ਡੀਚਾਈਨਾ ਦਾ ਸੂਟ
ਕਹਾਣੀ ਲਖਵਿੰਦਰ ਸੰਧੂ ਬਾਕਸ ਬੈੱਡ ਆਉਣ ਦੀ ਖ਼ੁਸ਼ੀ ਐਨੀ ਕਿ ਰਾਣੀ ਨੇ ਉਸੇ ਦਿਨ ਹੀ ਬੈੱਡ ਘਰਦਿਆਂ ਤੋਂ ਕਮਰੇ ’ਚ ਫਿੱਟ ਕਰਵਾ ਕੇ ਬਿਸਤਰੇ, ਲੀੜੇ ਸਾਂਭਣ ਦੀ ਮੁਹਿੰਮ ਸ਼ੁਰੂ ਕਰ ਲਈ। ਚਾਈਂ-ਚਾਈਂ ਕੱਪੜੇ ਬਾਕਸ ਬੈੱਡ ’ਚ ਟਿਕਾਉਂਦਿਆਂ ਉਸ ਦੀ ਨਿਗ੍ਹਾ...
ਕਹਾਣੀ
ਲਖਵਿੰਦਰ ਸੰਧੂ
ਬਾਕਸ ਬੈੱਡ ਆਉਣ ਦੀ ਖ਼ੁਸ਼ੀ ਐਨੀ ਕਿ ਰਾਣੀ ਨੇ ਉਸੇ ਦਿਨ ਹੀ ਬੈੱਡ ਘਰਦਿਆਂ ਤੋਂ ਕਮਰੇ ’ਚ ਫਿੱਟ ਕਰਵਾ ਕੇ ਬਿਸਤਰੇ, ਲੀੜੇ ਸਾਂਭਣ ਦੀ ਮੁਹਿੰਮ ਸ਼ੁਰੂ ਕਰ ਲਈ। ਚਾਈਂ-ਚਾਈਂ ਕੱਪੜੇ ਬਾਕਸ ਬੈੱਡ ’ਚ ਟਿਕਾਉਂਦਿਆਂ ਉਸ ਦੀ ਨਿਗ੍ਹਾ ਹੱਥਲੇ ਕੰਬਲਾਂ ’ਤੇ ਹੀ ਰੁਕ ਗਈ..ਫ਼ਲੈਸ਼ ਬੈਕ ਵੱਜਦਿਆ ਹੀ ਉਹ ਨੱਬੇ ਦੇ ਦਹਾਕੇ ’ਚ ਪਹੁੰਚ ਗਈ।
‘‘ਏਹ ਝਿੰਗ ਨੂੰ ਪਤਾ ਨ੍ਹੀਂ ਕਿੱਥੋਂ ਪਤਾ ਲੱਗ ਜਾਂਦੈ? ਪੇਟੀ ਹਾਲੇ ਖੋਲ੍ਹੀ ਈ ਹੁੰਦੀ ਐ, ਜਦੇ ਟਪੂਸੀਆਂ ਮਾਰਦੀ ਆ ਜਾਂਦੀ ਏ।’’ ਮਾਂ ਪੇਟੀ ਦਾ ਢੱਕਣ ਦੂਜੇ ਪਾਸੇ ਸੁੱਟ ਪੇਟੀ ਵਿੱਚ ਵੜੀ ਹੁੰਦੀ ਤੇ ਉਹਦਾ ਸਬਾਤ ਵਿੱਚੋਂ ਹੀ ਖੜਕਾ ਸੁਣ ਬੋਲਣ ਲੱਗਦੀ।
‘‘ਸੱਚੀਂ ਨ੍ਹੀਂ ਪਤਾ ਸੀ ਮੈਨੂੰ....ਪਰ ਹੁਣ ਜਦ ਤੂੰ ਬੋਲੀ ਤਾਂ ਲੱਗਿਆ ਕਿ ਖੂਹ ’ਚੋਂ ’ਵਾਜ਼ ਆਈ...ਫਿਰ ਮੈਂ ਤਾਂ ਆਉਣਾ ਹੀ ਸੀ....ਫ਼ਨੈਲ ਸੁੰਘ ਜੋ ਲਈ ਸੀ ਮੈਂ...!’’ ਫਨੈਲ ਦੀਆਂ ਗੋਲੀਆਂ ਜੋ ਪੇਟੀ ’ਚ ਕੱਪੜਿਆਂ ਵਿੱਚ ਰੱਖੀਆਂ ਹੋਈਆਂ ਸਨ, ਉਹਦੀ ਮਹਿਕ ਸਾਰੇ ਘਰ ’ਚ ਫੈਲ ਗਈ ਸੀ।
‘‘ਚੰਗਾ ਫਿਰ, ਆ ਜਾ ਕੋਲੇ ਹੁਣ... ਹੱਥ ਨਾ ਆ ਜੇ ਤੇਰਾ ਵਿੱਚ...ਪਰ੍ਹੇ ਰਹੀਂ ਨਾਲੇ ਢੱਕਣ ਨਾ ਲਾ ਦੇਵੀਂ ਕਿਤੇ ਹੋਰ ਵਿੱਚੇ ਬੰਦ ਕਰ ਜਾਵੇਂ ਮੈਨੂੰ...!’’ ਮਾਂ ਪੇਟੀ ’ਚ ਵੜੀ ਡਰ ਤੇ ਚਿੰਤਾ ਨਾਲ ਇਹ ਬੋਲਦੀ ਗਈ।
ਪੇਟੀ ਦੇ ਬਿਲਕੁਲ ਹੇਠਾਂ ਮੂਹਰਲੇ ਪਾਸੇ ਕਾਰੀਗਰ ਨੇ ਥੋੜ੍ਹਾ ਜਿਹਾ ਡਿਜ਼ਾਇਨ ਨੁਮਾ ਵਾਧਰਾ ਵਲਿਆ ਹੋਇਆ ਸੀ, ਜਿਹਦੇ ’ਤੇ ਪੈਰਾਂ ਦੇ ਅੰਗੂਠੇ ਫਸਾ ਕੇ ਆਰਾਮ ਨਾਲ ਪੇਟੀ ਦੀ ਪਹਿਲੀ ਬਾਹੀ ਫੜ ਕੇ ਛੋਟੇ ਕੱਦ ਵਾਲਾ ਲਮਕ ਕੇ ਆਸਾਨੀ ਨਾਲ ਅੰਦਰੋਂ ਸਾਰਾ ਕੁਝ ਵੇਖ ਸਕਦਾ ਸੀ।
ਕਾਰੀਗਰ ਨੂੰ ਕਿੰਝ ਪਤਾ ਹੋਵੇਗਾ ਕਿ ਪੇਟੀਆਂ ਵਾਲੀਆਂ ਦੇ ਜਵਾਕਾਂ ਨੇ ਵੀ ਝਾਤੀ ਮਾਰਨੀ ਹੋਊ.... ਕਿੰਨਾ ਕਾਰੀਗਰ ਬੰਦਾ ਹੋਣਾ...ਲੱਕੜ ਦੀ ਘਾੜਤ ਘੜਦਿਆਂ ਰਿਸ਼ਤਿਆਂ ਨੂੰ ਵੀ ਘੜ ਕੇ ਵਿਸਥਾਰ ਦੇਈ ਜਾ ਰਿਹਾ ਹੋਣਾ।
ਮਾਂ ਪੇਟੀ ’ਚ ਇੱਕ ਪਾਸੇ ਪਏ ਕੰਬਲਾਂ, ਖੇਸਾਂ ਉੱਪਰ ਹੀ ਸਮਾਧੀ ਲਾ ਬਹਿ ਜਾਂਦੀ ਤੇ ਤਹਿ ਕੀਤੇ ਹੋਏ ਅਣ ਸਿਉਂਤੇ ਸੂਟ ਇੱਧਰ-ਉੱਧਰ ਉਲੱਦੀ ਜਾਂਦੀ। ਰਾਣੀ ਦੀ ਅੱਖ ਕਦੇ ਸਾਟਨ ਦੇ ਸੂਟ ’ਤੇ ਜਾ ਖੜ੍ਹਦੀ ਕਦੇ ਡੀਚੈਨਾ ਦੇ ਸੂਟ ਤੇ....ਕਦੇ ਸਿਲਕ...ਕਦੇ ਲੀਲ੍ਹਣ...ਕਦੇ ਸ਼ਨੀਲ..ਟੈਰੀਕਾਟ ...ਪਾਪਲੀਨ...ਨਾਈਲੈਕਸ...ਫੋਮ...ਟੈਰਾਲੀਨ ਤੇ ਹੋਰ ਪਤਾ ਨ੍ਹੀਂ ਕਿੰਨੇ ਸਾਰੇ।
‘‘ਲੈ ਇਹ ਤਾਂ ਮੈਨੂੰ ਤੇਰੀ ਮਾਮੀ ਨੇ ਬਲਬੀਰ ਦੇ ਵਿਆਹ ਮੌਕੇ ਦਿੱਤਾ ਸੀ।’’ ਸਿਲਕ ਦੇ ਗੁਲਾਨਾਰੀ ਸੂਟ ’ਤੇ ਹੱਥ ਫੇਰਦੀ ਮਾਂ ਮੁਸਕਰਾ ਪਈ ਸੀ ਜਿਵੇਂ ਉਹ ਕਿਸੇ ਡੂੰਘੀ ਬਾਤ ਨਾਲ ਇੱਕ-ਮਿੱਕ ਹੋ ਗਈ ਹੋਵੇ।
ਰਾਣੀ ਦੀ ਰੁਚੀ ਹੋਰ ਵਧਣ ਲੱਗੀ..‘‘ਆਹ?’’ ਡੀਚਾਈਨਾ ਦੇ ਸੈਲਫ਼ ਪ੍ਰਿੰਟ ਦੇ ਪੀਲੇ ਰੰਗ ਦੇ ਸੂਟ ਨੂੰ ਆਪਣੇ ਕਬਜ਼ੇ ’ਚ ਕਰਦਿਆਂ ਉਹਨੇ ਆਪਣੇ ਨਾਲ ਲਾ ਲਿਆ ਤੇ ਬੋਲੀ, ‘‘ਆਹ ਸੂਟ ਮੈਨੂੰ ਬੀਕਾਨੇਰ ਵਾਲੀ ਚਾਚੀ ਨੇ ਦਿੱਤਾ ਸੀ...ਜਦੋਂ ਅਸੀਂ ਸਾਰੇ ਰਾਜਸਥਾਨ ਗਏ ਸੀ ਵਿਆਹ ’ਤੇ...ਇਹ ਤਾਂ ਯਾਦਗਾਰੀ ਸੂਟ ਆ।’’
‘‘ਮੈਨੂੰ ਵੀ ਕੋਈ ਸੂਟ ਦੇਵੇ...ਸੋਹਣੇ ਲੱਗਦੇ ਸਾਰੇ.. ਮੈਂ ਵੀ ਸੋਹਣਾ ਸੂਟ ਪਾਉਣਾ ਆ... ਕੀ ਆ ਉਹੀ ਚਿੱਟੀ ਕਮੀਜ਼, ਕਾਲੀ ਸਲਵਾਰ ਤੇ ਕੇਸਰੀ ਚੁੰਨੀ...ਅੱਕ ਗਈਂ ਆ ਮੈਂ...ਇਹ ਕੋਈ ਮੈਚਿੰਗ ਹੈ?’’ ਉਹ ਹਰ ਹੀਲਾ ਵਰਤ ਕੇ ਸੂਟ ਲੈਣਾ ਚਾਹੁੰਦੀ ਸੀ।
‘‘ਲੈ ਇਹ ਤਾਂ ਹੁਣ ‘ਅਗਲਿਆਂ’ ਲਾ ਦਿੱਤੀ ਵਰਦੀ...ਕਿੰਨੀ ਸੋਹਣੀ ਮੈਚਿੰਗ ਹੈ। ਹਰੀਆਂ ਕਮੀਜ਼ਾਂ ਤੇ ਚਿੱਟੀਆਂ ਚੁੰਨੀਆਂ। ਤੈਨੂੰ ਇਹ ਵੀ ਪਸੰਦ ਨਹੀਂ ਸੀ!’’ ਮਾਂ ਨਿਹੋਰਾ ਜਿਹਾ ਮਾਰਦੀ ਬੋਲੀ।
‘‘ਇਹ ਵੀ ਕੋਈ ਮੈਚਿੰਗ ਏ...ਨਾਲੇ ਤੁਸੀਂ ਮੈਨੂੰ ਗਰੁੱਪ ਫੋਟੋ ਲਈ ਵੀ ਕੀ ਵਰਦੀ ਜਿਹੀ ਪਾ ਕੇ ਭੇਜਤਾ ...ਕਾਲੀ ਰੰਗ ਬਿਰੰਗੇ ਫੁੱਲਾਂ ਵਾਲੀ ਸਾਟਨ ਦੀ ਖੁੱਲ੍ਹੀ ਸਾਰੀ ਕਮੀਜ਼...ਸੰਤਰੀ ਸਲਵਾਰ...ਚੁੰਨੀ ਪਤਾ ਕਿਹੜੇ ਰੰਗ ਦੀ? ਕਾਲੀ ਚੁੰਨੀ...ਸੰਤਰੀ ਚੁੰਨੀ ਹੋਣੀ ਚਾਹੀਦੀ ਸੀ।’’ ਉਹਨੇ ਬੁੱਲ੍ਹ ਟੇਰਦਿਆਂ ਕਿਹਾ।
‘‘ਕਾਲੀ ਚੁੰਨੀ ਤਾਂ ਦਿੱਤੀ ਸੀ ਕਿ ਨਜ਼ਰ ਨਾ ਲੱਗ ਜਾਵੇ ਕਿਤੇ...ਸੰਤਰੀ ਚੁੰਨੀ ਨਾਲ ਰੰਗ ਬਾਲ੍ਹਾ ਗੋਰਾ ਲੱਗਦੈ ਤੇਰਾ, ਨਾਲੇ ਕਾਲੀ ਕਮੀਜ਼ ’ਚ ਸੰਤਰੀ ਕਾਲੇ ਦੋਵੇਂ ਫੁੱਲ ਤਾਂ ਸੀਗੇ? ਕਿ ਨਹੀਂ? ਕਾਲੀ ਨਾਲ ਤਾਂ ਜੈ ਵੱਢਾ ਰੰਗ ਹੋਰ ਵੀ ਗੋਰਾ ਲੱਗਦਾ!’’
ਮਾਂ ਪਤਾ ਨਹੀਂ ਕਿਹੜੇ ਰੰਗ ਦਾ ਸੂਟ ਪਾ ਕੇ ਉਨ੍ਹਾਂ ਨਜ਼ਰਾਂ ਤੋਂ ਬਚਾ ਲੈਣਾ ਚਾਹੁੰਦੀ ਸੀ। ਮੈਨੂੰ ਉਹ ਆਪ ਹੀ ਉਲਝੀ ਹੋਈ ਪ੍ਰਤੀਤ ਹੋਈ।
‘‘ਪਤਾ...ਰਾਜ ਦੀ ਮਾਂ ਨੇ ਉਹਨੂੰ ਸੋਹਣਾ ਸੂਟ ਸਿਉਂ ਕੇ ਦਿੱਤਾ ਸੀ... ਸਿਲਕ ਦਾ ਹਰੇ ਰੰਗ ਦਾ ਕਮੀਜ਼, ਉਸ ਵਿੱਚ ਨਿੱਕੀ-ਨਿੱਕੀ ਬੂਟੀ, ਹਰੀ ਸਲਵਾਰ ਤੇ ਹਰੀ ਹੀ ਚੁੰਨੀ..!’’ ਉਸ ਨੂੰ ਇਹ ਬੋਲਦਿਆਂ ਹੁਣ ਗੁੱਸਾ ਆ ਰਿਹਾ ਸੀ, ਜਿਵੇਂ ਉਸ ਨੇ ਸਾਰਾ ਗੁੱਭ-ਗੁਲਾਟ ਹੁਣੇ ਕੱਢ ਲੈਣਾ ਸੀ।
‘‘ਤੇਰੇ ਸੂਟ ’ਚ ਕੀ ਕਮੀ ਸੀ...ਸਾਟਨ ਦਾ ਸੂਟ ਸੀ, ਪਤਾ?’’ ਮਾਂ ਕੀਮਤ ਦੱਸਣਾ ਚਾਹੁੰਦੀ ਸੀ, ਪਰ ਉਹ ਢਿਲ-ਢਿਲ ਕਰਦਾ ਸੂਟ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ।
‘‘ਫਿਰ ਕੀ ਸੁਆਉਣਾ ਨਹੀਂ!’’ ਉਹਨੇ ਗੱਲ ਬਦਲਦਿਆਂ ਤਪਾਕ ਦੇਣੀ ਪੁੱਛਿਆ।
‘‘ਲੈ ਪਿਆ ਰਹਿਣ ਦੇ ਹਾਲੇ।’’ ਮਾਂ ਨੇ ਉਹਦੇ ਹੱਥ ’ਚੋਂ ਸੂਟ ਖਿੱਚਦਿਆਂ ਕਿਹਾ।
‘‘ਫਿਰ ਮੈਨੂੰ ਸਿਉਂ ਕੇ ਦੇਦੋ ਖਾਂ।’’ ਰਾਣੀ ਨੇ ਲਹੇ ਮਨ ਨਾਲ ਮਸਾਂ ਹੀ ਹੱਥ ’ਚੋਂ ਸੂਟ ਛੱਡਿਆ।
‘‘ਤੂੰ ਹਾਲੇ ਸਕੂਲ ਜਾਨੀ ਏਂ, ਹਾਲੇ ਕੀ ਲੋੜ ਚਮਕ-ਦਮਕ ਵਾਲੇ ਸੂਟ ਦੀ?’’ ਮਾਂ ਨੂੰ ਦਸਵੀਂ ਪੜ੍ਹਦੀ ਕੁੜੀ ਹਾਲੇ ਜਵਾਕ ਹੀ ਪ੍ਰਤੀਤ ਹੁੰਦੀ ਸੀ।
‘‘ਤੈਨੂੰ ਮੈਂ ਹੋਰ ਸਾਦਾ ਜਿਹਾ ਸੂਟ ਕੱਢ ਕੇ ਦਿੰਨੀ ਆ, ਉਹ ਸਿਉਂ ਕੇ ਦੇਊਂਗੀ ਚੰਗਾ ਪੁੱਤ!’’
ਰਾਣੀ ਮੂੰਹ ਜਿਹਾ ਫੈਲਾ ਕੇ ਖੜ੍ਹੀ ਰਹੀ ...ਮਜ਼ਾਲ ਆ ਕਿ ਪੇਟੀ ਤੋਂ ਇੱਕ ਇੰਚ ਵੀ ਪਰ੍ਹੇ ਹਿੱਲੀ ਹੋਵੇ।
‘‘ਲੈ ਆਹ ਵੇਖ ਖਾਂ...।’’ ਪੇਟੀ ਦੇ ਜਮਾਂ ਤਲੇ ਨੂੰ ਲੱਗਿਆ ਸੂਟ ਸਣੇ ਲਿਫ਼ਾਫੇ ਮਾਂ ਨੇ ਧੂਹਿਆ ਤੇ ਬਿਨਾਂ ਉਤਾਂਹ ਵੇਖਿਆਂ ਬਾਂਹ ਉਲਾਰ ਕੇ ਫੜਾਉਣਾ ਚਾਹਿਆ। ਉਹ ਪਹਿਲਾਂ ਹੀ ਢਿੱਡ ਪੇਟੀ ਦੇ ਕੁੰਡੇ ਨੂੰ ਲਾਈ ਖੜ੍ਹੀ ਸੀ ਜੋ ਉਸ ਨੂੰ ਖੁੱਭ ਰਿਹਾ ਸੀ। ਹੁਣ ਜਦੋਂ ਉਸ ਨੇ ਜ਼ੋਰ ਨਾਲ ਉੱਲਰ ਕੇ ਸੂਟ ਫੜਿਆ ਤਾਂ ਲਿਫ਼ਾਫ਼ਾ ਹੀ ਹੱਥ ’ਚ ਰਹਿ ਗਿਆ, ਸੂਟ ਪੇਟੀ ਵਿੱਚ ਹੀ ਡਿੱਗ ਪਿਆ।
‘‘ਭੋਰਾ ਹੋਰ ਕੱਦ ਕੱਢ ਲੈਂਦੀ? ਨਿੱਕੀ ਜਿਹੀ ਰਹਿ ਗਈਂ ਏਂ...ਵਿਆਹ ਦਾ ਫਿਕਰ ਪਿਆ ਰਹਿੰਦੈ....ਐਨੀ ਭੋਰਾ ਕੁ ਨੂੰ ਕੌਣ ਵਿਆਹੂਗਾ...ਮਾਸੀ ਦੀਆਂ ਕੁੜੀਆਂ ਵੇਖੀਆਂ?...ਵੇਖੀ ਸੁੱਖੀ? ਬੰਤ ਵੇਖੀ? ਲਾਲੀ ਵੀ ਐਡੀ ਉੱਚੀ ਆ ਹੁਣ ਤਾਂ...?’’ ਉਹਨੂੰ ਸਮਝ ਨਾ ਆਉਂਦੀ ਕਿ ਸੂਟ ਤੇ ਕੱਦ ਦਾ ਕੀ ਰਿਸ਼ਤਾ ਆਪਸ ਵਿੱਚ?
‘‘ਚੰਗਾ ਜੇ ਹੁਣ ਘੂਰਤਾ, ਰੋਣ ਨਾ ਲੱਗ ਜੀਂ...ਉੱਠ ਕੇ ਦਿੰਨੀ ਆ ਸੂਟ...ਲਮਕਿਆ ਕਰ ਪੌੜੀ ਨਾਲ, ਲੰਬੀ ਹੋ ਜਾਣਾ ਤੂੰ ਮੈਨੂੰ ਪਤਾ। ਲੈ ਵੇਖ ਆਹ ਸੂਟ..!’’
ਅੱਖਾਂ ’ਚੋਂ ਪਾਣੀ ਸੁੱਟਦੀ ਨੇ ਸੂਟ ਫੜਿਆ। ਹਲਕੇ ਜਿਹੇ ਸੁਰਮਈ ਰੰਗ ਦਾ ਸੂਟ.... ਥੋੜ੍ਹਾ ਚਮਕਣਾ ਸੂਤੀ...ਚਾਂਦੀ ਰੰਗੇ ਤਿੱਲੇ ਦੀ ਕਢਾਈ ਨਾਲ ਗਲਾ ਤੇ ਪੱਲਾ ਕੱਢਿਆ ਹੋਇਆ, ‘‘ਹਾਏ ਕਿੰਨਾ ਸੋਹਣਾ..!’’ ਹਉਕੇ ਸੂਟ ਵੇਖਦਿਆਂ ਹੀ ਬੰਦ ਹੋ ਗਏ.. .‘‘ਤੇ ਚੁੰਨੀ?’’ ਸੂਟ ਦੀ ਤਹਿ ਫਰੋਲਦਿਆਂ ਉਹਨੇ ਚੁੰਨੀ ਲੱਭਣੀ ਚਾਹੀ। ‘‘ਉਹ ਤਾਂ ਲੈਣੀ ਪਊਗੀ।’’ ਮਾਂ ਪੇਟੀ ’ਚੋਂ ਫਿਰ ਫੋਲਾ-ਫਾਲੀ ਕਰਨ ਲੱਗੀ ਸ਼ਾਇਦ ਚੁੰਨੀ ਲੱਭਦੀ ਹੋਣੀ।
‘‘ਲੈ ਮੈਂ ਤਾਂ ਡੀਚਾਈਨਾ ਦਾ ਸੂਟ ਲੈਣਾ....ਇਹ ਵੀ ਸੋਹਣਾ ਆ।’’ ਉਹ ਸੂਟ ਵੱਲ ਵੇਖਦੀ ਜਾ ਰਹੀ ਸੀ, ਪਰ ਮਨ ਡੀਚਾਈਨਾ ’ਤੇ ਅਟਕ ਗਿਆ ਸੀ।
‘‘ਚੱਲ ਛੱਡ ਤੂੰ ਹੁਣ ਸੂਟ ਦਾ ਖਹਿੜਾ... ਖੇਸਾਂ ਦੀ ਗਿਣਤੀ ਕਰ, ਕਿੰਨੇ ਨੇ? ਦਰੀਆਂ ਵੀ ਗਿਣ...ਨਾਲੇ ਬੰਬਲਾਂ ਵਾਲੇ ਕਿੰਨੇ ਨੇ, ਕਿੰਨਿਆਂ ਦੇ ਬੰਬਲ ਰਹਿ ਗਏ ਵੱਟਣੋਂ? ਮੈਂ ਦਾਲ ਬਣਾਉਣੀ ਹਾਲੇ, ਸੀਰੀ ਦੀ ਰੋਟੀ ਭੇਜਣੀ ਖੇਤ, ਧਾਰਾਂ ਦਾ ਟੈਮ ਹੋਈ ਜਾਂਦਾ।’’ ਮਾਂ ਫਟਾ-ਫਟ ਇਹ ਕੰਮ ਨਿਬੇੜ ਪੇਟੀ ਬੰਦ ਕਰਕੇ ਪਹਿਲਾਂ ਰਸੋਈ ’ਚ ਜਾਣ ਦੀ ਕਾਹਲ ਵਿੱਚ ਸੀ।
‘‘ਪਰ ਮਾਂ ਇੰਨੇ ਖੇਸ ਕੀ ਕਰਨੇ?’’ ਰਾਣੀ ਹੈਰਾਨ ਸੀ।
‘‘ਤੂੰ ਤੇ ਕਮਲੀ ਏਂ, ਵਿਆਹ ਤੋਂ ਬਾਅਦ ਇਹੀ ਕੰਮ ਆਉਂਦੇ ਨੇ, ਸਾਰੀ ਕਬੀਲਦਾਰੀ ਇਨ੍ਹਾਂ ਨਾਲ ਹੀ ਚੱਲਦੀ ਆ। ਇੱਥੋਂ ਹੀ ਪਤਾ ਲੱਗਦਾ ਕਿ ਮਾਂ-ਧੀ ਕਿੰਨੀਆਂ ਸੁੱਘੜ ਨੇ ਜਾਂ ਕੁੱਡਰ ਨੇ। ਇਹ ਤੇਰੇ ਵਿਆਹ ਨੂੰ ਦੇਊਂਗੀ, ਚੰਗਾ। ਡੀਚਾਈਨਾ ਦਾ ਸੂਟ ਤੇਰੀ ਵਰੀ ’ਚ ਸਹੁਰੇ ਦੇਣਗੇ ਦੇਖੀਂ ਤੂੰ।’’
ਉਸ ਸਮੇਂ ਉਹਨੂੰ ਮਾਂ ਆਪ ਦੂਰ-ਦੁਰਾਡੇ ਦੀਆਂ ਸੋਚਾਂ ਸੋਚ ਕਮਲੀ ਹੋ ਰਹੀ ਜਾਪਦੀ ਹੁੰਦੀ, ਪਰ ਹੁਣ ਲੱਗਦਾ ਨਹੀਂ ਸੀ ਕਿ ਡੀਚਾਈਨਾ ਦਾ ਸੂਟ ਮਿਲਣਾ ਕਦੇ।
ਫੋਨ ’ਤੇ ਆਏ ਮੈਸੇਜ ਦੀ ਆਵਾਜ਼ ਨਾਲ ਸਮਾਧੀ ਟੁੱਟ ਰਹੀ ਪ੍ਰਤੀਤ ਹੋਈ, ਹੂੰ-ਹਾਂ ’ਚ ਗੱਲ ਮੁਕਾ ਮਾਂ-ਧੀ ਦੀ ਗੱਲ ਫਿਰ ਪੇਟੀਆਂ ਵਾਲੇ ਕਮਰੇ ਦੀ ਫ਼ਿਜ਼ਾ ’ਚ ਗੂੰਜਣ ਲੱਗੀ। ਦੋਵੇਂ ਅਣਜਾਣ ਸਨ ...ਨਹੀਂ ਪਤਾ ਸੀ ਕਿ ਸਦੀ ਅਗਲੇ ਇੱਕ ਦਹਾਕੇ ਬਾਅਦ ਬਦਲ ਜਾਣੀ ਏ।
ਹਾਲੇ ਪਿਛਲੇ ਸਾਲ ਦੀ ਹੀ ਤਾਂ ਗੱਲ ਏ, ਜਦ ਪੰਜਾਬ ਗਈ ਸੀ। ਪਿੰਡ ਜਾਂਦਿਆਂ ਹੀ ਸਾਰਾ ਘਰ ਵੇਖਣ ਸਾਰ ਫਿਰ ਜਦ ਮਾਂ ਨੇ ਆਪਣੇ ਲਏ ਸੂਟ ਵਿਖਾਉਣੇ ਚਾਹੇ ਤਾਂ ਉਹੀ ਪੇਟੀ ਫਿਰ ਖੁੱਲ੍ਹੀ, ਪਰ ਇਸ ਵਾਰ ਫਨੈਲ ਦੀ ਮਹਿਕ ਨਹੀਂ ਆਈ ਸੀ, ਨਾ ਮਾਂ ਪੇਟੀ ’ਚ ਵੜੀ ਤੇ ਨਾ ਉਹ ਪੇਟੀ ਨਾਲ ਲਮਕੀ। ਜਦ ਖੜ੍ਹੀ ਨੇ ਪੇਟੀ ਅੰਦਰ ਨਿਗ੍ਹਾ ਮਾਰੀ, ਸਾਰੇ ਖੇਸ ਕੰਬਲ ਉਂਵੇ ਹੀ ਸਨ, ਉੱਥੇ ਹੀ। ਹਾਂ ਉਨ੍ਹਾਂ ਦੇ ਬੰਬਲ ਵੱਟੇ ਜਾ ਚੁੱਕੇ ਸਨ।
ਫੋਨ ਦੀ ਘੰਟੀ ਵੱਜੀ...ਪਿੰਡੋਂ ਫੋਨ ਸੀ।
‘‘ਕੀ ਕਰਦੀ ਸੀ।’’ ਮਾਂ ਨੇ ਪੁੱਛਿਆ।
‘‘ਬਸ, ਬਾਕਸ ਬੈੱਡ ਲਿਆ ਆ...ਜਿਵੇਂ ਤੂੰ ਪੇਟੀ ’ਚ ਬਿਸਤਰੇ, ਸੂਟ ਸੰਭਾਲ ਰੱਖਦੀ ਸੀ, ਉਹੀ ਕੰਮ ਕਰ ਰਹੀ ਸੀ। ਮਾਂ ਤੂੰ ਖੇਸਾਂ ਦਾ ਕੀ ਕੀਤਾ? ਹਾਲੇ ਵੀ ਪੇਟੀ ’ਚ ਹੀ ਪਏ ਨੇ? ਦੇ ਦੇ ਕਿਸੇ ਨੂੰ ਉਹ।’’ ਉਹਨੇ ਕਿੰਨੇ ਹੀ ਜਵਾਬ ਸਵਾਲ ’ਕੱਠੇ ਹੀ ਕਰ ਦਿੱਤੇ।
‘‘ਲੈ ਕੀ ਪਤਾ ਸੀ ਤੇਰੇ ਸਹੁਰੇ ਦਾਜ ਨਹੀਂ ਲੈਣਗੇ...ਨਹੀਂ ਸਾਰੇ ਦੇ ਦਿੰਦੀ। ਨਾਲੇ ਰਿਵਾਜ ਬਦਲ ਗਿਆ ਸੀ ਤੇਰੇ ਵਿਆਹ ਤੱਕ, ਪਏ ਰਹਿਣਗੇ ਇੰਝ ਹੀ। ਬਾਕੀ ਸਾਰਾ ਕੁਝ ਵੀ ਤਾਂ ਉਵੇਂ ਪਿਆ, ਕੀ ਪਤਾ ਸੀ ਕੈਨੇਡੇ ਚਲੀ ਜਾਣਾ ਤੂੰ, ਡੀਚਾਈਨਾ ਨਾ ਦੇ ਦਿੰਦੀ ਤੈਨੂੰ, ਹੁਣ ਕਿਤੇ ਇਹ ਕੱਪੜਾ ਪਾਉਣਾ ਤੂੰ?’’ ਮਾਂ ਦਾ ਲੰਬਾ ਹਉਕਾ ਸੁਣਿਆ। ਉਹ ਨਹੀਂ ਦੱਸ ਸਕੀ ਕਿ ਪਿਛਲੇ ਸਾਲ ਪੇਟੀ ਫਰੋਲਦਿਆਂ ਪੀਲਾ ਡੀਚਾਈਨਾ ਦਾ ਸੂਟ ਉਸੇ ਲਿਫ਼ਾਫੇ ’ਚ ਕੰਬਲ ਦੇ ਨਾਲ ਖੰਬਣੀ ਬੰਨ੍ਹ ਲਪੇਟਿਆ ਉਸ ਨੇ ਪਹਿਲਾਂ ਹੀ ਵੇਖ ਲਿਆ ਸੀ ਤੇ ਵਿੱਚ ਪਈ ਛੋਟੀ ਜਿਹੀ ਪਰਚੀ ਵੀ, ਜਿਸ ’ਤੇ ਲਿਖਿਆ ਸੀ;
‘ਰਾਣੀ ਦਾ ਡੀਚਾਈਨਾ ਦਾ ਸੂਟ!’
