ਸੁਰਿੰਦਰ ਗੀਤ
ਕੁਝ ਵਰ੍ਹੇ ਪਹਿਲਾਂ ਜਦੋਂ ਮੈਂ ਦੇਸ਼ ਗਈ, ਤਾਂ ਉਹ ਜੋ ਸਭ ਤੋਂ ਪਹਿਲਾਂ ਮੈਨੂੰ ਮਿਲਣ ਆਉਂਦੀ ਸੀ, ਜਾਂ ਇੰਜ ਕਹਿ ਲਵੋ ਉਸੇ ਵੇਲੇ ਹੀ ਆਂ ਜਾਂਦੀ ਸੀ, ਪਰ ਇਸ ਵਾਰ ਨਹੀਂ ਆਈ। ਮੈਂ ਕਿਸੇ ਨੂੰ ਕੁਝ ਨਹੀਂ ਕਿਹਾ, ਪਰ ਮਨ ਹੀ ਮਨ ਵਿੱਚ ਮੈਂ ਚਾਚੀ ਬਾਰੇ ਸੋਚ ਰਹੀ ਸਾਂ। ਜੇਕਰ ਮੈਨੂੰ ਪਤਾ ਨਾ ਹੁੰਦਾ ਕਿ ਚਾਚੀ ਰੱਬ ਘਰ ਤੁਰ ਗਈ ਹੈ ਤਾਂ ਮੈਂ ਜ਼ਰੂਰ ਉਸ ਬਾਰੇ ਮਾਂ ਨੂੰ ਪੁੱਛਦੀ। ਮੈਨੂੰ ਬਾਪੂ ਜੀ ਨੇ ਫੋਨ ’ਤੇ ਦੱਸ ਦਿੱਤਾ ਸੀ ਕਿ ਚਾਚੀ ਰੱਬ ਨੂੰ ਪਿਆਰੀ ਹੋ ਗਈ ਹੈ। ਮੈਂ ਸੁੰਨ ਹੋ ਗਈ ਸਾਂ, ਚਾਚੀ ਦੀ ਮੌਤ ਦੀ ਖ਼ਬਰ ਸੁਣ ਕੇ। ਚਾਚੀ ਚਲੀ ਗਈ..!
ਜਦੋਂ ਚਾਚੀ ਇਸ ਪਿੰਡ ਵਿੱਚ ਵਿਆਹੀ ਆਈ ਸੀ ਤਾਂ ਸਾਰੀਆਂ ਬੁੜੀਆਂ ਏਹੀ ਆਖਣ ਕਿ ਦਿਆਲੇ ਦੀ ਬਹੂ ਰੰਗ ਦੀ ਕਾਲੀ ਹੈ। ਕੋਈ ਆਖਦੀ ਰੰਗ ਤਾਂ ਦੋ ਹੀ ਹੁੰਦੇ ਨੇ, ਪਰ ਜੇ ਗੋਰਾ ਰੰਗ ਹੋਵੇ ਤਾਂ ਧੀ ਪੁੱਤ ਸੋਹਣਾ ਲੱਗਦੈ। ਕੋਈ ਦੂਸਰੀ ਕਹਿੰਦੀ ਫੇਰ ਕੀ ਆ, ਗੋਰੇ ਰੰਗ ’ਚ ਕਿਹੜਾ ਪਾ ਕੇ ਖਾਣਾ! ਕੰਮ ਕਾਜ ਨੂੰ ਸਚਿਆਰੀ ਆ, ਨਾਲੇ ਭਾਈ ਉੱਚੀ ਲੰਬੀ ਬਥੇਰੀ ਹੈ। ਚਲ ਹੋਊ..! ਪਿੰਡ ਦੀਆਂ ਬੁੜੀਆਂ ਦੇ ਨਾਲ ਨਾਲ ਚਾਚੀ ਦੀ ਸੱਸ ਅਤੇ ਨਨਾਣਾਂ ਦੀ ਵੀ ਕੁਝ ਏਸੇ ਤਰ੍ਹਾਂ ਦੀ ਹੀ ਰਾਇ ਸੀ।
ਓਦੋਂ ਮੈਂ ਬਹੁਤ ਨਿਆਣੀ ਸਾਂ, ਪਰ ਇਹ ਸਭ ਗੱਲਾਂ ਬਾਤਾਂ ਸਮਝਦੀ ਸਾਂ। ਮੈਨੂੰ ਚਾਚੀ ਬਾਰੇ ਕਹੀਆਂ ਜਾਣ ਵਾਲੀਆਂ ਗੱਲਾਂ ਬਿਲਕੁਲ ਚੰਗੀਆਂ ਨਹੀਂ ਸਨ ਲੱਗਦੀਆਂ, ਪਰ ਮੈਂ ਕਿਸੇ ਨੂੰ ਕੁਝ ਕਹਿ ਨਹੀਂ ਸਾਂ ਸਕਦੀ।
ਇੱਕ ਦਿਨ ਚਾਚੀ ਆਪਣੇ ਪੇਕੇ ਗਈ ਅਤੇ ਬਹੁਤ ਚਿਰ ਵਾਪਸ ਨਾ ਆਈ। ਮੈਂ ਸੁਣਿਆ ਕਿ ਦਿਆਲਾ ਉਸ ਨੂੰ ਲਿਆਉਣਾ ਨਹੀਂ ਚਾਹੁੰਦਾ। ਕੋਈ ਬੁੜੀ ਚਾਚੀ ਦੀ ਸੱਸ ਨੂੰ ਪੁੱਛਦੀ ਕਿ ਬਹੂ ਨੇ ਕਦੋਂ ਆਉਣਾ ਹੈ ਤਾਂ ਅੱਗੋਂ ਜਵਾਬ ਮਿਲਦਾ, “ਬਈ ਮੁੰਡੇ ਦੀ ਮਰਜ਼ੀ ਹੈ ਅਸੀਂ ਕੀ ਕਹਿਣਾ ਹੈ। ਅੱਜਕੱਲ੍ਹ ਦੇ ਮੁੰਡੇ ਖੁੰਡੇ ਕਿਹੜਾ ਸੁਣਦੇ ਆ! ਮੈਂ ਤਾਂ ਨਿੱਤ ਮਗਜ਼ ਮਾਰਦੀ ਆਂ ਮੁੰਡੇ ਨਾਲ। ਕੁੜੀਆਂ ਸਾਰਾ ਦਿਨ ਕੰਮ ’ਚ ਕਮਲੀਆਂ ਹੋਈਆਂ ਫਿਰਦੀਆਂ। ਰੋਟੀ ਖਾਣ ਦੀ ਵਿਹਲ ਨਹੀਂ ਮਿਲਦੀ। ਏਥੇ ਹੋਵੇ ਤਾਂ ਮਾੜਾ ਮੋਟਾ ਕੁੜੀਆਂ ਦੀਆਂ ਦਰੀਆਂ ਖੇਸਾਂ ਦਾ ਕਰੇ। ਪੈਰ ’ਤੇ ਕੰਮ ਕਰਨੇ ਬਥੇਰੇ ਔਖੇ ਆ। ਸੁੱਖ ਨਾਲ ਵਿਆਹ ਭਾਵੇਂ ਅੱਜ ਧਰ ਲਓ। ਕੋਠੇ ਜੇਡੀਆਂ ਕੁੜੀਆਂ ਨੂੰ ਦੇਖ ਦੇਖ ਹੌਲ ਪੈਂਦੇ ਆ ਮੇਰੇ। ਸਾਰੀ ਸਾਰੀ ਰਾਤ ਨੀਂਦ ਨ੍ਹੀਂ ਆਉਂਦੀ। ਕੀ ਕਹਾਂ ਆਵਦੀ ਕਿਸਮਤ ਨੂੰ..!”
ਮੇਰੀ ਇੱਕ ਭੂਆ ਅਜੇ ਕੁਆਰੀ ਸੀ। ਉਸ ਦੀ ਚਾਚੀ ਨਾਲ ਚੰਗੀ ਬਣਦੀ ਸੀ। ਇੱਕ ਦਿਨ ਮੈਂ ਭੂਆ ਨੂੰ ਕਿਹਾ, “ਚਾਚੀ ਕਾਹਤੋਂ ਨ੍ਹੀਂ ਆਉਂਦੀ ਆਪਣੇ ਪੇਕਿਆਂ ਤੋਂ?”
ਉਸ ਨੇ ਹਉਕਾ ਜਿਹਾ ਲਿਆ ਤੇ ਕਹਿਣ ਲੱਗੀ, “ਐਵੇਂ ਈ, ਬਾਈ ਦਿਆਲਾ ਹੰਕਾਰਿਆ ਫਿਰਦਾ। ਕਹਿੰਦਾ ਸੋਹਣੀ ਨ੍ਹੀਂ। ਕਾਲੀ ਆ। ਆਪ ਜਿਵੇਂ ਬਾਹਲਾ ਸੋਹਣਾ ਹੋਵੇ। ਚਿੱਬਾ ਜਿਹਾ!”
ਮੈਂ ਕਿਹਾ, “ਮੈਨੂੰ ਤਾਂ ਚਾਚੀ ਚੰਗੀ ਲੱਗਦੀ ਆ। ਚਾਚਾ ਦਿਆਲਾ ਵੀ ਤਾਂ ਕਾਣਾ ਜਿਹਾ!”
ਮੈਂ ਪਿੰਡ ਦੇ ਸਕੂਲ ਦੀ ਪੜ੍ਹਾਈ ਖ਼ਤਮ ਕਰਕੇ ਮੋਗੇ ਸਰਕਾਰੀ ਸਕੂਲ ਵਿੱਚ ਦਾਖਲਾ ਲੈ ਲਿਆ। ਬੀਬੀ ਤੇ ਬਾਪੂ ਜੀ ਸਮੇਤ ਅਸੀਂ ਸਾਰੇ ਭੈਣ ਭਰਾ ਮੋਗੇ ਹੀ ਆ ਗਏ ਸਾਂ। ਪਿੰਡ ਬੇਜੀ ਤੇ ਬਾਜੀ ਹੀ ਰਹਿ ਗਏ ਸਨ। ਅਸੀਂ ਦਾਦੀ ਨੂੰ ਬੇਜੀ ਅਤੇ ਦਾਦੇ ਨੂੰ ਬਾਜੀ ਕਿਹਾ ਕਰਦੇ ਸਾਂ। ਇੱਕ ਦਿਨ ਬੇਜੀ ਮੋਗੇ ਆਏ। ਬੇਜੀ ਨੇ ਮੇਰੀ ਮਾਂ ਨੂੰ ਦੱਸਿਆ ਕਿ ਮਿੰਦਰ ਕੁਰ ਨੂੰ ਦਿਆਲਾ ਲੈ ਆਇਆ ਹੈ। ਮੈਂ ਵੀ ਇਹ ਗੱਲ ਸੁਣ ਲਈ।
ਇਸ ਤੋਂ ਬਾਅਦ ਚਾਚੀ ਕਦੇ ਵੀ ਲੰਬੇ ਸਮੇਂ ਲਈ ਪੇਕੀਂ ਨਹੀਂ ਗਈ। ਜਦੋਂ ਵੀ ਜਾਂਦੀ, ਸਵੇਰੇ ਜਾਂਦੀ ਤੇ ਆਥਣੇ ਵਾਪਸ ਆ ਜਾਂਦੀ। ਉਸ ਦਾ ਜਾਇਆਂ ਸਰਦਾ ਵੀ ਨਹੀਂ ਸੀ। ਖੇਤੀਬਾੜੀ ਦਾ ਕੰਮ ਕਿਹੜਾ ਘਰੋਂ ਨਿਕਲਣ ਦਿੰਦਾ ਹੈ, ਨਾਲੇ ਚਾਚੀ ਦੀ ਤਾਂ ਕਬੀਲਦਾਰੀ ਵੱਡੀ ਸੀ। ਤਿੰਨ ਨਨਾਣਾਂ ਪਈਆਂ ਸਨ ਵਿਆਹੁਣ ਵਾਲੀਆਂ। ਚਾਚੀ ਰੋਟੀ ਟੁੱਕ ਤੋਂ ਵਿਹਲੀ ਹੋ ਦਰੀ ਜਾਂ ਚਰਖੇ ’ਤੇ ਬੈਠ ਜਾਂਦੀ। ਘਰ ਦੀ ਜ਼ਮੀਨ ਨਾ ਬਹੁਤੀ ਸੀ ਨਾ ਹੀ ਮੂਲੋਂ ਥੋੜ੍ਹੀ। ਗੁਜ਼ਾਰਾ ਹੋਈ ਜਾਂਦਾ ਸੀ। ਮੇਰੀ ਸੁਰਤ ’ਚ ਚਾਚੀ ਨੇ ਕਦੇ ਕੋਈ ਚੱਜ ਦਾ ਸੂਟ ਨਹੀਂ ਸੀ ਪਾਇਆ। ਚਾਚੇ ਨੇ ਤਾਂ ਸ਼ਾਇਦ ਉਸ ਨੂੰ ਕਦੇ ਨਵਾਂ ਸੂਟ ਸਵਾ ਕੇ ਹੀ ਨਹੀਂ ਦਿੱਤਾ ਸੀ। ਉਸ ਦੇ ਪੇਕੇ ਹੀ ਹਾੜ੍ਹ ਸਿਆਲ ਇਕੜ ਦੁਕੜ ਝੱਗਾ ਚੁੰਨੀ ਦੇ ਜਾਂਦੇ। ਚਾਚੀ ਦੀ ਸੱਸ ਸਾਰਾ ਦਿਨ ਉਸ ’ਤੇ ਆਵਾਜ਼ੇ ਕੱਸਦੀ ਰਹਿੰਦੀ ਅਖੇ ਕੰਮ ਨ੍ਹੀਂ ਨਬਿੇੜਦੀ।
“ਕੱਲ੍ਹ ਰੋਟੀ ਟੁੱਕ ਕਰਕੇ ਪੈ ਗਈ। ਅਖੇ ਸਿਰ ਦੁਖਦਾ ਆ। ਸਾਡਾ ਤਾਂ ਭਾਈ ਏਸ ਉਮਰੇ ਕਦੇ ਕੁਛ ਨ੍ਹੀਂ ਸੀ ਦੁਖਿਆ ਤੇ ਨਾਲੇ ਜੇ ਏਹਨੂੰ ਫ਼ਿਕਰ ਹੋਵੇ ਨਨਾਣਾਂ ਦਾ ਤਾਂ ਸਿਰ ਨਾ ਦੁਖੇ।’’
ਇੱਕ ਇੱਕ ਕਰਕੇ ਚਾਚੀ ਦੀਆਂ ਨਨਾਣਾਂ ਵਿਆਹੀਆਂ ਗਈਆਂ। ਸੁਣਿਆ ਮੰਗਣੇ ਵੀ ਥਾਲਾਂ ਨਾਲ ਕੀਤੇ ਸਨ। ਪ੍ਰਾਹੁਣਿਆਂ ਨੂੰ ਵੀ ਕੈਂਠੇ ਤੇ ਕੁੜੀਆਂ ਨੂੰ ਵੀ ਇੱਕ ਇੱਕ ਟੂਮ। ਨਨਾਣਾਂ ਦੇ ਵਿਆਹਾਂ ਨੇ ਘਰ ਖਾਲੀ ਕਰ ਦਿੱਤਾ। ਇੱਕ ਦੋ ਕਿਲੇ ਵੀ ਵਿਆਹਾਂ ਦੀ ਭੇਟ ਚੜ੍ਹ ਗਏ। ਚਾਚੇ ਦਿਆਲੇ ਨੇ ਨਾ ਚਾਹੁੰਦੇ ਹੋਏ ਵੀ ਜ਼ਮੀਨ ਬੈਅ ਕਰ ਦਿੱਤੀ। ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਏਸੇ ਦੌਰਾਨ ਚਾਚੀ ਦੇ ਚਾਰ ਨਿਆਣੇ ਹੋ ਗਏ। ਪਹਿਲਾਂ ਮੁੰਡਾ ਹੋਇਆ। ਚਾਚੀ ਦਾ ਥੋੜ੍ਹਾ ਜਿਹਾ ਰੋਅਬ ਵਧ ਗਿਆ। ਉਸ ਤੋਂ ਬਾਅਦ ਫਿਰ ਦੋ ਕੁੜੀਆਂ ਤੇ ਇੱਕ ਮੁੰਡਾ।
ਚਾਚੀ ਦੀ ਸੱਸ, ਜਿਸ ਨੇ ਕਦੇ ਵੀ ਚਾਚੀ ਨੂੰ ਸਿੱਧੇ ਮੂੰਹ ਨਹੀਂ ਸੀ ਬੁਲਾਇਆ, ਕੁਝ ਦਿਨ ਮੰਜੇ ’ਤੇ ਪੈ ਰੱਬ ਘਰ ਚਲੀ ਗਈ। ਸੁਣਿਆ ਟਾਈਫਾਈਡ ਹੋ ਗਿਆ ਸੀ। ਚਾਚੀ ਦਾ ਸਹੁਰਾ ਤਾਂ ਚਾਚੀ ਦੇ ਵਿਆਹ ਤੋਂ ਪਹਿਲਾਂ ਹੀ ਮਰ ਗਿਆ ਸੀ। ਬਹੁਤ ਮਿਹਨਤੀ ਅਤੇ ਜ਼ਰਵਾਣਾ ਸੀ। ਗੱਡਾ ਲੱਦਦਿਆਂ ਲੱਜ ਟੁੱਟ ਗਈ। ਗਰਦਨ ਪਰਨੇ ਡਿੱਗਿਆ ਤੇ ਮਣਕਾ ਟੁੱਟਣ ਕਾਰਨ ਥਾਂ ’ਤੇ ਹੀ ਮੌਤ ਹੋ ਗਈ।
ਚਾਚੀ ਮੇਰੇ ਵੇਂਹਦੇ ਵੇਂਹਦੇ ਬੁੱਢੀ ਹੋ ਗਈ। ਮੇਰਾ ਵੀ ਵਿਆਹ ਹੋ ਗਿਆ। ਮੈਂ ਕੈਨੇਡਾ ਆ ਗਈ। ਚਾਚੀ ਅਕਸਰ ਹੀ ਕਹਿੰਦੀ ਰਹਿੰਦੀ, “ਕੋਈ ਬਾਹਰਲਾ ਮੁੰਡਾ ਮਿਲ ਜਾਂਦਾ ਤਾਂ ਚੰਗਾ ਸੀ। ਦੋਵਾਂ ਕੁੜੀਆਂ ’ਚੋਂ ਜਿਹੜੀ ਮਰਜ਼ੀ ਦਾ ਪਹਿਲਾਂ ਵਿਆਹ ਹੋ ਜਾਵੇ। ਸਾਨੂੰ ਮਨਜ਼ੂਰ ਹੈ। ਜੇ ਇੱਕ ਕੁੜੀ ਬਾਹਰ ਨਿਕਲ ਗਈ ਤਾਂ ਸ਼ਿੰਦੇ ਦਾ ਆਪੇ ਹੀ ਬਣ ਜੂ। ਘਰ ਦਾ ਦਲਿੱਦਰ ਨਿਕਲ ਜੂ।’’
ਕਈ ਵਾਰੀ ਮੈਨੂੰ ਵੀ ਕਹਿੰਦੀ “ਸ਼ਿੰਦਰ! ਦੇਖੀਂ ਕੋਈ ਮੁੰਡਾ ਭਾਵੇਂ ਦੁਹਾਜੂ ਹੀ ਹੋਵੇ। ਕੁੜੀਆਂ ਕਿਹੜਾ ਬਾਹਲੀਆਂ ਪੜ੍ਹੀਆਂ ਆਪਣੀਆਂ। ਅੱਠ ਅੱਠ ਕਰਵਾ ਦਿੱਤੀਆਂ। ਕੀ ਕਰਦੀ ਚਿੱਤ ਤਾਂ ਕਰਦਾ ਸੀ ਪਈ ਹੋਰ ਪੜ੍ਹਾਵਾਂ। ਪਰ ਆਪਣੇ ਨੇੜੇ ਕੋਈ ਵੱਡਾ ਸਕੂਲ ਹੈ ਨ੍ਹੀਂ। ਆਹ ਮਸਾਂ ਪਿੰਡ ਦਾ ਸਕੂਲ ਪੂਰਾ ਕੀਤਾ। ਇਹ ਵੀ ਮਾਣ ਨਹੀਂ ਸੀ। ਕਦੇ ਕਿਸੇ ਦੀਆਂ ਕਿਤਾਬਾਂ, ਕਦੇ ਕਿਸੇ ਦੀ ਵਰਦੀ, ਕਦੇ ਕਿਸੇ ਦੀ ਫੀਸ।’’
ਇਹ ਕਹਿੰਦੇ ਕਹਿੰਦੇ ਉਸ ਦੀਆਂ ਅੱਖਾਂ ਨਮ ਹੋ ਗਈਆਂ। ਹੁਣ ਚਾਚੀ ਨੂੰ ਘਰੇ ਜਾਣ ਦੀ ਬਹੁਤੀ ਕਾਹਲ ਨਹੀਂ ਸੀ ਹੁੰਦੀ। ਰੋਟੀ ਟੁੱਕ ਕੁੜੀਆਂ ਕਰ ਲੈਂਦੀਆਂ ਸਨ। ਚਾਚੀ ਸਾਡੇ ਘਰ ਦੇ ਵੀ ਕਈ ਗੇੜੇ ਮਾਰ ਜਾਂਦੀ। ਬੀਬੀ ਨਾਲ ਕੰਮ ਕਰਵਾ ਜਾਂਦੀ। ਬੇਜੀ ਦਾ ਮੰਜਾ ਅੰਦਰ ਬਾਹਰ ਕਰਵਾ ਜਾਂਦੀ। ਕਦੇ ਕਦੇ ਲਸਣ ਛਿੱਲਣ ਲੱਗ ਜਾਂਦੀ। ਬੀਬੀ ਨੂੰ ਕਹਿੰਦੀ, “ਲੈ ਭੈਣੇ ਔਹ ਕਰ ਲੈ, ਮੈਂ ਆਹ ਕਰ ਦਿੰਦੀ ਆਂ।’’
ਹੁਣ ਚਾਚਾ ਖੇਤੀਬਾੜੀ ਦਾ ਕੰਮ ਨਹੀਂ ਸੀ ਕਰਦਾ। ਜ਼ਮੀਨ ਮਾਮਲੇ ’ਤੇ ਦੇ ਦਿੱਤੀ ਸੀ। ਕੰਮ ਉਸ ਤੋਂ ਹੁੰਦਾ ਵੀ ਨਹੀਂ ਸੀ। ਸਰੀਰ ਡਿੱਗ ਪਿਆ ਸੀ। ਮੁੰਡੇ ਟੌਹਰਾਂ ’ਚ ਫਸ ਗਏ। ਅਖੇ ਬਾਪੂ ਸੀਰੀ ਰੱਖ ਲਵੇ। ਬਾਪੂ ਸੀਰੀ ਕਿਵੇਂ ਰੱਖੇ ਤਿੰਨ ਚਾਰ ਕਿਲਿਆਂ ’ਤੇ। ਕਰ ਕਰਾ ਕੇ ਵਿਆਜ ’ਤੇ ਲੈ ਕੇ ਏਧਰੋਂ ਓਧਰੋਂ ਫੜ ਦੜ ਕੇ ਵੱਡਾ ਮੁੰਡਾ ਸ਼ਿੰਦਾ ਬਹਿਰੀਨ ਤੋਰ ਦਿੱਤਾ। ਇੱਕ ਕੁੜੀ ਦਾ ਵਿਆਹ ਵੱਡੇ ਮੁੰਡੇ ਦੇ ਬਹਿਰੀਨ ਜਾਣ ਤੋਂ ਪਹਿਲਾਂ ਹੀ ਕਰ ਦਿੱਤਾ। ਗ਼ਰੀਬੀ ਦਾਵੇ ਦਾ। ਜਿਵੇਂ ਵੀ ਹੋਇਆ ਰਿਸ਼ਤੇਦਾਰਾਂ ਤੇ ਭੇਣ ਭਰਾਵਾਂ ਨੇ ਰਲ ਮਿਲ ਕੇ ਕਰ ਦਿੱਤਾ। ਚਾਚੀ ਕੁਝ ਹਲਕਾ ਮਹਿਸੂਸ ਕਰਦੀ ਸੀ, ਪਰ ਹਾਲੇ ਕਬੀਲਦਾਰੀ ਦਾ ਬਹੁਤ ਹਿੱਸਾ ਪਿਆ ਸੀ। ਚਾਚੀ ਏਸ ਗੱਲੋਂ ਵੀ ਖੁਸ਼ ਸੀ ਕਿ ਕੁੜੀ ਨੂੰ ਉਸ ਦੇ ਸਹੁਰੀਂ ਕੋਈ ਕਾਲੇ ਰੰਗ ਦੀ ਨਹੀਂ ਕਹਿੰਦਾ। ਇਸ ਦਾ ਜ਼ਿਕਰ ਉਹ ਆਮ ਹੀ ਕਰਦੀ ਸੀ, “ਸ਼ੁਕਰ ਆ ਵਾਹਗੁਰੂ ਦਾ। ਕੁੜੀ ਸੌਖੀ ਆ ਆਪਣੇ ਘਰ। ਸੱਸ ਚੰਗੀ ਹੈ। ਨਨਾਣਾਂ ਦੋਵੇਂ ਵਿਆਹੀਆਂ ਹੋਈਆਂ ਨੇ। ਬਸ ਆਪਣੇ ਆਲਾ ਮੁੰਡਾ ਛੋਟਾ ਸੀ ਕੁੜੀਆਂ ਤੋਂ। ਕਬੀਲਦਾਰੀ ਸਾਰੀ ਕਿਊਂਟੀ ਹੋਈ ਹੈ।’’
ਚਾਚੀ ਨੂੰ ਬਹੁਤੀ ਤਸੱਲੀ ਤਾਂ ਏਸੇ ਗੱਲ ’ਚ ਸੀ ਕਿ ਕੋਈ ਕੁੜੀ ਨੂੰ ਕਾਲੋ ਜੇਹੀ ਨਹੀਂ ਕਹਿੰਦਾ। ਆਪਣੇ ਕਾਲੇ ਰੰਗ ਦੀ ਪੀੜ ਉਸ ਨੇ ਸਾਰੀ ਉਮਰ ਬਰਦਾਸ਼ਤ ਕੀਤੀ ਸੀ।
ਹੁਣ ਘਰੇ ਰਹਿ ਗਏ ਚਾਚਾ ਦਿਆਲਾ, ਚਾਚੀ ਆਪ ਤੇ ਇੱਕ ਮੁੰਡਾ ਤੇ ਕੁੜੀ। ਵੱਡੇ ਮੁੰਡੇ ਸ਼ਿੰਦੇ ਨੂੰ ਗਿਆਂ ਤਿੰਨ ਸਾਲ ਹੋ ਗਏ। ਕੋਈ ਪੈਸਾ ਧੇਲਾ ਨਾ ਭੇਜਿਆ। ਛੋਟੀ ਕੁੜੀ ਵਾਸਤੇ ਚੰਗੇ ਘਰ ਦਾ ਰਿਸ਼ਤਾ ਆ ਗਿਆ। ਚਾਚੀ ਨੇ ਸ਼ਿੰਦੇ ਨੂੰ ਦੱਸਿਆ ਪਈ ਕੁੜੀ ਦਾ ਵਿਆਹ ਕਰਨਾ ਹੈ। ਸ਼ਿੰਦੇ ਨੇ ਬਸ ਇਹ ਕਹਿ ਕੇ ਸਾਰ ਦਿੱਤਾ ਕਿ ਵਿਆਹ ਕਰ ਲਵੋ, ਮੈਂ ਛੇਤੀ ਹੀ ਆ ਕੇ ਪੈਸੇ ਉਤਾਰ ਦੇਵਾਂਗਾ। ਇੱਕ ਕਿਲਾ ਗਹਿਣੇ ਧਰ ਦਿਓ। ਏਥੇ ਕੰਮ ਬਹੁਤ ਹੈ। ਛੁੱਟੀ ਨਹੀਂ ਮਿਲਦੀ। ਨਾਲੇ ਇੱਕ ਕਿਲੇ ਦਾ ਕੀ ਆ। ਮੈਂ ਆ ਕੇ ਛੁਡਾ ਲੈਣਾ ਹੈ, ਪਰ ਚਾਚੀ ਤੇ ਚਾਚੇ ਨੇ ਸਲਾਹ ਕਰਕੇ ਭੱਠੇ ਵਾਲਿਆਂ ਨੂੰ ਜ਼ਮੀਨ ਠੇਕੇ ’ਤੇ ਦੇ ਦਿੱਤੀ ਅਤੇ ਕੁੜੀ ਦਾ ਵਿਆਹ ਬਹੁਤ ਚੰਗਾ ਕਰ ਦਿੱਤਾ।
“ਕਰਜ਼ਾ ਤਾਂ ਸ਼ਿੰਦਾ ਆ ਕੇ ਲਾਹ ਦੂਗਾ। ਛੋਟਾ ਮੀਤਾ ਵੀ ਬਾਹਰ ਜਾਣ ਨੂੰ ਫਿਰਦੈ। ਸ਼ਿੰਦੇ ਨੇ ਆਪ ਹੀ ਆਪਣੇ ਕੋਲ ਬਹਿਰੀਨ ਸੱਦ ਲੈਣਾ ਏਸ ਨੂੰ। ਇੱਕ ਦੋ ਮਹੀਨਿਆਂ ਦੀ ਗੱਲ ਹੈ। ਏਹਨੂੰ ਓਥੇ ਕੰਮ ’ਤੇ ਲਵਾ ਕੇ ਆਪ ਆ ਕੇ ਵਿਆਹ ਕਰਵਾ ਜੂਗਾ।’’ ਚਾਚੀ ਘਰ ਘਰ ਏਹੋ ਕਹਾਣੀ ਦੱਸਦੀ ਫਿਰਦੀ।
ਕਦੇ ਕਦੇ ਮੇਰੇ ਬਾਪੂ ਜੀ ਨੂੰ ਵੀ ਆਪਣੀਆਂ ਸਾਰੀਆਂ ਵਿਉਂਤਬੰਦੀਆਂ ਸੁਣਾ ਜਾਂਦੀ। ਬਾਪੂ ਜੀ ਹਫ਼ਤੇ ਬਾਅਦ ਜਦੋਂ ਵੀ ਘਰ ਆਉਂਦੇ, ਚਾਚੀ ਜ਼ਰੂਰ ਆਉਂਦੀ। ਕਹਿੰਦੇ ਆ ਇੱਕ ਦਿਨ ਚਾਚੀ ਕੂੜਾ ਸੁੱਟ ਕੇ ਵਾਪਸ ਘਰ ਆਈ ਤਾਂ ਉਸ ਦੀ ਚੀਕ ਨੇ ਸਾਰੇ ਪਿੰਡ ਨੂੰ ਹਿਲਾ ਦਿੱਤਾ। ਚੁਬਾਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਮੀਤੇ ਨੇ ਫਾਹਾ ਲੈ ਲਿਆ ਹੈ। ਕਾਹਤੋਂ ਫਾਹਾ ਲਿਆ? ਇਸ ਦਾ ਕਾਰਨ ਚਾਚੀ ਨੂੰ ਕਦੇ ਵੀ ਪਤਾ ਨਾ ਲੱਗਿਆ। ਚਾਚੀ ਦਾ ਜਵਾਨ ਪੁੱਤ…! ਅਸਿਹ ਪੀੜ..!
ਚਾਚੀ ਦਿਨਾਂ ਵਿੱਚ ਹੀ ਦੂਹਰੀ ਹੋ ਗਈ। ਸੁੱਕ ਕੇ ਤੀਲਾ ਹੋ ਗਈ। ਪਹਿਲਾਂ ਵੀ ਸਿਹਤ ਬਹੁਤੀ ਚੰਗੀ ਨਹੀਂ ਸੀ, ਪਰ ਹੁਣ ਤਾਂ ਅਸਲੋਂ ਹੀ ਮਾੜੀ ਹੋ ਗਈ ਸੀ। ਚਾਚਾ ਵੀ ਅਫ਼ੀਮ ਦੇ ਸਹਾਰੇ ਬਾਹਰ ਖੁੰਡ ’ਤੇ ਬੈਠਾ ਰਹਿੰਦਾ। ਘੱਟ ਹੀ ਕਿਸੇ ਨਾਲ ਬੋਲਦਾ। ਬੋਲੇ ਤਾਂ ਕੀ ਬੋਲੇ। ਜਵਾਨ ਪੁੱਤ ਦੀ ਮੌਤ ਲੈ ਬੈਠਦੀ ਹੈ। ਬੋਲਣ ਜੋਗਾ ਨਹੀਂ ਛੱਡਦੀ।
ਸ਼ਿੰਦਾ ਬਹਿਰੀਨ ਤੋਂ ਆ ਗਿਆ। ਚਾਚੀ ਸ਼ਿੰਦੇ ਦੇ ਗਲ ਲੱਗ ਕੇ ਬਹੁਤ ਰੋਈ ਸੀ। ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਹੌਲੀ ਹੌਲੀ ਕੁਝ ਦਿਨਾਂ ਬਾਅਦ ਮਨ ਨੂੰ ਇਕੱਠਾ ਜਿਹਾ ਕਰਕੇ ਕੁੜੀ ਦੇ ਵਿਆਹ ਵੇਲੇ ਚੜ੍ਹੇ ਕਰਜ਼ੇ ਦੀ ਗੱਲ ਸ਼ਿੰਦੇ ਦੇ ਕੰਨੀਂ ਪਾਈ ਤਾਂ ਸ਼ਿੰਦੇ ਦਾ ਜਵਾਬ ਸੁਣ ਕੇ ਮਰਨ ਵਾਂਗ ਹੋ ਗਈ। ਸ਼ਿੰਦਾ ਤਾਂ ਕੁਝ ਵੀ ਨਹੀਂ ਸੀ ਲਿਆਇਆ। ਕਰਜ਼ਾ ਕਾਹਦੇ ਨਾਲ ਲਾਹੁਣਾ ਹੈ ਤੇ ਕਾਹਦੇ ਨਾਲ ਸ਼ਿੰਦੇ ਦਾ ਵਿਆਹ ਕਰਨਾ ਸੀ।
“ਕੀ ਕਰਦਾ ਰਿਹਾ ਬਹਿਰੀਨ… ਚਾਚੀ ਆਪਣੇ ਆਪ ਨੂੰ ਸਵਾਲ ਕਰਦੀ ..ਕੀ ਪਤਾ ਕੰਮ ਕਰਦਾ ਵੀ ਸੀ ਜਾਂ ਨਹੀਂ!” ਸ਼ਿੰਦੇ ਨੂੰ ਬਹੁਤਾ ਕੁਝ ਨਾ ਕਹਿੰਦੀ। ਏਹੀ ਰਹਿ ਗਿਐ ਮੇਰੇ ਕੋਲ…ਇਹ ਕਹਿ ਕੇ ਕੇ ਮਨ ਨੂੰ ਤਸੱਲੀ ਦੇ ਲੈਂਦੀ।
ਜਿਵੇਂ ਵੀ ਹੋਇਆ ਚਾਚੀ ਨੇ ਸ਼ਿੰਦੇ ਦਾ ਵਿਆਹ ਧਰ ਲਿਆ। ਕਰਜ਼ਾ ਪਹਿਲਾਂ ਵੀ ਸੀ, ਹੋਰ ਚੜ੍ਹ ਗਿਆ। ਗਹਿਣੇ ਪਿਆ ਕਿਲਾ ਬੈਅ ਹੋ ਗਿਆ ਅਤੇ ਬਾਕੀ ਦੋ ਕਿਲੇ ਬਚ ਗਏ। ਜ਼ਮੀਨ ਬਹੁਤੀ ਉਪਜਾਊ ਨਹੀਂ ਸੀ ਰਹੀ। ਇਸ ਕਰਕੇ ਜੋ ਵੀ ਜ਼ਮੀਨ ਮਾਮਲੇ ’ਤੇ ਲੈਂਦਾ ਘੱਟ ਪੈਸਿਆਂ ’ਤੇ ਲੈਂਦਾ।
ਚਾਚੀ ਦੀ ਨੂੰਹ ਨੇ ਆਉਂਦੇ ਸਾਰ ਚਾਚੀ ਨੂੰ ਸੂਲੀ ’ਤੇ ਟੰਗ ਦਿੱਤਾ। ਇੱਕ ਦਿਨ ਚਾਚੀ ਦੀ ਨੂੰਹ ਨੇ ਆਖ ਹੀ ਦਿੱਤਾ, “ਕੀ ਤੂੰ ਮੈਨੂੰ ਰਾਣੀ ਹਾਰ ਪਾ ਕੇ ਵਿਆਹ ਕੇ ਲਿਆਈ ਸੀ! ਮੈਥੋਂ ਨ੍ਹੀਂ ਤੇਰਾ ਤੇ ਬੁੜੇ ਦਾ ਲੰਗਰ ਪੱਕਦਾ। ਨਾਲੇ ਤੈਨੂੰ ਕੀ ਹੋਇਆ? ਸਾਰਾ ਦਿਨ ਤਸੀਲਦਾਰਾਂ ਦੇ ਬੈਠੀਂ ਰਹਿੰਨੀ ਆਂ।’’
ਪਰ ਚਾਚੀ ਡੰਗ ਟਪਾਈ ਕਰੀ ਗਈ ਔਖੀ ਸੌਖੀ। ਮੈਂ ਭਾਰਤ ਗਈ ਹੋਈ ਸਾਂ। ਵਿਹੜੇ ’ਚ ਫਿਰਦਿਆਂ ਮੈਨੂੰ ਕੁਝ ਅਜੀਬ ਜਿਹਾ ਰੌਲਾ ਰੱਪਾ ਸੁਣਾਈ ਦਿੱਤਾ। ਚਾਚੀ ਨੂੰ ਸ਼ਿੰਦਾ ਤੇ ਸ਼ਿੰਦੇ ਦੀ ਵਹੁਟੀ ਕੁੱਟ ਰਹੇ ਸਨ। ਚਾਚੀ ਚੀਕਾਂ ਮਾਰਦੀ, ਗਾਲ੍ਹਾਂ ਕੱਢਦੀ ਆਂਢ-ਗੁਆਂਡ ਸੁਣਾਈ ਦੇ ਰਹੀ ਸੀ। ਮੈਂ ਭੱਜ ਕੇ ਗਈ। ਚਾਚੀ ਜ਼ਮੀਨ ’ਤੇ ਬੈਠੀ ਰੋ ਰਹੀ ਸੀ। ਸਿਰ ਤੋਂ ਚੁੰਨੀ ਲਹਿ ਗਈ ਸੀ। ਵਾਲ਼ ਖਿਲਰ ਗਏ ਸਨ। ਚਾਚਾ ਬੇਵੱਸ ਜਿਹਾ ਹੋਇਆ ਬੈਠਾ ਸੀ। ਮੇਰੇ ਪੁੱਜਣ ’ਤੇ ਕਹਿਣ ਲੱਗਾ, “ਪੁੱਤ ਮੇਰੇ ਕੋਲੋਂ ਕਿਹੜਾ ਉੱਠਿਆ ਬੈਠਿਆ ਜਾਂਦੈ। ਜਦੋਂ ਨੂੰ ਮੈਂ ਖੁੰਡ ਤੋਂ ਉੱਠ ਕੇ ਆਇਆ ਓਦੋਂ ਨੂੰ ਇਨ੍ਹਾਂ ਪਾਪੀਆਂ ਨੇ ਮਧੋਲ ਦਿੱਤੀ।’’
ਹੁਣ ਤੱਕ ਇੱਕਾ ਦੁੱਕਾ ਲੋਕ ਹੋਰ ਵੀ ਆ ਗਏ ਸਨ। ਸਾਰਿਆਂ ਨੇ ਸ਼ਿੰਦੇ ਤੇ ਉਸ ਦੀ ਬਹੂ ਨੂੰ ਬੁਰਾ ਭਲਾ ਕਿਹਾ। ਮੈਂ ਚਾਚੀ ਨੂੰ ਉਠਾਇਆ। ਪਾਣੀ ਪਿਲਾਇਆ। ਦਿਲਾਸਾ ਦਿੱਤਾ। ਉਸ ਦੀ ਚੁੰਨੀ ਉਸ ਦੇ ਸਿਰ ’ਤੇ ਰੱਖੀ। ਕੁਝ ਸਮਾਂ ਓਥੇ ਬੈਠ ਕੇ ਮੈਂ ਆਪਣੇ ਘਰ ਆ ਗਈ।
ਉਸ ਦਿਨ ਤੋਂ ਬਾਅਦ ਚਾਚੀ ਮੇਰੇ ਕੁਝ ਜ਼ਿਆਦਾ ਹੀ ਨੇੜੇ ਹੋ ਗਈ। ਮੈਂ ਜਿੰਨੇ ਦਿਨ ਪਿੰਡ ਰਹੀ ਚਾਚੀ ਮੇਰੇ ਨਾਲ ਦੁਖ ਸੁਖ ਕਰਦੀ ਰਹੀ। ਮੈਂ ਚਾਚੀ ਨੂੰ ਲੜਾਈ ਦਾ ਕਾਰਨ ਪੁੱਛਿਆ। ਚਾਚੀ ਨੇ ਰੋਂਦੇ ਰੋਂਦੇ ਦੱਸਿਆ, “ਪੈਸੇ ਮੰਗਦੇ ਸੀ। ਹੋਰ ਕੀ, ਸ਼ਰਾਬ ਡੱਫਣੀ ਹੋਊ। ਮੇਰੇ ਕੋਲ ਕਿੱਥੇ ਆ ਨੋਟ। ਕਹਿੰਦੇ ਮਾਮਲਾ ਤੁਸੀਂ ਫੜਦੇ ਓ। ਕਿੱਧਰ ਜਾਂਦੈ? ਰੋਟੀ ਟੁੱਕ ਦਾ ਵੀ ਮਸਾਂ ਸਰਦਾ। ਕਦੇ ਦਾਲ ਧਰੀ ਦੀ ਆ ਕਦੇ ਨਹੀਂ। ਕੱਲ੍ਹ ਤੇਰੇ ਚਾਚੇ ਦਾ ਚਿੱਤ ਢਿੱਲਾ ਸੀ। ਮੈਂ ਏਧਰੋਂ ਭੈਣ ਜੀ ਤੋਂ ਦਾਲ ਲਿਜਾ ਕੇ ਰੋਟੀ ਖਵਾਈ ਵਿਚਾਰੇ ਨੂੰ। ਦੁੱਧ ਦਾ ਗਿਲਾਸ ਵੀ ਮੈਂ ਸੰਗਦੀ ਸੰਗਦੀ ਨੇ ਮੰਗ ਹੀ ਲਿਆ। ਭਲਾ ਹੋਵੇ ਤੇਰੀ ਮਾਂ ਦਾ ਜਿਹੜੀ ਵੇਲੇ ਕੁਵੇਲੇ ਸਾਡਾ ਕੰਮ ਸਾਰੀ ਜਾਂਦੀ ਆ। ਤੇਰੇ ਤਾਂ ਪਿਓ ਨੇ ਵੀ ਕਦੇ ਜਵਾਬ ਨ੍ਹੀਂ ਦਿੱਤਾ। ਲੋੜ ਵੇਲੇ ਫੜ ਲਈਂਦਾ। ਕਦੇ ਮੋੜਿਆ ਵੀ ਨਹੀਂ। “ਚੱਲ ਕੋਈ ਨਾ ਚਾਚੀ। ਤੂੰ ਕਿਹੜਾ ਓਪਰੀ ਆਂ ਸਾਨੂੰ।’’ ਮੈਂ ਕਿਹਾ।
ਚਾਚੀ ਡੁਸਕਣ ਲੱਗ ਪਈ। ਚਾਚੀ ਨੇ ਮਾੜਾ ਜੇਹਾ ਮੰਜੇ ’ਤੇ ਹਿਲਦਿਆਂ ਚੀਕ ਜਿਹੀ ਮਾਰੀ।
“ਕੀ ਹੋਇਆ ਚਾਚੀ।’’ ਮੈਂ ਕੋਲ ਹੋ ਕੇ ਪੁੱਛਿਆ।
“ਕੁਛ ਨ੍ਹੀਂ ਪੁੱਤ। ਲੱਤ ’ਤੇ ਫੋੜਾ ਆ। ਜੈ ਖਾਣਾ ਵਧਦਾ ਹੀ ਜਾਂਦਾ। ਮਾੜੀ ਜੇਹੀ ਫਿਣਸੀ ਸੀ।’’ ਚਾਚੀ ਨੇ ਚੀਸ ਵੱਟਦਿਆਂ ਕਿਹਾ।
“ਚਾਚੀ, ਡਾਕਟਰ ਨੂੰ ਨਹੀਂ ਦਿਖਾਇਆ।’’ ਮੈਂ ਫ਼ਿਕਰ ਨਾਲ ਪੁੱਛਿਆ।
“ਦਿਖਾਇਆ ਸੀ ਆਪਣੇ ਰਾਜੂ ਨੂੰ। (ਰਾਜੂ ਪਿੰਡ ’ਚ ਦਵਾ ਦਾਰੂ ਦੇ ਦਿੰਦਾ ਸੀ ਲੋਕਾਂ ਨੂੰ। ਮਾੜੀਆਂ ਮੋਟੀਆਂ ਦਵਾਈਆਂ ਦੇ ਨਾਂ ਉਹ ਜਾਣਦਾ ਸੀ) ਉਹਨੇ ਟੂਬ ਦਿੱਤੀ ਸੀ। ’ਰਾਮ ਨ੍ਹੀਂ ਆਇਆ। ਓਦਣ ਫੋੜਾ ਛਿੱਲਿਆ ਗਿਆ ਜਿੱਦਣ ਸ਼ਿੰਦੇ ਨੇ ਮੈਨੂੰ ਥੱਲੇ ਘੜੀਸਿਆ।’’ ਚਾਚੀ ਸਾਹ ਜੇਹਾ ਖਿੱਚ ਕੇ ਬੋਲੀ ਤੇ ਨਾਲ ਹੀ ਸਲਵਾਰ ਦਾ ਪੌਂਚਾ ਉਤਾਂਹ ਚੁੱਕ ਕੇ ਮੈਨੂੰ ਦਿਖਾਇਆ। ਇੱਕ ਪੱਤਾ ਰੱਖ ਕੇ ਉਸ ਉੱਪਰ ਲੀਰ ਬੰਨ੍ਹੀ ਹੋਈ ਸੀ।
ਮੇਰਾ ਮਨ ਬੜਾ ਖ਼ਰਾਬ ਹੋਇਆ। ਮੈਂ ਕੀ ਕਰਾਂ ? ਚਾਚੀ ਬਾਰੇ ਮੈਂ ਬਹੁਤ ਚਿਰ ਸੋਚਦੀ ਰਹੀ। ਬੀਬੀ ਨਾਲ ਗੱਲ ਕੀਤੀ। ਅਗਲੇ ਦਿਨ ਮੈਂ ਚਾਚੀ ਨੂੰ ਨਾਲ ਦੇ ਸ਼ਹਿਰ ਡਾਕਟਰ ਕੋਲ ਲੈ ਗਈ। ਪੱਟੀ ਕਰ ਕੇ ਡਾਕਟਰ ਨੇ ਗੋਲੀਆਂ ਦੇ ਦਿੱਤੀਆਂ। ਚਾਚੀ ਨੂੰ ਮੋੜਾ ਪੈ ਗਿਆ। ਮੈਂ ਕੁਝ ਪੈਸੇ ਚਾਚੀ ਦੀ ਮੁੱਠੀ ’ਚ ਦਿੰਦਿਆਂ ਕਿਹਾ, “ਚਾਚੀ ਆਹ ਰੱਖ ਲੈ। ਤੈਨੂੰ ਲੋੜ ਹੋਊ।’’
ਚਾਚੀ ਦੀਆਂ ਅੱਖਾਂ ਨਮ ਹੋ ਗਈਆਂ।
“ਪੁੱਤ, ਧੀਆਂ ਤੋਂ ਲੈਂਦੇ ਸੋਹਣੇ ਨ੍ਹੀਂ ਲੱਗੀਦਾ। ਮੈਂ ਕਦੋਂ ਮੋੜੂ ਤੈਨੂੰ ਇਹ ਪੈਸੇ?” ਚਾਚੀ ਨੇ ਅੱਖਾਂ ਪੂੰਝਦਿਆਂ ਕਿਹਾ।
“ਚਾਚੀ ਲੈ ! ਆਹ ਕੀ ਗੱਲ ਹੋਈ। ਧੀਆਂ ਤੋਂ ਨਹੀਂ ਲਈਦਾ! ਐਵੇਂ ਨਾ ਬੋਲੀ ਜਾਇਆ ਕਰ। ਆਪੇ ਆ ਜਾਣਗੇ!” ਮੈਂ ਚਾਚੀ ਨੂੰ ਅਪਣੱਤ ਭਰੀ ਤਲਖੀ ਨਾਲ ਕਿਹਾ।
ਦੂਸਰੇ ਤੀਸਰੇ ਦਿਨ ਮੇਰੀ ਫਲਾਈਟ ਸੀ। ਚਾਚੀ ਮੈਨੂੰ ਮਿਲਣ ਆਈ। ਸਿਰ ਪਲੋਸਦਿਆਂ ਭਰੀ ਆਵਾਜ਼ ਨਾਲ ਚਾਚੀ ਏਨਾ ਹੀ ਕਹਿ ਸਕੀ, “ਰੱਬ ਤੈਨੂੰ ਬਾਹਲਾ ਦੇਵੇ। ਤੇਰੇ ਧੀਆਂ ਪੁੱਤਾਂ ਨੂੰ ਰਾਜ਼ੀ ਰੱਖੇ।’’
ਉਸ ਤੋਂ ਬਾਅਦ ਮੈਂ ਫੋਨ ’ਤੇ ਬਾਪੂ ਜੀ ਜਾਂ ਬੀਬੀ ਤੋਂ ਚਾਚੀ ਦਾ ਹਾਲ ਚਾਲ ਪੁੱਛਦੀ ਰਹਿੰਦੀ। ਚੰਗਾ ਘੱਟ ਹੀ ਸੁਣਨ ਨੂੰ ਮਿਲਦਾ ਸੀ। ਕਦੇ ਚਾਚੀ ਬਿਮਾਰ ਹੁੰਦੀ, ਕਦੇ ਚਾਚਾ ਬਿਮਾਰ ਹੁੰਦਾ, ਕਦੇ ਨੂੰਹ ਨਾਲ ਲੜਾਈ ਹੋਈ ਹੁੰਦੀ। ਮੈਂ ਅਕਸਰ ਹੀ ਬੀਬੀ ਤੇ ਬਾਪੂ ਜੀ ਨੂੰ ਚਾਚੀ ਦਾ ਖਿਆਲ ਰੱਖਣ ਬਾਰੇ ਵੀ ਆਖਦੀ ਰਹਿੰਦੀ ਸਾਂ। ਸਮਾਂ ਆਪਣੀ ਚਾਲ ਚੱਲਦਾ ਰਿਹਾ। ਦੋ ਸਾਲ ਬੀਤ ਗਏ। ਮੈਂ ਦੁਬਾਰਾ ਭਾਰਤ ਆਈ ਤਾਂ ਚਾਚੀ ਕਾਫ਼ੀ ਬਿਮਾਰ ਸੀ। ਬੁਖਾਰ ਚੜ੍ਹਦਾ ਸੀ, ਪਰ ਹਾਏ ਹਾਏ ਕਰਦੀ ਮੈਨੂੰ ਮਿਲਣ ਆ ਗਈ।
ਦੂਸਰੇ ਦਿਨ ਮੈਂ ਵੀ ਚਾਚੀ ਕੋਲ ਜਾ ਬੈਠੀ। ਕੁਝ ਪੈਸੇ ਚਾਚੀ ਦੀ ਮੁੱਠੀ ’ਚ ਦੇਣੇ ਚਾਹੇ। ਸੋਚਿਆ ਚਾਚੀ ਦਵਾਈ ਲੈ ਆਵੇਗੀ। ਚਾਚੀ ਲਵੇ ਨਾ, ਪਰ ਮੈਂ ਕਿਵੇਂ ਨਾ ਕਿਵੇਂ ਦੇ ਦਿੱਤੇ। ਏਹੀ ਕਹੀ ਜਾਵੇ, “ਮੈਂ ਤਾਂ ਪਹਿਲਾਂ ਦੇ ਵੀ ਦੇਣੇ ਨੇ ਹਾਲੇ। ਧੀਆਂ ਦਾ ਖਾ ਕੇ ਮੈਂ ਕਿਵੇਂ ਮਰੂੰ?”
“ਕੁਛ ਨ੍ਹੀਂ ਹੁੰਦਾ ਚਾਚੀ ਧੀਆਂ ਨੂੰ। ਧੀਆਂ ਪੁੱਤਾਂ ’ਚ ਕੀ ਫ਼ਰਕ ਹੈ। ਮੇਰੀ ਤੂੰ ਮਾਂ ਨ੍ਹੀਂ। ਚੁੱਪ ਕਰ ਐਵੇਂ ਧੀਆਂ ਧੀਆਂ ਲਾਈ ਆ। ਦਵਾਈ ਲੈ ਜਾ ਕੇ।’’ ਮੈਂ ਮੋਹ ਭਰੇ ਲਹਿਜੇ ’ਚ ਕਿਹਾ।
ਚਾਚੀ ਦਾ ਗੱਚ ਭਰ ਆਇਆ, “ਪਿਛਲੇ ਐਤਵਾਰ ਭਾਈ ਜੀ ਆਇਆ ਸੀ। ਦਵਾ ਦਾਰੂ ਵਾਸਤੇ ਪੈਸੇ ਦੇ ਗਿਆ ਸੀ। ਮੈਂ ਪੁੱਤ ਦਵਾਈ ਲੈ ਆਂਦੀ ਹੈ। ਆਹ ਵੇਖ ਸ਼ੀਸ਼ੀਆਂ। ਹੁਣ ਤਾਂ ਬਹੁਤ ਆਰਾਮ ਆ ਗਿਆ। ਤਿੰਨ ਚਾਰ ਦਿਨਾਂ ਦਾ ਬੁਖਾਰ ਨਹੀਂ ਚੜ੍ਹਿਆ। ਕਮਜ਼ੋਰੀ ਆ ਥੋੜ੍ਹੀ ਜੇਹੀ। ਭੈਣ ਜੀ, ਤੇਰੀ ਮਾਂ ਦੁੱਧ ਦਾ ਗਲਾਸ ਭੇਜ ਦਿੰਦੀ ਆ ਰਾਤ ਨੂੰ। ਹੁਣ ਮੈਂ ਠੀਕ ਆਂ।’’
ਚਾਚੀ ਤੁਰਨ ਫਿਰਨ ਲੱਗ ਗਈ। ਮੈਂ ਕੁਝ ਦਿਨਾਂ ਬਾਅਦ ਵਾਪਸ ਕੈਨੇਡਾ ਆ ਗਈ। ਇੱਕ ਦਿਨ ਪਿੰਡੋਂ ਫੋਨ ਆਇਆ। ਬਾਪੂ ਜੀ ਕਹਿ ਰਹੇ ਸਨ ਤੇਰੀ ਚਾਚੀ ਮਹਿੰਦਰ ਕੁਰ ਪੂਰੀ ਹੋ ਗਈ।
ਹੈਂ…ਮੇਰੀ ਧਾਹ ਜਿਹੀ ਨਿਕਲ ਗਈ। ਮੈਂ ਆਪਣੇ ਆਪ ਨੂੰ ਇਕੱਠਾ ਜਿਹਾ ਕਰਕੇ ਬਾਪੂ ਜੀ ਨੂੰ ਪੁੱਛਿਆ, “ਕੀ ਗੱਲ ਹੋਈ ਚਾਚੀ ਨੂੰ?”
“ਹੋਇਆ ਤਾਂ ਕੁਝ ਨਹੀਂ ਸੀ ਉਸ ਨੂੰ। ਕਮਜ਼ੋਰ ਸੀ। ਥੋੜ੍ਹਾ ਜੇਹਾ ਬੁਖਾਰ ਹੋਇਆ ਰਾਤ ਨੂੰ ਤੇ ਸਵੇਰੇ ਭਾਣਾ ਵਰਤ ਗਿਆ। ਤੇਰੀ ਬੀਬੀ ਨੂੰ ਬੁਲਾਇਆ ਸੀ ਉਸ ਨੇ ਰਾਤ ਨੂੰ। ਤੇਰੀ ਬੀਬੀ ਗਈ ਵੀ ਸੀ ਉਸ ਦਾ ਪਤਾ ਲੈਣ। ਦੁੱਧ ਵੀ ਲੈ ਗਈ ਸੀ ਓਹਦੇ ਵਾਸਤੇ, ਪਰ ਉਸ ਨੇ ਪੀਤਾ ਨਹੀਂ। ਕਹਿੰਦੀ ਚਿੱਤ ਨ੍ਹੀਂ ਕਰਦਾ…ਕਹਿੰਦੇ ਕਹਿੰਦੇ ਬਾਪੂ ਜੀ ਦਾ ਮਨ ਭਰ ਆਇਆ।’’
ਮੈਂ ਅੱਗੋਂ ਕੁਝ ਨਾ ਬੋਲ ਸਕੀ। ਚਾਚੀ ਦੇ ਜੀਵਨ ਦੀ ਸਾਰੀ ਕਹਾਣੀ ਮੇਰੀਆਂ ਅੱਖਾਂ ਮੂਹਰੇ ਕਿਸੇ ਫ਼ਿਲਮ ਵਾਂਗ ਘੁੰਮ ਗਈ।
ਬਾਪੂ ਜੀ ਨੇ ਫਿਰ ਕਹਿਣਾ ਸ਼ੁਰੂ ਕੀਤਾ, “ਤੇਰੀ ਮਾਂ ਨੂੰ ਤੇਰੀ ਚਾਚੀ ਨੇ ਬੁਲਾਇਆ ਸੀ ਆਪਣੇ ਕੋਲ। ਤੇਰੀ ਮਾਂ ਨਾਲ ਰਾਤ ਨੂੰ ਵਾਹਵਾ ਗੱਲਾਂ ਬਾਤਾਂ ਕੀਤੀਆਂ। ਠੀਕ ਲੱਗਦੀ ਸੀ, ਪਰ ਸਵੇਰੇ ਸਾਰ ਹੀ ਪ੍ਰਾਣ ਤਿਆਗ ਗਈ।’’
ਮੈਨੂੰ ਮਹਿਸੂਸ ਹੋਇਆ ਕਿ ਬਾਪੂ ਜੀ ਕੁਝ ਹੋਰ ਕਹਿਣਾ ਚਾਹੁੰਦੇ ਸਨ, ਪਰ ਕਹਿ ਨਹੀਂ ਹੋਇਆ।
ਤੇਰੀ ਚਾਚੀ ਕਹਿੰਦੀ ਸੀ, “ਮੈਂ ਸ਼ਿੰਦਰ ਦੇ..।’’ ਬਾਪੂ ਜੀ ਚੁੱਪ ਹੋ ਗਏ। ਵਾਕ ਪੂਰਾ ਨਾ ਹੋਇਆ।
ਮੈਂ ਵੀ ਚੁੱਪ ਸਾਂ। ਮੇਰੇ ਤੋਂ ਵੀ ਹੋਰ ਬੋਲ ਨਾ ਹੋਇਆ। ਬਾਪੂ ਜੀ ਨੇ ਫੋਨ ਬੀਬੀ ਨੂੰ ਫੜਾ ਦਿੱਤਾ। ਬੀਬੀ ਰੋ ਰਹੀ ਸੀ। ਬੜੀ ਹੀ ਮੁਸ਼ਕਿਲ ਨਾਲ ਭਰੀ ਆਵਾਜ਼ ’ਚ ਬੀਬੀ ਬੋਲੀ, “ਮਿੰਦਰ ਕੁਰ ਤੈਨੂੰ ਯਾਦ ਕਰਦੀ ਸੀ। ਕਹਿੰਦੀ ਸੀ ਮੈਂ ਸ਼ਿੰਦਰ ਦੇ ਪੈਸੇ ਦੇਣੇ ਆ। ਭੈਣ ਜੀ ਤੁਸੀਂ ਮੇਰੇ ਵੱਲੋਂ ਉਸ ਦੇ ਪੈਸੇ ਦੇ ਦੇਣੇ। ਧੀਆਂ ਦੇ ਪੈਸੇ ਨਹੀਂ ਰੱਖਣੇ ਮੈਂ। ਓਹ ਜਾਣੇ ਤੁਹਾਡੇ ਪੈਸੇ ਆਪੇ ਆਉਂਦੇ ਫਿਰਨਗੇ। ਇਨ੍ਹਾਂ ਦਾ ਮੈਨੂੰ ਫ਼ਿਕਰ ਨ੍ਹੀਂ। ਮੈਂ ਧੀ ਦਾ ਕਰਜ਼ …ਲੈ ਕੇ ਮਰਨਾ ਨਹੀਂ ਚਾਹੁੰਦੀ!”
ਬੀਬੀ ਦਾ ਮਨ ਭਰ ਆਇਆ ਤੇ ਇਸ ਤੋਂ ਅੱਗੇ ਕੁਝ ਹੋਰ ਨਾ ਕਹਿ ਸਕੀ।