ਬਰੈਂਪਟਨ ਤੋਂ

ਆਚਰਣ ਹੀ ਸਭ ਕੁਝ

ਆਚਰਣ ਹੀ ਸਭ ਕੁਝ

ਡਾ. ਸੁਖਦੇਵ ਸਿੰਘ ਝੰਡ

ਸਕੂਲ ਵਿਚ ਪੜ੍ਹਦਿਆਂ ਆਚਰਣ ਦੇ ਵਿਸ਼ੇ ’ਤੇ ਲੇਖ ਲਿਖਦੇ ਸਮੇਂ ਆਚਰਣ ਦੇ ਨਾਲ ਜੁੜੀ ਇਹ ਕਹਾਵਤ ਆਮ ਹੀ ਵਰਤੋਂ ਵਿਚ ਲਿਆਉਂਦੇ ਹੁੰਦੇ ਸੀ:

ਜੇਕਰ ਧੰਨ ਗਵਾਚ ਗਿਆ ਤਾਂ ਸਮਝੋ ਕੁਝ ਵੀ ਨਹੀਂ ਗਿਆ, ਜੇਕਰ ਸਿਹਤ ਵਿਗੜ ਗਈ ਤਾਂ ਸਮਝੋ ਕੁਝ ਨੁਕਸਾਨ ਹੋ ਗਿਆ ਹੈ, ਪਰ ਜੇਕਰ ਆਚਰਣ ਚਲਾ ਗਿਆ ਤਾਂ ਸਮਝੋ ਸਭ ਕੁਝ ਚਲਾ ਗਿਆ। ਉਦੋਂ ਇਹ ਪਤਾ ਨਹੀਂ ਸੀਂ ਹੁੰਦਾ ਕਿ ਇਹ ਸ਼ਬਦ ਕਿਸ ਵਿਦਵਾਨ ਵੱਲੋਂ ਉਚਾਰੇ ਗਏ ਹਨ, ਪਰ ਇਨ੍ਹਾਂ ਦੇ ਵਰਤਣ ਨਾਲ ਲੇਖ ਪ੍ਰਭਾਵਸ਼ਾਲੀ ਜ਼ਰੂਰ ਬਣ ਜਾਂਦਾ ਸੀ। ਉਂਜ, ਇਨ੍ਹਾਂ ਸ਼ਬਦਾਂ ਤੋਂ ਜੀਵਨ ਵਿਚ ਆਚਰਣ ਜਾਂ ਚਾਲਚਲਣ ਦੀ ਅਹਿਮੀਅਤ ਦਾ ਅੰਦਾਜ਼ਾ ਭਲੀ-ਭਾਂਤ ਲੱਗ ਜਾਂਦਾ ਸੀ। ਇਸ ਦੇ ਨਾਲ ਹੀ ਸਕੂਲ ਵਿਚੋਂ ਦਸਵੀਂ ਜਾਂ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਲਈ ਕਾਲਜ ਜਾਣ ਲਈ ਉੱਥੋਂਂ ‘ਆਚਰਣ ਸਰਟੀਫਿਕੇਟ’ ਵੀ ਲੈਣਾ ਪੈਂਦਾ ਸੀ। ਜਿਸ ਵਿਚ ਅਖ਼ੀਰ ’ਤੇ ਇਕ ਸਤਰ ਹੁੰਦੀ ਸੀ, “ਗੁੱਡ ਮੌਰਲ ਕਰੈਕਟਰ’’। ਉਦੋਂ ਇਸ ਗੱਲ ਦੀ ਬਹੁਤੀ ਸਮਝ ਨਹੀਂ ਸੀ ਹੁੰਦੀ ਕਿ ਇਹ ‘ਗੁੱਡ ਮੌਰਲ ਕਰੈਕਟਰ’ ਕੀ ਹੁੰਦਾ ਹੈ। ਕੇਵਲ ਏਨਾ ਹੀ ਜਾਣਦੇ ਸੀ ਕਿ ਇਹ ਸਤਰ ਸਬੰਧਿਤ ਵਿਦਿਆਰਥੀ ਦੇ ਆਮ ਵਿਹਾਰ ਅਤੇ ਆਚਰਣ ਨੂੰ ਬਿਲਕੁਲ ‘ਠੀਕ’ ਦਰਸਾਉਂਦੀ ਹੈੈ ਅਤੇ ਉਸ ਨੇ ਸਕੂਲ ਵਿਚ ਕੋਈ ਗ਼ਲਤੀ ਵਗ਼ੈਰਾ ਨਹੀਂ ਕੀਤੀ, ਪਰ ਉਦੋਂ ਉਸ ‘ਗ਼ਲਤੀ’ ਦਾ ਕੋਈ ਅਹਿਸਾਸ ਜਾਂ ਉਸ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਸੀ ਹੁੰਦੀ।

‘ਆਚਰਣ’ ਨੂੰ ਜਿੱਥੇ ਚਾਲਚਲਣ, ਚਰਿੱਤਰ ਜਾਂ ਕਿਰਦਾਰ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ, ਉੱਥੇ ਅੰਗਰੇਜ਼ੀ ਵਿਚ ਇਸ ਨੂੰ ‘ਕਰੈਕਟਰ’ ਕਹਿੰਦੇ ਹਨ। ਇੱਥੇ ਇਹ ਵਰਣਨਯੋਗ ਹੈ ਕਿ ਅੰਗਰੇਜ਼ੀ ਦਾ ਸ਼ਬਦ ‘Character’ ਇੰਗਲੈਂਡ ਅਤੇ ਅਮਰੀਕਾ ਦੇ ਸ਼ਬਦਕੋਸ਼ ਵਿਚ ਸਤਾਰਵੀਂ ਸਦੀ ਦੇ ਆਰੰਭ ਵਿਚ ਆਇਆ ਅਤੇ ਇਸ ਦੀ ਵਰਤੋਂ ਉੱਨੀਵੀਂ ਸਦੀ ਵਿਚ ਚਰਮ ਸੀਮਾ ’ਤੇ ਪਹੁੰਚੀ। ਇਹ ਮਨੁੱਖ ਦੇ ਸਮੂਹਿਕ ਗੁਣਾਂ ਨੂੰ ਪਰਿਭਾਸ਼ਤ ਕਰਦਾ ਹੈ ਅਤੇ ਇਨ੍ਹਾਂ ਗੁਣਾਂ ਵਿਚ ਮਨੁੱਖ ਦੇ ਨਿੱਜੀ ਵਿਚਾਰ, ਉਸ ਦੇ ਦਿਮਾਗ਼ ਵਿਚ ਆਉਂਦੇ ਭਾਤ-ਭਾਂਤ ਦੇ ਖ਼ਿਆਲ, ਉਸ ਦਾ ਸੁਭਾਅ ਤੇ ਵਿਹਾਰ, ਉਸ ਦੀਆਂ ਇੱਛਾਵਾਂ, ਭਾਵਨਾਵਾਂ, ਆਦਤਾਂ ਅਤੇ ਪਿਆਰ ਤੇ ਨਫ਼ਰਤ ਵਾਲੀਆਂ ਸੋਚਾਂ ਆਦਿ ਸਭ ਸ਼ਾਮਲ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਮਿਲਗੋਭਾ ਉਸ ਦੇ ਸਮੁੱਚੇ ਆਚਰਣ ਦੀ ਤਸਵੀਰ ਪੇਸ਼ ਕਰਦਾ ਹੈ।

ਆਚਰਣ ਤੇ ਸ਼ਖ਼ਸੀਅਤ ਇਕ ਹੀ ਨੇ ਜਾਂ ਵੱਖ-ਵੱਖ, ਕਈ ਵਿਅਕਤੀ ਆਚਰਣ ਅਤੇ ਸ਼ਖ਼ਸੀਅਤ ਨੂੰ ਇਕ ਹੀ ਮੰਨਦੇ ਹਨ, ਜਦੋਂ ਕਿ ਹੋਰ ਕਈਆਂ ਅਨੁਸਾਰ ਇਹ ਦੋਵੇਂ ਮਨੁੱਖ ਦੇ ਵੱਖ-ਵੱਖ ਪਹਿਲੂ ਹਨ। ਉਂਜ ਵੇਖਿਆ ਜਾਵੇ ਤਾਂ ਸ਼ਖ਼ਸੀਅਤ ਸਾਡੇ ਜੀਵਨ ਦਾ ਉਹ ਪੱਖ ਹੈ ਜੋ ਹਰ ਕੋਈ ਵੇਖ ਰਿਹਾ ਹੈ ਕਿ ਅਸੀਂ ਕੌਣ ਹਾਂ ਅਤੇ ਕੀ ਕਰਦੇ ਹਾਂ, ਜਦੋਂ ਕਿ ਆਚਰਣ ਸਾਡਾ ਉਹ ਪਹਿਲੂ ਹੈ ਜੋ ਅਦਿੱਖ ਹੈ ਅਤੇ ਉਹ ਸਾਡੇ ਆਪਣੇ ਆਪ ਤਕ ਸੀਮਤ ਹੈ। ਮਨੋਵਿਗਿਆਨੀ ਸਟੋਲੋਰੋ ਨੇ ਆਚਰਣ ਨੂੰ ਮਨੁੱਖੀ ਸ਼ਖ਼ਸੀਅਤ ਹੀ ਦਾ ਇਕ ਹਿੱਸਾ ਮੰਨਿਆ ਹੈ ਅਤੇ ਉਹ ਇਸ ਨੂੰ ਮਨੁੱਖ ਦੇ ਸਮਾਜੀ ਵਿਹਾਰ ਦੇ ਵੱਖ-ਵੱਖ ਪੱਖਾਂ ਦਾ ਸਮੂਹ ਬਿਆਨ ਕਰਦਾ ਹੈ।

ਸੱਭਿਆਚਾਰਕ ਇਤਿਹਾਸ ਦਾ ਮਾਹਿਰ ਵਾਰੇਨ ਸੁਸਮੈਨ ਅਚਰਣ ਨੂੰ ਸ਼ਖ਼ਸੀਅਤ ਨਾਲੋਂ ਵੱਖਰਾ ਮੰਨਦਿਆਂ ਹੋਇਆਂ ਇਸ ਨੂੰ ਉੱਨੀਵੀ ਸਦੀ ਦੇ ਆਰੰਭ ਵਿਚ ਵਰਤਿਆ ਜਾਂਦਾ ਅਹਿਮ ਸ਼ਬਦ ਕਰਾਰ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਸਮੇਂ ‘ਮਜ਼ਬੂਤ ਤੇ ਕਮਜ਼ੋਰ ਆਚਰਣ’ ਅਤੇ ‘ਚੰਗੇ ਤੇ ਮਾੜੇ ਆਚਰਣ’ ਦੀ ਚਰਚਾ ਆਮ ਲੋਕਾਂ ਵਿਚ ਹੋਣ ਲੱਗ ਪਈ ਸੀ ਅਤੇ ਨੌਜੁਆਨਾਂ ਨੂੰ ਆਪਣਾ ਆਚਰਣ ਉੱਚਾ-ਸੁੱਚਾ ਰੱਖਣ ਲਈ ਕਿਹਾ ਜਾਣ ਲੱਗ ਪਿਆ ਸੀ। ਉਨ੍ਹਾਂ ਨੂੰ ਇਹ ਸਿੱਖਿਆ ਵੀ ਦਿੱਤੀ ਜਾਂਦੀ ਸੀ ਕਿ ਆਚਰਣ ਬੇਸ਼ਕੀਮਤੀ ਸ਼ੈਅ ਹੈ ਅਤੇ ਇਸ ਨੂੰ ਸਹੀ ਰੱਖਣਾ ਬੇਹੱਦ ਜ਼ਰੂਰੀ ਹੈ। ਸੁਸਮੈਨ ਅਨੁਸਾਰ ਵੀਹਵੀਂ ਸਦੀ ਦੇ ਸ਼ੁਰੂ ਵਿਚ ਹੀ ਆਚਰਣ ਨੂੰ ਮਨੁੱਖ ਦੀ ਸ਼ਖ਼ਸੀਅਤ ਵਜੋਂ ਵੇਖਣਾ, ਪਰਖਣਾ ਅਤੇ ਸਮਝਣਾ ਆਰੰਭ ਹੋ ਗਿਆ ਸੀ, ਹਾਲਾਂਕਿ ਇਹ ਦੋਵੇਂ ਇਕ ਦੂਸਰੇ ਤੋਂ ਵੱਖਰੇ ਹਨ ਅਤੇ ਇਨ੍ਹਾਂ ਨੂੰ ਵੱਖ-ਵੱਖ ਨੁਕਤਾ-ਨਿਗਾਹ ਤੋਂ ਹੀ ਵੇਖਣਾ ਬਣਦਾ ਹੈ। ਆਚਰਣ ਦੇ ਸੱਭਿਆਚਾਰ ਤੋਂ ਸ਼ਖ਼ਸੀਅਤ ਦੇ ਸੱਭਿਆਚਾਰ ਵੱਲ ਸਫ਼ਰ ਨੂੰ ਸੁਸਮੈਨ ‘ਪ੍ਰਾਪਤੀ’ ਤੋਂ ‘ਕਾਰਜਸ਼ੀਲਤਾ’ ਮੰਨਦਾ ਹੈ।

ਉੱਨੀਵੀਂ ਸਦੀ ਦੌਰਾਨ ਆਚਰਣ ਨੂੰ ਪਰਿਭਾਸ਼ਤ ਕਰਨ ਲਈ ਸ਼ਬਦ ਫ਼ਰਜ਼, ਕੰਮ, ਸੁਚੱਜੇ ਕਰਤੱਵ, ਤੌਰ-ਤਰੀਕੇ, ਦਿਆਨਤਦਾਰੀ ਆਦਿ ਵਰਤੇ ਜਾਂਦੇ ਸਨ, ਜਦੋਂ ਕਿ ਸ਼ਖ਼ਸੀਅਤ ਲਈ ਮਹੱਤਵਪੂਰਨ, ਪ੍ਰਭਾਵਸ਼ਾਲੀ, ਚਮਕਵੀਂ, ਚੁੰਭਕੀ, ਸਿਰਜਨਾਤਮਕ, ਆਕਰਸ਼ਕ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਚੰਗੇ ਆਚਰਣ ਲਈ ਪਿਆਰ, ਦਿਆਲਤਾ, ਦਲੇਰੀ, ਵਿਸ਼ਵਾਸ, ਸੱਚਾਈ, ਸਪੱਸ਼ਟਤਾ, ਇਮਾਨਦਾਰੀ, ਇਰਾਦੇ ਦੀ ਪਰਿਪੱਕਤਾ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਗੁਣਾਂ ਦੀ ਲੋੜ ਸਮਝੀ ਜਾਂਦੀ ਹੈ। ਇਨ੍ਹਾਂ ਗੁਣਾਂ ਦੀ ਘਾਟ ਸਬੰਧਿਤ ਵਿਅਕਤੀ ਨੂੰ ਮਾੜੇ ਆਚਰਣ ਵਾਲਾ ਜਾਂ ਚਰਿੱਤਰਹੀਣ ਤਕ ਗਰਦਾਨਣ ਲਈ ਵੀ ਕੀਤੀ ਜਾਂਦੀ ਸੀ।

ਆਚਰਣ ਦੇ ਵਿਕਾਸ ਵਿਚ ਅਧਿਆਤਮਵਾਦ ਦੀ ਮੁੱਖ ਭੂਮਿਕਾ ਹੈ। ਵੱਖ-ਵੱਖ ਧਰਮਾਂ ਦੇ ਗ੍ਰੰਥ ਮਨੁੱਖ ਨੂੰ ਚੰਗਾ ਆਚਰਣ ਬਣਾਉਣ ਅਤੇ ਇਸ ਨੂੰ ਕਾਇਮ ਰੱਖਣ ਦੀ ਪ੍ਰੇਰਨਾ ਦਿੰਦੇ ਹਨ। ਉਹ ਮਨੁੱਖੀ ਜੀਵਨ ਲਈ ਸੁਥਰੀਆਂ ਸਮਾਜਿਕ ਤੇ ਸਦਾਚਾਰਕ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹਨ ਅਤੇ ਇਨ੍ਹਾਂ ਨੂੰ ਅਪਣਾਉਣ ਲਈ ਜ਼ੋਰ ਦਿੰਦੇ ਹਨ। ਇਸਾਈ ਧਰਮ ਦੇ ਗ੍ਰੰਥ ‘ਬਾਈਬਲ’ ਨੂੰ ‘ਆਚਰਣ ਦੀ ਪਾਠ-ਪੁਸਤਕ’ ਮੰਨਿਆ ਜਾਂਦਾ ਹੈ। ਇਸ ਵਿਚ ਅਨੇਕਾਂ ਕਹਾਣੀਆਂ ਸ਼ਾਮਲ ਹਨ ਜੋ ਵੱਖ-ਵੱਖ ਔਰਤਾਂ ਤੇ ਮਰਦਾਂ ਦੇ ਵਧੀਆ ਆਚਰਣ ਨਾਲ ਸਬੰਧਿਤ ਹਨ ਅਤੇ ਮਨੁੱਖ ਨੂੰ ਚੰਗਾ ਆਚਰਣ ਰੱਖਣ ਦੀ ਪ੍ਰੇਰਨਾ ਦਿੰਦੀਆਂ ਹਨ। ਇਸੇ ਤਰ੍ਹਾਂ ਰਾਮਾਇਣ, ਮਹਾਂਭਾਰਤ ਅਤੇ ਹੋਰ ਧਾਰਮਿਕ ਗ੍ਰੰਥਾਂ ਵਿਚ ਵੀ ਸਮਾਜਿਕ ਮਰਿਆਦਾ, ਮਾਪਿਆਂ ਦੇ ਮਾਣ-ਸਤਿਕਾਰ ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਨ ਆਦਿ ਦੀ ਗੱਲ ਬਾਖ਼ੂਬੀ ਕੀਤੀ ਗਈ ਹੈ।

ਸਿੱਖ ਧਰਮ ਵਿਚ ਆਚਰਣ ਨੂੰ ਤਰਜੀਹ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਿਚ ਆਚਰਣ ਨੂੰ ਸਰਬ-ਸ੍ਰੇਸ਼ਟ ਦੱਸਿਆ ਗਿਆ ਹੈ। ਇਸ ਸਬੰਧੀ ਉਨ੍ਹਾਂ ਦਾ ਫ਼ੁਰਮਾਨ ਹੈ:

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।।

ਗੁਰਦਆਰਾ ਸਹਿਬਾਨ ਦੇ ਸੁਯੋਗ ਪ੍ਰਬੰਧਾਂ ਲਈ 1925 ਵਿਚ ਬਣਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1945 ਵਿਚ ‘ਰਹਿਤ-ਮਰਿਆਦਾ’ ਨਿਰਧਾਰਤ ਕੀਤੀ ਗਈ। ਇਸ ਰਹਿਤ-ਮਰਿਆਦਾ ਵਿਚ ਮਨੁੱਖੀ ਆਚਰਣ ਨੂੰ ਉੱਚਾ-ਸੁੱਚਾ ਰੱਖਣ ਲਈ ਕਈ ਮੱਦਾਂ ਦਰਜ ਹਨ, ਜਿਨ੍ਹਾਂ ਵਿਚ ਸਿੱਖੀ ਦੇ ਤਿੰਨ ਮੁੱਢਲੇ ਅਸੂਲਾਂ -ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਤੋਂ ਇਲਾਵਾ ਸੇਵਾ ਕਰਨੀ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਰਗੇ ਗੁਣ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਵਿਚ ਸਿੱਖਾਂ ਨੂੰ ਭੰਗ, ਤੰਬਾਕੂ ਤੇ ਹੋਰ ਨਸ਼ਿਆਂ ਦੇ ਸੇਵਨ ਦੀ ਮਨਾਹੀ, ਨਫ਼ਰਤ, ਈਰਖਾ ਤੇ ਪਰਾਏ ਧੰਨ ਤੋਂ ਦੂਰ ਰਹਿਣ ਅਤੇ ਕਿਸੇ ਵੀ ਪਰਾਈ ਇਸਤਰੀ ਨਾਲ ਸਬੰਧ ਨਾ ਰੱਖਣ ਵਰਗੀਆਂ ਕੁਰਹਿਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਕਿਸੇ ਵੀ ਮਨੁੱਖ ਦਾ ਆਚਰਣ ਜਾਂ ਚਾਲਚਲਣ ਕੁਝ ਦਿਨਾਂ ਜਾਂ ਮਹੀਨਿਆਂ ਵਿਚ ਵਿਕਸਤ ਨਹੀਂ ਹੁੰਦਾ, ਸਗੋਂ ਇਸ ਲਈ ਤਾਂ ਸਾਲਾਂ ਦੇ ਸਾਲ ਲੱਗ ਜਾਂਦੇ ਹਨ। ਇਹ ਸਬੰਧਿਤ ਪਰਿਵਾਰ ਦੇ ਪਿਛੋਕੜ ਅਤੇ ਉਸ ਤੋਂ ਪ੍ਰਾਪਤ ਹੋਏ ਸੰਸਕਾਰਾਂ ਉੱਪਰ ਵੀ ਨਿਰਭਰ ਕਰਦਾ ਹੈ ਜੋ ਪੀੜ੍ਹੀ-ਦਰ-ਪੀੜ੍ਹੀ ਚੱਲਿਆ ਆਉਂਦਾ ਹੈ। ਆਚਰਣ ਕਿਸੇ ਇਕਾਂਤ ਵਿਚ ਚੁੱਪ-ਚਾਪ ਬੈਠ ਕੇ ਨਹੀਂ ਉਸਾਰਿਆ ਜਾ ਸਕਦਾ, ਸਗੋਂ ਇਸ ਲਈ ਤਾਂ ਸਮਾਜ ਵਿਚ ਵਿਚਰਦਿਆਂ ਹੋਇਆਂ ਲੋਕਾਂ ਨਾਲ ਮਿਲ-ਜੁਲ ਕੇ ਸਹੀ ਤਰ੍ਹਾਂ ਜੀਵਨ ਗੁਜ਼ਾਰਨਾ ਜ਼ਰੂਰੀ ਹੈ।

ਆਚਰਣ ਦੇ ਵੱਖ-ਵੱਖ ਪਹਿਲੂਆਂ ਨੂੰ ਨਿੱਜੀ ਆਚਰਣ, ਸਮਾਜਿਕ ਆਚਰਣ, ਕੌਮੀ ਆਚਰਣ ਵਿਚ ਵਿਚਾਰਿਆ ਜਾ ਸਕਦਾ ਹੈ। ਕਿਸੇ ਵਿਅਕਤੀ ਦਾ ਨਿੱਜੀ ਆਚਰਣ ਉਸ ਦੇ ਨਿੱਜੀ ਗੁਣਾਂ ਦਾ ਮੁਲਾਂਕਣ ਹੈ। ਇਨ੍ਹਾਂ ਵਿਚ ਉਸ ਦੀ ਇਮਾਨਦਾਰੀ, ਬਹਾਦਰੀ, ਭਰੋਸੇਯੋਗਤਾ, ਮਾਣ-ਇੱਜ਼ਤ, ਦੂਸਰਿਆਂ ਨਾਲ ਵਿਹਾਰ ਅਤੇ ਉਸ ਦੀਆਂ ਨਿੱਜੀ ਆਦਤਾਂ ਆਦਿ ਸ਼ਾਮਲ ਹਨ। ਇਹ ਗੁਣ ਇਕ ਵਿਅਕਤੀ ਨੂੰ ਦੂਸਰੇ ਨਾਲੋਂ ਵੱਖਰਿਆਉਂਦੇ ਹਨ ਕਿਉਂਕਿ ਇਨ੍ਹਾਂ ਗੁਣਾਂ ਦੀ ਵਾਧ-ਘਾਟ ਹਰੇਕ ਇਨਸਾਨ ਵਿਚ ਵੱਖੋ-ਵੱਖਰੀ ਮਾਤਰਾ ਵਿਚ ਹੁੰਦੀ ਹੈ ਅਤੇ ਇਨ੍ਹਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਹੀ ਲੋਕਾਂ ਵੱਲੋਂ ਉਸ ਵਿਅਕਤੀ ਦੇ ਆਚਰਣ ਦਾ ਮੁਲਾਂਕਣ ਕੀਤਾ ਜਾਂਦਾ ਹੈ। ਸਮਾਜ ਵਿਚ ਕਿਸੇ ਨੂੰ ਸ਼ਰੀਫ਼, ਭਲਾਮਾਣਸ, ਸ਼ਰਮਾਕਲ, ਦਿਆਲੂ ਆਦਿ ਸ਼ਬਦਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਕਿਸੇ ਦੂਸਰੇ ਨੂੰ ਲਫੰਗਾ, ਈਰਖਾਲੂ, ਸੜੀਅਲ, ਝਗੜਾਲੂ ਅਤੇ ਬਦਮਾਸ਼ ਹੋਣ ਦਾ ‘ਸਰਟੀਫਿਕੇਟ’ ਦਿੱਤਾ ਜਾਂਦਾ ਹੈ। ਮਨੋਵਿਗਿਆਨੀ ਲਾਅਰੈਂਸ ਪਰਵਿਨ ਅਨੁਸਾਰ,‘ਨਿੱਜੀ ਆਚਰਣ ਵੱਖ-ਵੱਖ ਸਮਾਜਿਕ ਹਾਲਤਾਂ ਵਿਚ ਕਿਸੇ ਵਿਅਕਤੀ ਵੱਲੋਂ ਆਪਣਾ ਵਿਹਾਰ ਦਰਸਾਉਣ ਵਾਲਾ ਦਰਪਣ ਹੈ।

ਸਮਾਜਿਕ ਆਚਰਣ ਦੀ ਪਰਿਭਾਸ਼ਾ ਉੱਘੇ ਜਰਮਨ ਸਮਾਜਿਕ ਵਿਗਿਆਨੀ ਐਰਿਕ ਫਰੋਮੇ ਵੱਲੋਂ ਵੀਹਵੀ ਸਦੀ ਦੇ ਆਰੰਭ ਵਿਚ ਦਿੱਤੀ ਗਈ। ਉਸ ਅਨੁਸਾਰ ‘ਸਮਾਜਿਕ ਆਚਰਣ ਕਿਸੇ ਸਮਾਜ ਦੇ ਲੋਕਾਂ ਜਾਂ ਜਾਤੀਆਂ ਦਾ ਸਮੂਹਿਕ ਤੌਰ ’ਤੇ ਦਰਸਾਏ ਜਾਣ ਵਾਲਾ ਵਰਤਾਰਾ ਹੈ।’ ਉਹ ਇਸ ਨੂੰ ਕਾਰਲ ਮਾਰਕਸ ਦੀ ਸੋਸ਼ਲ ਥਿਊਰੀ ਨਾਲ ਜੋੜਦਾ ਹੈ ਜੋ ਸੁਪਨਿਆਂ ਦੇ ਵਿਆਖਿਆਕਾਰ ਮਨੋਵਿਗਿਆਨੀ ਸਿਗਮੰਡ ਫਰਾਇਡ ਵੱਲੋਂ ਦਰਸਾਈ ਗਈ ਆਚਰਣ ਦੀ ਪਰਿਭਾਸ਼ਾ ਨਾਲ ਜਾ ਜੁੜਦੀ ਹੈ। ਇਸ ਅਨੁਸਾਰ ‘ਸਾਡਾ ਆਚਰਣ ਸਾਡੇ ਅਨੁਭਵਾਂ ਦੀਆਂ ਯਾਦਾਂ ਉੱਪਰ ਆਧਾਰਿਤ ਹੈ ਅਤੇ ਇਨ੍ਹਾਂ ਵਿਚ ਸਭ ਤੋਂ ਵੱਧ ਉਹ ਅਨੁਭਵ ਹੁੰਦੇ ਹਨ ਜਿਨ੍ਹਾਂ ਦਾ ਸਾਡੇ ਉੱਪਰ ਸਭ ਤੋਂ ਵਧੇਰੇ ਅਸਰ ਹੁੰਦਾ ਹੈ, ਖ਼ਾਸ ਤੌਰ ’ਤੇ ਜਵਾਨੀ ਦੇ ਪਹਿਲੇ ਪੜਾਅ ਦੇ ਅਨੁਭਵ ਜੋ ਸਾਡੇ ਅਚੇਤ ਜਾਂ ਸੁਚੇਤ ਮਨ ਵਿਚ ਸਮਾਅ ਜਾਂਦੇ ਹਨ।’

ਕੌਮੀ ਆਚਰਣ ਉਨ੍ਹਾਂ ਖ਼ਾਸੀਅਤਾਂ ਜਾਂ ਵਿਹਾਰਕ-ਇਕਾਈਆਂ ਦਾ ਸਮੂਹ ਹੈ ਜੋ ਕਿਸੇ ਦੇਸ਼ ਜਾਂ ਕੌਮ ਦੇ ਬਹੁ-ਗਿਣਤੀ ਲੋਕਾਂ ਵਿਚ ਪਾਈਆਂ ਜਾਂਦੀਆਂ ਹਨ। ਇਹ ਖ਼ਾਸੀਅਤਾਂ ਜ਼ਰੂਰੀ ਨਹੀਂ ਕਿ ਸਾਰੀਆਂ ਚੰਗੀਆਂ ਜਾਂ ਮਾੜੀਆਂ ਹੋਣ, ਸਗੋਂ ਇਹ ਉਨ੍ਹਾਂ ਦਾ ਮਿਲਗੋਭਾ ਵੀ ਹੋ ਸਕਦਾ ਹੈ। ਇਸ ਨੂੰ ‘ਲੋਕ-ਸੱਭਿਆਚਾਰ’ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ ਕਿਉਂਕਿ ਇਹ ਲੋਕਾਂ ਦੀਆਂ ਸਮੂਹਿਕ-ਆਦਤਾਂ, ਵਿਚਾਰਾਂ, ਇੱਛਾਵਾਂ, ਵਿਸ਼ਵਾਸ ਅਤੇ ਵਰਤੋਂ-ਵਿਹਾਰ ਨੂੰ ਪ੍ਰਗਟ ਕਰਦਾ ਹੈ। ਕੌਮੀ ਆਚਰਣ ਨੂੰ ਸਮਝਣ ਲਈ ਇਹ ਪੱਖ ਆਮ ਤੌਰ ’ਤੇ ਉਸ ਖੇਤਰ ਦੇ ਬਾਲਗ਼ ਵਿਅਕਤੀਆਂ ਦੇ ਹੀ ਵਿਚਾਰੇ ਜਾਂਦੇ ਹਨ। ਇਹ ਕਿਸੇ ਖ਼ਾਸ ਖਿੱਤੇ ਦੇ ਜਨ-ਸਮੂਹ ਦਾ ਮਨੋ-ਵਿਗਿਆਨਕ ਤੇ ਵਿਹਾਰਕ ਆਧਾਰ ਵੀ ਹੋ ਸਕਦਾ ਹੈ।

ਭਾਰਤ ਬਹੁ-ਸੱਭਿਆਚਾਰੀ ਅਤੇ ਬਹੁ-ਭਾਸ਼ਾਈ ਦੇਸ਼ ਹੈ। ਇਸ ਦੇ ਵੱਖ-ਵੱਖ ਸੂਬਿਆਂ ਦੇ ਲੋਕ ਆਪਣੀਆਂ ਭਾਸ਼ਾਵਾਂ ਬੋਲਦੇ ਹਨ ਅਤੇ ਉਨ੍ਹਾਂ ਦਾ ਆਪੋ ਆਪਣਾ ਸੱਭਿਆਚਾਰ ਹੈ। ਪੰਜਾਬੀ ਬਹਾਦਰ ਤੇ ਨਿਡਰ ਮੰਨੇ ਜਾਂਦੇ ਹਨ ਅਤੇ ਉਹ ਦਰਪੇਸ਼ ਚੁਣੌਤੀਆਂ ਦਾ ਹੱਸ ਕੇ ਮੁਕਾਬਲਾ ਕਰਦੇ ਹਨ। ਉਨ੍ਹਾਂ ਬਾਰੇ ਮਸ਼ਹੂਰ ਹੈ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।’ ਉਹ ਲੜਾਕੇ ਹਨ ਅਤੇ ਕਈ ਵਾਰ ਆਪਸ ਵਿਚ ਵੀ ਉਲਝ ਜਾਂਦੇ ਹਨ। ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬੀ ਅਤੇ ਬੰਗਾਲੀ ਵਧੇਰੇ ਦੇਸ਼-ਭਗਤ ਸਮਝੇ ਜਾਂਦੇ ਹਨ ਅਤੇ ਭਾਰਤ ਦੀ ਆਜ਼ਾਦੀ ਵਿਚ ਉਨ੍ਹਾਂ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ। ਦੂਸਰੇ ਪਾਸੇ ਗੁਜਰਾਤੀ ਵਧੇਰੇ ਕਰਕੇ ਵਪਾਰੀ ਤਬੀਅਤ ਦੇ ਮਾਲਕ ਹਨ।

ਇਸੇ ਤਰ੍ਹਾਂ ਅਮਰੀਕਾ ਅਤੇ ਕੈਨੇਡਾ ਵੀ ਬਹੁ-ਕੌਮੀ ਅਤੇ ਬਹੁ-ਸੱਭਿਆਚਾਰੀ ਦੇਸ਼ ਹਨ। ਇਨ੍ਹਾਂ ਦੋਹਾਂ ਦੇਸ਼ਾਂ ਵਿਚ ਦੂਸਰੇ ਦੇਸ਼ਾਂ ਤੋਂ ਪਰਵਾਸ ਕਰਕੇ ਆਏ ਲੋਕਾਂ ਦੀ ਵੱਡੀ ਗਿਣਤੀ ਹੈ ਅਤੇ ਹਰੇਕ ਦੇਸ਼ ਤੋਂ ਆਏ ਲੋਕਾਂ ਦਾ ਆਪਣਾ ਆਚਰਣ ਤੇ ਸੱਭਿਆਚਾਰ ਹੈ। ਇਸੇ ਲਈ ਕਈਆਂ ਵੱਲੋਂ ਇੱਥੇ ਮੌਜੂਦ ਲੋਕਾਂ ਨੂੰ ‘ਵਣ-ਵਣ ਦੀ ਲੱਕੜੀ’ ਦਾ ਨਾਂ ਵੀ ਦਿੱਤਾ ਜਾਂਦਾ ਹੈ। ਅਮਰੀਕਨਾਂ ਦੀ ‘ਸ਼ੌਪਿੰਗ-ਮਾਲ ’ਤੇ ਮੌਜੂਦ ਲੋਕਾਂ’ ਨਾਲ ਵੀ ਤੁਲਨਾ ਕੀਤੀ ਜਾਂਦੀ ਹੈ। ਇੰਗਲੈਂਡ ਦੇ ਵਸਨੀਕਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਤਾਂ ‘ਭੁੰਨੇ ਹੋਏ ਮਾਸ’ ਵਰਗੇ ਹਨ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ। ਇੰਜ ਹੀ ਕਈ ਉਨ੍ਹਾਂ ਨੂੰ ਚਾਹ ਨਾਲ ਛਕੇ ਜਾਣ ਵਾਲੇ ਸਨੈਕ ਨਾਲ ਵੀ ਮੇਲਦੇ ਹਨ। ਇਸ ਦੇ ਬਾਵਜੂਦ ਉਹ ਆਚਰਣ ਦੀਆਂ ਉੱਚੀਆਂ ਤੇ ਸੁੱਚੀਆਂ ਕਦਰਾਂ-ਕੀਮਤਾਂ ਦੇ ਧਾਰਨੀ ਹਨ। ਬੇਸ਼ੱਕ, ਇਨ੍ਹਾਂ ਦੋਹਾਂ ਦੇਸ਼ਾਂ ਤੇ ਹੋਰ ਪੱਛਮੀ ਦੇਸ਼ਾਂ ਵਿਚ ਆਚਰਣ ਜਾਂ ਚਾਲਚਲਣ ਦੇ ਕਈ ਮਾਪਦੰਡ ਵੱਖਰੇ ਮੰਨੇ ਜਾਂਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਦੀਆਂ ਆਦਤਾਂ ਅਤੇ ਨਿੱਜੀ ਆਚਰਣ ਸ਼ਾਮਲ ਹੈ, ਪਰ ਸਮਾਜਿਕ ਅਤੇ ਕੌਮੀ ਆਚਰਣ ਦੇ ਪੱਖ ਵਿਚ ਉਹ ਦੂਸਰਿਆਂ ਤੋਂ ਬਹੁਤ ਅੱਗੇ ਹਨ।

ਇਸ ਤਰ੍ਹਾਂ ਅਸੀਂ ਵੱਖ-ਵੱਖ ਦੇਸ਼ਾਂ, ਕੌਮਾਂ ਅਤੇ ਸੱਭਿਆਚਾਰਾਂ ਵਿਚ ਨਿੱਜੀ, ਸਮਾਜਿਕ ਅਤੇ ਕੌਮੀ ਆਚਰਣ ਦੀ ਵੱਖ-ਵੱਖ ਕਿਸਮ ਦੀ ਤਸਵੀਰ ਵੇਖਦੇ ਹਾਂ। ਇਸ ਨੂੰ ਵੇਖਣ-ਪਰਖਣ ਦਾ ਨਜ਼ਰੀਆ ਬੇਸ਼ੱਕ ਆਪੋ-ਆਪਣਾ ਹੈ, ਪਰ ਇਸ ਦੀ ਮਨੁੱਖੀ ਜੀਵਨ ਵਿਚ ਅਹਿਮੀਅਤ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ।

ਸੰਪਰਕ: 1-647-567-9128

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All