ਹਰਜੀਤ ਅਟਵਾਲ
ਕਈ ਲੋਕਾਂ ਨੂੰ ਬੇਲੋੜੀਆਂ ਚੀਜ਼ਾਂ ਨੂੰ ਜਮ੍ਹਾਂ ਕਰਨ ਦੀ ਆਦਤ ਹੁੰਦੀ ਹੈ, ਅਸਲ ਵਿੱਚ ਇਹ ਇੱਕ ਬਿਮਾਰੀ ਹੈ। ਇਸ ਨੂੰ ਹੋਰਡਿੰਗ-ਡਿਸਆਰਡਰ ਕਿਹਾ ਜਾਂਦਾ ਹੈ। ਅਜਿਹੇ ਲੋਕ ਤੁਹਾਨੂੰ ਰੋਜ਼ਮਰ੍ਹਾ ਜੀਵਨ ਵਿੱਚ ਮਿਲ ਜਾਂਦੇ ਹਨ। ਬਹੁਤ ਦੇਰ ਪਹਿਲਾਂ ਸਾਡੇ ਇੱਕ ਗੁਆਂਢੀ ਅੰਗਰੇਜ਼ ਡੇਵ ਦਾ ਘਰ ਪੁਰਾਣੇ ਫਰਨੀਚਰ ਨਾਲ ਭਰਿਆ ਪਿਆ ਸੀ। ਘਰ ਵਿੱਚ ਸਿਰਫ਼ ਸੌਣ ਲਈ ਜਗ੍ਹਾ ਬਚਦੀ ਸੀ, ਨਹੀਂ ਤਾਂ ਹਰ ਜਗ੍ਹਾ ਕੁਝ ਨਾ ਕੁਝ ਪਿਆ ਹੁੰਦਾ। ਉਹ ਹਰ ਹਫ਼ਤੇ ਸੈਕਿੰਡ-ਹੈਂਡ ਫਰਨੀਚਰ ਖ਼ਰੀਦ ਲਿਆਉਂਦਾ। ਮੈਂ ਉਹਦੇ ਬਾਰੇ ਇੱਕ ਕਹਾਣੀ ਵੀ ਲਿਖੀ ਸੀ। ਇਵੇਂ ਹੀ ਮੇਰੇ ਇੱਕ ਹੋਰ ਦੋਸਤ ਪੀਟਰ ਦੇ ਫਲੈਟ ਵਿੱਚ ਅਖ਼ਬਾਰਾਂ-ਮੈਗਜ਼ੀਨ ਭਰੇ ਪਏ ਸਨ। ਜਿਹੜੀ ਵੀ ਅਖ਼ਬਾਰ ਜਾਂ ਮੈਗਜ਼ੀਨ ਖ਼ਰੀਦਦਾ ਪੜ੍ਹ ਕੇ ਇੱਕ ਪਾਸੇ ਰੱਖ ਦਿੰਦਾ, ਸੁੱਟਦਾ ਨਾ। ਇਵੇਂ ਘਰ ਵਿੱਚ ਬੇਲੋੜੀਆਂ ਪਈਆਂ ਚੀਜ਼ਾਂ ਬੁਰੀਆਂ ਤਾਂ ਲੱਗਦੀਆਂ, ਪਰ ਕਦੇ ਸੋਚਿਆ ਨਹੀਂ ਸੀ ਕਿ ਇਹ ਇੱਕ ਮਾਨਸਿਕ ਬਿਮਾਰੀ ਹੈ। ਇਸ ਦਾ ਸ਼ਾਇਦ ਹਾਲੇ ਵੀ ਮੈਨੂੰ ਪਤਾ ਨਾ ਲੱਗਦਾ ਜੇ ਮੈਨੂੰ ਵੀ ਇਸ ਦਿਮਾਗ਼ੀ ਬਿਮਾਰੀ ਦਾ ਸ਼ਿਕਾਰ ਨਾ ਕਿਹਾ ਜਾਂਦਾ।
ਮੈਨੂੰ ਚਾਬੀਆਂ ਇਕੱਠੀਆਂ ਕਰਨ ਦੀ ਖਬਤ ਹੈ। ਆਪਣੇ ਪਹਿਲੇ ਘਰ, ਪਹਿਲੀ ਕਾਰ ਤੋਂ ਲੈ ਕੇ ਅੱਜ ਤੱਕ ਮੈਂ ਜਿੰਨੇ ਵੀ ਘਰਾਂ ਵਿੱਚ ਰਿਹਾ ਜਾਂ ਕਾਰੋਬਾਰੀ ਕੰਪਲੈਕਸ ਵਰਤੇ ਹਨ, ਜਿੰਨੀਆਂ ਕਾਰਾਂ-ਵੈਨਾਂ ਰੱਖੀਆਂ ਹਨ, ਸਭ ਦੀ ਇੱਕ-ਇੱਕ ਚਾਬੀ ਮੇਰੇ ਕੋਲ ਪਈ ਹੈ। ਇਹ ਕਿਉਂ ਹੈ? ਇਹ ਮੈਨੂੰ ਵੀ ਨਹੀਂ ਪਤਾ। ਪਿਛਲੇ ਚਾਰ ਦਹਾਕਿਆਂ ਵਿੱਚ ਕਰਦਿਆਂ-ਕਰਦਿਆਂ ਚਾਬੀਆਂ ਨਾਲ ਇੱਕ ਡਰਾਅ ਭਰ ਗਿਆ ਹੈ। ਇੱਕ ਦਿਨ ਕੁੱਝ ਲੱਭਦਿਆਂ ਮੇਰੇ ਮੁੰਡੇ ਨੇ ਉਹ ਡਰਾਅ ਖੋਲ੍ਹਿਆ। ਫਿਰ ਮੇਰੇ ’ਤੇ ਲੱਗ ਗਿਆ ਹੋਰਡਿੰਗ-ਡਿਸਆਰਡਰ ਦਾ ਇਲਜ਼ਾਮ। ਮੇਰੀ ਬੇਟੀ ਜੋ ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ ਵਿੱਚ ਕੰਮ ਕਰਦੀ ਹੈ, ਉਸ ਨੇ ਮੇਰੇ ਉੱਪਰ ਕੁੱਝ ਟੈਸਟ ਕਰਨੇ ਸ਼ੁਰੂ ਕਰ ਦਿੱਤੇ। ਮੈਂ ਵੀ ਇਸ ਬਾਰੇ ਕਾਫ਼ੀ ਸਾਰੀ ਖੋਜ ਕੀਤੀ ਤਾਂ ਪਤਾ ਚੱਲਿਆ ਕਿ ਇਹ ਸੱਚਮੁੱਚ ਹੀ ਦਿਮਾਗ਼ੀ ਬਿਮਾਰੀ ਹੈ, ਗੰਭੀਰ ਬਿਮਾਰੀ।
ਹੋਰਡਿੰਗ-ਡਿਸਆਰਡਰ ਨੂੰ ਕੰਪੱਲਸਿਵ-ਹੋਰਡਿੰਗ ਭਾਵ ਆਵੇਗਸ਼ੀਲ-ਜਮ੍ਹਾਂਖੋਰੀ ਵੀ ਕਿਹਾ ਜਾਂਦਾ ਹੈ ਯਾਨੀ ਕਿ ਅਜਿਹੀ ਜਮ੍ਹਾਂਖੋਰੀ ਜਿਹੜੀ ਤੁਸੀਂ ਕਿਸੇ ਆਵੇਗ ਵਿੱਚ ਆ ਕੇ ਕਰਦੇ ਹੋ, ਜਿਸ ਦੀ ਕੋਈ ਲੋੜ ਨਹੀਂ ਹੁੰਦੀ। ਇਸ ਨੇ ਕਦੇ ਕੰਮ ਵੀ ਨਹੀਂ ਆਉਣਾ ਹੁੰਦਾ। ਅਜਿਹੇ ਲੋਕ ਚੀਜ਼ਾਂ ਨੂੰ ਘਰ ਅੰਦਰ ਜਮ੍ਹਾਂ ਕਰਦੇ-ਕਰਦੇ ਆਪਣੇ ਘਰ ਦਾ ਹਰ ਖੂੰਜਾ ਭਰ ਲੈਂਦੇ ਹਨ, ਵਰਤਣ ਤੋਂ ਬੇਲੋੜੀ ਹੋਈ ਨੂੰ ਵੀ ਸੁੱਟਦੇ ਨਹੀਂ ਤੇ ਡੇਵ ਦੇ ਘਰ ਵਾਂਗ ਮਸਾਂ ਸੌਣ ਜੋਗੀ ਜਗ੍ਹਾ ਬਚਦੀ ਹੈ। ਉਹ ਅਜਿਹਾ ਕਿਉਂ ਕਰਦੇ ਹਨ, ਇਸ ਦੇ ਵੱਖਰੇ ਵੱਖਰੇ ਕਾਰਨ ਹੋ ਸਕਦੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੋਵੇ ਕਿ ਇੱਕ ਦਿਨ ਇਹ ਕੰਮ ਆਉਣਗੀਆਂ ਜਾਂ ਚੀਜ਼ਾਂ ਨਾਲ ਮੋਹ ਹੋ ਜਾਂਦਾ ਹੈ, ਸੁੱਟਣ ਵੇਲੇ ਤਕਲੀਫ਼ ਹੁੰਦੀ ਹੈ, ਜਾਂ ਫੈਸਲਾ ਨਹੀਂ ਕਰ ਸਕਦੇ ਕਿ ਇਹ ਚੀਜ਼ ਸੁੱਟੀ ਜਾਵੇ ਜਾਂ ਨਾ। ਕੋਈ ਹੋਰ ਵੀ ਕਾਰਨ ਹੋ ਸਕਦਾ ਹੈ, ਪਰ ਇਹ ਸਿੱਧ ਹੋ ਚੁੱਕਾ ਹੈ ਕਿ ਇਹ ਇੱਕ ਦਿਮਾਗ਼ੀ ਬਿਮਾਰੀ ਹੈ। ਇਹ ਬਿਮਾਰੀ ਪਿਛਲੀ ਸਦੀ ਦੇ ਅੱਸੀਵਿਆਂ ਵਿੱਚ ਸਾਹਮਣੇ ਆਉਣ ਲੱਗੀ, ਪਰ ਇਸ ਨੂੰ ਫੜਨ ਜਾਂ ਪਛਾਣਨ ਜਾਂ ਸਥਾਪਤ ਕਰਨ ਲਈ ਵਕਤ ਲੱਗ ਗਿਆ। 2013 ਵਿੱਚ ਆ ਕੇ ਇਸ ਨੂੰ ਦਿਮਾਗ਼ੀ ਬਿਮਾਰੀ ਐਲਾਨਿਆ ਗਿਆ। ਡੀ.ਐੱਸ.ਐੱਮ. (ਡਾਇਗਨੋਸਟਿਕ ਸਟੈਸਟੀਕਲ ਮੈਨੂਅਲ) ਦੇ ਪੰਜਵੇਂ ਅੰਕ ਵਿੱਚ ਇਸ ਨੂੰ ਮਾਨਸਿਕ ਬਿਮਾਰੀ ਦੇ ਤੌਰ ’ਤੇ ਮੰਨਿਆ ਗਿਆ। ਇਸ ਬਿਮਾਰੀ ਦੇ ਪੈਦਾ ਹੋਣ ਕਾਰਨ ਡਿਪਰੈਸ਼ਨ, ਸਟਰੈੱਸ, ਚਿੰਤਾ, ਡਰ, ਵਹਿਮ ਆਦਿ ਕੁਝ ਵੀ ਹੋ ਸਕਦੇ ਹਨ। ਇਵੇਂ ਫਜ਼ੂਲ ਚੀਜ਼ਾਂ ਜਮ੍ਹਾਂ ਕਰਨ ਦੇ ਨੁਕਸਾਨ ਬਹੁਤ ਹੋ ਸਕਦੇ ਹਨ। ਇੱਕ ਤਾਂ ਜਗ੍ਹਾ ਘਟ ਜਾਣ ਕਾਰਨ ਸਿਹਤ ਲਈ ਹਾਨੀਕਾਰਕ ਹੈ। ਅੱਗ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਚੂਹੇ, ਕੀੜੇ-ਮਕੌੜੇ ਪੈਦਾ ਹੋ ਸਕਦੇ ਹਨ। ਅਜਿਹੇ ਲੋਕ ਵਾਕਫ਼ਕਾਰਾਂ ਵੱਲੋਂ ਨਫ਼ਰਤ ਦੇ ਪਾਤਰ ਵੀ ਬਣਦੇ ਹਨ।
ਹੋਰਡਿੰਗ ਡਿਸਆਰਡਰ ਦੇ ਨੇੜੇ-ਤੇੜੇ ਦੀ ਇੱਕ ਹੋਰ ਸਥਿਤੀ ਵੀ ਹੈ ਜਿਸ ਨੂੰ ਓ.ਸੀ.ਡੀ. (ਓਬਸੈੱਸਸਡ ਕੰਪੱਲਸਿਵ ਡਿਸਆਰਡਰ) ਕਹਿੰਦੇ ਹਨ ਭਾਵ ਜਨੂੰਨੀ ਆਵੇਗਸ਼ੀਲ ਪਾਗਲਪਣ। ਇਸ ਦਾ ਬਿਮਾਰ ਜਦੋਂ ਕੋਈ ਕੰਮ ਕਰਨ ਲੱਗਦਾ ਹੈ ਤਾਂ ਉਹ ਕਰੀ ਹੀ ਜਾਂਦਾ ਹੈ। ਕਈ ਲੋਕ ਬੇਲੋੜੀ ਸਫ਼ਾਈ ਕਰੀ ਜਾਂਦੇ ਹਨ, ਕਈ ਬੁਰਸ਼ ਕਰਨ ਲੱਗਣ ਤਾਂ ਬੁਰਸ਼ ਹੀ ਕਰੀ ਜਾਂਦੇ ਹਨ ਜਾਂ ਅਜਿਹਾ ਹੀ ਕੁਝ ਹੋਰ। ਹੋਰ ਅੱਗੇ ਖੋਜ ਹੋਣ ਨਾਲ ਇੱਕ ਸਥਿਤੀ ਵਿੱਚੋਂ ਅੱਗੇ ਕਈ ਸਥਿਤੀਆਂ ਨਿਕਲ ਰਹੀਆਂ ਹਨ ਜਾਂ ਇਲਾਜ ਕਰਨ ਦੇ ਮਕਸਦ ਨਾਲ ਬਣਾਈਆਂ ਜਾ ਰਹੀਆਂ ਹਨ। ਇੱਕ ਹਾਲਤ ਵਿੱਚ ਸਿਰਫ਼ ਹੋਰਡਿੰਗ ਕੀਤੀ ਜਾਂਦੀ ਹੈ, ਦੂਜੀ ਸਥਿਤੀ ਵਿੱਚ ਕਿਸੇ ਕੰਮ ਨੂੰ ਵਾਰ-ਵਾਰ ਕਰੀ ਜਾਣਾ ਤੇ ਜਮ੍ਹਾਂਖੋਰੀ ਵੀ ਕਰਨੀ, ਤੀਜੀ ਸਥਿਤੀ ਵਿੱਚ ਕਿਸੇ ਕੰਮ ਨੂੰ ਵਾਰ-ਵਾਰ ਕੀਤੇ ਜਾਣ ਵਾਲੇ ਕੰਮ ਨਾਲ ਜੁੜੀਆਂ ਵਸਤਾਂ ਜਮ੍ਹਾਂ ਕਰਨੀਆਂ।
ਮੈਗਜ਼ੀਨਾਂ-ਅਖ਼ਬਾਰਾਂ ਤੋਂ ਬਾਅਦ ਅਜਿਹੇ ਬਿਮਾਰ ਲੋਕ ਕਿਤਾਬਾਂ ਵੀ ਜਮ੍ਹਾਂ ਕਰਦੇ ਹਨ। ਇੱਕੋ ਕਿਤਾਬ ਦੀਆਂ ਕਈ-ਕਈ ਕਾਪੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਕਿਤਾਬਾਂ ਇਕੱਠੀਆਂ ਕਰਨ ਦੀ ਬਿਮਾਰੀ ਨੂੰ ਬਬਿਲੋਮੇਨੀਓ ਕਹਿੰਦੇ ਹਨ। ਅਮਰੀਕਾ ਦਾ ਇੱਕ ਬੰਦਾ ਸਟੀਫਨ ਬਲੂਮਬਰਗ ਕਿਤਾਬਾਂ ਜਮ੍ਹਾਂ ਕਰਨ ਦੇ ਮਾਮਲੇ ਵਿੱਚ ਸਭ ਤੋਂ ਮਸ਼ਹੂਰ ਹੋਇਆ ਹੈ, ਉਸ ਦੇ ਘਰ ਦੇ ਕੋਨੇ-ਕੋਨੇ ਵਿੱਚ ਕਿਤਾਬਾਂ ਪਈਆਂ ਸਨ। ਉਸ ਨੇ ਕਦੇ ਵੀ ਇਹ ਨਹੀਂ ਮੰਨਿਆ ਕਿ ਉਹ ਕੋਈ ਫਜ਼ੂਲ ਕੰਮ ਕਰ ਰਿਹਾ ਹੈ ਸਗੋਂ ਉਸ ਦੀ ਦਲੀਲ ਸੀ ਕਿ ਜਿਹੜੀਆਂ ਕਿਤਾਬਾਂ ਨੂੰ ਲਾਇਬ੍ਰੇਰੀਆਂ ਅਣਗੌਲਦੀਆਂ ਹਨ, ਉਨ੍ਹਾਂ ਨੂੰ ਉਹ ਆਸਰਾ ਦਿੰਦਾ ਹੈ। ਅਮਰੀਕਾ ਦੇ ਹੀ ਇੱਕ ਹੋਰ ਬੰਦੇ ਗੁਸਤਾਵ ਹੈਸਫੋਰਡ ਦੇ ਘਰ ਵਿੱਚ ਕਿਤਾਬਾਂ ਦੇ ਢੇਰ ਲੱਗੇ ਸਨ। ਉਸ ਉੱਪਰ ਲਾਇਬ੍ਰੇਰੀਆਂ ਵਿੱਚੋਂ ਕਿਤਾਬਾਂ ਚੋਰੀ ਕਰਨ ਦੇ ਕਈ ਕੇਸ ਸਨ।
ਇੱਕ ਹੋਰ ਕਿਸਮ ਦੀ ਜਮ੍ਹਾਂਖੋਰੀ ਹੈ ਜੋ ਖ਼ਤਰਨਾਕ ਵੀ ਹੋ ਸਕਦੀ ਹੈ, ਉਹ ਹੈ ਐਨੀਮਲ-ਹੋਰਡਿੰਗ, ਭਾਵ ਪਾਲਤੂ ਜਾਨਵਰਾਂ ਦੀ ਜਮ੍ਹਾਂਖੋਰੀ। ਕਈ ਲੋਕ ਘਰ ਦੀ ਸਮਰੱਥਾ ਤੋਂ ਕਿਤੇ ਵੱਧ ਜਾਨਵਰ- ਕੁੱਤੇ, ਬਿੱਲੀਆਂ, ਸਹੇ, ਹੈਮਸਟਰ ਆਦਿ ਰੱਖ ਲੈਂਦੇ ਹਨ। ਉਨ੍ਹਾਂ ਨੂੰ ਜਾਨਵਰਾਂ ਨਾਲ ਏਨਾ ਮੋਹ ਹੋ ਜਾਂਦਾ ਹੈ ਕਿ ਉਹ ਉਨ੍ਹਾਂ ਨੂੰ ਛੱਡ ਨਹੀਂ ਸਕਦੇ। ਬਾਕੀ ਕਿਸਮ ਦੀ ਜਮ੍ਹਾਂਖੋਰੀ ਗ਼ੈਰ-ਕਾਨੂੰਨੀ ਨਾ ਹੋਣ ਕਰਕੇ ਸਰਕਾਰ ਬਹੁਤਾ ਦਖਲ ਨਹੀਂ ਦਿੰਦੀ, ਪਰ ਜਾਨਵਰਾਂ ਦੀ ਜਮ੍ਹਾਂਖੋਰੀ ਦੀ ਇਜਾਜ਼ਤ ਨਹੀਂ। ਜਾਨਵਰਾਂ ਦੀ ਭਲਾਈ ਵਾਲਾ ਮਹਿਕਮਾ ਅਜਿਹੇ ਲੋਕਾਂ ਨੂੰ ਸਹਿਜੇ ਹੀ ਕਚਹਿਰੀ ਵਿੱਚ ਲੈ ਜਾ ਸਕਦਾ ਹੈ। ਪੱਛਮ ਦੇ ਕਈ ਦੇਸ਼ਾਂ ਵਿੱਚ ਜਾਨਵਰਾਂ ਦੀ ਜਮ੍ਹਾਂਖੋਰੀ ਦੇ ਖਿਲਾਫ਼ ਇੱਕ ਹੋਰਡਿੰਗ-ਪਰਵੈਨਸ਼ਨ ਟੀਮ ਬਣੀ ਹੋਈ ਹੁੰਦੀ ਹੈ। ਵੈਸੇ ਜਾਨਵਰਾਂ ਦੀ ਜਮ੍ਹਾਂਖੋਰੀ ਪਿੱਛੇ ਮਨੋਵਿਗਿਆਨੀ ਕਾਰਨ ਦੱਸਦੇ ਹਨ ਕਿ ਅਜਿਹੇ ਲੋਕਾਂ ਨੂੰ ਬਚਪਨ ਵਿੱਚ ਪਿਆਰ ਨਹੀਂ ਮਿਲਿਆ ਹੁੰਦਾ। ਜਾਨਵਰਾਂ ਦੀ ਜਮ੍ਹਾਂਖੋਰੀ ਬਾਰੇ ਯੂ-ਟਿਊਬ ਉੱਪਰ ਬਹੁਤ ਸਾਰੀਆਂ ਦਿਲ-ਦਹਿਲਾ ਦੇਣ ਵਾਲੀਆਂ ਵੀਡਿਓ’ਜ਼ ਮਿਲਦੀਆਂ ਹਨ। ਉਂਜ ਹੋਰਡਰਾਂ ਬਾਰੇ ਬਹੁਤ ਕੁਝ ਪੜ੍ਹਨ-ਦੇਖਣ ਨੂੰ ਮਿਲਦਾ ਹੈ, ਗੂਗਲ ਤੇ ਯੂ-ਟਿਊਬ ’ਤੇ ਇਨ੍ਹਾਂ ਦੇ ਕਿੱਸੇ ਭਰੇ ਪਏ ਹਨ, ਪਰ ਜੈਸਮੀਨ ਹਰਮਨ ਦੀ ਕਹਾਣੀ ਕੁਝ ਅਲੱਗ ਹੈ। ਜੈਸਮੀਨ ਟੀਵੀ ਪ੍ਰਜ਼ੈਂਟਰ ਹੈ, ਉਸ ਦੀ ਮਾਂ ਹੋਰਡਰ (ਜਮ੍ਹਾਂਖੋਰ) ਹੈ ਤੇ ਉਸ ਨੇ ਬੀ.ਬੀ.ਸੀ. ਤੋਂ ਇੱਕ ਪ੍ਰੋਗਰਾਮ ਦਿੱਤਾ ਸੀ, ‘ਮਾਈ ਹੋਰਡਰ ਮੰਮ ਐਂਡ ਮੀ’ ਜੋ ਦੇਖਣਯੋਗ ਹੈ। ਇਹ ਤੁਸੀਂ ਯੂ-ਟਿਊਬ ’ਤੇ ਹਾਲੇ ਵੀ ਦੇਖ ਸਕਦੇ ਹੋ। ਅਜਿਹੇ ਬਿਮਾਰਾਂ ਦੀਆਂ ਜਮ੍ਹਾਂ ਕਰਨ ਵਾਲੀਆਂ ਚੀਜ਼ਾਂ ਵਿੱਚ ਘਰਾਂ ਵਿੱਚ ਸੁੱਟੇ ਜਾਂਦੇ ਮਸ਼ਹੂਰੀ ਵਾਲੇ ਪਰਚੇ, ਅਖ਼ਬਾਰਾਂ, ਮੈਗਜ਼ੀਨ, ਰਸੋਈ ਦੇ ਫਜ਼ੂਲ ਬਰਤਨ, ਘਸੇ ਹੋਏ ਕੱਪੜੇ, ਨਾ-ਵਰਤੋਂ ਵਿੱਚ ਆਉਂਦੇ ਬਿਸਤਰ, ਮੰਜੇ, ਮੇਜ਼-ਕੁਰਸੀਆਂ ਆਦਿ ਹੁੰਦੀਆਂ ਹਨ।
ਇੱਥੇ ਮੈਂ ਆਪਣੀ ਜਮ੍ਹਾਂਖੋਰੀ ਦੀ ਇੱਕ ਹੋਰ ਆਦਤ ਦਾ ਇਕਬਾਲ ਕਰਦਾ ਜਾਵਾਂ ਕਿ ਮੇਰੇ ਘਰ ਦੀ ਅਟਕ ਜਾਂ ਲੌਫਟ ਵਿੱਚ ਬਹੁਤ ਸਾਮਾਨ ਭਰਿਆ ਪਿਆ ਹੈ ਜਿਸ ਵਿੱਚ ਮੇਰੇ ਬੱਚਿਆਂ ਦੇ ਖਿਡਾਉਣੇ, ਸਾਈਕਲ, ਪੁਰਾਣੀਆਂ ਕੰਪਿਊਟਰ-ਗੇਮਾਂ, ਪਤਾ ਨਹੀਂ ਅਜਿਹਾ ਕੀ-ਕੀ ਪਿਆ ਹੈ। ਬੱਚੇ ਵੱਡੇ ਹੁੰਦੇ ਗਏ, ਮੈਂ ਇਨ੍ਹਾਂ ਦੇ ਖਿਡੌਣੇ ਆਦਿ ਲੌਫਟ ਵਿੱਚ ਰੱਖਦਾ ਗਿਆ। ਉਸ ਵਿੱਚ ਪੁਰਾਣੇ ਅਟੈਚੀਕੇਸ, ਜੈਕੇਟਾਂ ਆਦਿ ਵੀ ਹੋਣਗੇ। ਮੈਨੂੰ ਲੱਗਦਾ ਹੈ ਕਿ ਇਸ ਫਜ਼ੂਲ ਸਾਮਾਨ ਨਾਲ ਇੱਕ ਛੋਟਾ ਟਰੱਕ ਭਰ ਜਾਵੇਗਾ। ਮੇਰੇ ਦੋਸਤ ਰੌਡ ਲੌਜ ਦੇ ਘਰ ਕਿੰਨੇ ਹੀ ਪੁਰਾਣੇ ਟੈਲੀਵਿਜ਼ਨ ਪਏ ਹਨ, ਬਿਜਲੀ ਦੀਆਂ ਪੁਰਾਣੀਆਂ ਮੋਟਰਾਂ, ਪੁਰਾਣੇ ਡਿਸਕ-ਟੌਪ ਕੰਪਿਊਟਰ ਤੇ ਪਤਾ ਨਹੀਂ ਹੋਰ ਕੀ-ਕੀ ਪਿਆ ਹੈ। ਇਹ ਬਿਜਲਈ ਸਾਮਾਨ ਦੀ ਜਮ੍ਹਾਂਖੋਰੀ ਦਾ ਇੱਕ ਨਮੂਨਾ ਹੈ। ਇੱਕ ਹੋਰ ਖ਼ਤਰਨਾਕ ਸਥਿਤੀ ਅਧੀਨ ਬਿਮਾਰ ਘਰ ਵਿੱਚ ਆਈ ਕਿਸੇ ਵੀ ਚੀਜ਼ ਨੂੰ ਨਹੀਂ ਸੁੱਟਦਾ, ਜਿਵੇਂ ਖਾਲੀ ਬੋਤਲਾਂ, ਡੱਬੇ, ਪੈਕਟ, ਪਾਟੇ ਹੋਏ ਕੱਪੜੇ, ਇਥੋਂ ਤੱਕ ਕਿ ਬਚਿਆ ਹੋਇਆ ਖਾਣਾ ਜਾਂ ਰਸੋਈ ਦਾ ਗੰਦ-ਮੰਦ ਵੀ ਨਹੀਂ। ਅਜਿਹੇ ਬਿਮਾਰਾਂ ਦੀ ਗਿਣਤੀ ਅਮਰੀਕਾ ਵਿੱਚ ਬਹੁਤ ਹੈ।
ਇਹ ਬਿਮਾਰੀ ਜਨਰਲ-ਮੈਡੀਕਲ-ਕੰਡੀਸ਼ਨ ਵਿੱਚ ਨਹੀਂ ਆਉਂਦੀ ਭਾਵ ਇਹ ਸੱਟ-ਫੇਟ ਜਾਂ ਸਰੀਰਕ ਬਿਮਾਰੀ ਵਿੱਚ ਨਹੀਂ ਗਿਣੀ ਜਾਂਦੀ। ਇਸ ਦਾ ਨਿਰੋਲ ਸਬੰਧ ਦਿਮਾਗ਼/ਮਾਨਸਿਕਤਾ ਨਾਲ ਹੈ। ਇਹ ਕਿਸੇ ਵੱਡੀ ਦਿਮਾਗ਼ੀ ਬਿਮਾਰੀ ਦੀ ਪਹਿਲੀ ਸਟੇਜ ਵੀ ਹੋ ਸਕਦੀ ਹੈ। ਇੱਕ ਸਰਵੇ ਮੁਤਾਬਕ ਇਹ ਬਿਮਾਰੀ ਇਨਸਾਨ ਦੀ ਗਿਆਰਾਂ ਤੋਂ ਵੀਹ ਸਾਲ ਦੀ ਉਮਰ ਵਿੱਚ ਵਿਕਸਤ ਹੋਣ ਲੱਗਦੀ ਹੈ। 70% ਲੋਕਾਂ ਨੂੰ ਇਹ ਬਿਮਾਰੀ ਇੱਕੀ ਸਾਲ ਦੀ ਉਮਰ ਤੋਂ ਪਹਿਲਾਂ ਹੀ ਲੱਗ ਚੁੱਕੀ ਹੁੰਦੀ ਹੈ। ਸਿਰਫ਼ ਚਾਰ ਫੀਸਦੀ ਲੋਕਾਂ ਨੂੰ ਇਹ ਚਾਲੀ ਸਾਲ ਤੋਂ ਬਾਅਦ ਲੱਗਦੀ ਹੈ। ਉਮਰ ਦੇ ਵਧਣ ਨਾਲ ਇਸ ਦਾ ਅਸਰ ਤਿੱਖਾ ਹੁੰਦਾ ਜਾਂਦਾ ਹੈ। ਜਦੋਂ ਵਿਅਕਤੀ ਆਪਣੇ ਮਾਂ-ਪਿਓ ਨਾਲ ਜਾਂ ਕਿਸੇ ਹੋਰ ਦੇ ਘਰ ਰਹਿੰਦਾ ਹੋਵੇ ਤਾਂ ਇਹ ਬਿਮਾਰੀ ਬਹੁਤੀ ਪ੍ਰਬਲ ਨਹੀਂ ਹੁੰਦੀ, ਪਰ ਜਦੋਂ ਉਸ ਕੋਲ ਆਪਣਾ ਘਰ ਹੋਵੇ ਤੇ ਰੋਕਣ ਵਾਲਾ ਕੋਈ ਨਾ ਹੋਵੇ ਤਾਂ ਇਹ ਬਿਮਾਰੀ ਉਸ ਨੂੰ ਗ੍ਰਸ ਲੈਂਦੀ ਹੈ। ਇਸ ਬਿਮਾਰੀ ਦਾ ਕੋਈ ਸਿੱਧਾ ਇਲਾਜ ਨਹੀਂ ਹੈ। ਇਸ ਲਈ ਬਹੁਤੀ ਵਾਰ ਐਂਟੀ-ਡਿਪਰੈਸੈਂਟ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਹਨ। ਆਮ ਤੌਰ ’ਤੇ ਇਸ ਦੀ ਕੌਂਸਲਿੰਗ ਕੀਤੀ ਜਾਂਦੀ ਹੈ ਜਿਸ ਨੂੰ ਸੀ.ਬੀ.ਟੀ. (ਕੌਂਗਨਿਟਿਵ ਬੀਹੇਵੀਅਰੋਲ ਥੈਰੇਪੀ) ਕਿਹਾ ਜਾਂਦਾ ਹੈ। ਇਸ ਵਿੱਚ ਮਰੀਜ਼ ਨੂੰ ਸਮਝਾਇਆ ਜਾਂਦਾ ਹੈ ਕਿ ਕਿਹੜੀ ਚੀਜ਼ ਸੁੱਟਣ ਵਾਲੀ ਹੈ, ਕਿਹੜੀ ਰੱਖਣ ਵਾਲੀ। ਫ਼ੈਸਲਾ ਕਰਨ ਦੇ ਗੁਣਾਂ ਨੂੰ ਵਿਕਸਤ ਕੀਤਾ ਜਾਂਦਾ ਹੈ, ਘਰ ਨੂੰ ਸਜਾਉਣ ਦੇ ਢੰਗ ਤੇ ਚੀਜ਼ਾਂ ਨੂੰ ਰੁਕ-ਸਿਰ ਰੱਖਣ ਦੀ ਜਾਚ ਸਿਖਾਈ ਜਾਂਦੀ ਹੈ। ਉਨ੍ਹਾਂ ਨੂੰ ਸਮਾਜਿਕ ਇਕੱਲਤਾ ਤੋਂ ਬਚਣ ਦੇ ਤਰੀਕੇ ਸਿਖਾਏ ਜਾਂਦੇ ਹਨ। ਥੈਰੇਪੀ ਦੇਣ ਵਾਲੇ ਉਨ੍ਹਾਂ ਨੂੰ ਵਾਰ-ਵਾਰ ਮਿਲਣ ਜਾਂਦੇ ਹਨ। ਟੱਬਰਾਂ ਜਾਂ ਗਰੁੱਪਾਂ ਵਿੱਚ ਸਾਂਝੀ ਥੈਰੇਪੀ ਵੀ ਦਿੱਤੀ ਜਾਂਦੀ ਹੈ। ਉਂਜ ਤਾਂ ਅਜਿਹੇ ਲੋਕਾਂ ਨੂੰ ਸਮਾਜ ਲਈ ਖ਼ਤਰਾ ਨਹੀਂ ਮੰਨਿਆ ਜਾਂਦਾ, ਪਰ ਇਨ੍ਹਾਂ ਵਿੱਚੋਂ 42% ਲੋਕ ਮੁਸੀਬਤ ਖੜ੍ਹੀ ਕਰ ਸਕਦੇ ਹਨ। ਉਨ੍ਹਾਂ ਦੇ ਦੋਸਤਾਂ, ਰਿਸ਼ਤੇਦਾਰਾਂ ਵਿੱਚੋਂ 63% ਲੋਕ ਇਨ੍ਹਾਂ ਨੂੰ ਮੁਸੀਬਤ ਸਮਝਦੇ ਹਨ।
ਜਮ੍ਹਾਂਖੋਰੀ ਦੀ ਇੱਕ ਹੋਰ ਕਿਸਮ ਵੀ ਹੈ, ਵਿਸ਼ੇਸ਼-ਚੀਜ਼ਾਂ ਇਕੱਠੀਆਂ ਕਰਨੀਆਂ। ਅਜਿਹੇ ਲੋਕਾਂ ਨੂੰ ਕੁਲੈਕਟਰਜ਼ ਕਹਿੰਦੇ ਹਨ। ਕੁਲੈਕਟਰਜ਼ ਕਿਸੇ ਹੋਰ ਮਕਸਦ ਨਾਲ ਚੀਜ਼ਾਂ ਜਮ੍ਹਾਂ ਕਰਦੇ ਹਨ, ਕਿਸੇ ਨੂੰ ਪੇਂਟਿੰਗਜ਼ ਇਕੱਠੀਆਂ ਕਰਨ ਦਾ ਸ਼ੌਕ ਹੋ ਸਕਦਾ ਹੈ, ਕੋਈ ਟਿਕਟਾਂ ਇਕੱਠੀਆਂ ਕਰਦਾ ਹੈ ਤੇ ਕੋਈ ਸਿੱਕੇ। ਇਸ ਨੂੰ ਬਿਮਾਰੀ ਨਹੀਂ ਕਿਹਾ ਜਾ ਸਕਦਾ। ਸੋ ਮੈਂ ਚਾਬੀਆਂ ਦਾ ਕੁਲੈਕਟਰ ਹਾਂ, ਉਨ੍ਹਾਂ ਚਾਬੀਆਂ ਦਾ ਜਿਨ੍ਹਾਂ ਦਾ ਵਾਹ ਮੇਰੇ ਜੀਵਨ ਨਾਲ ਰਿਹਾ ਹੈ। ਸੋ ਮੇਰੀ ਸਥਿਤੀ ਕੁਲੈਕਟਰ ਵਾਲੀ ਹੋ ਸਕਦੀ ਹੈ ਹੋਰਡਿੰਗ-ਡਿਸਆਰਡਰ ਵਾਲੀ ਨਹੀਂ। ਅਸਲ ਵਿੱਚ ਮੇਰੀ ਹਾਲਤ ਇਹ ਹੈ;
ਮੈਥੋਂ ਸੁੱਟੀ ਨਾ ਗਈ ਛੱਲੇ ਵਿੱਚੋਂ ਉਹ ਚਾਬੀ,
ਜਿਹਦੇ ਨਾਲ ਤੂੰ ਖੋਲ੍ਹਿਆ ਕਦੇ ਮੇਰੇ ਘਰ ਦਾ ਬੂਹਾ।
ਈ-ਮੇਲ : harjeetatwal@hotmail.co.uk