ਡਾਢੇ ਨਾਲ ਪ੍ਰੀਤ...
ਕਹਾਣੀ ਕਈ ਦਿਨਾਂ ਤੋਂ ਮੀਡੀਆ ’ਚ ਸ਼ਹਿਰ ’ਚ ਹੋਣ ਵਾਲੇ ਵੱਡੇ ਸਮਾਗਮ ਦੀ ਚਰਚਾ ਸੀ। ਘੁਮਾ ਫਿਰਾ ਕੇ ਗੱਲ ਸਮਾਗਮ ਦੇ ਮੁੱਖ ਪ੍ਰਾਹੁਣੇ ਦੇ ਉੱਚੇ ਸਥਾਨ ਤੱਕ ਪਹੁੰਚਣ ਅਤੇ ਉਸ ਵੱਲੋਂ ਇਸ ਵਾਸਤੇ ਪੁਗਾਏ ਗਏ ਸਿਰੜ ਅਤੇ ਅਣਥੱਕ ਮਿਹਨਤ ’ਤੇ...
ਕਹਾਣੀ
ਕਈ ਦਿਨਾਂ ਤੋਂ ਮੀਡੀਆ ’ਚ ਸ਼ਹਿਰ ’ਚ ਹੋਣ ਵਾਲੇ ਵੱਡੇ ਸਮਾਗਮ ਦੀ ਚਰਚਾ ਸੀ। ਘੁਮਾ ਫਿਰਾ ਕੇ ਗੱਲ ਸਮਾਗਮ ਦੇ ਮੁੱਖ ਪ੍ਰਾਹੁਣੇ ਦੇ ਉੱਚੇ ਸਥਾਨ ਤੱਕ ਪਹੁੰਚਣ ਅਤੇ ਉਸ ਵੱਲੋਂ ਇਸ ਵਾਸਤੇ ਪੁਗਾਏ ਗਏ ਸਿਰੜ ਅਤੇ ਅਣਥੱਕ ਮਿਹਨਤ ’ਤੇ ਜਾ ਕੇ ਖ਼ਤਮ ਹੁੰਦੀ। ਉਸ ਵਰਗੇ ਬਣਨ ਦੀ ਸਿੱਖਿਆ ਅਤੇ ਸੰਦੇਸ਼ ਦਿੱਤਾ ਜਾਂਦਾ। ਪ੍ਰਚਾਰ ਦਾ ਸ਼ੋਰ ਸਰਾਬਾ ਕਈ ਦਿਨ ਚੱਲਿਆ ਤੇ ਕਈਆਂ ਦੇ ਮਨਾਂ ’ਚ ਉਸ ਖ਼ਾਸ ਵਿਅਕਤੀ ਬਾਰੇ ਜਾਣਨ ਦੀ ਉਤਸੁਕਤਾ ਪੈਦਾ ਕਰ ਦਿੱਤੀ। ਪ੍ਰੋਗਰਾਮ ’ਚ ਜਿੰਨੇ ਲੋਕਾਂ ਦੀ ਸ਼ਮੂਲੀਅਤ ਦੀ ਤਵੱਕੋਂ ਕੀਤੀ ਗਈ ਸੀ, ਉਸ ਤੋਂ ਦੁੱਗਣੇ ਤਿੱਗਣੇ ਪਹੁੰਚ ਗਏ। ਵਧਦੀ ਭੀੜ ਨੇ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਉਨ੍ਹਾਂ ਪ੍ਰੋਗਰਾਮ ਨੂੰ ਥੋੜ੍ਹਾ ਲੇਟ ਕਰਨ ਬਾਰੇ ਸੋਚਿਆ ਕਿ ਸ਼ਾਇਦ ਉਡੀਕ ਭਾਰੂ ਹੋਣ ਕਰਕੇ ਕੁਝ ਲੋਕ ਵਾਪਸ ਚਲੇ ਜਾਣ ਤੇ ਪ੍ਰਬੰਧ ਸੌਖਾ ਹੋ ਜਾਏ, ਪਰ ਇੰਜ ਹੋ ਨਾ ਸਕਿਆ। ਨਾ ਗਰਮੀ ਸੀ ਨਾ ਠੰਢ। ਲੋਕ ਗਾਇਕਾਂ ਨੂੰ ਸੁਣਦਿਆਂ ਮੁੱਖ ਮਹਿਮਾਨ ਦੀ ਉਡੀਕ ਬੇਸਬਰੀ ਨਾਲ ਕਰਦੇ ਰਹੇ।
ਆਖਰ ਘੰਟੇ ਕੁ ਦੀ ਦੇਰੀ ਨਾਲ ਸਟੇਜ ’ਤੇ ਕੁਝ ਵਿਸ਼ੇਸ਼ ਵਿਅਕਤੀ ਵਿਰਾਜਣ ਲੱਗੇ। ਮਿੰਟਾਂ ’ਚ ਸਟੇਜ ’ਤੇ ਲੱਗੀਆਂ ਸੀਟਾਂ ਭਰ ਗਈਆਂ ਤੇ ਵਿਚਕਾਰਲੀ ਸੀਟ ਖਾਲੀ ਛੱਡੀ ਗਈ। ਸਟੇਜ ਸੈਕਟਰੀ ਮਾਈਕ ਮੂਹਰੇ ਆ ਖੜ੍ਹਾ ਹੋਇਆ। ਉਸ ਨੇ ਮੁੱਖ ਮਹਿਮਾਨ ਦੀ ਆਮਦ ਬਾਰੇ ਦੱਸ ਕੇ ਪੰਡਾਲ ਵਿੱਚ ਬੈਠੇ ਲੋਕਾਂ ਨੂੰ ਉਸ ਦਾ ਸਵਾਗਤ ਕਰਨ ਲਈ ਕਿਹਾ। ਸਾਰੇ ਲੋਕ ਉੱਠ ਖੜ੍ਹੇ ਹੋਏ ਤੇ ਅੱਡੀਆਂ ਚੁੱਕ ਚੁੱਕ ਸਟੇਜ ਵੱਲ ਜਾ ਰਹੇ ਉਸ ਖ਼ਾਸ ਪ੍ਰਾਹੁਣੇ ਨੂੰ ਤੱਕਣ ਲੱਗੇ। ਬੇਸ਼ੱਕ ਲੋਕ ਤਾੜੀਆਂ ਮਾਰ ਰਹੇ ਸਨ, ਪਰ ਉਨ੍ਹਾਂ ਦੀਆਂ ਅੱਖਾਂ ਉਸ ਖ਼ਾਸ ਸ਼ਖ਼ਸੀਅਤ ਨੂੰ ਪਛਾਣਨ ਦਾ ਯਤਨ ਕਰ ਰਹੀਆਂ ਸਨ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਵਿਸ਼ੇਸ਼ ਪ੍ਰਾਹੁਣਾ ਜਿਸ ਦੇ ਸਵਾਗਤ ’ਚ ਸਮਾਗਮ ਰੱਖਿਆ ਗਿਆ ਹੈ, ਕੁਝ ਦਹਾਕੇ ਪਹਿਲਾਂ ਉਹ ਇਸੇ ਸ਼ਹਿਰ ਦੀਆਂ ਗਲੀਆਂ ਵਿੱਚ ਖੇਡਦਾ ਰਿਹਾ ਸੀ ਤੇ ਇੱਥੋਂ ਦੇ ਸਕੂਲ ਵਿੱਚੋਂ ਹੀ ਪੜ੍ਹ ਕੇ ਗਿਆ ਸੀ। ਕਈਆਂ ਨੂੰ ਉਸ ਵਿਸ਼ੇਸ਼ ਵਿਅਕਤੀ ਦਾ ਚਿਹਰਾ ਵੇਖਿਆ ਜਿਹਾ ਲੱਗਦਾ। ਉਸ ਸਬੰਧੀ ਕਈ ਤਰ੍ਹਾਂ ਦੇ ਸ਼ੰਕੇ ਉੱਭਰਨ ਅਤੇ ਤੁੱਕੇ ਲੱਗਣ ਲੱਗੇ। ਕੋਈ ਉਸ ਨੂੰ ਕਬੱਡੀ ਵਾਲੇ ਸ਼ੇਰੇ ਨਾਲ ਜੋੜ ਕੇ ਪਛਾਣਦਾ ਤੇ ਕਿਸੇ ਹੋਰ ਨੂੰ ਬਾਣੀਆਂ ਦਾ ਜੀਤਾ ਪਗੜੀ ਬੰਨ੍ਹ ਨੇ ਆਇਆ ਲੱਗਾ। ਕਿੰਨੀ ਦੇਰ ਪਛਾਣ ਬਾਰੇ ਘੁਸਰ ਮੁਸਰ ਚੱਲਦੀ ਰਹੀ। ਗਾਇਕਾਂ ਨੂੰ ਸਟੇਜ ਵਿਹਲੀ ਕਰਨ ਲਈ ਕਿਹਾ ਗਿਆ। ਸਟੇਜ ਸੈਕਟਰੀ ਮਾਈਕ ਮੂਹਰੇ ਆ ਕੇ ਮੁਖਾਤਿਬ ਹੋਇਆ;
‘‘ਸਭ ਤੋਂ ਪਹਿਲਾਂ ਮੈਂ ਆਪ ਸਭ ਦਾ ਰਿਣੀ ਹਾਂ ਕਿ ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਆ ਕੇ ਕਿੰਨੀ ਦੇਰ ਤੋਂ ਸਾਡੇ ਮੁੱਖ ਮਹਿਮਾਨ ਨੂੰ ਤੱਕਣ ਅਤੇ ਉਨ੍ਹਾਂ ਦੇ ਮੂੰਹੋਂ ਉਨ੍ਹਾਂ ਦੀ ਸਫਲਤਾ ਦੇ ਭੇਤ ਸੁਣਨ ਦੀ ਉਤਸੁਕਤਾ ਆਪਣੇ ਮਨਾਂ ਵਿੱਚ ਜਗਾਈ ਬੈਠੇ ਹੋ। ਇਸ ਤੋਂ ਪਹਿਲਾਂ ਕਿ ਮੈਂ ਮੁੱਖ ਮਹਿਮਾਨ ਜੀ ਨੂੰ ਤੁਹਾਡੇ ਰੂਬਰੂ ਹੋਣ ਦੀ ਬੇਨਤੀ ਕਰਾਂ, ਸਾਡੀ ਕਲੱਬ ਦੇ ਪ੍ਰਧਾਨ ਬੋਧ ਪ੍ਰਕਾਸ਼ ਜੀ ਆਪ ਜੀ ਨੂੰ ਉਨ੍ਹਾਂ ਬਾਰੇ ਕੁਝ ਚਾਨਣਾ ਪਾਉਣਗੇ।’’
ਸਰੀਰ ਭਾਰਾ ਹੋਣ ਕਰਕੇ ਨਾਲ ਦੇ ਸਾਥੀ ਨੇ ਬੋਧ ਪ੍ਰਕਾਸ਼ ਦਾ ਹੱਥ ਫੜ ਕੇ ਉਸ ਨੂੰ ਉਠਾਇਆ ਤੇ ਉਹ ਮਾਈਕ ਮੂਹਰੇ ਜਾ ਕੇ ਪਹਿਲਾਂ ਤਾਂ ਮਾਈਕ ਨੂੰ ਉੱਪਰ ਹੇਠਾਂ ਕਰਕੇ ਸੈੱਟ ਕਰਦਾ ਰਿਹਾ। ਫਿਰ ਦੋਵੇਂ ਹੱਥ ਜੋੜ ਕੇ ਉਹ ਆਏ ਲੋਕਾਂ ਨੂੰ ਸੰਬੋਧਨ ਹੋਇਆ;
‘‘ਪਿਆਰੇ ਸਾਥੀਓ, ਮੈਨੂੰ ਇਹ ਵੇਖ ਕੇ ਤਸੱਲੀ ਹੋਈ ਕਿ ਆਪਣੇ ਭਾਈ ਸਾਹਿਬ ਦੇ ਵਿਚਾਰ ਸੁਣਨ ਲਈ ਕਿੰਨੀ ਦੇਰ ਤੋਂ ਆਪਣੇ ਆਪ ਨੂੰ ਕਸ਼ਟ ਵਿੱਚ ਪਾਈ ਬੈਠੇ ਹੋ। ਮੈਂ ਤੁਹਾਡੇ ਜਜ਼ਬਾਤਾਂ ਨੂੰ ਸਲਾਮ ਕਰਦਾ ਹਾਂ। ਆਪਣੇ ਸਿਰੜ ਤੇ ਜਜ਼ਬੇ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹਨ ਵਾਲੇ ਇੰਨੇ ਕੁ ਸਤਿਕਾਰ ਦੇ ਹੱਕਦਾਰ ਤਾਂ ਹੁੰਦੇ ਹੀ ਨੇ। ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ। ਖ਼ੁਸ਼ ਰਹੋ ਤੇ ਆਬਾਦ ਰਹੋ, ਜੈ ਹਿੰਦ।’’ ਬੋਲਣਾ ਤਾਂ ਬੋਧ ਪ੍ਰਕਾਸ਼ ਹੋਰ ਵੀ ਚਾਹੁੰਦਾ ਸੀ, ਪਰ ਗੋਡੇ ਦੁਖਦੇ ਹੋਣ ਕਰਕੇ ਉਸ ਲਈ ਖੜ੍ਹਨਾ ਮੁਹਾਲ ਹੋ ਰਿਹਾ ਸੀ, ਪਰ ਅਗਲੀ ਵਾਰ ਚੋਣ ਲੜਨ ਦੀ ਇੱਛਾ ਕਰਕੇ ਉਸ ਨੇ ਲੋਕਾਂ ਨੂੰ ਆਪਣੀ ਪਛਾਣ ਕਰਾਉਣੀ ਜ਼ਰੂਰੀ ਸਮਝ ਕੇ ਹੀ ਸਟੇਜ ਉੱਤੇ ਮਾਈਕ ਮੂਹਰੇ ਖੜ੍ਹਨ ਲਈ ਕਲੱਬ ਨੂੰ ਦਾਨ ਦੇ ਕੇ ਸਮਾਂ ਖ਼ਰੀਦਿਆ ਸੀ।
ਉਸ ਤੋਂ ਬਾਅਦ ਤਿੰਨ ਕੁ ਹੋਰ ਸਿਆਸੀ ਲੋਕ ਮਾਈਕ ਮੂਹਰੇ ਆਏ ਤੇ ਫਜ਼ੂਲ ਦੀਆਂ ਗੱਲਾਂ ਕਰਕੇ ਲੋਕਾਂ ਦਾ ਸਮਾਂ ਖ਼ਰਾਬ ਕਰਦੇ ਰਹੇ। ਸਟੇਜ ਸੈਕਟਰੀ ਨੇ ਵੇਖਿਆ ਕਿ ਲੋਕ ਉਕਤਾਉਣ ਲੱਗ ਪਏ ਨੇ ਤੇ ਕਿਤੇ ਉੱਠ ਕੇ ਜਾਣ ਹੀ ਨਾ ਲੱਗ ਪੈਣ। ਮੌਕਾ ਸੰਭਾਲਦੇ ਹੋਏ ਉਸ ਨੇ ਮਾਈਕ ਮੂਹਰੇ ਆਉਣ ਦੀ ਉਡੀਕ ਕਰਦੇ ਦੋ-ਤਿੰਨ ਹੋਰਾਂ ਤੋਂ ਮੁਆਫ਼ੀ ਮੰਗੀ ਤੇ ਮੁੱਖ ਮਹਿਮਾਨ ਨੂੰ ਲੋਕਾਂ ਮੂਹਰੇ ਆਉਣ ਦਾ ਸੱਦਾ ਦਿੱਤਾ।
‘‘ਆਓ, ਹੁਣ ਸਾਡੇ ਦਿਲਾਂ ਦੀ ਧੜਕਣ ਤੇ ਸਾਨੂੰ ਜ਼ਿੰਦਗੀ ਦੇ ਅਸਲ ਰਾਹ ਪਾਉਣ ਵਾਸਤੇ ਸਫਲਤਾ ਦੇ ਗੁਰ ਸਾਂਝੇ ਕਰਨ ਆਏ ਸਰਦਾਰ ਬਿਕਰਮ ਸਿੰਘ ਜੀ ਦਾ ਸਵਾਗਤ ਕਰੀਏ।’’ ਇਸ ਤੋਂ ਪਹਿਲਾਂ ਕਿ ਸੈਕਟਰੀ ਆਪਣੀ ਗੱਲ ਨੂੰ ਹੋਰ ਲਟਕਾਉਂਦਾ, ਖੱਬੇ ਪਾਸੇ ਉਸ ਦਾ ਧਿਆਨ ਗਿਆ ਤਾਂ ਮੁੱਖ ਮਹਿਮਾਨ ਮਾਈਕ ਵਿਹਲਾ ਹੋਣ ਦੀ ਉਡੀਕ ’ਚ ਖੜ੍ਹਾ ਸੀ। ਸੈਕਟਰੀ ਨੇ ਆਪਣੀ ਗੱਲ ਸਮੇਟੀ ਤੇ ਦਰਸ਼ਕਾਂ ਨੂੰ ਮੁੱਖ ਪ੍ਰਾਹੁਣੇ ਦੇ ਵਿਚਾਰ ਸੁਣਨ ਲਈ ਕਹਿ ਕੇ ਪਾਸੇ ਹੋ ਗਿਆ। ਬਿਕਰਮ ਸਿੰਘ ਨੇ ਮਾਈਕ ਮੂਹਰੇ ਹੋਣ ਤੋਂ ਪਹਿਲਾਂ ਦਰਸ਼ਕਾਂ ਪ੍ਰਤੀ ਸਤਿਕਾਰ ਪ੍ਰਗਟਾਇਆ ਤੇ ਜੁੜੇ ਹੱਥਾਂ ਨਾਲ ਉੱਪਰ ਨੂੰ ਧਿਆਨ ਕਰਦਿਆਂ ਆਪਣੇ ਇਸ਼ਟ ਨੂੰ ਯਾਦ ਕਰਕੇ ਆਪਣੀ ਗੱਲ ਸ਼ੁਰੂ ਕੀਤੀ;
ਸਾਹਮਣੇ ਅਤੇ ਸਟੇਜ ਉੱਤੇ ਬੈਠੇ ਮੇਰੇ ਸਨੇਹੀਓ, ਮਿੱਤਰੋ ਤੇ ਪਿਆਰਿਓ, ਤੁਹਾਡੇ ਮਨਾਂ ਵਿੱਚ ਮੈਨੂੰ ਪਛਾਣਨ ਤੇ ਜਾਣਨ ਦੀ ਜਗਿਆਸਾ ਤੇ ਉਤਸੁਕਤਾ ਵਿੱਚ ਆ ਰਹੀ ਤੇਜ਼ੀ ਨੂੰ ਮੈਂ ਮਹਿਸੂਸ ਕਰ ਰਿਹਾ ਸੀ। ਮੇਰੀ ਇੱਛਾ ਹੈ ਕਿ ਤੁਸੀਂ ਇਸ ਨਿਮਾਣੇ ਜਿਹੇ ਬੰਦੇ ਦੀਆਂ ਹੱਡਬੀਤੀਆਂ ’ਚੋਂ ਕੋਈ ਨਾ ਕੋਈ ਗੱਲ ਆਪਣੇ ਮਨਾਂ ਦੇ ਕਿਸੇ ਕੋਨੇ ਵਿੱਚ ਵਸਾ ਕੇ ਇੱਥੋਂ ਜਾਓ। ਕੋਈ ਹੋਰ ਇਸ ਸ਼ਹਿਰ ’ਚੋਂ ਉੱਠ ਕੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕਰੇ, ਇਸ ਤੋਂ ਮੈਨੂੰ ਜਿੰਨੀ ਤਸੱਲੀ ਤੇ ਖ਼ੁਸ਼ੀ ਹੋਏਗੀ, ਉਸ ਦਾ ਅਨੁਮਾਨ ਸ਼ਾਇਦ ਤੁਸੀਂ ਨਾ ਲਾ ਸਕੋ। ਇਹੀ ਮੇਰੀ ਅੱਜ ਵਾਲੀ ਹੋਂਦ ਦਾ ਰਾਜ ਹੈ, ਜਿਸ ਵਿੱਚ ਤੁਸੀਂ ਆਪਣੇ ਸ਼ਹਿਰ ਦੇ ਲੱਭੂ ਲੁਹਾਰ ਦੇ ਮੁੰਡੇ ਨੂੰ ਵੇਖ ਰਹੇ ਓ।
ਮੇਰਾ ਜਨਮ ਇਸੇ ਸ਼ਹਿਰ ਦੇ ਲੁਹਾਰਾ ਮੁਹੱਲੇ ਦੀ ਨੁੱਕਰ ਅਤੇ ਮਿੱਟੀ ਦੀਆਂ ਕੰਧਾਂ ਉੱਤੇ ਬਾਂਸ ਦੀ ਛੱਤ ਵਾਲੇ ਲੱਭੂ ਲੁਹਾਰ ਦੇ ਘਰ ਹੋਇਆ ਸੀ। ਮੇਰੇ ਬਾਪੂ ਜੀ ਘਰ ਦੇ ਬਾਹਰ ਬਣਾਏ ਟੀਨ ਹੇਠ ਕੱਚੇ ਲੋਹੇ ਦੀਆਂ ਆਮ ਵਰਤੋਂ ਵਿੱਚ ਆਉਂਦੀਆਂ ਵਸਤਾਂ ਬਣਾਇਆ ਕਰਦੇ ਸਨ। ਮੇਰੀ ਮਾਤਾ ਦੱਸਦੇ ਸੀ ਕਿ ਮੈਂ ਤਿੰਨ ਸਾਲ ਦਾ ਸੀ, ਜਦ ਭੱਠੀ ’ਚੋਂ ਲਾਲ ਕੀਤਾ ਲੋਹਾ ਕੁੱਟਦਿਆਂ ਵੇਖ ਕੇ ਬਾਪੂ ਜੀ ਨੂੰ ਸਵਾਲ ਕੀਤਾ ਸੀ ਕਿ ਤੁਹਾਨੂੰ ਲਾਲ ਕੀਤੇ ਲੋਹੇ ਤੋਂ ਡਰ ਕਿਉਂ ਨਹੀਂ ਲੱਗਦਾ? ਬਾਪੂ ਜੀ ਉੱਪਰ ਵੱਲ ਇਸ਼ਾਰਾ ਕਰਕੇ ਬੋਲੇ ਸੀ ਕਿ ਉਹ ਡਾਢਾ ਬੇਅੰਤ ਹੈ, ਜੇ ਉਸ ਡਾਢੇ ਨਾਲ ਪ੍ਰੀਤ ਪਾ ਕੇ ਉਸ ਦੀ ਰਜ਼ਾ ਵਿੱਚ ਰਹਿਣਾ ਸਿੱਖ ਲਈਏ ਤਾਂ ਉਹ ਸੇਕ ਨਹੀਂ ਲੱਗਣ ਦਿੰਦਾ। ਉਨ੍ਹਾਂ ਨੇ ਮੈਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਤੱਤੀ ਤਵੀ ਉੱਤੇ ਬੈਠਣ ਅਤੇ ਪਾਣੀ ਵਿੱਚ ਉਬਾਲੇ ਜਾਣ ਬਾਰੇ ਵਿਸਥਾਰ ਵਿੱਚ ਸਮਝਾਇਆ। ਮੇਰੇ ਕੋਰੇ ਮਨ ਉੱਤੇ ਉਹ ਗੱਲ ਘਰ ਕਰ ਗਈ। ਜਦ ਮੈਂ ਸਕੂਲ ਜਾਣ ਲੱਗਾ ਤਾਂ ਆਪਣੇ ਜਮਾਤੀਆਂ ਨਾਲ ਉਹ ਗੱਲ ਕਈ ਵਾਰ ਸਾਂਝੀ ਕੀਤੀ। ਥੋੜ੍ਹਾ ਵੱਡਾ ਹੋਇਆ ਤਾਂ ਸਕੂਲੋਂ ਆ ਕੇ ਮੈਂ ਆਪਣੇ ਬਾਪੂ ਜੀ ਨਾਲ ਉਨ੍ਹਾਂ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗਿਆ। ਮੈਨੂੰ ਲਾਲ ਹੋਏ ਲੋਹੇ ਤੋਂ ਡਰ ਲੱਗਣੋਂ ਹਟ ਗਿਆ। ਮੈਂ ਬਾਪੂ ਜੀ ਦੀ ਭੱਠੀ ਬਾਲਣ ਅਤੇ ਭੱਠੀ ’ਚ ਲਾਲ ਕੀਤੇ ਲੋਹੇ ਉਤੇ ਵਦਾਨ (ਭਾਰਾ ਹਥੌੜਾ) ਨਾਲ ਸੱਟਾਂ ਮਾਰਨ ਲੱਗ ਪਿਆ। ਜਦ ਮੈਂ ਵਦਾਨ ਦੀਆਂ ਸੱਟਾਂ ਮਾਰਦਾ ਤੇ ਬਾਪੂ ਜੀ ਵੱਡੀ ਸਾਰੀ ਸੰਨ੍ਹੀ ਵਿੱਚ ਫੜੇ ਹੋਏ ਲੋਹੇ ਦੇ ਪਾਸੇ ਪਲਟਦੇ ਰਹਿੰਦੇ। ਕੁਝ ਹੀ ਦੇਰ ’ਚ ਲਾਲ ਹੋਏ ਉਸ ਲੋਹੇ ਦੀ ਛੜੀ ਨੂੰ ਬਾਪੂ ਜੀ ਨਵੇਂ ਰੂਪ ਵਿੱਚ ਲੈ ਆਉਂਦੇ ਜੋ ਉਨ੍ਹਾਂ ਨੇ ਬਣਾਉਣਾ ਹੁੰਦਾ ਸੀ ਯਾਨੀ ਖੁਰਪਾ, ਦਾਤਰੀ, ਛੋਟੀ ਕਹੀ, ਬਾਉਲਾ ਜਾਂ ਹਲ਼ਾਂ ਦੇ ਫਾਲ਼ੇ। ਕਦੇ ਕਦੇ ਮੁਹੱਲੇ ਦੀਆਂ ਔਰਤਾਂ ਪਤੀਲਿਆਂ ਦੇ ਟੁੱਟੇ ਹੈਂਡਲ, ਕੜਛੀਆਂ, ਕੜਾਹੀਆਂ ਦੇ ਕੁੰਡੇ, ਬਾਲਟੀਆਂ ਦੇ ਹੈਂਡਲ ਠੀਕ ਕਰਾਉਣ ਲਈ ਬਾਪੂ ਜੀ ਕੋਲ ਲੈ ਆਉਂਦੀਆਂ। ਬਾਪੂ ਜੀ ਕਦੇ ਔਰਤਾਂ ਤੋਂ ਇਨ੍ਹਾਂ ਛੋਟੇ ਛੋਟੇ ਕੰਮਾਂ ਦੇ ਪੈਸੇ ਨਹੀਂ ਸੀ ਲੈਂਦੇ। ਕਹਿੰਦੇ ਜੇ ਪੈਸੇ ਦੇਣ ਜੋਗੀਆਂ ਹੋਣ ਤਾਂ ਨਵਾਂ ਭਾਂਡਾ ਨਾ ਖ਼ਰੀਦ ਲਿਆਉਣ। ਕਿਹੜਾ ਕੰਮ ਕਿਵੇਂ ਕਰਨਾ ਹੈ, ਇਹ ਮੈਂ ਬਾਪੂ ਜੀ ਤੋਂ ਸਿੱਖਦਾ ਰਿਹਾ। ਲੋਹੇ ਨੂੰ ਕਿੰਜ ਮੋੜਨਾ, ਸਿੱਧਾ ਕਰਨਾ ਜਾਂ ਉਸ ਨੂੰ ਢਾਲ ਕੇ ਕੋਈ ਹੋਰ ਚੀਜ਼ ਕਿਵੇਂ ਬਣਾਉਣੀ ਹੈ, ਮੇਰੇ ਬਾਪੂ ਜੀ ਇਨ੍ਹਾਂ ਕੰਮਾਂ ਵਿੱਚ ਮਾਹਰ ਸੀ। ਇਹ ਤਾਂ ਤੁਸੀਂ ਸਾਰੇ ਸਮਝਦੇ ਹੀ ਹੋ ਕਿ ਸਾਡੇ ਖੂਨ ਵਿੱਚ ਮਾਪਿਆਂ ਦੇ ਅੰਸ਼ ਹੁੰਦੇ ਨੇ ਤੇ ਕੁਝ ਮੁਹਾਰਤਾਂ ਤੇ ਆਦਤਾਂ ਸਾਨੂੰ ਵਿਰਾਸਤ ਵਿੱਚ ਮਿਲ ਜਾਂਦੀਆਂ ਨੇ। ਇਸੇ ਤਰ੍ਹਾਂ ਛੋਟੇ ਹੁੰਦੇ ਤੋਂ ਮੇਰੇ ਮਨ ’ਚ ਇਸਪਾਤ ਤੋਂ ਕੁਝ ਵੱਖਰਾ ਤਿਆਰ ਕਰਨ ਦੀ ਲਲ੍ਹਕ ਜਾਗ ਆਈ ਸੀ।
ਸਕੂਲ ਦੀ ਪੜ੍ਹਾਈ ਪੂਰੀ ਕੀਤੀ ਤਾਂ ਮੈਂ ਅੱਗੇ ਪੜ੍ਹਨਾ ਚਾਹੁੰਦਾ ਸੀ, ਪਰ ਕਾਲਜਾਂ ਦੇ ਖ਼ਰਚਿਆਂ ਦਾ ਪਤਾ ਕਰਕੇ ਅਤੇ ਬਾਪੂ ਜੀ ਦੇ ਹਾਲਾਤ ਵੇਖ ਕੇ ਮੈਂ ਮਨ ਬਦਲ ਲਿਆ ਤੇ ਨੌਕਰੀ ਦੀ ਭਾਲ ਕਰਨ ਲੱਗਾ। ਨੌਕਰੀ ਦੀ ਭਾਲ ਕਰਦਿਆਂ ਕੁਝ ਮਹੀਨੇ ਲੰਘ ਗਏ, ਪਰ ਕੋਈ ਜੁਗਾੜ ਨਾ ਬਣਿਆ। ਇੱਕ ਦਿਨ ਨਿਰਾਸ਼ ਹੋਇਆ ਬੈਠਾ ਸੀ, ਬਾਪੂ ਜੀ ਨੇ ਮੋਢਾ ਥਾਪੜਿਆ, ਕਹਿੰਦੇ, ਗੁਰੂ ਜੀ ਉਚਾਰ ਕੇ ਗਏ ਸੀ;
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਹਜਣਹਾਰੁ।।
ਬਾਪੂ ਜੀ ਦੇ ਮੂੰਹੋਂ ਨਿਕਲੀ ਇਹ ਗੱਲ ਅੱਜ ਤੱਕ ਨਹੀਂ ਵਿਸਰੀ। ਉਸ ਅਪਰੰਪਾਰ ਕਰਤਾਰ ਵਿੱਚ ਮੇਰਾ ਵਿਸ਼ਵਾਸ ਹੋਰ ਪੱਕਾ ਹੋ ਗਿਆ। ਮੈਨੂੰ ਸਮਝ ਆ ਗਈ ਕਿ ਯਤਨ ਕਰਦੇ ਰਹੀਏ ਤਾਂ ਵਾਹਿਗੁਰੂ ਖ਼ੁਦ ਆ ਕੇ ਬਾਂਹ ਫੜ ਕੇ ਸਫਲਤਾ ਦਾ ਸਬੱਬ ਪੈਦਾ ਕਰ ਦਿੰਦਾ ਹੈ। ਇੱਕ ਦਿਨ ਬਾਪੂ ਜੀ ਨਾਲ ਸੋਚ ਵਿਚਾਰ ਕਰਕੇ ਮੈਂ ਸਾਈਕਲ ਫੜਿਆ ਤੇ ਨਾਲ ਦੇ ਸ਼ਹਿਰ ਨੂੰ ਚੱਲ ਪਿਆ। ਲੋਹਾ ਢਾਲਦੀ ਫੈਕਟਰੀ ਦੇ ਮੂਹਰੇ ਲੱਗੇ ਕਾਲੇ ਰੰਗ ਦੇ ਬੋਰਡ ਉੱਤੇ ਚਾਕ ਨਾਲ ਲਿਖਿਆ ਸੀ, ‘ਕਾਰੀਗਰਾਂ ਦੀ ਲੋੜ ਹੈ।’ ਮੇਰੇ ਲਈ ਤਾਂ ਅੰਨ੍ਹਾ ਕੀ ਭਾਲੇ, ਦੋ ਅੱਖਾਂ, ਵਾਲੀ ਗੱਲ ਹੋ ਗਈ। ਮੈਂ ਦੋ ਮਿੰਟ ਬੋਰਡ ’ਤੇ ਨਿਗ੍ਹਾ ਟਿਕਾਈ ਰੱਖੀ। ਫਿਰ ਮੈਂ ਸੋਚਣ ਲੱਗਾ ਕਿ ਮੈਂ ਕਾਰੀਗਰ ਹਾਂ ਜਾਂ ਨਹੀਂ। ਮੇਰੇ ਮਨ ’ਚ ਇਹ ਸਵਾਲ ਘੁੰਮੀ ਜਾ ਰਿਹਾ ਸੀ। ਅੰਦਰ ਬੈਠੇ ਮਾਲਕ ਨੇ ਸ਼ੀਸ਼ੇ ’ਚੋਂ ਮੈਨੂੰ ਤੱਕ ਲਿਆ ਹੋਏਗਾ। ਹੋ ਸਕਦੈ ਉਸ ਨੇ ਮੇਰੇ ਚਿਹਰੇ ਦੀ ਜੱਕੋ ਤੱਕੀ ਵੀ ਵੇਖ ਲਈ ਹੋਵੇ, ਉਹ ਮੈਂ ਨਹੀਂ ਜਾਣਦਾ। ਉਸ ਨੇ ਸੇਵਾਦਾਰ ਭੇਜ ਕੇ ਅੰਦਰ ਸੱਦ ਲਿਆ। ਨੌਕਰੀ ਦੇਣ ਵਾਲੇ ਮਾਲਕਾਂ ਵੱਲੋਂ ਨਾਂਹ ਨੁੱਕਰ ਤਾਂ ਸੁਣੀ ਹੋਈ ਸੀ, ਪਰ ਇੰਜ ਕੋਈ ਮਾਲਕ ਖ਼ੁਦ ਆਵਾਜ਼ ਮਾਰੇ, ਇਹ ਮੇਰੇ ਲਈ ਖ਼ੁਸ਼ੀ ਤੇ ਹੈਰਾਨੀ ਦੀ ਗੱਲ ਸੀ।
ਖੈਰ, ਮੈਂ ਅੰਦਰ ਲੰਘਿਆ ਤਾਂ ਮਾਲਕ ਨੇ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ। ਉਸ ਦੇ ਮੂੰਹੋਂ ਨੌਕਰੀ ਲੱਭ ਰਿਹੈ? ਸੁਣ ਕੇ ਮੇਰੀ ਹੈਰਾਨੀ ’ਚ ਵਾਧਾ ਕੁਦਰਤੀ ਸੀ। ਮੇਰੇ ਹਾਂ ਕਹਿਣ ’ਤੇ ਉਹ ਸਵਾਲ ਕਰਨ ਲੱਗਾ ਤੇ ਮੈਂ ਜਵਾਬ ਦੇਈ ਗਿਆ। ਉਸ ਦੇ ਸਵਾਲ ਕਿ ਕੰਮ ਕਰ ਲਏਂਗਾ, ਦੇ ਜਵਾਬ ਵਿੱਚ ਮੇਰੇ ਤੋਂ ਐਨਾ ਹੀ ਕਹਿ ਹੋਇਆ ਕਿ ਦੱਸੋਗੇ ਤਾਂ ਸ਼ਾਇਦ ਕਰਕੇ ਵਿਖਾ ਦਿਆਂ। ਮੇਰੇ ਤੜਕ ਭੜਕ ਜਵਾਬ ਤੋਂ ਉਸ ਨੂੰ ਹੈਰਾਨੀ ਵੀ ਹੋਈ। ਉਸ ਨੇ ਮੇਰੇ ਲਈ ਚਾਹ ਮੰਗਵਾਈ ਤੇ ਫੋਰਮੈਨ ਨੂੰ ਸੱਦ ਲਿਆ। ਦ੍ਰਿੜਤਾ ਤਾਂ ਮੇਰੇ ’ਚ ਪਹਿਲਾਂ ਤੋਂ ਸੀ, ਪਰ ਫੈਕਟਰੀ ਮਾਲਕ ਦੀ ਚਾਹ ਨੇ ਅੰਦਰਲੇ ਭਰੋਸੇ ਨੂੰ ਹੋਰ ਪੱਕਾ ਕਰ ਦਿੱਤਾ। ਫੋਰਮੈਨ ਅੰਦਰ ਲੈ ਗਿਆ ਤੇ ਇੱਕ ਪੁਰਜਾ ਦੇ ਕੇ ਪੁੱਛਿਆ ਕਿ ਇਸ ਵਰਗੇ ਹੋਰ ਬਣਾਉਣੇ ਹੋਣ ਤਾਂ ਕੀ ਕਰੇਂਗਾ। ਬਾਪੂ ਜੀ ਦੀਆਂ ਸਭ ਗੱਲਾਂ ਮੈਨੂੰ ਯਾਦ ਸੀ, ਮੇਰਾ ਉੱਤਰ ਸੁਣ ਕੇ ਫੋਰਮੈਨ ਹੈਰਾਨ ਹੋਇਆ। ਉਸ ਨੇ ਮਾਲਕ ਨੂੰ ਕਿਹਾ, ‘ਮੁੰਡਾ ਕਾਰੀਗਰ ਹੈ ਤੇ ਸਾਨੂੰ ਇਸੇ ਵਰਗੇ ਚਾਹੀਦੇ ਨੇ।’ ਮਾਲਕ ਨੇ ਤਨਖਾਹ ਦੀ ਮੰਗ ਪੁੱਛੀ ਤਾਂ ਮੇਰਾ ਜਵਾਬ ਸੀ, ਕੰਮ ਵੇਖ ਕੇ ਜੋ ਠੀਕ ਲੱਗੇ ਦੇ ਦਿਉ। ਲਓ ਜੀ, ਮੈਨੂੰ ਉਸੇ ਦਿਨ ਤੋਂ ਕੰਮ ’ਤੇ ਲੱਗਣ ਦਾ ਹੁਕਮ ਹੋ ਗਿਆ ਤੇ ਮੈਂ ਅੱਧੀ ਦਿਹਾੜੀ ਲਗਾ ਕੇ ਛੁੱਟੀ ਕੀਤੀ।
ਸ਼ਾਮ ਨੂੰ ਘਰ ਪਹੁੰਚਿਆ ਤਾਂ ਮਾਤਾ ਨੇ ਚਿੰਤਾ ਲਾਈ ਹੋਈ ਸੀ ਕਿ ਸਵੇਰ ਦਾ ਗਿਆ ਮੁੰਡਾ ਪਰਤਿਆ ਕਿਉਂ ਨਹੀਂ। ਸਵੇਰੇ ਸ਼ਹਿਰ ਜਾਣ ਲੱਗਿਆਂ ਮਾਤਾ ਨੇ ਦੋ ਰੁਪਏ ਦਿੱਤੇ ਸੀ ਕਿ ਕਿਤੇ ਲੋੜ ਪੈ ਜਾਂਦੀ ਆ। ਉਦੋਂ ਸਸਤਾ ਜ਼ਮਾਨਾ ਸੀ। ਨੌਕਰੀ ਦੀ ਖ਼ੁਸ਼ੀ ਵਿੱਚ ਮੈਂ ਸ਼ਹਿਰੋਂ ਮਿੱਠੂ ਹਲਵਾਈ ਤੋਂ ਡੇਢ ਰੁਪਏ ਦੀ ਪਾਈਆ ਬਰਫ਼ੀ ਲਿਫ਼ਾਫ਼ੇ ’ਚ ਪਵਾ ਕੇ ਸਾਈਕਲ ’ਤੇ ਟੰਗੇ ਝੋਲੇ ਵਿੱਚ ਪਾ ਲਈ ਸੀ। ਦੁਪਹਿਰ ਦੀ ਭੁੱਖ ਕਰਕੇ ਜੀਅ ਤਾਂ ਰਸਤੇ ਵਿੱਚ ਮੇਰਾ ਕਰਦਾ ਰਿਹਾ ਕਿ ਇੱਕ-ਦੋ ਟੁਕੜੇ ਕੱਢ ਕੇ ਖਾਵਾਂ, ਪਰ ਪਹਿਲਾ ਟੁਕੜਾ ਮਾਤਾ ਦੇ ਤੇ ਦੂਜਾ ਬਾਪੂ ਦੇ ਮੂੰਹ ਪਾਉਣ ਦੇ ਚਾਅ ਕਰਕੇ ਮੈਂ ਬੰਦ ਲਿਫ਼ਾਫ਼ਾ ਖੋਲ੍ਹਣ ਦੀ ਹਿੰਮਤ ਨਾ ਜੁਟਾ ਸਕਿਆ। ਮਾਤਾ ਦੇ ਸਵਾਲ ਤੋਂ ਪਹਿਲਾਂ ਮੈਂ ਲਿਫ਼ਾਫ਼ੇ ’ਚੋਂ ਬਰਫ਼ੀ ਦਾ ਟੁਕੜਾ ਕੱਢ ਕੇ ਉਸ ਦੇ ਮੂੰਹ ਲਾਉਂਦੇ ਹੋਏ ਦੱਸ ਦਿੱਤਾ ਕਿ ਇਹ ਪਹਿਲੇ ਦਿਨ ਦੀ ਕਮਾਈ ’ਚੋਂ ਲਿਆਇਆਂ। ਪਹਿਲੇ ਦਿਨ ਦੀ ਕਮਾਈ ਸੁਣ ਕੇ ਵੱਖਰੀ ਤਰ੍ਹਾਂ ਦੀ ਖ਼ੁਸ਼ੀ ਦਾ ਜਲਾਲ ਜੋ ਮੈਂ ਮਾਤਾ ਤੇ ਬਾਪੂ ਜੀ ਦੇ ਚਿਹਰੇ ’ਤੇ ਤੱਕਿਆ, ਉਹ ਅੱਜ 65 ਸਾਲ ਬਾਅਦ ਮੇਰੀਆਂ ਅੱਖਾਂ ਮੂਹਰੇ ਤਰੋਤਾਜ਼ਾ ਹੋ ਜਾਂਦੈ। ਸੱਤ ਸਾਲ ਮੈਂ ਉਸ ਫੈਕਟਰੀ ਵਿੱਚ ਕੰਮ ਕੀਤਾ। ਕੰਮ ਮਿਲਣ ਦੇ ਪਹਿਲੇ ਦਿਨ ਕਾਮਿਆਂ ਦੇ ਹਾਜ਼ਰੀ ਰਜਿਸਟਰ ਉੱਤੇ ਮੇਰਾ ਨਾਂ 16ਵੇਂ ਸਥਾਨ ਉੱਤੇ ਸੀ। ਮੈਂ ਜਿਸ ਦਿਨ ਉੱਥੋਂ ਹਟਿਆ ਉਸ ਦਿਨ 134 ਜਣੇ ਕੰਮ ਕਰਦੇ ਸਨ ਤੇ ਮੈਂ ਹੈੱਡ ਫੋਰਮੈਨ ਸੀ।
ਅੰਗਰੇਜ਼ੀ ਪੜ੍ਹਨੀ ਲਿਖਣੀ ਮੈਂ ਹਾਈ ਸਕੂਲ ’ਚ ਸਿੱਖੀ ਸੀ। ਫੈਕਟਰੀ ’ਚ ਕੰਮ ਕਰਦਿਆਂ ਮਾਲਕ ਦੀ ਮੇਜ਼ ’ਤੇ ਪਈ ‘ਅੰਗਰੇਜ਼ੀ ਟ੍ਰਿਬਿਊਨ’ ਅਖ਼ਬਾਰ ਦੀਆਂ ਸੁਰਖੀ ਵਾਲੀਆਂ ਖ਼ਬਰਾਂ ਦੇ ਅਰਥ ਮੈਂ ਸਮਝਣ ਲੱਗ ਗਿਆ ਸੀ। ਅਖ਼ਬਾਰ ਪੜ੍ਹਨ ਦੀ ਇਹੋ ਜਿਹੀ ਲਲਕ ਲੱਗੀ ਕਿ ਮਾਲਕ ਨੂੰ ਪੁੱਛ ਕੇ ਮੈਂ ਅਖ਼ਬਾਰ ਰੋਜ਼ ਘਰ ਲੈ ਆਉਂਦਾ ਤੇ ਰਾਤ ਨੂੰ ਮੋਟੀਆਂ ਖ਼ਬਰਾਂ ਪੜ੍ਹ ਕੇ ਨੀਂਦ ਆਉਂਦੀ। ਇੱਕ ਦਿਨ ਉਸੇ ਅਖ਼ਬਾਰ ’ਚੋਂ ਦਿੱਲੀ ਨੇੜਲੇ ਸ਼ਹਿਰ ਦੀ ਟਰੈਕਟਰ ਫੈਕਟਰੀ ਵਿੱਚ ਫੋਰਮੈਨ ਦੀ ਅਸਾਮੀ ਦਾ ਇਸ਼ਤਿਹਾਰ ਪੜ੍ਹਿਆ। ਅਗਲੇ ਦਿਨ ਮੈਂ ਅਰਜ਼ੀ ਟਾਈਪ ਕਰਵਾ ਕੇ ਭੇਜ ਦਿੱਤੀ। 10 ਦਿਨਾਂ ਬਾਅਦ ਮੈਨੂੰ ਇੰਟਰਵਿਊ ਦੀ ਚਿੱਠੀ ਆਈ। ਤਿੰਨ ਦਿਨ ਦੀ ਛੁੱਟੀ ਲੈ ਕੇ ਉੱਥੇ ਜਾ ਪਹੁੰਚਿਆ। ਐਨੀ ਵੱਡੀ ਫੈਕਟਰੀ ਵੇਖ ਕੇ ਮੇਰੇ ਪੈਰ ਨਹੀਂ ਸੀ ਭੁੰਜੇ ਲੱਗ ਰਹੇ। ਇੰਟਰਵਿਊ ਲਈ ਸੱਤ ਜਣੇ ਬੈਠੇ ਸਨ। ਚੌਥੇ ਨੰਬਰ ’ਤੇ ਮੈਨੂੰ ਅੰਦਰ ਬੁਲਾਇਆ ਗਿਆ। ਇੰਟਰਵਿਊ ਵਾਲੇ ਸੱਤ ਜਣੇ ਸਨ। ਹਰੇਕ ਕੋਈ ਨਾ ਕੋਈ ਵੱਖਰਾ ਸਵਾਲ ਕਰਦਾ ਤੇ ਮੈਂ ਬੜੇ ਭਰੋਸੇ ਨਾਲ ਜਵਾਬ ਦਿੰਦਾ ਰਿਹਾ।
ਜਦੋਂ ਸਾਰੇ ਅੰਦਰੋਂ ਹੋ ਆਏ ਤਾਂ ਸਾਨੂੰ ਦੋ ਘੰਟੇ ਉਡੀਕ ਕਰਨ ਲਈ ਕਿਹਾ ਗਿਆ। ਸ਼ਾਮ ਦੇ ਚਾਰ ਵੱਜੇ ਤਾਂ ਦਫ਼ਤਰ ਦੇ ਅੰਦਰੋਂ ਸਪੀਕਰ ਉੱਤੇ ਮੇਰਾ ਨਾਂ ਲੈ ਕੇ ਸੱਦਿਆ ਗਿਆ। ਅੰਦਰ ਲੰਘਿਆ ਤਾਂ ਬਜ਼ੁਰਗ ਮਾਲਕ ਨੇ ਖੜ੍ਹੇ ਹੋ ਕੇ ਹੱਥ ਮਿਲਾਉਂਦੇ ਹੋਏ ਮੈਨੂੰ ਵਧਾਈ ਦਿੰਦੇ ਹੋਏ ਸਹਾਇਕ ਪ੍ਰੋਡਕਸ਼ਨ ਮੈਨੇਜਰ ਦਾ ਨਿਯੁਕਤੀ ਪੱਤਰ ਮੇਰੇ ਹੱਥ ’ਤੇ ਰੱਖਿਆ ਅਤੇ ਪਾਸੇ ਬੈਠ ਕੇ ਪੜ੍ਹਨ ਤੋਂ ਬਾਅਦ ਪ੍ਰਵਾਨਗੀ ਲੈਟਰ ਉੱਤੇ ਸਾਈਨ ਕਰਕੇ ਵਾਪਸ ਕਰਨ ਲਈ ਕਿਹਾ। ਮੈਂ ਲਿਫ਼ਾਫ਼ਾ ਖੋਲ੍ਹ ਕੇ ਦੇਖਿਆ, ਤਨਖਾਹ ਆਪਣੇ ਸ਼ਹਿਰ ਵਾਲੀ ਫੈਕਟਰੀ ਤੋਂ ਚੌਗੁਣੀ ਅਤੇ ਸਹੂਲਤਾਂ ਕਿਤੇ ਵੱਧ ਸਨ। ਮੇਰੇ ਲਈ ਨਾਂਹ ਕਰਨ ਦਾ ਕੋਈ ਕਾਰਨ ਨਹੀਂ ਸੀ। ਮੇਰੇ ਹੱਥ ਵਾਹਿਗੁਰੂ ਦੇ ਸ਼ੁਕਰਾਨੇ ’ਚ ਜੁੜ ਗਏ ਤੇ ਦੋ ਮਿੰਟ ਲਈ ਅੰਤਰ-ਧਿਆਨ ਹੋਣ ਤੋਂ ਬਾਅਦ ਪ੍ਰਵਾਨਗੀ ਪੱਤਰ ਉੱਤੇ ਸਾਈਨ ਕਰਕੇ ਉਨ੍ਹਾਂ ਦੀ ਮੇਜ਼ ’ਤੇ ਜਾ ਰੱਖਿਆ। ਹਫ਼ਤੇ ਬਾਅਦ ਡਿਊਟੀ ’ਤੇ ਹਾਜ਼ਰ ਹੋਣ ਬਾਰੇ ਦੱਸ ਕੇ ਮੈਂ ਬਾਹਰ ਆ ਗਿਆ। ਦੂਜੇ ਕਮਰੇ ’ਚੋਂ ਤਿੰਨ-ਚਾਰ ਜਣੇ ਬਾਹਰ ਨਿਕਲੇ ਤੇ ਮੈਨੂੰ ਨਿਯੁਕਤੀ ਦੀ ਵਧਾਈ ਦੇ ਕੇ ਆਪਣੀ ਪਛਾਣ ਦੱਸਣ ਲੱਗੇ। ਉਨ੍ਹਾਂ ’ਚੋਂ ਦੋ ਜਣੇ ਉਹੀ ਸਨ ਜੋ ਇੰਟਰਵਿਊ ਬੋਰਡ ’ਚ ਬੈਠੇ ਹੋਏ ਸਨ। ਸਭ ਨਾਲ ਹੱਥ ਮਿਲਾ ਕੇ ਮੈਂ ਅਗਲੇ ਹਫ਼ਤੇ ਡਿਊਟੀ ’ਤੇ ਹਾਜ਼ਰ ਹੋਣ ਬਾਰੇ ਦੱਸ ਕੇ ਰੇਲਵੇ ਸਟੇਸ਼ਨ ਵੱਲ ਨੂੰ ਚੱਲ ਪਿਆ।
ਪੁੱਤ ਦੀ ਟਰੈਕਟਰ ਫੈਕਟਰੀ ਵਿੱਚ ਵੱਡੀ ਨਿਯੁਕਤੀ ਬਾਰੇ ਸੁਣ ਕੇ ਮਾਪੇ ਕਿੰਨੀ ਦੇਰ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਹੇ। ਬਾਪੂ ਜੀ ਆਪਣੇ ਆਪ ਵਿੱਚ ਆਏ ਤਾਂ ਬੋਲੇ;
‘‘ਵਿੱਕੀ ਤੈਨੂੰ ਯਾਦ ਐ ਨਾ, ਸ਼ਹਿਰ ਵਾਲੀ ਪਹਿਲੀ ਨੌਕਰੀ ਤੋਂ ਤਿੰਨ-ਚਾਰ ਦਿਨ ਪਹਿਲਾਂ ਤੂੰ ਨਿਰਾਸ਼ ਜਿਹਾ ਬੈਠਾ ਸੀ ਤੇ ਮੈਂ ਤੈਨੂੰ ਗੁਰੂ ਦਾ ਕਿਹਾ ਯਾਦ ਕਰਾਇਆ ਸੀ, ‘‘ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਹਜਣਹਾਰੁ।।’’ ਉਦੋਂ ਤੂੰ ਕਿਹਾ ਸੀ, ਬਾਪੂ ਜੀ ਇਹ ਗੱਲ ਮੇਰੇ ਪੱਲੇ ਬੱਝ ਗਈ ਤੇ ਤੀਜੇ ਦਿਨ ਤੈਨੂੰ ਫੈਕਟਰੀ ਮਾਲਕ ਨੇ ਆਪ ਅੰਦਰ ਸੱਦ ਕੇ ਨੌਕਰੀ ਦਿੱਤੀ ਸੀ। ਵੇਖ ਲੈ, ਵਾਹਿਗੁਰੂ ’ਤੇ ਸਾਡਾ ਕਦੇ ਨਾ ਥਿੜਕਣ ਵਾਲਾ ਭਰੋਸਾ ਸਾਨੂੰ ਕਿੱਥੋਂ ਕਿੱਥੇ ਲੈ ਜਾਂਦੈ। ਵਾਹਿਗੁਰੂ ਬੇਅੰਤ ਤੇ ਜਾਣੀ-ਜਾਣ ਹੁੰਦਾ ਹੈ। ਮੈਂ ਤਾਂ ਕਦੇ ਸੁਪਨਾ ਵੀ ਨਹੀਂ ਸੀ ਲਿਆ ਕਿ ਨਿੱਕੇ ਜਿਹੇ ਲੁਹਾਰ ਦਾ ਮੁੰਡਾ ਐਡੀ ਵੱਡੀ ਫੈਕਟਰੀ ’ਚ ਇੰਜਨੀਅਰ ਲੱਗੇਗਾ। ਪੁੱਤ, ਜਦ ਸਾਡਾ ਭਰੋਸਾ, ਆਸਥਾ, ਲਗਨ ਤੇ ਮਿਹਨਤ ਇਕੱਠੇ ਹੋ ਕੇ ਹੰਭਲਾ ਮਾਰਦੇ ਨੇ ਤਾਂ ਉਹ ਬਣੇ ਰਾਹਾਂ ਉੱਤੇ ਤੁਰਨ ਦੀ ਥਾਂ ਆਪਣੇ ਰਾਹ ਖ਼ੁਦ ਬਣਾ ਲੈਂਦੇ ਨੇ। ਬਸ ਤੂੰ ਇਨ੍ਹਾਂ ਚਾਰਾਂ ’ਚੋਂ ਕਿਸੇ ਦਾ ਪੱਲਾ ਜ਼ਰਾ ਵੀ ਢਿੱਲਾ ਨਾ ਹੋਣ ਦੇਂਈਂ।’’
ਮੈਂ ਅਗਾਂਹ ਵਧ ਕੇ ਬਾਪੂ ਜੀ ਨੂੰ ਗਲ਼ ਲਾਉਣੋਂ ਰਹਿ ਨਾ ਸਕਿਆ। ਮੈਨੂੰ ਖ਼ੁਦ ਪਤਾ ਨਹੀਂ ਸੀ ਲੱਗਾ ਕਿ ਕਦ ਮੇਰੀਆਂ ਅੱਖਾਂ ’ਚੋਂ ਵਹਿੰਦੇ ਗਰਮ ਪਾਣੀ ਨੇ ਬਾਪੂ ਜੀ ਦਾ ਮੋਢਾ ਗਿੱਲਾ ਕਰ ਦਿੱਤਾ। ਉਸ ਦਿਨ ਤੋਂ ਹੁਣ ਤੱਕ ਬਾਪੂ ਜੀ ਦੀ ਉਸ ਗਲਵੱਕੜੀ ਦੇ ਨਿੱਘ ਨੇ ਮੈਨੂੰ ਕਿਸੇ ਵੀ ਪਲ ਡੋਲਣ ਨਹੀਂ ਦਿੱਤਾ। ਟਰੈਕਟਰ ਬਣਾਉਣ ਵਾਲੀ ਫੈਕਟਰੀ ਵਿੱਚ ਮੈਂ ਨਾ ਦਿਨ ਵੇਖਿਆ ਤੇ ਨਾ ਰਾਤ। ਬਸ ਚੱਲ ਸੋ ਚੱਲ। ਹਰ ਵੇਲੇ ਮੇਰੇ ਮਨ ’ਚ ਕਿਸੇ ਨਵੀਂ ਕਾਢ ਦਾ ਭੂਤ ਸਵਾਰ ਹੋਇਆ ਰਹਿੰਦਾ। ਮੇਰਾ ਦੂਜਾ ਸਾਲ ਅਜੇ ਪੂਰਾ ਨਹੀਂ ਸੀ ਹੋਇਆ, ਅਸੀਂ ਟਰੈਕਟਰ ਦਾ ਅਜਿਹਾ ਮਾਡਲ ਤਿਆਰ ਕੀਤਾ, ਜਿਸ ਨੂੰ ਤੁਸੀਂ ਲੋਕਾਂ ਨੇ ਹੱਥਾਂ ’ਤੇ ਚੁੱਕ ਲਿਆ। ਉਸ ਮਾਡਲ ਦਾ ਨਾਂ ਲੈ ਕੇ ਮੈਂ ਵਾਹ ਵਾਹ ਖੱਟਣ ਤੋਂ ਗੁਰੇਜ਼ ਕਰਾਂਗਾ। ਕਿਤੇ ਤੁਸੀਂ ਇਹ ਨਾ ਕਹੋ ਕਿ ਆਪਣੇ ਮਾਡਲ ਦੀ ਮਸ਼ਹੂਰੀ ਕਰਨ ਆਇਆ। ਸਾਡੇ ਤੋਂ ਓਨੇ ਟਰੈਕਟਰ ਬਣਾਏ ਨਾ ਜਾਂਦੇ ਜਿੰਨੀ ਮੰਗ ਹੋ ਗਈ। ਮੈਂ ਮਾਲਕਾਂ ਨੂੰ ਹੋਰ ਫੈਕਟਰੀ ਲਾਉਣ ਬਾਰੇ ਕਿਹਾ, ਉਨ੍ਹਾਂ ਮਹੀਨਾ ਕੁ ਸੋਚਿਆ। ਤੁਹਾਨੂੰ ਪਤਾ ਈ ਆ, ਫੈਕਟਰੀਆਂ ਐਵੇਂ ਥੋੜ੍ਹਾ ਲੱਗ ਜਾਂਦੀਆਂ ਨੇ।
ਇੱਕ ਦਿਨ ਮੈਨੂੰ ਦਫ਼ਤਰ ਸੱਦਿਆ, ਬੋਰਡ ਦੇ ਸਾਰੇ ਮੈਂਬਰ ਬੈਠੇ ਸੀ। ਵਧੀ ਮੰਗ ਵਾਲੇ ਮਾਡਲ ਦੀ ਚਰਚਾ ਕਰਦੇ ਹੋਏ ਚੇਅਰਮੈਨ ਨੇ ਉਸ ਸਾਲ ਹੋਏ ਵੱਡੇ ਮੁਨਾਫੇ ਦਾ ਸਿਹਰਾ ਮੇਰੇ ਸਿਰ ਬੰਨ੍ਹਿਆ ਤੇ ਮੈਂ ਉੱਠ ਕੇ ਕਿਹਾ ਕਿ ਇਹ ਤਾਂ ਜੀ ਵਾਹਿਗੁਰੂ ਦੀ ਬਖ਼ਸ਼ਿਸ਼ ਹੈ। ਖੈਰ, ਚੇਅਰਮੈਨ ਨੇ ਗੱਲ ਮੁਕਾਈ ਕਿ ਨਵੀਂ ਫੈਕਟਰੀ ਦੀ ਤਿਆਰੀ ਵਿੱਢ ਦਿੱਤੀ ਹੈ ਜਿਸ ਦੇ ਪ੍ਰੋਡਕਸ਼ਨ ਹੈੱਡ ਵਜੋਂ ਉਸ ਨੇ ਮੇਰਾ ਨਾਂ ਪੇਸ਼ ਕੀਤਾ ਤੇ ਸਾਰਿਆਂ ਨੇ ਤਾੜੀਆਂ ਮਾਰ ਕੇ ਉਸ ’ਤੇ ਮੋਹਰ ਲਾ ਦਿੱਤੀ। ਚਲੋ ਜੀ, ਨਵੀਂ ਫੈਕਟਰੀ ਦੀ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ’ਤੇ ਆਣ ਪਈ ਤੇ ਮੇਰੇ ਪਰਮੇਸ਼ਰ ਨੇ ਮੈਨੂੰ ਡੋਲਣ ਨਹੀਂ ਦਿੱਤਾ। ਮੈਂ ਵਿਦੇਸ਼ਾਂ ਦੀਆਂ ਕਈ ਫੈਕਟਰੀਆਂ ਵੇਖਣ ਗਿਆ ਤੇ ਉੱਥੋਂ ਬੜਾ ਕੁਝ ਸਿੱਖ ਕੇ ਆਇਆ। ਦੋ ਸਾਲਾਂ ਵਿੱਚ ਨਵੀਂ ਫੈਕਟਰੀ ਚਾਲੂ ਹੋ ਗਈ ਤੇ ਸਾਡੇ ਟਰੈਕਟਰਾਂ ਦੇ ਜਿੰਨੇ ਵੀ ਮਾਡਲ ਬਣਦੇ, ਨਾਲੋ ਨਾਲ ਵਿਕਣ ਲੱਗੇ ਤੇ ਕੁਝ ਹੀ ਮਹੀਨਿਆਂ ਬਾਅਦ ਮੰਗ ਉਤਪਾਦਨ ਤੋਂ ਵੱਧ ਹੋਣ ਲੱਗੀ। ਭਾਰਤ ਦੇ ਦੱਖਣੀ ਸੂਬਿਆਂ ਦੀ ਮੰਗ ਪੂਰਤੀ ਲਈ ਇਹ ਫੈਕਟਰੀ ਕਾਰਗਰ ਸਾਬਤ ਹੋਈ। ਸਾਨੂੰ ਦਿੱਲੀ ਵਾਲੀ ਫੈਕਟਰੀ ਤੋਂ ਟਰੈਕਟਰ ਢੋਣ ਦੇ ਕਿਰਾਏ ਦੀ ਬੱਚਤ ਹੋਣ ਲੱਗੀ।
ਨਿੱਕੇ ਹੁੰਦਿਆਂ ਅਸਮਾਨ ਵਿੱਚ ਉੱਡਦੇ ਹਵਾਈ ਜਹਾਜ਼ ਨੂੰ ਅਸੀਂ ਅੱਖਾਂ ਤੋਂ ਓਝਲ ਹੋਣ ਤੱਕ ਵੇਖਦੇ ਰਹਿੰਦੇ ਸੀ ਤੇ ਕਿੰਨੇ ਸੁਪਨੇ ਲਿਆ ਕਰਦੇ ਸੀ ਅਸਮਾਨ ਵਿੱਚ ਉਡਣ ਦੇ। ਉਦੋਂ ਮੇਰੇ ਮਨ ’ਚ ਸਵਾਲ ਹੁੰਦਾ ਸੀ, ਜਹਾਜ਼ ਉੱਡਦਾ ਕਿਵੇਂ ਹੈ ਤੇ ਅੱਜ ਵਾਹਿਗੁਰੂ ਦੀ ਅਪਾਰ ਬਖ਼ਸ਼ਿਸ਼ ਸਦਕਾ ਅਸੀਂ ਉੱਡਣ ਵਾਲੇ ਉਨ੍ਹਾਂ ਜਹਾਜ਼ਾਂ ਦੇ ਇੰਜਣ ਬਣਾਉਣ ਬਾਰੇ ਸੋਚ ਵਿਚਾਰ ਕਰ ਰਹੇ ਹਾਂ।
ਖੈਰ! ਮੈਂ ਗੱਲ ਨੂੰ ਛੋਟੀ ਕਰਕੇ ਖ਼ਤਮ ਕਰਾਂ, ਹੁਣ ਸਾਡੀਆਂ ਪੰਜ ਫੈਕਟਰੀਆਂ ਨੇ, ਜਿਨ੍ਹਾਂ ’ਚ ਟਰੈਕਟਰ ਹੀ ਨਹੀਂ, ਛੋਟੇ ਟਰੱਕ, ਵੈਨਾਂ ਅਤੇ ਕਈ ਕੁਝ ਹੋਰ ਬਣਾ ਕੇ ਵਿਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਸਾਡੀਆਂ ਫੈਕਟਰੀਆਂ ਸਾਲ ਵਿੱਚ ਅਰਬਾਂ ਦੀ ਵਿਕਰੀ ਕਰਦੀਆਂ ਨੇ, ਪਰ ਅਸੀਂ ਸਾਰੇ ਮਾਲਕਾਂ ਨੇ ਸਾਦਗੀ ਦਾ ਪੱਲਾ ਘੁੱਟ ਕੇ ਫੜਿਆ ਹੋਇਆ ਹੈ। ਤੁਹਾਡੇ ’ਚੋਂ ਮੇਰੇ ਹਾਣ ਦੇ ਸਾਰਿਆਂ ਨੂੰ ਸ਼ਾਇਦ ਯਾਦ ਹੋਏ, ਮੈਂ ਉਨ੍ਹਾਂ ਨਾਲ ਖੇਡਦਾ ਰਿਹਾਂ।
ਸਾਹਮਣੇ ਬੈਠੇ ਸਰਦਾਰ ਪ੍ਰੀਤਮ ਸਿੰਘ ਵੱਲ ਇਸ਼ਾਰਾ ਕਰਕੇ ਬੋਲਿਆ,
ਔਹੁ ਬੈਠਾ ਮੇਰਾ ਯਾਰ ਪ੍ਰੀਤਾ। ਇੱਕ ਵਾਰ ਫੱਤੂ ਕਿਆਂ ਦੇ ਕੁੱਤੇ ਨੇ ਮੇਰੀ ਸੱਜੀ ਲੱਤ ’ਤੇ ਦੰਦ ਮਾਰ ਦਿੱਤੇ ਸੀ ਤੇ ਤਾਇਆ ਜੀ, ਯਾਨੀ ਇਸ ਦੇ ਬਾਪੂ ਸਰਦਾਰ ਮੱਘਰ ਸਿੰਘ ਮੈਨੂੰ ਸਾਈਕਲ ’ਤੇ ਹਸਪਤਾਲ ਲੈ ਕੇ ਗਏ ਤੇ ਟੀਕਾ ਲਵਾ ਕੇ ਲਿਆਏ ਸੀ। ਆਹ ਸਟੇਜ ਵਾਲਾ ਝੰਜਟ ਖ਼ਤਮ ਹੋ ਲੈਣ ਦਿਓ, ਸਾਰੇ ਹਾਣੀਆਂ ਨੂੰ ਮਿਲਣਾ, ਮੈਨੂੰ ਬੜਾ ਚੰਗਾ ਲੱਗੇਗਾ। ਮੈਨੂੰ ਇਸ ਸ਼ਹਿਰ ਜੋ ਉਦੋਂ ਪਿੰਡ ਵਰਗਾ ਹੁੰਦਾ ਸੀ, ਦੀ ਇੱਕ ਇੱਕ ਗਲੀ ਯਾਦ ਐ। ਇਸ ਮਿੱਟੀ ਦੀ ਮਹਿਕ ਮੇਰੀਆਂ ਯਾਦਾਂ ’ਚੋਂ ਕਦੇ ਵਿਸਰੀ ਨਹੀਂ। ਐਨੇ ਸਾਲਾਂ ਬਾਅਦ ਤੁਹਾਨੂੰ ਸਾਹਮਣੇ ਵੇਖ ਕੇ ਮੈਨੂੰ ਸਭ ਦੇ ਨਾਂ ਯਾਦ ਆ ਜਾਣੇ ਨੇ। ਬਚਪਨ ਵਾਲੀਆਂ ਗੱਲਾਂ ਯਾਦ ਕਰਕੇ ਅਸੀਂ ਫਿਰ ਤੋਂ ਜਵਾਨੀ ਵੱਲ ਪਰਤਦੇ ਮਹਿਸੂਸ ਕਰਾਂਗੇ। ਜ਼ਰੂਰ ਮਿਲ ਕੇ ਜਾਇਓ।
ਅੱਜ ਮੇਰੇ ਬਾਪੂ ਜੀ ਜਿਊਂਦੇ ਹੁੰਦੇ ਤਾਂ ਉਨ੍ਹਾਂ ਨੂੰ ਵੇਖ ਕੇ ਕਿੰਨੀ ਖ਼ੁਸ਼ੀ ਤੇ ਤਸੱਲੀ ਹੋਣੀ ਸੀ ਕਿ ਮੈਂ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦਾ ਹੋਇਆ ਕਿੱਥੇ ਪਹੁੰਚ ਗਿਆ। ਅੱਜ ਕਈ ਫੈਕਟਰੀਆਂ ਵਿੱਚ ਮੇਰੀ ਹਿੱਸੇਦਾਰੀ ਹੈ। ਮੈਂ ਅਕਸਰ ਯਾਦ ਕਰਦਾ ਹੁੰਦਾ ਹਾਂ ਕਿ ਜਦੋਂ ਕਦੇ ਬਾਪੂ ਜੀ ਨੇ ਮੇਰੇ ਮੂੰਹ ’ਤੇ ਉਦਾਸੀ ਤੱਕਣੀ ਤਾਂ ਉਨ੍ਹਾਂ ਮੋਢਾ ਥਾਪੜ ਕੇ ਮੈਨੂੰ ਯਾਦ ਕਰਾਉਣਾ;
ਉਠ ਫਰੀਦਾ ਸੁੱਤਿਆ, ਝਾੜੂ ਦੇ ਮਸੀਤ
ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ।।
ਤੇ ਅੱਜ ਵੀ ਬਾਬਾ ਜੀ ਦਾ ਇਹ ਉਪਦੇਸ਼ ਮੇਰਾ ਰਾਹ ਦਸੇਰਾ ਬਣਦਾ ਹੈ। ਕਿਸੇ ਵੱਡੇ ਮਸਲੇ ਬਾਰੇ ਕਿਸੇ ਉਲਝਣ ਨਾਲ ਸਿੱਝ ਰਿਹਾ ਹੋਵਾਂ ਤੇ ਇਹੀ ਭਰੋਸਾ ਮੈਨੂੰ ਬਾਹੋਂ ਫੜ ਕੇ ਖੜ੍ਹਾ ਕਰ ਦਿੰਦਾ ਹੈ ਤੇ ਫਿਰ ਮੇਰਾ ਡਾਢਾ ਮੈਨੂੰ ਪਿੱਛੇ ਮੁੜ ਕੇ ਵੇਖਣ ਦੀ ਗੁੰਜਾਇਸ਼ ਹੀ ਨਹੀਂ ਰਹਿਣ ਦਿੰਦਾ।
ਸੰਪਰਕ: +16044427676

