ਕੈਨੇਡਾ ਦੀ ਤਾਸੀਰ ਅਤੇ ਪਰਵਾਸ
ਕੈਨੇਡਾ ਦੀ ਆਪਣੀ ਤਾਸੀਰ, ਸੀਰਤ ਅਤੇ ਸੂਰਤ ਹੈ। ਇਹਦੇ ਆਪਣੇ ਹੀ ਕਾਇਦੇ ਤੇ ਕਾਨੂੰਨ ਹਨ। ਇੱਥੇ ਆਏ ਹਰ ਇੱਕ ਮਨੁੱਖ ਨੂੰ ਇਨ੍ਹਾਂ ਕਾਇਦੇ ਅਤੇ ਕਾਨੂੰਨਾਂ ਮੁਤਾਬਕ ਜੀਵਨ ਬਸਰ ਕਰਨਾ ਪੈਂਦਾ ਹੈ। ਜੀਵਨ ਜਿਊਣ ਦੇ ਇਹ ਕਾਇਦੇ ਅਤੇ ਕਾਨੂੰਨ ਬਿਨਾਂ ਸ਼ੱਕ...
ਕੈਨੇਡਾ ਦੀ ਆਪਣੀ ਤਾਸੀਰ, ਸੀਰਤ ਅਤੇ ਸੂਰਤ ਹੈ। ਇਹਦੇ ਆਪਣੇ ਹੀ ਕਾਇਦੇ ਤੇ ਕਾਨੂੰਨ ਹਨ। ਇੱਥੇ ਆਏ ਹਰ ਇੱਕ ਮਨੁੱਖ ਨੂੰ ਇਨ੍ਹਾਂ ਕਾਇਦੇ ਅਤੇ ਕਾਨੂੰਨਾਂ ਮੁਤਾਬਕ ਜੀਵਨ ਬਸਰ ਕਰਨਾ ਪੈਂਦਾ ਹੈ। ਜੀਵਨ ਜਿਊਣ ਦੇ ਇਹ ਕਾਇਦੇ ਅਤੇ ਕਾਨੂੰਨ ਬਿਨਾਂ ਸ਼ੱਕ ਦੁਨੀਆ ਵਿੱਚ ਬਿਹਤਰ ਹਨ। ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹਨ ਅਤੇ ਹਰ ਮਨੁੱਖ ਦੀ ਬਰਾਬਰ ਦੀ ਮਾਨਤਾ ਹੈ। ਇਸ ਦੇਸ਼ ਵਿੱਚ ਕਿਸੇ ਨੂੰ ਪਛਾਣ ਲਈ ਸੰਘਰਸ਼ ਨਹੀਂ ਕਰਨਾ ਪੈਂਦਾ। ਭਾਵੇਂ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਭਾਵੇਂ ਆਮ ਮਨੁੱਖ। ਭਾਵੇਂ ਉਹ ਲੱਖ ਡਾਲਰ ਕਮਾਉਂਦਾ ਹੋਵੇ ਭਾਵੇਂ ਇੱਕ ਡਾਲਰ, ਭਾਵੇਂ ਉਹ ਮਹਿੰਗੀ ਕਾਰ ’ਤੇ ਸਵਾਰ ਹੋਵੇ, ਭਾਵੇਂ ਪੈਦਲ, ਇਸ ਦੇਸ਼ ਦੀ ਧਰਤੀ ’ਤੇ ਸਭ ਬਰਾਬਰ ਹਨ। ਇਹ ਦੇਸ਼ ਤੁਹਾਡੇ ਤੋਂ ਕਰਮ ਅਤੇ ਕਿਰਦਾਰ ਦੋਵਾਂ ਦੀ ਮੰਗ ਕਰਦਾ ਹੈ।
ਕੈਨੇਡਾ ਵੱਖ-ਵੱਖ ਕੌਮਾਂ ਤੇ ਧਰਮਾਂ ਦਾ ਮਿਲਗੋਭਾ ਹੈ। ਜਿੱਥੇ ਯੂਰਪ ਤੋਂ ਆ ਕੇ ਵੀ ਲੋਕ ਵਸੇ ਹਨ। ਏਸ਼ੀਆ ਤੋਂ ਵੀ ਵਸੇ ਹਨ ਅਤੇ ਅਰਬ ਦੇਸ਼ਾਂ ਦੇ ਲੋਕ ਵੀ। ਇਹ ਵੱਖ-ਵੱਖ ਸੱਭਿਆਚਾਰਾਂ ਦਾ ਸੁਮੇਲ ਵੀ ਹੈ। ਇਹ ਸਭ ਤੋਂ ਵੱਧ ਭਿੰਨਤਾਵਾਂ ਭਰਿਆ ਦੇਸ਼ ਹੈ, ਪਰ ਇਸ ਦੀ ਖੂਬਸੂਰਤੀ ਇਸ ਦਾ ਇੱਕਮਿਕ ਹੋਣਾ ਹੈ। ਇੱਥੇ ਅੰਗਰੇਜ਼ ਲੋਕ ਵੀ ਵੱਸਦੇ ਹਨ, ਇੱਥੇ ਚੀਨੀ ਲੋਕ ਵੀ ਵੱਸਦੇ ਹਨ ਅਤੇ ਇੱਥੇ ਪੰਜਾਬੀ ਲੋਕ ਵੀ ਵੱਸਦੇ ਹਨ। ਹਿੰਦੂ ਤੇ ਮੁਸਲਮਾਨ ਵੀ। ਇਹ ਸਭ ਲੋਕਾਂ ਨੂੰ ਬਰਾਬਰ ਦੀ ਮਾਨਤਾ ਦਿੰਦਾ ਹੈ। ਬਸ ਸ਼ਰਤ ਇੱਕ ਹੈ ਕਿ ਤੁਸੀਂ ਇਸ ਦੇਸ਼ ਦੀ ਜੀਵਨ ਜਾਚ ਵਿੱਚ ਤਾਲਮੇਲ ਨਾਲ ਰਹਿੰਦੇ ਹੋਵੋ। ਉਹ ਦੇਸ਼ ਆਪਣੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ।
ਕੈਨੇਡਾ ਇੱਕ ਪੂੰਜੀਵਾਦੀ ਦੇਸ਼ ਹੈ। ਇਸ ਨੂੰ ਆਪਣੀ ਅਰਥ ਵਿਵਸਥਾ ਠੀਕ ਰੱਖਣੀ ਆਉਂਦੀ ਹੈ। ਇਹ ਕਿਸੇ ਨੂੰ ਨਾ ਅਮੀਰ ਹੋਣ ਦਿੰਦਾ ਹੈ ਨਾ ਗ਼ਰੀਬ। ਇੱਥੇ ਪੈਸੇ ਦਾ ਸਰਕਲ ਘੁੰਮਦਾ ਹੈ। ਜੇ ਇਹ ਦੇਸ਼ ਪਹਿਲੀ ਤਰੀਕ ਨੂੰ ਤੁਹਾਨੂੰ 4000 ਡਾਲਰ ਦਿੰਦਾ ਹੈ ਤਾਂ 30 ਤਰੀਕ ਨੂੰ ਉਹੀ ਵਾਪਸ ਲੈ ਲੈਂਦਾ ਹੈ। ਉਹ ਭਾਵੇਂ ਪੈਸਾ ਜਿਊਣ ਹਾਲਤਾਂ ਲਈ ਖ਼ਰਚਿਆ ਜਾਵੇ ਭਾਵੇਂ ਟੈਕਸ ਦੇ ਰੂਪ ਵਿੱਚ। ਉਹੀ ਪੈਸਾ ਇੱਕ ਤਰੀਕ ਨੂੰ ਫਿਰ ਤੁਹਾਡੇ ਕੋਲ ਆ ਜਾਂਦਾ ਹੈ। ਕੈਨੇਡਾ ਵਿੱਚ ਪੈਸਾ ਇੰਝ ਘੁੰਮਦਾ ਹੈ।
ਕੈਨੇਡਾ ਪ੍ਰਾਈਵੇਸੀ ਦੀ ਰਾਜਧਾਨੀ ਹੈ। ਇਹ ਲੋਕ ਨਾ ਤਾਂ ਦੂਜਿਆਂ ਦੀ ਜ਼ਿੰਦਗੀ ਵਿੱਚ ਝਾਕਦੇ ਹਨ ਨਾ ਹੀ ਕਿਸੇ ਨੂੰ ਝਾਕਣ ਦੀ ਇਜਾਜ਼ਤ ਦਿੰਦੇ ਹਨ। ਪਿਛਲੇ ਸਮੇਂ ਵਿੱਚ ਵਿਦਿਆਰਥੀ ਵਰਗ ਦਾ ਇਸ ਗੱਲ ਨੂੰ ਨਾ ਸਮਝ ਪਾਉਣਾ ਇੱਕ ਵੱਡੀ ਸਮੱਸਿਆ ਬਣ ਗਿਆ।
ਭਾਰਤੀ ਵਿਦਿਆਰਥੀ ਪਲਾਜਿਆਂ ਜਾਂ ਬੱਸਾਂ ਵਿੱਚ ਅੱਖਾਂ ਪਾੜ ਪਾੜ ਉੱਥੋਂ ਦੇ ਲੋਕਾਂ ਵੱਲ ਝਾਕਦੇ ਜਾਂ ਉੱਚੀ ਉੱਚੀ ਡੈੱਕ ਲਾ ਕੇ ਉਨ੍ਹਾਂ ਦੀ ਸ਼ਾਂਤੀ ਭੰਗ ਕਰਦੇ ਹਨ। ਉਹ ਸ਼ਾਂਤੀ ਤੇ ਅਮਨ ਪਸੰਦ ਲੋਕ ਹਨ। ਉਨ੍ਹਾਂ ਦੇ ਜੀਵਨ ਦੀ ਆਪਣੀ ਇੱਕ ਸਹਿਜਤਾ ਅਤੇ ਚਾਲ ਹੈ। ਭਾਰਤੀ ਵਿਦਿਆਰਥੀਆਂ ਖ਼ਾਸ ਤੌਰ ’ਤੇ ਪੰਜਾਬੀਆਂ ਦੇ ਖਰੂਦ ਨੇ ਪੱਗ ਅਤੇ ਪੰਜਾਬ ਦਾ ਕਿਰਦਾਰ ਨੀਵਾਂ ਕਰ ਦਿੱਤਾ ਹੈ। ਸਤਿਕਾਰ ਗੁੱਸੇ ਵਿੱਚ ਬਦਲ ਗਿਆ ਹੈ। ਇੱਜ਼ਤ ਦਾ ਗਰਾਫ ਨੀਵਾਂ ਹੋ ਗਿਆ ਹੈ। ਖ਼ੁਦ ਨੂੰ ਨਫ਼ਰਤ ਕਰਨ ਦਾ ਸੰਕਲਪ ਵੀ ਇਨ੍ਹਾਂ ’ਤੇ ਲਾਗੂ ਹੋ ਗਿਆ ਹੈ। ਉੱਥੋਂ ਦੀ ਜੀਵਨ ਸ਼ੈਲੀ ਨੂੰ ਸਮਝ ਚੁੱਕੇ ਪੁਰਾਣੇ ਪੰਜਾਬੀ ਨਵੇਂ ਪੰਜਾਬੀਆਂ ਨੂੰ ਨਫ਼ਰਤ ਕਰਨ ਲੱਗੇ ਹਨ। ਜੋ ਸਿਸਟਮ ਅੱਜ ਇਸ ਦੇਸ਼ ਵਿੱਚ ਚੱਲ ਰਿਹਾ ਹੈ, ਉਹ ਭਾਰਤ ਵਿੱਚ 100 ਸਾਲ ਬਾਅਦ ਆਉਣਾ ਹੈ। ਇਸ ਲਈ ਜਿੰਨਾ ਵੀ ਪਰਵਾਸ ਇਸ ਦੇਸ਼ ਵਿੱਚ ਹੁੰਦਾ ਹੈ, ਉਸ ਨੂੰ ਆਪਣੇ ਆਪ ਨੂੰ 100 ਸਾਲ ਅਡਵਾਂਸ ਅਤੇ ਅਪਡੇਟ ਕਰਨਾ ਪੈਣਾ ਹੈ।
ਇਹ ਦੇਸ਼ ਤੁਹਾਡੇ ਮਨ ਤੇ ਸਰੀਰ ਵਿੱਚ ਕੰਮ ਸੱਭਿਆਚਾਰ ਭਰ ਦਿੰਦਾ ਹੈ। ਤੁਹਾਡਾ ਸਰੀਰ ਕੰਮ ਵਾਲੇ ਮੋਡ ’ਤੇ ਲੱਗ ਜਾਂਦਾ ਹੈ ਅਤੇ ਤੁਹਾਡੀ ਮਾਨਸਿਕਤਾ ਕੰਮ ਸੱਭਿਆਚਾਰ ਵਾਲੀ ਬਣ ਜਾਂਦੀ ਹੈ। ਉੱਥੇ ਕਿਰਤੀ ਹੱਥੀਂ ਕੰਮ ਕਰਦੇ ਹੀ ਚੰਗੇ ਲੱਗਦੇ ਹਨ। ਕੈਨੇਡਾ ਤੋਂ ਇੱਕ ਬੰਦਾ ਪੰਜਾਬ ਵਿੱਚ ਵਿਆਹ ’ਤੇ ਆਇਆ। ਪੈਲੇਸ ਵਿੱਚ ਜੋ ਵੀ ਖਾ ਪੀ ਕੇ ਥੱਲੇ ਸੁੱਟਦਾ ਤਾਂ ਉਹ ਡਸਟਬਿਨ ’ਚ ਪਾਉਣ ਚਲਾ ਜਾਂਦਾ। ਉਹਨੂੰ ਕਿਹਾ ਕਿ ਇਹ ਵੇਟਰਾਂ ਦਾ ਕੰਮ ਹੈ, ਪਰ ਉਹ ਲਗਾਤਾਰ ਇਹ ਕੰਮ ਕਰਦਾ ਰਿਹਾ। ਬਾਅਦ ਵਿੱਚ ਸਮਝ ਆਇਆ ਕਿ ਹੱਥੀਂ ਕੰਮ ਕਰਨਾ ਕੈਨੇਡਾ ਦਾ ਸੁਭਾਅ ਹੈ। ਇਹੀ ਸੁਭਾਅ ਤੁਹਾਡੇ ਮਨ ਅਤੇ ਸਰੀਰ ’ਤੇ ਡੂੰਘਾ ਅਸਰ ਛੱਡਦਾ ਹੈ। ਇਹ ਇਸ ਦੇਸ਼ ਦੇ ਸਫ਼ਾਈ ਸੱਭਿਆਚਾਰ ਦਾ ਅਸੂਲ ਹੈ।
ਇਹ ਦੇਸ਼ ਇਕੱਲੇਪਣ ਅਤੇ ਟੈਨਸ਼ਨ ਦੀ ਰਾਜਧਾਨੀ ਹੈ। ਪੱਬਾਂ ਤੇ ਕਲੱਬਾਂ ਵਿੱਚ ਵੱਡੀ ਉਮਰ ਦੇ ਜੋੜੇ ਇਕੱਲਤਾ ਨੂੰ ਦੂਰ ਕਰਨ ਲਈ ਅਕਸਰ ਪਹੁੰਚਦੇ ਹਨ। ਪ੍ਰਾਈਵੇਸੀ ਅਧੀਨ ਇਕੱਲਤਾ ਨੂੰ ਹੰਢਾਇਆ ਜਾ ਰਿਹਾ ਹੈ। ਇੱਥੋਂ ਦੇ ਮਹਿੰਗੇ ਘਰ ਅਤੇ ਵਧ ਰਹੇ ਖ਼ਰਚੇ ਨੀਂਦ ਵਿੱਚ ਵੀ ਟੈਨਸ਼ਨ ਦਿੰਦੇ ਹਨ। ਕਿਸ਼ਤਾਂ ਦਾ ਜਾਲ ਕਿਸੇ ਨੂੰ ਆਪਣੇ ਵਿੱਚੋਂ ਨਿਕਲਣ ਨਹੀਂ ਦਿੰਦਾ। ਇਹੀ ਜਾਲ ਤੁਹਾਨੂੰ ਕੰਮ ਕਰਨ ਲਈ ਮਜਬੂਰ ਕਰਦਾ ਹੈ ਜੋ ਬਾਅਦ ਵਿੱਚ ਤੁਹਾਡੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ। ਇਹ ਦੇਸ਼ ਕਿਸੇ ’ਤੇ ਤਰਸ ਨਹੀਂ ਕਰਦਾ। ਜੀਵਨ ਜਿਊਣ ਲਈ ਤੁਹਾਨੂੰ ਕੰਮ ਕਰਨਾ ਹੀ ਪੈਣਾ ਹੈ। ਇਸੇ ਕਰਕੇ ਇਸ ਦੇਸ਼ ਵਿੱਚੋਂ ਵਿਹਲੜਵਾਦ ਮਨਫ਼ੀ ਹੈ। ਪੂੰਜੀਵਾਦ ਲਈ ਵਿਹਲੜਵਾਦ ਹਮੇਸ਼ਾ ਨਾ ਮਨਜ਼ੂਰ ਹੁੰਦਾ ਹੈ।
ਕਿਰਦਾਰ ਨੂੰ ਕਿੰਨਾ ਉੱਚਾ ਚੁੱਕਣਾ ਹੈ ਜਾਂ ਕਿਸ ਡਿਗਰੀ ’ਤੇ ਰੱਖਣਾ ਹੈ, ਇਹ ਸਾਡੇ ਹੱਥ ਹੁੰਦਾ ਹੈ। ਬਿਨਾਂ ਸ਼ੱਕ ਬਿਨਾਂ ਦੂਸਰੇ ਦੇਸ਼ ਦੀਆਂ ਰਹਿਣ ਹਾਲਤਾਂ ਨੂੰ ਸਿੱਖੇ ਅਸੀਂ ਆਪਣੇ ਕਿਰਦਾਰ ਦੀ ਡਿਗਰੀ ਦਾ ਪੱਧਰ ਨੀਵਾਂ ਕੀਤਾ ਹੈ। ਅੰਗਰੇਜ਼ਾਂ ਨੇ ਉਨ੍ਹਾਂ ਇਲਾਕਿਆਂ ਵਿੱਚੋਂ ਪਲਾਇਨ ਕੀਤਾ ਹੈ ਜਿੱਥੇ ਪੰਜਾਬੀਆਂ ਦੀ ਵਸੋਂ ਵਧੀ ਹੈ। ਨਤੀਜਾ ਸਪੱਸ਼ਟ ਹੈ ਕਿ ਉਹ ਸਾਡੀਆਂ ਰਹਿਣ ਸਹਿਣ ਦੀਆਂ ਆਦਤਾਂ ਤੋਂ ਸੰਤੁਸ਼ਟ ਨਹੀਂ ਹਨ। ਇਹ ਕੁਦਰਤ ਨੂੰ ਰੱਜ ਕੇ ਮੁਹੱਬਤ ਕਰਨ ਵਾਲੇ ਲੋਕ ਹਨ। ਇਹ ਧਰਤੀ, ਹਵਾ ਤੇ ਪਾਣੀ ਦੀ ਸਹਿਜਤਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਅੰਗਰੇਜ਼ਾਂ ਦੀ ਜ਼ਿੰਦਗੀ ਵਿੱਚ ਸਹਿਜ, ਧੀਰਜ, ਠਹਿਰਾਅ ਅਤੇ ਠਰੰਮਾ ਹੈ, ਪਰ ਸਾਡੀ ਜ਼ਿੰਦਗੀ ਵਿੱਚ ਕਾਹਲ ਹੈ। ਅਸੀਂ ਸਫਲਤਾ ਅਤੇ ਤਰੱਕੀ ਲਈ ਸ਼ਾਰਟਕੱਟ ਲੱਭਦੇ ਹਾਂ। ਇਸ ਸ਼ਾਰਟਕੱਟ ਦਾ ਨਤੀਜਾ ਹੈ ਕਿ ਸਾਡੇ ਛੋਟੇ ਛੋਟੇ ਬੱਚੇ ਨਸ਼ੇ ਅਤੇ ਗੈਂਗਸਟਰਵਾਦ ਵੱਲ ਜਾ ਰਹੇ ਹਨ। ਇਸ ਨੇ ਵੀ ਸਾਡਾ ਕਿਰਦਾਰ ਨੀਵਾਂ ਕੀਤਾ ਹੈ। ਪੰਜਾਬੀਅਤ ਦਾ ਕੱਦ ਅਸੀਂ ਖ਼ੁਦ ਨੀਵਾਂ ਕੀਤਾ ਹੈ।
ਇਹ ਲੋਕ ਆਜ਼ਾਦ ਸੋਚ ਦੇ ਮਾਲਕ ਹਨ। ਇਹ ਤੁਹਾਨੂੰ ਸੁਣਦੇ ਵੀ ਹਨ, ਸਮਝਦੇ ਵੀ ਹਨ, ਪਰ ਸਹਿਮਤ ਨਹੀਂ ਹੁੰਦੇ। ਸਾਡੇ ਵਿੱਚ ਭਾਵੁਕਤਾ ਦਾ ਵਹਿਣ ਬਹੁਤ ਜ਼ਿਆਦਾ ਹੈ। ਸਾਨੂੰ ਸੋਚ ਦਾ ਡੂੰਘਾ ਗੋਤਾ ਲਾਉਣਾ ਨਹੀਂ ਆਉਂਦਾ। ਇਨ੍ਹਾਂ ਲੋਕਾਂ ਨੂੰ ‘ਯੈੱਸ ਮੈਨ’ ਕਦੇ ਵੀ ਚੰਗੇ ਨਹੀਂ ਲੱਗਦੇ। ਤਰਕਸ਼ੀਲ ਹੋਣਾ ਅਤੇ ਸਾਰੇ ਸੰਸਾਰ ਦੇ ਵਰਤਾਰਿਆਂ ਨੂੰ ਸਮਝਣਾ ਇਸ ਦੇਸ਼ ਵਿੱਚ ਰਹਿਣ ਲਈ ਜ਼ਰੂਰੀ ਹੈ। ਸੰਸਾਰ ਦੇ ਵਰਤਾਰਿਆਂ ਦੀ ਜਿੰਨੀ ਸਮਝ ਹੋਵੇਗੀ, ਓਨਾ ਹੀ ਇਸ ਦੇਸ਼ ਵਿੱਚ ਰਹਿਣਾ ਸੁਖਾਲਾ ਹੋਵੇਗਾ।
ਬਾਬੇ ਨਾਨਕ ਨੇ ਚੰਗੇ ਲੋਕਾਂ ਨੂੰ ਕਿਹਾ ਸੀ ਕਿ ਉੱਜੜ ਜਾਓ। ਪਰਵਾਸ ਬਾਬੇ ਨਾਨਕ ਦੀ ਇਸੇ ਫ਼ਿਲਾਸਫ਼ੀ ਦਾ ਹੀ ਹਿੱਸਾ ਹੈ। ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿੱਚ ਪੰਜਾਬੀਆਂ ਦੇ ਸਥਾਪਤ ਹੋਣ ਪਿੱਛੇ ਬਾਬੇ ਨਾਨਕ ਦੀ ਇਹੀ ਫ਼ਿਲਾਸਫ਼ੀ ਕੰਮ ਕਰ ਰਹੀ ਹੈ। ਕੈਨੇਡਾ ਵਿੱਚ ਚੱਲਦੇ ਲੰਗਰ ਅਤੇ ਗੁਰੂ ਨਾਨਕ ਰਸੋਈ ਸਾਡੀ ਵਿਰਾਸਤ ਹਨ ਜੋ ਕਿ ਵਿਦੇਸ਼ਾਂ ਵਿੱਚ ਸਾਡਾ ਸਨਮਾਨ ਉੱਚਾ ਰੱਖਦੀ ਹੈ। ਕੈਨੇਡਾ ਦੇ ਲੋਕਾਂ ਦੀ ਸਿੱਖੀ ਜੀਵਨ ਜਾਚ ਪਰਵਾਸ ਨੂੰ ਹਾਂ ਵਾਚਕ ਧੱਕਾ ਦਿੰਦੀ ਹੈ। ਸਾਨੂੰ ਇਸ ’ਤੇ ਕਾਇਮ ਰਹਿਣਾ ਚਾਹੀਦਾ ਹੈ।
ਸੰਪਰਕ: 99156-21188

