ਕੈਨੇਡਾ ਤੋਂ

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ

ਡਾ. ਸੁਖਦੇਵ ਸਿੰਘ ਝੰਡ

ਪੰਜਾਬ ਦੀ ਕਹਾਣੀ ਧਿਆਨ ਨਾਲ ਸੁਣਨ ਵਾਲੀ ਹੈ। ਪੁਰਾਤਨ ਸਮੇਂ ਵਿਚ ਇਹ ਕਹਾਣੀ ਪੰਜ ਹਜ਼ਾਰ ਸਾਲ ਪੁਰਾਣੀ ਸਿੰਧ ਘਾਟੀ ਦੀ ਸੱਭਿਅਤਾ ਨਾਲ ਜੁੜਦੀ ਹੈ ਜਦੋਂ ਇਸ ਨੂੰ ‘ਸਪਤ ਸਿੰਧੂ’ (ਸੱਤ ਦਰਿਆਵਾਂ ਦੀ ਧਰਤੀ) ਕਿਹਾ ਜਾਂਦਾ ਸੀ। ਉਸ ਸਮੇਂ ਦੇ ਸ਼ਹਿਰਾਂ ਹੜੱਪਾ ਤੇ ਮਹਿੰਜੋਦਾੜੋ ਦੀ ਹੋਈ ਖੁਦਾਈ ਤੋਂ ਬਾਅਦ ਪੰਜਾਬ ਨਾਲ ਜੁੜੀ ਇਸ ਸੱਭਿਅਤਾ ਦੇ ਨਕਸ਼ ਉੱਘੜੇ ਹੋਏ ਸਾਫ਼ ਦਿਖਾਈ ਦਿੱਤੇ। ਹੋਰ ਅੱਗੇ ਚੱਲੀਏ ਤਾਂ ਯੂਨਾਨ ਦੇ ਰਾਜੇ ਸਿਕੰਦਰ ਨੂੰ 325 ਬੀ.ਸੀ. ਵਿਚ ਪੰਜਾਬ ਦੇ ਰਾਜੇ ਪੋਰਸ ਨੇ ਬੜੀ ਬਹਾਦਰੀ ਨਾਲ ਠੱਲ੍ਹਿਆ ਸੀ। ਸਿਕੰਦਰ ਕੋਲੋਂ ਹਾਰ ਜਾਣ ਦੇ ਬਾਵਜੂਦ ਜਦੋਂ ਉਸ ਨੇ ਸਿਕੰਦਰ ਵੱਲੋਂ ਕੀਤੇ ਗਏ ਸੁਆਲ, ‘ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਏ’ ਦਾ ਜੁਆਬ ਬੜੀ ਨਿੱਡਰਤਾ ਅਤੇ ਦਲੇਰੀ ਨਾਲ ਦਿੱਤਾ ਸੀ, ‘ਜਿਹੜਾ ਇਕ ਜੇਤੂ ਰਾਜਾ ਹਾਰੇ ਹੋਏ ਰਾਜੇ ਨਾਲ ਕਰਦਾ ਹੈ’ ਜਿਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਰਾਜੇ ਪੋਰਸ ਨੂੰ ਉਸ ਦਾ ਰਾਜ ਵਾਪਸ ਕਰ ਦਿੱਤਾ ਸੀ। ਸੋਲ੍ਹਵੀਂ ਸਦੀ ਵਿਚ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਵਿਰੁੱਧ ਆਵਾਜ਼ ਉਠਾਈ।

ਆਧੁਨਿਕ ਸਮੇਂ ਦੀ ਕਹਾਣੀ ਬਹਾਦਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਆਰੰਭ ਹੁੰਦੀ ਹੈ ਜਿਸ ਨੇ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਮੁਗ਼ਲ-ਰਾਜ ਨਾਲ ਮੱਥਾ ਲਾਇਆ ਸੀ। ਉਸ ਨੇ ਸਰਹਿੰਦ ਨੂੰ ਮਲ਼ੀਆਮੇਟ ਕਰਕੇ ਉਸ ਦੇ ਨਵਾਬ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਅਤੇ ਨਾਲ ਹੀ ਪੰਜਾਬ ਨੂੰ ਮੁਗ਼ਲਾਂ ਕੋਲੋਂ ਆਜ਼ਾਦ ਕਰਾ ਕੇ 1709-10 ਵਿਚ ‘ਆਜ਼ਾਦ ਸਿੱਖ ਰਾਜ’ ਦੀ ਸਥਾਪਨਾ ਕੀਤੀ ਸੀ। ਉਸ ਨੇ ਵਾਹੀ ਕਰਨ ਵਾਲੇ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਦੇ ਅਧਿਕਾਰ ਦਿੱਤੇ ਅਤੇ ਉਨ੍ਹਾਂ ਨੂੰ ‘ਮੁਜ਼ਾਰਿਆਂ’ ਤੋਂ ਜ਼ਮੀਨਾਂ ਦੇ ‘ਮਾਲਕ’ ਬਣਾਇਆ। ਇਹ ਵੱਖਰੀ ਗੱਲ ਹੈ ਕਿ 1716 ਵਿਚ ਉਸ ਦੀ ਹੋਈ ਸ਼ਹੀਦੀ ਤੋਂ ਬਾਅਦ ਪੰਜਾਬ ਉੱਪਰ ਫਿਰ ਰਾਜ ਮੁਗ਼ਲਾਂ ਅਤੇ ਅਫ਼ਗਾਨੀਆਂ ਦਾ ਹੋ ਗਿਆ।

ਭਾਰਤ ਉੱਪਰ ਹਮਲੇ ਕਰਨ ਵਾਲੇ ਅਬਦਾਲੀ (ਦੁਰਾਨੀ), ਗ਼ਜ਼ਨਵੀ ਤੇ ਹੋਰ ਹਮਲਾਵਰ ਪੰਜਾਬ ਦੀ ਹਿੱਕ ਉੱਪਰੋਂ ਲੰਘ ਕੇ ਅੱਗੇ ਲੁੱਟਣ ਲਈ ਜਾਂਦੇ ਰਹੇ। ਪੰਜਾਬ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕਿਆ, ਪਰ ਪੰਜਾਬ ਦੇ ਗਿਣੇ-ਚੁਣੇ ਸਿਰਲੱਥ ਤੇ ਸੂਰਬੀਰ ਯੋਧੇ, ਜਿਨ੍ਹਾਂ ਦਾ ਉਦੋਂ ਜੰਗਲਾਂ ਵਿਚ ਘੋੜਿਆਂ ਦੀਆਂ ਕਾਠੀਆਂ ਉੱਪਰ ‘ਨਿਵਾਸ’ ਸੀ, ਉਹ ਹਮਲਾਵਰਾਂ ਕੋਲੋਂ ਲੁੱਟ ਦਾ ਮਾਲ ਖੋਹ ਲੈਂਦੇ ਸਨ ਅਤੇ ਉਨ੍ਹਾਂ ਵੱਲੋਂ ਬੰਦੀ ਬਣਾਈਆਂ ਗਈਆਂ ਭਾਰਤੀ ਧੀਆਂ/ਭੈਣਾਂ ਨੂੰ ਆਜ਼ਾਦ ਕਰਵਾ ਕੇ ਉਨ੍ਹਾਂ ਦੇ ਮਾਪਿਆਂ ਤਕ ਸੁਰੱਖਿਅਤ ਪਹੁੰਚਾਉਂਦੇ ਰਹੇ। ਇਹ ਸਿਲਸਿਲਾ 1748 ਤੋਂ 1763 ਤਕ ਚੱਲਦਾ ਰਿਹਾ। ਫਿਰ 1764-65 ਵਿਚ ਪੰਜਾਬ ਉੱਪਰ 12 ਵੱਖ-ਵੱਖ ਸਿੱਖ ਮਿਸਲਾਂ ਦਾ ਰਾਜ ਬਣ ਗਿਆ ਜਿਸ ਨੂੰ 1780 ਵਿਚ ਸ਼ੁਕਰਚੱਕੀਆ ਮਿਸਲ ਵਿਚ ਪੈਦਾ ਹੋਏ ਰਣਜੀਤ ਸਿੰਘ ਨੇ ਹੋਰ ਸਿੱਖ ਮਿਸਲਾਂ ਨਾਲ ਲੜ-ਭਿੜ ਕੇ ਜਾਂ ਉਨ੍ਹਾਂ ਨਾਲ ਸਮਝੌਤੇ ਕਰਕੇ ਇਕ ਵਾਰ ਫਿਰ ਸਿੱਖ ਰਾਜ ਦੀ ਸਥਾਪਨਾ ਕੀਤੀ ਜਿਸ ਵਿਚ ਅਜੋਕੇ ਪਾਕਿਸਤਾਨ ਦੇ ਸੂਬੇ ਮੁਲਤਾਨ, ਪਿਸ਼ਾਵਰ ਤੇ ਜੰਮੂ-ਕਸ਼ਮੀਰ (ਭਾਰਤ ਤੇ ਪਾਕਿਸਤਾਨ ਦੋਹਾਂ ਦੇ) ਵੀ ਸ਼ਾਮਲ ਸਨ, ਜਿਸ ਦੀਆਂ ਹੱਦਾਂ ਅਟਕ ਤੋਂ ਲੈ ਕੇ ਸਤਲੁਜ ਦਰਿਆ ਤਕ ਸਨ। ਇਸ ਮਹਾਰਾਜੇ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਏ ਨੇ ਕਿਸੇ ਵੀ ਹਮਲਾਵਰ ਨੂੰ ਅਟਕ ਦਰਿਆ ਪਾਰ ਨਹੀਂ ਸੀ ਕਰਨ ਦਿੱਤਾ ਅਤੇ ਉਨ੍ਹਾਂ ਨੂੰ ਇਸ ਤੋਂ ਦੂਰ ਹੀ ਅਟਕਾਈ ਰੱਖਿਆ। ਇੰਗਲੈਂਡ ਤੋਂ ਵਪਾਰ ਕਰਨ ਆਈ ਅੰਗਰੇਜ਼ੀ ‘ਈਸਟ ਇੰਡੀਆ ਕੰਪਨੀ’ ਧੱਕੇ ਨਾਲ 1757 ਵਿਚ ਬਾਕੀ ਸਾਰੇ ਭਾਰਤ ਦੀ ਮਾਲਕ ਬਣ ਬੈਠੀ, ਪਰ ਉਹ ਵੀ ਪੰਜਾਬ ਦੇ ਸ਼ਕਤੀਸ਼ਾਲੀ ਮਹਾਰਾਜਾ ਰਣਜੀਤ ਸਿੰਘ ਤੋਂ ਡਰਦੀ ਪੰਜਾਬ ਤੋਂ ਕਈ ਸਾਲ ਦੂਰ ਹੀ ਰਹੀ ਅਤੇ ਉਸ ਨੂੰ ਮਹਾਰਾਜੇ ਨਾਲ 1809 ਵਿਚ ‘ਫਿਲੌਰ ਦੀ ਇਤਿਹਾਸਕ ਸੰਧੀ’ ਕਰਨੀ ਪਈ ਸੀ। 1839 ਵਿਚ ਇਸ ਬੁੱਧੀਮਾਨ ਮਹਾਰਾਜੇ ਦੀ ਮੌਤ ਤੋਂ ਬਾਅਦ ਸਿੱਖ ਸਰਦਾਰਾਂ ਵਿਚ ਹੋਈ ਖ਼ਾਨਾਜੰਗੀ ਤੋਂ ਬਾਅਦ ਸਿੱਖ ਰਾਜ ਕਮਜ਼ੋਰ ਹੋ ਜਾਣ ਕਾਰਨ ਅੰਗਰੇਜ਼ਾਂ ਵੱਲੋਂ ਇਸ ਸੰਧੀ ਦੀ ਉਲੰਘਣਾ ਕਰਦਿਆਂ ਹੋਇਆਂ ਫੇਰੂ ਸ਼ਹਿਰ, ਸਭਰਾਵਾਂ ਅਤੇ ਮੁੱਦਕੀ ਦੀਆਂ ਲੜਾਈਆਂ ਤੋਂ ਬਾਅਦ ਪੰਜਾਬ ਨੂੰ ਵੀ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ ਗਿਆ।

ਫਿਰ ਭਾਰਤ ਦੀ ਆਜ਼ਾਦੀ ਦੀ ਲੜਾਈ ਆਰੰਭ ਹੋ ਗਈ। 1857 ਦੇ ‘ਗ਼ਦਰ’ ਨੂੰ ਭਾਵੇਂ ਇਤਿਹਾਸ ਵਿਚ ‘ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ’ ਦਾ ਨਾਂ ਦਿੱਤਾ ਜਾਂਦਾ ਹੈ, ਪਰ ਉਹ ਮੁੱਖ ਤੌਰ ’ਤੇ ਭਾਰਤ ਦੀਆਂ ਵੱਖ-ਵੱਖ ਰਿਆਸਤਾਂ ਦੇ ਰਾਜਿਆਂ ਵੱਲੋਂ ਅੰਗਰੇਜ਼ਾਂ ਤੋਂ ਆਪਣੇ ਰਾਜਾਂ ਨੂੰ ਬਚਾਉਣ ਦੀ ਹੀ ਲੜਾਈ ਸੀ, ਉਹ ਲੜਾਈ ਭਾਵੇਂ ਦਿੱਲੀ ਦੇ ਰਾਜੇ ਬਹਾਦਰ ਸ਼ਾਹ ਜ਼ਫ਼ਰ, ਮੈਸੂਰ ਰਿਆਸਤ ਦੇ ਟੀਪੂ ਸੁਲਤਾਨ, ਮੈਵਾੜ ਦੇ ਰਾਣਾ ਸਾਂਘਾ, ਗਵਾਲੀਅਰ ਦੇ ਤਾਂਤੀਆ ਤੋਪੇ ਦੀ ਸੀ ਜਾਂ ਝਾਂਸੀ ਰਿਆਸਤ ਦੀ ‘ਝਾਂਸੀ ਦੀ ਰਾਣੀ’ ਦੀ ਜਾਂ ਹੋਰ ਛੋਟੀਆਂ ਰਿਆਸਤਾਂ ਦੇ ਰਾਜਿਆਂ ਦੀ ਸੀ, ਪਰ ਇਹ ਕਿਸੇ ਯੋਜਨਾਬੱਧ ਢੰਗ ਨਾਲ ਇਕਮੁੱਠਤਾ ਨਾਲ ਲੜੀ ਜਾਣ ਵਾਲੀ ਲੜਾਈ ਨਹੀਂ ਸੀ। ਨਤੀਜੇ ਵਜੋਂ, ਇਸ ਵਿਚ ਇਨ੍ਹਾਂ ਰਾਜਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਅੰਗਰੇਜ਼ਾਂ ਦੀ ਜਿੱਤ ਹੋਈ।

ਭਾਰਤ ਦੀ ਆਜ਼ਾਦੀ ਲਈ ਲੜੀ ਗਈ ‘ਅਸਲੀ ਲੜਾਈ’ ਵਿਚ ਪੰਜਾਬ ਦੇ ਸੂਰਬੀਰਾਂ ਨੇ 80 ਫ਼ੀਸਦੀ ਤੋਂ ਵਧੇਰੇ ਕੁਰਬਾਨੀਆਂ ਦਿੱਤੀਆਂ, ਭਾਵੇਂ ਪੰਜਾਬ ਦੀ ਆਬਾਦੀ ਭਾਰਤ ਦੀ ਕੁੱਲ ਆਬਾਦੀ ਦਾ ਕੇਵਲ 2 ਫ਼ੀਸਦੀ ਹਿੱਸਾ ਹੀ ਸੀ। ਕੁਰਬਾਨੀਆਂ ਦੇਣ ਵਾਲਿਆਂ ਵਿਚ ਅਗਲਾ ਨੰਬਰ ਬੰਗਾਲ ਦੇ ਯੋਧਿਆਂ ਦਾ ਸੀ ਅਤੇ ਬਾਕੀ ਸੂਬਿਆਂ ਵਾਲੇ ਤਾਂ ਇਸ ਪੱਖੋਂ ਇਨ੍ਹਾਂ ਦੋਵਾਂ ਤੋਂ ਬਹੁਤ ਪਿੱਛੇ ਰਹੇ। ‘ਗ਼ਦਰੀ ਬਾਬਿਆਂ’ ਨੇ ਅਮਰੀਕਾ ਦੇ ਸ਼ਹਿਰ ਸਾਂ-ਫਰਾਂਸਿਸਕੋ ਵਿਚ 1913 ਵਿਚ ‘ਗ਼ਦਰ ਲਹਿਰ’ ਦੀ ਸ਼ੁਰੂਆਤ ਕੀਤੀ। ਲੋਕਾਂ ਨੂੰ ਆਜ਼ਾਦੀ ਪ੍ਰਤੀ ਜਾਗਰੂਕ ਕਰਨ ਲਈ ਉਨ੍ਹਾਂ ਉਰਦੂ, ਪੰਜਾਬੀ ਤੇ ਬੰਗਾਲੀ ਭਾਸ਼ਾਵਾਂ ਵਿਚ ਅਖ਼ਬਾਰ ‘ਗ਼ਦਰ’ ਆਰੰਭ ਕੀਤਾ। ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ ਤੇ ਹਰਨਾਮ ਸਿੰਘ ਟੁੰਡੀਲਾਟ ਵਰਗੇ ਇਸ ਦੇ ਸੰਚਾਲਕ ਖ਼ਬਰਾਂ ਤੇ ਲੇਖ ਲਿਖਦੇ, ਹੱਥ ਵਾਲੇ ਟੋਕੇ ਵਾਂਗ ਚੱਲਣ ਵਾਲੀ ‘ਪ੍ਰਿੰਟਿੰਗ-ਪ੍ਰੈੱਸ’ ਨਾਲ ਇਸ ਅਖ਼ਬਾਰ ਦੀਆਂ ਹਜ਼ਾਰਾਂ ਕਾਪੀਆਂ ਤਿਆਰ ਕਰਦੇ ਅਤੇ ਸਾਈਕਲਾਂ ’ਤੇ ਜਾ ਕੇ ਇਸ ਨੂੰ ਲੋਕਾਂ ਦੇ ਘਰੀਂ ਪਹੁੰਚਾਉਂਦੇ। ਇਸ ਦਾ ਪਹਿਲਾ ਅੰਕ ਉਰਦੂ ਵਿਚ 1 ਨਵੰਬਰ 1913 ਨੂੰ ਛਪਿਆ। 1914 ਵਿਚ ਬਾਬਾ ਗੁਰਦਿੱਤ ਸਿੰਘ 400 ਦੇ ਕਰੀਬ ਪੰਜਾਬੀਆਂ ਨਾਲ ਭਰਿਆ ਹੋਇਆ ‘ਗੁਰੂ ਨਾਨਕ ਜਹਾਜ਼’ (ਕਾਮਾਗਾਟਾ ਮਾਰੂ) ਭਾਰਤ ਤੋਂ ਲੈ ਕੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਸਮੁੰਦਰੀ ਪਾਣੀਆਂ ਵਿਚ ਜਾ ਪਹੁੰਚਿਆ, ਪਰ ਸਮੇਂ ਦੀ ਅੰਗਰੇਜ਼ ਸਰਕਾਰ ਨੇ ਉਸ ਨੂੰ ਕੰਢੇ ਨਾ ਲੱਗਣ ਦਿੱਤਾ ਅਤੇ ਦੋ ਮਹੀਨੇ ਸਮੁੰਦਰ ਵਿਚ ਖੜ੍ਹਾ ਰਹਿਣ ਪਿੱਛੋਂ ਉਸ ਨੂੰ ਪਰਤਣਾ ਪਿਆ ਅਤੇ ਵਾਪਸੀ ’ਤੇ ਕਲਕੱਤੇ ਦੇ ‘ਬਜਬਜ-ਘਾਟ’ ’ਤੇ ਉਸ ਦੇ ਮੁਸਾਫ਼ਰਾਂ ਨੂੰ ਭਾਰਤ ਦੀ ਅੰਗਰੇਜ਼ ਸਰਕਾਰ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ।

ਪੰਜਾਬ ਦੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਦੇ ਜੱਲ੍ਹਿਆਂ ਵਾਲੇ ਬਾਗ਼ ਵਿਚ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਹਿੰਦੂ, ਸਿੱਖ, ਮੁਸਲਿਮ ਭੈਣ-ਭਰਾਵਾਂ ਦਾ ਸਾਂਝਾ ਜਲਸਾ ਹੋਇਆ ਜਿਸ ਵਿਚ ਆਗੂਆਂ ਵੱਲੋਂ ਭਾਰਤ ਲਈ ਆਜ਼ਾਦੀ ਦੀ ਮੰਗ ਕੀਤੀ ਗਈ। ਅੰਗਰੇਜ਼ ਸਰਕਾਰ ਦੇ ਗਵਰਨਰ ਮਾਈਕਲ ਓਡਵਾਇਰ ਦੇ ਹੁਕਮਾਂ ’ਤੇ ਬ੍ਰਿਗੇਡੀਅਰ ਡਾਇਰ ਵੱਲੋਂ ਇਨ੍ਹਾਂ ਨਿਹੱਥੇ ਦੇਸ਼ ਭਗਤਾਂ ਉੱਪਰ ਅੰਨ੍ਹੇਵਾਹ ਗੋਲ਼ੀਆਂ ਚਲਵਾਈਆਂ ਗਈਆਂ ਜਿਨ੍ਹਾਂ ਨਾਲ ਇਕ ਹਜ਼ਾਰ ਤੋਂ ਵੱਧ ਸ਼ਹੀਦ ਅਤੇ ਦੋ ਹਜ਼ਾਰ ਤੋਂ ਵਧੇਰੇ ਜ਼ਖ਼ਮੀ ਹੋ ਗਏ ਸਨ। ਇਸ ਖ਼ੂਨੀ ਕਾਂਡ ਦਾ ਬਦਲਾ ਪੰਜਾਬ ਦੇ ਹੋਣਹਾਰ ਸਪੁੱਤਰ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਨੇ 21 ਸਾਲ ਬਾਅਦ ਲੰਡਨ ਜਾ ਕੇ ਕੈਕਸਟਨ ਹਾਲ ਵਿਚ ਚੱਲ ਰਹੇ ਇਕ ਸਮਾਗਮ ਦੌਰਾਨ ਮਾਈਕਲ ਓਡਵਾਇਰ ਨੂੰ ਸਾਰਿਆਂ ਦੇ ਸਾਹਮਣੇ ਸ਼ਰੇਆਮ ਗੋਲ਼ੀਆਂ ਮਾਰ ਕੇ ਲਿਆ ਅਤੇ ਇਸ ਦੇ ਬਦਲੇ ਹੋਈ ਸਜ਼ਾ ਵਿਚ 30 ਜੂਨ 1940 ਨੂੰ ਫਾਂਸੀ ਦਾ ਰੱਸਾ ਚੁੰਮਿਆ। 24 ਸਾਲਾਂ ਦੇ ਨੌਜੁਆਨ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ 23 ਮਾਰਚ 1931 ਨੂੰ ਆਪਣੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀਆਂ ਦੇ ਰੱਸੇ ਆਪਣੇ ਹੱਥੀਂ ਆਪਣੇ ਗਲ਼ਾਂ ਵਿਚ ਪਾਏ।

ਹਾਰ-ਹੰਭ ਕੇ ਆਖ਼ਰ ਅੰਗਰੇਜ਼ਾਂ ਨੇ 15 ਅਗਸਤ 1947 ਨੂੰ ਭਾਰਤ ਛੱਡਣ ਦਾ ਫ਼ੈਸਲਾ ਕੀਤਾ, ਪਰ ਜਾਂਦੇ-ਜਾਂਦੇ ਉਹ ਪੰਜਾਬ ਅਤੇ ਬੰਗਾਲ ਦੇ ਸੂਬੇ ਵਿਚ ਵੰਡੀਆਂ ਪਾ ਗਏ। ਇਨ੍ਹਾਂ ਦੋਵਾਂ ਨੂੰ ਦੋ-ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਅਤੇ ਇਨ੍ਹਾਂ ਦੇ ਪੂਰਬੀ ਤੇ ਪੱਛਮੀ ਭਾਗਾਂ ਵਿਚ ਹਿੰਦੂ, ਸਿੱਖ ਅਤੇ ਮੁਸਲਿਮ ਆਬਾਦੀ ਦੇ ਤਬਾਦਲੇ ਦੇ ਹੁਕਮ ਚਾੜ੍ਹ ਦਿੱਤੇ। ਇਸ ਦੇ ਨਾਲ ਹੀ ਇਨ੍ਹਾਂ ਤਿੰਨਾਂ ਕੌਮਾਂ ਵਿਚ ਭਾਰੀ ਨਫ਼ਰਤ ਦੀ ਅੱਗ ਫੈਲਾਅ ਦਿੱਤੀ ਗਈ, ਜਿਸ ਦੇ ਨਤੀਜੇ ਵਜੋਂ ਦੋਵਾਂ ਸੂਬਿਆਂ ਵਿਚ ਲੱਖਾਂ ਲੋਕੀਂ ਆਪਸੀ ਹਿੰਸਾ ਦੀ ਭੇਟ ਚੜ੍ਹ ਗਏ ਅਤੇ ਕਈ ਕਰੋੜਾਂ ਦੀ ਜਾਇਦਾਦ ਦਾ ਅੱਗ ਵਿਚ ਸੜ ਕੇ ਮਾਲੀ ਨੁਕਸਾਨ ਹੋਇਆ। ‘ਪੰਜ-ਆਬ’ (ਪੰਜ ਦਰਿਆ) ਵੀ ਵੰਡ ਕੇ ਢਾਈ-ਢਾਈ ਆਬ ਕਰ ਦਿੱਤੇ ਗਏ। ਸਤਲੁਜ, ਬਿਆਸ ਤੇ ਅੱਧਾ ਰਾਵੀ ਪੂਰਬੀ ਪੰਜਾਬ ਵਿਚ ਅਤੇ ਜੇਹਲਮ, ਚਨਾਬ ਤੇ ਅੱਧਾ ਰਾਵੀ ਪੱਛਮੀ ਪੰਜਾਬ ਵਿਚ ਵਗਣ ਲੱਗੇ। ਇਹ ਦਰਦਨਾਕ ਕਾਂਡ ਅਜੇ ਭੁੱਲਿਆ ਨਹੀਂ ਸੀ ਕਿ ਜੂਨ 1984 ਵਿਚ ਅੰਮ੍ਰਿਤਸਰ ਅਤੇ ਨਵੰਬਰ 1984 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ ਵੱਡੇ ਖੂਨੀ ਕਾਂਡ ਹੋ ਗਏ। ਪੰਜਾਬ ਨੇ ਫਿਰ ਖੂਨ ਦੇ ਅੱਥਰੂ ਵਹਾਏ, ਪਰ ਇਨ੍ਹਾਂ ਨੂੰ ਵੇਖਣ ਤੇ ਸਮਝਣ ਵਾਲਾ ਕੌਣ ਸੀ? ਜਿਨ੍ਹਾਂ ਨੇ ਇਹ ਵੇਖਣੇ ਸਨ, ਉਹ ਤਾਂ ਖ਼ੁਦ ਆਪ ਇਹ ਸਭ ਕਰਵਾਉਣ ਵਾਲਿਆਂ ਵਿਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਬਾਅਦ ਵਿਚ ਉੱਚ-ਪਦਵੀਆਂ ਅਤੇ ਮੰਤਰੀਆਂ ਦੀਆਂ ਕੁਰਸੀਆਂ ਨਾਲ ਨਿਵਾਜਿਆ ਗਿਆ।

ਪੰਜਾਬ ਸਬੰਧੀ ਮਸ਼ਹੂਰ ਕਹਾਵਤ ਹੈ:

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।

ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੂੰ ਸਮੇਂ-ਸਮੇਂ ਨਵੀਆਂ-ਨਵੀਆਂ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਇਤਿਹਾਸ ਹੁਣ ਵੀ ਦੁਹਰਾਇਆ ਜਾ ਰਿਹਾ ਹੈ। ਕਿਸਾਨ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ’ਤੇ ਹਨ। ਆਪਣੇ ਨਾਲ ਹੋ ਰਹੇ ਅਨਿਆਂ ਵਿਰੁੱਧ ਪੰਜਾਬ ਦੇ ਕਿਸਾਨਾਂ ਨੇ ਰੇਲ ਗੱਡੀਆਂ ਰੋਕਣ ਲਈ ਰੇਲ ਪਟੜੀਆਂ ਅਤੇ ਪਲੈਟਫਾਰਮਾਂ ’ਤੇ ਧਰਨੇ ਦਿੱਤੇ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਕਿਸਾਨ 26 ਨਵੰਬਰ ਤੋਂ ਦਿੱਲੀ ਦੇ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ਉੱਪਰ ਬੈਠੇ ਹਨ। ਹੁਣ ਆਲਮ ਇਹ ਹੈ ਕਿ ਉੱਤਰ-ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਅਤੇ ਮੱਧ-ਪ੍ਰਦੇਸ਼ ਦੇ ਕਿਸਾਨ ਵੀ ਕਿਸਾਨਾਂ ਨਾਲ ਗਾਜ਼ੀਪੁਰ ਵਾਲੇ ਬਾਰਡਰ ’ਤੇ ਆ ਕੇ ਡਟ ਗਏ। ਕਿਸਾਨਾਂ ਨੂੰ ਦਿੱਲੀ ਵਿਚ ਡਟਿਆਂ ਨੂੰ 26 ਮਈ ਨੂੰ ਪੂਰੇ ਛੇ ਮਹੀਨੇ ਹੋ ਗਏ ਹਨ।

ਸੰਪਰਕ: 647-567-9128

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All