ਚੀਸ
ਕਹਾਣੀ ਅੱਜ ਉਹ ਬੜਾ ਹੀ ਖੁਸ਼ ਸੀ। ਕਾਫ਼ੀ ਅੜਚਣਾਂ ਵਿੱਚੋਂ ਲੰਘਦਿਆਂ ਉਸ ਨੂ਼ੰ ਅਮਰੀਕਾ ਦੀ ਪੀ.ਆਰ. ਦਾ ਪੱਤਰ ਜੋ ਮਿਲ ਗਿਆ ਸੀ। ਪੱਤਰ ਮਿਲਦਿਆਂ ਹੀ ਖੁਸ਼ੀ ਨੂੰ ਸਾਂਝਾ ਕਰਨ ਲਈ ਆਪਣੇ ਦੋਸਤ ਮਨੀਸ਼ ਨੂੰ ਟੈਲੀਫੋਨ ’ਤੇ ਦੱਸਦਿਆਂ ਨਾਲ ਦੀ ਨਾਲ...
ਕਹਾਣੀ
ਅੱਜ ਉਹ ਬੜਾ ਹੀ ਖੁਸ਼ ਸੀ। ਕਾਫ਼ੀ ਅੜਚਣਾਂ ਵਿੱਚੋਂ ਲੰਘਦਿਆਂ ਉਸ ਨੂ਼ੰ ਅਮਰੀਕਾ ਦੀ ਪੀ.ਆਰ. ਦਾ ਪੱਤਰ ਜੋ ਮਿਲ ਗਿਆ ਸੀ। ਪੱਤਰ ਮਿਲਦਿਆਂ ਹੀ ਖੁਸ਼ੀ ਨੂੰ ਸਾਂਝਾ ਕਰਨ ਲਈ ਆਪਣੇ ਦੋਸਤ ਮਨੀਸ਼ ਨੂੰ ਟੈਲੀਫੋਨ ’ਤੇ ਦੱਸਦਿਆਂ ਨਾਲ ਦੀ ਨਾਲ ਤਾਕੀਦ ਕਰ ਦਿੱਤੀ ਕਿ ਅੱਜ ਮੇਰੇ ਕੋਲ ਆ ਜਾਵੀਂ ਰਲ ਕੇ ਸੇਲੀਬਰੇਟ ਕਰਾਂਗੇ। ਘਰੇ ਭੈਣ-ਭਰਾਵਾਂ ਨੂੰ ਖੁਸ਼ਖਬਰੀ ਦੇਣ ਲਈ ਵਾਰ ਵਾਰ ਫੋਨ ਮਿਲਾਇਆ, ਪਰ ਫੋਨ ਨਾ ਮਿਲਿਆ। ਕਦੇ ਕਦੇ ਹੋ ਜਾਂਦੈ ਇਸ ਤਰ੍ਹਾਂ, ਪਰ ਅੱਜ ਉਸ ਨੂੰ ਫੋਨ ਦਾ ਨਾ-ਮਿਲਣਾ ਕਾਫ਼ੀ ਬੇਚੈਨ ਕਰ ਰਿਹਾ ਸੀ। ਉਸ ਦਾ ਜੀਅ ਕਰ ਰਿਹਾ ਸੀ ਕਿ ਸਾਰਾ ਸਿਸਟਮ ਹੀ ਤੋੜ ਦੇਵੇ, ਉਹਦਾ ਮਨ ਤਾਂ ਅੱਜ ਉਡੂੰ ਉਡੂੰ ਕਰਦਾ ਮਚਲ ਰਿਹਾ ਸੀ। ਫਿਰ ਮਨੀਸ਼ ਨੂੰ ਫੋਨ ਮਿਲਾਇਆ ਤਾਂ ਉਸ ਦਾ ਜਵਾਬ ਸੀ, “ਆਵਾਂਗੇ ਬਾਬਾ ਆਵਾਂਗੇ! ਕਿਉਂ ਇੰਨਾ ਉਤਾਵਲਾ ਹੋਇਐਂ, ਮੈਂ ’ਕੱਲਾ ਨਹੀਂ ਜਸਵਿੰਦਰ ਦੋਸਤ ਵੀ ਆਵੇਗਾ।”
ਵਿਕਰਮ ਹੁਣ ਭਾਵੇਂ ਕੰਪਿਊਟਰ ਇੰਜਨੀਅਰ ਸੀ, ਪਰ ਜੀਵ ਵਿਗਿਆਨ, ਸਪੇਸ ਵਿਗਿਆਨ ਅਤੇ ਹੋਰ ਕਿੰਨੀਆਂ ਹੀ ਵਿਗਿਆਨਾਂ ਵਿੱਚ ਉਸ ਦੀ ਬਚਪਨ ਤੋਂ ਹੀ ਰੁਚੀ ਸੀ ਅਤੇ ਇਨ੍ਹਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਕਰਦਾ ਰਹਿੰਦਾ। ਕੁਦਰਤ ਦੇ ਹਰ ਇੱਕ ਵਰਤਾਰੇ ਬਾਰੇ ‘ਕਿਉਂ ਅਤੇ ਕਿਵੇਂ’ ਸਬੰਧੀ ਉਸ ਦੀ ਜਗਿਆਸਾ ਸਾਰੇ ਪਰਿਵਾਰ ਨੂੰ ਤਾਂ ਕੀ, ਸਾਰੇ ਅਧਿਆਪਕਾਂ ਨੂੰ ਵੀ ਹੈਰਾਨ ਕਰਦੀ। ਵਿਕਰਮ ਦੇ ਦਾਦੇ ਨੂੰ ਤਾਂ ਉਸ ਦੇ ਮੱਥੇ ਉੱਪਰ ਚੰਦਰ ਵਿਖਾਈ ਦਿੰਦਾ, ਉਸ ਨੂੰ ਉਹ ਇੱਕ ਮਹਾਨ ਵਿਅਕਤੀ ਬਣਿਆ ਦਿਸਦਾ ਸੀ। ਭੌਤਿਕ ਵਿਗਿਆਨ ਵਿੱਚ ਉਸ ਦੀ ਰੁਚੀ ਕੁਝ ਜ਼ਿਆਦਾ ਹੀ ਸੀ, ਇਸੇ ਲਈ ਤਾਂ ਉਹ ਦੋਸਤਾਂ ਮਿੱਤਰਾਂ ਨਾਲ ਰਾਕਟਾਂ ਸਬੰਧੀ ਅਤੇ ਆਉਣ ਵਾਲੇ ਸਮੇਂ ਵਿੱਚ ਰਾਕਟਾਂ ਵਿੱਚ ਹੋਣ ਵਾਲੀਆਂ ਤਰੱਕੀ ਦੀਆਂ ਸੰਭਾਵਨਾਵਾਂ ਦੀਆਂ ਗੱਲਾਂ ਕਰਦਾ। ਔਰਤ ਮਰਦ ਸਬੰਧੀ ਪਿਆਰ ਮੁਹੱਬਤ, ਜਿਸਮਾਨੀ ਖਿੱਚ ਵਾਲੀਆਂ ਗੱਲਾਂ ਵਿੱਚ ਉਹ ਘੱਟ ਦਿਲਚਸਪੀ ਰੱਖਦਾ। ਹਰ ਇੱਕ ਜਮਾਤ ਵਿੱਚ ਵਜ਼ੀਫਾ ਲੈਣਾ ਉਸ ਲਈ ਇੱਕ ਆਮ ਜਿਹੀ ਗੱਲ ਸੀ। ਆਪਣੀ ਮਿਹਨਤ ਦੇ ਬਲਬੂਤੇ ’ਤੇ ਭਾਰਤ ਦੀ ਸਿਰੇ ਦੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਉਸ ਨੇ ਕੰਪਿਊਟਰ ਵਰਗੇ ਬਿਲਕੁਲ ਨਵੇਂ ਵਿਸ਼ੇ ਵਿੱਚ ਬੀ.ਟੈਕ ਕਰਕੇ ਐੱਮ.ਟੈਕ ਰਾਜਧਾਨੀ ’ਚ ਸਥਿਤ ਯੂਨੀਵਰਸਿਟੀ ਤੋਂ ਕਰ ਲਈ। ਯੂ.ਐੱਸ.ਏ. ਦੀ ਮਸ਼ਹੂਰ ਕੰਪਨੀ ਵਿੱਚ ਸਰਵਿਸ ਜੁਆਇਨ ਕਰਕੇ ਅਖੀਰ ਉਹ ਯੂ.ਐੱਸ.ਏ. ਹੀ ਆ ਟਿਕਿਆ।
ਖੁਸ਼ੀ ਉਸ ਨੂੰ ਪੀ.ਆਰ. ਮਿਲਣ ਦੀ ਹੀ ਨਹੀਂ ਸੀ, ਬਲਕਿ ਇਸ ਗੱਲ ਦੀ ਵੀ ਸੀ ਕਿ ਹੁਣ ਉਹ ਸਾਰੇ ਭੈਣ-ਭਰਾਵਾਂ ਨੂੰ ਅਮਰੀਕਾ ਦੀ ਸੈਰ ਕਰਵਾ ਸਕੇਗਾ ਜਿਨ੍ਹਾਂ ਨੇ ਜ਼ਿੰਦਗੀ ’ਚ ਸੰਘਰਸ਼ ਕਰਦਿਆਂ ਮਸੀਂ ਸਾਈਕਲ ਤੱਕ ਦਾ ਸਫ਼ਰ ਕੀਤਾ ਸੀ। ਨਾਲ ਦੀ ਨਾਲ ਉਨ੍ਹਾਂ ਨੂੰ ਪ੍ਰੇਰਿਤ ਵੀ ਕਰੇਗਾ ਕਿ ਅਮਰੀਕਾ ਵਾਸੀਆਂ ਵਰਗਾ ਰਹਿਣ ਸਹਿਣ ਅਪਨਾਉਣਾ ਸਿੱਖੋ। ਮਨ ਹੀ ਮਨ ਸੋਚ ਕੇ ਉਹ ਆਨੰਦਿਤ ਹੋ ਰਿਹਾ ਸੀ ਕਿ ਹੁਣ ਉਹ ਸਵੀਸ਼ ਵੀਰੇ ਨੂੰ ਕਹਿ ਦੇਵੇਗਾ ਕਿ ਉਸ ਲਈ ਜਲਦੀ ਕਿਸੇ ਸੋਹਣੀ ਸੁਨੱਖੀ ਕੁੜੀ ਨੂੰ ਲੱਭੇ ਤਾਂ ਕਿ ਜਲਦੀ ਹੀ ਉਹ ਭਾਰਤ ਆ ਕੇ ਉਸ ਨੂੰ ਦੁਲਹਨ ਬਣਾ ਕੇ ਅਮਰੀਕਾ ਲਿਜਾ ਸਕੇ। ਹੁਣ ਤੱਕ ਤਾਂ ਮੈਂ ਪੜ੍ਹਾਈ ਵਿੱਚ ਰੁੱਝਿਆ ਰਿਹਾ, ਭੁੱਲ ਹੀ ਗਿਆ ਸੀ ਕਿ ਰੁਮਾਂਟਿਕਤਾ ਕੀ ਹੁੰਦੀ ਹੈ, ਗੱਭਰੂ ਤੇ ਮੁਟਿਆਰ ਦੇ ਸਬੰਧਾਂ ਵਿੱਚ ਕਿੰਨਾ ਆਨੰਦ ਹੁੰਦਾ ਹੈ, ਸੁੰਦਰਤਾ ਨੂੰ ਨਿਹਾਰਨ ਦਾ ਕੀ ਸੁਆਦ ਹੁੰਦਾ ਹੈ, ਇੱਕ ਦੂਜੇ ਦੇ ਲੱਕ ਦੁਆਲੇ ਬਾਹਾਂ ਪਾ ਕੇ ਪਹਾੜਾਂ ’ਤੇ ਘੁੰਮਣ ’ਚ ਕਿੰਨਾ ਮਜ਼ਾ ਹੁੰਦਾ ਹੈ ਆਦਿ। ਹੁਣ ਉਹ ਸਭ ਚਾਅ ਪੂਰੇ ਕਰੇਗਾ। ਕਿਤਾਬਾਂ ਨਾਲ ਮੱਥਾ ਮਾਰਨਾ ਛੱਡ ਕੇ ਜ਼ਿੰਦਗੀ ਨੂੰ ਹੀ ਪੜ੍ਹੇਗਾ, ਵਾਚੇਗਾ, ਮਾਣੇਗਾ। ਬਸ ਜ਼ਿੰਦਗੀ ਦੇ ਹਰ ਪਲ ਮੇਰਾ ਹਮਸਫ਼ਰ ਹੀ ਸਾਹਮਣੇ ਹੋਵੇਗਾ। ਖ਼ਿਆਲਾਂ ਦੀ ਲੜੀ ਨੂੰ ਟਰਨ ਟਰਨ ਦੀ ਆਵਾਜ਼ ਨੇ ਤੋੜ ਦਿੱਤਾ। ਉਸ ਨੇ ਫੋਨ ਉਠਾਇਆ। ਉਮੀਦ ਸੀ ਇੰਡੀਆ ਤੋਂ ਵੱਡੇ ਵੀਰ ਸਵੀਸ਼ ਦਾ ਹੀ ਹੋਵੇਗਾ, ਆਪ ਮੁਹਾਰੇ ਮੂੰਹੋਂ ਨਿਕਲਿਆ, “ਹਾਂ ਵੀਰ ਜੀ ਨਮਸਤੇ।”
ਪਰ ਇਹ ਫੋਨ ਤਾਂ ਵੀਰ ਦਾ ਨਹੀਂ ਸੀ, ਦੋਸਤ ਮਨੀਸ਼ ਦਾ ਹੀ ਸੀ, “ਹਾਂ ਵਿਕਰਮ, ਮੈਂ ਮਨੀਸ਼ ਬੋਲ ਰਿਹਾ ਹਾਂ।”
“ਹਾਂ ਹਾਂ ਜਲਦੀ ਬੋਲ, ਕੀ ਕਹਿ ਰਿਹੈਂ ਯਾਰ? ਉੱਡ ਕੇ ਆਜਾ ਮੇਰੇ ਕੋਲ। ਅੱਜ ਮੇਰਾ ਮਨ ਬਹੁਤ ਮਚਲ ਰਿਹੈ, ਜੀਅ ਕਰਦੈ ਉੱਡ ਕੇ ਬਠਿੰਡੇ ਪਹੁੰਚ ਜਾਵਾਂ ਤੇ ਸਾਰਿਆਂ ਨਾਲ ਖੁਸ਼ੀ ਸਾਂਝੀ ਕਰਾਂ।”
ਮਨੀਸ਼ ਸੰਸ਼ੋਪੰਜ ਵਿੱਚ ਪੈ ਗਿਆ ਕਿ ਵਿਕਰਮ ਨੂੰ ਕਿਵੇਂ ਦੱਸੇ ਕਿ ਬਠਿੰਡੇ ਕੀ ਵਾਪਰ ਗਿਆ ਹੈ? ਪਰ ਫਿਰ ਵੀ ਇੰਡੀਆਂ ਤੋਂ ਪ੍ਰਾਪਤ ਹੋਏ ਫੋਨ ਉੱਪਰ ਉਸ ਨੂੰ ਮਿਲੀ ਸਲਾਹ ਅਨੁਸਾਰ ਦੁਖਦਾਈ ਖ਼ਬਰ ਦੱਸਣ ਤੋਂ ਪਹਿਲਾਂ ਉਹ ਮਾਹੌਲ ਬਣਾਉਣ ਲੱਗਿਆ, ਪਰ ਝੂਠ ਫਿਰ ਵੀ ਨਾ ਬੋਲ ਸਕਿਆ, ਥਿੜਕਦੀ ਆਵਾਜ਼ ਨੇ ਵਿਕਰਮ ਦੇ ਮਨ ਵਿੱਚ ਸ਼ੰਕਾ ਪੈਦਾ ਕਰ ਦਿੱਤੀ, “ਯਾਰ ਵਿਕਰਮ ਬੜੀ ਭੈੜੀ ਖ਼ਬਰ ਐ, ਵੀਰ ਸਵੀਸ਼ ਦੇ ਬਹੁਤ ਹੀ ਸੱਟਾਂ ਵੱਜੀਆਂ ਨੇ ਹਸਪਤਾਲ ਦਾਖਲ ਐ....।”
“ਕਿਉਂ? ਕਿਵੇਂ? ਕਿੱਥੇ?” ਵਿਕਰਮ ਦੇ ਮੂੰਹੋਂ ਨਿਕਲੇ ਸਵਾਲਾਂ ਦਾ ਉੱਤਰ ਮਨੀਸ਼ ਹਉਕਿਆਂ ਦੇ ਰੂਪ ’ਚ ਹੀ ਦੇ ਸਕਿਆ। ਇੱਕ ਵਾਰ ਤਾਂ ਵਿਕਰਮ ਦੇ ਹੱਥੋਂ ਰੀਸੀਵਰ ਛੁੱਟ ਗਿਆ। ਭੌਚੱਕਾ ਖੜ੍ਹਾ ਸੁੰਨ ਹੀ ਹੋ ਗਿਆ, ਕਮਰੇ ’ਚ ਤਾਂ ਉਹ ਇਕੱਲਾ ਹੀ ਸੀ, ਸਾਰੇ ਚਾਅ ਕਾਫੂਰ ਬਣ ਕੇ ਉੱਡ ਗਏ। ਕੁਝ ਪਲਾਂ ਬਾਅਦ ਆਪਣੇ ਆਪ ਨੂੰ ਸੰਭਾਲਿਆਂ ਪ੍ਰਮਾਤਮਾ ਨੂੰ ਬੇਨਤੀ ਕੀਤੀ ਕਿ ਹੇ ਰੱਬਾ ਇਹ ਖ਼ਬਰ ਝੂਠੀ ਹੀ ਹੋਵੇ। ਫਿਰ ਬਠਿੰਡੇ ਫੋਨ ਮਿਲਾਇਆ ਪਤਾ ਨਹੀਂ ਸਾਰੀਆਂ ਲਾਈਨਾਂ ਨੂੰ ਕੀ ਸੱਪ ਸੁੰਘ ਗਿਆ ਸੀ। ਫੋਨ ਮਿਲ ਹੀ ਨਹੀਂ ਸੀ ਰਿਹਾ। ਇੰਨੇ ਨੂੰ ਮਨੀਸ਼ ਦਾ ਫੋਨ ਫਿਰ ਆ ਗਿਆ, “ਵਿਕਰਮ ਬਠਿੰਡੇ ਤੋਂ ਫੋਨ ਆਇਐ ਕਿ ਸਵੀਸ਼ ਨੂੰ ਅੱਤਿਵਾਦੀਆਂ ਨੇ ਰਾਹ ਜਾਂਦਿਆਂ ਗੋਲੀਆਂ ਮਾਰ ਦਿੱਤੀਆਂ। ਮੈਂ ਇੱਥੋਂ ਤੁਰ ਪਿਆ ਹਾਂ, ਚਾਰ ਘੰਟਿਆਂ ’ਚ ਤੇਰੇ ਕੋਲ ਪਹੁੰਚ ਜਾਵਾਂਗਾ, ਮਨ ਨੂੰ ਤਕੜਾ ਰੱਖੀਂ, ਜਸਵਿੰਦਰ ਨੂੰ ਮੈਂ ਫੋਨ ਕਰ ਦਿੱਤਾ, ਉਹ ਤੇਰੇ ਕੋਲ ਪੰਜ ਸੱਤ ਮਿੰਟਾਂ ’ਚ ਆ ਰਿਹੈ।” ਤੇ ਜਲਦੀ ਜਲਦੀ ਇਹ ਕਹਿ ਕੇ ਮਨੀਸ਼ ਨੇ ਫੋਨ ਕੱਟ ਦਿੱਤਾ। ਸੁੰਨ ਹੋਏ ਬੈਠੇ ਵਿਕਰਮ ਨੇ ਮਨ ’ਤੇ ਕੰਟਰੋਲ ਕਰਨ ਦੀ ਬੜੀ ਕੋਸ਼ਿਸ਼ ਕੀਤੀ। ਗੋਲੀਆਂ ਨਾਲ ਵਿੰਨਿਆਂ ਲਹੂ-ਲੁਹਾਣ ਧਰਤੀ ’ਤੇ ਚੌਫਾਲ ਪਿਆ ਸਵੀਸ਼ ਵੀਰੇ ਦਾ ਸਰੀਰ ਅੱਖਾਂ ਸਾਹਮਣੇ ਸਾਕਾਰ ਹੋ ਗਿਆ। ਵੇਖ ਕੇ ਵਿਕਰਮ ਦੀ ਭੁੱਬ ਨਿਕਲ ਗਈ, ਇੱਕੋ ਦਮ ਸਾਹ ਘੁੱਟਿਆ ਮਹਿਸੂਸ ਹੋਇਆ, ਬੂਹਾ ਖੋਲ੍ਹ ਇਕਦਮ ਭੱਜ ਕੇ ਬਾਹਰ ਨੂੰ ਆਇਆ। ਗੁਆਂਢ ’ਚ ਰਹਿੰਦੇ ਪਾਕਿਸਤਾਨੀ ਜੋੜੇ ਨੂੰ ਜਦ ਵਿਕਰਮ ਦੀ ਚੀਕ ਸੁਣਾਈ ਦਿੱਤੀ ਤਾਂ ਉਹ ਵੀ ਬਾਹਰ ਆ ਗਏ ਅਤੇ ਵਿਕਰਮ ਨੂੰ ਦੋ-ਤਿੰਨ ਵਾਰ ਪੁੱਛਿਆ, “ਵੱਟ ਹੈਪਨਡ, ਵੱਟ ਹੈਪਨਡ ਬ੍ਰਦਰ। ਮੇ ਵੂਈ ਹੈਲਪ ਯੂ!” ਪਰ ਵਿਕਰਮ ਤੋਂ ਤਾਂ ਬੋਲਿਆ ਹੀ ਨਹੀਂ ਸੀ ਜਾ ਰਿਹਾ। ਉਦੋਂ ਹੀ ਜਸਵਿੰਦਰ ਉੱਥੇ ਪਹੁੰਚ ਗਿਆ। ਵਿਕਰਮ ਨੂੰ ਕਲਾਵੇ ’ਚ ਲੈਂਦਿਆਂ ਉਸ ਨੂੰ ਚੁੱਪ ਕਰਾਉਂਦਿਆਂ ਉਸ ਨੇ ਪਾਕਿਸਤਾਨੀ ਜੋੜੇ ਨੂੰ ਦੱਸਿਆ ਕਿ ਪੰਜਾਬ ਵਿੱਚ ਅੱਤਿਵਾਦੀਆਂ ਨੇ ਇਸ ਦੇ ਭਰਾ ਨੂੰ ਮਾਰ ਦਿੱਤਾ। ਬਹੁਤ ਹੀ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਨੇ ਵੀ ਵਿਕਰਮ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਵਿਕਰਮ ਦੇ ਸਾਹਮਣੇ ਤਾਂ ਛਲਣੀ ਕੀਤਾ ਵੀਰ ਦਾ ਸਰੀਰ ਆ ਰਿਹਾ ਸੀ, ਉਦੋਂ ਮਰਨ ਵੇਲੇ ਉਸ ਦੇ ਮਨ ਵਿੱਚ ਕੀ ਆਇਆ ਹੋਵੇਗਾ, ਸ਼ਾਇਦ ਬੱਚਿਆਂ ਬਾਰੇ ਸੋਚਦਾ ਰਿਹਾ ਹੋਵੇ, ਬੱਚਿਆਂ ਦਾ ਕੀ ਬਣੇਗਾ? ਮੇਰੀ ਰੀਮਾ ਦਾ ਕੀ ਹਾਲ ਹੋਵੇਗਾ? ਕੌਣ ਪਾਲੇਗਾ ਉਨ੍ਹਾਂ ਨੂੰ? ਕਿਵੇਂ ਜ਼ਿੰਦਗੀ ਗੁਜ਼ਾਰਨਗੇ? ਹੋ ਸਕਦੈ ਮਰਨ ਵੇਲੇ ਉਸ ਦੇ ਮਨ ਵਿੱਚ ਖ਼ਿਆਲ ਆਇਆ ਹੋਵੇ ਕਿ ਅਜੇ ਵਿਕਰਮ ਹੈਗਾ, ਉਹ ਸਹਾਰਾ ਦੇਵੇਗਾ ਬੱਚਿਆਂ ਨੂੰ, ਰੀਮਾ ਨੂੰ ਇਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਣ ਦੇਵੇਗਾ ਤੇ ਬੜਾ ਈ ਕੁਝ। ਵਿਕਰਮ ਦੀਆਂ ਭੁੱਬਾਂ ਵਾਰ ਵਾਰ ਨਿਕਲ ਰਹੀਆਂ ਸਨ। ਜਸਵਿੰਦਰ ਦੇ ਕੋਲ ਆਉਣ ਨਾਲ ਉਸ ਨੂੰ ਕੁਝ ਸਹਾਰਾ ਮਿਲ ਗਿਆ ਸੀ। ਜਦੋਂ ਨੂੰ ਮਨੀਸ਼ ਪਹੁੰਚਿਆਂ ਉਸ ਦਾ ਮਨ ਕੁਝ ਸਹਿਜ ਹੋ ਚੁੱਕਿਆ ਸੀ। ਉਸ ਦੇ ਨਾਂਹ ਨਾਂਹ ਕਰਦਿਆਂ ਵੀ ਉਨ੍ਹਾਂ ਨੇ ਪੀਜ਼ੇ ਦੀਆਂ ਚਾਰ ਗਰਾਹੀਆਂ ਉਸ ਨੂੰ ਖਵਾ ਦਿੱਤੀਆਂ। ਅਜੇ ਉਹ ਇੰਡੀਆ ਜਾਣ ਲਈ ਟਿਕਟ ਦਾ ਪ੍ਰਬੰਧ ਕਰਨ ਲਈ ਸਲਾਹ ਕਰ ਹੀ ਰਹੇ ਸਨ ਕਿ ਭਾਰਤ ਤੋਂ ਵੱਡੇ ਵੀਰ ਮੱਦੀ ਦਾ ਫੋਨ ਆ ਗਿਆ, “ਵੀਰ ਵਿਕਰਮ ਜੋ ਹੋਣਾ ਸੀ, ਉਹ ਤਾਂ ਹੋ ਗਿਆ। ਹੁਣ ਤੂੰ ਆਪਣਾ ਮਨ ਤਕੜਾ ਰੱਖ। ਵਿਦੇਸ਼ਾਂ ’ਚ ਬੈਠੈਂ, ’ਕੱਲਾ ਕੈਰਾ...।” ਵਿਕਰਮ ਹਾਂ ਹੂੰ ਹੀ ਕਰ ਰਿਹਾ ਸੀ, ਉਹ ਬੋਲ ਉਹ ਕੁਝ ਵੀ ਨਾ ਸਕਿਆ। ਉਸ ਦੀਆਂ ਸਿਸਕੀਆਂ ਹੀ ਸਭ ਕੁਝ ਕਹਿ ਰਹੀਆਂ ਸਨ। ਉੱਧਰ ਮੱਦੀ ਨੇ ਵੀ ਤਾਂ ਦਿਲ ’ਤੇ ਪੱਥਰ ਰੱਖ ਲਿਆ ਸੀ। ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹਦੇ ’ਤੇ ਹੀ ਸਨ। “ਵਿਕਰਮ ਤੂੰ ਹੁਣੇ ਭੱਜਣ ਦੀ ਕਾਹਲੀ ਨਾ ਕਰੀਂ, ਭਾਵੇਂ ਗਰੁੜ ਪੁਰਾਣ ਦੇ ਭੋਗ ਤੋਂ ਬਾਅਦ ਹੀ ਆ ਜਾਵੀਂ। ਬਾਕੀ ਮਨੀਸ਼ ਨੂੰ ਕਹਿ ਦਿੱਤਾ ਉਹ ਵੀ ਵਾਹ ਲੱਗਦੀ ਤੇਰੇ ਕੋਲ ਹੀ ਰਹੇਗਾ।”
ਹੋ ਸਕਦੈ ਕਿ ਵਿਕਰਮ ਦੇ ਮਨ ਨੂੰ ਕੁਝ ਤਸੱਲੀ ਮਿਲ ਜਾਵੇ ਇਹ ਜਾਣਕਾਰੀ ਦੇਣੀ ਵੀ ਜ਼ਰੂਰੀ ਸਮਝੀ, “ਜਿਨ੍ਹਾਂ ਨੇ ਆਪਣੇ ਭਰਾ ਨੂੰ ਬਿਨਾਂ ਕਸੂਰੋਂ ਮਾਰਿਆ ਹੈ, ਉਹ ਵੀ ਸਾਰੇ ਪੁਲੀਸ ਨੇ ਮੁਕਾਬਲੇ ’ਚ ਠੋਕ ਦਿੱਤੇ।”
“ਪਰ ਭਰਾ ਜੀ ਉਨ੍ਹਾਂ ਦੇ ਮਾਰੇ ਜਾਣ ਨਾਲ ਆਪਣਾ ਸਵੀਸ਼ ਤਾਂ ਨ੍ਹੀਂ ਵਾਪਸ ਆ ਸਕੇਗਾ।” ਵਿਕਰਮ ਦੀ ਫਿਰ ਭੁੱਬ ਨਿਕਲ ਗਈ।
“ਆਪਣਾ ਤਾਂ ਵਾਪਸ ਨਹੀਂ ਆਉਣਾ, ਪਰ ਹੋਰ ਕਿਸੇ ਦਾ ਘਰ ਤਾਂ ਨ੍ਹੀਂ ਉਜਾੜਨਗੇ।” ਵਿਕਰਮ ਨੂੰ ਹੁਣ ਦੁਨੀਆ ਸੁੰਨੀ ਸੁੰਨੀ ਲੱਗਦੀ ਸੀ, ਦਫ਼ਤਰ, ਘਰ ਕਿਤੇ ਵੀ ਜੀਅ ਨਹੀਂ ਸੀ ਲੱਗਦਾ। ਮਨੀਸ਼ ਨੇ ਭੱਜ ਦੌੜ ਕਰਕੇ ਉਹਦੀ ਇੰਡੀਆ ਦੀ ਟਿਕਟ ਬੁੱਕ ਕਰਵਾ ਦਿੱਤੀ।
‘‘ਮੇਰੀ ਉਮਰ ਤਾਂ ਅਜੇ ਰੁਮਾਂਸ ਕਰਨ ਦੀ ਹੈ। ਵਿਆਹ ਹੀ ਤਾਂ ਜ਼ਿੰਦਗੀ ਦੀ ਸਭ ਤੋਂ ਯਾਦਗਾਰੀ ਅਤੇ ਮਹਾਨ ਘਟਨਾ ਹੁੰਦੀ ਹੈ। ਜੀਵਨ ਸਾਥੀ ਨੂੰ ਮਿਲਣ ਦੀ ਜਗਿਆਸਾ ਉਸ ਨੂੰ ਛੂਹਣ ’ਤੇ ਮਿਲਦੇ ਸਦੀਵੀ ਆਨੰਦ, ਵਿਆਹ ਦੇ ਮੌਕੇ ਨੱਚਦਿਆਂ ਟੱਪਦਿਆਂ ਮਿਲਦੇ ਸਕੂਨ ਉਮਰ ਭਰ ਲਈ ਯਾਦਾਂ ਬਣ ਜਾਂਦੇ ਨੇ। ਨਵੇਂ ਵਿਸਵਾਸ਼ ਦੀ ਨੀਂਹ, ਸੁਨਹਿਰੇ ਸੁਪਨੇ ਸਿਰਜਣੇ, ਇਹੀ ਤਾਂ ਜ਼ਿੰਦਗੀ ਦੀ ਖੁਸ਼ੀ ਦਾ ਸਿਖਰ ਹੁੰਦਾ ਹੈ। ਕੀ ਮੇਰੀ ਕਿਸਮਤ ’ਚ ਇਹ ਸਭ ਕੁਝ ਨਹੀਂ ਲਿਖਿਆ? ਨਹੀਂ ਨਹੀਂ ਕਿਉਂ ਨਹੀਂ, ਮੈਂ ਕਿਉਂ ਇਸ ਸਭ ਕੁਝ ਦਾ ਤਿਆਗ ਕਰਾਂ? ਮੇਰੀ ਉਮਰ ਹੀ ਕੀ ਹੈ ਅਜੇ, ਮੈਨੂੰ ਵਿਸਵਾਸ਼ ਹੈ ਕਿ ਮੇਰੇ ਮਾਪੇ, ਭੈਣ-ਭਰਾ ਕੋਈ ਵੀ ਦਬਾਅ ਨਹੀਂ ਪਾਵੇਗਾ, ਮੈਨੂੰ ਤਾਂ ਲੱਗਦੈ ਭਾਬੀ ਵੀ ਦਬਾਅ ਨਹੀਂ ਪਾਵੇਗੀ... ਨਾਲੇ ਉਹ ਕਿਵੇਂ ਪਾ ਸਕਦੀ ਐ? ਮੈਂ ਤਾਂ ਉਸ ਦਾ ਲਾਡਲਾ ਦਿਉਰ ਹਾਂ, ਮੈਨੂੰ ਭਲਾ ਕਿਵੇਂ ਸੇਜ ਦਾ ਸਾਥੀ ਬਣਾ ਲਵੇਗੀ, ਭੁਚਾਲ ਨਹੀਂ ਆ ਜਾਵੇਗਾ...ਇਸ ਤਰ੍ਹਾਂ ਤਾਂ ਧਰਤੀ ਫਟ ਜਾਵੇਗੀ, ਪਰ ਜੇ ਇਹ ਵਾਪਰ ਗਿਆ, ਭਾਬੀ ਨੇ ਭਾਬੀ ਨਾ ਰਹਿ ਕੇ ਇੱਕ ਔਰਤ ਦਾ ਰੂਪ ਧਾਰ ਲਿਆ ਜਿਸ ਦੇ ਜ਼ਹਿਨ ਵਿੱਚ ਅਗਲੀ ਜ਼ਿੰਦਗੀ ਮਰਦ ਬਿਨਾਂ ਸੁੰਨੀ ਸੁੰਨੀ ਲੱਗਣ ਦਾ ਵਿਚਾਰ ਭਾਰੂ ਪੈ ਗਿਆ ਤਾਂ ਉਸ ਦੀ ਬੁੱਧੀ ਨੇ ਸੋਚਣਾ ਹੀ ਬੰਦ ਕਰ ਦੇਣੈ... ਤੇ ਉਸ ਨੂੰ ਲੱਗਿਆ ਜਿਵੇਂ ਕੋਈ ਉਸ ਨੂੰ ਕਲਾਵੇ ਵਿੱਚ ਲੈ ਕੇ ਘੁੱਟ ਰਿਹਾ ਹੋਵੇ। ਉਹ ਉਸ ਤੋਂ ਆਪਣੇ ਆਪ ਨੂੰ ਛੁਡਾਉਣ ਲਈ ਛਟਪਟਾਇਆ....“ਨਹੀਂ ਨਹੀਂ।” ਇਹ ਕਹਿੰਦਾ ਉੱਠਿਆ, ਪਰ ਇਹ ਕੀ? ਉਹ ਤਾਂ ਜਹਾਜ਼ ਦੀ ਸੀਟ ’ਤੇ ਬੈਠਾ ਅੱਬੜਬਾਹੇ ਉੱਠ ਖੜ੍ਹਾ ਸੀ। ਝੱਟ ਹੀ ਅੰਬਰੀ-ਕੁੜੀ ਆ ਹਾਜ਼ਰ ਹੋਈ, “ਆਰ ਯੂ ਓਕੇ ਸਰ? ਐਨੀ ਪਰਾਬਲਮ।” “ਓ...ਨੋ, ਇਟ ਇਜ਼ ਓਕੇ ਮੈਮ, ਆਈ ਐਮ ਸੌਰੀ...।”
“ਡੂ ਯੂ ਵਾਂਟ ਸਮਥਿੰਗ ਫਾਰ ਡਰਿੰਕ?”
“ਓਕੇ ...।” ਤੇ ਵਿਕਰਮ ਨੇ ਜੂਸ ਮੰਗਵਾ ਕੇ ਪੀਤਾ। ਮਨ ਨੂੰ ਸ਼ਾਂਤ ਕੀਤਾ। ਮਨ ਵਿੱਚੋਂ ਵਿਚਾਰਾਂ ਨੂੰ ਕੱਢਣ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਕਦੇ ਗੋਲੀਆਂ ਨਾਲ ਵਿੰਨ੍ਹੇ ਪਏ ਭਰਾ ਦੀ ਤੜਫ਼ਦੀ ਦੇਹ, ਕਦੇ ਘਰ ਵਿੱਚ ਪਏ ਰੋਣ ਕੁਰਲਾਉਣ ਦੀਆਂ ਆਵਾਜ਼ਾਂ, ਉਦਾਸੇ ਉਦਾਸੇ ਫਿਰਦੇ ਬੱਚਿਆਂ ਦੇ ਚਿਹਰੇ, ਦੁੱਖਾਂ ਦੇ ਅਥਾਹ ਭੰਡਾਰ ਆਪਣੇ ਸੀਨੇ ’ਚ ਦਬਾਈ ਫਿਰਦੀ ਭਾਬੀ, ਵੈਣ ਪਾ ਰਹੀ ਮਾਂ, ਰੋਂਦੇ ਕੁਰਲਾਉਂਦੇ ਭੈਣ-ਭਰਾ, ਵਾਰ ਵਾਰ ਮਨ ’ਚ ਘੁੰਮੀ ਜਾ ਰਹੇ ਸਨ। ਅੱਜ ਉਹੀ ਸਫ਼ਰ ਜੋ ਪਹਿਲਾਂ ਝੱਟ ਹੀ ਗੁਜ਼ਰ ਜਾਂਦਾ ਲੱਗਦਾ ਸੀ, ਹੁਣ ਖ਼ਤਮ ਹੋਣ ਦਾ ਨਾਂ ਨਹੀਂ ਸੀ ਲੈ ਰਿਹਾ। ਨੀਂਦ ਦਾ ਝੋਕਾ ਜੇ ਆ ਵੀ ਜਾਂਦੈ ਤਾਂ ਮਰਨ ਲੱਗਿਆਂ ਸਵੀਸ਼ ਦੇ ਮਨ ’ਚ ਆਏ ਹੋਏ ਵਿਚਾਰਾਂ ਦੀ ਕਲਪਨਾ ਉਸ ਦੇ ਮਨ ਵਿੱਚ ਸਾਕਾਰ ਹੋ ਜਾਂਦੀ, “ਲੈ ਵੀਰ ਵਿਕਰਮ ਮੈਂ ਤਾਂ ਚੱਲਿਆਂ- ਬੇਵੱਸ, ਦੁਖੀ ਮਨ ਨਾਲ, ਹੁਣ ਤੇਰੇ ਸਹਾਰੇ ਈ ਨੇ ਤੇਰੀ ਭਾਬੀ ਅਤੇ ਬੱਚੇ ਗਿੱਲੀ-ਮਿੱਲੀ।”
‘‘ਵੀਰ ਜੀ, ਤੁਸੀਂ ਫਿਕਰ ਨਾ ਕਰੋ ਭੋਰਾ, ਮੈਂ ਆਪਣੇ ਫਰਜ਼ਾਂ ਨੂੰ ਤਨਦੇਹੀ ਨਾਲ ਨਿਭਾਵਾਂਗਾ, ਜ਼ਿੰਦਗੀ ’ਚ ਭਾਵੇਂ ਮੈਨੂੰ ਕੁਝ ਵੀ ਤਿਆਗਣਾ ਪਵੇ, ਤੁਹਾਡੀ ਆਖਰੀ ਖਾਹਿਸ਼, ਮੇਰੇ ਸਿਰ ਮੱਥੇ, ਪਰ ਤੁਸੀਂ ਸਾਨੂੰ ਇਸ ਤਰ੍ਹਾਂ ਭੰਵਰ ’ਚ ਛੱਡ ਕੇ ਨਹੀਂ ਜਾ ਸਕਦੇ- ਅਜੇ ਤਾਂ ਤੁਸੀਂ ਮੇਰੇ ਵਿਆਹ ਨੂੰ ਯਾਦਗਾਰ ਬਣਾਉਣਾ ਸੀ, ਤਿਆਰੀ ਕਰਨੀ ਸੀ, ਭੰਗੜੇ ਪਾਉਣੇ ਸਨ, ਸਾਰੇ ਰਿਸ਼ਤੇਦਾਰਾਂ ’ਚ ਟੌਹਰ ਬਣਾਉਣੀ ਸੀ।’’
ਓਹੀ ਹਵਾਈ ਅੱਡਾ, ਜੋ ਪਿਛਲੀ ਵਾਰ ਆਇਆਂ ਤੋਂ ਖੁਸ਼ੀਆਂ ਨਾਲ ਟਹਿਕਦਾ ਲੱਗਦਾ ਸੀ, ਹਰ ਕਿਸਮ ਦਾ ਸ਼ੋਰ ਸ਼ਰਾਬਾ ਸੁਰ-ਸੰਗੀਤ ਲੱਗਦਾ ਸੀ, ਸਜ-ਧਜ ਕੇ ਆਏ ਬੱਚੇ, ਮੁਟਿਆਰਾਂ, ਗੱਭਰੂ, ਬੁੱਢੇ ਆਦਿ ਸਭ ਮਸਤ ਹੋਏ ਲੱਗਦੇ ਸਨ। ਅੱਜ ਸਾਰਾ ਕੁਝ ਸਮਸ਼ਾਨ ਘਾਟ ਵਾਂਗ ਲੱਗ ਰਿਹਾ ਸੀ। ਪੈ ਰਿਹਾ ਸ਼ੋਰ ਸ਼ਰਾਬਾ, ਚੀਕ ਚਿਹਾੜਾ ਅਤੇ ਲੋਕ ਮੁਰਦਿਆਂ ਵਾਂਗ ਵਿਚਰ ਰਹੇ ਲੱਗ ਰਹੇ ਸਨ। ਲੈਣ ਆਏ ਆਪਣੇ ਵੱਡੇ ਭਰਾ ਦੇ ਗਲ਼ ਲੱਗਦਿਆਂ ਉਸ ਦੀ ਭੁੱਬ ਨਿਕਲ ਗਈ ਜਿਸ ਨੇ ਆਸੇ ਪਾਸੇ ਖੜ੍ਹੇ ਲੋਕਾਂ ਦਾ ਧਿਆਨ ਖਿੱਚ ਲਿਆ, ਸਕਿਉਰਿਟੀ-ਮੈਨ ਭੱਜ ਕੇ ਆਇਆ, ਪਰ ਜਦ ਉਸ ਨੂੰ ਵਾਪਰੀ ਦੁਰਘਟਨਾ ਦਾ ਪਤਾ ਲੱਗਿਆ ਤਾਂ ਉਹ ਵੀ ਵਿਚਾਰਾ ਹੌਸਲਾ ਦੇਣ ਤੋਂ ਸਿਵਾਏ ਕੀ ਕਰ ਸਕਦਾ ਸੀ? ਥੋੜ੍ਹੇ ਚਿਰ ਬਾਅਦ ਸਾਰਾ ਕੁਝ ਨਾਰਮਲ ਹੋ ਗਿਆ। ਘਰ ਪਹੁੰਚ ਕੇ ਵਿਕਰਮ ਆਪਣੇ ਭੈਣ-ਭਰਾਵਾਂ ਦੇ ਗਲ਼ ਲੱਗ ਕੇ ਰੋ ਰੋ ਕੇ ਮਨ ਨੂੰ ਹਲਕਾ ਕਰਦਾ ਰਿਹਾ। ਦੋਵੇਂ ਬੱਚੇ ਆਪਣੇ ਚਾਚੇ ਦੇ ਮੂੰਹ ਵੱਲ ਵੇਖ ਡੌਰ-ਭੌਰ ਹੋਏ ਬੈਠੇ ਸਨ। ਉਸ ਦੀ ਭਾਬੀ ਰੀਮਾ ਉਸ ਦੇ ਗਲ਼ ਲੱਗ ਕੇ ਧਾਹ ਮਾਰ ਕੇ ਰੋਈ। ਉੱਥੇ ਬੈਠੀਆਂ ਸਿਆਣੀਆਂ ਔਰਤਾਂ ਨੇ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਮਸਾਂ ਹੀ ਚੁੱਪ ਕਰਾਇਆ, “ਬੇਟਾ ਕਿਹੜਾ ਕਿਸੇ ਦੇ ਵੱਸ ਦੀ ਗੱਲ ਹੈ! ਉਹਦੇ ਨਾਲ ਸਾਡਾ ਸਾਥ ਈ ਇੰਨਾ ਸੀ! ਰੱਬ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ! ਹੌਸਲਾ ਰੱਖੋ ਹੌਸਲਾ! ਅਗਾਂਹ ਦੀ ਸੋਚੋ ਜੇ ਤੁਸੀਂ ਹੀ ਦਿਲ ਢਾਹ ਕੇ ਬੈਠ ਗਏ ਤਾਂ ਇਨ੍ਹਾਂ ਬੱਚਿਆਂ ਦਾ ਕੀ ਬਣੇਗਾ?” ਓਹੀ ਘਰ, ਓਹੀ ਪਰਿਵਾਰ, ਓਹੀ ਕਮਰੇ, ਜੋ ਉਹ ਤਿੰਨ ਮਹੀਨੇ ਪਹਿਲੇ ਮਿਲਣ ਆਇਆ ਹੱਸਦੇ-ਖੇਡਦੇ ਛੱਡ ਕੇ ਗਿਆ ਸੀ, ਪਰ ਅੱਜ ਸਵੀਸ਼ ਤੋਂ ਬਿਨਾਂ ਸਾਰਾ ਕੁਝ ਸੁੰਨਾ ਸੁੰਨਾ ਅਤੇ ਵੀਰਾਨ ਜਿਹਾ ਲੱਗ ਰਿਹਾ ਸੀ। ਕਿਸੇ ਵੀ ਚੀਜ਼ ’ਚ ਕੋਈ ਬਰਕਤ ਨਹੀਂ ਸੀ ਲੱਗ ਰਹੀ।
ਪਰਿਵਾਰ ਦੇ ਮੈਂਬਰ ਚਾਹੁੰਦੇ ਸਨ ਕਿ ਦੋ-ਚਾਰ ਦਿਨਾਂ ਬਾਅਦ ਗੱਲ ਕੀਤੀ ਜਾਵੇ, ਪਰ ਰੀਮਾ ਦੇ ਮਾਂ-ਬਾਪ ਦੇ ਮਨ ਦੇ ਕਿਸੇ ਕੋਨੇ ਵਿੱਚ ਤਾਂਘ ਸੀ ਜੋ ਕਿ ਅਕਸਰ ਅਜਿਹੀ ਸਥਿਤੀ ਵਿੱਚ ਹੁੰਦੀ ਹੈ ਕਿ ਵਿਕਰਮ ਹਾਂ-ਪੱਖੀ ਫ਼ੈਸਲਾ ਲੈ ਕੇ ਇਸ ਪਰਿਵਾਰ ਦੇ ਅੰਸ਼ ਨੂੰ ਸੰਭਾਲੇ ਅਤੇ ਪਾਲੇ। ਵਿਕਰਮ ਨੂੰ ਗੱਲੀਬਾਤੀਂ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਨੇ ਕਹਿ ਦਿੱਤਾ ਸੀ ਕਿ ਬੇਟਾ ਤੂੰ ਆਪਣੀ ਜ਼ਿੰਦਗੀ ਦਾ ਐਨਾ ਵੱਡਾ ਫ਼ੈਸਲਾ ਸੋਚ ਵਿਚਾਰ ਤੋਂ ਬਾਅਦ ਹੀ ਕਰਨਾ ਹੈ, ਤੇਰੇ ਉੱਪਰ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ। ਇਸ ਗੱਲ ਨੂੰ ਤਾਂ ਵਿਕਰਮ ਵੀ ਚੰਗੀ ਤਰ੍ਹਾਂ ਸਮਝਦਾ ਸੀ ਕਿ ਸਾਡਾ ਪਰਿਵਾਰ ਤਾਂ ਕੀ, ਭਰਾ ਦੇ ਸਹੁਰੇ ਵੀ ਅੱਬੜਬਾਹੇ ਫ਼ੈਸਲਾ ਨਹੀਂ ਲੈਣਗੇ। ਉਸ ਲਈ ਹੁਣ ਸੰਸ਼ੋਪੰਜ ਦੀ ਘੜੀ ਸੀ ਕਿ ਉਹ ਕਰੇ ਤਾਂ ਕੀ ਕਰੇ? ਛੋਟੀ ਉਮਰੇ ਇੰਨੇ ਵੱਡੇ ਮਸਲੇ ਦਾ ਫ਼ੈਸਲਾ ਲੈਣਾ ਸੰਕਟ ਦੀ ਘੜੀ ਸੀ। ਮਾਵਾਂ ਵਰਗੀ ਭਾਬੀ ਨੂੰ ਸੇਜ ਦੀ ਭਾਗੀਦਾਰ ਬਣਾਉਣਾ ਅਸੰਭਵ ਜਿਹਾ ਲੱਗਦਾ ਸੀ। ਇਸ ਗੱਲੋਂ ਡਰਦਾ ਵੀ ਸੀ ਕਿ ਮਾਪਿਆਂ ਦੀ ਇੱਛਾ ਦੇ ਦਬਾਅ ਹੇਠ ਰੀਮਾ ਮੇਰੇ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲੈ ਵੀ ਲਵੇ, ਪਰ ਮੁੜ ਸਾਰੀ ਉਮਰ ਸਹਿਜ ਨਾ ਹੋ ਸਕੇ, ਅੰਤਰ-ਦਵੰਧ ’ਚ ਫਸੀ ਮੈਨੂੰ ਆਪਣਾ ਪਤੀ ਪ੍ਰਵਾਨ ਨਾ ਕਰ ਸਕੇ ਜਾਂ ਮੈਂ ਹੀ ਅੰਤਰ-ਦਵੰਧ ’ਚ ਫਸ ਜਾਵਾਂ, ਮੇਰੇ ਮਨ ਵਿੱਚ ਹਰ ਵਕਤ ਉਸ ਦਾ ਭਾਬੀ ਵਾਲਾ ਅਕਸ ਹੀ ਬਣਿਆ ਰਹੇ ਅਤੇ ਅਸੀਂ ਪਤੀ-ਪਤਨੀ ਹੁੰਦਿਆਂ ਵੀ ਇੱਕ ਦੂਜੇ ਦੇ ਨਾ ਹੋ ਸਕੀਏ, ਤਾਂ ਕੀ ਹੋਵੇਗਾ?
ਚੱਲੋ! ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਸੋਚਣਾ ਤਾਂ ਇਹ ਜ਼ਰੂਰੀ ਹੈ ਕਿ ਬਿਨ ਬਾਪ ਤੋਂ ਬੱਚਿਆਂ ਦਾ ਕੀ ਬਣੇਗਾ? ਕੀ ਪਿਉ ਵਿਹੂਣੇ ਬੱਚੇ ਰਸਤੇ ’ਤੋਂ ਭਟਕ ਕੇ ਗ਼ਲਤ ਪਾਸੇ ਤਾਂ ਨਹੀਂ ਚਲੇ ਜਾਣਗੇ? ਨਹੀਂ ਨਹੀਂ ਮੈਂ ਇਹ ਨਹੀਂ ਹੋਣ ਦਿਆਗਾਂ, ਮੇਰੇ ਪਿਤਾ ਜੀ ਦਾ ਅੰਸ਼ ਭਟਕਣਾ ਨਈਂ ਚਾਹੀਦਾ...ਜੇਕਰ ਮੇਰੇ ਅਰਮਾਨਾਂ ਦੀ ਕੁਰਬਾਨੀ ਨਾਲ ਸਾਰੇ ਮਸਲੇ ਦਾ ਹੱਲ ਹੁੰਦਾ ਹੈ ਤਾਂ ਮੈਨੂੰ ਇਹ ਕੁਰਬਾਨੀ ਦੇ ਹੀ ਦੇਣੀ ਚਾਹੀਦੀ ਹੈ। ਨਾਲੇ ਦੁਨੀਆ ਵਿੱਚ ਹਰੇਕ ਦੀ ਹਰ ਇੱਕ ਖਾਹਿਸ਼ ਪੂਰੀ ਹੋਵੇ, ਇਹ ਕੋਈ ਜ਼ਰੂਰੀ ਤਾਂ ਨਹੀਂ।
ਸ਼ਾਇਦ ਹਨੀਮੂਨ ਮਨਾਉਣ ਵਿਦੇਸ਼ ਜਾ ਰਹੀ ਨਵੀਂ ਵਿਆਹੀ ਜੋੜੀ ਨੂੰ ਹਵਾਈ ਅੱਡੇ ਉੱਪਰ ਕਲੋਲਾਂ ਕਰਦਿਆਂ ਵੇਖ ਕੇ, ਅੱਜ ਪਰਿਵਾਰ ਨੂੰ ਨਾਲ ਲੈ ਕੇ ਅਮਰੀਕਾ ਜਾ ਰਹੇ ਵਿਕਰਮ ਦੇ ਮਨ ਵਿੱਚ ਚੀਸ ਤਾਂ ਉੱਠੀ, ਪਰ ਉਹ ਉਸ ਨੂੰ ਦਬਾਉਣ ਵਿੱਚ ਕਾਮਯਾਬ ਹੋ ਗਿਆ।
ਸੰਪਰਕ: +1 (425) 286 0163
