DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰਜੀਤ ਕੌਰ ਪੰਨੂੰ ਦੇ ਕਹਾਣੀ ਸੰਗ੍ਰਹਿ ‘ਸੁੱਚਾ ਗੁਲਾਬ’ ’ਤੇ ਵਿਚਾਰ-ਚਰਚਾ

ਹੇਵਰਡ: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵੱਲੋਂ ਵਿਸ਼ੇਸ਼ ਸਾਹਿਤਕ ਮਿਲਣੀ ਕੀਤੀ ਗਈ। ਇਸ ਸਮਾਗਮ ਦਾ ਮੁੱਖ ਕੇਂਦਰ ਅਮਰਜੀਤ ਕੌਰ ਪੰਨੂੰ ਦਾ ਕਹਾਣੀ ਸੰਗ੍ਰਹਿ ‘ਸੁੱਚਾ ਗੁਲਾਬ’ ਰਿਹਾ, ਜਿਸ ’ਤੇ ਸਾਹਿਤਕ ਚਰਚਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਕਰਦਿਆਂ ਅਕਾਦਮੀ ਦੇ ਪ੍ਰਧਾਨ ਕੁਲਵਿੰਦਰ...

  • fb
  • twitter
  • whatsapp
  • whatsapp
Advertisement

ਹੇਵਰਡ: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵੱਲੋਂ ਵਿਸ਼ੇਸ਼ ਸਾਹਿਤਕ ਮਿਲਣੀ ਕੀਤੀ ਗਈ। ਇਸ ਸਮਾਗਮ ਦਾ ਮੁੱਖ ਕੇਂਦਰ ਅਮਰਜੀਤ ਕੌਰ ਪੰਨੂੰ ਦਾ ਕਹਾਣੀ ਸੰਗ੍ਰਹਿ ‘ਸੁੱਚਾ ਗੁਲਾਬ’ ਰਿਹਾ, ਜਿਸ ’ਤੇ ਸਾਹਿਤਕ ਚਰਚਾ ਕੀਤੀ ਗਈ।

ਸਮਾਗਮ ਦੀ ਸ਼ੁਰੂਆਤ ਕਰਦਿਆਂ ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਨੇ ਸਭ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਾਹਿਤਕ ਜਗਤ ਦੀਆਂ ਦੋ ਪ੍ਰਮੁੱਖ ਹਸਤੀਆਂ ਕਹਾਣੀਕਾਰ ਲਾਲ ਸਿੰਘ ਦਸੂਹਾ ਅਤੇ ਮੰਗਾ ਬਾਸੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕੁਲਵਿੰਦਰ ਨੇ ਮਰਹੂਮ ਸ਼ਾਇਰ ਡਾ. ਜਗਤਾਰ ਦੀ ਬਰਸੀ ’ਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਕਲਾਮ ਰਾਹੀਂ ਮਾਹੌਲ ਨੂੰ ਭਾਵੁਕ ਬਣਾਇਆ। ਸੁਖਦੇਵ ਸਾਹਿਲ ਨੇ ਆਪਣੀ ਰੂਹਾਨੀ ਗਾਇਕੀ ਨਾਲ ਮਹਿਫ਼ਲ ਵਿੱਚ ਸਹਿਜਤਾ ਭਰ ਦਿੱਤੀ।

Advertisement

ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦਿਆਂ ਅਮਰਜੀਤ ਕੌਰ ਪੰਨੂੰ, ਜਸਵੀਰ ਸਿੰਘ ਧੀਮਾਨ, ਡਾ. ਸੁਖਵਿੰਦਰ ਕੰਬੋਜ ਅਤੇ ਕੁਲਵਿੰਦਰ ਨੂੰ ਮੰਚ ’ਤੇ ਸੁਸ਼ੋਭਿਤ ਕੀਤਾ। ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਮੁੱਖ ਪਰਚਾ ਪੜ੍ਹਦਿਆਂ ਕਿਹਾ ਕਿ ‘ਸੁੱਚਾ ਗੁਲਾਬ’ ਦੀਆਂ ਕਹਾਣੀਆਂ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਆਦਰਸ਼ਕ ਪ੍ਰਤੀਮਾਨਾਂ ਨਾਲ ਜੋੜਨ ਦਾ ਉਪਰਾਲਾ ਹਨ। ਉਨ੍ਹਾਂ ਨੇ ਕਹਾਣੀਕਾਰ ਦੀ ਸ਼ੈਲੀ ਦੀ ਪ੍ਰਸ਼ੰਸਾ ਕਰਦਿਆਂ ਕੁਝ ਸੁਝਾਅ ਵੀ ਦਿੱਤੇ, ਜਿਵੇਂ ਕਿ ਕਹਾਣੀਆਂ ਵਿੱਚ ਵੇਰਵਿਆਂ ਦੀ ਵਧੇਰੇ ਲੋੜ ਅਤੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾ ਸਕਦਾ ਹੈ ਤਾਂ ਜੋ ਪਾਠਕਾਂ ਲਈ ਸਮਝਣਾ ਹੋਰ ਆਸਾਨ ਹੋ ਸਕੇ।

Advertisement

ਕੁਲਵਿੰਦਰ ਨੇ ‘ਵੰਡਰ ਵੁਮੈਨ’ ਕਹਾਣੀ ਦੀ ਨਵੀਨਤਾ ਨੂੰ ਉਭਾਰਿਆ, ਜਦਕਿ ਸੁਰਜੀਤ ਸਖੀ ਅਤੇ ਪ੍ਰੋ. ਸੁਖਦੇਵ ਨੇ ‘ਤੇਰਵੀਂ ਸੰਤਾਨ’ ਕਹਾਣੀ ਨੂੰ ਵਿਸ਼ੇਸ਼ ਤੌਰ ’ਤੇ ਸਰਾਹਿਆ। ਲਾਜ ਨੀਲਮ ਸੈਣੀ ਨੇ ਪੰਨੂੰ ਦੀਆਂ ਲਿਖਤਾਂ ਨੂੰ ਮਾਨਵਵਾਦੀ ਦ੍ਰਿਸ਼ਟੀਕੋਣ ਵਾਲੀਆਂ ਦੱਸਿਆ। ਡਾ. ਸੁਖਵਿੰਦਰ ਕੰਬੋਜ ਨੇ ਲੇਖਿਕਾ ਦੀ ਕਲਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਾਹਿਤਕ ਸਫ਼ਰ ਵਿੱਚ ਨਿਰੰਤਰ ਸੁਧਾਰ ਦੀ ਗੁੰਜਾਇਸ਼ ਹਮੇਸ਼ਾਂ ਬਣੀ ਰਹਿੰਦੀ ਹੈ।

ਅਮਰਜੀਤ ਕੌਰ ਪੰਨੂੰ ਨੇ ਆਪਣੇ ਲੇਖਨ ਸਫ਼ਰ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਪੇਸ਼ੇ ਵਜੋਂ ਵਿਗਿਆਨੀ ਹੋਣ ਦੇ ਬਾਵਜੂਦ, ਅਮਰੀਕਾ ਵਿੱਚ ਰਹਿੰਦਿਆਂ ਉਨ੍ਹਾਂ ਦੇ ਅੰਦਰਲੇ ਸਾਹਿਤਕਾਰ ਨੇ ਜਨਮ ਲਿਆ। ਉਨ੍ਹਾਂ ਕਿਹਾ, ‘‘ਜਦੋਂ ਮੇਰੇ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਅਤੇ ਮੇਰਾ ਨਿੱਜ ਆਪਸ ਵਿੱਚ ਟਕਰਾਉਣ ਲੱਗੇ, ਤਾਂ ਕਹਾਣੀਆਂ ਦਾ ਜਨਮ ਹੋਇਆ।’’ ਉਨ੍ਹਾਂ ਪਾਠਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਕਿ ਉਹ ਪਾਤਰਾਂ ਨੂੰ ਜੀਵੰਤ ਬਣਾਉਣ ਲਈ ਖੁਦ ਨੂੰ ਉਨ੍ਹਾਂ ਵਿੱਚ ਢਾਲ ਲੈਂਦੀ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਇੱਕ ਅੰਗਰੇਜ਼ੀ ਨਾਵਲ ਵੀ ਪਾਠਕਾਂ ਵਿੱਚ ਕਾਫ਼ੀ ਚਰਚਿਤ ਰਿਹਾ ਹੈ।

ਸਮਾਗਮ ਦੇ ਦੂਜੇ ਪੜਾਅ ਵਿੱਚ ਪ੍ਰਿੰਸੀਪਲ ਹਰਨੇਕ ਸਿੰਘ ਨੇ ਆਪਣੀ ਮਿੰਨੀ ਕਹਾਣੀ ਪੇਸ਼ ਕੀਤੀ। ਕਵੀ ਦਰਬਾਰ ਵਿੱਚ ਡਾ. ਸੁਖਵਿੰਦਰ ਕੰਬੋਜ, ਅਮਰਜੀਤ ਸਿੰਘ ਜੌਹਲ, ਜਸਵੀਰ ਸਿੰਘ ਧੀਮਾਨ, ਸੁਰਜੀਤ ਸਖੀ ਅਤੇ ਕੁਲਵਿੰਦਰ ਨੇ ਆਪਣੀ ਸ਼ਾਇਰੀ ਨਾਲ ਰੰਗ ਬੰਨ੍ਹਿਆ। ਵਿਜੇ ਸਿੰਘ ਨੇ ਕਾਮੇਡੀ ਨਾਲ ਹਾਸਿਆਂ ਦੀ ਫੁਹਾਰ ਛੱਡੀ ਅਤੇ ਸੁਖਦੇਵ ਸਾਹਿਲ ਨੇ ਸੰਗੀਤਕ ਮਹਿਫ਼ਲ ਨਾਲ ਸਮਾਗਮ ਨੂੰ ਯਾਦਗਾਰੀ ਬਣਾਇਆ।

ਇਸ ਮੌਕੇ ਵਿਪਸਾਅ ਵੱਲੋਂ ਅਮਰਜੀਤ ਕੌਰ ਪੰਨੂੰ ਨੂੰ ਵਿਸ਼ੇਸ਼ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੇਜ਼ਬਾਨ ਸਾਹਿਲ ਪਰਿਵਾਰ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਫਲ ਸਮਾਪਤੀ ਹੋਈ। ਇਸ ਮੌਕੇ ਸੁਖਵਿੰਦਰ ਕੌਰ, ਸੋਨੂੰ ਸਾਹਿਲ, ਪੰਕਜ, ਅਵਤਾਰ ਸਿੰਘ ਸੰਧੂ, ਪਰਮਪਾਲ ਸਿੰਘ, ਸੁਰਿੰਦਰ ਕੌਰ, ਸੰਦੀਪ ਕੌਰ, ਧਰਮਿੰਦਰ ਸਿੰਘ, ਜੋਤੀ, ਲਖਵੀਰ ਸਿੰਘ, ਰਵਿੰਦਰ ਕੌਰ, ਐੱਮ.ਪੀ. ਸਿੰਘ, ਮਨਜੀਤ ਕੌਰ, ਬਰਜਿੰਦਰ ਸਿੰਘ, ਅਨੂਸ਼ਾ ਅਤੇ ਅਭੀਤਾਬ ਸੈਣੀ ਸਮੇਤ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ।

ਸੰਪਰਕ: +1 604 308 6663

Advertisement
×