Canada navy upgrade: ਕੈਨੇਡਾ ਦੀਆਂ ਨਵੀਂਆਂ ਪਣਡੁੱਬੀਆਂ ’ਤੇ ਕੱਲ੍ਹ ਵੱਡਾ ਫ਼ੈਸਲਾ; ਜਰਮਨੀ ਅਤੇ ਦੱਖਣੀ ਕੋਰੀਆ ਵਿਚਕਾਰ ਸਖ਼ਤ ਮੁਕਾਬਲਾ
12 ਪਣਡੁੱਬੀਆਂ ਲਈ 24 ਅਰਬ ਡਾਲਰ ਦਾ ਇਤਿਹਾਸਕ ਸੌਦਾ; ਲੰਬੇ ਸਮੇਂ ਵਿੱਚ 100 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ ਲਾਗਤ
ਸਰਕਾਰੀ ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਕਾਰਨੀ ਨਾਟੋ (NATO) ਸਿਖਰ ਸੰਮੇਲਨ ਲਈ ਤੁਰਕੀ ਰਵਾਨਾ ਹੋਣ ਤੋਂ ਪਹਿਲਾਂ ਹੈਲੀਫੈਕਸ ਵਿੱਚ ਇਸ ਇਤਿਹਾਸਕ ਪ੍ਰੋਜੈਕਟ ਦਾ ਐਲਾਨ ਕਰ ਸਕਦੇ ਹਨ। ਲਿਬਰਲ ਸਰਕਾਰ ਨੇ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਬੇਹੱਦ ਗੁਪਤ ਰੱਖਿਆ ਹੈ ਅਤੇ ਅਜੇ ਤੱਕ ਕਿਸੇ ਵੀ ਪੱਖ ਨੂੰ ਤਰਜੀਹ ਮਿਲਣ ਦੇ ਸੰਕੇਤ ਨਹੀਂ ਦਿੱਤੇ ਹਨ।
ਪੁਰਾਣੀਆਂ ਪਣਡੁੱਬੀਆਂ ਨੂੰ ਬਦਲਣ ਦੀ ਤਿਆਰੀ
ਕੈਨੇਡਾ ਆਪਣੀਆਂ ਕਰੀਬ ਤਿੰਨ ਦਹਾਕੇ ਪੁਰਾਣੀਆਂ ‘ਵਿਕਟੋਰੀਆ-ਕਲਾਸ’ ਪਣਡੁੱਬੀਆਂ ਨੂੰ ਬਦਲਣਾ ਚਾਹੁੰਦਾ ਹੈ। ਮੁਕਾਬਲਾ ਹੁਣ ਜਰਮਨੀ ਦੀ Type 212CD\B ਅਤੇ ਦੱਖਣੀ ਕੋਰੀਆ ਦੀ KSS-III\B ਪਣਡੁੱਬੀ ਤੱਕ ਸੀਮਤ ਰਹਿ ਗਿਆ ਹੈ। ਦੋਵਾਂ ਕੰਪਨੀਆਂ ਨੇ ਬਸੰਤ ਰੁੱਤ ਤੱਕ ਆਪਣੀਆਂ ਅੰਤਿਮ ਬੋਲੀਆਂ (bids) ਅਤੇ ਕੈਨੇਡਾ ਵਿੱਚ ਨਿਵੇਸ਼ ਦੀਆਂ ਯੋਜਨਾਵਾਂ ਸਰਕਾਰ ਨੂੰ ਸੌਂਪ ਦਿੱਤੀਆਂ ਸਨ।
ਨੇਵੀ 12 ਨਵੀਂਆਂ ਪਣਡੁੱਬੀਆਂ ਖ਼ਰੀਦਣਾ ਚਾਹੁੰਦੀ ਹੈ। ਸ਼ੁਰੂਆਤੀ ਖ਼ਰੀਦ ਦੀ ਲਾਗਤ ਲਗਭਗ 24 ਅਰਬ ਡਾਲਰ ਅੰਦਾਜ਼ੀ ਗਈ ਹੈ, ਪਰ ਰੱਖ-ਰਖਾਅ, ਸਿਖਲਾਈ ਅਤੇ ਸੰਚਾਲਨ ਸਮੇਤ ਅਗਲੇ 30 ਸਾਲਾਂ ਵਿੱਚ ਇਹ ਖਰਚਾ 100 ਅਰਬ ਡਾਲਰ ਤੋਂ ਵੱਧ ਹੋ ਸਕਦਾ ਹੈ।
ਦੋਵਾਂ ਦੇਸ਼ਾਂ ਦੇ ਵੱਡੇ ਆਰਥਿਕ ਵਾਅਦੇ
ਜਰਮਨੀ ਅਤੇ ਨਾਰਵੇ ਦੀ ਸਾਂਝੀ ਪੇਸ਼ਕਸ਼ ਵਿੱਚ ਮੈਨੀਟੋਬਾ ਦੇ ਚਰਚਿਲ ਬੰਦਰਗਾਹ ਦਾ ਵਿਕਾਸ, ਕੈਨੇਡਾ ਵਿੱਚ ਅੰਤਰਿਕਸ਼ (ਸਪੇਸ) ਲਾਂਚ ਕੇਂਦਰ, ਭਾਰੀ ਤਾਰਪੀਡੋ ਨਿਰਮਾਣ ਇਕਾਈ ਅਤੇ ਹਾਈਪਰਸੋਨਿਕ ਮਿਜ਼ਾਈਲ ਟੈਸਟਿੰਗ ਵਰਗੇ ਵੱਡੇ ਪ੍ਰੋਜੈਕਟ ਸ਼ਾਮਲ ਹਨ। ਜਰਮਨ ਪੱਖ ਦਾ ਦਾਅਵਾ ਹੈ ਕਿ ਇਸ ਨਾਲ ਕੈਨੇਡਾ ਦੀ ਅਰਥਵਿਵਸਥਾ ਵਿੱਚ 86 ਅਰਬ ਡਾਲਰ ਦਾ ਯੋਗਦਾਨ ਪਵੇਗਾ ਅਤੇ ਹਜ਼ਾਰਾਂ ਰੁਜ਼ਗਾਰ ਪੈਦਾ ਹੋਣਗੇ।
ਦੂਜੇ ਪਾਸੇ, ਦੱਖਣੀ ਕੋਰੀਆ ਦੀ Hanwha Ocean ਨੇ ਹਾਈਡਰੋਜਨ ਨਾਲ ਚੱਲਣ ਵਾਲੇ ਟਰੱਕਾਂ ਦਾ ਨਿਰਮਾਣ, ਦੇਸ਼-ਪੱਧਰੀ ਹਾਈਡਰੋਜਨ ਰਿਫਿਊਲਿੰਗ ਨੈੱਟਵਰਕ, ਕੈਨੇਡੀਅਨ ਸਟੀਲ ਨਾਲ ਬਖ਼ਤਰਬੰਦ ਵਾਹਨ ਬਣਾਉਣ ਅਤੇ ਦੇਸ਼ ਵਿੱਚ ਹਥਿਆਰ ਨਿਰਮਾਣ ਸਮਰੱਥਾ ਵਧਾਉਣ ਦਾ ਵਾਅਦਾ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ ਯੋਜਨਾ ਨਾਲ ਕੈਨੇਡਾ ਦੀ ਅਰਥਵਿਵਸਥਾ ਨੂੰ 94 ਅਰਬ ਡਾਲਰ ਦਾ ਕੁੱਲ ਲਾਭ ਹੋ ਸਕਦਾ ਹੈ। ਪ੍ਰਧਾਨ ਮੰਤਰੀ ਕਾਰਨੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਦੋਵੇਂ ਪਣਡੁੱਬੀਆਂ ਨੇਵੀ ਦੀਆਂ ਤਕਨੀਕੀ ਲੋੜਾਂ 'ਤੇ ਬਿਲਕੁਲ ਖਰੀਆਂ ਉੱਤਰਦੀਆਂ ਹਨ। ਉਨ੍ਹਾਂ ਮੁਤਾਬਕ ਅੰਤਿਮ ਫ਼ੈਸਲਾ ਸਿਰਫ਼ ਕੀਮਤ 'ਤੇ ਨਹੀਂ, ਸਗੋਂ ਆਰਥਿਕ ਲਾਭ, ਉਦਯੋਗਿਕ ਨਿਵੇਸ਼ ਅਤੇ ਲੰਬੇ ਸਮੇਂ ਦੀਆਂ ਰਣਨੀਤਿਕ ਭਾਈਵਾਲੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ।
ਰਣਨੀਤਿਕ ਮਹੱਤਵ ਅਤੇ ਡਿਲੀਵਰੀ ਦਾ ਸਮਾਂ
ਜਰਮਨੀ ਆਪਣੇ ਆਪ ਨੂੰ ਨਾਟੋ ਦੇ ਇੱਕ ਭਰੋਸੇਯੋਗ ਸਾਥੀ ਵਜੋਂ ਪੇਸ਼ ਕਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਜੇ ਕੈਨੇਡਾ ਇਹ ਪਣਡੁੱਬੀ ਚੁਣਦਾ ਹੈ ਤਾਂ ਜਰਮਨੀ, ਨਾਰਵੇ ਅਤੇ ਕੈਨੇਡਾ ਮਿਲ ਕੇ ਇੱਕੋ ਕਿਸਮ ਦੀਆਂ ਪਣਡੁੱਬੀਆਂ ਦਾ ਸਾਂਝਾ ਬੇੜਾ ਤਿਆਰ ਕਰ ਸਕਣਗੇ, ਜਿਸ ਨਾਲ ਉੱਤਰੀ ਐਟਲਾਂਟਿਕ ਅਤੇ ਆਰਕਟਿਕ ਖੇਤਰ ਵਿੱਚ ਨਾਟੋ ਦੀ ਤਾਕਤ ਵਧੇਗੀ।
ਉੱਧਰ, ਦੱਖਣੀ ਕੋਰੀਆ ਇਸ ਸੌਦੇ ਨੂੰ ਕੈਨੇਡਾ ਨਾਲ ਲੰਬੇ ਸਮੇਂ ਦੀ ਰੱਖਿਆ ਅਤੇ ਇੰਡੋ-ਪੈਸੀਫਿਕ ਭਾਈਵਾਲੀ ਮਜ਼ਬੂਤ ਕਰਨ ਦਾ ਵੱਡਾ ਮੌਕਾ ਮੰਨ ਰਿਹਾ ਹੈ। ਕੋਰੀਆ ਨੇ 2035 ਤੱਕ ਚਾਰ ਪਣਡੁੱਬੀਆਂ ਸੌਂਪਣ ਦਾ ਵਾਅਦਾ ਕੀਤਾ ਹੈ, ਜਦਕਿ ਜਰਮਨੀ ਨੇ 2036 ਤੱਕ ਪਹਿਲੀਆਂ ਚਾਰ ਪਣਡੁੱਬੀਆਂ ਦੇਣ ਦੀ ਪੇਸ਼ਕਸ਼ ਕੀਤੀ ਹੈ।
ਫ਼ੈਸਲਾ ਟਾਲਣਾ ਹੁਣ ਮੁਸ਼ਕਿਲ
ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਲਈ ਹੁਣ ਇਹ ਫ਼ੈਸਲਾ ਹੋਰ ਨਹੀਂ ਟਾਲਿਆ ਜਾ ਸਕਦਾ। ਮੌਜੂਦਾ ਚਾਰ ਵਿਕਟੋਰੀਆ-ਕਲਾਸ ਪਣਡੁੱਬੀਆਂ ਵਿੱਚੋਂ ਆਮ ਤੌਰ ’ਤੇ ਕੇਵਲ ਇੱਕ ਹੀ ਸੰਚਾਲਨ (operation) ਲਈ ਉਪਲਬਧ ਰਹਿੰਦੀ ਹੈ, ਜਦਕਿ ਦੇਸ਼ ਨੂੰ ਐਟਲਾਂਟਿਕ, ਪ੍ਰਸ਼ਾਂਤ (ਪੈਸੀਫਿਕ) ਅਤੇ ਆਰਕਟਿਕ- ਤਿੰਨਾਂ ਸਮੁੰਦਰੀ ਖੇਤਰਾਂ ਵਿੱਚ ਆਪਣੀ ਮੌਜੂਦਗੀ ਮਜ਼ਬੂਤ ਕਰਨ ਦੀ ਸਖ਼ਤ ਲੋੜ ਹੈ। ਇਸ ਲਈ ਆਉਣ ਵਾਲਾ ਫ਼ੈਸਲਾ ਸਿਰਫ਼ ਇੱਕ ਰੱਖਿਆ ਸੌਦਾ ਨਹੀਂ, ਸਗੋਂ ਕੈਨੇਡਾ ਦੀ ਭਵਿੱਖੀ ਸਮੁੰਦਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੀ ਦਿਸ਼ਾ ਵੀ ਤੈਅ ਕਰੇਗਾ।
