ਪਹਾੜ ਨਾਲ ਮੱਥਾ ਲਾਉਣ ਵਾਲਾ ਦਸ਼ਰਥ ਮਾਂਝੀ
ਦ੍ਰਿੜ੍ਹ ਸੰਕਲਪ, ਇੱਛਾ ਸ਼ਕਤੀ, ਹਿੰਮਤ, ਲਗਨ ਤੇ ਮਿਹਨਤ ਦੇ ਗੁਣਾਂ ਦਾ ਸੁਮੇਲ ਅਸੰਭਵ ਨੂੰ ਸੰਭਵ ਬਣਾਉਣ ਦੇ ਸਮਰੱਥ ਹੁੰਦਾ ਹੈ। ਇਨ੍ਹਾਂ ਗੁਣਾਂ ਦੇ ਧਾਰਨੀ ਕੁਝ ਅਜਿਹਾ ਕਰ ਗੁਜ਼ਰਦੇ ਹਨ ਕਿ ਜਿਸ ਨਾਲ ਦੁਨੀਆ ਵਿੱਚ ਨਵਾਂ ਮੀਲ ਪੱਥਰ ਸਥਾਪਤ ਹੋਣ ਦੀ...
ਦ੍ਰਿੜ੍ਹ ਸੰਕਲਪ, ਇੱਛਾ ਸ਼ਕਤੀ, ਹਿੰਮਤ, ਲਗਨ ਤੇ ਮਿਹਨਤ ਦੇ ਗੁਣਾਂ ਦਾ ਸੁਮੇਲ ਅਸੰਭਵ ਨੂੰ ਸੰਭਵ ਬਣਾਉਣ ਦੇ ਸਮਰੱਥ ਹੁੰਦਾ ਹੈ। ਇਨ੍ਹਾਂ ਗੁਣਾਂ ਦੇ ਧਾਰਨੀ ਕੁਝ ਅਜਿਹਾ ਕਰ ਗੁਜ਼ਰਦੇ ਹਨ ਕਿ ਜਿਸ ਨਾਲ ਦੁਨੀਆ ਵਿੱਚ ਨਵਾਂ ਮੀਲ ਪੱਥਰ ਸਥਾਪਤ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਕਈ ਵਾਰ ਅਜਿਹੇ ਬੰਦਿਆਂ ਨੂੰ ਸਨਕੀ, ਹੱਠੀ, ਜ਼ਿੱਦੀ ਤੇ ਝੱਲਾ/ ਕਮਲਾ/ ਸ਼ੁਦਾਈ ਆਦਿ ਵਰਗੇ ਕੌੜੇ ਸ਼ਬਦਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਪਰ ਆਪਣੀ ਪੱਕੀ ਧੁੰਨ ਦੇ ਸ਼ਾਹ ਅਸਵਾਰ ਬਣਦੇ ਹੋਏ ਇਹ ਮਾਣਮੱਤੇ ਲੋਕ ਦੁਨੀਆ ਦੀਆਂ ਗੱਲਾਂ/ਟਕੋਰਾਂ ਦੀ ਪਰਵਾਹ ਕੀਤੇ ਬਗੈਰ ਸਿਰਫ਼ ਆਪਣੀ ਮਿਹਨਤ ਵਿੱਚ ਮਗਨ ਮੰਜ਼ਿਲ ਵੱਲ ਵਧਦੇ ਰਹਿੰਦੇ ਹਨ। ਫਿਰ ਸਾਲਾਂ ਬੱਧੀ ਲੰਮੀ ਸਖ਼ਤ ਘਾਲਣਾ ਨਾਲ ਆਪਣਾ ਮਿਸ਼ਨ ਪ੍ਰਾਪਤ ਕਰਕੇ ਪਣੇ ਦ੍ਰਿੜ ਇਰਾਦੇ ਦਾ ਲੋਹਾ ਮਨਵਾ ਹੀ ਲੈਂਦੇ ਹਨ।
ਅਜਿਹੀ ਪ੍ਰਤਿਭਾ ਦੇ ਮਾਲਕ ਤੇ ਪਹਾੜ ਨੂੰ ਮੱਥਾ ਲਾਉਣ ਵਾਲੇ ਮਹਾਂਬਲੀ ਦਸ਼ਰਥ ਮਾਂਝੀ ਦਾ ਜਨਮ 14 ਜਨਵਰੀ 1934 ਵਿੱਚ ਬਿਹਾਰ ਦੇ ਪਿੰਡ ਗਹਿਲੋਰ (ਗਯਾ) ਵਿੱਚ ਹੋਇਆ। ਇਸ ਮਾਣਮੱਤੇ ਦਾ ਜੀਵਨ ਇਤਿਹਾਸ ਫਰੋਲਣ ’ਤੇ ਉਸ ਦੁਆਰਾ ਪੂਰਾ ਕੀਤਾ ਮਿਸ਼ਨ ਇੱਕ ਚਾਨਣ ਮੁਨਾਰੇ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ।
ਦਸ਼ਰਥ ਮਾਂਝੀ ਬਿਹਾਰ ਦੇ ਪਿੰਡ ਗਹਿਲੋਰ ਦਾ ਆਮ ਕਿਰਤੀ/ਮਜ਼ਦੂਰ ਵਿਅਕਤੀ ਸੀ। ਜੋ ਗ਼ਰੀਬੀ ਦੀ ਹਾਲਤ ਨਾਲ ਦੋ ਚਾਰ ਹੁੰਦਾ ਹੋਇਆ ਆਪਣੇ ਪਰਿਵਾਰ ਨਾਲ ਆਪਣਾ ਡੰਗ ਟਪਾ ਰਿਹਾ ਸੀ। ਇਹ ਪਿੰਡ ਸੁੱਖ ਸਹੂਲਤਾਂ ਤੋਂ ਕਾਫ਼ੀ ਹੱਦ ਤੱਕ ਵਿਰਵਾ ਸੀ। ਇਸ ਪਿੰਡ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਇਸ ਪਿੰਡ ਦੇ ਲੋਕਾਂ ਨੂੰ ਰੋਜ਼ਮਰ੍ਹਾ ਦੀਆਂ ਲੋੜਾਂ ਨੂੰ ਪੂਰਾ ਕਰਨ ਹਿੱਤ ਅਤੇ ਖ਼ਾਸ ਕਰਕੇ ਸਿਹਤ ਨਾਲ ਸਬੰਧਿਤ ਮੁਸ਼ਕਿਲਾਂ ਨੂੰ ਲੈ ਕੇ ਕਸਬੇ ਵਜ਼ੀਰਾਬਾਦ ਜਾਣਾ ਪੈਂਦਾ ਸੀ, ਪਰ ਇਸ ਰਸਤੇ ਵਿੱਚ ਇੱਕ ਉੱਚਾ ਉੱਬੜ ਖਾਬੜ ਪਥਰੀਲਾ ਪਹਾੜ ਇੱਕ ਵੱਡੀ ਰੁਕਾਵਟ ਬਣ ਖੜ੍ਹਾ ਸੀ। ਇਸ ਪਹਾੜ ਦੇ ਦੁਆਲਿਓਂ ਦੀ ਵਿੰਗਾ ਟੇਢਾ ਤਿੱਖੀ ਉਤਰਾਈ-ਚੜ੍ਹਾਈ ਵਾਲਾ ਡੰਡੀਨੁਮਾ ਤੰਗ ਰਸਤਾ ਸੀ। ਇਸ ਬਿੱਖੜੇ ਤੇ ਲੰਮੇਰੇ ਪੈਂਡੇ ਨੂੰ ਤੈਅ ਕਰਕੇ ਹੀ ਸਿਹਤ ਸਹੂਲਤਾਂ ਲੈਣ ਹਸਪਤਾਲ ਪਹੁੰਚਿਆ ਜਾ ਸਕਦਾ ਸੀ। ਇੱਥੋਂ ਤੀਕ ਲੋਕਾਂ ਨੂੰ ਪੀਣ ਲਈ ਪਾਣੀ ਵੀ ਇਸ ਦੇ ਪਹਾੜ ਦੇ ਪਾਰਲੇ ਪਾਸਿਓਂ ਹੀ ਇਸੇ ਰਸਤੇ ਹੀ ਲਿਆਉਣਾ ਪੈਂਦਾ ਸੀ।
ਘਰ ਪਰਿਵਾਰ ਲਈ ਮਾਂਝੀ ਦੀ ਗਰਭਵਤੀ ਪਤਨੀ ਫਲਗੁਣੀ ਦੇਵੀ ਵੀ ਪਾਣੀ ਦਾ ਘੜਾ ਇਸੇ ਖ਼ਤਰਨਾਕ ਰਸਤੇ ਰਾਹੀਂ ਲਿਆ ਰਹੀ ਸੀ ਕਿ ਉਸ ਦਾ ਪੈਰ ਤਿਲ੍ਹਕਣ ਕਰਕੇ ਉਹ ਖੱਡ ਵੱਲ ਲੁੜਕ ਗਈ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਵਾਸਤੇ ਵਜ਼ੀਰਾਬਾਦ ਹਸਪਤਾਲ ਲਿਜਾਣਾ ਪਿਆ। ਰਾਹ ਵਿੱਚ ਰੁਕਾਵਟ ਬਣੇ ਪਹਾੜ ਦੀ ਵਜ੍ਹਾ ਕਰਕੇ ਵਜ਼ੀਰਾਬਾਦ ਹਸਪਤਾਲ ਪਹੁੰਚਣ ਦੇ ਕਰੀਬ 55 ਕਿਲੋਮੀਟਰ ਦੇ ਲੰਮੇ ਪੈਂਡੇ ਨੂੰ ਪੂਰਾ ਕਰਦਿਆਂ ਫਲਗੁਣੀ ਦੇਵੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਪਤਨੀ ਦੀ ਅਚਨਚੇਤੀ ਮੌਤ ਦੇ ਸਦਮੇ ਨੇ ਮਾਂਝੀ ਨੂੰ ਕਾਫ਼ੀ ਝੰਜੋੜਿਆ। ਉਹ ਸੋਚਣ ਲੱਗਾ ਕਾਸ਼! ਕੋਈ ਸਹੀ ਰਸਤਾ ਹੁੰਦਾ ਤੇ ਵੇਲੇ ਸਿਰ ਹਸਪਤਾਲ ਪਹੁੰਚਾਉਣ ਨਾਲ ਉਸ ਦੀ ਪਤਨੀ ਬੇਵਕਤੀ ਮੌਤ ਤੋਂ ਬਚ ਸਕਦੀ ਸੀ। ਉਸ ਸਮੇਂ 27 ਸਾਲ ਦੇ ਗੱਭਰੂ ਮਾਂਝੀ ਨੇ ਆਪਣੀ ਪਤਨੀ ਦੇ ਵਿੱਛੜਨ ਦੇ ਵਿਯੋਗ ਵਿੱਚ ਲੰਮੇਰੇ ਪੈਂਡੇ ਨੂੰ ਘਟਾਉਣ ਲਈ ਪਹਾੜ ਨਾਲ ਹੀ ਮੱਥਾ ਲਾਉਣ ਦੀ ਠਾਣ ਲਈ। ਉਸ ਨੇ ਆਪਣੀ ਪਤਨੀ ਦੀ ਨਿੱਘੀ ਯਾਦ ਮਨ ਵਿੱਚ ਵਸਾਉਂਦਿਆਂ ਪਹਾੜੀ ਨੂੰ ਤੋੜਨ ਦਾ ਦ੍ਰਿੜ ਨਿਸ਼ਚਾ ਕਰ ਲਿਆ ਤਾਂ ਕਿ ਕਿਸੇ ਹੋਰ ਨੂੰ ਬੇਵਕਤੀ ਮੌਤ ਦੇ ਪੰਜੇ ਤੋਂ ਬਚਾਇਆ ਜਾ ਸਕੇ। ਮਾਂਝੀ ਨੇ ਆਪਣੀ ਨਿੱਜੀ ਜਾਇਦਾਦ ਕੁਝ ਬੱਕਰੀਆਂ ਆਦਿ ਵੇਚ ਕੇ ਪਹਾੜ ਤੋੜਨ ਲਈ ਸੰਦ (ਹਥੌੜਾ, ਸੈਣੀ ਤੇ ਸਬਲ ਆਦਿ ਖ਼ਰੀਦੇ। ਫਿਰ ਪੂਰੇ ਸਿਰੜੀ ਹੱਠ ਨਾਲ ਪਹਾੜੀ ਦੇ 25 ਤੋਂ 30 ਫੁੱਟ ਉੱਚੇ ਸਿਰ ਨੂੰ ਤੋੜਨ ਦੇ ਸਖ਼ਤ ਤੇ ਜੋਖ਼ਮ ਭਰੇ ਕੰਮ ਲਈ ਜੁਟ ਪਿਆ। ਆਖਿਆ ਜਾਂਦਾ ਹੈ ਕਿ ਇਹ ਮਾਣ ਮੱਤਾ ਆਪਣੀ ਰੋਜ਼ੀ ਰੋਟੀ ਚੱਲਦੀ ਰੱਖਣ ਲਈ ਅੱਧਾ ਦਿਨ ਮਿਹਨਤ ਮਜ਼ਦੂਰੀ ਕਰਦਾ ਤੇ ਬਾਕੀ ਦਾ ਅੱਧਾ ਦਿਨ ਪਹਾੜੀ ਕੱਟਣ ’ਤੇ ਲਾ ਦਿੰਦਾ।
ਉਸ ਦੇ ਇਸ ਕੰਮ ਦਾ ਕਈ ਮਸ਼ਖਰੀਏ ਮਜ਼ਾਕ ਵੀ ਉਡਾਉਂਦੇ ਅਤੇ ਉਸ ਨੂੰ ਸਨਕੀ, ਪਾਗ਼ਲ ਤੱਕ ਵੀ ਆਖ ਦਿੰਦੇ ਕਿ ‘‘ਪਹਾੜ ਨੂੰ ਢਾਹੁੰਦਿਆਂ- ਢਾਹੁੰਦਿਆਂ ਇਸ ਨੇ ਖ਼ੁਦ ਹੀ ਢਹਿ (ਮਰ-ਖਪ) ਜਾਣਾ ਹੈ।’’ ਪਰ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਦੇ ਆਰਾਮ ਨਾਲ ਨਹੀਂ ਬਹਿੰਦੇ। ਮਾਂਝੀ ਬਗੈਰ ਕਿਸੇ ਦੀ ਪਰਵਾਹ ਕੀਤਿਆਂ ਆਪਣੇ ਮਨ ਵਿੱਚ ਧਾਰੇ ਕੰਮ ਦੀ ਸਫਲਤਾ ਲਈ ਕਰੀਬ ਦੋ ਦੋਹਾਕਿਆਂ ਦੇ ਵੱਧ ਸਮੇਂ ਤੱਕ ਕਈ ਔਕੜਾਂ /ਮੁਸ਼ਕਿਲਾਂ ਦੇ ਬਾਵਜੂਦ ਡਟਿਆ ਰਿਹਾ ਤੇ ਫਿਰ ‘ਹਾਸ਼ਮ ਫਤਹਿ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਹੂ’ ਅਨੁਸਾਰ ਆਖਰ ਮਾਂਝੀ ਨੂੰ ਵੀ ਆਪਣੇ ਹੱਠ/ਜਨੂੰਨ ਯਾਨੀ ਸਖ਼ਤ ਘਾਲਣਾ ਨਾਲ ਆਪਣੇ ਆਸ਼ੇ ਵਿੱਚ 1982 ਵਿੱਚ ਫਤਿਹ ਨਸੀਬ ਹੋ ਹੀ ਗਈ ਜਦ ਉਸ ਨੇ 300 ਫੁੱਟ ਉੱਚੀ ਤੇ 360 ਫੁੱਟ ਲੰਮੇ ਸਖ਼ਤ ਪਥਰੀਲੇ ਸੀਨੇ ਵਾਲੀ ਪਹਾੜੀ ਦੇ 25 ਤੋਂ 30 ਫੁੱਟ ਉੱਚੇ ਸਿਰ ਨੂੰ ਦੁਫਾੜ ਕਰਕੇ 30 ਫੁੱਟ ਰਾਹ ਤਿਆਰ ਕਰ ਲਿਆ ਤੇ ਦੁਨੀਆ ਸਾਹਮਣੇ ਆਪਣੇ ਹੱਥਾਂ ਦੀ ਤਾਕਤ ਦੀ ਨਿਵੇਕਲੀ ਮਿਸਾਲ ਕਾਇਮ ਕਰ ਦਿੱਤੀ। ਵਰਣਨਯੋਗ ਹੈ ਕਿ ਇਸ ਮਾਣਮੱਤੇ ਵੱਲੋਂ ਪਹਾੜੀ ਤੋੜਨ ਦੇ ਆਮ ਸੰਦਾਂ ਤੋਂ ਸਿਵਾਏ ਕਿਸੇ ਖ਼ਾਸ ਮਸ਼ੀਨਰੀ ਦੀ ਵਰਤੋਂ ਨਹੀਂ ਕੀਤੀ ਗਈ ਸੀ।
ਬੇਸ਼ੱਕ ਬਹੁਤ ਸਾਰੇ ਈਰਖਾਲੂ ਲੋਕਾਂ ਵੱਲੋਂ ਉਸ ਦੇ ਨੇਕ ਕੰਮ ਵਿੱਚ ਅੜਿੱਕਾ ਹੀ ਡਾਹਿਆ ਜਾਂਦਾ ਰਿਹਾ, ਪਰ ਮਾਂਝੀ ਦੇ ਨਾਇਕ ਵਜੋਂ ਉੱਭਰਨ ’ਤੇ ਉਸ ਦੀ ਹਿੰਮਤ ਦੇ ਕਦਰਦਾਨ ਕੁਝ ਆਮ ਲੋਕ ਵੱਲੋਂ ਗਾਹੇ ਬਗਾਹੇ ਉਸ ਨੂੰ ਸਹਿਯੋਗ ਵੀ ਕੀਤਾ ਜਾਣ ਲੱਗ ਪਿਆ ਸੀ। ਮਾਂਝੀ ਦੀ ਲੰਮੇ ਸਮੇਂ ਦੀ ਸਖ਼ਤ ਘਾਲਣਾ ਨਾਲ ਬਣੇ ਰਸਤੇ ਨੇ ਪਹਿਲੇ ਵਲ ਵਲੇਵੇਂ ਵਾਲੇ 60-70 ਕਿਲੋਮੀਟਰ ਦੇ ਪੈਂਡੇ ਨੂੰ ਕਾਫ਼ੀ ਘਟਾ ਕੇ ਛੋਟਾ ਕਰ ਦਿੱਤਾ, ਜਿਸ ਦਾ ਫਾਇਦਾ ਉਸ ਦੇ ਪਿੰਡ ਗਹਿਲੋਰ ਤੇ ਇਸ ਦੇ ਨੇੜੇ ਤੇੜ ਦੇ ਦਰਜਨਾਂ ਪਿੰਡਾਂ ਨੂੰ ਹੋਇਆ। ਇਨ੍ਹਾਂ ਪਿੰਡਾਂ ਤੋਂ ਵਜ਼ੀਰਾਬਾਦ ਦਾ ਫ਼ਾਸਲਾ ਸੁੰਗੜ ਕੇ ਸਿਰਫ਼ 10-15 ਕਿਲੋਮੀਟਰ ਦਾ ਹੀ ਰਹਿ ਗਿਆ, ਪਰ ਇਸ ਸੌੜੀ ਸਿਆਸੀ ਦੁਨੀਆ ਦੀ ਹਮੇਸ਼ਾਂ ਫਿਤਰਤ ਰਹੀ ਹੈ ਕਿ ਜਿਉਂਦੇ ਜੀਅ ਭਲੇ ਪੁਰਸ਼ਾਂ ਦੀ ਸੋਚ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ, ਪਰ ਮਰਨ ਉਪਰੰਤ ਬਹੁਤ ਕੁਝ ਕੀਤਾ ਜਾਂਦਾ ਹੈ। ਇਵੇਂ ਹੀ ‘ਮਾਊਂਟੇਨ ਮੈਨ’ ਮਾਂਝੀ ਦੀ ਪ੍ਰਬਲ ਇੱਛਾ ਇਹੀ ਸੀ ਕਿ ਸਰਕਾਰੀ ਤੰਤਰ ਉਸ ਵੱਲੋਂ ਤਿਆਰ ਕੀਤੇ ਇਸ ਕੱਚੇ ਰਾਹ ਨੂੰ ਪੱਕੀ ਸੜਕ ਦਾ ਰੂਪ ਦੇਵੇ ਅਤੇ ਉਸ ਦੇ ਪਿੰਡ ਵਿੱਚ ਹਸਪਤਾਲ ਤੇ ਹੋਰ ਰੋਜ਼ਮਰ੍ਹਾ ਦੀਆਂ ਸਹੂਲਤਾਂ ਉਪਲੱਬਧ ਕਰਾਵੇ। ਸਰਕਾਰੀ ਤੰਤਰ ਵੱਲੋਂ ਕੀਤਾ ਸਮਾਜ ਭਲਾਈ ਦਾ ਇਹ ਕੰਮ ਹੀ ਉਸ ਦੀ ਸਿਰੜ ਭਰੀ ਮਿਹਨਤ ਦਾ ਅਸਲ ਮੁੱਲ ਹੋਵੇਗਾ, ਪਰ ਇਸ ਪਾਗ਼ਲ (ਅਸਲ ਵਿੱਚ ਮਹਾਨ ਪੁਰਖ) ਦੀ ਮਹਾਨ ਕਾਰਗੁਜ਼ਾਰੀ ਨੂੰ ਸਿਆਸੀ ਤੰਤਰ ਪਛਾਣ ਨਾ ਕਰ ਸਕਿਆ ਤੇ ਨਾ ਹੀ ਇਸ ਅਨੋਖੇ ਕਰਮ ਦਾ ਮੁੱਲ ਚੁੱਕਾ ਸਕਿਆ। ਇਹ ਮਾਣਮੱਤਾ ਆਪਣੀ ਇੱਛਾ ਦੀ ਪੂਰਤੀ ਕਰਵਾਉਣ ਹਿੱਤ ਪੈਦਲ ਹੀ ਦਿੱਲੀ ਪਹੁੰਚਿਆ ਅਤੇ ਸਮੇਂ ਦੇ ਸੱਤਾਧਾਰੀ ਨੇਤਾਵਾਂ (ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ) ਤੱਕ ਪਹੁੰਚ ਕਰਨ ਦਾ ਯਤਨ ਵੀ ਕੀਤਾ, ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਦੀ ਕੋਈ ਵਾਹ ਪੇਸ਼ ਨਾ ਜਾਣ ਦਿੱਤੀ ਤੇ ਉਹ ਨਿਰਾਸ਼ ਹੋ ਕੇ ਵਾਪਸ ਮੁੜ ਆਇਆ। ਸਰਕਾਰੀ ਤੰਤਰ ਵੱਲੋਂ ਝੱਲੀ ਨਮੋਸ਼ੀ ਦਾ ਦਰਦ ਦਿਲ ਵਿੱਚ ਲੈ ਕੇ ਇਹ ਮਾਣਮੱਤਾ ਮਾਂਝੀ 73 ਸਾਲ ਦੀ ਉਮਰ ਵਿੱਚ 17 ਅਗਸਤ 2007 ਨੂੰ ਦੁਨੀਆ ਤੋਂ ਰੁਖ਼ਸਤ ਹੋ ਗਿਆ।
ਉਸ ਦੀ ਮੌਤ ਤੋਂ ਬਾਅਦ ਉਸ ਅਖੌਤੀ ‘ਕਮਲੇ/ਝੱਲੇ’ ਮਾਂਝੀ ਨੂੰ ‘ਪਰਬਤ ਪੁਰਖ (ਮਾਊਂਟੇਨ ਮੈਨ) ਦਾ ਖ਼ਿਤਾਬ ਵੀ ਦਿੱਤਾ ਗਿਆ ਤੇ ਇਸ ਕੱਚੇ ਰਾਹ ਨੂੰ ਪੱਕੀ ਸੜਕ ਵਿੱਚ ਬਦਲਣ ਤੇ ਪਿੰਡ ਵਿੱਚ ਕੁਝ ਸਹੂਲਤਾਂ ਦੇ ਕੇ ਉਸ ਦੀ ਇੱਛਾ ਕਾਫ਼ੀ ਹੱਦ ਤੱਕ ਪੂਰੀ ਵੀ ਕਰ ਦਿੱਤੀ ਗਈ ਹੈ। ਉਸ ਦੀ ਯਾਦ ਵਿੱਚ ਯਾਦਗਾਰ ਰੋਡ ਗੇਟ ਸੁਸ਼ੋਭਿਤ ਹੈ ਜੋ ਦ੍ਰਿੜ੍ਹ ਸੰਕਲਪ, ਇੱਛਾ ਸ਼ਕਤੀ, ਹਿੰਮਤ, ਲਗਨ ਤੇ ਮਿਹਨਤ ਨੂੰ ਸਿਜਦਾ ਕਰਦਾ ਅਤੇ ਲੋਕਾਈ ਨੂੰ ਹੱਥਾਂ ਦੀ ਤਾਕਤ ਦਾ ਕਮਾਲ ਦਾ ਸੁਨੇਹਾ ਦਿੰਦਾ ਹੈ।
ਸੰਪਰਕ: 98764-74858

