DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਨੂੰ ਕੈਨੇਡਾ ਵਿੱਚ ਰਾਸ਼ਟਰੀ ਪੱਧਰ ਦੀ ਮਾਨਤਾ ਦਿਵਾਉਣ ਦੀ ਮੰਗ

ਸਰੀ: ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀਅ) ਵੱਲੋਂ ਬੀਤੇ ਦਿਨੀਂ ਆਪਣਾ 21ਵਾਂ ਸਾਲਾਨਾ ‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ’ ਸਮਾਗਮ ਮਨਾਇਆ ਗਿਆ। ਸਰੀ ਦੇ ਤਾਜ ਪਾਰਕ ਕਨਵੈਂਸ਼ਨ ਸੈਂਟਰ ਵਿਖੇ ਹੋਏ ਇਸ ਪ੍ਰੋਗਰਾਮ ਵਿੱਚ 150 ਤੋਂ ਵੱਧ ਪੰਜਾਬੀ ਪ੍ਰੇਮੀਆਂ ਅਤੇ ਪਲੀਅ ਦੇ ਮੈਂਬਰਾਂ ਨੇ...

  • fb
  • twitter
  • whatsapp
  • whatsapp
Advertisement

ਸਰੀ: ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀਅ) ਵੱਲੋਂ ਬੀਤੇ ਦਿਨੀਂ ਆਪਣਾ 21ਵਾਂ ਸਾਲਾਨਾ ‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ’ ਸਮਾਗਮ ਮਨਾਇਆ ਗਿਆ। ਸਰੀ ਦੇ ਤਾਜ ਪਾਰਕ ਕਨਵੈਂਸ਼ਨ ਸੈਂਟਰ ਵਿਖੇ ਹੋਏ ਇਸ ਪ੍ਰੋਗਰਾਮ ਵਿੱਚ 150 ਤੋਂ ਵੱਧ ਪੰਜਾਬੀ ਪ੍ਰੇਮੀਆਂ ਅਤੇ ਪਲੀਅ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮੰਚ ਸੰਚਾਲਕ ਹਰਮਨ ਪੰਧੇਰ ਨੇ ‘ਲੈਂਡ ਐਕਨੌਲੇਜਮੈਂਟ’ ਨਾਲ ਕੀਤੀ ਅਤੇ ਟੰਬਲਰ ਰਿਜ ਵਿਖੇ ਵਾਪਰੀ ਦੁਖਦਾਈ ਘਟਨਾ ਦੇ ਪੀੜਤਾਂ ਦੀ ਯਾਦ ਵਿੱਚ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ।

ਪਲੀਅ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲਾਂ ਵਿੱਚ ਪੰਜਾਬੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਏਅਰਪੋਰਟ ਅਤੇ ਬੀ.ਸੀ. ਦੀਆਂ ਸਰਹੱਦਾਂ ’ਤੇ ਪੰਜਾਬੀ ਸਾਈਨ ਬੋਰਡ ਲਗਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਸੰਸਥਾ ਦੇ ਉਪ-ਪ੍ਰਧਾਨ ਡਾ. ਸਾਧੂ ਬਿਨਿੰਗ ਨੇ ਪੰਜਾਬੀ ਨੂੰ ਕੈਨੇਡਾ ਵਿੱਚ ਰਾਸ਼ਟਰੀ ਪੱਧਰ ਦੀ ਮਾਨਤਾ ਦਿਵਾਉਣ ਦੀ ਮੰਗ ਦੁਹਰਾਈ।

Advertisement

ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰਿੰਸੈਸ ਮਾਰਗਰੇਟ ਸੈਕੰਡਰੀ ਦੀ ਵਿਦਿਆਰਥਣ ਯਸਾਨੀਆ ਕੌਰ ਨੇ ਗੀਤ ਪੇਸ਼ ਕੀਤਾ, ਜਦਕਿ 8 ਸਾਲਾ ਸੋਹਰਾਬ ਸਿੰਘ ਬਰਾੜ ਨੇ ਪੰਜਾਬੀ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ। ਜੀਵਨ ਅਤੇ ਗੁਰਸ਼ਾਨਵੀਰ ਬਾਜਵਾ ਨੇ ਸਲਾਈਡ ਸ਼ੋਅ ਰਾਹੀਂ ਪੰਜਾਬੀ ਸਿੱਖਣ ਦੇ ਲਾਭ ਦੱਸੇ। ਵਿਦਿਆਰਥੀ ਜਸਮੀਤ ਸਿੰਘ ਖਹਿਰਾ ਨੇ ਕਵਿਤਾ ਸੁਣਾਈ ਅਤੇ ਰੋਹਨ ਤੇ ਜੈਡਨ ਗਿੱਲ ਦੀ ਲਘੂ ਫਿਲਮ ‘ਰੂਟਡ ਐਂਡ ਰਾਈਜਿੰਗ’ ਦਿਖਾਈ ਗਈ। ਮਿਲਨ ਅਤੇ ਮਾਇਆ ਖੇੜਾ ਨੇ ‘ਪੰਜਾਬੀ ਪਾਥਵੇਜ਼’ ਵੀਡੀਓ ਪੇਸ਼ ਕੀਤੀ।

Advertisement

ਸਰੀ ਸਕੂਲ ਡਿਸਟ੍ਰਿਕਟ ਦੀਆਂ ਅਧਿਆਪਕਾਂ ਗੁਰਪ੍ਰੀਤ ਬੈਂਸ ਅਤੇ ਅਮਨਦੀਪ ਛੀਨਾ ਨੇ ਦੱਸਿਆ ਕਿ ਲੋੜ ਅਨੁਸਾਰ ਪੰਜਾਬੀ ਹੁਣ ਸਰੀ ਦੇ ਸੈਕੰਡਰੀ ਸਕੂਲਾਂ ਦੀ ਅੱਠਵੀਂ ਜਮਾਤ ਵਿੱਚ ਉਪਲੱਬਧ ਹੋਵੇਗੀ। ਸਕੂਲ ਬੋਰਡ ਦੇ ਵਾਈਸ ਚੇਅਰ ਗੈਰੀ ਥਿੰਦ ਨੇ ਪੰਜਾਬੀ ਸਿੱਖਿਆ ਦੇ ਮੁੱਦਿਆਂ ’ਤੇ ਚਰਚਾ ਕਰਦਿਆਂ ਸੰਸਥਾ ਨੂੰ ਮਾਲੀ ਸਹਾਇਤਾ ਭੇਟ ਕੀਤੀ। ਹਰਮਨ ਪੰਧੇਰ ਨੇ ਪੰਜਾਬੀ ਸਾਹਿਤ ਪੜ੍ਹਨ ’ਤੇ ਜ਼ੋਰ ਦਿੱਤਾ ਅਤੇ ਮੁਫ਼ਤ ਵੰਡੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ।

ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੇ ਉਨ੍ਹਾਂ ਨੂੰ ਨਾ ਸਿਰਫ਼ ਨਿੱਜੀ ਜੀਵਨ ਵਿੱਚ ਬਲਕਿ ਉਨ੍ਹਾਂ ਦੇ ਪੇਸ਼ੇਵਰ ਕੰਮਾਂ ਵਿੱਚ ਵੀ ਬਹੁਤ ਮਦਦ ਕੀਤੀ ਹੈ। ਸਰੀ-ਨਿਊਟਨ ਤੋਂ ਐੱਮ.ਐੱਲ.ਏ. ਅਤੇ ਬੀ.ਸੀ. ਦੀ ਪੋਸਟ-ਸੈਕੰਡਰੀ ਸਿੱਖਿਆ ਅਤੇ ਫਿਊਚਰ ਸਕਿੱਲਜ਼ ਮੰਤਰੀ ਜੈਸੀ ਸੁੰਨੜ ਨੇ ਵੀ ਆਪਣੇ ਵਿਚਾਰ ਰੱਖੇ। ਕੈਨੇਡਾ ਵਿੱਚ ਜਨਮੀ ਜੈਸੀ ਸੁੰਨੜ ਨੇ ਦੱਸਿਆ ਕਿ ਆਪਣੀ ਮਾਂ-ਬੋਲੀ ਪੰਜਾਬੀ ਦੇ ਗਿਆਨ ਨੇ ਉਨ੍ਹਾਂ ਨੂੰ ਇੱਕ ਬਿਹਤਰ ਇਨਸਾਨ ਬਣਨ ਵਿੱਚ ਸਹਾਇਤਾ ਕੀਤੀ ਹੈ। ਦੋਵਾਂ ਸ਼ਖ਼ਸੀਅਤਾਂ ਨੇ ਨੌਜਵਾਨ ਪੀੜ੍ਹੀ ਲਈ ਮਾਂ-ਬੋਲੀ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।

ਪ੍ਰੋਗਰਾਮ ਦੇ ਅਖੀਰ ਵਿੱਚ ਯੂ.ਬੀ.ਸੀ. ਦੇ ਪ੍ਰੋਫੈਸਰ ਗੁਰਿੰਦਰ ਮਾਨ ਅਤੇ ਅਧਿਆਪਕਾ ਪ੍ਰਭਜੋਤ ਕੌਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਪਲੀਅ ਵੱਲੋਂ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਤੋਹਫ਼ੇ ਦੇ ਸਨਮਾਨਿਤ ਕੀਤਾ ਗਿਆ। ਸੰਸਥਾ ਨੇ ਇਸ ਸਫਲ ਸਮਾਗਮ ਲਈ ਤਾਜ ਪਾਰਕ ਕਨਵੈਂਸ਼ਨ ਸੈਂਟਰ ਅਤੇ ਪਿਛਲੇ 25 ਸਾਲਾਂ ਤੋਂ ਸਹਿਯੋਗ ਦੇ ਰਹੀ ਦੀਪਕ ਬਿਨਿੰਗ ਫਾਊਂਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ।

Advertisement
×