Canada News: ਟੋਰਾਂਟੋ ’ਚ ਵਿਸਾਖੀ ਅਤੇ ‘ਸਿੱਖ ਹੈਰੀਟੇਜ ਮਹੀਨੇ’ ਦੀਆਂ ਰੌਣਕਾਂ: ਮਾਰਕ ਕਾਰਨੀ ਨੇ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ
ਵਿਰਾਸਤ-ਏ-ਖ਼ਾਲਸਾ ਦੇ ਸਹਿਯੋਗ ਨਾਲ ਮਨਾਇਆ ‘ਸਿੱਖ ਵਿਰਾਸਤੀ ਮਹੀਨਾ’
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਪਤਨੀ ਸਮੇਤ ‘ਸਿੱਖ ਵਿਰਾਸਤੀ ਮਹੀਨੇ’ (Sikh Heritage Month) ਦੇ ਮੌਕੇ ’ਤੇ ਗੁਰਦੁਆਰਾ ਸਾਹਿਬ ਓਟਾਵਾ ਵਿਖੇ ਨਤਮਸਤਕ ਹੋ ਕੇ ਸਿੱਖ ਭਾਈਚਾਰੇ ਨਾਲ ਆਪਣੀ ਨੇੜਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਖ਼ੁਸ਼ੀ ਵਿੱਚ ਖੀਵੇ ਹੋਏ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡਾ ਨੂੰ ਫ਼ਖ਼ਰ ਹੈ ਕਿ ਭਾਰਤ ਤੋਂ ਬਾਅਦ ਇੱਥੇ ਵੱਸਦੇ ਸਿੱਖਾਂ ਦੀ ਗਿਣਤੀ ਦੁਨੀਆ ਦੇ ਹੋਰਨਾਂ ਮੁਲਕਾਂ ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕਿ 'ਸਿੱਖ ਵਿਰਾਸਤੀ ਮਹੀਨੇ' ਦੌਰਾਨ ਸਿੱਖਾਂ ਵੱਲੋਂ ਕੈਨੇਡਾ ਦੀ ਖ਼ੁਸ਼ਹਾਲੀ ਅਤੇ ਮਜ਼ਬੂਤੀ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ। ਇਸ ਨਾਲ ਭਾਈਚਾਰੇ ਨੂੰ ਹੋਰ ਉਤਸ਼ਾਹ ਮਿਲਦਾ ਹੈ ਅਤੇ ਆਪਸੀ ਏਕਤਾ ਮਜ਼ਬੂਤ ਹੁੰਦੀ ਹੈ। ਇਸ ਦੌਰਾਨ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਦੂਜੇ ਪਾਸੇ, ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਨੇ ‘ਵਿਰਾਸਤ-ਏ-ਖ਼ਾਲਸਾ’ ਸੰਸਥਾ ਦੇ ਸਹਿਯੋਗ ਨਾਲ 13 ਅਪਰੈਲ ਨੂੰ ਵਿਸਾਖੀ ਅਤੇ ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਇਸ ਸਮਾਗਮ ਵਿੱਚ ਭਾਰਤੀ ਪਰਵਾਸੀ ਅਤੇ ਕੈਨੇਡਾ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸਮਾਗਮ ਭਾਰਤ ਅਤੇ ਕੈਨੇਡਾ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਬਹੁਤ ਜ਼ਰੂਰੀ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਇਸ ਦੌਰੇ ਅਤੇ ਭਾਰਤੀ ਕੌਂਸਲੇਟ ਵੱਲੋਂ ਕਰਵਾਏ ਗਏ ਸਮਾਗਮਾਂ ਨੇ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪੈਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਦੀ ਸਰਕਾਰ ਕੈਨੇਡਾ ਵਿੱਚ ਵੱਖ-ਵੱਖ ਭਾਈਚਾਰਿਆਂ ਦੀ ਸਾਂਝ ਨੂੰ ਵਧਾਉਣ ਲਈ ਸਰਗਰਮ ਹੈ ਅਤੇ ਸਿੱਖ ਵਿਰਾਸਤੀ ਮਹੀਨੇ ਦੌਰਾਨ ਹੋਏ ਇਹ ਸਮਾਗਮ ਇਸੇ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨੇ ਜਾ ਰਹੇ ਹਨ।

