ਬ੍ਰਿਟੇਨ 'ਚ ਮੁਸਲਿਮ ਵਿਰੋਧੀ ਨਫ਼ਰਤ ਦੀ ਨਵੀਂ ਪਰਿਭਾਸ਼ਾ ’ਤੇ ਵਿਵਾਦ: ਹਿੰਦੂ ਅਤੇ ਸਿੱਖ ਜਥੇਬੰਦੀਆਂ ਨੇ ਜਤਾਈ ਚਿੰਤਾ
ਹਿੰਦੂ ਕੌਂਸਲ UK ਅਤੇ NSO ਵੱਲੋਂ ਸਰਕਾਰ ਨੂੰ ਚੇਤਾਵਨੀ; ਕਿਹਾ- ਨਵੀਂ ਪਰਿਭਾਸ਼ਾ ਨਾਲ ਪ੍ਰਗਟਾਵੇ ਦੀ ਆਜ਼ਾਦੀ ’ਤੇ ਪਵੇਗਾ ਬੁਰਾ ਅਸਰ
ਬ੍ਰਿਟੇਨ ਦੀਆਂ ਹਿੰਦੂ ਅਤੇ ਸਿੱਖ ਜਥੇਬੰਦੀਆਂ ਨੇ ਬ੍ਰਿਟਿਸ਼ ਸਰਕਾਰ ਵੱਲੋਂ ਵਿਚਾਰੀ ਜਾ ਰਹੀ ‘ਮੁਸਲਿਮ ਵਿਰੋਧੀ ਨਫ਼ਰਤ’ (anti-Muslim hostility) ਦੀ ਪ੍ਰਸਤਾਵਿਤ ਪਰਿਭਾਸ਼ਾ ਦੇ ਲੀਕ ਹੋਏ ਡਰਾਫਟ ’ਤੇ ਸਖ਼ਤ ਇਤਰਾਜ਼ ਜਤਾਇਆ ਹੈ।
‘ਹਿੰਦੂ ਕੌਂਸਲ ਯੂਕੇ’ ਨੇ ਕਮਿਊਨਿਟੀਜ਼ ਸੈਕਟਰੀ ਸਟੀਵ ਰੀਡ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਹ ਪਰਿਭਾਸ਼ਾ ਬੇਹੱਦ ਨੁਕਸਦਾਰ ਹੈ ਅਤੇ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।
ਜਥੇਬੰਦੀਆਂ ਦਾ ਮੁੱਖ ਤਰਕ ਹੈ ਕਿ ਇਹ ਡਰਾਫਟ ਮੁਸਲਿਮ ਵਿਅਕਤੀਆਂ ਵਿਰੁੱਧ ਨਫ਼ਰਤ ਅਤੇ ਇਸਲਾਮ ਧਰਮ ਦੀ ਨਿੰਦਾ ਵਿਚਕਾਰ ਸਪੱਸ਼ਟ ਫਰਕ ਕਰਨ ਵਿੱਚ ਅਸਫਲ ਰਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਯੂਨੀਵਰਸਿਟੀਆਂ, ਕੌਂਸਲਾਂ ਅਤੇ ਪੁਲੀਸ ਵਰਗੀਆਂ ਸੰਸਥਾਵਾਂ ਇਸ ਦੀ ਵਰਤੋਂ ਵਿਚਾਰਾਂ ਦੀ ਆਜ਼ਾਦੀ ਨੂੰ ਦਬਾਉਣ ਲਈ ਕਰ ਸਕਦੀਆਂ ਹਨ।
ਨੈੱਟਵਰਕ ਆਫ ਸਿੱਖ ਆਰਗੇਨਾਈਜ਼ੇਸ਼ਨ (NSO) ਦੇ ਹਰਦੀਪ ਸਿੰਘ ਨੇ ਵੀ ਇਸ ਪਰਿਭਾਸ਼ਾ ਨੂੰ ‘ਬੇਹੱਦ ਅਸਪੱਸ਼ਟ’ ਕਰਾਰ ਦਿੱਤਾ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਹੈ ਕਿ ਨਸਲੀਕਰਨ (racialisation) ਵਰਗੀਆਂ ਸ਼ਬਦਾਵਲੀਆਂ ਦੀ ਵਰਤੋਂ ਨਾਲ ਕਿਸੇ ਧਰਮ ਜਾਂ ਉਸ ਦੇ ਸਿਧਾਂਤਾਂ ’ਤੇ ਬੌਧਿਕ ਚਰਚਾ ਕਰਨਾ ਵੀ ਮੁਸ਼ਕਲ ਹੋ ਜਾਵੇਗਾ।
ਹਾਲਾਂਕਿ ਹਿੰਦੂ ਅਤੇ ਸਿੱਖ ਸਮੂਹਾਂ ਨੇ ਮੁਸਲਮਾਨਾਂ ਵਿਰੁੱਧ ਹਿੰਸਾ ਅਤੇ ਵਿਤਕਰੇ ਦੀ ਸਖ਼ਤ ਨਿੰਦਾ ਕੀਤੀ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਕਿਸੇ ਵੀ ਪਰਿਭਾਸ਼ਾ ਨੂੰ ਅਪਣਾਉਣ ਤੋਂ ਪਹਿਲਾਂ ਜਨਤਕ ਸਲਾਹ-ਮਸ਼ਵਰਾ ਜ਼ਰੂਰੀ ਹੈ। ਦੂਜੇ ਪਾਸੇ, ਬ੍ਰਿਟਿਸ਼ ਸਰਕਾਰ ਦੇ ਮੰਤਰਾਲੇ ਨੇ ਕਿਹਾ ਹੈ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਦੇ ਹੋਏ ਨਫ਼ਰਤ ਅਤੇ ਕੱਟੜਵਾਦ ਨੂੰ ਨੱਥ ਪਾਉਣ ਲਈ ਵਚਨਬੱਧ ਹਨ।

