DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੀਵਨ ਨੂੰ ਤਾਜ਼ਗੀ ਦਿੰਦੀ ਚਾਹਤ

ਜੀਵਨ ਸਿਰਫ਼ ਸਾਹ ਲੈਣ ਦਾ ਨਾਮ ਹੀ ਨਹੀਂ ਹੈ, ਜੀਵਨ ਉਹ ਅੰਦਰਲੀ ਰੌਸ਼ਨੀ ਹੈ ਜੋ ਮਨ ਦੀ ਚਾਹਤ ਨਾਲ ਜਗਦੀ ਹੈ। ਜਦੋਂ ਮਨ ਵਿੱਚ ਚਾਹਤ ਦੀ ਕੋਮਲ ਕਲੀ ਫੁੱਟਦੀ ਹੈ ਤਾਂ ਜੀਵਨ ਦੀ ਬੰਜਰ ਧਰਤੀ ਵੀ ਹਰੀ ਭਰੀ ਹੋ ਜਾਂਦੀ...

  • fb
  • twitter
  • whatsapp
  • whatsapp
Advertisement

ਜੀਵਨ ਸਿਰਫ਼ ਸਾਹ ਲੈਣ ਦਾ ਨਾਮ ਹੀ ਨਹੀਂ ਹੈ, ਜੀਵਨ ਉਹ ਅੰਦਰਲੀ ਰੌਸ਼ਨੀ ਹੈ ਜੋ ਮਨ ਦੀ ਚਾਹਤ ਨਾਲ ਜਗਦੀ ਹੈ। ਜਦੋਂ ਮਨ ਵਿੱਚ ਚਾਹਤ ਦੀ ਕੋਮਲ ਕਲੀ ਫੁੱਟਦੀ ਹੈ ਤਾਂ ਜੀਵਨ ਦੀ ਬੰਜਰ ਧਰਤੀ ਵੀ ਹਰੀ ਭਰੀ ਹੋ ਜਾਂਦੀ ਹੈ। ਚਾਹਤ ਉਹ ਸੁਗੰਧਿਤ ਹਵਾ ਹੈ ਜੋ ਥੱਕੀ ਹੋਈ ਰੂਹ ਨੂੰ ਨਵੀਂ ਤਾਜ਼ਗੀ ਦਿੰਦੀ ਹੈ। ਉਹ ਅੰਦਰਲੀ ਜੋਤ ਹੈ ਜੋ ਹਨੇਰੇ ਵਿੱਚ ਵੀ ਰਾਹ ਦਿਖਾਉਂਦੀ ਹੈ।

ਕਈ ਵਾਰ ਜੀਵਨ ਰੁਕਿਆ ਹੋਇਆ ਦਰਿਆ ਜਾਪਣ ਲੱਗਦਾ ਹੈ-ਚੁੱਪ, ਉਦਾਸ, ਗ਼ਮ ਤੇ ਨਿਰਾਸ਼ਾ ਨਾਲ ਭਰਿਆ ਹੋਇਆ, ਤਣਾਅ ਵਿੱਚ ਡੁੱਬਿਆ ਹੋਇਆ, ਪਰ ਜਿਵੇਂ ਹੀ ਮਨ ਵਿੱਚ ਚਾਹਤ ਦੀ ਇੱਕ ਬੂੰਦ ਡਿੱਗਦੀ ਹੈ, ਇਹ ਦਰਿਆ ਮੁੜ ਵਗਣ ਲੱਗ ਪੈਂਦਾ ਹੈ। ਚਾਹਤ ਮਨੁੱਖ ਦੇ ਅੰਦਰ ਦੀ ਉਹ ਅਲੌਕਿਕ ਤਾਕਤ ਹੈ ਜੋ ਅਸੰਭਵ ਨੂੰ ਸੰਭਵ ਬਣਾਉਂਦੀ ਹੈ ਜੋ ਡਿੱਗਦੇ ਕਦਮਾਂ ਨੂੰ ਫਿਰ ਸੰਭਾਲ ਲੈਂਦੀ ਹੈ, ਜੋ ਟੁੱਟੇ ਸੁਪਨਿਆਂ ਨੂੰ ਵੀ ਮੁੜ ਸਜਾ ਦਿੰਦੀ ਹੈ।

Advertisement

ਚਾਹਤ ਹੋਵੇ ਤਾਂ ਉਮਰ ਰੁਕਾਵਟ ਨਹੀਂ ਬਣਦੀ, ਹਾਲਾਤ ਬੇੜੀਆਂ ਨਹੀਂ ਬਣਦੇ ਅਤੇ ਸਮਾਂ ਰੋਕ ਨਹੀਂ ਬਣਦਾ। ਮਨ ਦੀ ਚਾਹਤ ਮਨੁੱਖ ਨੂੰ ਅੰਦਰੋਂ ਹਿੰਮਤ, ਹੌਸਲੇ ਅਤੇ ਅਟੱਲ ਮਨੋਬਲ ਨੂੰ ਉਸਾਰਦੀ ਹੈ। ਇਹੀ ਚਾਹਤ ਹੈ ਜੋ ਬੁੱਢੇ ਦਰੱਖਤ ਵਿੱਚ ਵੀ ਨਵੀਆਂ ਕੋਪਲਾਂ ਪੈਦਾ ਕਰ ਦਿੰਦੀ ਹੈ। ਇਹੀ ਚਾਹਤ ਹੈ ਜੋ ਥੱਕੇ ਹੋਏ ਮਨੁੱਖ ਨੂੰ ਮੁੜ ਜਿਉਣ ਦਾ ਹੌਸਲਾ ਦਿੰਦੀ ਹੈ।

Advertisement

ਮੇਰੀ ਚਾਹਤ ਸੀ ਕਿ ਘਰ ਵਿੱਚ ਅਮਰੂਦ ਦਾ ਵੀ ਬੂਟਾ ਹੋਣਾ ਚਾਹੀਦਾ ਹੈ। ਦੋਸਤ ਨੇ ਅਮਰੂਦ ਦਾ ਬੂਟਾ ਦਿੱਤਾ, ਪਰ ਉਸ ਦਿਨ ਜੜਾਂ ਨਾਲੋਂ ਮਿੱਟੀ ਝੜ ਗਈ ਸੀ। ਮੈਂ ਆਉਂਦੇ ਸਾਰ ਹੀ ਉਸ ਨੂੰ ਪਾਣੀ ਵਿੱਚ ਰੱਖਿਆ ਤੇ ਸ਼ਾਮ ਨੂੰ ਮਿੱਟੀ ਵਿੱਚ ਲਗਾ ਦਿੱਤਾ। ਪਾਣੀ ਪਾਉਂਦਾ ਰਿਹਾ, ਉੱਪਰੋਂ ਵਾਧੂ ਪੱਤੇ ਕੱਟ ਦਿੱਤੇ। ਦੋ ਪੱਤਿਆਂ ਤੋਂ ਬਗੈਰ ਕੁਝ ਹਰਿਆ ਭਰਿਆ ਨਹੀਂ ਸੀ ਦਿਸ ਰਿਹਾ। ਮੈਂ ਚਾਹਤ ਦੇ ਨਾਲ ਉਸ ਨੂੰ ਧੁੱਪ ਤੋਂ ਢਕਦਾ ਰਿਹਾ ਤੇ ਪਾਣੀ ਪਾਉਂਦਾ ਰਿਹਾ। ਜੜਾਂ ਵਿੱਚ ਜੈਵਿਕ ਖਾਦ ਵਜੋਂ ਚਾਹ ਵੀ ਪਾਉਂਦਾ ਰਿਹਾ। ਅਚਾਨਕ ਮੈਂ ਇੱਕ ਦਿਨ ਉਸ ਦੀਆਂ ਸੁੰਨੀਆਂ ਟਾਹਣੀਆਂ ਉੱਤੇ ਨਿੱਕੇ ਨਿੱਕੇ ਪੱਤਿਆਂ ਦੀ ਫੁਟਾਰ ਦੇਖੀ ਤਾਂ ਮੇਰੀ ਖੁਸ਼ੀ ਨੱਚਣ ਲੱਗੀ। ਮੈਂ ਤੱਕ ਕੇ ਬੂਟੇ ਦੇ ਕੋਲ ਬੈਠ ਗੀਤ ਗਾਉਣ ਲੱਗਾ।

ਇਸੇ ਹੀ ਤਰ੍ਹਾਂ ਮੇਰੀ ਸੰਭਾਲ, ਚਾਅ, ਰੀਝ ਤੇ ਚਾਹਤ ਕਾਰਨ ਅੰਬ ਦੇ ਦੋ ਬੂਟਿਆਂ ਨੇ ਐਤਕੀਂ ਸਾਨੂੰ ਰੱਜ ਕੇ ਅੰਬ ਚੂਪਣ ਨੂੰ ਦਿੱਤੇ ਤੇ ਮੈਂ ਦੋ ਹੋਰ ਅੰਬ ਦੇ ਬੂਟੇ ਗਰਾਊਂਡ ਲੇਅਰਿੰਗ ਨਾਲ ਤਿਆਰ ਕਰਨੇ ਨੂੰ ਸ਼ੁਰੂ ਕਰ ਦਿੱਤੇ ਹਨ। ਦਵਾਈਆਂ ਛੱਡ ਕੇ ਸਾਰੇ ਬਲੱਡ ਟੈਸਟ ਠੀਕ ਆ ਆਉਂਦੇ ਹਨ। ਰੋਜ਼ਾਨਾ ਸਵੇਰੇ ਤੇ ਸ਼ਾਮ ਜ਼ਰੂਰੀ ਪੁਆਇੰਟ ਦੱਬਣ ਨਾਲ ਜੋੜਾਂ, ਸਿਰ, ਗਰਦਨ, ਲੱਤਾਂ, ਬਾਹਾਂ, ਹਥੇਲੀਆਂ, ਪੈਰ ਤੇ ਤਲਿਆਂ ’ਤੇ ਤੇਲ ਦੀ ਮਾਲਸ਼ ਤੇ ਹੋਰ ਕਸਰਤ ਨੇ ਅੱਠ-ਨੌਂ ਘੰਟੇ ਦੀ ਗੂੜ੍ਹੀ ਨੀਂਦ ਤੇ ਸੋਹਣੇ ਹੁਸੀਨ ਸੁਪਨੇ ਪਲਕਾਂ ’ਤੇ ਸਜਾ ਦਿੱਤੇ ਹਨ।

ਚਾਹਤ ਮਨੁੱਖੀ ਆਤਮਾ ਦਾ ਸੰਗੀਤ ਹੈ। ਜਦੋਂ ਮਨ ਵਿੱਚ ਚਾਹਤ ਹੁੰਦੀ ਹੈ, ਤਦ ਜੀਵਨ ਦੀ ਹਰ ਸਵੇਰ ਨਵੀਂ ਲੱਗਦੀ ਹੈ, ਹਰ ਸ਼ਾਮ ਸੁਹਾਵਣੀ ਬਣ ਜਾਂਦੀ ਹੈ। ਚਾਹਤ ਜੀਵਨ ਨੂੰ ਸਿਰਫ਼ ਬਤੀਤ ਨਹੀਂ ਕਰਦੀ, ਇਸ ਨੂੰ ਅਰਥਵਾਨ ਬਣਾ ਦਿੰਦੀ ਹੈ। ਇਹੀ ਚਾਹਤ ਹੈ ਜੋ ਮਨੁੱਖ ਨੂੰ ਦੁੱਖਾਂ ਦੇ ਰੇਗਿਸਤਾਨ ਵਿੱਚ ਵੀ ਆਸ ਦੀ ਹਰਿਆਲੀ ਦਿਖਾਉਂਦੀ ਹੈ।

ਅਧਿਆਤਮਿਕ ਪੱਧਰ ’ਤੇ ਚਾਹਤ ਇੱਕ ਰੱਬੀ ਨਿਆਮਤ ਹੈ। ਇਹ ਮਨੁੱਖ ਨੂੰ ਆਪਣੇ ਅਸਲੀ ਸਰੂਪ ਨਾਲ ਜੋੜਦੀ ਹੈ। ਜਦੋਂ ਮਨ ਵਿੱਚ ਚਾਹਤ ਹੁੰਦੀ ਹੈ, ਤਦ ਮਨੁੱਖ ਆਪਣੇ ਅੰਦਰ ਵਸਦੇ ਪ੍ਰਕਾਸ਼ ਨੂੰ ਮਹਿਸੂਸ ਕਰਦਾ ਹੈ। ਇਹ ਚਾਹਤ ਮਨੁੱਖ ਨੂੰ ਉੱਚਤਾ ਵੱਲ ਲੈ ਜਾਂਦੀ ਹੈ, ਮਨੁੱਖ ਨੂੰ ਮਨੁੱਖ ਬਣਾਉਂਦੀ ਹੈ। ਜੀਵਨ ਦੇ ਔਖੇ ਰਾਹਾਂ ਵਿੱਚ ਚਾਹਤ ਇੱਕ ਬ੍ਰਹਮ ਦੀਪਕ ਹੈ। ਇਹ ਹਨੇਰੇ ਵਿੱਚ ਵੀ ਰੌਸ਼ਨੀ ਕਰਦੀ ਹੈ, ਨਿਰਾਸ਼ਾ ਵਿੱਚ ਵੀ ਉਮੀਦ ਜਗਾਉਂਦੀ ਹੈ। ਚਾਹਤ ਮਨੁੱਖ ਦੇ ਅੰਦਰ ਦੀ ਉਹ ਅਮਰ ਲਹਿਰ ਹੈ ਜੋ ਕਦੇ ਮੁੱਕਦੀ ਨਹੀਂ।

ਸੱਚਮੁੱਚ ਮਨ ਵਿੱਚ ਚਾਹਤ ਹੋਵੇ ਤਾਂ ਜਿਉਣਾ ਵੀ ਆ ਜਾਂਦਾ ਹੈ। ਹਨੇਰੇ ਵਿੱਚ ਵੀ ਚਾਨਣ ਹੋ ਜਾਂਦਾ ਹੈ, ਉਦਾਸ ਦਿਲ ਵਿੱਚ ਵੀ ਬਹਾਰ ਆ ਜਾਂਦੀ ਹੈ,

ਅਤੇ ਮਨੁੱਖ ਆਪਣੀ ਰੂਹ ਨਾਲ ਮਿਲ ਜਾਂਦਾ ਹੈ। ਚਾਹਤ ਜੀਵਨ ਦੀ ਸੁੰਦਰਤਾ ਹੈ, ਚਾਹਤ ਜੀਵਨ ਦੀ ਸ਼ਾਨ ਹੈ, ਚਾਹਤ ਹੀ ਜੀਵਨ ਦਾ ਅਸਲੀ ਪਰਮਾਰਥ, ਉੱਚਾ ਮਕਸਦ, ਮਨੁੱਖਤਾ ਦੀ ਭਲਾਈ ਲਈ ਕੀਤਾ ਕੰਮ, ਨਿਸ਼ਕਾਮ ਭਲਾਈ ਅਤੇ ਅਸਲ ਉਦੇਸ਼ ਹੈ। ਪਰਮਾਰਥ ਉਹ ਰੌਸ਼ਨੀ ਹੈ ਜੋ ਮਨੁੱਖ ਨੂੰ ਆਪਣੇ ਆਪ ਤੋਂ ਉੱਚਾ ਬਣਾ ਦਿੰਦੀ ਹੈ। ਜਦੋਂ ਮਨ ਵਿੱਚ ਚਾਹਤ ਜਗਦੀ ਹੈ ਤਾਂ ਜੀਵਨ ਸਿਰਫ਼ ਜਿਉਣਾ ਨਹੀਂ ਰਹਿੰਦਾ, ਇਹ ਇੱਕ ਸੁੰਦਰ, ਰੂਹਾਨੀ ਅਤੇ ਅਲੌਕਿਕ ਯਾਤਰਾ ਬਣ ਜਾਂਦਾ ਹੈ। ਮਨ ਦੀ ਚਾਹਤ ਜੀਵਨ ਨੂੰ ਪ੍ਰਕਾਸ਼ਮਈ, ਸੁਗੰਧਿਤ, ਮਧੁਰ ਅਤੇ ਅਦਭੁੱਤ ਸਫ਼ਰ ਨੂੰ ਜੀਵਨ ਦੇ ਰਾਹ ਵਿੱਚ ਬਦਲ ਦਿੰਦੀ ਹੈ, ਜਿੱਥੇ ਮਨੁੱਖ ਆਪਣੇ ਅੰਦਰਲੇ ਬ੍ਰਹਿਮੰਡ ਨਾਲ ਰਲ ਕੇ ਅਰਥਪੂਰਨ ਜੀਵਨ ਦਾ ਅਨੁਭਵ ਕਰਦਾ ਹੈ ਤੇ ਆਨੰਦਿਤ ਹੋ ਜਾਂਦਾ ਹੈ।

Advertisement
×