DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਖ਼ਾਲਸਾ ਸਾਡੀ ਸ਼ਾਨ ਹੈ ਅਤੇ ਇਸ ਦਾ ਜਨਮ ਭਾਰਤ ਦੀ ਰੱਖਿਆ ਅਤੇ ਨਿਆਂ ਦੀ ਸਥਾਪਨਾ ਲਈ ਹੋਇਆ: ਭਾਰਤੀ ਹਾਈ ਕਮਿਸ਼ਨਰ

ਕੈਨੇਡਾ-ਇੰਡੀਆ ਦੇ ਚੰਗੇ ਸਬੰਧਾਂ ਦੇ ਹੱਕ ’ਚ ਬਹੁਤੇ ਲੋਕ

  • fb
  • twitter
  • whatsapp
  • whatsapp
featured-img featured-img
ਫ਼ੋਟੋ -ਪ੍ਰੋਗਰਾਮ ਦੀਆਂ ਝਲਕੀਆਂ
Advertisement

ਬੀਤੇ ਦਿਨੀਂ ਬਰੈਂਪਟਨ ਦੇ ਆਲੀਸ਼ਾਨ ਸਪਰੈਜ਼ਸਾ ਬੈਨਕੂਟ ਹਾਲ ਵਿੱਚ ਕੌਂਸਲੇਟ ਜਨਰਲ ਆਫ਼ ਇੰਡੀਆ, ਟੋਰਾਂਟੋ ਵੱਲੋਂ ਵਿਰਾਸਤ-ਏ-ਖ਼ਾਲਸਾ ਦੇ ਸਹਿਯੋਗ ਨਾਲ ਸਿੱਖ ਵਿਰਾਸਤ ਮਹੀਨੇ ਅਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਇੱਕ ਵਿਸ਼ੇਸ਼ ਅਤੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਸੰਬੋਧਨ ਵਿੱਚ ਸਿੱਖ ਕੌਮ, ਖ਼ਾਲਸਾ ਪੰਥ ਅਤੇ ਭਾਰਤ–ਕੈਨੇਡਾ ਸੰਬੰਧਾਂ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਉਨ੍ਹਾਂ ਨੇ ਕਿਹਾ ਕਿ ਖ਼ਾਲਸਾ ਸਾਡੀ ਸ਼ਾਨ ਹੈ ਅਤੇ ਇਸ ਦਾ ਜਨਮ ਭਾਰਤ ਦੀ ਰੱਖਿਆ ਅਤੇ ਨਿਆਂ ਦੀ ਸਥਾਪਨਾ ਲਈ ਹੋਇਆ ਸੀ। ਸਿੱਖ ਹਮੇਸ਼ਾ ਅੱਗੇ ਰਹਿ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਦੇ ਆਏ ਹਨ ਅਤੇ ਅੱਜ ਵੀ ਉਹ ਭਾਰਤ ਅਤੇ ਕੈਨੇਡਾ ਦੋਵਾਂ ਵਿੱਚ ਆਪਣੀ ਮਿਹਨਤ, ਇਮਾਨਦਾਰੀ ਅਤੇ ਯੋਗਦਾਨ ਨਾਲ ਉੱਚੇ ਸਥਾਨ ’ਤੇ ਪਹੁੰਚੇ ਹੋਏ ਹਨ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ “ਚੜ੍ਹਦੀ ਕਲਾ” ਦੇ ਸਿਧਾਂਤ ਨੂੰ ਖ਼ਾਸ ਤੌਰ ’ਤੇ ਉਭਾਰਿਆ ਅਤੇ ਕਿਹਾ ਕਿ ਉਨ੍ਹਾਂ ਲਈ ਚੜ੍ਹਦੀ ਕਲਾ ਦਾ ਅਰਥ ਹੈ ਆਸ਼ਾਵਾਦ ਅਤੇ ਹੌਸਲਾ।

Advertisement

ਭਾਰਤ–ਕੈਨੇਡਾ ਸੰਬੰਧਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦਾ ਦੌਰਾ ਕਰ ਚੁੱਕੇ ਹਨ ਅਤੇ ਹਰ ਸੂਬੇ ਦੇ ਪ੍ਰੀਮੀਅਰ ਅਤੇ ਮੰਤਰੀ ਭਾਰਤ ਨਾਲ ਮਜ਼ਬੂਤ ਅਤੇ ਸਕਾਰਾਤਮਿਕ ਸੰਬੰਧਾਂ ਦੀ ਇੱਛਾ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਅਨੁਸਾਰ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਲੈ ਕੇ ਕੋਈ ਵੱਡਾ ਵਿਰੋਧ ਨਹੀਂ ਹੈ, ਬਲਕਿ ਸਾਂਝ ਨੂੰ ਹੋਰ ਵਧਾਉਣ ਦੀ ਭਾਵਨਾ ਮੌਜੂਦ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖ ਭਾਈਚਾਰੇ ਨੇ ਕੈਨੇਡਾ ਵਿੱਚ ਆ ਕੇ ਹਰ ਖੇਤਰ ਵਿੱਚ ਆਪਣੀ ਮਿਹਨਤ ਨਾਲ ਵੱਖਰੀ ਪਛਾਣ ਬਣਾਈ ਹੈ।

Advertisement

ਚਾਹੇ ਗੱਲ ਰਾਜਨੀਤੀ ਦੀ ਹੋਵੇ, ਸਿਹਤ ਸੇਵਾਵਾਂ ਦੀ ਜਾਂ ਹੋਰ ਕਿਸੇ ਖੇਤਰ ਦੀ, ਸਿੱਖ ਅਤੇ ਪੰਜਾਬੀ ਲੋਕ ਹਰ ਜਗ੍ਹਾ ਅੱਗੇ ਆ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਕਮਿਊਨਿਟੀ ਅਸਲ ਵਿੱਚ “ਕਮਿਊਨਿਟੀ ਬਿਲਡਰਜ਼” ਹਨ ਜੋ ਸਮਾਜ ਨੂੰ ਜੋੜਦੇ ਅਤੇ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖ ਕਮਿਊਨਿਟੀ ਨੇ ਦੋਵਾਂ ਦੇਸ਼ਾਂ ਵਿੱਚ ਨਾ ਸਿਰਫ਼ ਆਰਥਿਕ ਤਰੱਕੀ ਵਿੱਚ ਯੋਗਦਾਨ ਪਾਇਆ ਹੈ, ਸਗੋਂ ਸੇਵਾ, ਸਹਿਯੋਗ ਅਤੇ ਮਨੁੱਖਤਾ ਦੇ ਮੁੱਲਾਂ ਨੂੰ ਵੀ ਮਜ਼ਬੂਤ ਕੀਤਾ ਹੈ। ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਦੇ ਭਾਸ਼ਣ ਤੋਂ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ।

ਕੌਂਸਲ ਜਨਰਲ ਮਹਾਵੀਰ ਸਿੰਘਵੀ ਨੇ ਦੁਨੀਆ ਭਰ ਵਿੱਚ ਵਿਸਾਖੀ ਦੀ ਗੂੰਜ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਵਿਸਾਖੀ ਸਿਰਫ਼ ਇੱਕ ਧਾਰਮਿਕ ਜਾਂ ਸਭਿਆਚਾਰਕ ਤਿਉਹਾਰ ਨਹੀਂ, ਸਗੋਂ ਇਹ ਸਿੱਖ ਇਤਿਹਾਸ, ਪਹਿਚਾਣ ਅਤੇ ਮੁੱਲਾਂ ਦੀ ਜੀਵਤ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਵਿਰਾਸਤ ਇੱਕ ਐਸੀ ਵਿਰਾਸਤ ਹੈ ਜੋ ਸਮੇਂ ਦੇ ਨਾਲ ਹੋਰ ਵੀ ਮਜ਼ਬੂਤ ਹੁੰਦੀ ਜਾ ਰਹੀ ਹੈ ਅਤੇ ਹਰ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣ ਰਹੀ ਹੈ। ਉਨ੍ਹਾਂ ਦੇ ਅਨੁਸਾਰ ਸਿੱਖ ਕੌਮ ਨੇ ਆਪਣੀ ਮਿਹਨਤ, ਸੇਵਾ ਭਾਵਨਾ ਅਤੇ ਸਮਾਜਿਕ ਯੋਗਦਾਨ ਰਾਹੀਂ ਦੁਨੀਆ ਭਰ ਵਿੱਚ ਆਪਣੀ ਇਕ ਵੱਖਰੀ ਅਤੇ ਸਤਿਕਾਰਯੋਗ ਪਛਾਣ ਬਣਾਈ ਹੈ, ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਸਾਖੀ ਦਾ ਸੁਨੇਹਾ ਸਿਰਫ਼ ਖ਼ੁਸ਼ੀ ਮਨਾਉਣ ਤੱਕ ਸੀਮਿਤ ਨਹੀਂ, ਬਲਕਿ ਇਹ ਏਕਤਾ, ਨਿਆਂ, ਸੇਵਾ ਅਤੇ ਮਨੁੱਖਤਾ ਦੇ ਉੱਚੇ ਸਿਧਾਂਤਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਨਾ ਦਿੰਦਾ ਹੈ।

ਇਸ ਮੌਕੇ ਐਕਟਿੰਗ ਕੌਂਸਲ ਜਨਰਲ ਕਪਿਦਵਜ਼ਾ ਪ੍ਰਤਾਪ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ, ਜਿਨ੍ਹਾਂ ਨੇ ਸਮੂਹ ਸੰਗਤ ਅਤੇ ਭਾਈਚਾਰੇ ਨੂੰ ਖ਼ਾਲਸਾ ਸਾਜਣਾ ਦਿਵਸ ਅਤੇ ਵਿਸਾਖੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਤਿਉਹਾਰ ਸਿਰਫ਼ ਇੱਕ ਸਮਾਰੋਹ ਨਹੀਂ, ਸਗੋਂ ਸਿੱਖ ਇਤਿਹਾਸ ਦੇ ਉਸ ਮਹੱਤਵਪੂਰਨ ਅਧਿਆਇ ਦੀ ਯਾਦ ਹੈ ਜੋ ਸਾਨੂੰ ਹਿੰਮਤ, ਧਰਮ ਅਤੇ ਨਿਆਂ ਲਈ ਖੜ੍ਹੇ ਹੋਣ ਦੀ ਪ੍ਰੇਰਨਾ ਦਿੰਦਾ ਹੈ। ਦੱਸਣਯੋਗ ਹੈ ਕਿ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਸੁਨੇਹਾ ਭੇਜਿਆ ਗਿਆ ਸੀ ਜੋ ਕਿ ਬਿਕਰਮ ਸਿੰਘ ਅੱਲ੍ਹਾ ਬਖ਼ਸ਼ ਵੱਲੋਂ ਪੜ੍ਹਿਆ ਗਿਆ। ਭਾਰਤੀ ਕੌਂਸਲੇਟ ਵੱਲੋਂ ਬਿਕਰਮ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲ ਜਨਰਲ ਦੇ ਦਫ਼ਤਰ ਤੋਂ ਮੁੱਖ ਸੁਰੱਖਿਆ ਅਧਿਕਾਰੀ ਸ੍ਰੀ ਗਿਰੀਸ਼ ਜੁਨੇਜਾ ਵੀ ਮੌਜੂਦ ਰਹੇ। ਇਸ ਸਮਾਗਮ ਵਿੱਚ ਓਨਟਾਰੀਓ ਦੇ ਊਰਜਾ ਅਤੇ ਖਾਣ ਮੰਤਰੀ ਸਟੀਫਨ ਲੇਚੇ, ਛੋਟੇ ਕਾਰੋਬਾਰਾਂ ਦੀ ਸਹਾਇਕ ਮੰਤਰੀ ਨੀਨਾ ਟਾਂਗਰੀ, ਅਤੇ ਐੱਮਪੀਪੀ ਦੀਪਕ ਆਨੰਦ, ਅਮਰਜੋਤ ਸੰਧੂ ਅਤੇ ਹਰਦੀਪ ਗਰੇਵਾਲ ਸਮੇਤ ਕਈ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਸਿੱਖ ਭਾਈਚਾਰੇ ਦੀ ਸੇਵਾ ਭਾਵਨਾ, ਮਿਹਨਤ ਅਤੇ ਸਮਾਜਿਕ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਸੰਸਕ੍ਰਿਤਕ ਪ੍ਰੋਗਰਾਮ ਇਸ ਸ਼ਾਮ ਦਾ ਕੇਂਦਰ ਰਹੇ, ਜਿੱਥੇ ਭੰਗੜਾ ਅਤੇ ਗਿੱਧਾ ਦੀਆਂ ਰੰਗੀਨ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਨੱਚਣ ’ਤੇ ਮਜਬੂਰ ਕਰ ਦਿੱਤਾ। ਇਸ ਦੇ ਨਾਲ ਹੀ ਰੂਹਾਨੀ ਲਾਈਵ ਸੰਗੀਤ ਅਤੇ ਢਾਡੀ ਵਾਰਾਂ ਦੀਆਂ ਭਾਵੁਕ ਪ੍ਰਸਤੁਤੀਆਂ ਨੇ ਸਿੱਖ ਇਤਿਹਾਸ ਦੀਆਂ ਵੀਰਤਾ ਭਰੀਆਂ ਕਹਾਣੀਆਂ ਨੂੰ ਜੀਵਤ ਕਰ ਦਿੱਤਾ। ਮਸ਼ਹੂਰ ਗਾਇਕ ਜੀਤ ਜਗਜੀਤ ਨੇ ਆਪਣੀ ਸੁਰੀਲੀ ਆਵਾਜ਼ ਨਾਲ ਹਾਜ਼ਰੀਨਾਂ ਨੂੰ ਮੋਹ ਲਿਆ ਅਤੇ ਸਮਾਗਮ ਵਿੱਚ ਚਾਰ ਚਾਂਦ ਲਗਾ ਦਿੱਤੇ। ਪਹੁੰਚੇ ਹੋਏ ਮਹਿਮਾਨਾਂ ਲਈ ਸਪੈਰੇਜ਼ਾ ਬੈਨਕੂਟ ਹਾਲ ਵੱਲੋਂ ਬਹੁਤ ਚੰਗੇ ਪ੍ਰਬੰਧ ਕੀਤੇ ਹੋਏ ਸਨ ਅਤੇ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਸੀ, ਜਿਸ ਦੀ ਸਾਰਿਆਂ ਵੱਲੋਂ ਖ਼ੂਬ ਤਾਰੀਫ਼ ਕੀਤੀ ਗਈ।

ਇਸ ਮੌਕੇ ਕੌਂਸਲਰ ਦੀਪੀਕਾ ਦਾਮੇਰਲਾ ਅਤੇ ਕਮਿਊਨਿਟੀ ਦੇ ਵੀ ਕਈ ਖ਼ਾਸ ਲੋਕਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਛੇ ਵਾਰ ਸਾਬਕਾ ਐੱਮਪੀ ਰਹਿ ਚੁੱਕੇ ਗੁਰਬਖ਼ਸ਼ ਸਿੰਘ ਮੱਲ੍ਹੀ, ਜਗਦੀਸ਼ ਗਰੇਵਾਲ, ਜਸਵਿੰਦਰ ਸਿੱਧੂ, ਇੰਦਰਜੀਤ ਬਲ, ਸਤਿੰਦਰਪਾਲ ਸਿੱਧਵਾਂ, ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਉਨ੍ਹਾਂ ਦੀ ਟੀਮ ਅਤੇ ਕਈ ਹੋਰ ਮੌਜੂਦ ਸਨ। ਹਾਜ਼ਰ ਲੋਕਾਂ ਨੇ ਇਸ ਮੌਕੇ ਨੂੰ ਨਾ ਸਿਰਫ਼ ਤਿਉਹਾਰ ਵਜੋਂ ਮਨਾਇਆ, ਸਗੋਂ ਆਪਣੇ ਵਿਰਾਸਤ ਨਾਲ ਜੁੜਨ ਅਤੇ ਉਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਪ੍ਰੇਰਨਾ ਵੀ ਲਈ।

Advertisement
×