Canada News: Snowfall Record: ਟੋਰਾਂਟੋ ’ਚ ਬਰਫ਼ਬਾਰੀ ਨੇ ਰਿਕਾਰਡ ਤੋੜੇ; ਸਕੂਲ ਬੰਦ; ਉਡਾਣਾਂ ਵਿਚ ਵਿਘਨ
ਪੀਅਰਸਨ ਹਵਾਈ ਅੱਡਾ ਖੇਤਰ ’ਤੇ 46 ਸੈਂਟੀਮੀਟਰ ਤੋਂ ਵੱਧ ਬਰਫ ਪਈ
ਟੋਰਾਂਟੋ ਅਤੇ ਨੇੜਲੇ ਸ਼ਹਿਰਾਂ ਵਿੱਚ ਬਰਫਬਾਰੀ ਨੇ ਅੱਜ ਰਿਕਾਰਡ ਤੋੜ ਦਿੱਤੇ। ਇੱਥੇ ਪਹਿਲਾਂ ਵਾਲੀ ਬਰਫਬਾਰੀ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਸੀ ਪਰ ਐਤਵਾਰ ਸਵੇਰ ਤੋਂ ਰਾਤ ਤੱਕ ਹੋਈ 40 ਸੈਂਟੀਮੀਟਰ ਬਰਫਬਾਰੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਬੇਸ਼ੱਕ ਹਾਲੇ ਡੇਢ ਦੋ ਮਹੀਨੇ ਬਰਫਬਾਰੀ ਦਾ ਖਦਸ਼ਾ ਬਣਿਆ ਹੋਇਆ ਹੈ ਪਰ ਸੜਕਾਂ ਤੋਂ ਬਰਫ ਹਟਾਉਣ ਲਈ ਮਿਉਂਸਪੈਲਿਟੀਆਂ ਦੇ ਨਮਕ ਦੇ ਜ਼ਖੀਰੇ ਖਾਲੀ ਹੋਣ ਕਿਨਾਰੇ ਹਨ ਤੇ ਕਈ ਸ਼ਹਿਰਾਂ ਦੇ ਸਟੋਰਾਂ ਵਿੱਚ ਸਿਰਫ ਝਾੜ ਪੂੰਝ ਹੀ ਬਚਿਆ ਰਹਿ ਗਿਆ ਹੈ।
ਤਾਜ਼ਾ ਬਰਫਬਾਰੀ ਕਾਰਨ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਕੈਲੇਡਨ, ਮਿਲਟਨ ਅਤੇ ਸਕਾਰਬਰੋ ਆਦਿ ਸ਼ਹਿਰਾਂ ਦੇ ਸਾਰੇ ਸਕੂਲ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਦਿਨਾਂ ਵਿੱਚ ਹੋਣ ਵਾਲੇ ਖੇਡ ਮੁਕਾਬਲੇ ਅਤੇ ਹੋਰ ਅਹਿਮ ਸਮਾਗਮ ਅੱਗੇ ਪਾ ਦਿੱਤੇ ਗਏ ਹਨ। ਅੱਜ ਦੀ ਬਰਫਬਾਰੀ ਨੇ ਟੋਰਾਂਟੋ ਹਵਾਈ ਅੱਡੇ ਦੀਆਂ ਉਡਾਣਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਉਡਾਣ ਭਰਨ ਵਾਲੀਆਂ ਕਈ ਉਡਾਣਾਂ ਨੂੰ ਦੇਰੀ ਨਾਲ ਤੋਰਿਆ ਗਿਆ ਤੇ ਉਤਾਰੇ ਜਾਣ ਵਾਲੀਆਂ ਕਈ ਉਡਾਣਾਂ ਨੂੰ ਹੋਰ ਅੱਡਿਆਂ ਵੱਲ ਮੋੜਿਆ ਗਿਆ। ਟੋਰਾਂਟੋ ਦੇ ਪੀਅਰਸਨ ਹਵਾਈ ਅੱਡਾ ਖੇਤਰ ’ਚ 46 ਸੈਂਟੀਮੀਟਰ ਤੋਂ ਵੱਧ ਬਰਫ ਪਈ ਜਿਸ ਕਾਰਨ ਸੋਮਵਾਰ ਸਵੇਰ 26 ਉਡਾਣਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਹਵਾਈ ਅੱਡੇ ਦੇ ਮੈਨੇਜਰ ਐਂਡਰੇ ਨੈਡਿਊ ਅਨੁਸਾਰ ਉਡਾਣ ਸੰਚਾਲਨ ਜੋਖ਼ਮ ਪ੍ਰਤੀ ਚੌਕਸ ਹੋ ਕੇ ਕੀਤਾ ਜਾ ਰਿਹਾ ਹੈ। ਉੱਧਰ ਟੋਰਾਂਟੋ ਦੇ ਘਰੇਲੂ ਹਵਾਈ ਅੱਡੇ ਬਿੱਲੀ ਬਿਸ਼ਪ ਖੇਤਰ ’ਚ ਬਰਫ ਦੀ ਤਹਿ 58 ਸੈਂਟੀਮੀਟਰ ਜੰਮ ਗਈ ਤੇ ਉਥੋਂ ਦੀਆਂ ਬਹੁਤੀਆਂ ਉਡਾਣਾਂ ਰੱਦ ਕੀਤੀਆਂ ਗਈਆਂ।
ਬਰਫ਼ ਦੀਆਂ ਤਹਿਆਂ ਕਾਰਨ ਅੱਧੇ ਤੋਂ ਵੱਧ ਬੱਸ ਸੇਵਾਵਾਂ ਰੱਦ ਰਹੀਆਂ। ਕਈ ਖੇਤਰਾਂ ਵਿਚ ਬਰਫਾਨੀ ਤੂਫਾਨ ਕਾਰਨ ਰੁੱਖਾਂ ਦੇ ਟਹਿਣੇ ਬਿਜਲੀ ਲਾਈਨਾਂ ’ਤੇ ਡਿੱਗਣ ਕਰਕੇ ਬਿਜਲੀ ਬੰਦ ਹੋ ਗਈ, ਜਿਸ ਨੂੰ ਠੀਕ ਕਰਨ ਲਈ ਵਿਭਾਗ ਵਲੋਂ ਹੰਗਾਮੀ ਸਥਿਤੀ ਐਲਾਨ ਕੇ ਕੰਮ ਕਰਾਇਆ ਜਾ ਰਿਹਾ ਹੈ। ਮੌਸਮ ਵਿਭਾਗ ਦੀਆਂ ਕੁਝ ਪੇਸ਼ੀਨਗੋਈਆਂ ਗਲਤ ਸਾਬਤ ਹੋ ਰਹੀਆਂ ਹਨ। ਵਿਭਾਗ ਨੇ ਠੰਡ ਦੇ ਹੋਰ ਜ਼ੋਰ ਫੜਨ ਦੀ ਚਿਤਾਵਨੀ ਜਾਰੀ ਕੀਤੀ ਹੈ। 27 ਅਤੇ 28 ਜਨਵਰੀ ਨੂੰ ਹੋਰ ਬਰਫ ਪੈਣ ਬਾਰੇ ਵੀ ਦੱਸਿਆ ਗਿਆ ਹੈ। ਅੱਜ ਦਾ ਤਾਪਮਾਨ ਮਨਫੀ 22 ਤੋਂ ਹੇਠਾਂ ਡਿੱਗ ਗਿਆ ਹੈ। ਟੋਰਾਂਟੋ ਦੀ ਬਰਫਬਾਰੀ ਕਾਰਨ 30 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਇਸ ਤੋਂ ਪਹਿਲਾਂ 1996 ਵਿਚ ਇੰਨੀ ਜ਼ਿਆਦਾ ਬਰਫਬਾਰੀ ਹੋਈ ਸੀ।
ਉੱਧਰ ਵੈਨਕੂਵਰ ਖੇਤਰ ਵਿੱਚ ਅਗਲੇ ਤਿੰਨ ਦਿਨਾਂ ’ਚ ਭਾਰੀ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਕੈਲਗਰੀ ਵਿੱਚ ਹੁਣ ਤੱਕ ਪੈ ਰਹੀ ਠੰਢ ਦੇ ਪ੍ਰਕੋਪ ਨੂੰ ਬਰੇਕ ਲੱਗਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਪਰ ਐਡਮੰਟਨ ਦਾ ਤਾਪਮਾਨ ਟਿਕਿਆ ਰਹਿ ਸਕਦਾ ਹੈ। ਬਰਫਬਾਰੀ ਨੇ ਢੋਆ ਢੁਆਈ ਦਾ ਕੰਮ ਬਹੁਤ ਘਟਾ ਦਿੱਤਾ ਹੈ, ਜਿਸ ਕਾਰਨ ਕਈ ਸਟੋਰਾਂ ਵਿੱਚ ਜ਼ਖੀਰੇ ਖਾਲੀ ਹੋਣ ਲੱਗੇ ਹਨ। ਸੜਕਾਂ ਦੀ ਹਾਲਤ ਸੁਰੱਖਿਅਤ ਨਾ ਹੋਣ ਕਾਰਣ ਟਰੱਕ ਕੰਪਨੀਆਂ ਲੰਮੇ ਰੂਟਾਂ ਦੇ ਜੋਖ਼ਮ ਲ਼ੈਣ ਤੋਂ ਕਰਤਾਉਣ ਲੱਗੀਆਂ ਹਨ।

