Canada News: ਮਾਰਕ ਕਾਰਨੀ ਵੱਲੋਂ Buy Canadian ਦਾ ਨਾਅਰਾ
ਦੇਸ਼ ਵਾਸੀਆਂ ਨੂੰ ਸਿਰਫ ਕੈਨੇਡੀਅਨ ਉਤਪਾਦ ਹੀ ਖਰੀਦਣ ਲਈ ਕਿਹਾ; ਟਰੰਪ ਦੀ ਚਿਤਾਵਨੀ ਤੋਂ ਬਾਅਦ ਕੈਨੇਡਾ-ਅਮਰੀਕਾ ਵਿਚ ਵਪਾਰਕ ਜੰਗ ਛਿਡ਼ੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡੀਅਨ ਵਸਤਾਂ ’ਤੇ 100 ਫ਼ੀਸਦੀ ਟੈਰਿਫ਼ (ਟੈਕਸ) ਲਗਾਉਣ ਦੀ ਧਮਕੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਜੰਗ ਛਿੜ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਵਾਸੀਆਂ ਨੂੰ ਇੱਕ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਨੇ ਕੈਨੇਡਾ ਨੂੰ ਆਰਥਿਕ ਤੌਰ ’ਤੇ ਸਵੈ-ਨਿਰਭਰ ਬਣਾਉਣ ਲਈ ਸਿਰਫ਼ ਕੈਨੇਡੀਅਨ ਉਤਪਾਦ ਖ਼ਰੀਦਣ ਦਾ ਸੱਦਾ ਦਿੱਤਾ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹ, ‘ਜਦੋਂ ਸਾਡੀ ਆਰਥਿਕਤਾ ਨੂੰ ਬਾਹਰੋਂ ਖ਼ਤਰਾ ਹੁੰਦਾ ਹੈ ਤਾਂ ਸਾਨੂੰ ਉਨ੍ਹਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਜੋ ਸਾਡੇ ਕੰਟਰੋਲ ਵਿੱਚ ਹਨ। ਅਸੀਂ ਦੂਜੇ ਦੇਸ਼ਾਂ ਦੇ ਫ਼ੈਸਲਿਆਂ ਨੂੰ ਨਹੀਂ ਰੋਕ ਸਕਦੇ ਪਰ ਅਸੀਂ ਆਪਣੇ ਸਭ ਤੋਂ ਵਧੀਆ ਗਾਹਕ ਖ਼ੁਦ ਬਣ ਸਕਦੇ ਹਾਂ। ਅਸੀਂ ਕੈਨੇਡਾ ਦਾ ਬਣਿਆ ਸਾਮਾਨ ਖ਼ਰੀਦਾਂਗੇ ਅਤੇ ਕੈਨੇਡਾ ਵਿੱਚ ਹੀ ਬਣਾਵਾਂਗੇ। ਪੀ ਐੱਮ ਕਾਰਨੀ ਦੀ 'ਬਾਏ ਕੈਨੇਡੀਅਨ' ਮੁਹਿੰਮ ਇਸੇ ਆਰਥਿਕ ਖ਼ਤਰੇ ਨਾਲ ਨਜਿੱਠਣ ਦੀ ਇੱਕ ਕੋਸ਼ਿਸ਼ ਮੰਨੀ ਜਾ ਰਹੀ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਇਸ ਵੀਡੀਓ ਸੰਦੇਸ਼ ਜਾਰੀ ਕਰਕੇ ਅਮਰੀਕੀ ਦਬਾਅ ਅੱਗੇ ਨਾ ਝੁਕਣ ਦਾ ਸੰਕੇਤ ਦਿੱਤਾ। ਉਨ੍ਹਾਂ ਅਪੀਲ ਕੀਤੀ ਕਿ ਨਾਗਰਿਕ ਸਿਰਫ਼ ਉਹੀ ਚੀਜ਼ਾਂ ਖ਼ਰੀਦਣ ਜੋ ਕੈਨੇਡੀਅਨ ਦੁਆਰਾ ਬਣਾਈਆਂ ਗਈਆਂ ਹਨ। ਇਸ ਨਾਲ ਘਰੇਲੂ ਉਦਯੋਗ ਮਜ਼ਬੂਤ ਹੋਣਗੇ ਅਤੇ ਦੂਜੇ ਦੇਸ਼ਾਂ (ਖ਼ਾਸ ਕਰਕੇ ਅਮਰੀਕਾ) ’ਤੇ ਨਿਰਭਰਤਾ ਘਟੇਗੀ। ਕਾਰਨੀ ਨੇ ਰੱਖਿਆ ਖੇਤਰ ਵਿੱਚ ਵੀ ਸਵੈ-ਨਿਰਭਰ ਹੋਣ ਅਤੇ ਦੇਸ਼ ਦੇ ਅੰਦਰ ਹੀ ਨਿਰਮਾਣ ਕਰਨ 'ਤੇ ਜ਼ੋਰ ਦਿੱਤਾ।
ਇਸ ਵਿਵਾਦ ਦਾ ਮੁੱਖ ਕਾਰਨ ਕੈਨੇਡਾ ਦਾ ਚੀਨ ਨਾਲ ਕੀਤਾ ਗਿਆ ਤਾਜ਼ਾ ਵਪਾਰਕ ਸਮਝੌਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਟਰੂਥ ਸੋਸ਼ਲ' 'ਤੇ ਲਿਖਿਆ ਕਿ ਜੇਕਰ ਕਾਰਨੀ ਕੈਨੇਡਾ ਨੂੰ ਚੀਨ ਲਈ ਚੀਨੀ ਸਮਾਨ ਅਮਰੀਕਾ ਭੇਜਣ ਦਾ ਰਸਤਾ ਬਣਾਉਣ ਬਾਰੇ ਸੋਚ ਰਹੇ ਹਨ, ਤਾਂ ਉਹ ਬਹੁਤ ਵੱਡੀ ਗ਼ਲਤੀ ਕਰ ਰਹੇ ਹਨ। ਉਨ੍ਹਾਂ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਚੀਨ ਕੈਨੇਡਾ ਦੇ ਕਾਰੋਬਾਰਾਂ ਅਤੇ ਸਮਾਜਿਕ ਤਾਣੇ-ਬਾਣੇ ਨੂੰ ਪੂਰੀ ਤਰ੍ਹਾਂ ਨਿਗਲ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੈਨੇਡਾ ਚੀਨ ਨਾਲ ਕੋਈ ਵੀ ਸੌਦਾ ਕਰਦਾ ਹੈ ਤਾਂ ਅਮਰੀਕਾ ਆਉਣ ਵਾਲੇ ਹਰ ਕੈਨੇਡੀਅਨ ਉਤਪਾਦ 'ਤੇ ਤੁਰੰਤ 100% ਟੈਰਿਫ਼ ਲਗਾਇਆ ਜਾਵੇਗਾ।"
ਅਮਰੀਕਾ ਕੈਨੇਡਾ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ। ਜੇਕਰ ਟਰੰਪ ਇਹ ਟੈਰਿਫ਼ ਲਗਾਉਂਦੇ ਹਨ, ਤਾਂ ਕੈਨੇਡਾ ਦੀਆਂ ਬਰਾਮਦਾਂ ਬਹੁਤ ਮਹਿੰਗੀਆਂ ਹੋ ਜਾਣਗੀਆਂ, ਜਿਸ ਨਾਲ ਕੈਨੇਡਾ ਦੇ ਉਦਯੋਗਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਅਰਥ ਸ਼ਾਸਤਰੀ ਮਾਰਕ ਕਾਰਨੀ ਨੇ ਵਿਸ਼ਵ ਆਰਥਿਕ ਫੋਰਮ ਦੇ ਮੰਚ ਤੋਂ ਆਪਣੇ ਭਾਸ਼ਣ ਵਿਚ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾ ਸ਼ਕਤੀਆਂ ਨੂੰ ਸਿੱਧੀ ਚੁਣੌਤੀ ਦਿੱਤੀ। ਜ਼ਿਕਰਯੋਗ ਹੈ ਕਿ ਅਮਰੀਕਾ-ਕੈਨੇਡਾ-ਮੈਕਸਿਕੋ ਵਪਾਰ ਸਮਝੌਤਾ (CUSMA) ਇਸ ਸਾਲ ਵਿਚਾਰ ਅਧੀਨ ਹੈ ਅਤੇ ਟਰੰਪ ਦੀਆਂ ਧਮਕੀਆਂ ਨੇ ਇਸ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਕੈਨੇਡਾ ਅਤੇ ਅਮਰੀਕਾ ਦੇ ਇਤਿਹਾਸ ਵਿੱਚ ਇਹ ਸਭ ਤੋਂ ਤਣਾਅਪੂਰਨ ਦੌਰ ਮੰਨਿਆ ਜਾ ਰਿਹਾ ਹੈ। ਪੀ ਐੱਮ ਕਾਰਨੀ ਦੀ 'ਰਾਸ਼ਟਰਵਾਦੀ' ਆਰਥਿਕ ਨੀਤੀ ਟਰੰਪ ਦੇ ਅਮਰੀਕਾ ਫ਼ਸਟ ਦੇ ਜਵਾਬ ਵਿੱਚ ਕੈਨੇਡਾ ਫ਼ਸਟ ਵਾਂਗ ਦੇਖੀ ਜਾ ਰਹੀ ਹੈ।

