ਕਰੋਨਾ ਨੇ ਲੁੱਟੀ ਅਮਰੀਕੀ ਪੰਜਾਬੀ ਮੇਲਿਆਂ ਦੀ ਰੌਣਕ

ਕਰੋਨਾ ਨੇ ਲੁੱਟੀ ਅਮਰੀਕੀ ਪੰਜਾਬੀ ਮੇਲਿਆਂ ਦੀ ਰੌਣਕ

ਕਬੱਡੀ ਮੇਲੇ ਵਿਚ ਜੁੜੇ ਪੰਜਾਬੀ ਭਾਈਚਾਰੇ ਦੀ ਇਕ ਯਾਦ

ਕੁਲਜੀਤ ਦਿਆਲਪੁਰੀ

ਕਰੋਨਾ ਮਹਾਂਮਾਰੀ ਨੇ ਜਿਸ ਕਦਰ ਸੰਸਾਰ ਭਰ ਵਿਚ ਉਥਲ-ਪੁਥਲ ਮਚਾਈ ਹੋਈ ਹੈ, ਉਸ ਨਾਲ ਬੜਾ ਕੁਝ ਅਸਰ-ਅੰਦਾਜ਼ ਹੋਇਆ ਹੈ। ਬੇਸ਼ੱਕ ਹੁਣ ਅਮਰੀਕਾ ਵਿਚ ਸੜਕਾਂ ’ਤੇ ਆਵਾਜਾਈ ਅਤੇ ਬਾਜ਼ਾਰਾਂ ਵਿਚ ਰੌਣਕਾਂ ਕੁਝ ਹੱਦ ਤਕ ਪਰਤ ਆਈਆਂ ਹਨ, ਪਰ ਉਨ੍ਹਾਂ ਵਿਚ ਪਹਿਲਾਂ ਜਿਹੀਆਂ ਖ਼ੁਸ਼ੀਆਂ ਨਹੀਂ ਹਨ। ਲੋਕਾਂ ਦੀ ਭੀੜ ਵਿਚ ਜਿਸ ਤਰ੍ਹਾਂ ਪਹਿਲਾਂ ਖੁੱਲ੍ਹਾਪਣ ਤੇ ਆਪਣਾਪਣ ਸੀ, ਹੁਣ ਬਹੁਤਾ ਕਰਕੇ ਓਪਰੇਪਣ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ। ਸਰਪਟ ਦੌੜੀ ਜਾ ਰਹੀ ਜ਼ਿੰਦਗੀ ਨੂੰ ਕਰੋਨਾ ਪੀੜਤਾਂ ਦੀ ਵਧ ਰਹੀ ਗਿਣਤੀ ਅਤੇ ਮੌਤ ਦਰ ਨੇ ਇਕ ਵਾਰ ਤਾਂ ਰੀਂਘਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ ਜਿਉਂ ਜਿਉਂ ਸਰਕਾਰੀ ਹਦਾਇਤਾਂ ਵਿਚ ਛੋਟਾਂ ਮਿਲਣ ਪਿੱਛੋਂ ਜ਼ਿੰਦਗੀ ਕੁਝ ਰਵੀਂ ਹੋਣ ਲੱਗੀ ਤਾਂ ਕਰੋਨਾ-ਕਹਿਰ ਮੁੜ ਆਉਣ ਨਾਲ ਹਾਲਾਤ ਵਿਗੜ ਰਹੇ ਹਨ।

ਕੋਵਿਡ ਮਹਾਂਮਾਰੀ ਨੇ ਸਾਲ 2020 ਵਿਚ ਅਮਰੀਕਾ ਭਰ ਵਿਚ ਹੋਣ ਵਾਲੇ ਪੰਜਾਬੀ ਖੇਡ ਅਤੇ ਸੱਭਿਆਚਾਰਕ ਮੇਲਿਆਂ ਦੀ ਰੌਣਕ ਲੁੱਟ ਲਈ ਹੈ। ਇਕੱਲੇ ਸ਼ਿਕਾਗੋਲੈਂਡ ਵਿਚ ਹੀ ਪਿਛਲੇ ਸਾਲ ਤਿੰਨ ਵੱਡੇ ਕਬੱਡੀ ਕੱਪ ਹੋਏ ਸਨ, ਜਿਸ ਵਿਚ ਪੂਰੇ ਮਿਡਵੈਸਟ ਤੋਂ ਇਲਾਵਾ ਹੋਰਨਾਂ ਸਟੇਟਾਂ ਅਤੇ ਕੈਨੇਡਾ ਤੋਂ ਵੀ ਦਰਸ਼ਕ ਪਹੁੰਚੇ ਸਨ। ਕੈਲੀਫੋਰਨੀਆ ਸਟੇਟ ਵਿਚ ਵੀ ਕਈ ਖੇਡ ਸੰਸਥਾਵਾਂ ਹਨ, ਜੋ ਹਰ ਸਾਲ ਵੱਡੇ ਪੱਧਰ ਦੇ ਖੇਡ ਟੂਰਨਾਮੈਂਟ ਕਰਵਾਉਂਦੀਆਂ ਰਹੀਆਂ ਹਨ। ਓਹਾਇਓ, ਮਿਸ਼ੀਗਨ, ਨਿਊ ਯਾਰਕ ਤੇ ਹੋਰ ਸਟੇਟਾਂ ਵਿਚ ਵੀ ਪਿਛਲੇ ਸਾਲ ਖੇਡ ਮੇਲਿਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਪੰਜਾਬੀਆਂ ਸਮੇਤ ਭਾਰਤੀ ਤੇ ਅਮਰੀਕਨ ਮੂਲ ਦੇ ਲੋਕਾਂ ਦੀਆਂ ਰੌਣਕਾਂ ਜੁੜੀਆਂ ਰਹੀਆਂ। ਇਸ ਸਾਲ ਖੇਡ ਪ੍ਰਬੰਧਕਾਂ ਸਮੇਤ ਖਿਡਾਰੀਆਂ ਅਤੇ ਦਰਸ਼ਕਾਂ ਦੇ ਸੁਪਨੇ ਧਰੇ ਧਰਾਏ ਰਹਿ ਗਏ ਹਨ।

ਇਕ ਗੱਲ ਹੋਰ ਉੱਭਰ ਕੇ ਸਾਹਮਣੇ ਆਈ ਹੈ ਕਿ ਵਿਦੇਸ਼ਾਂ ਵਿਚ ਹੁੰਦੇ ਖੇਡ ਮੇਲਿਆਂ ਦੇ ਰੱਦ ਹੋਣ ਕਾਰਨ ਕਈ ਖਿਡਾਰੀ ਨਿਰਉਤਸ਼ਾਹੀ ਹੋ ਗਏ ਹਨ। ਉਤੋਂ ਸਮੱਸਿਆ ਇਹ ਕਿ ਉਨ੍ਹਾਂ ਦਾ ਆਪਸ ਵਿਚ ਖੇਡ ਦਾ ਅਭਿਆਸ ਵੀ ਪਿਛਲੇ 4-5 ਮਹੀਨਿਆਂ ਤੋਂ ਬੰਦ ਹੈ। ਖਿਡਾਰੀਆਂ ਨੂੰ ਵਿੱਤੀ ਨੁਕਸਾਨ ਵੀ ਸਹਿਣਾ ਪੈ ਰਿਹਾ ਹੈ। ਵਿਦੇਸ਼ਾਂ ਵਿਚ ਹੁੰਦੇ ਖੇਡ ਮੇਲਿਆਂ ਵਿਚ ਅਮਰੀਕਾ-ਕੈਨੇਡਾ ਰਹਿੰਦੇ ਖਿਡਾਰੀ ਹੀ ਨਹੀਂ, ਸਗੋਂ ਹੋਰਨਾਂ ਦੇਸ਼ਾਂ ਅਤੇ ਭਾਰਤ ਤੋਂ ਆਉਂਦੇ ਖਿਡਾਰੀ ਵੀ ਚੋਖੇ ਡਾਲਰ ਤੇ ਨਾਮਣਾ ਬਟੋਰ ਕੇ ਲਿਜਾਂਦੇ ਰਹੇ ਹਨ।

ਅਮਰੀਕਾ ਵਿਚ ਹਰ ਸਾਲ ਪੰਜਾਬ ਤੋਂ ਆਉਂਦੇ ਗਾਇਕਾਂ ਤੇ ਦੇਸ਼ ਪੱਧਰ ਤੋਂ ਆਉਂਦੇ ਸੰਗੀਤਕ ਗਰੁੱਪਾਂ ਦੇ ਸ਼ੋਅ’ਜ਼ ਪ੍ਰਤੀ ਭਾਈਚਾਰੇ ਦੇ ਕਈ ਲੋਕਾਂ ਦਾ ਇਕ ਨਜ਼ਰੀਆ ਇਹ ਹੈ ਕਿ ਉਨ੍ਹਾਂ ਨੂੰ ਹੁਣ ਭਾਈਚਾਰਕ ਲਿਹਾਜ਼ਦਾਰੀ ਦੇ ਮੂੰਹ ਨੂੰ ਸ਼ੋਅ’ਜ਼ ’ਤੇ ਨਹੀਂ ਜਾਣਾ ਪਵੇਗਾ। ਇਕ ਵਰਗ ਉਹ ਵੀ ਹੈ, ਜੋ ਇਹ ਸੋਚਦਾ ਹੈ ਕਿ ਅਫ਼ਸੋਸ, ਉਹ ਪੰਜਾਬੀ ਗਾਇਕਾਂ ਦੇ ਸ਼ੋਅ’ਜ਼ ਰਾਹੀਂ ਮਨੋਰੰਜਨ ਨਹੀਂ ਕਰ ਸਕਣਗੇ। ਪਿਛਲੇ ਸਾਲਾਂ ਦੌਰਾਨ ਪੰਜਾਬੀ ਹੀ ਨਹੀਂ, ਸਗੋਂ ਬੌਲੀਵੁੱਡ ਗਾਇਕ ਵੀ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਵੱਡੇ ਵੱਡੇ ਸ਼ੋਅ ਕਰ ਚੁੱਕੇ ਹਨ, ਪਰ ਇਸ ਸਾਲ ਫਿਲਹਾਲ ਸ਼ੋਅ’ਜ਼ ਦੇ ਪ੍ਰਬੰਧਕ ਅਤੇ ਸਪਾਂਸਰ ਦੜ ਵੱਟੀ ਬੈਠੇ ਹਨ।

ਕਈ ਖੇਡ ਸੰਸਥਾਵਾਂ ਨੇ ਹਾਲਾਤ ਸਾਜ਼ਗਰ ਹੋਣ ਦੀ ਆਸ ਵਿਚ ਇਸ ਸਾਲ ਆਪਣੇ ਖੇਡ ਮੇਲੇ ਰੱਦ ਕਰਨ ਦਾ ਕੋਈ ਐਲਾਨ ਨਹੀਂ ਕੀਤਾ, ਪਰ ਤੈਅ ਹੈ ਕਿ ਕਰੋਨਾ ਕਾਰਨ ਪੈਦਾ ਹੋਏ ਹਾਲਾਤ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਨੂੰ ਧਿਆਨ ਵਿਚ ਰੱਖਦਿਆਂ ਅਮਰੀਕਾ-ਕੈਨੇਡਾ ਵਿਚ ਸਾਰੇ ਖੇਡ ਤੇ ਸੱਭਿਆਚਾਰਕ ਮੇਲੇ ਮੁਕੰਮਲ ਰੱਦ ਹਨ। ਉਂਜ ਕੁਝ ਖੇਡ ਕਲੱਬਾਂ ਨੇ ਇਸ ਸਾਲ ਦਾ ਆਪਣਾ ਖੇਡ ਮੇਲਾ ਰੱਦ ਕਰਨ ਦੀ ਸੂਚਨਾ ਸੋਸ਼ਲ ਮੀਡੀਆ ਰਾਹੀਂ ਜਾਰੀ ਕਰ ਦਿੱਤੀ ਹੈ। ਸਥਾਨਕ ਪ੍ਰਸ਼ਾਸਨ ਨੇ ਸੰਸਥਾਵਾਂ ਨੂੰ ਪਾਰਕਾਂ ਭਾਵ ਖੇਡ ਮੇਲਿਆਂ ਵਾਲੀਆਂ ਥਾਵਾਂ ’ਤੇ ਮੇਲੇ ਲਾਉਣ ਦੀ ਪ੍ਰਵਾਨਗੀ ਦੇਣ ’ਤੇ ਰੋਕ ਲਾਈ ਹੋਈ ਹੈ। ਮੌਜੂਦਾ ਹਾਲਾਤ ਇਹ ਹਨ ਕਿ ਮੇਲੇ ਰੱਦ ਹੋਣ ਕਾਰਨ ਪੰਜਾਬੀ ਭਾਈਚਾਰਾ ਮੇਲਿਆਂ ਦੀ ਰੌਣਕ ਤੋਂ ਤਾਂ ਵਿਰਵਾ ਹੋ ਹੀ ਗਿਆ ਹੈ, ਸਗੋਂ ਸਮਾਜਿਕ ਜ਼ਿੰਦਗੀ ਵਿਚ ਵੀ ਕੁਝ ਕੁਝ ਦੂਰੀਆਂ ਵਧ ਗਈਆਂ ਹਨ। ਮਹਿਫਲਾਂ ਸਜਾਉਣ ਵਾਲੇ ਮੌਕਾ ਵਿਚਾਰ ਕੇ ਇਕੱਠੇ ਹੋ ਜਾਂਦੇ ਹਨ, ਪਰ ਜ਼ਿਆਦਾਤਰ ਲੋਕ ਵਿਹਾਰਕ ਤੌਰ ’ਤੇ ਮਿਲਣ ਦੀ ਥਾਂ ਫੋਨ ’ਤੇ ਗੱਲਬਾਤ ਰਾਹੀਂ ਹੀ ਸਾਰ ਲੈਂਦੇ ਹਨ।

ਸਾਲਾਨਾ ਖੇਡ ਤੇ ਸੱਭਿਆਚਾਰਕ ਮੇਲਿਆਂ ਤੋਂ ਇਲਾਵਾ ਗ਼ਦਰੀ ਬਾਬਿਆਂ ਦੀ ਯਾਦ ਵਿਚ ਵੱਖ ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਹਰ ਸਾਲ ਕਰਵਾਏ ਜਾਂਦੇ ਮੇਲੇ ਵੀ ਇਸ ਸਾਲ ਨਹੀਂ ਹੋਣਗੇ। ਆਜ਼ਾਦੀ ਘੁਲਾਟੀਆਂ ਜਾਂ ਦੇਸ਼ ਭਗਤਾਂ ਨੂੰ ਸਮਰਪਿਤ ਸੰਸਥਾਵਾਂ ਗ਼ਦਰੀ ਬਾਬਿਆਂ ਦੀ ਯਾਦ ਵਿਚ ਪਿਛਲੇ ਕਈ ਸਾਲਾਂ ਤੋਂ ਮੇਲੇ ਕਰਵਾਉਂਦੀਆਂ ਆ ਰਹੀਆਂ ਹਨ, ਤਾਂ ਜੋ ਸੂਰਮਿਆਂ ਦੀਆਂ ਗਾਥਾਵਾਂ ਰਾਹੀਂ ਨਵੀਂ ਪੀੜ੍ਹੀ ਨੂੰ ਜਾਣੂੰ ਕਰਵਾਇਆ ਜਾ ਸਕੇ। ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ ਵਿਚ ਜਿਉਂਦਾ ਰੱਖਣ ਲਈ ਅਤੇ ਇੱਥੇ ਜੰਮੀ ਪਲੀ ਪੰਜਾਬੀ ਪੀੜ੍ਹੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਦੇ ਉਪਰਾਲੇ ਤਹਿਤ ਵਿਸਾਖੀ, ਤੀਆਂ, ਦੀਵਾਲੀ ਮੌਕੇ ਅਤੇ ਹੋਰ ਸਾਲਾਨਾ ਮੇਲੇ ਨਾ ਹੋਣ ਦਾ ਝੋਰਾ ਲੋਕਾਂ ਦੀਆਂ ਫੋਨਾਂ ’ਤੇ ਹੁੰਦੀਆਂ ਗੱਲਾਂ ਵਿਚ ਆਮ ਝਲਕਦਾ ਹੈ।

ਭਾਈਚਾਰੇ ਵਿਚ ਕਿਸੇ ਦੇ ਸਸਕਾਰ ਮੌਕੇ ਵੀ ਫਿਊਨਰਲ ਘਰਾਂ ਵਿਚ ਪਰਿਵਾਰਕ ਮੈਂਬਰਾਂ ਤੇ ਖ਼ਾਸ ਰਿਸ਼ਤੇਦਾਰਾਂ ਤੋਂ ਇਲਾਵਾ ਕੋਈ ਨਹੀਂ ਹੁੰਦਾ। ਇਕ-ਦੋ ਥਾਈਂ ਤਾਂ ਸਸਕਾਰ ਲਈ ਪ੍ਰਸ਼ਾਸਨਿਕ ਪ੍ਰਵਾਨਗੀ ਪੱਤਰ ਮਿਲਣ ਵਿਚ ਹੋਈ ਦੇਰੀ ਕਾਰਨ ਸਸਕਾਰ ਦੀ ਤਰੀਕ ਅੱਗੇ ਪਾਉਣੀ ਪਈ। ਦੁਖਦ ਵਰਤਾਰਾ ਇਹ ਹੈ ਕਿ ਸਸਕਾਰ ਵਾਲੇ ਦਿਨ ਵੀ ਭਾਈਚਾਰਾ ਇਕ-ਦੂਜੇ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਬੇਵਸੀ ਦੀ ਪੀੜ ਹੰਢਾ ਰਿਹਾ ਹੈ। ਸਰਕਾਰੀ ਹਦਾਇਤ ਕਾਰਨ ਲੋਕ ਵਿਹਾਰਕ ਤੌਰ ’ਤੇ ਸਸਕਾਰ ਵਿਚ ਸ਼ਾਮਲ ਹੋਣ ਦੀ ਥਾਂ ਜ਼ੂਮ ਗਰੁੱਪ ਰਾਹੀਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਮਜਬੂਰ ਹਨ।

ਇੱਥੇ ਹੀ ਬਸ ਨਹੀਂ ਗੁਰਦੁਆਰਿਆਂ ਵਿਚ ਵੀ ਸ਼ਰਧਾਲੂਆਂ ਦੀ ਗਿਣਤੀ ਕਾਫ਼ੀ ਹੱਦ ਤਕ ਘਟ ਗਈ ਹੈ। ਗੁਰਦੁਆਰਿਆਂ ਵਿਚ ਐਤਵਾਰ ਨੂੰ ਪਹਿਲਾਂ ਭਾਰੀ ਰੌਣਕ ਹੁੰਦੀ ਸੀ। ਹੁਣ ਲੋਕ ਵਿਰਲੇ-ਟਾਂਵੇਂ ਜਾਂਦੇ ਹਨ ਤੇ ਮੱਥਾ ਟੇਕ ਕੇ ਜਲਦ ਹੀ ਗੁਰਦੁਆਰਿਆਂ ’ਚੋਂ ਨਿਕਲ ਆਉਂਦੇ ਹਨ, ਜਦੋਂ ਕਿ ਕਰੋਨਾ ਦੇ ਸੰਕਟ ਤੋਂ ਪਹਿਲਾਂ ਅਜਿਹਾ ਨਹੀਂ ਸੀ। ਹੁਣ ਗੁਰਦੁਆਰਿਆਂ ਵਿਚ ਨਿਤਨੇਮ ਪਿੱਛੋਂ ਕੀਰਤਨ ਤੇ ਕਥਾ ਵਿਚਾਰ ਦਾ ਸਮਾਂ ਵੀ ਕਾਫ਼ੀ ਸੀਮਤ ਰਹਿ ਗਿਆ ਹੈ।

ਇਸ ਸਾਲ ਤਾਂ ਗੁਰਦੁਆਰਿਆਂ ਵਿਚ ਵਿਸਾਖੀ ਦੀਆਂ ਰੌਣਕਾਂ ਵੀ ਨਹੀਂ ਲੱਗੀਆਂ, ਸਗੋਂ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਪਹਿਲਾਂ ਤੋਂ ਉਲੀਕੇ ਵਿਸਾਖੀ ਨੂੰ ਸਮਰਪਿਤ ਸਮਾਗਮ ਸਰਕਾਰੀ ਬੰਦਿਸ਼ਾਂ ਕਾਰਨ ਅਤੇ ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ ਰੱਦ ਕਰਨੇ ਪਏ। ਵਿਸ਼ੇਸ਼ ਕੀਰਤਨ ਦਰਬਾਰ ਵਗੈਰਾ ਸਮੇਤ ਹੋਰ ਧਾਰਮਿਕ ਸਮਾਗਮ ਵੀ ਹਾਲ ਦੀ ਘੜੀ ਰੱਦ ਹਨ। ਉਂਜ ਗੁਰਦੁਆਰਿਆਂ ਵਿਚ ਇਤਿਹਾਸਕ ਦਿਹਾੜਿਆਂ ’ਤੇ ਪ੍ਰੋਗਰਾਮ ਕੀਤੇ ਜਾ ਰਹੇ ਹਨ, ਪਰ ਉਨ੍ਹਾਂ ਵਿਚ ਸੰਗਤ ਦੀ ਗਿਣਤੀ ਉਂਗਲਾਂ ਦੇ ਪੋਟਿਆਂ ’ਤੇ ਗਿਣਨ ਜਿੰਨੀ ਹੁੰਦੀ ਹੈ।

ਮਿਡਵੈਸਟ ਦੇ ਸਭ ਤੋਂ ਵੱਡੇ ਅਤੇ ਪੁਰਾਣੇ ਗੁਰਦੁਆਰਾ ਪੈਲਾਟਾਈਨ ਵਿਚ ਵੀ ਬਹੁਤੀ ਸੰਗਤ ਨਹੀਂ ਜੁੜਦੀ, ਜਦੋਂ ਕਿ ਪਹਿਲਾਂ ਹਰ ਐਤਵਾਰ ਵੱਡੀ ਗਿਣਤੀ ਸੰਗਤ ਨਤਮਸਤਕ ਹੁੰਦੀ ਸੀ। ਇਕਾ-ਦੁੱਕਾ ਵਿਆਹ ਸਮਾਗਮਾਂ ਅਤੇ ਮਰਗ ਦੇ ਪਾਠ ਤੇ ਅੰਤਿਮ ਅਰਦਾਸ ਮੌਕੇ ਵੀ ਸੰਗਤ ਗਿਣਤੀ ਦੀ ਹੁੰਦੀ ਹੈ। ਇਸ ਤੋਂ ਇਲਾਵਾ ਸ਼ਰਧਾਲੂ ਪਰਿਵਾਰਾਂ ਵੱਲੋਂ ਗੁਰਦੁਆਰਿਆਂ ਵਿਚ ਕਰਵਾਈ ਜਾਂਦੀ ਪਾਠਾਂ ਤੇ ਲੰਗਰਾਂ ਦੀ ਸੇਵਾ ਵੀ ਨਹੀਂ ਲਈ ਜਾ ਰਹੀ। ਗੁਰੂ ਘਰਾਂ ਦੀ ਆਮਦਨ ਨੂੰ ਵੱਡੀ ਢਾਹ ਲੱਗੀ ਹੈ, ਜਦੋਂ ਕਿ ਜ਼ਰੂਰੀ ਖ਼ਰਚੇ ਜਿਉਂ ਦੇ ਤਿਉਂ ਹਨ।

ਕੈਲੀਫੋਰਨੀਆ ਸਟੇਟ ਵਿਚ ਪੈਂਦੇ ਗੁਰਦੁਆਰਾ ਸਾਂ ਹੋਜ਼ੇ ਦੇ ਮਾਰਚ ਮਹੀਨੇ ਰੱਖੇ ਹੋਲਾ ਮਹੱਲਾ ਸਮਾਗਮ ਕਰੋਨਾ ਦੀ ਵਬਾ ਕਾਰਨ ਖੜ੍ਹੇ ਪੈਰ ਰੱਦ ਕਰਨੇ ਪਏ। ਸੰਗਤਾਂ ਵਿਚ ਹੋਲਾ ਮਹੱਲਾ ਸਮਾਗਮਾਂ ਲਈ ਭਾਰੀ ਉਤਸ਼ਾਹ ਹੁੰਦਾ ਹੈ ਅਤੇ ਲਾਗਲੇ ਤੇ ਦੂਰ-ਦੁਰਾਡੇ ਦੇ ਸ਼ਹਿਰਾਂ ਤੋਂ ਵੀ ਸੰਗਤ ਹੁੰਮ ਹੁਮਾ ਕੇ ਪਹੁੰਚਦੀ ਰਹੀ ਹੈ। ਇਕ ਅੰਦਾਜ਼ੇ ਮੁਤਾਬਕ ਸਾਂ ਹੋਜ਼ੇ ਹੋਲਾ ਮਹੱਲਾ ਸਮਾਗਮਾਂ ਵਿਚ ਅੱਠ ਤੋਂ ਦਸ ਹਜ਼ਾਰ ਤਕ ਸੰਗਤ ਜੁੜ ਜਾਂਦੀ ਰਹੀ ਹੈ। ਗੁਰਦੁਆਰਾ ਸਾਂ ਹੋਜ਼ੇ ਦੀ ਇਮਾਰਤ ਅਮਰੀਕਾ ਵਿਚ ਹੋਰਨਾਂ ਗੁਰਦੁਆਰਿਆਂ ਦੀਆਂ ਇਮਾਰਤਾਂ ਵਿਚ ਸੁੰਦਰਤਾ ਦਾ ਨਮੂਨਾ ਮੰਨੀ ਜਾਂਦੀ ਹੈ।

ਗੁਰਦੁਆਰਾ ਸਾਂ ਹੋਜ਼ੇ, ਕੈਲੀਫੋਰਨੀਆ

ਕੈਲੀਫੋਰਨੀਆ ਸਟੇਟ ਦੇ ਗੁਰਦੁਆਰਾ ਫਰੀਮਾਂਟ, ਗੁਰਦੁਆਰਾ ਟਾਇਰਾ ਬਿਊਨਾ ਤੇ ਸ੍ਰੀ ਗੁਰੂ ਨਾਨਕ ਸਿੱਖ ਟੈਂਪਲ (ਯੂਬਾ ਸਿਟੀ), ਸੈਕਰਾਮੈਂਟੋ, ਐਲ ਸਬਰਾਂਟੇ, ਹੌਲੀਵੁੱਡ ਗੁਰਦੁਆਰਾ, ਲਾਸ ਏਂਜਲਸ, ਸਟਾਕਟਨ, ਫਰਿਜ਼ਨੋ, ਟਰਲਕ, ਸਿਲੀਕਾਨ ਵੈਲੀ, ਬੇਕਰਜ਼ਫੀਲਡ ਤੇ ਅਨੇਕਾਂ ਹੋਰ ਸ਼ਹਿਰਾਂ ਦੇ ਗੁਰਦੁਆਰਿਆਂ ਸਮੇਤ ਇਲੀਨੌਇ, ਮਿਸ਼ੀਗਨ, ਵਿਸਕਾਨਸਿਨ, ਇੰਡੀਆਨਾ, ਓਹਾਇਓ, ਟੈਕਸਸ, ਵਾਸ਼ਿੰਗਟਨ, ਨਿਊ ਯਾਰਕ, ਨਿਊ ਜਰਸੀ ਅਤੇ ਹੋਰਨਾਂ ਅਮਰੀਕੀ ਸਟੇਟਾਂ ਦੇ ਗੁਰਦੁਆਰਿਆਂ ਵਿਚ ਰੌਣਕ ਨਾਂਮਾਤਰ ਹੀ ਰਹਿ ਗਈ ਹੈ। ਕਰੋਨਾ ਦੀ ਆਮਦ ਤੋਂ ਪਹਿਲਾਂ ਇਹ ਸਭ ਗੁਰਦੁਆਰੇ ਧਾਰਮਿਕ ਸਰਗਰਮੀਆਂ ਤੋਂ ਇਲਾਵਾ ਸੋਸ਼ਲ ਸਰਕਲ ਦਾ ਕੇਂਦਰ ਹੋਣ ਕਾਰਨ ਵੀ ਲੋਕ ਇੱਥੇ ਸੰਗਤੀ ਰੂਪ ਵਿਚ ਜੁੜਦੇ ਸਨ। ਹਾਲਾਂ ਕਿ ਲੋਕਾਂ ਨੇ ਹੁਣ ਗੁਰਦੁਆਰਿਆਂ ਵਿਚ ਜਾਣਾ ਮੁੜ ਸ਼ੁਰੂ ਕਰ ਦਿੱਤਾ ਹੈ, ਪਰ ਮੌਜੂਦਾ ਹਾਲਾਤ ਦੀ ਕਸ਼ਮਕਸ਼ ਕਾਰਨ ਪਹਿਲਾਂ ਵਾਲੀ ਗੱਲ ਤਾਂ ਉਕਾ ਹੀ ਨਹੀਂ ਹੈ। ਬਹੁਤੇ ਗੁਰਦੁਆਰਿਆਂ ਵਿਚ ਤਾਂ ਸੰਗਤ ਦੇ ਆਉਣ ’ਤੇ ਪਹਿਲਾਂ ਉਨ੍ਹਾਂ ਦਾ ਸਰੀਰਿਕ ਤਾਪਮਾਨ ਚੈੱਕ ਕੀਤਾ ਜਾਂਦਾ ਹੈ। ਉਂਜ ਗੁਰਦੁਆਰਿਆਂ ਵਿਚ ਵੀ ਪ੍ਰਸ਼ਾਸਨਿਕ ਅਤੇ ਪ੍ਰਬੰਧਕੀ ਹਦਾਇਤਾਂ ਅਨੁਸਾਰ ਸਾਵਧਾਨੀਆਂ ਵਰਤਣ ਦੇ ਬੋਰਡ ਜਾਂ ਚਾਰਟ ਵਗੈਰਾ ਲਾਏ ਗਏ ਹਨ।

ਮਾਣ ਵਾਲੀ ਇਹ ਹੈ ਕਿ ਬਹੁਤੇ ਗੁਰਦੁਆਰਿਆਂ ਵੱਲੋਂ ਸੰਕਟ ਦੀ ਇਸ ਘੜੀ ਵਿਚ ਲੋੜਵੰਦਾਂ ਨੂੰ ਭੋਜਨ ਅਤੇ ਹੋਰ ਨਿੱਤਵਰਤੋਂ ਦਾ ਸਾਮਾਨ ਪੁੱਜਦਾ ਕਰਨ ਕਰ ਕੇ ਪੰਜਾਬੀ, ਖ਼ਾਸ ਕਰ ਸਿੱਖ ਭਾਈਚਾਰੇ ਦੀ ਦਰਿਆਦਿਲੀ ਦੀ ਪਿਰਤ ਨੂੰ ਹੋਰ ਗੂੜ੍ਹਾ ਕੀਤਾ ਗਿਆ ਹੈ। ਮਾਸਕ, ਗਲਵਜ਼, ਦਵਾਈਆਂ ਵਗੈਰਾ ਵੰਡ ਕੇ ਵੀ ਸਿੱਖ ਭਾਈਚਾਰੇ ਨੇ ‘ਸਰਬਤ ਦੇ ਭਲੇ’ ਦੇ ਸਿਧਾਂਤ ’ਤੇ ਪਹਿਰਾ ਦਿੱਤਾ ਅਤੇ ਅਜਿਹੀਆਂ ਨਿਰਸਵਾਰਥ ਸੇਵਾਵਾਂ ਹਾਲੇ ਵੀ ਜਾਰੀ ਹਨ। ਕੁਝ ਸਮਾਜ ਸੇਵੀ ਜਥੇਬੰਦੀਆਂ ਨੇ ਤਾਂ ਹਸਪਤਾਲਾਂ ਵਿਚ ਕਰੋਨਾ ਵਿਰੁੱਧ ਸੇਵਾਵਾਂ ਦੇ ਰਹੇ ਡਾਕਟਰਾਂ, ਨਰਸਾਂ ਅਤੇ ਹੋਰ ਅਮਲੇ ਫੈਲੇ ਲਈ ਪੀਜ਼ਾ ਵਗੈਰਾ ਪੁੱਜਦਾ ਕਰਨ ਦੀ ਸੇਵਾ ਨਿਭਾਈ।

ਸ਼ਿਕਾਗੋਲੈਂਡ ਦੇ ਜਿਸ ਖੇਤਰ ਵਿਚ ਮੈਂ ਰਹਿੰਦਾ ਹਾਂ ਗਰੌਸਰੀ ਕਰਨ ਗਿਆਂ ਜਾਂ ਦੁੱਧ ਵਗੈਰਾ ਲੈਣ ਜਾਣ ਸਮੇਂ ਇਕ ਗੱਲ ਨੋਟ ਕੀਤੀ ਕਿ ਪੰਜਾਬੀ, ਭਾਰਤੀ ਜਾਂ ਕੁਝ ਹੋਰ ਭਾਈਚਾਰਿਆਂ ਦੇ ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਨੂੰ ਤਰਜੀਹ ਦਿੰਦਿਆਂ ਮਾਸਕ ਵਗੈਰਾ ਪਾ ਕੇ ਜਾਂ ਸਮਾਜਿਕ ਦੂਰੀ ਰੱਖ ਕੇ ਵਿਚਰਦੇ ਹਨ, ਜਦੋਂ ਕਿ ਬਹੁਤੇ ਅਮਰੀਕੀ ਮੂਲ ਦੇ ਅਤੇ ਸਿਆਹਫਾਮ ਲੋਕ ਸਮਾਜਿਕ ਦੂਰੀ ਤੇ ਮਾਸਕ ਪਾਉਣ ਦੀਆਂ ਹਦਾਇਤਾਂ ਨੂੰ ਟਿੱਚ ਜਾਣ ਕੇ ਵਿਚਰਦੇ ਆਮ ਵੇਖੇ ਜਾਂਦੇ ਹਨ। ਬੇਸ਼ੱਕ ਸਟੋਰਾਂ ਵਿਚ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਜਿਹੀਆਂ ਹਦਾਇਤਾਂ ਲਿਖੀਆਂ ਹੋਈਆਂ ਹਨ ਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੁੰਦੀ ਹੈ, ਪਰ ਫਿਰ ਵੀ ਹਫੜਾ-ਦਫੜੀ ਮਚਾਉਂਦੇ ਵਧੇਰੇ ਗਿਣਤੀ ਲੋਕ ਸਟੋਰਾਂ ਦੇ ਫਰਸ਼ਾਂ ’ਤੇ ਲਿਖੀ ‘ਛੇ ਫੁੱਟ ਦੀ ਦੂਰੀ’ ਦੀ ਹਦਾਇਤ ਦਾ ਪਾਲਣ ਕਰਨ ਦੀ ਥਾਂ ਪੈਰਾਂ ਥੱਲੇ ਮਿੱਧ ਕੇ ਅੱਗੇ ਨਿਕਲ ਜਾਂਦੇ ਹਨ। ਇਕ ਵਾਰ ਤਾਂ ਨੌਬਤ ਇਹ ਵੀ ਆ ਗਈ ਸੀ ਕਿ ਲੋਕ ਸਟੋਰਾਂ ਵਿਚ ਇਕ-ਦੂਜੇ ਨਾਲ ਖਹਿ-ਖਹਿ ਕੇ ਵੀ ਲੰਘਦੇ ਰਹੇ।
ਸੰਪਰਕ: 1-224-386-4548

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All