DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ’ਤੇ ਵਿਚਾਰ ਚਰਚਾ

ਟੋਰਾਂਟੋ: ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਦੀ ਮੀਟਿੰਗ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਪੁਸਤਕ ‘ਦਿ ਇਮੋਸ਼ਨਜ’ ਨੂੰ ਸਮਰਪਿਤ ਰਹੀ। ਭੰਡਾਲ ਦੇ 31 ਵਾਰਤਕ ਲੇਖਾਂ ਨੂੰ ਇਸ ਪੁਸਤਕ ਵਿੱਚ ਪ੍ਰਿੰਸੀਪਲ ਰਣਜੀਤ ਕੌਰ ਵੱਲੋਂ ਅੰਗਰੇਜ਼ੀ ਵਿੱਚ ਉਲਥਾਇਆ ਗਿਆ ਹੈ। ਵਿਚਾਰ ਚਰਚਾ ਦੀ...

  • fb
  • twitter
  • whatsapp
  • whatsapp
Advertisement

ਟੋਰਾਂਟੋ: ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਦੀ ਮੀਟਿੰਗ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਪੁਸਤਕ ‘ਦਿ ਇਮੋਸ਼ਨਜ’ ਨੂੰ ਸਮਰਪਿਤ ਰਹੀ। ਭੰਡਾਲ ਦੇ 31 ਵਾਰਤਕ ਲੇਖਾਂ ਨੂੰ ਇਸ ਪੁਸਤਕ ਵਿੱਚ ਪ੍ਰਿੰਸੀਪਲ ਰਣਜੀਤ ਕੌਰ ਵੱਲੋਂ ਅੰਗਰੇਜ਼ੀ ਵਿੱਚ ਉਲਥਾਇਆ ਗਿਆ ਹੈ।

ਵਿਚਾਰ ਚਰਚਾ ਦੀ ਸ਼ੁਰੂਆਤ ਉਂਕਾਰਪ੍ਰੀਤ ਦੇ ਕਿਤਾਬ ਬਾਰੇ ਲਿਖੇ ਪੇਪਰ ਨਾਲ ਹੋਈ। ਇਹ ਪਹਿਲੀ ਵਾਰ ਸੀ ਕਿ ਕਾਫ਼ਲੇ ਦੇ ਮੰਚ ਤੋਂ ਕਿਸੇ ਅੰਗਰੇਜ਼ੀ ਪੁਸਤਕ ਬਾਰੇ ਅੰਗਰੇਜ਼ੀ ’ਚ ਲਿਖੇ ਪਰਚੇ ਨਾਲ ਪੁਸਤਕ ਦੀ ਵਿਚਾਰ ਗੋਸ਼ਟੀ ਸ਼ੁਰੂ ਕੀਤੀ ਗਈ। ਆਪਣੇ ਵਿਸਥਾਰ ਪੂਰਵਕ ਪਰਚੇ ਵਿੱਚ ਉਂਕਾਰਪ੍ਰੀਤ ਵੱਲੋਂ ਜਿੱਥੇ ਇਸ ਪੁਸਤਕ ਦੇ ਲੇਖਾਂ ਵਿਚਲੇ ਪ੍ਰਮੁੱਖ ਵਿਚਾਰਾਂ, ਉਨ੍ਹਾਂ ਦੀ ਲਿਖਣ ਸ਼ੈਲੀ ਅਤੇ ਸਮੁੱਚੇ ਪ੍ਰਭਾਵਾਂ ਬਾਰੇ ਵਿਸ਼ਲੇਸ਼ਣ ਪੇਸ਼ ਕੀਤਾ ਗਿਆ, ਉੱਥੇ ਇਸ ਵਿਚਲੇ ਦਰਸ਼ਨ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ’ਤੇ ਵੀ ਰੌਸ਼ਨੀ ਪਾਈ ਗਈ।

Advertisement

ਉਨ੍ਹਾਂ ਨੇ ਕਿਹਾ ਕਿ ਡਾਕਟਰ ਭੰਡਾਲ ਦੀ ਲਿਖਤ ਭਾਸ਼ਾ ਦੀਆਂ ਸੀਮਾਵਾਂ, ਅਨੁਭਵ ਦੀ ਭੂਮਿਕਾ ਅਤੇ ਮਨੁੱਖੀ ਭਾਵਨਾਵਾਂ ਦਾ ਕੁਦਰਤ ਨਾਲ ਸਬੰਧ ਵਰਗੇ ਡੂੰਘੇ ਪ੍ਰਸ਼ਨ ਉਠਾਉਂਦੀ ਹੈ। ਹਾਲਾਂਕਿ ਕਿਤਾਬ ਅੰਦਰੂਨੀ ਜੀਵਨ ਵੱਲ ਥੋੜ੍ਹੀ ਆਦਰਸ਼ਵਾਦੀ ਦ੍ਰਿਸ਼ਟੀ ਰੱਖਦੀ ਹੈ, ਪਰ ਇਹ ਪੜ੍ਹਨ ਵਾਲਿਆਂ ਨੂੰ ਇਹ ਵੀ ਸੋਚਣ ਲਈ ਜਗ੍ਹਾ ਦਿੰਦੀ ਹੈ ਕਿ ਬਾਹਰੀ ਦਬਾਅ ਭਾਵਨਾਵਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। ਨਿੱਜੀ ਮਨਨ ਅਤੇ ਦਾਰਸ਼ਨਿਕ ਵਿਚਾਰਧਾਰਾ ਦੇ ਮਿਲਾਪ ਨਾਲ ‘ਦਿ ਇਮੋਸ਼ਨਜ’ ਪੜ੍ਹਨ ਵਾਲਿਆਂ ਨੂੰ ਇਹ ਸਮਝਣ ਲਈ ਸੱਦਾ ਦਿੰਦੀ ਹੈ ਕਿ ਅਸੀਂ ਕੀ ਮਹਿਸੂਸ ਕਰਦੇ ਹਾਂ, ਕਿਉਂ ਕਰਦੇ ਹਾਂ ਅਤੇ ਇਹ ਭਾਵਨਾਵਾਂ ਸਾਡੇ ਮਨੁੱਖ ਹੋਣ ਬਾਰੇ ਕੀ ਦੱਸਦੀਆਂ ਹਨ। ਪਿਆਰ, ਪਛਾਣ ਅਤੇ ਸਵੈਜਾਗਰੂਕਤਾ ਵਰਗੇ ਵਿਸ਼ਿਆਂ ’ਤੇ ਛੋਟੇ ਲੇਖ ਪੜ੍ਹਨ ਵਾਲਿਆਂ ਨੂੰ ਰੁਕ ਕੇ ਸੋਚਣ ਲਈ ਪ੍ਰੇਰਿਤ ਕਰਦੇ ਹਨ ਕਿ ਉਨ੍ਹਾਂ ਦੇ ਫ਼ੈਸਲੇ ਅਤੇ ਰਿਸ਼ਤੇ ਕਿਹੜੀਆਂ ਅੰਦਰੂਨੀ ਤਾਕਤਾਂ ਨਾਲ ਬਣਦੇ ਹਨ।

Advertisement

ਪੁਸਤਕ ਬਾਰੇ ਅਪਣੇ ਵਿਚਾਰ ਪੇਸ਼ ਕਰਦਿਆਂ ਪਿਆਰਾ ਸਿੰਘ ਕੁੱਦੋਵਾਲ ਨੇ ਡਾ. ਭੰਡਾਲ ਨੂੰ ਬਹੁਪੱਖੀ ਪ੍ਰਤਿਭਾ ਵਾਲਾ ਲੇਖਕ ਦੱਸਦਿਆਂ ਉਨ੍ਹਾਂ ਦੀ ਵਾਰਤਕ ਲਿਖਤ ਦੇ ਕਾਵਿਕ ਗੁਣਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਭੰਡਾਲ ਆਪਣੀਆਂ ਲਿਖਤਾਂ ’ਚ ਇੱਕੋ ਸਮੇਂ ਵਿਗਿਆਨਕ ਅਤੇ ਕਾਵਿਕ ਹਨ। ਸਪੱਸ਼ਟਤਾ, ਸਰਲਤਾ, ਰੌਚਿਕਤਾ ਦੇ ਮੀਰੀ ਗੁਣਾਂ ਦੇ ਨਾਲ ਨਾਲ ਭੰਡਾਲ ਹੁਰਾਂ ਦੀ ਵਾਰਤਕ ਪਾਠਕ ਦੇ ਸੌਖਿਆਂ ਸਮਝ ਆਉਣ ਵਾਲੀ ਹੋਣ ਕਰ ਕੇ ਬੜੀ ਹਰਮਨ ਪਿਆਰੀ ਹੋ ਨਿੱਬੜਦੀ ਹੈ। ਪੁਸਤਕ ਦੇ ਅਨੁਵਾਦ ਬਾਰੇ ਉਨ੍ਹਾਂ ਕਿਹਾ ਕਿ ਕਾਵਿ-ਵਾਰਤਕ ਨੂੰ ਉਲਥਾਉਣ ਵਾਲਾ ਜੇ ਕਾਵਿ ਮੱਸ ਨਾ ਰੱਖਦਾ ਹੋਵੇ ਤਾਂ ਉਹ ਉਲਥੇ ਨਾਲ ਪੂਰਾ ਇਨਸਾਫ਼ ਨਹੀਂ ਕਰ ਪਾਉਂਦਾ।

ਪੰਜਾਬੀ ਲੋਕਧਾਰਾ ਵਿਗਿਆਨੀ ਡਾ. ਨਾਹਰ ਸਿੰਘ ਨੇ ਕਿਹਾ ਕਿ ਡਾ. ਗੁਰਬਖ਼ਸ਼ ਭੰਡਾਲ ਦੀ ਵਾਰਤਕ ਪੰਜਾਬੀ ਸੱਭਿਆਚਾਰਕ ਮਨੁੱਖ ਨੂੰ ਬਿਹਤਰ ਬਣਾਉਣ ਲਈ ਵਿਚਾਰਧਾਰਾ ਦ੍ਰਿਸ਼ਟੀਕੋਣ ਮੁਹੱਈਆ ਕਰਦੀ ਹੈ। ਪ੍ਰੋਫੈਸਰ ਜਗੀਰ ਕਾਹਲੋਂ ਨੇ ਡਾ. ਭੰਡਾਲ ਦੀ ਲਿਖਤ ਤੇ ਸ਼ਖ਼ਸੀਅਤ ਵਿਚਲੇ ਸੁਮੇਲ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਡਾ. ਭੰਡਾਲ ਨੇ ਉਨ੍ਹਾਂ ਵਿਸ਼ਿਆਂ ’ਤੇ ਵੀ ਦ੍ਰਿੜਤਾ ਨਾਲ ਲਿਖਿਆ ਹੈ ਜੋ ਅਕਸਰ ਪੰਜਾਬੀ ਲੇਖਕਾਂ ਨੇ ਵਰਜਿਤ ਸਮਝ ਕੇ ਵਿਸਾਰੇ ਹੋਏ ਸਨ। 1970ਵਿਆਂ ਦੇ ਐਮਰਜੈਂਸੀ ਦੌਰ ’ਚ ਡਾ. ਭੰਡਾਲ ਵੱਲੋਂ ਲਿਖੀਆਂ ਗਈਆਂ ਨਜ਼ਮਾਂ ਦਾ ਜ਼ਿਕਰ ਕਰਦਿਆਂ ਪ੍ਰੋ. ਕਾਹਲੋਂ ਨੇ ਭੰਡਾਲ ਦੀ ਲਿਖਤ ਵਿਚਲੇ ਨਾਬਰੀ ਵਾਲੇ ਮੱਸ ਨੂੰ ਵੀ ਰੌਸ਼ਨ ਕੀਤਾ।

ਉੱਘੇ ਖੇਡ ਵਾਰਤਾਕਾਰ ਪ੍ਰਿੰਸੀਪਲ ਸਰਵਣ ਸਿੰਘ ਨੇ ਡਾ. ਭੰਡਾਲ ਨੂੰ ਬਹੁਤ ਵਧੀਆ ਕਵੀ, ਵਾਰਤਾਕਾਰ, ਵਿਗਿਆਨੀ ਅਤੇ ਮੰਡ ਇਲਾਕੇ ਦਾ ‘ਮੋਤੀ ਕਿਸਾਨ’ ਆਖਿਆ। ਉਨ੍ਹਾਂ ਕਿਹਾ ਕੇ ਡਾ. ਭੰਡਾਲ ਇੱਕੋ ਸਮੇਂ ਵਧੀਆ ਮਨੁੱਖ, ਕਵੀ ਤੇ ਵਾਰਤਾਕਾਰ ਹਨ। ਇਸ ਮੌਕੇ ਡਾ. ਭੰਡਾਲ ਦੀ ਪੁਸਤਕ ਅਤੇ ਸ਼ਖ਼ਸੀਅਤ ਬਾਰੇ ਅਪਣੇ ਵਿਚਾਰ ਰੱਖਣ ਬਾਰੇ ਕੁਝ ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਭੁਪਿੰਦਰ ਦੁਲੇ, ਅੰਮ੍ਰਿਤ ਢਿੱਲੋਂ, ਕਰਨਲ ਅਜਾਇਬ ਸੰਘਾ, ਕੇਵਲ ਸਿੰਘ, ਦੀਪ ਪੱਡਾ, ਰਸ਼ਪਾਲ ਗਿੱਲ ਅਤੇ ਇੰਦਰਜੀਤ ਬੱਲ ਦੇ ਨਾਮ ਜ਼ਿਕਰਯੋਗ ਹਨ। ਮੀਟਿੰਗ ਦਾ ਸੰਚਾਲਨ ਕਰ ਰਹੇ ਕੁਲਵਿੰਦਰ ਖਹਿਰਾ ਨੇ ਸਾਰੇ ਬੁਲਾਰਿਆਂ ਦੇ ਸੰਬੋਧਨਾਂ ਦੌਰਾਨ ਡਾ. ਭੰਡਾਲ ਦੀ ਲਿਖਣ ਕਲਾ ਬਾਰੇ ਬੜੀਆਂ ਮੁੱਲਵਾਨ ਟਿੱਪਣੀਆਂ ਕਰ ਕੇ ਸਮੁੱਚੇ ਸਮਾਗਮ ਨੂੰ ਪੁਸਤਕ ਸਬੰਧੀ ਵਿਚਾਰ-ਦਰਸ਼ਨ ਅਤੇ ਭਾਸ਼ਾਈ ਲੜੀ ’ਚ ਪਰੋਈ ਰੱਖਿਆ।

ਅੰਤ ਵਿੱਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਸੰਬੋਧਨ ਕਰਦਿਆਂ ਕਾਫ਼ਲੇ ਦੇ ਇਸ ਸਮਾਗਮ ’ਚ ਸ਼ਾਮਲ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਵਿਚਾਰ ਚਰਚਾ ਦੌਰਾਨ ਉਠਾਏ ਗਏ ਵੱਖੋ ਵੱਖ ਨੁਕਤਿਆਂ ਬਾਰੇ ਆਪਣੇ ਖਿਆਲ ਸਾਂਝੇ ਕੀਤੇ। ਉਨ੍ਹਾਂ ਆਖਿਆ ਕਿ ਅਨੁਵਾਦ ਦੇ ਸਹੀ ਮੁਲਾਂਕਣ ਲਈ ਪਹਿਲਾਂ ਉਸ ਦੀ ਪਿਛਲੀ ਭਾਵਨਾ ਨੂੰ ਸਮਝਣ ਤੇ ਉਸ ਨਾਲ ਜੁੜਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਕੁਝ ਨਾ ਕੁਝ ਅਜਿਹਾ ਲਿਖੋ ਜੋ ਕਿਸੇ ਦੇ ਅੰਦਰ ਉਤਰ ਜਾਵੇ ਤੇ ਜ਼ਿੰਦਗੀ ਨੂੰ ਖੂਬਸੂਰਤ ਬਣਾ ਦੇਵੇ।

ਸਮਾਗਮ ਦੇ ਦੂਸਰੇ ਭਾਗ ’ਚ ਕਵੀ ਦਰਬਾਰ ਹੋਇਆ। ਕਵੀ ਦਰਬਾਰ ਵਿੱਚ ਪੇਸ਼ ਹੋਏ ਕਵੀਆਂ ਹਰਜੀਤ ਸਿੰਘ, ਨਰਿਤਮ ਕੌਰ, ਅਮਰਦੀਪ ਗਿੱਲ, ਮਕਸੂਦ ਚੌਧਰੀ, ਪਰਮਜੀਤ ਢਿੱਲੋਂ, ਮਲੂਕ ਸਿੰਘ ਕਾਹਲੋਂ, ਪਰਮਿੰਦਰ ਗੋਗੀ, ਭੁਪਿੰਦਰ ਦੁਲੇ, ਪਿਆਰਾ ਸਿੰਘ ਕੁੱਦੋਵਾਲ, ਉਂਕਾਰਪ੍ਰੀਤ, ਦੀਪ ਪੱਡਾ ਅਤੇ ਕੁਲਵਿੰਦਰ ਖਹਿਰਾ ਨੇ ਆਪਣਾ ਕਲਾਮ ਪੇਸ਼ ਕਰਕੇ ਹਾਜ਼ਰ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।

ਇਸ ਸਮਾਗਮ ’ਚ ਪੂਰਨ ਸਿੰਘ ਪਾਂਧੀ, ਗੁਰਦੇਵ ਮਾਨ, ਈਸ਼ਰ ਸਿੰਘ, ਸਰਬਜੀਤ ਕਾਹਲੋਂ, ਬਲਜੀਤ ਕੌਰ, ਰਾਜਪਾਲ ਕੌਰ, ਪ੍ਰਮਿੰਦਰ ਜੀਤ ਸਿੱਧੂ, ਗੁਰਦੇਵ ਚੌਹਾਨ, ਪ੍ਰਤੀਕ ਆਰਟਿਸਟ, ਰਾਜ ਝੱਜ, ਰਾਵੀ ਕੌਰ, ਸੌਰਭ, ਵਾਸਦੇਵ ਸਿੰਘ, ਸ਼ਮਾਂ ਰਾਣੀ, ਅਜੀਤ ਰੱਖੜਾ, ਕਰਤਾਰ ਸਿੰਘ, ਹਰਬੰਸ ਸਿੰਘ ਮੁਲਤਾਨੀ, ਹਰਵਿੰਦਰ ਕੌਰ, ਮਨਮੋਹਨ ਗੁਲਾਟੀ, ਹੀਰਾ ਲਾਲ, ਅਵਤਾਰ ਸਿੰਘ, ਸੁੱਚਾ ਸਿੰਘ ਮਾਂਗਟ, ਅਵਤਾਰ ਜੰਡੂ, ਇੰਦਰ ਗਰੇਵਾਲ, ਮਨਦੀਪ ਗਿੱਲ, ਤਰਲੋਚਨ ਸਿੰਘ, ਇੰਦਰਜੀਤ ਸਿੱਧੂ ਅਤੇ ਸਤਪਾਲ ਸਿੰਘ ਜੌਹਲ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੇ ਅੰਤ ਵਿੱਚ ਕਾਫ਼ਲੇ ਵੱਲੋਂ ਰਸ਼ਪਾਲ ਕੌਰ ਗਿੱਲ ਨੇ ਸਭਨਾਂ ਦਾ ਧੰਨਵਾਦ ਕੀਤਾ।

Advertisement
×