ਕੈਨੇਡਾ: ਸਰੀ ਦੀ ਮੇਅਰ ਫਿਰੌਤੀ ਪੀੜਤਾਂ ਦਾ ਦਰਦ ਲੈਕੇ ਓਟਵਾ ਪਹੁੰਚੀ
ਸਰੀ ਦੇ ਪਾਰਲੀਮੈਂਟ ਮੈਂਬਰਾਂ ਦੀ ਚੁੱਪ ਨੂੰ ਮੰਦਭਾਗਾ ਕਿਹਾ
ਸਰੀ ਦੀ ਮੇਅਰ ਬਰੈਂਡਾ ਲੌਕ ਸ਼ਹਿਰ ਦੇ ਭਾਰਤੀ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਮਿਲ ਰਹੀਆਂ ਫਿਰੌਤੀ ਦੀਆਂ ਧਮਕੀਆਂ ਦਾ ਮੁੱਦਾ ਲੈ ਕੇ ਦੇਸ਼ ਦੀ ਰਾਜਧਾਨੀ ਓਟਵਾ ਪਹੁੰਚ ਗਈ ਹੈ। ਉਹ ਫੈਡਰਲ ਸਰਕਾਰ ’ਤੇ ਇਸ ਗੱਲ ਲਈ ਜ਼ੋਰ ਪਾਏਗੀ ਕਿ ਫਿਰੌਤੀ ਨੂੰ ਸਿਰਫ਼ ਕੁਝ ਸ਼ਹਿਰਾਂ ਤੱਕ ਸੀਮਤ ਨਾ ਸਮਝ ਕੇ ਇੱਕ ਕੌਮੀ ਸਮੱਸਿਆ ਵਜੋਂ ਦੇਖਿਆ ਜਾਵੇ ਅਤੇ ਇਸ ਦੇ ਸਥਾਈ ਹੱਲ ਲਈ ਦੇਸ਼ ਵਿੱਚ ਹੰਗਾਮੀ ਸਥਿਤੀ ਐਲਾਨੀ ਜਾਵੇ।
ਮੇਅਰ ਨੇ ਪੀੜਤਾਂ ਨਾਲ ਵਾਪਰੀਆਂ ਸਾਰੀਆਂ ਘਟਨਾਵਾਂ ਦਾ ਪੂਰਾ ਵੇਰਵਾ ਫਾਈਲਾਂ ਦੇ ਰੂਪ ਵਿੱਚ ਤਿਆਰ ਕੀਤਾ ਹੈ, ਜੋ ਸਿੱਧਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੇਂਦਰ ਸਰਕਾਰ ਨੇ ਸ਼ੁਰੂਆਤ ਵਿੱਚ ਹੀ ਇਸ ਰੁਝਾਨ ਨੂੰ ਗੰਭੀਰਤਾ ਨਾਲ ਲਿਆ ਹੁੰਦਾ, ਤਾਂ ਹਾਲਾਤ ਅੱਜ ਇੰਨੇ ਨਾ ਵਿਗੜਦੇ।
ਓਟਵਾ ਰਵਾਨਾ ਹੋਣ ਤੋਂ ਪਹਿਲਾਂ ਮੇਅਰ ਲੌਕ ਨੇ ਫਿਰੌਤੀ ਪੀੜਤਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਦਰਦ ਦੀ ਪੰਡ ਚੁੱਕ ਕੇ ਰਾਜਧਾਨੀ ਜਾ ਰਹੀ ਹੈ ਅਤੇ ਕਿਸੇ ਠੋਸ ਹੱਲ ਦੇ ਭਰੋਸੇ ਤੋਂ ਬਿਨਾਂ ਖਾਲੀ ਹੱਥ ਵਾਪਸ ਨਹੀਂ ਆਵੇਗੀ। ਇਸ ਦੌਰਾਨ ਉਨ੍ਹਾਂ ਸਰੀ ਤੋਂ ਚੁਣੇ ਹੋਏ ਪਾਰਲੀਮੈਂਟ ਮੈਂਬਰਾਂ (MPs) ਦੀ ਚੁੱਪ ’ਤੇ ਡੂੰਘੇ ਦੁੱਖ ਅਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਡੇਢ-ਦੋ ਸਾਲਾਂ ਤੋਂ ਚੱਲ ਰਹੇ ਇਸ ਗੰਭੀਰ ਮੁੱਦੇ ਬਾਰੇ ਕਿਸੇ ਵੀ ਸਾਂਸਦ ਨੇ ਕੇਂਦਰ ਸਰਕਾਰ ’ਤੇ ਦਬਾਅ ਨਹੀਂ ਬਣਾਇਆ, ਜਦਕਿ ਲੋਕ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਹੀ ਵੋਟਾਂ ਪਾਉਂਦੇ ਹਨ। ਮੇਅਰ ਨੇ ਆਪਣੀ ਦ੍ਰਿੜਤਾ ਦੁਹਰਾਉਂਦਿਆਂ ਕਿਹਾ ਕਿ ਚਾਹੇ ਉਨ੍ਹਾਂ ਨੂੰ ਉੱਥੇ ਕਿੰਨੇ ਵੀ ਦਿਨ ਰੁਕਣਾ ਪਵੇ, ਉਹ ਇਨਸਾਫ਼ ਲੈ ਕੇ ਹੀ ਪਰਤਣਗੇ।

