DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਸਰੀ ’ਚ ਬੰਦੂਕ ਦੀ ਨੋਕ ’ਤੇ ਬ੍ਰਾਈਡਲ ਸ਼ੋਅਰੂਮ ’ਚੋਂ ਲੱਖਾਂ ਦੀ ਨਕਦੀ ਤੇ ਗਹਿਣੇ ਲੁੱਟੇ

ਪਾਇਲ ਬਿਜ਼ਨੈੱਸ ਵਿਖੇ ਦਿਨ-ਦਿਹੜੇ ਲੁਟੇਰਿਆਂ ਨੇ ਮਚਾਈ ਦਹਿਸ਼ਤ; ਗੁਆਂਢੀ ਸ਼ਹਿਰ ਲੈਂਗਲੀ ਵਿਖੇ ਗੋਲੀਬਾਰੀ ’ਚ ਇੱਕ ਵਿਅਕਤੀ ਦੀ ਮੌਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਕੈਨੇਡਾ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ (Surrey) ਤੋਂ ਇੱਕ ਬੇਹੱਦ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਨਾਮਵਰ ਬ੍ਰਾਈਡਲ ਸ਼ੋਅਰੂਮ ਵਿੱਚ ਦਿਨ-ਦਿਹੜੇ ਹਥਿਆਰਬੰਦ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਲੁੱਟ ਲਏ। ਇਸ ਬੇਖੌਫ਼ ਵਾਰਦਾਤ ਕਾਰਨ ਸਥਾਨਕ ਕਾਰੋਬਾਰੀਆਂ ਅਤੇ ਪਰਵਾਸੀ ਪੰਜਾਬੀ ਭਾਈਚਾਰੇ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਸਰੀ ਪੁਲੀਸ (RCMP) ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਰੀ ਦੇ ਮਸ਼ਹੂਰ 'ਪਾਇਲ ਬਿਜ਼ਨੈੱਸ ਸੈਂਟਰ' (Payal Business Centre) ਵਿਖੇ ਵਾਪਰੀ, ਜੋ ਕਿ ਮਹਿੰਗੀ ਖਰੀਦਾਰੀ ਲਈ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਦੁਪਹਿਰ ਦੇ ਵੇਲੇ, ਵਿਆਹਾਂ ਦੇ ਮਹਿੰਗੇ ਲਹਿੰਗੇ, ਸ਼ੇਰਵਾਨੀਆਂ ਅਤੇ ਡਿਜ਼ਾਈਨਰ ਗਹਿਣਿਆਂ ਲਈ ਪ੍ਰਸਿੱਧ ਇੱਕ ਸਟੋਰ ਵਿੱਚ ਮੂੰਹ ਢੱਕੇ ਤਿੰਨ ਅਣਪਛਾਤੇ ਨੌਜਵਾਨ ਦਾਖਲ ਹੋਏ। ਉਨ੍ਹਾਂ ਨੇ ਅੰਦਰ ਆਉਂਦਿਆਂ ਹੀ ਸਟਾਫ਼ ’ਤੇ ਬੰਦੂਕ ਅਤੇ ਚਾਕੂ ਤਾਣ ਦਿੱਤੇ। ਲੁਟੇਰਿਆਂ ਨੇ ਗੱਲੇ ਵਿੱਚ ਪਈ ਸਾਰੀ ਨਕਦੀ ਸਮੇਤ ਉੱਥੇ ਮੌਜੂਦ ਸਟਾਫ਼ ਮੈਂਬਰਾਂ ਦੇ ਪਾਏ ਹੋਏ ਸੋਨੇ ਦੇ ਗਹਿਣੇ ਵੀ ਜ਼ਬਰਦਸਤੀ ਲੁਹਾ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

Advertisement

ਸਥਾਨਕ ਲੋਕਾਂ ਵਿੱਚ ਵਧੀ ਅਸੁਰੱਖਿਆ ਦੀ ਭਾਵਨਾ

ਵਾਰਦਾਤ ਦੇ ਕੁਝ ਹੀ ਮਿੰਟਾਂ ਬਾਅਦ ਪੁਲੀਸ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ, ਪਰ ਦੇਰ ਰਾਤ ਤੱਕ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਦਿਨ-ਦਿਹੜੇ ਵਾਪਰੀ ਇਸ ਲੁੱਟ-ਖੋਹ ਤੋਂ ਬਾਅਦ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਕਾਰਨ ਹੁਣ ਕਾਰੋਬਾਰ ਕਰਨਾ ਔਖਾ ਹੋ ਗਿਆ ਹੈ ਅਤੇ ਲੋਕਾਂ ਦੇ ਮਨਾਂ ਵਿੱਚ ਇਹ ਡਰ ਘਰ ਕਰ ਗਿਆ ਹੈ ਕਿ ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ।

Advertisement

ਦੂਜੇ ਪਾਸੇ, ਸਰੀ ਦੀ ਪੂਰਬੀ ਹੱਦ ਨਾਲ ਲੱਗਦੇ ਸ਼ਹਿਰ ਲੈਂਗਲੀ (Langley) ਤੋਂ ਵੀ ਹਿੰਸਾ ਦੀ ਇੱਕ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ 55 ਐਵੇਨਿਊ ਅਤੇ 200 ਸਟਰੀਟ ਸਥਿਤ ਇੱਕ ਅਪਾਰਟਮੈਂਟ ਇਮਾਰਤ ਵਿੱਚ ਕੁਝ ਹਥਿਆਰਬੰਦ ਵਿਅਕਤੀਆਂ ਨੇ ਜ਼ਬਰਦਸਤੀ ਦਾਖਲ ਹੋ ਕੇ ਇੱਕ 40 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਮੁਤਾਬਕ ਇਹ ਹਮਲਾ ਪੂਰੀ ਯੋਜਨਾਬੰਦੀ (Targeted) ਨਾਲ ਕੀਤਾ ਗਿਆ ਸੀ। ਪੁਲੀਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਦੋਵਾਂ ਘਟਨਾਵਾਂ ਦੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।

ਲੈਂਗਲੀ ਪੁਲੀਸ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਤੋਂ ਲੱਗਦਾ ਹੈ ਕਿ ਇਹ ਘਟਨਾ ਕਿਸੇ ਫਿਰੌਤੀ ਜਾਂ ਗੈਂਗਵਾਰ ਦਾ ਨਤੀਜਾ ਨਹੀਂ, ਬਲਕਿ ਨਿੱਜੀ ਰੰਜਸ਼ ਦਾ ਮਾਮਲਾ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਜਨਤਕ ਕਰਨ ਲਈ ਉਸ ਦੇ ਪਰਿਵਾਰਕ ਮੈਂਬਰਾਂ ਦੀ ਇਜਾਜ਼ਤ ਦੀ ਉਡੀਕ ਕੀਤੀ ਜਾ ਰਹੀ ਹੈ।”

Advertisement
×