਂ ਨੇ ਨਹੀਂ ਰਹਿਣਾ ਅਤੇ ਮਾਂ ਤੋਂ ਬਾਅਦ ਕਿਸੇ ਨੇ ਨਹੀਂ ਕਹਿਣਾ ਕਿ ਰੋਟੀ ਖਾਧੀ ਹੈ ਕਿ ਨਹੀਂ? ਵੇ ਪੁੱਤ ਕਦੋਂ ਆਉਣਾ ਏ? ਮਾਂ ਦੇ ਜਾਣ ਤੋਂ ਬਾਅਦ ਘਰ ਬੇਗਾਨਾ ਹੋ ਜਾਂਦਾ ਹੈ ਅਤੇ ਇਸ ਬੇਗਾਨਗੀ ਨੂੰ ਹੰਢਾਉਂਦਿਆਂ, ਮਾਂ ਦੀ ਯਾਦ ਵਿੱਚ ਨੈਣੀਂ ਭਰੇ ਖਾਰੇ ਪਾਣੀ ਨੇ ਵੀ ਮਾਂ ਨੂੰ ਵਾਪਸ ਨਹੀਂ ਲਿਆਉਣਾ। ਇਸ ਤੋਂ ਪਹਿਲਾਂ ਕਿ ਦੀਦਿਆਂ ਦੀ ਸੈਲਾਬ ਨੂੰ ਜੀਵਨ-ਸਾਥੀ ਬਣਾਉਣ ਦੀ ਨੌਬਤ ਆਵੇ, ਮਾਂ ਨੂੰ ਮਿਲਣ ਲਈ ਸਮਾਂ ਜ਼ਰੂਰ ਕੱਢਣਾ। ਇਸ ਵਿੱਚ ਕੀਤੀ ਦੇਰੀ ਕਾਰਨ ਰਾਖ ਦੀ ਢੇਰੀ ਹੀ ਤੁਹਾਨੂੰ ਉਡੀਕੇਗੀ ਜਿਸ ਨੇ ਤੁਹਾਡੀਆਂ ਸਿਸਕੀਆਂ ਨਹੀਂ ਸੁਣਨੀਆਂ। ਮਾਂ ਦੀ ਹਾਕ ਦਾ ਹੁੰਗਾਰਾ ਭਰਦੇ ਰਹਿਣਾ ਕਿਉਂਕਿ ਸਾਰਾ ਜੀਵਨ ਬੱਚਿਆਂ ਦੇ ਲੇਖੇ ਲਾਉਣ ਵਾਲੀ ਮਾਂ ਦਾ ਵੀ ਕੁਝ ਹੱਕ ਏ ਕਿ ਉਸ ਨੂੰ ਵੀ ਕੁਝ ਸਮਾਂ ਮਿਲੇ। ਉਸ ਦੀ ਸੇਵਾ ਵਿੱਚੋਂ ਸਕੂਨ ਅਤੇ ਸੁਖਨ ਨੂੰ ਜੀਵਨ ਦਾ ਤੱਤਸਾਰ ਬਣਾਉਣ ਦੀ ਲੋੜ ਹੈ।
ਚੰਗੇ ਕਦਮ ਉਠਾਉਣ, ਚੰਗੇ ਵਿਚਾਰ ਮਨ-ਬਗੀਚੇ ਵਿੱਚ ਉਗਾਉਣ, ਕੋਈ ਨਵੀਂ ਕਿਰਤ, ਕਲਾ ਜਾਂ ਕਾਰਜ ਕਰਨ ਵਿੱਚ ਕਦੇ ਦੇਰੀ ਨਾ ਕਰੋ ਕਿਉਂਕਿ ਅਜਿਹੇ ਕੰਮਾਂ ਵਿੱਚ ਦੇਰੀ ਦਲਿੱਦਰ ਹੁੰਦੀ ਹੈ ਜੋ ਮਨੁੱਖੀ ਸਮਰੱਥਾ ਅਤੇ ਸ਼ਕਤੀ ਨੂੰ ਨਿਗੂਣਾ ਕਰਦੀ ਹੈ। ਦੇਰੀ ਕਰਨੀ ਹੈ ਤਾਂ ਗ਼ਲਤ ਰਾਹਾਂ ’ਤੇ ਤੁਰਨ ਤੋਂ ਕਰਿਓ। ਕੁਤਾਹੀਆਂ, ਕਮੀਨਗੀਆਂ ਨੂੰ ਪੈਦਾ ਕਰਨ ਤੋਂ ਰੁਕਿਓ। ਗ਼ਲਤ ਲੋਕਾਂ ਦੀ ਸੰਗਤ, ਮਾੜੇ ਲੋਕਾਂ ਦੀ ਰਹਬਿਰੀ ਅਤੇ ਕੁਕਰਮੀਆਂ ਤੋਂ ਸਦਾ ਦੂਰੀ ਬਣਾਈ ਰੱਖੋ। ਅਜਿਹੀ ਦੇਰੀ ਤੁਹਾਨੂੰ ਸੋਚਣ ਅਤੇ ਸੰਭਲਣ ਦਾ ਮੌਕਾ ਪ੍ਰਦਾਨ ਕਰਦੀ ਹੈ।
ਮੰਜ਼ਿਲ ਵੱਲ ਵਧਦੇ ਕਦਮਾਂ ਲਈ ਦੇਰੀ ਨਾ ਕਰੋ। ਸਗੋਂ ਦਰੁਸਤੀ, ਦਲੇਰੀ, ਦਮਖ਼ਮ ਅਤੇ ਦਮਦਾਰੀ ਦਾ ਸਰੂਰ ਇਨ੍ਹਾਂ ਦੇ ਨਾਮ ਕਰੋ। ਤੁਹਾਡੇ ਕਦਮ ਦਿਸਹੱਦਿਆਂ ਦਾ ਸਿਰਨਾਵਾਂ ਬਣਨਗੇ। ਚਾਨਣ ਭਰੀਆਂ ਰਾਹਾਂ ਵਿੱਚੋਂ ਹੀ ਸੂਰਜਾਂ ਦੀ ਸੰਗਤ ਨਸੀਬ ਹੁੰਦੀ ਹੈ।
ਸੰਪਰਕ: 001-216-556-2080