DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੁੱਟੀ ਡੰਡੀ ਵਾਲਾ ਕੱਪ

ਮਾਰਚ ਦਾ ਕੋਸਾ ਕੋਸਾ ਦਿਨ ਸੀ। ਮੈਂ ਜਲਦੀ ਹੀ ਯੂਨੀਵਰਸਿਟੀ ਚਲੇ ਗਿਆ ਕਿਉਂਕਿ ਕ੍ਰਿਏਟਿਵ ਇੰਗਲਿਸ਼ ਰਾਈਟਿੰਗ ਦੇ ਪ੍ਰੋਫੈਸਰ ਅਤੇ ਵਿਭਾਗ ਦੇ ਚੇਅਰ ਡਾ. ਐਡਮ ਨੂੰ ਸਟਾਰਬੱਕਸ ਕੌਫ਼ੀ ਹਾਊਸ ਵਿੱਚ ਦੋ ਵਜੇ ਮਿਲਣਾ ਸੀ। ਜਦੋਂ ਮੈਂ ਕੌਫ਼ੀ ਹਾਉਸ ਵਿੱਚ ਪੰਜ ਕੁ...

  • fb
  • twitter
  • whatsapp
  • whatsapp
Advertisement

ਮਾਰਚ ਦਾ ਕੋਸਾ ਕੋਸਾ ਦਿਨ ਸੀ। ਮੈਂ ਜਲਦੀ ਹੀ ਯੂਨੀਵਰਸਿਟੀ ਚਲੇ ਗਿਆ ਕਿਉਂਕਿ ਕ੍ਰਿਏਟਿਵ ਇੰਗਲਿਸ਼ ਰਾਈਟਿੰਗ ਦੇ ਪ੍ਰੋਫੈਸਰ ਅਤੇ ਵਿਭਾਗ ਦੇ ਚੇਅਰ ਡਾ. ਐਡਮ ਨੂੰ ਸਟਾਰਬੱਕਸ ਕੌਫ਼ੀ ਹਾਊਸ ਵਿੱਚ ਦੋ ਵਜੇ ਮਿਲਣਾ ਸੀ। ਜਦੋਂ ਮੈਂ ਕੌਫ਼ੀ ਹਾਉਸ ਵਿੱਚ ਪੰਜ ਕੁ ਮਿੰਟ ਪਹਿਲਾਂ ਪਹੁੰਚਿਆ ਤਾਂ ਡਾ. ਐਡਮ ਨੁੱਕਰ ਦੇ ਟੇਬਲ ’ਤੇ ਆਪਣਾ ਕੌਫ਼ੀ ਦਾ ਕੱਪ ਲੈ ਕੇ ਬੈਠੇ, ਮੇਰੀ ਉਡੀਕ ਕਰ ਰਹੇ ਸਨ। ਦਰਅਸਲ, ਇਸ ਮੁਲਕ ਵਿੱਚ ਹਰ ਵਿਅਕਤੀ ਸਮੇਂ ਦੀ ਬਹੁਤ ਕਦਰ ਕਰਦਾ ਹੈ ਅਤੇ ਨਿਸ਼ਚਿਤ ਸਮੇਂ ਤੋਂ ਕਦੇ ਵੀ ਲੇਟ ਨਹੀਂ ਹੁੰਦਾ। ਹਰੇਕ ਲਈ ਆਪਣਾ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੈ। ਵੈਸੇ ਵੀ ਯੂਨੀਵਰਸਿਟੀ ਵਿੱਚ ਚੇਅਰ ਲਈ ਆਪਣੇ ਅਕਾਦਮਿਕ ਰੁਝੇਵਿਆਂ ਤੋਂ ਇਲਾਵਾ ਬਹੁਤ ਸਾਰੇ ਪ੍ਰਬੰਧਕੀ ਕਾਰਜ ਵੀ ਹੁੰਦੇ ਹਨ। ਅਸੀਂ ਬੜੇ ਤਪਾਕ ਨਾਲ ਇੱਕ ਦੂਜੇ ਨੂੰ ਮਿਲੇ।

ਦਰਅਸਲ, ਅਸੀਂ ਇੱਕ ਵਾਰ ਪਹਿਲਾਂ ਵੀ ਮਿਲ ਚੁੱਕੇ ਸਾਂ ਜਦੋਂ ਮੈਂ ਆਪਣੇ ਚੋਣਵੇਂ ਲੇਖਾਂ ਦੀ ਅੰਗਰੇਜ਼ੀ ਵਿੱਚ ਅਨੁਵਾਦਤ ਕਿਤਾਬ ਉਨ੍ਹਾਂ ਨੂੰ ਦਿੱਤੀ ਸੀ। ਅੱਜ ਉਸ ਕਿਤਾਬ ’ਤੇ ਡਾ. ਐਡਮ ਦੇ ਵਿਚਾਰ ਅਤੇ ਪ੍ਰਤੀਕਰਮ ਜਾਣਨ ਲਈ ਮਿਲਣ ਦਾ ਸਬੱਬ ਬਣਾਇਆ ਸੀ। ਮਿਲ ਬੈਠਣ ਲਈ ਇਹ ਥਾਂ ਸਭ ਤੋਂ ਵਧੀਆ ਹੁੰਦੀ ਹੈ ਕਿਉਂਕਿ ਤੁਸੀਂ ਕੌਫ਼ੀ ਦੇ ਘੁੱਟ ਭਰਦੇ ਹੋਏ ਅਕਾਦਮਿਕ ਵਿਸ਼ਿਆਂ ’ਤੇ ਡੂੰਘੀ ਤੇ ਗੰਭੀਰ ਚਰਚਾ ਕਰ ਸਕਦੇ ਹੋ। ਮੈਂ ਜਦੋਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿਹੜੀ ਕੌਫ਼ੀ ਪੀਵੋਗੇ ਤਾਂ ਉਨ੍ਹਾਂ ਨੇ ਕਿਹਾ, “ਮੈਂ ਤਾਂ ਆਪਣੀ ਕੌਫ਼ੀ ਪੀ ਰਿਹਾ ਹਾਂ। ਮੈਂ ਕੌਫ਼ੀ ਪੀਂਦਿਆਂ ਆਪਣੇ ਦਫ਼ਤਰ ਵਿੱਚ ਰੁੱਝਿਆ ਹੋਇਆ ਸਾਂ। ਫਿਰ ਮੈਨੂੰ ਆਪਣੀ ਮੀਟਿੰਗ ਦਾ ਖ਼ਿਆਲ ਆਇਆ ਤਾਂ ਮੈਂ ਆਪਣਾ ਕੌਫ਼ੀ ਦਾ ਕੱਪ ਨਾਲ ਹੀ ਲੈ ਕੇ ਆ ਗਿਆ।”

Advertisement

ਦਰਅਸਲ, ਹਰ ਪ੍ਰੋਫ਼ੈਸਰ ਕੌਫ਼ੀ ਦੀ ਮਸ਼ੀਨ ਆਪਣੇ ਕਮਰੇ ਵਿੱਚ ਰੱਖਦਾ ਹੈ ਅਤੇ ਜਦੋਂ ਵੀ ਚਿੱਤ ਕਰੇ ਆਪਣੀ ਕੌਫ਼ੀ ਖ਼ੁਦ ਬਣਾ ਕੇ ਪੀ ਲੈਂਦਾ ਹੈ। ਅਜਿਹਾ ਨਹੀਂ ਕਿ ਸੇਵਾਦਾਰ ਨੂੰ ਹਾਕ ਮਾਰੋ ਕਿ ਮੇਰੇ ਲਈ ਚਾਹ ਜਾਂ ਕੌਫ਼ੀ ਲੈ ਕੇ ਆ। ਮੈਨੂੰ ਪਹਿਲੀ ਵਾਰ ਬਹੁਤ ਅਚੰਭਾ ਲੱਗਾ ਸੀ ਜਦੋਂ ਮੈਂ ਡੀਨ ਸਾਇੰਸਜ਼, ਡਾ. ਵ੍ਹਾਈਟ ਨੂੰ ਪਹਿਲੀ ਵਾਰ ਉਨ੍ਹਾਂ ਦੇ ਦਫ਼ਤਰ ਮਿਲਣ ਗਿਆ ਤਾਂ ਉਨ੍ਹਾਂ ਨੇ ਆਪਣੇ ਹੱਥੀਂ ਮੇਰੇ ਅਤੇ ਆਪਣੇ ਲਈ ਕੌਫ਼ੀ ਬਣਾਈ। ਕੌਫ਼ੀ ਪੀਂਦਿਆਂ ਹੀ ਉਨ੍ਹਾਂ ਨੇ ਮੇਰੇ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਕਿਹਾ ਕਿ ਸਾਨੂੰ ਇੱਕ ਫਿਜ਼ਿਕਸ ਦੇ ਪ੍ਰੋੋਫੈਸਰ ਦੀ ਲੋੜ ਹੈ ਜਿਹੜਾ ਕੁਝ ਕੋਰਸ ਪੜ੍ਹਾ ਸਕੇ।

Advertisement

ਡਾ. ਐਡਮ ਉੱਠਦਿਆਂ ਹੋਇਆਂ ਕਹਿਣ ਲੱਗੇ ਕਿ ਚੱਲੋ! ਤੁਹਾਡੇ ਲਈ ਕੌਫ਼ੀ ਲੈ ਆਈਏ ਤੇ ਫਿਰ ਬੈਠਦੇ ਹਾਂ। ਇੱਥੇ ਇਹ ਵੀ ਰਿਵਾਜ਼ ਹੈ ਕਿ ਹਰ ਵਿਅਕਤੀ ਆਪਣੀ ਕੌਫ਼ੀ ਦੇ ਪੈਸੇ ਖ਼ੁਦ ਦਿੰਦਾ ਹੈ। ਜਦੋਂ ਮੈਂ ਆਪਣੀ ਕੌਫ਼ੀ ਲੈ ਕੇ ਟੇਬਲ ’ਤੇ ਬੈਠਾ ਤਾਂ ਚਾਣਚੱਕ ਮੇਰੀ ਨਜ਼ਰ ਉਨ੍ਹਾਂ ਦੇ ਕੌਫ਼ੀ ਦੇ ਕੱਪ ’ਤੇ ਪਈ ਜਿਸ ਦੀ ਡੰਡੀ ਹੀ ਨਹੀਂ ਸੀ। ਉਹ ਪੁਰ ਖ਼ਲੂਸ ਅੰਦਾਜ਼ ਵਿੱਚ ਆਪਣੇ ਕੱਪ ਵਿੱਚ ਕੌਫ਼ੀ ਦਾ ਆਨੰਦ ਮਾਣਦੇ ਹੋਏ ਮੇਰੀ ਕਿਤਾਬ ਬਾਰੇ ਆਪਣੇ ਵਿਚਾਰ ਦੱਸਣ ਲੱਗੇ।

ਦੱਸਣ ਲੱਗੇ, ‘‘ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਕੋਈ ਫਿਜ਼ਿਕਸ ਦਾ ਪ੍ਰੋਫੈਸਰ ਫਿਲਾਸਫ਼ੀ, ਮਨੋਵਿਗਿਆਨ, ਸਮਾਜਿਕ ਵਿਗਿਆਨ, ਵਿਗਿਆਨ, ਮਾਨਵੀ ਕਦਰਾਂ -ਕੀਮਤਾਂ, ਵਿਅਕਤੀਤਵ ਵਿਕਾਸ, ਜ਼ਿੰਦਗੀ, ਮਨੁੱਖੀ ਭਵਨਾਵਾਂ, ਧਰਮ, ਕੁਦਰਤ ਆਦਿ ਦੇ ਸੁੰਦਰ ਤੇ ਵੱਖਰੇ ਸੁਮੇਲ ਰਾਹੀਂ ਆਪਣੇ ਖ਼ਿਆਲਾਂ ਨੂੰ ਕਾਵਿਕ ਰੂਪ ਵਿੱਚ ਪ੍ਰਗਟ ਕਰ ਸਕਦਾ ਹੈ। ਭਾਵੇਂ ਮੈਂ ਪੰਜਾਬੀ ਰਹਿਤਲ ਬਾਰੇ ਕੁਝ ਨਹੀਂ ਜਾਣਦਾ, ਪਰ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਮੈਂ ਬੜਾ ਕੁਝ ਉਸ ਵਿਰਾਸਤ ਅਤੇ ਸਮਾਜ ਬਾਰੇ ਜਾਣ ਲਿਆ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਕਿਸੇ ਦਿਨ ਇੰਗਲਿਸ਼ ਕ੍ਰਿਏਟਿਵ ਰਾਈਟਿੰਗ ਵਾਲੇ ਵਿਦਿਆਰਥੀਆਂ ਨਾਲ ਤੁਹਾਡਾ ਰੂਬਰੂ ਕਰਵਾਇਆ ਜਾਵੇ ਤਾਂ ਕਿ ਤੁਹਾਡੀ ਲਿਖਣ ਪ੍ਰੀਕਿਰਿਆ ਅਤੇ ਤੁਹਾਡੇ ਨਾਲ ਵਿਚਾਰ ਵਟਾਂਦਰੇ ਨਾਲ ਉਹ ਆਪਣੀ ਲਿਖਣ ਪ੍ਰਤਿਭਾ ਨੂੰ ਨਿਖਾਰ ਸਕਣ। ਵੈਸੇ ਵੀ ਅੰਗਰੇਜ਼ੀ ਤੋਂ ਵੱਖਰੀ ਸਾਹਿਤਕ ਲੇਖਣੀ ਪੜ੍ਹਨ ਨਾਲ ਤੁਹਾਨੂੰ ਕਈ ਪਸਾਰ ਅਜਿਹੇ ਮਿਲ ਜਾਂਦੇ ਹਨ ਜਿਨ੍ਹਾਂ ਬਾਰੇ ਕਈ ਵਾਰ ਅਸੀਂ ਨਹੀਂ ਜਾਣਦੇ ਹੁੰਦੇ।’’ ਸਾਡੀ ਇਹ ਗੱਲਬਾਤ ਬਹੁਤ ਹੀ ਲਾਹੇਵੰਦ ਰਹੀ ਅਤੇ ਫਿਰ ਮਿਲਣ ਦਾ ਵਾਅਦਾ ਕਰਕੇ ਅਸੀਂ ਘੰਟੇ ਦੀ ਮਿਲਣੀ ਤੋਂ ਬਾਅਦ ਆਪੋ-ਆਪਣੇ ਵਿਭਾਗਾਂ ਨੂੰ ਤੁਰ ਪਏ।

ਡਾ. ਐਡਮ ਦੀ ਸ਼ਖ਼ਸੀਅਤ ਕਮਾਲ ਦੀ, ਨਿਰਉਚੇਚ, ਆਪਣੀ ਮਸਤੀ ਵਿੱਚ ਰੰਗੇ ਹੋਏ ਇਨਸਾਨ ਦੀ ਹੈ। ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਇੰਨੇ ਵੱਡੇ ਰੁਤਬੇ ਵਾਲਾ ਸ਼ਖ਼ਸ ਤੁਹਾਡੇ ਨਾਲ ਬੜੇ ਸਹਿਜ ਨਾਲ ਉੱਚ-ਦਰਜੇ ਦੀ ਗੱਲਬਾਤ ਕਰ ਰਿਹਾ ਹੈ। ਦਰਅਸਲ, ਅਜਿਹੇ ਲੋਕ ਹੀ ਆਪਣੀ ਸਾਦਗੀ ਤੇ ਹਲੀਮੀ ਵਿੱਚੋਂ ਆਪਣੀ ਮਹਾਨਤਾ ਦੇ ਦਰਸ਼ਨ ਕਰਵਾਉਂਦੇ ਹਨ। ਉਨ੍ਹਾਂ ਲਈ ਟੁੱਟੀ ਡੰਡੀ ਵਾਲਾ ਕੱਪ ਕੋਈ ਮਹੱਤਵ ਨਹੀਂ ਰੱਖਦਾ। ਸਗੋਂ ਮਹੱਤਵ ਰੱਖਦਾ ਹੈ ਕਿ ਤੁਸੀਂ ਕੌਣ ਹੋ, ਤੁਹਾਡਾ ਕਿਰਦਾਰ ਕੀ ਹੈ, ਤੁਸੀਂ ਆਪਣੀ ਵਡੱਤਣ ਨੂੰ ਕਿਵੇਂ ਮਿਣਦੇ ਹੋ ਅਤੇ ਤੁਹਾਡੀਆਂ ਤਰਜੀਹਾਂ ਕੀ ਹਨ?

ਯਾਦ ਰਹੇ ਕਿ ਕੱਪ ਅਹਿਮ ਨਹੀਂ ਹੁੰਦਾ ਸਗੋਂ ਅਹਿਮ ਹੁੰਦਾ ਹੈ ਕਿ ਕੱਪ ਵਿਚਲੀ ਚਾਹ ਜਾਂ ਕੌਫ਼ੀ ਕਿਸ ਨੇ ਤਿਆਰ ਕੀਤੀ ਹੈ? ਕਿਹੜੀਆਂ ਭਾਵਨਾਵਾਂ ਇਸ ਵਿੱਚ ਸਮੋਈਆਂ ਹਨ? ਇਸ ਕੱਪ ਸਦਕਾ ਕਿਹੜੇ ਮੁੱਲਵਾਨ ਵਿਚਾਰਾਂ ਨੇ ਜਨਮ ਲਿਆ ਹੈ? ਕਿਹੜੀ ਲਿਖਤ ਦਾ ਵਿਚਾਰ ਮਨ ਵਿੱਚ ਪਨਪਿਆ ਹੈ? ਕਿਹੜੇ ਖ਼ਿਆਲਾਂ ਨੇ ਉਡਾਣ ਭਰੀ ਹੈ? ਕਿਹੜੀਆਂ ਤਰਜੀਹਾਂ ਨੇ ਤਦਬੀਰਾਂ ਦਾ ਰੂਪ ਵਟਾਉਣ ਲਈ ਉਸਲਵਾਟੇ ਲਏ ਹਨ ਜਿਨ੍ਹਾਂ ਨੇ ਆਖਰ ਨੂੰ ਤਕਦੀਰ ਬਣਨਾ ਹੈ?

ਅਜਿਹੇ ਹੀ ਵੱਡੇ ਲੋਕ ਹੁੰਦੇ ਹਨ ਜਿਹੜੇ ਆਮ ਹੁੰਦਿਆਂ ਵੀ ਖਾਸ ਹੁੰਦੇ ਹਨ। ਜਿਹੜੇ ਸਧਾਰਨ ਹੁੰਦਿਆਂ ਵੀ ਬਹੁਤ ਅਸਧਾਰਨ ਹੁੰਦੇ ਹਨ। ਜਿਨ੍ਹਾਂ ਦੀ ਜ਼ਹੀਨ ਸੋਚ ਸੰਕੀਰਨਤਾ ਵਿੱਚ ਕੈਦ ਨਹੀਂ ਹੁੰਦੀ ਸਗੋਂ ਉਨ੍ਹਾਂ ਦੀ ਸੋਚ ਦਾ ਫੈਲਾਅ ਅੰਬਰ ਤੀਕ ਹੁੰਦਾ ਹੈ। ਅਜਿਹੇ ਲੋਕ ਉਹ ਹੁੰਦੇ ਹਨ ਜਿਨ੍ਹਾਂ ਦੀ ਕੌਫ਼ੀ ਬਹੁਤੀ ਵਾਰ ਠੰਢੀ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਲਈ ਕੌਫ਼ੀ ਜਾਂ ਚਾਹ ਭੁੱਲ ਹੀ ਜਾਂਦੀ ਹੈ। ਉਨ੍ਹਾਂ ਦੇ ਮਨ ਵਿੱਚ ਆਇਆ ਵਿਚਾਰਾਂ ਦਾ ਪ੍ਰਵਾਹ, ਨਵੇਂ ਖ਼ਿਆਲਾਂ ਦਾ ਫੈਲਾਅ ਜਾਂ ਮਸਤਕ ਵਿੱਚ ਫਿਰ ਰਹੇ ਫੁਰਨਿਆਂ ਦਾ ਅਜਿਹਾ ਜਲਵਾ ਹੁੰਦਾ ਹੈ ਕਿ ਉਹ ਆਪਣੇ ਆਪ ਵਿੱਚ ਗੁਆਚੇ ਚੌਗਿਰਦੇ ਤੋਂ ਬੇਖ਼ਬਰ ਆਪਣੀ ਭਵਿੱਖਮੁਖੀ ਸੋਚ, ਵਿਲੱਖਣ ਨਜ਼ਰੀਆ ਅਤੇ ਚੇਤੰਨ ਦਿੱਬ-ਦ੍ਰਿਸ਼ਟੀ ਰਾਹੀਂ ਅਜਿਹਾ ਚਿਤਵ ਜਾਂਦੇ ਹਨ ਜਿਸ ਬਾਰੇ ਆਮ ਵਿਅਕਤੀ ਤਾਂ ਸੋਚ ਹੀ ਨਹੀਂ ਸਕਦਾ।

ਬੜੇ ਬੌਣੇ ਹੁੰਦੇ ਹਨ ਉਹ ਲੋਕ ਜੋ ਦਿਖਾਵੇ ਦਾ ਪ੍ਰਪੰਚ ਰਚਾ ਕੇ ਖ਼ੁਦ ਨੂੰ ਵੱਡਾ ਕਰਦੇ ਹਨ। ਮਹਿੰਗੇ ਕੱਪ-ਪਲੇਟਾਂ ਤੇ ਚਮਚਿਆਂ ਨਾਲ ਚਾਹ ਜਾਂ ਕੌਫ਼ੀ ਪੀਣ ਦਾ ਢਕਵੰਜ ਕਰਨ ਵਾਲੇ ਅੰਦਰੋਂ ਬਹੁਤ ਖੋਖਲੇ ਹੁੰਦੇ ਹਨ। ਉਹ ਦਿਖਾਵੇ ਰਾਹੀਂ ਹੀ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜਦੋਂਕਿ ਮਹਾਨ ਲੋਕ ਦਿਖਾਵਾ ਨਹੀਂ ਕਰਦੇ। ਉਨ੍ਹਾਂ ਦਾ ਕਾਰਜ ਹੀ ਉਨ੍ਹਾਂ ਦਾ ਕਰਮ ਹੁੰਦਾ ਹੈ। ਉਹ ਕੁਝ ਵੀ ਨਾ ਦੱਸ/ਦਿਖਾ ਕੇ ਕੁਝ ਅਜਿਹਾ ਕਰ ਜਾਂਦੇ ਹਨ ਕਿ ਸਮਾਜ ਨੂੰ ਉਨ੍ਹਾਂ ਦੀ ਅਹਿਮੀਅਤ ਅਤੇ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ।

ਪਹਿਲੇ ਸਮਿਆਂ ਵਿੱਚ ਪਿੱਤਲ ਦੇ ਗਲਾਸਾਂ ਜਾਂ ਮਿੱਟੀ ਦੇ ਕਸੋਰਿਆਂ ਵਿੱਚ ਚਾਹ ਪੀਣ ਵਾਲੇ ਵੀ ਬਹੁਤ ਮਹਾਨ ਲੋਕ ਹੋਏ ਹਨ। ਕਿਸੇ ਖ਼ਾਸ ਮਹਿਮਾਨ ਜਾਂ ਵਿਅਕਤੀ ਲਈ ਕੱਪ ਹੁੰਦੇ ਸਨ, ਪਰ ਅਸੀਂ ਪੰਜਾਬੀ ਦਿਖਾਵੇ ਵਿੱਚ ਅਜਿਹੇ ਉਲਝ ਗਏ ਕਿ ਇਹ ਸਾਡੀ ਜ਼ਿੰਦਗੀ ਲਈ ਜੰਜ਼ਾਲ ਬਣ ਗਿਆ ਹੈ। ਸਾਨੂੰ ਕੁਝ ਤਾਂ ਇਸ ਸਮਾਜ ਕੋਲੋਂ ਸਿੱਖਣਾ ਚਾਹੀਦਾ ਕਿ ਆਮ ਰਹਿ ਕੇ ਵੀ ਖ਼ਾਸ ਬਣਿਆ ਜਾ ਸਕਦਾ ਹੈ, ਬਸ਼ਰਤੇ ਕਿ ਬੰਦੇ ਵਿੱਚ ਮਨੁੱਖੀ ਗੁਣ ਹੋਣ। ਉਸ ਦੇ ਵਿਅਕਤੀਤਵ ਦਾ ਪ੍ਰਤਾਪ ਹੋਵੇ। ਉਸ ਦੇ ਸ਼ਖ਼ਸੀ ਕਿਰਦਾਰ ਦਾ ਜਲੌਅ ਹੋਵੇ। ਉਸ ਦੇ ਮਨ ਵਿੱਚ ਕਿਸੇ ਲਈ ਦਰਦ-ਭਾਵਨਾ ਹੋਵੇ। ਕਿਸੇ ਦੀ ਪੀੜਾ ਦੇਖ ਕੇ ਅੱਖ ਵਿੱਚ ਹੰਝੂ ਆ ਜਾਣ ਜਾਂ ਕਿਸੇ ਦੀਆਂ ਤੜਫਦੀਆਂ ਆਂਦਰਾਂ ਲਈ ਮੱਲ੍ਹਮ ਬਣਨ ਦਾ ਉੱਦਮ ਹੋਵੇ।

ਤੀਹ ਸਾਲ ਤੋਂ ਜ਼ਿਆਦਾ ਪੰਜਾਬ ਦੇ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ ਪਿਛਲੇ ਦਸ ਸਾਲਾਂ ਤੋਂ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪੜ੍ਹਾ ਰਿਹਾ ਹਾਂ। ਪਤਾ ਲੱਗਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ? ਇਹ ਦੇਸ਼ ਇੰਨਾ ਉੱਨਤ ਕਿਉਂ ਹੈ? ਸਭ ਤੋਂ ਪ੍ਰਮੁੱਖ ਹੈ ਅਧਿਆਪਕ/ਪ੍ਰੋਫੈਸਰ ਦਾ ਕਿਰਦਾਰ ਜੋ ਇੰਨਾ ਉੱਚਾ ਤੇ ਸੁੱਚਾ ਹੈ ਕਿ ਕੋਈ ਵੀ ਉਸ ’ਤੇ ਉਂਗਲ ਨਹੀਂ ਚੁੱਕ ਸਕਦਾ। ਉਹ ਖ਼ੁਦ ਇਮਤਿਹਾਨਾਂ ਦੇ ਪੇਪਰ ਤਿਆਰ ਕਰਦਾ ਹੈ, ਖ਼ੁਦ ਨੰਬਰ ਦਿੰਦਾ ਹੈ ਅਤੇ ਸਮੈਸਟਰ ਦੇ ਅਖ਼ੀਰ ਵਿੱਚ ਗਰੇਡ ਦਿੰਦਾ ਹੈ ਜਿਸ ਵਿੱਚ ਯੂਨੀਵਰਸਿਟੀ ਦਾ ਪ੍ਰੈਜੀਡੈਂਟ ਵੀ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ ਅਤੇ ਨਾ ਹੀ ਗਰੇਡ ਬਦਲਣ ਨੂੰ ਕਹੇਗਾ। ਕੀ ਅਜਿਹਾ ਪੰਜਾਬ ਵਿੱਚ ਸੰਭਵ ਹੋ ਸਕਦਾ ਹੈ? ਕਲਾਸ ਵਿੱਚ ਕੋਈ ਪ੍ਰੋਫੈਸਰ ਇੱਕ ਮਿੰਟ ਲੇਟ ਨਹੀਂ ਹੁੰਦਾ। ਜੇਕਰ ਉਸ ਨੇ ਛੁੱਟੀ ਲੈਣੀ ਹੈ ਤਾਂ ਉਸ ਨੂੰ ਅਗਾਉਂ ਦੱਸਣਾ ਪਵੇਗਾ ਕਿ ਕੋਈ ਦੂਸਰਾ ਪ੍ਰੋ. ਉਸ ਦੀ ਕਲਾਸ ਵਿੱਚ ਜਾਵੇ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਇੱਕ ਦਿਨ ਵੀ ਖ਼ਰਾਬ ਨਾ ਹੋਵੇ। ਕੋਈ ਵੀ ਵਿਦਿਆਰਥੀ ਐਮਰਜੈਂਸੀ ਦੀ ਹਾਲਤ ਵਿੱਚ ਆਪਣਾ ਇਮਤਿਹਾਨ ਮਿੱਥੀ ਤਰੀਖ ਤੋਂ ਬਾਅਦ ਵੀ ਆਪਣੇ ਪ੍ਰੋਫੈਸਰ ਦੀ ਸਹਿਮਤੀ ਨਾਲ ਦੇ ਸਕਦਾ ਹੈ।

ਕੋਈ ਵੀ ਵਿਦਿਆਰਥੀ ਘੱਟ ਗਰੇਡ ਦੀ ਸ਼ੱਕ ਪੈਣ ’ਤੇ ਆਪਣੇ ਪੇਪਰ ਕਿਸੇ ਵੇਲੇ ਵੀ ਦੇਖ ਸਕਦਾ ਹੈ। ਵੈਸੇ ਉਸ ਨੂੰ ਆਪਣੇ ਗਰੇਡਾਂ ਦਾ ਖ਼ੁਦ ਵੀ ਪਤਾ ਹੁੰਦਾ ਹੈ ਕਿ ਕਿਸ ਵੇਲੇ ਉਸ ਦਾ ਕਿਹੜਾ ਗਰੇਡ ਹੈ ਅਤੇ ਆਪਣੇ ਗਰੇਡਾਂ ਨੂੰ ਕਿਵੇਂ ਸੁਧਾਰਨਾ ਹੈ? ਇਹ ਸਭ ਕੁਝ ਯੂਨੀਵਰਸਿਟੀ ਦੇ ਬਲੈਕਬੋਰਡ ’ਤੇ ਪ੍ਰੋਫੈਸਰ ਨੇ ਨਾਲੋ ਨਾਲ ਆਨ-ਲਾਈਨ ਅਪਡੇਟ ਕਰਨਾ ਹੁੰਦਾ ਹੈ। ਪ੍ਰੋਫੈਸਰ ਬਹੁਤ ਹੀ ਪਾਰਦਰਸ਼ੀ ਹੁੰਦਾ ਹੈ ਅਤੇ ਇਸ ਕਰਕੇ ਹਰ ਵਿਦਿਆਰਥੀ ਆਪਣੇ ਪ੍ਰੋਫੈਸਰ ਦਾ ਬਹੁਤ ਅਦਬ ਅਤੇ ਸਤਿਕਾਰ ਕਰਦਾ ਹੈ। ਉਹ ਸਰ ਨਹੀਂ ਸਗੋਂ ਤੁਹਾਡਾ ਨਾਮ ਲੈ ਕੇ ਮਿੱਤਰ ਵਾਂਗ ਤੁਹਾਨੂੰ ਸੰਬੋਧਨ ਕਰਦਾ ਹੈ।

ਕਈ ਵਾਰ ਕੁਝ ਵਿਦਿਆਰਥੀ ਆਪਣੀਆਂ ਨਿੱਜੀ ਪਰੇਸ਼ਾਨੀਆਂ ਜਾਂ ਮਜਬੂਰੀਆਂ ਵੀ ਆਪਣੇ ਪ੍ਰੋਫੈਸਰ ਨਾਲ ਸਾਂਝੀਆਂ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਪਤਾ ਹੋਵੇ ਕਿ ਫਲਾਣਾ ਵਿਦਿਆਰਥੀ ਕਲਾਸ ਵਿੱਚ ਕੁਝ ਦਿਨਾਂ ਲਈ ਗੈਰ-ਹਾਜ਼ਰ ਕਿਉਂ ਸੀ? ਕੀ ਅਜਿਹਾ ਪੰਜਾਬ ਦੇ ਵਿਦਿਅਕ ਅਦਾਰਿਆਂ ਵਿੱਚ ਹੋ ਸਕਦਾ ਹੈ ਜਿੱਥੇ ਪੀਐੱਚ.ਡੀ ਤੱਕ ਦੀਆਂ ਡਿਗਰੀਆਂ ਦਿਵਾਉਣ ਲਈ ਵਿਦਿਆਰਥੀਆਂ ਦਾ ਸਰੀਰਕ, ਮਾਨਸਿਕ ਅਤੇ ਆਰਥਿਕ ਸ਼ੋਸ਼ਣ ਹੋਣਾ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਪ੍ਰੋਫੈਸਰ/ਅਧਿਆਪਕ ਦੇ ਕਿਰਦਾਰ ’ਤੇ ਉੱਠੇ ਪ੍ਰਸ਼ਨ ਕਿਸੇ ਸਿਸਟਮ ਨੂੰ ਪਲੀਤ ਹੋਣ ਤੋਂ ਕਿਵੇਂ ਬਚਾਉਣਗੇ?

ਟੁੱਟੀ ਡੰਡੀ ਵਾਲਾ ਕੱਪ ਖ਼ਾਸ ਨਹੀਂ ਸੀ, ਸਗੋਂ ਖ਼ਾਸ ਸੀ ਮਿਲ-ਬੈਠਣ ਦਾ ਸਬੱਬ। ਉਸ ਵਕਤ ਦੌਰਾਨ ਹੋਈ ਬਹੁਤ ਹੀ ਲਾਹੇਵੰਦ ਗੱਲਬਾਤ। ਇੱਕ ਦੂਜੇ ਨੂੰ ਸਮਝਣ ਦੀ ਸੋਝੀ। ਇੱਕ ਦੂਜੇ ਦੇ ਸੱਭਿਆਚਾਰ ਦੀਆਂ ਪਰਤਾਂ ਨੂੰ ਫਰੋਲਣਾ ਅਤੇ ਸਾਹਿਤਕ ਸਬੰਧਾਂ ਰਾਹੀਂ ਸਾਹਿਤਕ ਉਤਪਤੀ ਦਾ ਮੌਕਾ ਸਿਰਜਣਾ। ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਕਦਰ ਕਰਨੀ। ਆਹਮੋ-ਸਾਹਮਣੇ ਬੈਠ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ। ਇਸ ਰਾਹੀਂ ਅਜਿਹਾ ਸਿੱਟਾ ਕੱਢਣਾ ਤਾਂ ਕਿ ਨਵੀਂ ਕਲਮਕਾਰੀ ਅਜਿਹੀ ਲਿਖਤ ਨੂੰ ਜਨਮ ਦੇਵੇ ਜੋ ਜਾਤੀ ਵਖਰੇਵਿਆਂ ਅਤੇ ਸੱਭਿਆਚਾਰਕ ਵਿਭਿੰਨਤਾ ਤੋਂ ਉੱਪਰ ਉੱਠ ਕੇ ਆਪਣੀ ਨਰੋਈ ਪਛਾਣ ਬਣਾਵੇ। ਇੱਕ ਦੂਜੇ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਦਾ ਉੱਦਮ। ਇੱਕ ਦੂਜੇ ਦੀਆਂ ਕ੍ਰਿਤਾਂ ਵਿੱਚੋਂ ਆਪਣੇ ਆਪ ਨੂੰ ਪਛਾਣਨ ਦਾ ਹੁਨਰ। ਦਰਅਸਲ, ਇਹੀ ਹੁਨਰ ਸਾਡੇ ਵਿਅਕਤੀਤਵ ਵਿਕਾਸ ਦਾ ਸਭ ਤੋਂ ਪ੍ਰਮੁੱਖ ਸਰੋਤ ਹੈ। ਇਸ ਤੋਂ ਅਸੀਂ ਪੱਛੜ ਗਏ ਕਿਉਂਕਿ ਅਸੀਂ ਸਾਹਿਤਕ ਖੇਤਰ ਵਿੱਚ ਨਿੱਕੇ ਨਿੱਕੇ ਸੌੜੇ ਦਾਇਰਿਆਂ ਵਿੱਚ ਸਿਮਟ ਗਏ। ਆਪਣੀ ਹਊਮੈਂ ਨੂੰ ਪੱਠੇ ਪਾਉਣ ਅਤੇ ਖ਼ੁਦ ਦੀ ਉਸਤਤੀ ਕਰਵਾਉਣ ਤੀਕ ਹੀ ਸੀਮਤ ਹੋ ਗਏ। ਤਾਂ ਹੀ ਸਾਡੀਆਂ ਸਾਹਿਤਕ ਲਿਖਤਾਂ ਦਾ ਮਿਆਰ ਉਹ ਨਹੀਂ ਬਣ ਸਕਿਆ ਜਿਹੜਾ ਸਚਿਆਰੀ ਅਤੇ ਨਿਆਰੀ ਪਰਖ-ਪੜਚੋਲ ਨੂੰ ਅਪਣਾ ਕੇ, ਆਪਣੀਆਂ ਕਮੀਆਂ ਨੂੰ ਆਪਣੀ ਤਾਕਤ ਬਣਾ ਕੇ ਅਤੇ ਹਰ ਵਰਤਾਰੇ ਨੂੰ ਵੱਖਰੇ ਨਜ਼ਰੀਏ ਤੋਂ ਦੇਖ ਅਤੇ ਸਮਝ ਕੇ ਕਿਸੇ ਸਾਹਿਤਕ ਸੋਚ ਨੂੰ ਸ਼ਬਦਾਂ ਵਿੱਚ ਪਰੋਇਆ ਜਾਂਦਾ ਹੈ।

ਸਧਾਰਨਤਾ ਅਤੇ ਹਲੀਮੀ ਰੁਤਬਿਆਂ ਅਤੇ ਅਮੀਰੀ ਨਾਲੋਂ ਵੀ ਜ਼ਿਆਦਾ ਖੁਸ਼ੀ ਅਤੇ ਖੇੜਾ ਤੁਹਾਡੀ ਝੋਲੀ ਪਾਉਂਦੀ ਹੈ ਜਿਹੜਾ ਧਨ ਨਾਲ ਨਹੀਂ ਖ਼ਰੀਦਿਆ ਜਾ ਸਕਦਾ। ਹਲੀਮੀ ਤੁਹਾਡੀ ਤਰੱਕੀ ਦਾ ਸਭ ਤੋਂ ਵੱਡਾ ਰਾਜ਼ ਹੈ। ਜਦ ਬੰਦੇ ਦੇ ਮਨ ਵਿੱਚ ਆ ਜਾਵੇ ਕਿ ਉਹ ਸਰਬ ਕਲਾ ਸੰਪੂਰਨ ਅਤੇ ਸਮਰੱਥ ਹੈ ਤਾਂ ਸਮਝੋ ਉਸ ਨੇ ਆਪਣੇ ਵਿਅਕਤੀਤਵ ਦੇ ਵਿਕਾਸ ਨੂੰ ਰੋਕ ਲਿਆ ਹੈ। ਸਾਦਗੀ ਵਿੱਚ ਹੰਕਾਰ ਨਹੀਂ ਹੁੰਦਾ। ਹਲੀਮੀ ਵਿੱਚ ਗਰੂਰ ਨਹੀਂ ਹੋ ਸਕਦਾ ਅਤੇ ਅਪਣੱਤ ਵਿੱਚ ਦਵੈਸ਼ ਨਹੀਂ ਹੁੰਦਾ, ਪਰ ਇਸ ਵਿੱਚ ਬੰਦਿਆਈ ਅਤੇ ਭਲਾਈ ਦਾ ਗੂੜ੍ਹਾ ਰੰਗ ਹੁੰਦਾ ਹੈ ਜਿਹੜਾ ਮਨੁੱਖੀ ਚੰਗਿਆਈ ਦਾ ਮੂਲ ਆਧਾਰ ਬਣਦਾ ਹੈ।

ਬੰਦੇ ਦਾ ਵਰਤਾਰਾ ਕਠੋਰ ਹੈ ਜਾਂ ਨਰਮ, ਉਸ ਦੀ ਬੋਲਬਾਣੀ ਕੌੜੀ ਹੈ ਜਾਂ ਮਿੱਠੀ। ਉਸ ਦੀ ਦਿੱਖ ਵਿੱਚ ਕਰੂਰਤਾ ਹੈ ਜਾਂ ਮਾਸੂਮੀਅਤ। ਉਸ ਦੇ ਨਜ਼ਰੀਏ ਵਿੱਚ ਸਾਵਾਂਪਣ ਹੈ ਜਾਂ ਅਸਾਵਾਂਪਣ। ਇਹ ਸਭ ਕੁਝ ਉਸ ਦੇ ਅੰਦਰ ਦਾ ਪ੍ਰਗਟਾਵਾ ਹੈ ਜਿਸ ਤੋਂ ਇਨਸਾਨ ਖੁਦ ਹੀ ਪਰਦਾ ਹਟਾ ਦਿੰਦਾ ਹੈ ਅਤੇ ਉਸ ਦਾ ਸੱਚ ਜੱਗ-ਜ਼ਾਹਰ ਹੋ ਜਾਂਦਾ ਹੈ। ਲੋੜ ਹੈ ਕਿ ਆਪਣੇ ਅੰਦਰਲੇ ਸੁੱਚਮ, ਸਾਦਗੀ ਅਤੇ ਹਲੀਮੀ ਨੂੰ ਜੀਵਨ ਦਾ ਨਜ਼ਰੀਆ ਬਣਾਓ, ਜ਼ਿੰਦਗੀ ਵਿੱਚ ਤੁਹਾਡੇ ਕਿਰਦਾਰ ਦੀ ਮਹਿਕ ਆਵੇਗੀ।

ਸਾਦਗੀ ਵਿੱਚ ਸਭ ਤੋਂ ਪ੍ਰਮੁੱਖ ਹੁੰਦਾ ਹੈ ਆਤਮ-ਸਨਮਾਨ ਜਿਹੜਾ ਹੋਰ ਨਿੱਖਰਦਾ ਹੈ। ਇਸ ਦੇ ਰੌਸ਼ਨ ਪੱਖ ਵਿੱਚ ਤੁਸੀਂ ਆਪਣੀਆਂ ਰਾਹਾਂ ਨੂੰ ਚਾਨਣ-ਰੰਗੀਆਂ ਕਰ ਲੈਂਦੇ ਹੋ। ਸਧਾਰਨਤਾ ਕੋਈ ਮਾਨਵੀ ਕਮਜ਼ੋਰੀ ਨਹੀਂ ਸਗੋਂ ਇਹ ਉਹ ਤਾਕਤ ਹੈ ਜਿਸ ਸਾਹਵੇਂ ਆਕੜ-ਖਾਂ ਵੀ ਸਿਰ ਝੁਕਾਉਣ ਲਈ ਮਜਬੂਰ ਹੋ ਜਾਂਦੇ ਹਨ। ਹਲੀਮੀ ਤਾਂ ਸਵੈ-ਬੰਦਗੀ ਦਾ ਉਹ ਰੂਪ ਹੈ ਜਿਹੜਾ ਤੁਹਾਡੀ ਆਤਮਿਕ ਉਚਾਈ ਦਾ ਸਿਖਰ ਹੁੰਦਾ ਹੈ।

ਕਦੇ ਕਦੇ ਖੁਦ ਨੂੰ ਮਿਲਣਾ ਅਤੇ ਸੋਚਣਾ ਕਿ ਮੈਂ ਨਿਮਰਤਾ ਅਤੇ ਸਧਾਰਨਤਾ ਵਿੱਚੋਂ ਕਿੰਨਾ ਸੁੱਖ ਅਤੇ ਸਕੂਨ ਹਾਸਲ ਕੀਤਾ ਹੈ? ਕਦੇ ਖੁਦ ਨੂੰ ਅਮਰੂ ਨਿਮਾਣਾ, ਨਤਾਣਾ ਤੇ ਨਥਾਵਾਂ ਸਮਝਣ ਵਾਲੇ ਮਾਰਗ ਨੂੰ ਆਪਣੀ ਸੋਚ ਵਿੱਚ ਛੋਟੀ ਜਿਹੀ ਜਗ੍ਹਾ ਦੇਣੀ। ਤੁਸੀਂ ਖੁਦ ਦੀ ਬੁਲੰਦਗੀ ਦਾ ਅੰਬਰੀਂ ਮਾਣ ਬਣ ਜਾਵੋਗੇ। ਆਪਣੀ ਨਿਮਰਤਾ ਦਾ ਉਚੇਚ ਨਾ ਕਰੋ, ਸਗੋਂ ਆਪਣੀ ਸੋਚ ਤੇ ਮਨ ਦੀ ਧਾਰਨਾ ਨਾਲ ਆਪਣੇ ਆਪ ਨੂੰ ਛੋਟਾ ਸਮਝੋ। ਤੁਹਾਡੀ ਨਿਮਰਤਾ ਨੇ ਤੁਹਾਡੇ ਵਡੱਪਣ ਨੂੰ ਆਪਣੇ ਆਪ ਹੀ ਫੈਲਾਅ ਦੇਣਾ ਹੈ। ਐਂਵੇਂ ਕਾਹਤੋਂ ਆਪਣੇ ਆਪ ਨੂੰ ਅਡੰਬਰੀ ਸੰਸਾਰ ਵਿੱਚ ਉਲਝਾਉਂਦੇ ਹੋ। ਕਦੇ ਦਿਖਾਵੇ ਤੋਂ ਬਾਹਰ ਨਿਕਲਣਾ, ਦੇਖਣਾ ਤੁਹਾਨੂੰ ਕਿੰਨੀ ਮਾਨਸਿਕ ਖੁਸ਼ੀ ਮਿਲੇਗੀ।

ਸੰਪਰਕ: 216-556-2080

Advertisement
×