DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਵਿਨੀਪੈੱਗ ਦੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼

ਓਂਟਾਰੀਓ ਦਾ ਜੋੜਾ ਗ੍ਰਿਫ਼ਤਾਰ; ਪੁਲੀਸ ਵੱਲੋਂ ਹੋਰ ਪੀੜਤਾਂ ਨੂੰ ਸਾਹਮਣੇ ਆਉਣ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

Ontario couple arrested in Winnipeg fraud: ਬਜ਼ੁਰਗਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਨ੍ਹਾਂ ਤੋਂ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਠੱਗਣ ਵਾਲੇ ਇੱਕ ਕਥਿਤ ਗਰੋਹ ਦਾ ਪਰਦਾਫਾਸ਼ ਕਰਦਿਆਂ ਵਿਨੀਪੈੱਗ ਪੁਲੀਸ ਨੇ ਓਂਟਾਰੀਓ ਦੇ ਇੱਕ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਦੋਵੇਂ ਜਣੇ ਗ੍ਰੈਂਡਪੇਰੈਂਟ ਸਕੈਮ ਰਾਹੀਂ ਬਜ਼ੁਰਗਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਸਨ ਕਿ ਉਨ੍ਹਾਂ ਦਾ ਪੋਤਾ ਜਾਂ ਪੋਤੀ ਕਿਸੇ ਗੰਭੀਰ ਹਾਦਸੇ ਜਾਂ ਕਾਨੂੰਨੀ ਮੁਸੀਬਤ ਵਿੱਚ ਫਸ ਗਿਆ ਹੈ ਅਤੇ ਉਸ ਨੂੰ ਛੁਡਾਉਣ ਲਈ ਤੁਰੰਤ ਗਹਿਣਿਆਂ ਜਾਂ ਨਕਦੀ ਦੀ ਲੋੜ ਹੈ।

ਜਾਂਚ ਮੁਤਾਬਕ ਠੱਗੀ ਦੀ ਸ਼ੁਰੂਆਤ ਇੱਕ ਫ਼ੋਨ ਕਾਲ ਨਾਲ ਹੁੰਦੀ ਸੀ। ਪਹਿਲਾਂ ਇੱਕ ਵਿਅਕਤੀ ਆਪਣੇ ਆਪ ਨੂੰ ਉਸ ਬਜ਼ੁਰਗ ਦਾ ਪੋਤਾ ਜਾਂ ਪੋਤੀ ਦੱਸ ਕੇ ਰੋਂਦਿਆਂ ਮਦਦ ਮੰਗਦਾ ਸੀ। ਇਸ ਤੋਂ ਤੁਰੰਤ ਬਾਅਦ ਦੂਜਾ ਵਿਅਕਤੀ ਆਪਣੇ ਆਪ ਨੂੰ ਪੁਲੀਸ ਅਧਿਕਾਰੀ ਜਾਂ ਵਕੀਲ ਦੱਸਦਾ ਹੋਇਆ ਕਹਿੰਦਾ ਸੀ ਕਿ ਜ਼ਮਾਨਤ ਜਾਂ ਅਦਾਲਤੀ ਕਾਰਵਾਈ ਲਈ ਤੁਰੰਤ ਕੀਮਤੀ ਗਹਿਣੇ ਜਾਂ ਨਕਦੀ ਭੇਜਣੀ ਪਵੇਗੀ। ਬਜ਼ੁਰਗਾਂ ਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਇਸ ਬਾਰੇ ਕਿਸੇ ਪਰਿਵਾਰਕ ਮੈਂਬਰ ਨਾਲ ਗੱਲ ਨਾ ਕੀਤੀ ਜਾਵੇ।

Advertisement

ਪੁਲੀਸ ਅਨੁਸਾਰ ਕੁਝ ਸਮੇਂ ਬਾਅਦ ਗਰੋਹ ਦਾ ਇੱਕ ਮੈਂਬਰ ਬਜ਼ੁਰਗ ਦੇ ਘਰ ਪਹੁੰਚਦਾ ਅਤੇ ਗਹਿਣੇ ਜਾਂ ਨਕਦੀ ਲੈ ਕੇ ਫ਼ਰਾਰ ਹੋ ਜਾਂਦਾ ਸੀ। ਜ਼ਿਆਦਾਤਰ ਪੀੜਤ ਇਕੱਲੇ ਰਹਿੰਦੇ ਬਜ਼ੁਰਗ ਸਨ, ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਮਦਦ ਕਰਨ ਦੀ ਨੀਅਤ ਨਾਲ ਬਿਨਾਂ ਜਾਂਚ-ਪੜਤਾਲ ਕੀਤੇ ਕੀਮਤੀ ਸਾਮਾਨ ਸੌਂਪ ਦਿੱਤਾ।

Advertisement

ਵਿਸਥਾਰਪੂਰਵਕ ਜਾਂਚ ਤੋਂ ਬਾਅਦ ਪੁਲੀਸ ਨੇ ਓਂਟਾਰੀਓ ਦੇ ਇੱਕ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਖ਼ਿਲਾਫ਼ ਧੋਖਾਧੜੀ, ਅਪਰਾਧ ਰਾਹੀਂ ਪ੍ਰਾਪਤ ਸੰਪਤੀ ਆਪਣੇ ਕਬਜ਼ੇ ਵਿੱਚ ਰੱਖਣ ਅਤੇ ਅਪਰਾਧਿਕ ਸਾਜ਼ਿਸ਼ਾਂ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਗਰੋਹ ਨੇ ਵਿਨੀਪੈੱਗ ਤੋਂ ਇਲਾਵਾ ਮੈਨੀਟੋਬਾ ਦੇ ਹੋਰ ਸ਼ਹਿਰਾਂ ਵਿੱਚ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਇਸ ਲਈ ਹੋਰ ਪੀੜਤਾਂ ਅਤੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਜੋੜੇ ਦੀ ਪਛਾਣ ਅਤੇ ਉਨ੍ਹਾਂ ’ਤੇ ਲੱਗੇ ਦੋਸ਼ਾਂ ਬਾਰੇ ਵਿਸਥਾਰਿਕ ਜਾਣਕਾਰੀ ਅਜੇ ਜਾਰੀ ਨਹੀਂ ਕੀਤੀ ਗਈ।

ਪੁਲੀਸ ਦੇ ਅੰਕੜਿਆਂ ਅਨੁਸਾਰ, ਸਿਰਫ਼ 2026 ਦੇ ਪਹਿਲੇ ਮਹੀਨਿਆਂ ਦੌਰਾਨ ਹੀ ਮੈਨੀਟੋਬਾ ਵਿੱਚ "ਗ੍ਰੈਂਡਪੇਰੈਂਟ ਸਕੈਮ" ਕਾਰਨ ਘੱਟੋ-ਘੱਟ 31,000 ਡਾਲਰ ਦੀ ਠੱਗੀ ਦੀ ਪੁਸ਼ਟੀ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਸਾਹਮਣੇ ਆਏ ਮਾਮਲੇ ਹਨ, ਜਦਕਿ ਅਸਲ ਨੁਕਸਾਨ ਇਸ ਤੋਂ ਕਾਫ਼ੀ ਵੱਧ ਹੋ ਸਕਦਾ ਹੈ ਕਿਉਂਕਿ ਕਈ ਬਜ਼ੁਰਗ ਸ਼ਰਮ ਜਾਂ ਡਰ ਕਾਰਨ ਸ਼ਿਕਾਇਤ ਹੀ ਦਰਜ ਨਹੀਂ ਕਰਵਾਉਂਦੇ।

ਪੁਲੀਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਫ਼ੋਨ ਕਰਕੇ ਪਰਿਵਾਰਕ ਮੈਂਬਰ ਦੇ ਮੁਸੀਬਤ ਵਿੱਚ ਹੋਣ ਦਾ ਦਾਅਵਾ ਕਰੇ ਅਤੇ ਤੁਰੰਤ ਪੈਸੇ ਜਾਂ ਗਹਿਣਿਆਂ ਦੀ ਮੰਗ ਕਰੇ ਤਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਸਿੱਧਾ ਸੰਪਰਕ ਕਰਕੇ ਜਾਣਕਾਰੀ ਦੀ ਪੁਸ਼ਟੀ ਕੀਤੀ ਜਾਵੇ। ਪੁਲੀਸ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕੈਨੇਡਾ ਵਿੱਚ ਕੋਈ ਵੀ ਪੁਲੀਸ ਸੇਵਾ ਜਾਂ ਅਦਾਲਤ ਜ਼ਮਾਨਤ ਲਈ ਘਰੋਂ ਨਕਦੀ ਜਾਂ ਗਹਿਣੇ ਇਕੱਠੇ ਕਰਨ ਲਈ ਕਿਸੇ ਕਰਮਚਾਰੀ ਨੂੰ ਨਹੀਂ ਭੇਜਦੀ।

Advertisement
×